“ਅਗਲੇਰੀ ਪੜ੍ਹਾਈ ਲਈ ਬੀ.ਏ. ਤਕ ਪਹੁੰਚਦਿਆਂ ਸੁਰਿੰਦਰ ਨੇ ਤਿੰਨ ਕਾਲਜ ਬਦਲੇ। ਉਨ੍ਹਾਂ ਦਿਨਾਂ ...”
(7 ਜੂਨ 2025)
ਸੁਰਿੰਦਰ ਨਾਗਰਾ ਆਪਣੀ ਪਤਨੀ ਨਾਲ
ਬਰੈਂਪਟਨ ਦੀ ‘ਟੀਪੀਏਆਰ ਕਲੱਬ’ (ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ) ਵਿੱਚ ਲੰਮੀ ਦੌੜ (ਮੈਰਾਥਨ ਤੇ ਹਾਫ-ਮੈਰਾਥਨ), ਦਰਮਿਆਨੀ ਦੂਰੀ ਦੀਆਂ 5 ਅਤੇ 10 ਕਿਲੋਮੀਟਰ ਅਤੇ ਛੋਟੀਆਂ ਦੌੜਾਂ 100 ਮੀਟਰ, 200 ਮੀਟਰ, 400 ਮੀਟਰ ਅਤੇ ਇੱਕ ਕਿਲੋਮੀਟਰ ਦੌੜਨ ਵਾਲੇ ਹਰ ਤਰ੍ਹਾਂ ਦੇ ਦੌੜਾਕ ਸ਼ਾਮਲ ਹਨ। ਇਹ ਸਾਰੇ ਹਰ ਸਾਲ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨ ਵਾਲੇ ਈਵੈਂਟ ਵਿੱਚ ਵੀ ਬੜੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਇਸ ਕਲੱਬ ਵਿੱਚ ਧਿਆਨ ਸਿੰਘ ਸੋਹਲ, ਧਰਮ ਸਿੰਘ ਰੰਧਾਵਾ, ਨਿਰਮਲ ਸਿੰਘ ਗਿੱਲ, ਸੂਰਤ ਸਿੰਘ ਚਾਹਲ, ਕਰਮਜੀਤ ਸਿੰਘ ਕੋਚ, ਜੱਸੀ ਧਾਲੀਵਾਲ ਵਰਗੇ ਮੈਰਾਥਨ ਦੌੜਾਕ, ਬਹੁਤ ਸਾਰੇ ਹਾਫ-ਮੈਰਾਥਨ ਰਨਰ ਤੇ ਕਈ ਹੋਰ 5 ਕਿਲੋਮੀਟਰ ਤੇ 10 ਕਿਲੋਮੀਟਰ ਦੌੜਨ ਵਾਲੇ ਹਨ। ਹਰਜੀਤ ਸਿੰਘ ਤੇ ਕੁਲਦੀਪ ਗਰੇਵਾਲ ਵਰਗੇ ‘ਆਇਰਨਮੈਨ’ ਤੇ ‘ਹਾਫ-ਆਇਰਨਮੈਨ’ ਵੀ ਇਸ ਕਲੱਬ ਦੇ ਅਹਿਮ ਮੈਂਬਰ ਹਨ, ਜਿਨ੍ਹਾਂ ਦਾ ਜ਼ਿਕਰ ਇਸ ਤੋਂ ਪਹਿਲਾਂ ਮੇਰੇ ਆਰਟੀਕਲਾਂ ਵਿੱਚ ਹੋ ਚੁੱਕਾ ਹੈ। ਅੱਜ ਇਸ ਆਰਟੀਕਲ ਵਿੱਚ ਜਿਸ ਤੇਜ਼-ਤਰਾਰ ਦੌੜਾਕ ਦੀ ਗੱਲ ਕਰ ਰਿਹਾ ਹਾਂ, ਉਹ 100 ਮੀਟਰ, 200 ਮੀਟਰ ਦੀਆਂ ‘ਸਪਰਿੰਟਾਂ’ ਲਾਉਂਦਾ ਹੈ ਅਤੇ 400 ਮੀਟਰ ਅਤੇ ਇੱਕ ਕਿਲੋਮੀਟਰ ਦੀਆਂ ਛੋਟੀਆਂ ਦੌੜਾਂ ਵੀ ਲਾਉਂਦਾ ਹੈ। ਉਸ ਦਾ ਨਾਮ ਹੈ, ਸੁਰਿੰਦਰ ਸਿੰਘ ਨਾਗਰਾ। ਇਸਦੇ ਨਾਲ ਹੀ ਉਹ ਲੰਮੀਆਂ ਦੌੜਾਂ ਵਿੱਚ ਵੀ ਕਈ ਵਾਰ ਭਾਗ ਲੈਂਦਾ ਹੈ। 1980 ਵਿਆਂ ਅਤੇ 1990ਵਿਆਂ ਦੇ ਦਹਾਕਿਆਂ ਵਿੱਚ ਉਹ ਕਬੱਡੀ, ਰੱਸਾਕਸ਼ੀ ਅਤੇ ਭੰਗੜੇ ਦੀਆਂ ਟੀਮਾਂ ਵਿੱਚ ਵੀ ਕਈ ਮੁਕਾਬਲਿਆਂ ਵਿੱਚ ਭਾਗ ਲੈ ਚੁੱਕਾ ਹੈ।
ਸੁਰਿੰਦਰ ਸਿੰਘ ਨਾਗਰਾ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ‘ਨੌਗੱਜਾ’ ਵਿੱਚ ਸ. ਸੁਰਜਨ ਸਿੰਘ ਤੇ ਸਰਦਾਰਨੀ ਗੁਰਬਚਨ ਕੌਰ ਦੇ ਘਰ 5 ਫਰਵਰੀ 1953 ਨੂੰ ਹੋਇਆ। ਉਸਦੇ ਪਿਤਾ ਜੀ ਬ੍ਰਿਟਿਸ਼ ਆਰਮੀ ਦੇ ‘ਕੋਰ ਆਫ ਸਿਗਨਲਜ਼’ ਵਿੱਚ ਸਿਪਾਹੀ ਸਨ। ਸੰਸਾਰ ਦੀ ਦੂਸਰੀ ਜੰਗ ਦੌਰਾਨ 1944 ਵਿੱਚ ਜਰਮਨੀ ਵਿੱਚ ਅੰਗਰੇਜ਼ ਫ਼ੌਜ ਵੱਲੋਂ ਲੜਦਿਆਂ ਹੋਇਆਂ ਉਹ ਆਪਣੀ ‘ਥਰਡ ਮੋਟਰ ਬ੍ਰਿਗੇਡ’ ਦੇ ਕਈ ਜਵਾਨਾਂ ਸਮੇਤ ਜਰਮਨ ਫ਼ੌਜ ਦੇ ਘੇਰੇ ਵਿੱਚ ਆ ਗਏ ਅਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਘੇਰੇ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜੰਗੀ ਕੈਦੀ ਬਣਾ ਲਿਆ ਗਿਆ। ਇਸ ਕੈਦ ਦੌਰਾਨ ਹੀ ਉਹ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਭਾਰਤ ਨੂੰ ਆਜ਼ਾਦੀ ਦਿਵਾਉਣ ਦੇ ਭਾਸ਼ਣਾਂ ਵਿੱਚ ਪ੍ਰਗਟਾਏ ਗਏ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਵੱਲੋਂ ਬਣਾਈ ਗਈ ‘ਇੰਡੀਅਨ ਨੈਸ਼ਨਲ ਆਰਮੀ’ (ਆਈ.ਐੱਨ.ਏ.) ਵਿੱਚ ਸ਼ਾਮਲ ਹੋ ਗਏ। 1947 ਵਿੱਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਉਨ੍ਹਾਂ ਦੀ ‘ਸੁਤੰਤਰਤਾ ਸੈਲਾਨੀ ਪੈੱਨਸ਼ਨ’ ਬੜੀ ਦੇਰ ਨਾਲ ਤੇ ਨਾਲੇ ਇਹ ਬੜੀ ਘੱਟ ਲੱਗੀ।
ਸੁਰਿੰਦਰ ਨਾਗਰਾ ਦੇ ਪਿੰਡ ਦਾ ਨਾਂ ਪੰਜਾਬੀ ਲੋਕਧਾਰਾ ਵਿੱਚ ਮਸ਼ਹੂਰ ‘ਨੌਗੱਜੇ ਪੀਰ’ ਦੇ ਨਾਂ ’ਤੇ ਰੱਖਿਆ ਗਿਆ ਜਾਪਦਾ ਹੈ ਅਤੇ ਇਹ ਜਲੰਧਰ ਤੋਂ ਭੋਗਪੁਰ ਜਾਣ ਵਾਲੀ ਮੁੱਖ ਸੜਕ ਵਿੱਚੋਂ ਨਿਕਲਦੀ ਇੱਕ ਲਿੰਕ ਰੋਡ ’ਤੇ ਹੈ। ਚੌਥੀ ਜਮਾਤ ਤਕ ਪੜ੍ਹਾਈ ਉਸ ਨੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਕੀਤੀ, ਜਿਸਦੀਆਂ ਕਲਾਸਾਂ ਨੌਗੱਜੇ ਪੀਰ ਦੀ ਕਬਰ ਦੇ ਆਲੇ-ਦੁਆਲੇ ਬੜੀਆਂ ਹੋਰ ਕਬਰਾਂ ਦੇ ਨੇੜੇ ਲੱਗਦੀਆਂ ਸਨ ਅਤੇ ਉਹ ਪੜ੍ਹਾਈ ਆਪਣੇ ਨਾਲ ਘਰੋਂ ਰੋਜ਼ ਲਿਆਂਦੇ ਜਾਣ ਵਾਲੇ ਤੱਪੜਾਂ ’ਤੇ ਬੈਠ ਕੇ ਕਰਦੇ ਸਨ। ਪੰਜਵੀਂ ਵਿੱਚ ਪੜ੍ਹਦਿਆਂ ਪਿੰਡ ਵਿੱਚ ਪ੍ਰਾਇਮਰੀ ਸਕੂਲ ਦੀ ਇਮਾਰਤ ਬਣ ਗਈ ਅਤੇ ਪੰਜਵੀਂ ਵਿੱਚ ਇੱਥੇ ਆ ਕੇ ਉਨ੍ਹਾਂ ਨੂੰ ਸਕੂਲ ਵਿੱਚ ਛੋਟੇ-ਛੋਟੇ ਬੈਂਚ ਮਿਲ ਗਏ। ਅੱਠਵੀਂ ਤਕ ਪੜ੍ਹਾਈ ਸਰਕਾਰੀ ਮਿਡਲ ਸਕੂਲ ਰਾਏਪੁਰ-ਰਸੂਲਪੁਰ ਵਿੱਚ ਕੀਤੀ ਅਤੇ ਮੈਟ੍ਰਿਕ ਨਾਨਕੇ ਪਿੰਡ ਗਿੱਲਾਂ ਵਿੱਚ ਰਹਿ ਕੇ ਖਾਲਸਾ ਹਾਈ ਸਕੂਲ ਖਹਿਰਾ ਮੱਝਾਂ ਤੋਂ ਕੀਤੀ, ਜਿੱਥੇ ਉਸਦੇ ਸਕੇ ਮਾਮਾ ਜੀ ਸ. ਵਤਨ ਸਿੰਘ ਗਿੱਲ ਹੈੱਡਮਾਸਟਰ ਸਨ, ਜੋ ਸ਼ੌਕੀਆ ਤੌਰ ’ਤੇ 100 ਮੀਟਰ, 200 ਮੀਟਰ, 400 ਮੀਟਰ ਆਦਿ ਵਿੱਚ ਹਿੱਸਾ ਲੈਂਦੇ ਸਨ। ਉਨ੍ਹਾਂ ਦਾ ਇਹ ਸ਼ੌਕ ਸੇਵਾ-ਮੁਕਤੀ ਤੋਂ ਬਾਅਦ ਕੈਨੇਡਾ ਆ ਕੇ ਵੀ ਬਰਕਰਾਰ ਰਿਹਾ ਅਤੇ ਉਨ੍ਹਾਂ ਨੇ 91 ਸਾਲ ਦੀ ਉਮਰ ਵਿੱਚ ਨੌਰਥ ਯੂਨੀਵਰਸਿਟੀ ਸਟੇਡੀਅਮ ਵਿੱਚ 28 ਤੇ 29 ਜੁਲਾਈ 2018 ਨੂੰ ਹੋਈ ‘ਓਨਟਾਰੀਓ ਮਾਸਟਰਜ਼ ਅਥਲੈਟਿਕਸ ਆਊਟਡੋਰ ਚੈਂਪੀਅਨਸ਼ਿਪ’ ਵਿੱਚ 400 ਮੀਟਰ ਤੇ 800 ਮੀਟਰ ਦੌੜ ਕ੍ਰਮਵਾਰ 2 ਮਿੰਟ 27 ਮਿੰਟ ਤੇ 6 ਮਿੰਟ 6 ਸਕਿੰਟ ਵਿੱਚ ਦੌੜ ਕੇ ਗੋਲਡ ਮੈਡਲ ਪ੍ਰਾਪਤ ਕਰਕੇ ਰਿਕਾਰਡ ਕਾਇਮ ਕੀਤਾ। ਇਸੇ ਤਰ੍ਹਾਂ ਉਨ੍ਹਾਂ ਨੇ 6.40 ਮੀਟਰ ਗੋਲਾ ਸੁੱਟਣ (ਸ਼ੌਰਟ-ਪੁੱਟ) ਵਿੱਚ ਵੀ ਗੋਲਡ ਮੈਡਲ ਨਾਲ ਰਿਕਾਰਡ ਬਣਾਇਆ। ਅਗਲੇ ਸਾਲ 22 ਅਤੇ 23 ਜੂਨ ਨੂੰ ਹੋਈ ਇਸੇ ਹੀ ਚੈਂਪੀਅਨਸ਼ਿੱਪ ਵਿੱਚ ਉਨ੍ਹਾਂ ਦੌੜਾਂ ਵਿੱਚ ਨਾ ਕੇਵਲ ਆਪਣੀਆਂ ਇਹ ਪੋਜ਼ੀਸ਼ਨਾਂ ਹੀ ਕਾਇਮ ਰੱਖੀਆਂ ਸਗੋਂ 100 ਮੀਟਰ ਤੇ 200 ਮੀਟਰ ਦੀ ਦੌੜ ਵਿੱਚ ਵੀ ਗੋਲਡ ਮੈਡਲ ਪ੍ਰਾਪਤ ਕੀਤੇ। ਸਕੂਲ ਵਿੱਚ ਪੜ੍ਹਦਿਆਂ ਦੌੜਾਂ ਵਿੱਚ ਹਿੱਸਾ ਲੈਣ ਦੀ ਪ੍ਰੇਰਨਾ ਸੁਰਿੰਦਰ ਸਿੰਘ ਨੂੰ ਆਪਣੇ ਮਾਮਾ ਜੀ ਕੋਲੋਂ ਹੀ ਮਿਲੀ।
ਅਗਲੇਰੀ ਪੜ੍ਹਾਈ ਲਈ ਬੀ.ਏ. ਤਕ ਪਹੁੰਚਦਿਆਂ ਸੁਰਿੰਦਰ ਨੇ ਤਿੰਨ ਕਾਲਜ ਬਦਲੇ। ਉਨ੍ਹਾਂ ਦਿਨਾਂ ਵਿੱਚ ਚਲਦੀ ‘ਪਰੈੱਪ’ (ਪ੍ਰੀ-ਯੂਨੀਵਰਸਿਟੀ) ਤੇ ਬੀ.ਏ. (ਭਾਗ ਪਹਿਲਾ) ਦੀਆਂ ਦੋ ਕਲਾਸਾਂ ਦੋਆਬਾ ਕਾਲਜ ਜਲੰਧਰ ਤੋਂ ਕੀਤੀਆਂ। ਵਧੀਆ ਅਥਲੀਟ ਅਤੇ ਕਬੱਡੀ ਦਾ ਖਿਡਾਰੀ ਹੋਣ ਕਾਰਨ ਬੀ.ਏ. ਦੇ ਦੂਸਰੇ ਭਾਗ ਲਈ ਲਾਇਲਪੁਰ ਖਾਲਸਾ ਕਾਲਜ ਵਾਲੇ ਉਸ ਨੂੰ ਆਪਣੇ ਵੱਲ ਖਿੱਚ ਕੇ ਲੈ ਗਏ। ਇੱਥੇ ਦੌੜਾਂ ਅਤੇ ਕਬੱਡੀ ਵਿੱਚ ਤਾਂ ਉਸ ਦਾ ਨਾਂ ਤਾਂ ਬਥੇਰਾ ਚਮਕਿਆ ਪਰ ਪੜ੍ਹਾਈ ਵੱਲੋਂ ਉਹ ‘ਫਾਡੀ’ ਰਹਿ ਗਿਆ ਤੇ ਫੇਲ ਹੋ ਗਿਆ। ਫਿਰ ਬੀ.ਏ. ਦਾ ਦੂਸਰਾ ਤੇ ਤੀਸਰਾ ਭਾਗ ਜਨਤਾ ਕਾਲਜ ਕਰਤਾਰਪੁਰ ਤੋਂ ਪਾਸ ਕਰਕੇ ਉੱਥੋਂ ਹੀ ‘ਗਰੈਜੂਏਟ’ ਬਣਿਆ। ਖੇਡਾਂ ਦੇ ਨਾਲ ਨਾਲ ਇੱਥੇ ਵੇਟ-ਲਿਫਟਿੰਗ ਵੀ ਕੀਤੀ ਅਤੇ ਭੰਗੜੇ ਦੀ ਟੀਮ ਵਿੱਚ ਵੀ ਭਾਗ ਲਿਆ। ਪੜ੍ਹਾਈ ਤੋਂ ਬਾਅਦ ਬਾਪ ਦੇ ਨਾਲ ਵਾਹੀ-ਖੇਤੀ ਵਿੱਚ ਹੱਥ ਵਟਾਇਆ ਅਤੇ ਕੁਝ ਸਮਾਂ ਇੱਕ ਇਨਸ਼ੋਰੈਂਸ ਕੰਪਨੀ ਨਾਲ ਵੀ ਕੰਮ ਕੀਤਾ।
ਕੈਨੇਡਾ ਸੁਰਿੰਦਰ ਨਾਗਰਾ ਮੈਰਿਜ-ਬੇਸ ’ਤੇ ਆਇਆ। ਉਸਦਾ ਵਿਆਹ 1980 ਵਿੱਚ ਹੋਇਆ ਅਤੇ ਉਨ੍ਹਾਂ ਦੇ ਘਰ ਵੱਡੀ ਬੇਟੀ ਬਲਦੀਪ ਕੌਰ 1982 ਵਿੱਚ ਪੈਦਾ ਹੋਈ ਤੇ ਛੋਟੀ ਰਮਨੀਕ ਕੌਰ ਨੇ 1983 ਵਿੱਚ ਜਨਮ ਲਿਆ। ਇਹ ਵਿਵਾਹਿਤ-ਜੀਵਨ ਕੁਝ ਸਾਲ ਤਾਂ ਵਧੀਆ ਰਿਹਾ ਪਰ ਕੁਝ ਅਣਕਿਆਸੇ ਕਾਰਨਾਂ ਕਰਕੇ ਇਹ ਬਹੁਤਾ ਲੰਮਾ ਨਾ ਚੱਲ ਸਕਿਆ ਅਤੇ 1991 ਵਿੱਚ ਪਤਨੀ ਨਾਲ ‘ਤੋੜ-ਵਿਛੋੜਾ’ ਹੋਣ ਤੋਂ ਬਾਅਦ ਨਿਰਾਸ਼ ਹੋ ਕੇ ਉਹ ਕੈਨੇਡਾ ਤੋਂ ਆਪਣੀਆਂ ਦੋਹਾਂ ਬੇਟੀਆਂ ਨੂੰ ਨਾਲ ਲੈ ਕੇ 1991 ਵਿੱਚ ਪੰਜਾਬ ਵਾਪਸ ਚਲਾ ਗਿਆ। ਇਸ ਤੋਂ ਪਹਿਲਾਂ ਉਸ ਨੇ ਦੋ ਫੈਕਟਰੀਆਂ ‘ਡਿਸਟ ਬਰੇਕਸ ਰੋਟਰ’ ਤੇ ‘ਮੈਕ ਸਟੀਲ’ ਵਿੱਚ ਕਈ ਸਾਲ ਕੰਮ ਕੀਤਾ। ਫਿਰ ਇੱਕ ਭਾਈਵਾਲ ਦੇ ਨਾਲ ਮਿਲਕੇ ਗੈਸ-ਸਟੇਸ਼ਨ ਲੀਜ਼ ’ਤੇ ਲੈ ਲਿਆ। ਗੱਲ ਕੀ, ਰੋਜ਼ੀ-ਰੋਟੀ ਲਈ ਬਹੁਤ ਸਾਰੇ ਪਰਵਾਸੀਆਂ ਵਾਂਗ ਉਸ ਨੂੰ ਵੀ ਇੱਥੇ ਕਈ ਪਾਪੜ ਵੇਲਣੇ ਪਏ।
ਗ੍ਰਹਿਸਤ ਦੀ ਗੱਡੀ ਮੁੜ ਲੀਹੇ ਪੈਣ ਬਾਰੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਉਸ ਦੀ ਦੂਸਰੀ ਸ਼ਾਦੀ ਬੀਬੀ ਦਵਿੰਦਰ ਕੌਰ ਨਾਲ 1993 ਵਿੱਚ ਹੋਈ ਅਤੇ ਉਨ੍ਹਾਂ ਦੇ ਘਰ 1994 ਵਿੱਚ ਬੇਟੀ ਲਵਪ੍ਰੀਤ ਕੌਰ ਤੇ 1996 ਵਿੱਚ ਬੇਟੇ ਉਂਕਾਰ ਸਿੰਘ ਨੇ ਜਨਮ ਲਿਆ। ਇਸ ਬੀਬੀ ਦਾ ਸੁਭਾਅ ਬਹੁਤ ਨਿੱਘਾ, ਮਿਲਵਰਤਣ ਵਾਲਾ ਅਤੇ ਇਨਸਾਨੀ ਕਦਰਾਂ-ਕੀਮਤਾਂ ਤੇ ਪਰਿਵਾਰਿਕ ਸੰਸਕਾਰਾਂ ਨਾਲ ਲਬਰੇਜ਼ ਸੀ। ਉਹ ਜਲਦੀ ਹੀ ਪਰਿਵਾਰ ਵਿੱਚ ਘੁਲ-ਮਿਲ ਗਈ ਅਤੇ ਉਸ ਨੇ ਸੁਰਿੰਦਰ ਨਾਗਰਾ ਦੀ ਪਹਿਲੀ ਪਤਨੀ ਦੀਆਂ ਬੱਚੀਆਂ ਦੀ ਆਪਣੇ ਬੱਚਿਆਂ ਵਾਂਗ ਹੀ ਬੜੇ ਪ੍ਰੇਮ-ਪਿਆਰ ਨਾਲ ਪ੍ਰਵਰਿਸ਼ ਕੀਤੀ। ਉਨ੍ਹਾਂ ਨੂੰ ਪੂਰਾ ਲਾਡ-ਪਿਆਰ ਦਿੱਤਾ, ਪੜ੍ਹਾਇਆ ਲਿਖਾਇਆ ਅਤੇ ਕਦੇ ਵੀ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਉਨ੍ਹਾਂ ਦੇ ਜਵਾਨ ਹੋਣ ’ਤੇ ਆਪਣੇ ਪਤੀ ਪ੍ਰਮੇਸ਼ਰ ਦੇ ਮਸ਼ਵਰੇ ਤੇ ਸਹਿਯੋਗ ਨਾਲ ਦੋਹਾਂ ਬੇਟੀਆਂ ਦੀ ਸ਼ਾਦੀ ਬੜੇ ਵਧੀਆ ਪਰਿਵਾਰਾਂ ਵਿੱਚ ਕੀਤੀ ਅਤੇ ਉਹ ਹੁਣ ਆਪਣੇ ਘਰੀਂ ਬੜੇ ਖੁਸ਼ੀ-ਖੁਸ਼ਹਾਲੀਂ ਵਸ ਰਹੀਆਂ ਹਨ।
ਟੈਕਸੀ ਚਲਾਉਣ ਦਾ ਕੰਮ ਸੁਰਿੰਦਰ ਨਾਗਰਾ ਨੇ ਫੈਕਟਰੀਆਂ ਦੇ ਕੰਮਾਂ ਦੇ ਨਾਲ ‘ਪਾਰਟ-ਟਾਈਮ’ ਵਜੋਂ ਕੀਤਾ। ਟੀਪੀਏਆਰ ਕਲੱਬ ਨਾਲ ਸੰਬੰਧ ਜੁੜਨ ਬਾਰੇ ਉਸ ਨੇ ਦੱਸਿਆ ਕਿ ਇਸਦਾ ਸਬੱਬ ਕਬੱਡੀ ਦੇ ਮਸ਼ਹੂਰ ਖਿਡਾਰੀ ਪਰਮਿੰਦਰ ਗਿੱਲ ਰਾਹੀਂ ਬਣਿਆ ਜਦੋਂ 2018 ਵਿੱਚ ਪਰਮਿੰਦਰ ਗਿੱਲ ਤੇ ਉਹ ਡਿਕਸੀ ਗੁਰੂਘਰ ਵਿਖੇ ‘ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ’ ਵੱਲੋਂ ਕਰਵਾਏ ਗਏ ‘ਇੰਸਪੀਰੇਸ਼ਨਲ ਸਟੈੱਪਸ-2018 ਵਿੱਚ ਇਕੱਠੇ ਦੌੜੇ। ਛੋਟੀਆਂ ਦੌੜਾਂ ਦਾ ਤੇਜ਼-ਦੌੜਾਕ ਹੋਣ ਕਾਰਨ ਪਰਮਿੰਦਰ ਨੇ ਉਸ ਨੂੰ ਟੀਪੀਏਆਰ ਕਲੱਬ ਅਤੇ ਇਸਦੇ ਚੇਅਰ ਪਰਸਨ ਸੰਧੂਰਾ ਸਿੰਘ ਬਰਾੜ ਬਾਰੇ ਦੱਸ ਪਾਈ ਅਤੇ ਨਾਲ ਇਹ ਵੀ ਕਿਹਾ ਕਿ ਇਸ ਕਲੱਬ ਵਿੱਚ ਸ਼ਾਮਲ ਹੋ ਕੇ ਉਹ ਆਪਣੀਆਂ ਦੌੜਾਂ ਵਿੱਚ ਹੋਰ ਨਿਖ਼ਾਰ ਲਿਆ ਸਕਦਾ ਹੈ ਅਤੇ ਇਹ ਇੰਜ ਹੋਇਆ ਵੀ। ਸੀ.ਐੱਨ ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦੇ ਈਵੈਂਟ ਵਿੱਚ ਉਸ ਨੇ ਪਹਿਲੀ ਵਾਰ ਅਪਰੈਲ 2019 ਵਿੱਚ ਹਿੱਸਾ ਲਿਆ। ਇਸਦੇ ਬਾਰੇ ਉਸ ਨੂੰ ਜਗਦੀਸ਼ ਗਰੇਵਾਲ ਦੇ ਰੇਡੀਓ ਪ੍ਰੋਗਰਾਮ-530 ਰਾਹੀਂ ਲੱਗਿਆ ਕਿ ਇੱਥੇ ਟੋਰਾਂਟੋ ਵਿੱਚ ਪੌੜੀਆਂ ਚੜ੍ਹਨ ਦਾ ਇਹ ਈਵੈਂਟ ਵੀ ਕਰਵਾਇਆ ਜਾਂਦਾ ਹੈ।
ਦੌੜਾਂ ਦੇ ਖ਼ੇਤਰ ਵਿੱਚ ਆਪਣੀਆਂ ਪ੍ਰਾਪਤੀਆਂ ਬਾਰੇ ਗੱਲ ਕਰਦਿਆਂ ਸੁਰਿੰਦਰ ਨਾਗਰਾ ਨੇ ਦੱਸਿਆ ਕਿ 12 ਕਿਲੋਮੀਟਰ ਦੌੜ ਉਸ ਨੇ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ਕਰਵਾਏ ਗਏ ‘ਇਨਸਪੀਰੇਸ਼ਨਲ ਸਟੈੱਪਸ-2018’ ਈਵੈਂਟ ਵਿੱਚ ਲਾਈ। ਅਗਲੇ ਸਾਲ 2019 ਵਿੱਚ ਫਿਰ ਉਸਨੇ ਇਸ ਈਵੈਂਟ ਵਿੱਚ ਭਾਗ ਲਿਆ। ਦੁਨੀਆਂ-ਭਰ ਵਿੱਚ ‘ਕਰੋਨਾ ਮਹਾਂਮਾਰੀ’ ਦੇ ਫੈਲ ਜਾਣ ਕਾਰਨ 2020 ਤੇ 2021 ਵਿੱਚ ਦੋ ਸਾਲ ਇਹ ਈਵੈਂਟ ਨਾ ਕਰਵਾਇਆ ਜਾ ਸਕਿਆ ਅਤੇ 2022 ਵਿੱਚ ਉਸਨੇ ਤੀਸਰੀ ਵਾਰੀ ਇਸ ਈਵੈਂਟ ਵਿੱਚ ਹਿੱਸਾ ਲਿਆ। ਉਸ ਤੋਂ ਬਾਅਦ ਲਗਾਤਾਰ ਉਹ ਇਸ ਵਿੱਚ ਅਤੇ ਦੌੜਾਂ ਦੇ ਹੋਰਨਾਂ ਈਵੈਂਟਾਂ ਵਿੱਚ ਟੀਪੀਏਆਰ ਕਲੱਬ ਦੇ ਮੈਂਬਰ ਵਜੋਂ ਬੜੇ ਉਤਸ਼ਾਹ ਨਾਲ ਭਾਗ ਲੈਂ ਰਿਹਾ ਹੈ। 5 ਕਿਲੋਮੀਟਰ ਦੌੜਾਂ ਤਾਂ ਉਸ ਨੇ ਬਹੁਤ ਲਾਈਆਂ ਹਨ ਅਤੇ ਕਈ ਮੈਡਲ ਪ੍ਰਾਪਤ ਕੀਤੇ ਹਨ। ਇਨ੍ਹਾਂ ਦੇ ਨਾਲ-ਨਾਲ ਉਹ ਛੋਟੀਆਂ 100 ਮੀਟਰ, 200 ਮੀਟਰ, 400 ਮੀਟਰ ਤੇ ਇੱਕ ਕਿਲੋਮੀਟਰ ਮੁਕਾਬਲੇ ਵਾਲੀਆਂ ਦੌੜਾਂ ਵਿੱਚ ਵੀ ਭਾਗ ਲੈਂਦਾ ਹੈ।
5 ਕਿਲੋਮੀਟਰ ਦੀ ਦੌੜ ਵਿੱਚ ਆਪਣੇ ਉਮਰ-ਵਰਗ ਵਿੱਚ ਉਹ ਛੇ ਵਾਰ ਪਹਿਲੇ ਨੰਬਰ ’ਤੇ ਆਇਆ ਹੈ ਅਤੇ ਇਸ ਵਿੱਚ ਆਪਣਾ ਸਭ ਤੋਂ ਵਧੀਆ ਟਾਈਮ 70-74 ਸਾਲ ਦੇ ਉਮਰ-ਵਰਗ ਵਿੱਚ 4 ਮਈ 2025 ਨੂੰ ‘ਜੌਰਜਿਨਾ ਸਪਰਿੰਗ ਫਲਿੰਗ’ ਵਿੱਚ ਦੂਸਰੇ ਨੰਬਰ ’ਤੇ ਰਹਿ ਕੇ 27 ਮਿੰਟ 9 ਸਕਿੰਟ ਦਾ ਹੈ। 25 ਮਈ 2025 ਨੂੰ ਹੋਈ ‘ਟੋਰਾਂਟੋ ਮੈਰਾਥਨ’ ਵਿੱਚ ਦੌੜਦਿਆਂ ਹੋਇਆਂ ਇਸ ਉਮਰ-ਵਰਗ ਵਿੱਚ ਉਹ 27 ਮਿੰਟ 39 ਸਕਿੰਟ ਦੇ ਸਮੇਂ ਨਾਲ ਪਹਿਲੇ ਨੰਬਰ ’ਤੇ ਆਇਆ।
ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨ ਵਿੱਚ ਉਸ ਨੇ 13 ਅਪਰੈਲ 2019, 15 ਅਪਰੈਲ 2023, 21 ਅਕਤੂਬਰ 2023, 20 ਅਪਰੈਲ 2024 ਅਤੇ 5 ਅਪਰੈਲ 2025 ਨੂੰ ਪੰਜ ਵਾਰ ਭਾਗ ਲਿਆ ਹੈ। ਇਸ ਵਿੱਚ ਅਪਰੈਲ 2019 ਦਾ ਈਵੈਂਟ ਉਸਨੇ 19 ਮਿੰਟ 48 ਸਕਿੰਟ ਵਿੱਚ ਸੰਪੰਨ ਕੀਤਾ ਅਤੇ ਅਕਤੂਬਰ 2023 ਵਾਲੇ ਈਵੈਂਟ ਲਈ ਉਸਦਾ ਸਮਾਂ 18 ਮਿੰਟ 25 ਸਕਿੰਟ ਸੀ। ਅਪਰੈਲ 2024 ਵਿੱਚ ਉਸ ਨੇ ਇਹ ਈਵੈਂਟ 18 ਮਿੰਟ 12 ਸਕਿੰਟ ਵਿੱਚ ਸਫ਼ਲਤਾ ਪੂਰਵਕ ਪੂਰਾ ਕੀਤਾ। ਇੱਥੋਂ ਇਹ ਸਾਬਤ ਹੁੰਦਾ ਹੈ ਕਿ ਸਮੇਂ ਨਾਲ ਉਮਰ ਵਿੱਚ ਹੋਏ ਵਾਧੇ ਦੇ ਨਾਲ ਸੁਰਿੰਦਰ ਨਾਗਰਾ ਨੇ ਇਸ ਈਵੈਂਟ ਲਈ ਆਪਣਾ ਸਮਾਂ ਕਾਫ਼ੀ ਘਟਾਇਆ ਹੈ ਅਤੇ ਇਹ ਉਸ ਦੀ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ।
ਆਪਣੇ ਬੱਚਿਆਂ ਦੇ ਖੇਡਾਂ ਵਿੱਚ ਸ਼ੌਕ ਬਾਰੇ ਉਸ ਨੇ ਦੱਸਿਆ ਕਿ ਉਸ ਦਾ ਬੇਟਾ ਉਂਕਾਰ ਨਾਗਰਾ ਸੌਕਰ, ਫੁੱਟਬਾਲ, ਕਿੱਕ-ਬੌਕਸਿੰਗ ਅਤੇ ਭੰਗੜੇ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲੈਂਦਾ ਹੈ। ਬੇਟੀ ਰਮਨੀਕ ਕੌਰ ਨੇ 5 ਕਿਲੋਮੀਟਰ ਦੌੜ ਵਿੱਚ ਹੁਣ ਤੀਕ ਤਿੰਨ ਵਾਰ ਭਾਗ ਲਿਆ ਹੈ ਅਤੇ ਉਹ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨ ਵਾਲੇ ਈਵੈਂਟ ਵਿੱਚ ਵੀ ਬੜੇ ਸ਼ੌਕ ਨਾਲ ਹਿੱਸਾ ਲੈਂਦੀ ਹੈ। ਛੋਟੀ ਬੇਟੀ ਲਵਪ੍ਰੀਤ ਕੌਰ ਵੀ ਭੰਗੜਾ ਅਤੇ ਬਾਸਕਟਬਾਲ ਦੀ ਗੇਮ ਵਿੱਚ ਬੜੇ ਸ਼ੌਕ ਨਾਲ ਹਿੱਸਾ ਲੈਂਦੀ ਹੈ।
ਵਿਹਲੇ ਸਮੇਂ ਦੇ ਆਪਣੇ ਸ਼ੁਗਲ ਬਾਰੇ ਗੱਲ ਕਰਦਿਆਂ ਸੁਰਿੰਦਰ ਨਾਗਰਾ ਨੇ ਦੱਸਿਆ ਕਿ ਉਹ ਘਰੇਲੂ ਬਗੀਚੀ ਨੂੰ ਸ਼ਿੰਗਾਰੀ ਰੱਖਣ ਵਿੱਚ ਪੂਰੀ ਦਿਲਚਸਪੀ ਲੈਂਦਾ ਹੈ। ਇਸ ਤੋਂ ਇਲਾਵਾ ਉਸ ਨੂੰ ਆਪਣੀ ਲੋੜ ਅਨੁਸਾਰ ਖਾਣੇ ਦੀਆਂ ਕਈ ਆਈਟਮਾਂ ਬਣਾਉਣ ਦਾ ਵੀ ਪੂਰਾ ਵੱਲ ਹੈ ਅਤੇ ਉਹ ਗਾਹੇ-ਬਗਾਹੇ ਰਸੋਈ ਵਿੱਚ ਆਪਣੀ ਪਤਨੀ ਦੀ ਵੀ ਸਹਾਇਤਾ ਕਰਦਾ ਹੈ। ਉਸ ਦੀ ਪਤਨੀ ਇੱਕ ਬੜੀ ਵਧੀਆ ‘ਕੁੱਕ’ ਹੈ ਅਤੇ ਬੜੇ ਸੁਆਦਲੇ ਪਕਵਾਨ ਤਿਆਰ ਕਰਦੀ ਹੈ। ਸੁਰਿੰਦਰ ਨਾਗਰਾ ਦੀ ਚੰਗੀ ਤੇ ਤੰਦਰੁਸਤ ਸਿਹਤ ਦਾ ਇਹ ਵੀ ਵੱਡਾ ਕਾਰਨ ਹੈ। ਇਸਦੇ ਨਾਲ ਹੀ ਉਹ ਸੁਰਿੰਦਰ ਨੂੰ ਦੌੜਾਂ ਦੇ ਵੱਖ-ਵੱਖ ਈਵੈਂਟਸ ਵਿੱਚ ਭਾਗ ਲੈਣ ਦੀ ਪ੍ਰੇਰਨਾ ਕਰਦੀ ਰਹਿੰਦੀ ਹੈ ਅਤੇ ਕਈ ਵਾਰ ਆਪ ਵੀ ਉਸਦੇ ਨਾਲ ਇਨ੍ਹਾਂ ਦੌੜਾਂ ਵਿੱਚ ਭਾਗ ਲੈਂਦੀ ਹੈ। ਘਰ ਵਿੱਚ ਉਹ ਸੁਰਿੰਦਰ ਦੇ ਮਾਤਾ ਜੀ ਗੁਰਬਚਨ ਕੌਰ, ਜੋ ਇਸ ਸਮੇਂ ਉਮਰ ਵਿੱਚ 100 ਸਾਲ ਤੋਂ ਉੱਪਰ ਹਨ, ਦੀ ਸੇਵਾ-ਸੰਭਾਲ ਵੱਲ ਵੀ ਪੂਰਾ ਧਿਆਨ ਦਿੰਦੀ ਹੈ।
ਪਤਲੇ ਜਿਹੇ ਛੀਟਕੇ ਸਰੀਰ ਦੇ ਮਾਲਕ ਸੁਰਿੰਦਰ ਨਾਗਰਾ ਦਾ ਭਾਰ ਪਿਛਲੇ ਪੰਜ-ਛੇ ਸਾਲਾਂ ਤੋਂ 165 ਪੌਂਡ (74.8 ਕਿਲੋਗ੍ਰਾਮ) ’ਤੇ ਟਿਕਿਆ ਹੋਇਆ ਹੈ। ਇਹ ਨਾ ਹੀ ਵਧਿਆ ਹੈ ਤੇ ਨਾ ਹੀ ਘਟਿਆ ਹੈ। ਇਸਦਾ ਕਾਰਨ ਪੌਸ਼ਟਿਕ ਖੁਰਾਕ ਖਾਣ ਦੇ ਨਾਲ ਨਾਲ ਉਸਦੇ ਵੱਲੋਂ ਜਿੰਮ ਵਿੱਚ ਨੇਮ ਨਾਲ ਕੀਤੀ ਜਾਂਦੀ ਕਸਰਤ ਹੈ। ਹੁਣ ਤੀਕ ਦੀਆਂ ਆਪਣੀਆਂ ਤਮਾਮ ਪ੍ਰਾਪਤੀਆਂ ਦਾ ਸਿਹਰਾ ਉਹ ਪ੍ਰਮਾਤਮਾ ਦੀ ਬਖ਼ਸ਼ਿਸ਼ ਨੂੰ ਦਿੰਦਾ ਹੈ, ਜਿਸਦੀ ਕਿਰਪਾ ਨਾਲ ਉਸ ਦੀ ਸਿਹਤ ਆਮ ਤੌਰ ’ਤੇ ਅਰੋਗ ਤੇ ਤੰਦਰੁਸਤ ਰਹਿੰਦੀ ਹੈ। ਤਾਂ ਹੀ ਉਹ ਵੱਖ-ਵੱਖ ਦੌੜਾਂ ਅਤੇ ਸੀ.ਐੱਨ. ਟਾਵਰ ਦੀਆਂ ਪੌੜੀਆਂ ਚੜ੍ਹਨ ਦੇ ਈਵੈਂਟਾਂ ਵਿੱਚ ਭਾਗ ਲੈਣ ਦੇ ਯੋਗ ਹੁੰਦਾ ਹੈ।
ਦੁਨਿਆਵੀ ‘ਮਾਇਆ’ ਬਾਰੇ ਉਸਦੇ ਵਿਚਾਰ ਪੁੱਛਣ ’ਤੇ ਸੁਰਿੰਦਰ ਨਾਗਰਾ ਨੇ ਕਿਹਾ ਕਿ ਇਹ ਠੀਕ ਹੈ ਕਿ ਇਸ ਸੰਸਾਰ ਵਿੱਚ ਮਾਇਆ ਦੀ ਬੜੀ ਅਹਿਮੀਅਤ ਹੈ ਅਤੇ ਇਸ ਤੋਂ ਬਿਨਾਂ ਜੀਵਨ ਦੀ ਗੱਡੀ ਨੂੰ ਅੱਗੇ ਤੋਰਨਾ ਬੜਾ ਮੁਸ਼ਕਿਲ ਹੈ ਪਰ ਇਹ ‘ਮਾਇਆ’ ਜੀਵਨ ਵਿੱਚ ਸਭ ਕੁਝ ਨਹੀਂ ਹੈ। ਜੀਵਨ ਦੌਰਾਨ ਲੋੜ ਤੋਂ ਵਧੇਰੇ ਪ੍ਰਾਪਤ ਹੋਈ ਮਾਇਆ ਮਨੁੱਖ ਦਾ ਦਿਮਾਗ਼ ਖਰਾਬ ਕਰ ਦਿੰਦੀ ਹੈ ਅਤੇ ਉਸ ਦਾ ਧਿਆਨ ਕਈ ਤਰ੍ਹਾਂ ਦੇ ਵਿਸ਼ੇ-ਵਕਾਰਾਂ ਵੱਲ ਖਿੱਚਿਆ ਜਾਂਦਾ ਹੈ। ਜੀਵਨ ਵਿੱਚ ਚੰਗੇ ਗੁਜ਼ਰਾਨ ਲਈ ਤਾਂ ਮਾਇਆ ਜ਼ਰੂਰੀ ਹੈ ਪਰ ਇਨਸਾਨ ਇਸਦਾ ਗ਼ੁਲਾਮ ਨਹੀਂ ਹੋਣਾ ਚਾਹੀਦਾ। ਉਸਦੇ ਅਨੁਸਾਰ ਮਨੁੱਖ ਲਈ ਸਿਹਤ ਨੰਬਰ ਇੱਕ ’ਤੇ ਹੈ ਅਤੇ ਮਾਇਆ ਦਾ ਨੰਬਰ ਦੂਸਰੇ ਨੰਬਰ ’ਤੇ ਆਉਂਦਾ ਹੈ। ਉਸ ਦਾ ਕਹਿਣਾ ਹੈ ਕਿ ਆਪਣੇ ਜੀਵਨ ਵਿੱਚ ਜਿੰਨਾ ਵੀ ਸਮਾਂ ਅਸੀਂ ਸਰੀਰਕ ਵਰਜਿਸ਼ ਨੂੰ ਦਿੰਦੇ ਹਾਂ, ਓਨਾ ਹੀ ਹਸਪਤਾਲ ਦੇ ਲਈ ਸਾਡਾ ਸਮਾਂ ਘਟਦਾ ਹੈ ਪਰ ਇਸਦੇ ਨਾਲ ਹੀ ਪ੍ਰਮਾਤਮਾ ਦੀ ਕਿਰਪਾ ਤੇ ਉਸਦੀ ਬਖ਼ਸ਼ਿਸ ਵੀ ਓਨੀ ਹੀ ਜ਼ਰੂਰੀ ਹੈ।
ਸੁਰਿੰਦਰ ਨਾਗਰਾ ਆਪਣੇ ਜੀਵਨ ਉਦੇਸ਼ ਵੱਲ ਬੜੇ ਵਧੀਆ ਤਰ੍ਹਾਂ ਵਧ ਰਿਹਾ ਹੈ। ਉਸ ਦੀ ਇੱਛਾ ਦੌੜਾਂ ਅਤੇ ਸੀ.ਐੱਨ. ਟਾਵਰ ਦੀਅਂ ਪੌੜੀਆਂ ਚੜ੍ਹਨ ਦੇ ਈਵੈਂਟਾਂ ਵਿੱਚ ਆਪਣਾ ਸਮਾਂ ਹੋਰ ਘੱਟ ਕਰਕੇ ਰਿਕਾਰਡ ਕਾਇਮ ਕਰਨ ਦੀ ਹੈ। ਪ੍ਰਮਾਤਮਾ ਉਸ ਦੀ ਇਸ ਇੱਛਾ ਅਤੇ ਉਦੇਸ਼ ਦੀ ਪੂਰਤੀ ਲਈ ਉਸਦੇ ਸਿਰ ’ਤੇ ਆਪਣਾ ਮਿਹਰ ਭਰਿਆ ਹੱਥ ਰੱਖੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)