SukhdevJhandDr7ਪੱਛਮੀ ਬੰਗਾਲ, ਕੈਰਲ ਅਤੇ ਚੈਨਈ ਰਾਜਾਂ ਵਿੱਚ ਹੋਈ ਸ਼ਰਮਨਾਕ ਹਾਰ ਨੇ ਭਾਰਤੀ ਜਨਤਾ ਪਾਰਟੀ ...
(4 ਜੂਨ 2021)

 

ਜੀ ਹਾਂ! ਮੈਂ ਪੰਜਾਬ ਬੋਲ ਰਿਹਾ ਹੈਂ, ਤੇ ਮੇਰੀ ਰਾਮ-ਕਹਾਣੀ ਧਿਆਨ ਨਾਲ ਸੁਣਨ ਵਾਲੀ ਹੈ। ਇਹ ਕਹਾਣੀ ਅੱਜ ਤੋਂ ਪੰਜ ਹਜ਼ਾਰ ਸਾਲ ਪੁਰਾਣੀ ਸਿੰਧ ਘਾਟੀ ਦੀ ਸੱਭਿਅਤਾ ਨਾਲ ਜੁੜਦੀ ਹੈ ਜਦੋਂ ਇਸ ਨੂੰ ‘ਸਪਤ ਸਿੰਧੂ’ (ਸੱਤ ਦਰਿਆਵਾਂ ਦੀ ਧਰਤੀ) ਕਿਹਾ ਜਾਂਦਾ ਸੀ। ਉਸ ਸਮੇਂ ਦੇ ਸ਼ਹਿਰਾਂ ‘ਹੜੱਪਾ’ ਤੇ ‘ਮਹਿੰਜੋਦਾੜੋ’ ਦੀ ਹੋਈ ਖੁਦਾਈ ਤੋਂ ਬਾਅਦ ਮੇਰੇ ਨਾਲ ਜੁੜੀ ਇਸ ਸੱਭਿਅਤਾ ਦੇ ਨਕਸ਼ ਉੱਘੜੇ ਹੋਏ਼ ਸਾਫ਼ ਦਿਖਾਈ ਦਿੱਤੇ। ਹੋਰ ਅੱਗੇ ਚੱਲੀਏ ਤਾਂ ਇਤਿਹਾਸ ਗਵਾਹ ਹੈ ਕਿ ਤੂਫ਼ਾਨ ਵਾਂਗ ਚੜ੍ਹਦੇ ਆਉਂਦੇ ਯੂਨਾਨ ਦੇ ਰਾਜੇ ਸਿਕੰਦਰ ਨੂੰ 325 ਬੀ.ਸੀ. ਵਿੱਚ ਮੇਰੇ ਸਪੂਤ ਰਾਜੇ ਪੋਰਸ ਨੇ ਬੜੀ ਬਹਾਦਰੀ ਨਾਲ ਠੱਲ੍ਹਿਆ ਸੀ। ਸਿਕੰਦਰ ਕੋਲੋਂ ਹਾਰ ਜਾਣ ਦੇ ਬਾਵਜੂਦ ਵੀ ਜਦੋਂ ਉਸ ਨੇ ਸਿਕੰਦਰ ਵੱਲੋਂ ਕੀਤੇ ਗਏ ਸਵਾਲ ਕਿ “ਤੇਰੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਏ” ਦਾ ਜਵਾਬ ਬੜੀ ਨਿੱਡਰਤਾ ਅਤੇ ਦਲੇਰੀ ਨਾਲ ਦਿੱਤਾ ਸੀ, “ਜਿਹੜਾ ਇੱਕ ਜੇਤੂ ਰਾਜਾ ਹਾਰੇ ਹੋਏ ਰਾਜੇ ਨਾਲ ਕਰਦਾ ਹੈ” ਜਿਸ ਤੋਂ ਪ੍ਰਭਾਵਿਤ ਹੋ ਕੇ ਸਿਕੰਦਰ ਨੇ ਰਾਜੇ ਪੋਰਸ ਨੂੰ ਉਸ ਦਾ ਰਾਜ ਵਾਪਸ ਕਰ ਦਿੱਤਾ ਸੀ।

ਸੋਲ੍ਹਵੀਂ ਸਦੀ ਵਿੱਚ ਪੂਰੇ ਹਿੰਦੋਸਤਾਨ ਸਮੇਤ ਮੇਰੇ ਉੱਪਰ ਹਮਲੇ ਕਰਨ ਵਾਲੇ ਬਾਬਰ ਨੂੰ ਮੇਰੇ ਸੱਚੇ-ਸਪੂਤ ਗੁਰੂ ‘ਬਾਬੇ ਨਾਨਕ’ ਨੇ ‘ਜਾਬਰ’ ਕਹਿ ਕੇ ਉਸ ਨੂੰ ਤਕੜਾ ਉਲ੍ਹਾਮਾ ਦਿੱਤਾ ਸੀ:

“ਖ਼ੁਰਾਸਾਨ ਖਸਮਾਨਾ ਕੀਆ ਹਿੰਦੋਸਤਾਨ ਡਰਾਇਆ।
ਆਪੈ ਦੋਸੁ ਨਾ ਦੇਈ ਕਰਤਾ ਜਮ ਕਰਿ ਮੁਗਲ ਚੜ੍ਹਾਇਆ।
ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ
” (ਮਹਲਾ ਪਹਿਲਾ)

ਆਧੁਨਿਕ ਸਮੇਂ ਦੀ ਆਪਣੀ ਕਹਾਣੀ ਮੈਂ ਆਪਣੇ ਬਹਾਦਰ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਆਰੰਭ ਕਰਦਾ ਹਾਂ ਜਿਸ ਨੇ 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਤੋਂ ‘ਥਾਪੜਾ’ ਲੈ ਕੇ ਮੁਗ਼ਲ-ਰਾਜ ਨਾਲ ਮੱਥਾ ਲਾਇਆ ਸੀ। ਉਸ ਨੇ ਸਰਹਿੰਦ ਨੂੰ ਮਲ਼ੀਆ-ਮੇਟ ਕਰਕੇ ਉਸ ਦੇ ਨਵਾਬ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ-ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਅਤੇ ਨਾਲ ਹੀ ਮੈਂਨੂੰ ਮੁਗ਼ਲਾਂ ਕੋਲੋਂ ਆਜ਼ਾਦ ਕਰਾ ਕੇ 1709-10 ਵਿੱਚ ‘ਆਜ਼ਾਦ ਸਿੱਖ ਰਾਜ’ ਦੀ ਸਥਾਪਨਾ ਕੀਤੀ ਸੀ। ਉਸ ਨੇ ਵਾਹੀ ਕਰਨ ਵਾਲੇ ਕਿਸਾਨਾਂ ਨੂੰ ਜ਼ਮੀਨ ਦੀ ਮਾਲਕੀ ਦੇ ਅਧਿਕਾਰ ਦਿੱਤੇ ਅਤੇ ਉਨ੍ਹਾਂ ਨੂੰ ‘ਮੁਜ਼ਾਰਿਆਂ’ ਤੋਂ ਜ਼ਮੀਨਾਂ ਦੇ ‘ਮਾਲਕ’ ਬਣਾਇਆ। ਇਹ ਵੱਖਰੀ ਗੱਲ ਹੈ ਕਿ 1716 ਵਿੱਚ ਉਸ ਦੀ ਹੋਈ ਸ਼ਹੀਦੀ ਤੋਂ ਬਾਅਦ ਮੇਰੇ ਉੱਪਰ ਫਿਰ ਰਾਜ ਮੁਗ਼ਲਾਂ ਅਤੇ ਅਫ਼ਗਾਨੀਆਂ ਦਾ ਹੋ ਗਿਆ।

ਭਾਰਤ ਉੱਪਰ ਹਮਲੇ ਕਰਨ ਵਾਲੇ ਅਬਦਾਲੀ (ਦੁਰਾਨੀ), ਗ਼ਜ਼ਨਵੀ ਤੇ ਹੋਰ ਹਮਲਾਵਰ ਮੇਰੀ ਹਿੱਕ ਦੇ ਉੱਪਰੋਂ ਲੰਘ ਕੇ ਅੱਗੇ ਲੁੱਟਣ ਲਈ ਜਾਂਦੇ ਰਹੇ। ਮੈਂ ਕਮਜ਼ੋਰ ਸਾਂ ਅਤੇ ਮੈਂ ਉਨ੍ਹਾਂ ਦਾ ਮੁਕਾਬਲਾ ਨਾ ਕਰ ਸਕਿਆ। ਪਰ ਮੇਰੇ ਗਿਣੇ-ਚੁਣੇ ਸਿਰਲੱਥ ਤੇ ਸੂਰਬੀਰ ਯੋਧੇ, ਜਿਨ੍ਹਾਂ ਦਾ ਉਦੋਂ ਜੰਗਲਾਂ ਵਿੱਚ ਘੋੜਿਆਂ ਦੀਆਂ ਕਾਠੀਆਂ ਉੱਪਰ ‘ਨਿਵਾਸ’ ਸੀ, ਉਹ ਹਮਲਾਵਰਾਂ ਕੋਲੋਂ ਲੁੱਟ ਦਾ ਮਾਲ ਖੋਹ ਲੈਂਦੇ ਸਨ ਅਤੇ ਉਨ੍ਹਾਂ ਵੱਲੋਂ ਬੰਦੀ ਬਣਾਈਆਂ ਗਈਆਂ ਭਾਰਤੀ ਧੀਆਂ/ਭੈਣਾਂ ਨੂੰ ਉਨ੍ਹਾਂ ਜਰਵਾਣਿਆਂ ਕੋਲੋਂ ਆਜ਼ਾਦ ਕਰਵਾ ਕੇ ਉਨ੍ਹਾਂ ਦੇ ਮਾਪਿਆਂ ਤਕ ਸੁਰੱਖਿਅਤ ਪਹੁੰਚਾਉਂਦੇ ਰਹੇ। ਇਸ ਸਿਲਸਿਲਾ 1748 ਤੋਂ 1763 ਤਕ ਚੱਲਦਾ ਰਿਹਾ। ਫਿਰ 1764-65 ਵਿੱਚ ਮੇਰੇ ਉੱਪਰ 12 ਵੱਖ-ਵੱਖ ਸਿੱਖ ਮਿਸਲਾਂ ਦਾ ਰਾਜ ਬਣ ਗਿਆ ਜਿਸ ਨੂੰ 1780 ਵਿੱਚ ਸ਼ੁਕਰਚੱਕੀਆ ਮਿਸਲ ਵਿੱਚ ਜਨਮੇਂ ਰਣਜੀਤ ਸਿੰਘ ਨੇ ਹੋਰ ਸਿੱਖ ਮਿਸਲਾਂ ਦੇ ਨਾਲ ਲੜ-ਭਿੜ ਕੇ ਜਾਂ ਉਨ੍ਹਾਂ ਦੇ ਨਾਲ਼ ਸਮਝੌਤੇ ਕਰਕੇ ਇੱਕ ਵਾਰ ਫਿਰ ਸਿੱਖ ਰਾਜ ਦੀ ਸਥਾਪਨਾ ਕੀਤੀ ਜਿਸ ਵਿੱਚ ਅਜੋਕੇ ਪਾਕਿਸਤਾਨ ਦੇ ਸੂਬੇ ਮੁਲਤਾਨ, ਪਿਸ਼ਾਵਰ ਅਤੇ ਜੰਮੂ-ਕਸ਼ਮੀਰ (ਭਾਰਤ ਤੇ ਪਾਕਿਸਤਾਨ ਦੋਹਾਂ ਦੇ) ਵੀ ਸ਼ਾਮਲ ਸਨ, ਅਤੇ ਜਿਸਦੀਆਂ ਹੱਦਾਂ ਅੱਟਕ ਤੋਂ ਲੈ ਕੇ ਸਤਲੁਜ ਦਰਿਆ ਤਕ ਸਨ। ਇਸ ਮਹਾਰਾਜੇ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਏ ਨੇ ਕਿਸੇ ਵੀ ਹਮਲਾਵਰ ਨੂੰ ਅੱਟਕ ਦਰਿਆ ਪਾਰ ਨਹੀਂ ਸੀ ਕਰਨ ਦਿੱਤਾ ਅਤੇ ਉਨ੍ਹਾਂ ਨੂੰ ਇਸ ਤੋਂ ਦੂਰ ਹੀ ਅਟਕਾਈ ਰੱਖਿਆ ਸੀ। ਇੰਗਲੈਂਡ ਤੋਂ ਵਿਓਪਾਰ ਕਰਨ ਆਈ ਅੰਗਰੇਜ਼ੀ ‘ਈਸਟ ਇੰਡੀਆ ਕੰਪਨੀ’ ਧੱਕੇ ਨਾਲ 1757 ਵਿੱਚ ਬਾਕੀ ਸਾਰੇ ਭਾਰਤ ਦੀ ਮਾਲਕ ਬਣ ਬੈਠੀ ਪਰ ਉਹ ਵੀ ਮੇਰੇ ਸ਼ਕਤੀਸ਼ਾਲੀ ਮਹਾਰਾਜਾ ਰਣਜੀਤ ਸਿੰਘ ਤੋਂ ਡਰਦੀ ਮਾਰੀ ਮੇਰੇ ਤੋਂ ਕਈ ਸਾਲ ਦੂਰ ਹੀ ਰਹੀ ਅਤੇ ਉਸ ਨੂੰ ਮਹਾਰਾਜੇ ਨਾਲ 1809 ਵਿੱਚ ‘ਫਿਲੌਰ ਦੀ ਇਤਿਹਾਸਕ ਸੰਧੀ’ ਕਰਨੀ ਪਈ ਸੀ। 1839 ਵਿੱਚ ਇਸ ਬੁੱਧੀਮਾਨ ਮਹਾਰਾਜੇ ਦੀ ਮੌਤ ਤੋਂ ਬਾਅਦ ਸਿੱਖ ਸਰਦਾਰਾਂ ਵਿੱਚ ਹੋਈ ਖ਼ਾਨਾਜੰਗੀ ਤੋਂ ਬਾਅਦ ਸਿੱਖ-ਰਾਜ ਕਮਜ਼ੋਰ ਹੋ ਜਾਣ ਕਾਰਨ ਅੰਗਰੇਜ਼ਾਂ ਵੱਲੋਂ ਇਸ ਸੰਧੀ ਦੀ ਉਲੰਘਣਾ ਕਰਦਿਆਂ ਹੋਇਆਂ ਫ਼ੇਰੂ ਸ਼ਹਿਰ, ਸਭਰਾਵਾਂ ਅਤੇ ਮੁੱਦਕੀ ਦੀਆਂ ਲੜਾਈਆਂ ਤੋਂ ਬਾਅਦ ਮੈਂਨੂੰ ਵੀ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਗਿਆ।

... ਤੇ ਫਿਰ ਭਾਰਤ ਦੀ ਆਜ਼ਾਦੀ ਦੀ ਲੜਾਈ ਆਰੰਭ ਹੋ ਜਾਂਦੀ ਹੈ। 1857 ਦੇ ‘ਗ਼ਦਰ’ ਨੂੰ ਭਾਵੇਂ ਇਤਿਹਾਸ ਵਿੱਚ ‘ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ’ ਦਾ ਨਾਂ ਦਿੱਤਾ ਜਾਂਦਾ ਹੈ ਪਰ ਉਹ ਮੁੱਖ ਤੌਰ ’ਤੇ ਭਾਰਤ ਦੀਆਂ ਵੱਖ-ਵੱਖ ਰਿਆਸਤਾਂ ਦੇ ਰਾਜਿਆਂ ਵੱਲੋਂ ਅੰਗਰੇਜ਼ਾਂ ਤੋਂ ਆਪਣੇ ਰਾਜਾਂ ਨੂੰ ਬਚਾਉਣ ਦੀ ਹੀ ਲੜਾਈ ਸੀ, ਉਹ ਲੜਾਈ ਭਾਵੇਂ ਦਿੱਲੀ ਦੇ ਰਾਜੇ ਬਹਾਦਰ ਸ਼ਾਹ ਜ਼ਫ਼ਰ, ਮੈਸੂਰ ਰਿਆਸਤ ਦੇ ਟੀਪੂ ਸੁਲਤਾਨ, ਮੈਵਾੜ ਦੇ ਰਾਣਾ ਸਾਂਘਾ, ਗਵਾਲੀਅਰ ਦੇ ਤਾਂਤੀਆ ਤੋਪੇ ਦੀ ਸੀ ਜਾਂ ਝਾਂਸੀ ਰਿਆਸਤ ਦੀ ‘ਝਾਂਸੀ ਦੀ ਰਾਣੀ’ ਦੀ ਸੀ ਜਾਂ ਹੋਰ ਛੋਟੀਆਂ ਰਿਆਸਤਾਂ ਦੇ ਰਾਜਿਆਂ ਦੀ ਸੀ, ਪਰ ਇਹ ਕਿਸੇ ਯੋਜਨਾਬੱਧ ਢੰਗ ਨਾਲ ਇੱਕਮੁੱਠਤਾ ਨਾਲ ਲੜੀ ਜਾਣ ਵਾਲੀ ਲੜਾਈ ਨਹੀਂ ਸੀ। ਨਤੀਜੇ ਵਜੋਂ, ਇਸ ਵਿੱਚ ਇਨ੍ਹਾਂ ਰਾਜਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਅੰਗਰੇਜ਼ਾਂ ਦੀ ਜਿੱਤ ਹੋਈ।

ਭਾਰਤ ਦੀ ਆਜ਼ਾਦੀ ਲਈ ਲੜੀ ਗਈ ‘ਅਸਲੀ ਲੜਾਈ’ ਵਿੱਚ ਮੇਰੇ ਸੂਰਬੀਰ ਪੁੱਤਰਾਂ ਨੇ 80 ਫ਼ੀਸਦੀ ਤੋਂ ਵਧੇਰੇ ਕੁਰਬਾਨੀਆਂ ਦਿੱਤੀਆਂ, ਭਾਵੇਂ ਮੇਰੀ ਆਬਾਦੀ ਭਾਰਤ ਦੀ ਕੁਲ ਆਬਾਦੀ ਦਾ ਕੇਵਲ 2 ਫ਼ੀਸਦੀ ਹਿੱਸਾ ਹੀ ਸੀ। ਕੁਰਬਾਨੀਆਂ ਦੇਣ ਵਾਲਿਆਂ ਵਿੱਚ ਮੇਰੇ ਤੋਂ ਅਗਲਾ ਨੰਬਰ ਬੰਗਾਲ ਦੇ ਯੋਧਿਆਂ ਦਾ ਸੀ ਅਤੇ ਬਾਕੀ ਸੂਬਿਆਂ ਵਾਲੇ ਤਾਂ ਇਸ ਪੱਖੋਂ ਸਾਡੇ ਦੋਹਾਂ ਤੋਂ ਬਹੁਤ ਪਿੱਛੇ ਰਹੇ। ਮੇਰੇ ‘ਗ਼ਦਰੀ ਬਾਬਿਆਂ’ ਨੇ ਅਮਰੀਕਾ ਦੇ ਸ਼ਹਿਰ ਸਾਨ-ਫ਼ਰਾਂਸਿਸਕੋ ਵਿੱਚ 1913 ਵਿੱਚ ‘ਗ਼ਦਰ ਲਹਿਰ’ ਦੀ ਸ਼ੁਰੂਆਤ ਕੀਤੀ। ਲੋਕਾਂ ਨੂੰ ਆਜ਼ਾਦੀ ਪ੍ਰਤੀ ਜਾਗਰੂਕ ਕਰਨ ਲਈ ਉਨ੍ਹਾਂ ਉਰਦੂ, ਪੰਜਾਬੀ ਤੇ ਬੰਗਾਲੀ ਭਾਸ਼ਾਵਾਂ ਵਿੱਚ ਅਖ਼ਬਾਰ ‘ਗ਼ਦਰ’ ਆਰੰਭ ਕੀਤਾ। ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ ਤੇ ਹਰਨਾਮ ਸਿੰਘ ਟੁੰਡੀਲਾਟ ਵਰਗੇ ਇਸਦੇ ਸੰਚਾਲਕ ਖ਼ਬਰਾਂ ਅਤੇ ਲੇਖ ਲਿਖਦੇ, ਹੱਥ ਵਾਲੇ ਟੋਕੇ ਵਾਂਗ ਚੱਲਣ ਵਾਲੀ ‘ਪ੍ਰਿੰਟਿੰਗ-ਪਰੈੱਸ’ ਨਾਲ ਇਸ ਅਖ਼ਬਾਰ ਦੀਆਂ ਹਜ਼ਾਰਾਂ ਕਾਪੀਆਂ ਤਿਆਰ ਕਰਦੇ ਅਤੇ ਸਾਈਕਲਾਂ ’ਤੇ ਜਾ ਕੇ ਇਸ ਨੂੰ ਲੋਕਾਂ ਦੇ ਘਰੀਂ ਪਹੁੰਚਾਉਂਦੇ। ਇਸਦਾ ਪਹਿਲਾ ਅੰਕ ਉਰਦੂ ਵਿੱਚ 1 ਨਵੰਬਰ 1913 ਨੂੰ ਛਪਿਆ1914 ਵਿੱਚ ਮੇਰਾ ਨਿਡਰ ਪੁੱਤਰ ਬਾਬਾ ਗੁਰਦਿੱਤ ਸਿੰਘ 400 ਦੇ ਕਰੀਬ ਪੰਜਾਬੀਆਂ, ਜਿਨ੍ਹਾਂ ਵਿੱਚ ਸਿੱਖ, ਹਿੰਦੂ ਤੇ ਮੁਸਲਮਾਨ ਸਾਰੇ ਹੀ ਸ਼ਾਮਲ ਹਨ, ਨਾਲ ਭਰਿਆਂ ਹੋਇਆ ‘ਗੁਰੂ ਨਾਨਕ ਜਹਾਜ਼’ (ਕਾਮਾਗਾਟਾ ਮਾਰੂ) ‘ਲੀਜ਼’ ’ਤੇ ਲੈ ਕੇ ਭਾਰਤ ਤੋਂ ਸਿੱਧਾ ਕਨੇਡਾ ਦੇ ਸ਼ਹਿਰ ਵੈਨਕੂਵਰ ਦੇ ਸਮੁੰਦਰੀ-ਪਾਣੀਆਂ ਵਿੱਚ ਜਾ ਪਹੁੰਚਾ ਪਰ ਸਮੇਂ ਦੀ ਅੰਗਰੇਜ਼ ਸਰਕਾਰ ਨੇ ਉਸ ਨੂੰ ਕੰਢੇ ਨਾ ਲੱਗਣ ਦਿੱਤਾ ਅਤੇ ਦੋ ਮਹੀਨੇ ਸਮੁੰਦਰ ਵਿੱਚ ਖੜ੍ਹਾ ਰਹਿਣ ਪਿੱਛੋਂ ਉਸ ਨੂੰ ਵਾਪਸ ਪਰਤਣਾ ਪਿਆਵਾਪਸੀ ’ਤੇ ਕਲਕੱਤੇ ਦੇ ‘ਬੱਜਬੱਜ-ਘਾਟ ’ਤੇ ਉਸ ਦੇ ਮੁਸਾਫ਼ਰਾਂ ਨੂੰ ਭਾਰਤ ਦੀ ਅੰਗਰੇਜ਼ ਸਰਕਾਰ ਦੀਆਂ ਗੋਲ਼ੀਆਂ ਦਾ ਸਾਹਮਣਾ ਕਰਨਾ ਪਿਆ।

ਮੇਰੇ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਦੇ ‘ਜੱਲ੍ਹਿਆਂ ਵਾਲੇ ਬਾਗ਼’ ਵਿੱਚ 13 ਅਪਰੈਲ 1919 ਨੂੰ ਵਿਸਾਖੀ ਵਾਲੇ ਦਿਨ ਹਿੰਦੂ, ਸਿੱਖ, ਮੁਸਲਿਮ ਭੈਣ-ਭਰਾਵਾਂ ਦਾ ਸਾਂਝਾ ਜਲਸਾ ਹੋਇਆ ਜਿਸ ਵਿੱਚ ਆਗੂਆਂ ਵੱਲੋਂ ਭਾਰਤ ਲਈ ਆਜ਼ਾਦੀ ਦੀ ਮੰਗ ਕੀਤੀ ਗਈ। ਅੰਗਰੇਜ਼ ਸਰਕਾਰ ਦੇ ਪੰਜਾਬ ਦੇ ਗਵਰਨਰ ਮਾਈਕਲ ਓਡਵਾਇਰ ਦੇ ਹੁਕਮਾਂ ’ਤੇ ਬ੍ਰਿਗੇਡੀਅਰ ਡਾਇਰ ਵੱਲੋਂ ਮੇਰੇ ਇਨ੍ਹਾਂ ਨਿਹੱਥੇ ਦੇਸ਼-ਭਗਤਾਂ ਉੱਪਰ ਅੰਨ੍ਹੇ-ਵਾਹ ਗੋਲ਼ੀਆਂ ਚਲਵਾਈਆਂ ਗਈਆਂ ਜਿਨ੍ਹਾਂ ਨਾਲ ਇੱਕ ਹਜ਼ਾਰ ਤੋਂ ਵੱਧ ਸ਼ਹੀਦ ਅਤੇ ਦੋ ਹਜ਼ਾਰ ਤੋਂ ਵਧੇਰੇ ਜ਼ਖ਼ਮੀ ਹੋ ਗਏ ਸਨ। ਇਸ ਖ਼ੂਨੀ ਕਾਂਡ ਦਾ ਬਦਲਾ ਮੇਰੇ ਹੋਣਹਾਰ ਸਪੁੱਤਰ ਊਧਮ ਸਿੰਘ ਉਰਫ਼ ‘ਰਾਮ ਮੁਹੰਮਦ ਸਿੰਘ ਆਜ਼ਾਦ’ ਨੇ 21 ਸਾਲ ਬਾਅਦ ਲੰਡਨ ਜਾ ਕੇ ਕੈਕਸਟਨ ਹਾਲ ਵਿੱਚ ਚੱਲ ਰਹੇ ਇੱਕ ਸਮਾਗ਼ਮ ਦੌਰਾਨ ਫੜ੍ਹਾਂ ਮਾਰਦੇ ਹੋਏ ਮਾਈਕਲ ਓਡਵਾਇਰ ਨੂੰ ਸਾਰਿਆ ਦੇ ਸਾਹਮਣੇ ਸਰੇਆਮ ਗੋਲ਼ੀਆਂ ਮਾਰ ਕੇ ਲਿਆ ਅਤੇ ਇਸਦੇ ਬਦਲੇ ਹੋਈ ਸਜ਼ਾ ਵਿੱਚ 30 ਜੂਨ 1940 ਨੂੰ ਫ਼ਾਸੀ ਦਾ ਰੱਸਾ ਚੁੰਮਿਆ24 ਸਾਲਾਂ ਦੇ ਮੇਰੇ ਨੌਜੁਆਨ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਦੀ ਖ਼ਾਤਰ 23 ਮਾਰਚ 1931 ਨੂੰ ਆਪਣੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀਆਂ ਦੇ ਰੱਸੇ ਆਪਣੇ ਹੱਥੀਂ ਆਪਣੇ ਗਲ਼ਾਂ ਵਿੱਚ ਪਾਏ। ਉਨ੍ਹਾਂ ਦੇ ਸਾਥੀਆਂ ਬੀ.ਕੇ. ਦੱਤ, ਸਚਿਨ ਨਾਥ ਸਾਨਿਆਲ, ਮਦਨ ਲਾਲ ਢੀਂਗਰਾ ਤੇ ਹੋਰ ਕਿਹੜੇ-ਕਿਹੜੇ ਨਾਂ ਗਿਣਾਵਾਂ? ਇਹ ਤਾਂ ਬੜੀ ਲੰਮੀ ਲੜੀ ਏ ਅਤੇ ਗਿਣਦਿਆਂ ਬੜਾ ਸਮਾਂ ਲੱਗੇਗਾ। ਕਈ ਕਹਿੰਦੇ ਨੇ, ਭਾਰਤ ਨੂੰ ਆਜ਼ਾਦੀ ‘ਬਾਪੂ ਗਾਂਧੀ’ ਦੇ ਚਰਖ਼ਾ ਕੱਤਣ ਨਾਲ ਮਿਲੀ ਹੈ, ਜੋ ਕੋਰਾ ਝੂਠ ਹੈ। ਮੇਰੀ ਹੱਡ-ਬੀਤੀ ਕਹਿੰਦੀ ਹੈ ਕਿ ਇਹ ਆਜ਼ਾਦੀ ਨਿਰੀਆਂ ਭੁੱਖ-ਹੜਤਾਲਾਂ, ਮਰਨ-ਵਰਤਾਂ ਅਤੇ ਜੇਲਾਂ ਵਿੱਚ ਜਾਣ ਨਾਲ ਹੀ ਨਹੀਂ ਮਿਲੀ, ਸਗੋਂ ਇਸਦੇ ਲਈ ਤਾਂ ਸਿਰ ਤਲੀ ’ਤੇ ਧਰ ਕੇ ਲੜਨ ਵਾਲੇ ਸ਼ਹੀਦਾਂ ਦਾ ਡੁੱਲ੍ਹਿਆ ਹੋਇਆ ਮਣਾਂ-ਮੂੰਹੀਂ ਖ਼ੂਨ ਹੀ ਕੰਮ ਆਇਆ, ਜਿਸਦੇ ਨਾਲ ਇਸ ਨੂੰ ਚੋਖਾ ਲਾਲ ਰੰਗ ਚੜ੍ਹਿਆ।

ਰਾਹ-ਹੰਭ ਕੇ ਆਖ਼ਰ ਅੰਗਰੇਜ਼ਾਂ ਨੇ 15 ਅਗਸਤ 1947 ਨੂੰ ਭਾਰਤ ਛੱਡਣ ਦਾ ਫ਼ੈਸਲਾ ਕੀਤਾ ਪਰ ਜਾਂਦੇ-ਜਾਂਦੇ ਉਹ ਮੇਰੇ ਅਤੇ ਬੰਗਾਲ ਦੇ ਸੂਬੇ ਵਿੱਚ ਵੰਡੀਆਂ ਪਾ ਗਏ। ਸਾਨੂੰ ਦੋਹਾਂ ਨੂੰ ਦੋ-ਦੋ ਹਿੱਸਿਆ ਵਿੱਚ ਵੰਡ ਦਿੱਤਾ ਗਿਆ ਅਤੇ ਇਨ੍ਹਾਂ ਦੇ ਪੂਰਬੀ ਤੇ ਪੱਛਮੀ ਭਾਗਾਂ ਵਿੱਚ ਹਿੰਦੂ, ਸਿੱਖ ਅਤੇ ਮੁਸਲਿਮ ਆਬਾਦੀ ਦੇ ਤਬਾਦਲੇ ਦੇ ਹੁਕਮ ਚਾੜ੍ਹ ਦਿੱਤੇ। ਇਸਦੇ ਨਾਲ਼ ਹੀ ਇਨ੍ਹਾਂ ਤਿੰਨਾਂ ਕੌਮਾਂ ਵਿੱਚ ਭਾਰੀ ਨਫ਼ਰਤ ਦੀ ਅੱਗ ਫ਼ੈਲਾਅ ਦਿੱਤੀ ਗਈ, ਜਿਸਦੇ ਨਤੀਜੇ ਵਜੋਂ ਦੋਹਾਂ ਸੂਬਿਆਂ ਵਿੱਚ ਲੱਖਾਂ ਲੋਕ ਆਪਸੀ ਹਿੰਸਾ ਦੀ ਭੇਂਟ ਚੜ੍ਹ ਗਏ ਅਤੇ ਕਈ ਕਰੋੜਾਂ ਦੇ ਹਿਸਾਬ ਨਾਲ ਜਾਇਦਾਦਾਂ ਦਾ ਅੱਗ ਵਿੱਚ ਸੜ ਕੇ ਮਾਲੀ ਨੁਕਸਾਨ ਹੋਇਆਮੇਰੇ ਆਪਣੇ 10 ਲੱਖ ਦੇ ਲਗਭਗ ਪੁੱਤਰ/ਧੀਆਂ ਇਸ ਮਾਰੂ ਕਾਂਡ ਵਿੱਚ ਸ਼ਹੀਦ ਹੋ ਗਏ ਅਤੇ ਮੈਂ ਲਹੂ ਦੇ ਹੰਝੂ ਵਹਾਉਂਦਾ ਰਹਿ ਗਿਆ। ਮੇਰੇ ‘ਪੰਜ-ਆਬ’ (ਪੰਜ ਦਰਿਆ) ਵੀ ਵੰਡ ਕੇ ‘ਢਾਈ-ਢਾਈ ਆਬ’ ਕਰ ਦਿੱਤੇ ਗਏ। ਸਤਲੁਜ, ਬਿਆਸ ਤੇ ਅੱਧਾ ਰਾਵੀ ਪੂਰਬੀ ਪੰਜਾਬ ਵਿੱਚ ਅਤੇ ਜੇਹਲਮ, ਚਨਾਬ ਤੇ ਅੱਧਾ ਰਾਵੀ ਪੱਛਮੀ ਪੰਜਾਬ ਵਿੱਚ ਵਗਣ ਲੱਗੇ। ਇਹ ਦਰਦਨਾਕ ਕਾਂਡ ਅਜੇ ਮੈਂਨੂੰ ਨਹੀਂ ਭੁੱਲਿਆ ਸੀ ਕਿ ਜੂਨ 1984 ਵਿੱਚ ਅੰਮ੍ਰਿਤਸਰ ਅਤੇ ਨਵੰਬਰ 1984 ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਵੱਡੇ ਖ਼ੂਨੀ ਕਾਂਡ ਹੋ ਗਏ ਜਿਨ੍ਹਾਂ ਵਿੱਚ ਸਮੇਂ ਦੀ ਸਰਕਾਰ ਵੱਲੋਂ ਮੇਰੇ ਸਿੱਖ-ਬੱਚਿਆਂ ਦੀ ਨਸਲਕੁਸ਼ੀ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਗਈ। ਮੈਂ ਫਿਰ ਖ਼ੂਨ ਦੇ ਅੱਥਰੂ ਵਹਾਏ ਪਰ ਇਨ੍ਹਾਂ ਨੂੰ ਵੇਖਣ ਤੇ ਸਮਝਣ ਵਾਲਾ ਕੌਣ ਸੀ? ਜਿਨ੍ਹਾਂ ਨੇ ਇਹ ਵੇਖਣੇ ਸਨ, ਉਹ ਤਾਂ ਖ਼ੁਦ ਆਪ ਇਹ ਸਭ ਕਰਵਾਉਣ ਵਾਲਿਆਂ ਵਿੱਚ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਬਾਅਦ ਵਿੱਚ ਉੱਚ-ਪਦਵੀਆਂ ਅਤੇ ਮੰਤਰੀਆਂ ਦੀਆਂ ਕੁਰਸੀਆਂ ਨਾਲ ਨਿਵਾਜਿਆ ਗਿਆ।

ਮੇਰੇ ਬਾਰੇ ਇੱਕ ਬੜੀ ਮਸ਼ਹੂਰ ਕਹਾਵਤ ਹੈ, ਅਖੇ: “ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।”

ਇਤਿਹਾਸ ਗਵਾਹ ਹੈ ਕਿ ਮੇਰੇ ਜਾਇਆਂ ਨੂੰ ਸਮੇਂ-ਸਮੇਂ ਨਵੀਆਂ-ਨਵੀਆਂ ਮੁਹਿੰਮਾਂ ਦਾ ਸਾਹਮਣਾ ਕਰਨਾ ਪਿਆ ਹੈ। ਤੇ ਇਹ ਇਤਿਹਾਸ ਹੁਣ ਵੀ ਦੁਹਰਾਇਆ ਜਾ ਰਿਹਾ ਹੈ। ਮੇਰੇ ਜਾਏ ਕਿਸਾਨ ਜੂਨ 2020 ਤੋਂ ਸੰਘਰਸ਼ ’ਤੇ ਹਨ। ਪੰਜਾਬ ਵਿੱਚ ਨਵੇਂ ਬਿਜਲੀ ਬਿੱਲ ਦੇ ਆਉਣ ’ਤੇ ਜਿਸਦੇ ਅਨੁਸਾਰ ਬਿਜਲੀ ਦੀਆਂ ਦਰਾਂ ਵਿੱਚ ਚੋਖਾ ਵਾਧਾ ਕੀਤਾ ਗਿਆ ਸੀ ਅਤੇ ਕਿਸਾਨੀ ਦੇ ਕੰਮਾਂ ਲਈ ਇਸ ਸਮੇਂ ਮੁਫ਼ਤ ਬਿਜਲੀ ਨਾਲ ਚੱਲ ਰਹੇ ਟਿਊਬਵੈੱਲਾਂ ਉੱਪਰ ਕਿਸਾਨਾਂ ਨੂੰ ਬਿੱਲ ਭੇਜਣ ਦੀ ਵਿਵਸਥਾ ਸੀ, ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨਾਂ ਨੇ ਰੇਲ-ਗੱਡੀਆਂ ਰੋਕਣ ਲਈ ਰੇਲ-ਪਟੜੀਆਂ ਅਤੇ ਪਲੇਟਫ਼ਾਰਮਾਂ ’ਤੇ ਧਰਨੇ ਦਿੱਤੇ। ਸੜਕਾਂ ਉੱਪਰ ਬਣੇ ਟੌਲ-ਪਲਾਜ਼ਿਆਂ ਨੂੰ ਹਟਾਉਣ ਲਈ ਉਨ੍ਹਾਂ ਨੇ ਧਰਨੇ ਦਿੱਤੇ ਅਤੇ ਹੁਣ ਵੀ ਦੇ ਰਹੇ ਹਨ। ਅੰਬਾਨੀਆਂ-ਅਡਾਨੀਆਂ ਦੇ ਪੈਟਰੋਲ-ਪੰਪਾਂ ਅਤੇ ਉਨ੍ਹਾਂ ਦੇ ਵੱਡੇ-ਵੱਡੇ ਸਟੋਰਾਂ ਤੇ ਗੋਦਾਮਾਂ ਨੂੰ ਵੀ ਘੇਰਿਆ। ਸਤੰਬਰ ਮਹੀਨੇ ਵਿੱਚ ਖੇਤੀਬਾੜੀ ਵਾਲੇ ‘ਤਿੰਨ ਕਾਲ਼ੇ ਬਿੱਲ’ ਕੇਂਦਰ ਸਰਕਾਰ ਨੇ ਪਾਰਲੀਮੈਂਟ ਦੇ ਦੋਹਾਂ ਹਾਊਸਾਂ ਵਿੱਚ ਪਾਸ ਕਰਵਾ ਕੇ ਰਾਸ਼ਟਰਪਤੀ ਦੇ ਦਸਤਖ਼ਤਾਂ ਤੋਂ ਬਾਅਦ ਕਾਨੂੰਨ ਬਣਾ ਦਿੱਤੇ ਜਿਨ੍ਹਾਂ ਦਾ ਵਿਰੋਧ ਕਰਨ ਲਈ ਇਹ ਧਰਨੇ ਹੋਰ ਤੇਜ਼ ਹੋਏ ਅਤੇ ਇਹ ਸੰਘਰਸ਼ 26 ਨਵੰਬਰ ਨੂੰ ਦਿੱਲੀ ਦੇ ਸਿੰਘੂ ਬਾਰਡਰ ਅਤੇ ਟਿੱਕਰੀ ਬਾਰਡਰ ਉੱਪਰ ਲਿਜਾਣ ਦਾ ਫ਼ੈਸਲਾ ਹੋ ਗਿਆ। ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਲਈ ਹਰਿਆਣੇ ਦੀ ਬੀਜੇਪੀ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਰੋਕਾਂ ਖੜ੍ਹੀਆਂ ਕੀਤੀਆਂ ਗਈਆਂ। ਉਨ੍ਹਾਂ ਉੱਪਰ ਠੰਢੇ ਪਾਣੀ ਦੀਆਂ ਬੌਛਾੜਾਂ ਮਾਰੀਆਂ ਗਈਆਂ। ਹਾਈਵੇਜ਼ ਨੂੰ ‘ਜੇਸੀਬੀ-ਮਸ਼ੀਨਾਂ’ ਨਾਲ ਪੁੱਟ ਕੇ ਉਨ੍ਹਾਂ ਵਿੱਚ ਡੂੰਘੀਆਂ ਖਾਈਆਂ ਬਣਾ ਦਿੱਤੀਆਂ ਗਈਆਂ ਤਾਂ ਜੋ ਮੇਰੇ ਕਿਸਾਨ-ਪੁੱਤਰਾਂ ਦੇ ਟਰੈੱਕਟਰ-ਟਰਾਲੀਆਂ ਅੱਗੇ ਨਾ ਜਾ ਸਕਣ ਪਰ ਉਨ੍ਹਾਂ ਨੂੰ ਕੌਣ ਰੋਕ ਸਕਦਾ ਸੀ ਅਤੇ ਉਹ ਇਹ ਸਭ ਰੋਕਾਂ ਪਾਰ ਕਰਕੇ ਆਪਣੀ ਮੰਜ਼ਲ ਵੱਲ ਵਧਦੇ ਗਏ। ਉਨ੍ਹਾਂ ਦੇ ਨਾਲ ਮੇਰੇ ਹਰਿਆਣਵੀ ‘ਭਤੀਜੇ-ਭਤੀਜੀਆਂ’ ਵੀ ਮਿਲ ਗਏ। ਉਨ੍ਹਾਂ ਮਿਲ ਕੇ ਜਲ-ਤੋਪਾਂ ਦੇ ਮੂੰਹ ਮੋੜ ਦਿੱਤੇ ਅਤੇ ਦਿੱਲੀ ਦੀਆਂ ਬਰੂਹਾਂ ’ਤੇ ਜਾ ਕੇ ਹੀ ਸਾਹ ਲਿਆ। ਉੱਧਰੋਂ ਕੁਝ ਦਿਨਾਂ ਬਾਅਦ ਉੱਤਰ-ਪ੍ਰਦੇਸ਼, ਉੱਤਰਾ-ਖੰਡ, ਰਾਜਸਥਾਨ ਅਤੇ ਮੱਧ-ਪ੍ਰਦੇਸ਼ ਦੇ ਕਿਸਾਨ ਵੀ ਗ਼ਾਜ਼ੀਪੁਰ ਵਾਲੇ ਬਾਰਡਰ ’ਤੇ ਆ ਕੇ ਡਟ ਗਏ।

ਫਿਰ ਮੇਰੇ ਕਿਸਾਨ-ਆਗੂਆਂ ਦਾ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋ ਗਿਆ ਜੋ 11 ਮੀਟਿੰਗਾਂ ਤਕ ਚੱਲਿਆ ਪਰ ਕੋਈ ਫ਼ੈਸਲਾ ਨਾ ਹੋ ਸਕਿਆ। 26 ਜਨਵਰੀ 2021 ਨੂੰ ਹੋਣ ਵਾਲੇ ‘ਵਿਸ਼ਾਲ ਟਰੈੱਕਟਰ-ਮਾਰਚ’ ਨੂੰ ਤਾਰਪੀਡੋ ਕਰਨ ਦੀਆਂ ਗੋਂਦਾਂ ਗੁੰਦੀਆਂ ਗਈਆਂ। ਦਿੱਲੀ ਪੁਲੀਸ ਮਿਥੀ ਹੋਈ ਸਾਜ਼ਿਸ਼ ਅਧੀਨ ਕੁਝ ਕਿਸਾਨਾਂ ਨੂੰ ਵਰਗਲ਼ਾ ਕੇ 26 ਜਨਵਰੀ ਨੂੰ ਇਤਿਹਾਸਕ ‘ਲਾਲ ਕਿਲੇ’ ਵੱਲ ਲਿਜਾਣ ਵਿੱਚ ਸਫ਼ਲ ਹੋ ਗਈ ਜਿਨ੍ਹਾਂ ਵਿੱਚ ਕੁਝ ਸਰਕਾਰੀ ਅਨਸਰ ਵੀ ਦੱਸੇ ਜਾਂਦੇ ਹਨ। ਉਨ੍ਹਾਂ ਨੂੰ ਲਾਲ-ਕਿਲੇ ਦੇ ਸਾਹਮਣੇ ਵਾਲੇ ਮੈਦਾਨ ਤਕ ਬਿਨਾਂ ਕਿਸੇ ਰੋਕ-ਟੋਕ ਦੇ ਬੜੇ ਆਰਾਮ ਨਾਲ ਜਾਣ ਦਿੱਤਾ ਗਿਆ ਅਤੇ ਲਾਲ-ਕਿਲੇ ਦੀ ਫ਼ਸੀਲ ਉੱਪਰ ਲੱਗੇ ਲੰਮੇ-ਉੱਚੇ ਪੋਲ ਦੇ ਉੱਪਰ ਸਿੱਖੀ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡਾ ਲਗਾਉਣ ਦਿੱਤੇ ਗਏ। ਉਪਰੰਤ, ਕਿਸਾਨ ਕਹੇ ਜਾਂਦੇ ਕੁਝ ਵਿਅਕਤੀਆਂ ਵੱਲੋਂ ਦਿੱਲੀ ਪੁਲੀਸ ਉੱਪਰ ਟਰੈੱਕਟਰ ਚੜ੍ਹਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਦੀਆਂ ਪੋਲੀਸ ਨਾਲ ਛੋਟੀਆਂ-ਮੋਟੀਆਂ ਹਿੰਸਕ-ਝੜਪਾਂ ਵੀ ਹੋਈਆਂਉੱਤਰਾ-ਖੰਡ ਤੋਂ ਆਇਆ ਰਵਨੀਤ ਨਾਂ ਦਾ ਨੌਜਵਾਨ ਪੋਲੀਸ ਦੀ ਗੋਲੀ ਨਾਲ ਸ਼ਹੀਦ ਹੋ ਗਿਆ ਹੋਇਆ ਅਤੇ ਕੁਝ ਨੌਜੁਆਨਾਂ ਦੀਆਂ ਗ੍ਰਿਫ਼ਤਾਰੀਆਂ ਵੀ ਹੋਈਆਂ ਜਿਨ੍ਹਾਂ ਉੱਪਰ ਪੋਲੀਸ ਵੱਲੋਂ ਕੇਸ ਵੀ ਦਰਜ ਕੀਤੇ ਗਏ।

ਹੁਣ ਤਾਜ਼ਾ ਸੂਰਤੇ-ਹਾਲ ਇਹ ਹਨ ਕਿ ਮੇਰੇ ਕਿਸਾਨ ਪੁੱਤਰ ਦਿੱਲੀ ਦੀਆਂ ਬਰੂਹਾਂ ’ਤੇ ਪੂਰੀ ਤਰ੍ਹਾਂ ਡਟੇ ਹੋਏ ਹਨ। 26 ਮਈ ਨੂੰ ਉਨ੍ਹਾਂ ਨੂੰ ਇੱਥੇ ਡਟਿਆਂ ਨੂੰ ਪੂਰੇ ਛੇ ਮਹੀਨੇ ਹੋ ਗਏ ਹਨ। ਕੇਂਦਰ ਸਰਕਾਰ ਉਨ੍ਹਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ ਅਤੇ ਉਹ ਅਡੋਲ ਰਹਿ ਕੇ ਇਸ ਇਮਤਿਹਾਨ ਵਿੱਚ ਪੂਰੀ ਤਰ੍ਹਾਂ ਸਫ਼ਲ ਹਨ। ਹਾੜ੍ਹੀ ਦੀ ਫ਼ਸਲ ਦੀ ਸਾਂਭ-ਸੰਭਾਲ ਲਈਂ ਉਨ੍ਹਾਂ ਦੇ ਕੁਝ ਸਾਥੀ ਆਪਣੇ ਪਿੰਡਾਂ ਨੂੰ ਗਏ ਸਨ ਅਤੇ ਹੁਣ ਉਹ ਇਹ ਕੰਮ ਮੁਕਾ ਕੇ ਫਿਰ ਦਿੱਲੀ ਦੇ ਬਾਰਡਰਾਂ ’ਤੇ ਪਹੁੰਚ ਗਏ ਹਨ। ਬਹੁਤ ਸਾਰੇ ਪਿੰਡਾਂ ਵਿੱਚ ਲੋਕਾਂ ਨੇ ਦਿੱਲੀ ਜਾਣ ਲਈ ਆਪਣੀਆਂ ਵਾਰੀਆਂ ਬੰਨ੍ਹ ਲਈਆਂ ਹਨ ਅਤੇ ਉਹ ਹਫ਼ਤੇ ਜਾਂ 10 ਦਿਨਾਂ ਲਈ ਦਿੱਲੀ ਜਾਂਦੇ ਹਨ ਅਤੇ ਉਨ੍ਹਾਂ ਦੀ ਥਾਂ ’ਤੇ ਉਸੇ ਸਮੇਂ ਦੂਸਰਾ ਜਥਾ ਉੱਥੇ ਪਹੁੰਚ ਜਾਂਦਾ ਹੈ। ਹੁਣ ਉੱਥੇ ਪਹਿਲਾਂ ਵਾਲੀ ਹੀ ਜਾਂ ਉਸ ਤੋਂ ਵੀ ਬਹੁਤੀ ਰੌਣਕ ਹੋ ਗਈ ਹੈ। ਮੇਰੇ ਪੁੱਤਰਾਂ-ਧੀਆਂ ਨੂੰ ਗਰਮੀ ਦੀ ਕੋਈ ਪ੍ਰਵਾਹ ਨਹੀਂ ਹੈ। ਗਰਮੀ ਤੋਂ ਬਚਣ ਲਈ ਉਨ੍ਹਾਂ ਨੇ ਉੱਥੇ ਬਾਸਾਂ ਅਤੇ ਕਾਨਿਆਂ ਦੀਆਂ ਆਰਜ਼ੀ ਝੌਂਪੜੀਆਂ ਦਾ ਪ੍ਰਬੰਧ ਕਰ ਲਿਆ ਹੈ ਅਤੇ ਉਨ੍ਹਾਂ ਵਿੱਚ ਪੱਖਿਆ ਅਤੇ ਕੂਲਰਾਂ ਦਾ ਪੂਰਾ ਪ੍ਰਬੰਧ ਕਰ ਲਿਆ ਹੈ। ਕਈਆਂ ਨੇ ਤਾਂ ਉੱਥੇ ਏ.ਸੀ. ਵੀ ਲਗਵਾ ਲਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਪੋਹ-ਮਾਘ ਦੀਆਂ ਕਕਰੀਲੀਆਂ ਰਾਤਾਂ ਉੱਥੇ ਗ਼ੁਜ਼ਾਰ ਸਕਦੇ ਹਨ ਤਾਂ ਇਹ ਇੰਨੀ ਕੁ ਗਰਮੀ ਉਨ੍ਹਾਂ ਦਾ ਕੀ ਵਿਗਾੜ ਲਵੇਗੀ। ਭਾਰਤ ਦੀ ਕੇਂਦਰ ਸਰਕਾਰ ਇਸ ਕਿਸਾਨ ਮੋਰਚੇ ਨੂੰ ਹੋਰ ਲਮਕਾ ਕੇ ਫੇਲ ਕਰਨਾ ਚਾਹੁੰਦੀ ਹੈ। ਇਸੇ ਲਈ ਹੀ ਉਹ ਘੇਸਲ ਮਾਰ ਕੇ ਬੈਠੀ ਹੋਈ ਹੈ ਅਤੇ ਕਿਸਾਨ ਆਗੂਆਂ ਨਾਲ ਕੋਈ ਗੱਲ ਨਹੀਂ ਕਰ ਰਹੀ। ਉਹ ਕਿਸਾਨਾਂ ਦਾ ਹੌਸਲਾ ਅਤੇ ਹਠ ਪਰਖਣਾ ਚਾਹੁੰਦੀ ਹੈ ਅਤੇ ਉਹ ਵੀ ਇਸਦੇ ਲਈ ਪੂਰੀ ਤਰ੍ਹਾਂ ਤਿਆਰ ਹਨ। ਦਿੱਲੀ ਵਚਿ ਲੱਗੇ ਹੋਏ ਇਸ ਕਿਸਾਨ ਮੋਰਚੇ ਨੂੰ 26 ਮਈ ਨੂੰ ਪੂਰੇ ਛੇ ਮਹੀਨੇ ਹੋ ਗਏ ਹਨ ਅਤੇ ਇਸ ਦਿਨ ਕੇਂਦਰ ਵਿੱਚ ਮੋਦੀ ਸਰਕਾਰ ਬਣੀ ਨੂੰ ਵੀ ਸੱਤ ਸਾਲ ਹੋ ਗਏ ਹਨ। ਮੇਰੇ ਕਿਸਾਨ-ਪੁੱਤਰਾਂ ਨੇ ਕਾਲੀਆਂ ਦਸਤਾਰਾਂ ਸਜ਼ਾ ਕੇ ਜਾਂ ਹੋਰਨਾਂ ਰੰਗਾਂ ਦੀਆਂ ਦਸਤਾਰਾਂ ਉੱਪਰ ਕਾਲ਼ੀਆਂ ਪੱਟੀਆਂ ਬੰਨ੍ਹ ਕੇ ਅਤੇ ਹਰੇਕ ਥਾਂ ’ਤੇ ਕਾਲੇ ਝੰਡੇ ਲਹਿਰਾ ਕੇ ਇਹ ਦਿਨ ‘ਕਾਲੇ ਦਿਨ’ ਵਜੋਂ ਮਨਾ ਕੇ ਆਪਣੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

ਇਸਦੇ ਨਾਲ ਇਹ ਵੀ ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਭਾਰਤ ਦੇ ਕਿਸਾਨਾਂ ਦੇ ਇਸ ਮਸਲੇ ਦਾ ਹੱਲ ਲੱਭਣ ਲਈ ਕਿਸਾਨ ਆਗੂਆਂ ਨੂੰ ਇਕੱਲੇ-ਇਕੱਲੇ ਨੂੰ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਕਿਸਾਨ ਆਗੂਆਂ ਨੇ ਸਰਕਾਰ ਦੇ ਉਨ੍ਹਾਂ ਫ਼ੀਲਰ ਸੁੱਟਣ ਵਾਲਿਆਂ ਨੂੰ ਇਹ ਸਪਸ਼ਟ ਕਰ ਦਿੱਤਾ ਹੈ ਕਿ ਸਰਕਾਰ ਨੂੰ ਇਸ ਸਬੰਧੀ ਉਨ੍ਹਾਂ ਨਾਲ ਅੱਗੇ ਵਾਂਗ ਕਿਸਾਨ ਲੀਡਰਾਂ ਨਾਲ ਸਮੂਹਿਕ ਤੌਰ ’ਤੇ ਹੀ ਗੱਲਬਾਤ ਕਰਨੀ ਹੋਵੇਗੀ ਅਤੇ ਉਹ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਸੰਪਰਕ ਕਰਕੇ ਉਨ੍ਹਾਂ ਨੂੰ ਆਪਸ ਵਿੱਚ ਪਾੜਨ ਦਾ ਯਤਨ ਨਾ ਕਰੇ। ਉਹ ਪੂਰੀ ਤਰ੍ਹਾਂ ਇੱਕ-ਮੁੱਠ ਹਨ ਅਤੇ ਇੱਕ-ਮੁੱਠ ਹੀ ਰਹਿਣਗੇ। ਕੇਂਦਰ ਸਰਕਾਰ ਕਰੋਨਾ-ਮਹਾਂਮਾਰੀ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਉੱਥੋਂ ਉਠਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ ਪਰ ਕਿਸਾਨ ਇਸ ਪੱਖੋਂ ਪੂਰੀ ਤਰ੍ਹਾਂ ਸੁਚੇਤ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉੱਥੇ ਪੂਰੀ ਤਰ੍ਹਾਂ ਸੁਰੱਖ਼ਿਅਤ ਹਨ ਅਤੇ ਉਨ੍ਹਾਂ ਲਈ ਇਹ ਜਿਊਣ-ਮਰਨ ਦਾ ਸਵਾਲ ਹੈ। ਟਿੱਕਰੀ ਬਾਰਡਰ ’ਤੇ ਆਧੁਨਿਕ ਸਿਹਤ ਸਹੂਲਤਾਂ ਵਾਲਾ ਹਸਪਤਾਲ ਬਣਾਇਆ ਗਿਆ ਹੈ ਜਿਸ ਵਿੱਚ ਅਮਰੀਕਾ ਤੋਂ ਗਏ ਡਾ. ਸਵੈਮਾਨ ਸਿੰਘ ਦੀ ਅਗਵਾਈ ਵਿੱਚ 40 ਡਾਕਟਰਾਂ ਦੀ ਟੀਮ ਬਾਖ਼ੂਬੀ ਕੰਮ ਕਰ ਰਹੀ ਹੈ। ਕਿਸਾਨ ਕਹਿੰਦੇ ਹਨ ਕਿ ਉਹ ਕਰੋਨਾ ਨਾਲ ਤਾਂ ਸ਼ਾਇਦ ਨਾ ਹੀ ਮਰਨ ਪਰ ਇਨ੍ਹਾਂ ਤਿੰਨਾਂ ਕਾਲੇ ਖੇਤੀਬਾੜੀ ਕਾਨੂੰਨਾਂ ਕਾਰਨ ਨੇੜ-ਭਵਿੱਖ ਵਿੱਚ ਉਨ੍ਹਾਂ ਦੀ ਮੌਤ ਯਕੀਨੀ ਹੈ। ਇਸ ਲਈ ਉਨ੍ਹਾਂ ਦਾ ਇਸ ਮੋਰਚੇ ਨੂੰ ਉੱਥੇ ਜਾਰੀ ਰੱਖਣਾ ਅਤੀ ਜ਼ਰੂਰੀ ਹੈ।

ਇਸਦੇ ਨਾਲ ਹੀ ਮੇਰੇ ਕਿਸਾਨ-ਪੁੱਤਰ ਰਾਜਸੀ ਪੱਖੋਂ ਵੀ ਪੂਰੀ ਤਰ੍ਹਾਂ ਸੁਚੇਤ ਹਨ। ਉਨ੍ਹਾਂ ਨੇ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੂੰ ਆਪਣੀਆਂ ਸਟੇਜਾਂ ਦੇ ਨੇੜੇ ਨਹੀਂ ਫਟਕਣ ਦਿੱਤਾ। ਉਨ੍ਹਾਂ ਪੱਛਮੀ ਬੰਗਾਲ ਅਤੇ ਹੋਰ ਚਾਰ ਰਾਜਾਂ ਜਿੱਥੇ ਪਿੱਛੇ ਜਿਹੇ ਵਿਧਾਨ-ਸਭਾਈ ਚੋਣਾਂ ਹੋਈਆਂ ਹਨ, ਵਿੱਚ ਜਾ ਕੇ ਬੀਜੇਪੀ ਦੇ ਵਿਰੁੱਧ ਧੂੰਆਂ-ਧਾਰ ਪ੍ਰਚਾਰ ਕੀਤਾ ਹੈ ਜਿਸਦੇ ਸਿੱਟੇ ਵਜੋਂ ਭਾਰਤੀ ਜਨਤਾ ਪਾਰਟੀ ਨੂੰ ਪੱਛਮੀ ਬੰਗਾਲ, ਕੇਰਲ ਅਤੇ ਚੇਨਈ ਵਿੱਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ 2022 ਵਿੱਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਵਿੱਚ ਇੰਜ ਹੀ ਜਾ ਕੇ ਇਸ ਕਿਸਮ ਦਾ ਬੀਜੇਪੀ ਵਿਰੋਧੀ ਪ੍ਰਚਾਰ ਕਰਨਗੇ ਅਤੇ ਇਸ ਪਾਰਟੀ ਨੂੰ ਰਾਜਨੀਤਕ ਤੌਰ ’ਤੇ ਕਮਜ਼ੋਰ ਕਰਨ ਦੀ ਪੂਰੀ ਵਾਹ ਲਗਾਉਣਗੇ।

ਵੇਖੋ! ਊਠ ਅੱਗੋਂ ਕਿਸ ਕਰਵਟ ਬੈਠਦਾ ਹੈ। ਉਂਜ ਪੱਛਮੀ ਬੰਗਾਲ, ਕੈਰਲ ਅਤੇ ਚੈਨਈ ਰਾਜਾਂ ਵਿੱਚ ਹੋਈ ਸ਼ਰਮਨਾਕ ਹਾਰ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੂੰ ਸ਼ੀਸ਼ਾ ਜ਼ਰੂਰ ਵਿਖਾ ਦਿੱਤਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣਾ ਰਾਜ-ਹਠ ਛੱਡ ਕੇ ਇਸ ਤੋਂ ਕੁਝ ਸਬਕ ਸਿੱਖੇਗੀ ਅਤੇ ਜਲਦੀ ਹੀ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਤਿੰਨਾਂ ਖੇਤੀਬਾੜੀ ਬਿੱਲਾਂ ਨੂੰ ਵਾਪਸ ਲੈਣ ਅਤੇ ਕਿਸਾਨਾਂ ਨੂੰ ਐੱਮ.ਐੱਸ.ਪੀ. ’ਤੇ ਸਰਕਾਰੀ ਗਰੰਟੀ ਦੀ ਗਰੰਟੀ ਦੇਣ ਵਾਲਾ ਕਾਨੂੰਨ ਲਿਆ ਕੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਪੂਰਿਆਂ ਕਰਦਿਆਂ ਹੋਇਆਂ ਉਨ੍ਹਾਂ ਨੂੰ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਤੋਰੇਗੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2823)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਸੁਖਦੇਵ ਸਿੰਘ ਝੰਡ

ਡਾ. ਸੁਖਦੇਵ ਸਿੰਘ ਝੰਡ

Brampton, Ontario, Canada.
WhatsApp (1 - 647 - 567 - 9128)
Email: (ssjhand121@gmail.com)

More articles from this author