SukhdevSJhandDr7ਇਹ ਪੁਸਤਕ ਕੰਮਾਂ ਲੱਦੇ ਕੈਨੇਡੀਅਨ ਸਮਾਜ ਦਾ ਸ਼ੀਸ਼ਾ ਬਹੁਤ ਹੀ ਵਧੀਆ ਤਰ੍ਹਾਂ ਵਿਖਾਉਂਦੀ ...BaljitRandhawa
(4 ਦਸੰਬਰ 2024)


BaljitRandhawaBookLekhਬਲਜੀਤ ਰੰਧਾਵਾ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਲੇਖ ਨਹੀਂ ਜਾਣੇ ਨਾਲੇ’ ਕੈਨੇਡੀਅਨ ਸਮਾਜ ਦਾ ਸ਼ੀਸ਼ਾ ਹੈ ਤੇ ‘ਦਰਪਣ ਝੂਠ ਨਾ ਬੋਲੇ
।’ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾਉਹ ਓਹੀ ਤਸਵੀਰ ਪੇਸ਼ ਕਰਦਾ ਹੈ, ਜੋ ਕੁਝ ਉਸ ਦੇ ਸਾਹਮਣੇ ਹੁੰਦਾ ਹੈਬਿਲਕੁਲ ਉਸੇ ਤਰ੍ਹਾਂ ਹੀ ਬਲਜੀਤ ਰੰਧਾਵਾ ਦੀ ਇਹ ਹਥਲੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਕੈਨੇਡੀਅਨ ਸਮਾਜਿਕ ਜੀਵਨ ਦੀ ਤਸਵੀਰ ਹੂਬਹੂ ਪੇਸ਼ ਕਰਦੀ ਹੈਬਲਜੀਤ ਨੇ ਇੱਥੇ ਕੈਨੇਡਾ ਆ ਕੇ ਜੋ ਆਪਣੇ ਅੱਖੀਂ ਵੇਖਿਆ ਤੇ ਹੱਡੀਂ ਹੰਢਾਇਆ ਹੈ, ਉਹੀ ਪੰਜਾਬੀ ਪਾਠਕਾਂ ਦੇ ਸਾਹਮਣੇ ਰੱਖ ਦਿੱਤਾ ਹੈਉਸ ਨੇ ਇਸ ਵਿੱਚ ਰਤੀ-ਮਾਸਾ ਵੀ ਵਾਧ-ਘਾਟ ਨਹੀਂ ਕੀਤੀਇਹ ਉਸ ਦੀ ਲਿਖਤ ਦੀ ਖ਼ੂਬੀ ਹੀ ਕਹੀ ਜਾ ਸਕਦੀ ਹੈ ਕਿ ਉਸ ਨੇ ਕਿਸੇ ਗੱਲ ਜਾਂ ਘਟਨਾ ਨੂੰ ਵਧਾ-ਚੜ੍ਹਾ ਕੇ ਪੇਸ਼ ਨਹੀਂ ਕੀਤਾ ਅਤੇ ਨਾ ਹੀ ਕਿਸੇ ਦੀ ਬੇਲੋੜੀ ਨਿੰਦਾ ਕੀਤੀ ਹੈਅਲਬੱਤਾ! ਆਪਣੇ ਨਿਰਪੱਖ ਵਿਚਾਰ ਉਸ ਦੇ ਬਾਰੇ ਜ਼ਰੂਰ ਦਰਸਾਏ ਹਨ

ਉੱਘੇ ਪੰਜਾਬੀ ਲੇਖਕ ਡਾ. ਵਰਿਆਮ ਸਿੰਘ ਸੰਧੂ ਨੇ ਇਸ ਪੁਸਤਕ ਦੇ ‘ਮੁੱਖ-ਬੰਦ’ ਵਿੱਚ ਇਸ ਨੂੰ ਕੈਨੇਡਾ ਵਿੱਚ ਆਉਣ ਵਾਲਿਆਂ ਲਈ ‘ਬਾਲ-ਉਪਦੇਸ਼’ ਕਿਹਾ ਹੈਉਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ ਬਚਪਨ ਵਿੱਚ ‘ਬਾਲ-ਉਪਦੇਸ਼’ ਪੜ੍ਹਨ ਤੋਂ ਬਾਅਦ ਹੀ ਅੱਗੋਂ ਅਸਲੀ ਪੜ੍ਹਾਈ ਦਾ ਰਾਹ ਖੁੱਲ੍ਹਦਾ ਹੈ, ਕੈਨੇਡੀਅਨ ਜੀਵਨ ਨੂੰ ਵੱਡੇ ਪੱਧਰ ’ਤੇ ਸਮਝਣ ਲਈ ਇਹ ਲਿਖਤ ਪੰਜਾਬੀਆਂ ਲਈ ‘ਬਾਲ-ਉਪਦੇਸ਼’ ਦਾ ਕੰਮ ਕਰੇਗੀਮੇਰਾ ਵੀ ਇਹ ਮੰਨਣਾ ਹੈ ਕਿ ਕੈਨੇਡਾ ਆਉਣ ਵਾਲੇ ਪੰਜਾਬੀ ਇਸ ਪੁਸਤਕ ਤੋਂ ਕੈਨੇਡਾ ਦੇ ਬਾਰੇ ਅਤੇ ਕੈਨੇਡੀਅਨ ਜੀਵਨ ਬਾਰੇ ਬੜਾ ਕੁਝ ਸਿੱਖ ਸਕਣਗੇ ਤੇ ਸਮਝ ਸਕਣਗੇਕੈਨੇਡਾ ਬਾਰੇ ਜਾਣਨ ਲਈ ਇਹ ਪੁਸਤਕ ਉਨ੍ਹਾਂ ਦੀ ਵਧੀਆ ਅਗਵਾਈ ਕਰੇਗੀ

ਸ਼ੁਰੂਆਤੀ ਆਰਟੀਕਲ ‘ਖੁੱਲ੍ਹਾ ਡੁੱਲ੍ਹਾ ਮੁਲਕ ਕਨੇਡਾ’ ਵਿੱਚ ਬਲਜੀਤ ਨੇ ਕੈਨੇਡਾ ਦੇ ਇਤਿਹਾਸ, ਆਰੰਭ ਵਿੱਚ ਕੈਨੇਡਾ ਦੇ ਦੋ ਹੀ ਹਿੱਸਿਆਂ ‘ਅੱਪਰ ਕੈਨੇਡਾ’ ਤੇ ਲੋਅਰ ਕੈਨੇਡਾ’ ਬਾਰੇ ਜਾਣਕਾਰੀ ਦਿੱਤੀ ਹੈ ਫਿਰ ਇਸਦੇ ਵੱਖ-ਵੱਖ ਸੂਬਿਆਂ ਨੂੰ ਇਕੱਠਾ ਕਰਕੇ ਬਣਾਈ ਗਈ ‘ਕਨਫੈਡਰੇਸ਼ਨ’ ਅਤੇ ਅਖ਼ੀਰ ਕੈਨੇਡਾ ਦੇ ਮੁਲਕ ਬਣਨ ਦਾ ਬਾਖ਼ੂਬੀ ਜ਼ਿਕਰ ਕੀਤਾ ਹੈਉਹ ਇਸਦੇ ਆਵਾਜਾਈ ਦੇ ਵਧੀਆ ਸਾਧਨਾਂ ਤੇ ਸਿਸਟਮ ਦੀ ਗੱਲ ਕਰਦੀ ਹੈਉਹ ਕਹਿੰਦੀ ਹੈ ਕਿ ਇੱਥੇ ਕੈਨੇਡਾ ਵਿੱਚ ਕਾਨੂੰਨ ਦਾ ਰਾਜ ਹੈਲੋਕ ਕਾਨੂੰਨ ਨੂੰ ਮੰਨਦੇ ਹਨ ਅਤੇ ਉਨ੍ਹਾਂ ਵਿੱਚੋਂ ਬਹੁਤੇ ਇਸਦੀ ਪੂਰੀ ਪਾਲਣਾ ਕਰਦੇ ਹਨਵਿੱਚ ਵਿੱਚ ਕੋਈ ਮਾੜਾ ਅਨਸਰ ਵੀ ਹੋ ਸਕਦਾ ਹੈ ਪਰ ਬਹੁਤਾਤ ਇੱਥੇ ਕਾਨੂੰਨ ਅਨੁਸਾਰ ਚੱਲਣ ਵਾਲਿਆਂ ਦੀ ਹੀ ਹੈਮਾੜੇ ਅਨਸਰ ਨੂੰ ਸਿੱਧੇ ਰਾਹ ਪਾਉਣ ਲਈ ਕਾਨੂੰਨ ਦਾ ‘ਡੰਡਾ’ ਵੀ ਹੈ ਅਤੇ ਉਨ੍ਹਾਂ ਨੂੰ ਸੁਧਾਰਨ ਲਈ ‘ਸੁਧਾਰ-ਘਰ’ (ਜੇਲ੍ਹਾਂ) ਵੀ ਹਨਜੇਲ੍ਹਾਂ ਇੱਥੇ ਵਾਕਿਆ ਈ ‘ਸੁਧਾਰ-ਘਰ’ ਹਨਕੈਦੀਆਂ ਨੂੰ ਉੱਥੇ ਚੰਗਾ ਖਾਣਾ ਅਤੇ ਰਹਿਣ ਦੀਆਂ ਸਾਰੀਆਂ ਸਹੂਲਤਾਂ ਉਪਲਬਧ ਹਨ

ਕੈਨੇਡਾ ਦੇ ਇਤਿਹਾਸ ਨੂੰ ਫੋਲੀਏ ਤਾਂ ਪਤਾ ਲਗਦਾ ਹੈ ਕਿ ਇੱਥੋਂ ਦੇ ਪੁਰਾਣੇ ਵਸਨੀਕਾਂ, ਜਿਨ੍ਹਾਂ ਨੂੰ ‘ਇੰਡੀਅਨ’, ‘ਰੈੱਡ ਇੰਡੀਅਨ’, ‘ਇਨੁਅਟ’, ‘ਮੋਹੌਕ’, ‘ਐਬਰਿਜਨਲ’ ਆਦਿ ਨਾਂਵਾਂ ਨਾਲ ਜਾਣਿਆ ਜਾਂਦਾ ਹੈ, ਦੇ ਨਾਲ ਬੜੀਆਂ ਜ਼ਿਆਦਤੀਆਂ ਹੋਈਆਂਅੰਗਰੇਜ਼ਾਂ ਤੇ ਫਰਾਂਸੀਸੀਆਂ ਦੇ ਇੱਥੇ ਆਉਣ ’ਤੇ ਉਨ੍ਹਾਂ ਦੇ ਨਾਲ ਲੜ-ਭਿੜ ਕੇ ਉਨ੍ਹਾਂ ਨੂੰ ਕੈਨੇਡਾ ਦੇ ਉੱਤਰੀ ਭਾਗਾਂ ਵੱਲ ਧੱਕ ਦਿੱਤਾ ਗਿਆ, ਜਿੱਥੇ ਬਰਫ਼ ਵਧੇਰੇ ਪੈਂਦੀ ਹੈ ਅਤੇ ਠੰਢ ਬਹੁਤ ਜ਼ਿਆਦਾ ਹੈਕੁਝ ਕੁ ਲੋੜੀਂਦੀਆਂ ਅਤੀ-ਜ਼ਰੂਰੀ ਸਹੂਲਤਾਂ ਦੇ ਕੇ ਉਨ੍ਹਾਂ ਨੂੰ ਇੱਕ ਸੀਮਤ ਖਿੱਤੇ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ ਗਿਆਬੋਰਡਿੰਗ ਸਕੂਲਾਂ ਵਿੱਚ ਪੜ੍ਹਾਈ ਕਰਵਾਉਣ ਦੇ ਬਹਾਨੇ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਤੋਂ ਵੱਖ ਕਰ ਦਿੱਤਾ ਗਿਆ ਅਤੇ ਉਨ੍ਹਾਂ ਉੱਪਰ ਅਨੇਕਾਂ ਜ਼ੁਲਮ ਢਾਹੇ ਗਏ ਅਤੇ ਕਈ ਪ੍ਰਕਾਰ ਦੀਆਂ ਵਧੀਕੀਆਂ ਕੀਤੀਆਂ ਗਈਆਂਇਨ੍ਹਾਂ ਬੋਰਡਿੰਗ ਸਕੂਲਾਂ ਦੇ ਵਿਹੜਿਆਂ ਵਿਚਲੇ ਉੱਚੇ ਢੇਰਾਂ ਦੀ ਖੋਦਾਈ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ ਦੀਆਂ ਲਾਸ਼ਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਮਿਲੇ ਪਿੰਜਰ ਇਨ੍ਹਾਂ ਬੱਚਿਆਂ ’ਤੇ ਢਾਹੇ ਗਏ ਜ਼ੁਲਮ ਦੀ ਗਵਾਹੀ ਭਰਦੇ ਹਨਬਲਜੀਤ ਢਿੱਲੋਂ ਵੱਲੋਂ ਇਸ ਪੱਖ ਨੂੰ ਵੀ ਬਾਖ਼ੂਬੀ ਪੇਸ਼ ਕੀਤਾ ਗਿਆ ਹੈ

ਕੈਨੇਡਾ ਦੇ ਜੀਵਨ ਦੇ ਸਮਾਜਿਕ ਪੱਖ ਦਾ ਨਕਸ਼ਾ ਉਹ ਆਪਣੀ ਇਸ ਪੁਸਤਕ ਛੋਟੇ-ਛੋਟੇ ਆਰਟੀਕਲਾਂ ‘ਖ਼ਰਬੂਜ਼ੇ ਦਾ ਰੰਗ’ ਅਤੇ ‘ਇਸ਼ਕ ਨਾ ਪੁੱਛੇ ਜ਼ਾਤ’ ਵਿੱਚ ਬਾਖ਼ੂਬੀ ਚਿਤਰਦੀ ਹੈ, ਜਿਨ੍ਹਾਂ ਵਿੱਚ ਇੱਥੋਂ ਦੇ ‘ਖੁੱਲ੍ਹੇ-ਡੁੱਲ੍ਹੇ’ ਸਮਾਜਿਕ ਮਾਹੌਲ ਵਿੱਚ ਵਡੇਰੀ ਉਮਰ ਅਤੇ ਵੱਖੋ-ਵੱਖ ਜਾਤਾਂ ਦੇ ਵਿਅਕਤੀਆਂ ਵਿੱਚ ਇਸ਼ਕ ਹੋ ਜਾਂਦਾ ਹੈ ਇਸਦੀ ਉਦਾਹਰਣ ਵਜੋਂ ਉਹ ਇੱਕ ਪੰਜਾਬੀ ‘ਕੁੜਮ-ਕੁੜਮਣੀ ਜੋੜੇ’ ਦੇ ਪਿਛਲੀ ਉਮਰੇ ਬਣੇ ਆਪਸੀ ਸੰਬੰਧਾਂ ਨਾਲ ਆਪਣੀ ਵੱਖਰੀ ਦੁਨੀਆਂ ਵਸਾਉਣ ਅਤੇ ਇੱਕ ਪੰਜਾਬੀ ਔਰਤ ਤੇ ਕਾਲ਼ੇ (ਨੀਗਰੋ) ਦੇ ਆਪਸੀ ਸੰਬੰਧ ਪੈਦਾ ਹੋ ਜਾਣ ’ਤੇ ਨਵ-ਜੰਮੇਂ ਬੱਚੇ ਦੇ ਨੈਣ-ਨਕਸ਼ ਤੇ ਰੰਗ ਉਸ ਕਾਲ਼ੇ ਵਿਅਕਤੀ ਉੱਪਰ ਜਾਣ ਨਾਲ ਪੇਸ਼ ਕਰਦੀ ਹੈ

ਕੈਨੇਡਾ ਵਿੱਚ ਗੁਰਦੁਆਰਿਆਂ ਦੀ ਗਿਣਤੀ ਕਈ ਸੈਂਕੜਿਆਂ ਵਿੱਚ ਹੈਆਪਣੇ ਘਰਾਂ ਵਿੱਚ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨਾਲ ਤਾਂ ਇਹ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਜਾਂਦੀ ਹੈਹੋ ਸਕਦਾ ਹੈ ਕਿ ਕਈਆਂ ਨੇ ਧਾਰਮਿਕ ਨਿਸਚੇ ਅਤੇ ਸ਼ਰਧਾ ਨਾਲ ਇੱਕ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਵੇ ਪਰ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਆਪਣੇ ਘਰਾਂ ਦਾ ਪ੍ਰਾਪਰਟੀ ਟੈਕਸ ਬਚਾਉਣ ਲਈ ਵੀ ਇੰਜ ਕੀਤਾ ਹੋਇਆ ਹੈ ਜੋ ਸਹੀ ਵਰਤਾਰਾ ਨਹੀਂ ਹੈਇਹ ਠੀਕ ਹੈ ਕਿ ਗੁਰਦੁਆਰੇ ਨਿਆਸਰਿਆਂ ਦਾ ਆਸਰਾ ਹਨ ਪਰ ਕਈ ਥਾਈਂ ਇਹ ਆਪਸੀ ਝਗੜਿਆਂ ਦਾ ਕਾਰਨ ਵੀ ਬਣੇ ਹੋਏ ਹਨਕਈ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਝਗੜਿਆਂ ਦੇ ਕੇਸ ਲੰਮੇ ਸਮੇਂ ਤੋਂ ਅਦਾਲਤਾਂ ਵਿੱਚ ਚੱਲ ਰਹੇ ਹਨਬਲਜੀਤ ਦੀ ਇਸ ਕਿਤਾਬ ਦਾ ਆਰਟੀਕਲ ‘ਨਿਆਸਰਿਆਂ ਦਾ ਆਸਰਾ ਗੁਰਦੁਆਰੇ’ ਪਾਠਕ ਦਾ ਧਿਆਨ ਇਸ ਪਾਸੇ ਵੀ ਮੋੜਦਾ ਹੈ

ਪੁਸਤਕ ਵਿੱਚ ਬਲਜੀਤ ਗਰਮੀਆਂ ਦੇ ਮੌਸਮ ਵਿੱਚ ਮੇਲਿਆਂ ਵਰਗੇ ਮਾਹੌਲ ਦਾ ਜ਼ਿਕਰ ਬੜੇ ਵਧੀਆ ਢੰਗ ਨਾਲ ਕਰਦੀ ਹੈ ਜਦੋਂ ਉਹ ਆਪਣੇ ਲੇਖ ‘ਰੁੱਤ ਮੇਲਿਆਂ ਗੇਲਿਆਂ ਦੀ’ ਵਿੱਚ ਕਹਿੰਦੀ ਹੈ, “ਕੈਨੇਡਾ ਵਿੱਚ ਵੀ ਪੰਜਾਬ ਦੀ ਤਰਜ਼ ’ਤੇ ਮੇਲੇ ਲੱਗਦੇ ਹਨਜਿਉਂ ਹੀ ਅਪਰੈਲ ਦਾ ਮਹੀਨਾ ਸ਼ੁਰੂ ਹੁੰਦਾ ਹੈ, ਮੇਲੇ ਲੱਗਣੇ ਸ਼ੁਰੂ ਹੋ ਜਾਂਦੇ ਹਨਇਹ ਵੱਖਰੀ ਗੱਲ ਹੈ ਕਿ ਕਈ ਪ੍ਰਮੋਟਰ ਇੱਥੇ ਅਪਰੈਲ-ਮਈ ਵਿੱਚ ਹੀ ‘ਤੀਆਂ ਦਾ ਮੇਲਾ’ ਲਗਾ ਦਿੰਦੇ ਹਨਇੱਥੇ ਗਰਮੀਆਂ ਦੇ ਪੂਰੇ ਸੀਜ਼ਨ ਦੌਰਾਨ ਹਰੇਕ ਵੀਕ-ਐਂਡ ’ਤੇ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਹੀ ਹੈਲੋਕ ਪਿਕਨਿਕਾਂ ਮਨਾਉਂਦੇ ਹਨਵੀਕ-ਐਂਡਜ਼ ’ਤੇ ਘਰਾਂ ਵਿੱਚ ਪਾਰਟੀਆਂ ਕਰਦੇ ਹਨ ਅਤੇ ਖੂਬ ਮਨੋਰੰਜਨ ਕਰਦੇ ਹਨਇਨ੍ਹਾਂ ਪਾਰਟੀਆਂ ਵਿੱਚ ਜਦੋਂ ਗੱਭਰੂ ਵਧੇਰੇ ਨਸ਼ੇ ਵਿੱਚ ਹੋ ਜਾਂਦੇ ਹਨ ਤਾਂ ਘਰ-ਵਾਪਸੀ ਸਮੇਂ ਉਹ ਕਾਰ ਦੀ ਚਾਬੀ ਆਪਣੀਆਂ ਘਰ-ਵਾਲੀਆਂ ਨੂੰ ਫੜਾਉਂਦੇ ਹੋਏ ਕਹਿੰਦੇ ਹਨ, “ਆਹ ਲੈ ਫੜ ਲੈ ਗੱਡੀ ਦੀ ਚਾਬੀ, ਜੱਟ ਹੋ ਗਿਆ ਸ਼ਰਾਬੀ

ਕੈਨੇਡਾ ਦੇ ਪੰਜਾਬੀ ਵਸੋਂ ਵਾਲੇ ਸ਼ਹਿਰਾਂ ਵਿੱਚ ਪੰਜਾਬੀ ਰੰਗਮੰਚ ਕਾਫ਼ੀ ਹਰਮਨ ਪਿਆਰਾ ਹੈਪਿਛਲੀ ਸਦੀ ਦੇ ਅੱਸੀਵਿਆਂ ਵਿੱਚ ਪੰਜਾਬ ਤੋਂ ਭਾਅ ਜੀ ਗੁਰਸ਼ਰਨ ਸਿੰਘ, ਹਰਪਾਲ ਟਿਵਾਣਾ, ਡਾ. ਹਰਚਰਨ ਸਿੰਘ, ਅਜਮੇਰ ਔਲਖ ਅਤੇ ਡਾ. ਆਤਮਜੀਤ ਸਿੰਘ ਵਰਗੇ ਨਾਟਕ ਨਿਰਦੇਸ਼ਕਾਂ ਨੂੰ ਇੱਥੇ ਬੁਲਾ ਕੇ ਉਨ੍ਹਾਂ ਦੇ ਨਾਟਕ ਕਰਵਾਏ ਜਾਂਦੇ ਰਹੇ ਹਨਪਰ ਹੁਣ ਇੱਥੋਂ ਦੇ ਨਾਟਕਕਾਰਾਂ ਤੇ ਨਿਰਦੇਸ਼ਕਾਂ ਨੇ ਸਥਾਨਕ ਕਲਾਕਾਰਾਂ ਦੀ ਮਦਦ ਨਾਲ ਨਾਟਕ ਖੇਡਣੇ ਸ਼ੁਰੂ ਕਰ ਦਿੱਤੇ ਹਨਨੁੱਕੜ ਨਾਟਕ ਅਤੇ ਕਈ ਪੂਰੇ ਨਾਟਕ ਕਰਵਾਏ ਜਾਂਦੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਦਾ ਹੈਬਲਜਿੰਦਰ ਲੇਲਣਾ, ਜਸਪਾਲ ਢਿੱਲੋਂ, ਨਾਹਰ ਔਜਲਾ, ਸਰਬਜੀਤ ਸਿੰਘ ਅਰੋੜਾ, ਆਦਿ ਦਾ ਨਾਂ ਇਸ ਖ਼ੇਤਰ ਵਿੱਚ ਵਿਸ਼ੇਸ਼ ਤੌਰ ’ਤੇ ਲਿਆ ਜਾ ਸਕਦਾ ਹੈ

ਰਾਜਨੀਤੀ ਦੇ ਖ਼ੇਤਰ ਵਿੱਚ ਵੀ ਪੰਜਾਬੀਆਂ ਨੇ ਖ਼ੂਬ ਮੱਲਾਂ ਮਾਰੀਆਂ ਹਨਇਹ ਇੱਥੇ ਕੌਂਸਲਰ, ਡਿਪਟੀ ਮੇਅਰ, ਸੂਬਾਈ ਐੱਮ.ਪੀ.ਪੀ., ਪਾਰਲੀਮੈਂਟ ਦੇ ਮੈਂਬਰ ਅਤੇ ਮੰਤਰੀ ਬਣੇ ਹਨਕੈਨੇਡਾ ਦੀ ਤੀਸਰੀ ਵੱਡੀ ਰਾਜਨੀਤਕ ਪਾਰਟੀ ਐੱਨ.ਡੀ.ਪੀ. ਦਾ ਮੁਖੀ ਪੰਜਾਬੀ ਹੈਬਰੈਂਪਟਨ ਦੇ ਪੰਜੇ ਹੀ ਐੱਮ.ਪੀ. ਪੰਜਾਬੀ ਹਨ ਅਤੇ ਪੰਜਾਂ ਵਿੱਚੋਂ ਤਿੰਨ ਐੱਮ.ਪੀ.ਪੀ. ਪੰਜਾਬੀ ਹਨ ਤੇ ਉਨ੍ਹਾਂ ਵਿੱਚੋਂ ਇੱਕ ਮੰਤਰੀ ਵੀ ਹੈਇੱਥੋਂ ਦੇ ਇੱਕ ਐੱਮ.ਪੀ. ਨੇ ਲਗਾਤਾਰ ਛੇ ਵਾਰ ਐੱਮ.ਪੀ. ਬਣਨ ਦਾ ਰਿਕਾਰਡ ਵੀ ਬਣਾਇਆ ਹੈਪਿਛਲੇ ਹਫ਼ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਹੋਈ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਸਦੇ 93 ਮੈਂਬਰਾਂ ਵਿੱਚੋਂ 15 ਮੈਂਬਰ ਪੰਜਾਬੀ ਕਮਿਊਨਿਟੀ ਦੇ ਚੁਣੇ ਗਏ ਹਨਇਹ ਵੱਖਰੀ ਗੱਲ ਹੈ ਕਿ ਕੁਝ ਰਾਜਸੀ ਨੇਤਾਵਾਂ ਦੇ ਵਿਰੁੱਧ ਪੰਜਾਬੀ ਭਾਈਚਾਰੇ ਨੂੰ ਸ਼ਿਕਾਇਤ ਵੀ ਹੈ ਕਿ ਉਹ ਵੱਖ-ਵੱਖ ਸਦਨਾਂ ਵਿੱਚ ਪੰਜਾਬੀ ਕਮਿਊਨਿਟੀ ਦੀ ਆਵਾਜ਼ ਨਹੀਂ ਉਠਾਉਂਦੇ ਅਤੇ ਉੱਥੇ ‘ਸੁੱਚੇ ਮੂੰਹ’ ਹੀ ਬੈਠੇ ਰਹਿੰਦੇ ਹਨਬਲਜੀਤ ਨੇ ਇਸ ਮੁੱਦੇ ਨੂੰ ਇਸ ਪੁਸਤਕ ਵਿੱਚ ਬੜੇ ਵਧੀਆ ਢੰਗ ਨਾਲ ਉਠਾਇਆ ਹੈ

ਕੈਨੇਡਾ ਵਿੱਚ ‘ਕੰਮ, ਕੰਮ ਤੇ ਕੰਮ’ ਹੀ ਜੀਵਨ ਹੈ ਅਤੇ ਇਹ ਕੰਮ ਇੰਨੇ ਆਸਾਨ ਵੀ ਨਹੀਂ ਹਨਭਾਰੇ ਸੇਫ਼ਟੀ-ਸ਼ੂ ਪਾ ਕੇ ਜਦੋਂ ਇਹ ਕੰਮ ਕਰਨੇ ਪੈਂਦੇ ਹਨ ਤਾਂ ਇਨਸਾਨ ਸਿਰ ਤੋਂ ਪੈਰਾਂ ਤਕ ਹਿੱਲ ਜਾਂਦਾ ਹੈਖ਼ਾਸ ਤੌਰ ’ਤੇ ਜਿਨ੍ਹਾਂ ਨੇ ਆਪਣੇ ਦੇਸ਼ ਵਿੱਚ ਰਹਿੰਦਿਆਂ ਕੋਈ ਕੰਮ ਨਹੀਂ ਕੀਤਾ ਹੁੰਦਾ, ਉਨ੍ਹਾਂ ਲਈ ਤਾਂ ਇਹ ਕਰਨਾ ਹੋਰ ਵੀ ਮੁਸ਼ਕਿਲ ਬਣ ਜਾਂਦਾ ਹੈ‘ਸੇਫ਼ਟੀ-ਸ਼ੂਆਂ’ ਬਾਰੇ ਬਲਜੀਤ ਨੇ ਆਪਣੇ ਆਰਟੀਕਲ “ਪੈਰਾਂ ਨੂੰ ਕਰਾ ਦੇ ਝਾਂਜਰਾਂ ਉਰਫ਼ ਸੇਫ਼ਟੀ-ਸ਼ੂ” ਵਿੱਚ ਉਹ ਕਹਿੰਦੀ ਹੈ, “ਭਾਰੇ-ਭਾਰੇ ਸੇਫ਼ਟੀ ਸ਼ੂ ਪਾ ਕੇ ਜਦੋਂ ਤੁਸੀਂ ਤੁਰਦੇ ਹੋ ਤਾਂ ਇੰਜ ਮਹਿਸੂਸ ਹੁੰਦਾ ਹੈ, ਜਿਵੇਂ ਪੈਰਾਂ ਵਿੱਚ ਬੇੜੀਆਂ ਪਈਆਂ ਹੋਣਕਈ ਤਾਂ ਇਨ੍ਹਾਂ ਨਾਲ ਇਸ ਤਰ੍ਹਾਂ ਜੁੜ ਜਾਂਦੇ ਹਨ ਕਿ ਸਾਰੀ ਉਮਰ ਉਨ੍ਹਾਂ ਦਾ ਇਨ੍ਹਾਂ ਤੋਂ ਖਹਿੜਾ ਨਹੀਂ ਛੁੱਟਦਾ ਅਤੇ ਜਿਨ੍ਹਾਂ ਦਾ ਖਹਿੜਾ ਛੁੱਟ ਵੀ ਜਾਂਦਾ ਹੈ, ਉਹ ਇਨ੍ਹਾਂ ਨੂੰ ਸੰਭਾਲ ਕੇ ਰੱਖ ਲੈਂਦੇ ਹਨ ਅਤੇ ਜਦੋਂ ਕੋਈ ਨਵਾਂ ਭਾਈਬੰਦ ਇਮੀਗਰੈਂਟ ਆਉਂਦਾ ਹੈ ਤਾਂ ਉਸ ਨੂੰ ਭੇਂਟ ਕਰ ਦਿੱਤੇ ਹਨ” (ਪੰਨਾ-109)

ਪੰਜਾਬ ਤੋਂ ਆਈਆਂ ਅੱਲੜ੍ਹ ਮੁਟਿਆਰਾਂ ਨੂੰ ਇਹ ‘ਸੇਫ਼ਟੀ-ਸ਼ੂ’ ਬੜੇ ਤੰਗ ਕਰਦੇ ਹਨਇਹ ਉਨ੍ਹਾਂ ਦੇ ਨਾਜ਼ਕ ਪੈਰਾਂ ਵਿੱਚ ਛਾਲੇ ਪਾ ਦਿੰਦੇ ਹਨ ਅਤੇ ਇਨ੍ਹਾਂ ਨਾਲ ਬੜੀ ਮੁਸ਼ਕਿਲ ਨਾਲ ਤੁਰਦਿਆਂ ਬਲਜੀਤ ਵਰਗੀਆਂ ਨਾਜ਼ਕ ਮੁਟਿਆਰਾਂ ਦੇ ਮੂੰਹੋਂ ਗੁਰਬਾਣੀ ਦੇ ਸ਼ਬਦ “ਔਖੀ ਘੜੀ ਨਾ ਦੇਖਣ ਦੇਈ” ਅਤੇ “ਜਾ ਤੂ ਮੇਰੇ ਵੱਲ ਹੈ ਤਾਂ ਕਿਆ ਮੁਹਛੰਦਾ” ਆਪ-ਮੁਹਾਰੇ ਨਿਕਲਦੇ ਹਨ। (ਪੰਨਾ-110)

ਉਨ੍ਹਾਂ ਵਿੱਚੋਂ ਕਈ ਤਾਂ ਆਪਣੇ ਕੰਮਾਂ ’ਤੇ ਚੱਕਰ ਖਾ ਕੇ ਕਈ ਵਾਰ ਵੀ ਡਿਗ ਵੀ ਪੈਂਦੀਆਂ ਹਨਉਹ ਆਪਣੀਆਂ ਅੰਮੜੀਆਂ ਨੂੰ ਯਾਦ ਕਰਦਿਆਂ ਲੰਮੀਆਂ-ਲੰਮੀਆਂ ਚਿੱਠੀਆਂ ਲਿਖਦੀਆਂ ਹਨਇਨ੍ਹਾਂ ਵਿੱਚੋਂ ਇੱਕ ਚਿੱਠੀ ਦੇ ਬੋਲ ਇੰਜ ਹਨ:

“ਮਾਂ ਤੂੰ ਪੜ੍ਹਾ ਲਿਖਾ ਕੇ ਬੜੀਆਂ ਉਮੀਦਾਂ ਤੇ ਚਾਵਾਂ ਨਾਲ ਮੈਨੂੰ ਪ੍ਰਦੇਸ ਤੋਰਿਆ ਸੀ ਜਿਵੇਂ ਪਤਾ ਨਹੀਂ ਇੱਥੇ ਆ ਕੇ ਮੈਨੂੰ ਕਿੰਨੀ ਕੁ ਚੰਗੀ ਨੌਕਰੀ ਮਿਲ ਜਾਣੀ ਹੈਪਰ ਮਾਂ ਤੈਨੂੰ ਕੀ ਪਤਾ ਇੱਥੇ ਤੇਰੀ ਧੀ ਨਾਲ ਕੀ ਬੀਤ ਰਹੀ ਏ? ਮਾਂ, ਇੱਥੇ ਆ ਕੇ ਮੇਰੀ ਮਹਿੰਦੀ ਦਾ ਰੰਗ ਵੀ ਫ਼ਿੱਕਾ ਨਹੀਂ ਸੀ ਪਿਆ ਕਿ ਤੇਰੀ ਬੀ.ਐੱਸ.ਸੀ. ਪਾਸ ਧੀ ਦੇ ਮਿਡਲ ਕਲਾਸ ਘਰਵਾਲੇ ਨੇ ਮੈਨੂੰ ਹਫ਼ਤੇ ਬਾਅਦ ਹੀ ਪਵਾ ਕੇ ਪੈਰਾਂ ਵਿੱਚ ਭਾਰੇ ਭਾਰੇ ਸੇਫ਼ਟੀ-ਸ਼ੂ ਤੋਰ ਦਿੱਤਾ ਸੀ ਫ਼ੈਕਟਰੀ ਵੱਲ ਭਈਆਂ ਵਾਂਗ, ਦਿਹਾੜੀ ਕਰਨ ਵਾਸਤੇਉਹ ਜਿਹੜਾ ਆਪ ਸੱਤੇ ਦਿਨ ਟਰੱਕ ਚਲਾਈ ਜਾਂਦਾ ਹੈ, ਚਾਹੁੰਦਾ ਹੈ ਕਿ ਮੈਂ ਵੀ ਸੱਤੇ ਦਿਨ ਫ਼ੈਕਟਰੀ ਵਿੱਚ ਭੱਠ ਝੋਕੀ ਜਾਵਾਂ” (ਪੰਨਾ-60)

ਇਹ ਇੱਥੇ ਇਨ੍ਹਾਂ ਨਵ-ਵਿਆਹੀਆਂ ਲੜਕੀਆਂ ਦੀ ਸਮਾਜਿਕ ਹਾਲਤ ਦੀ ਤ੍ਰਾਸਦੀ ਹੈ, ਜੋ ਵਿਚਾਰੀਆਂ ਨੂੰ ਭੁਗਤਣੀ ਪੈਂਦੀ ਹੈਇੱਥੇ ਕੈਨੇਡਾ ਆਉਣ ਦੀਆਂ ਤਰਲੋਮੱਛੀ ਹੋ ਰਹੀਆਂ ਕੁੜੀਆਂ ਨੂੰ ਖ਼ਬਰਦਾਰ ਕਰਦਿਆਂ ਬਲਜੀਤ ਨੇ ਉਨ੍ਹਾਂ ਦੇ ਲਈ ਇੱਕ ਗੀਤ ਵੀ ਲਿਖ ਛੱਡਿਆ ਹੈ, ਜਿਸਦੇ ਮੱਢਲੇ ਬੋਲ ਹਨ :

“ਰੱਖ ਧੀਰਜ ਕਿਉਂ ਕਰੇ ਕਾਹਲੀ ਨੀ,
ਕਹਿੰਦੇ ਬਣਦੇ ਇੱਕ ਦੇ ਚਾਲੀ ਨੀ,
ਜਦੋਂ ਆਈ ਕਨੇਡਾ ਭਰਮ ਭੁਲੇਖਾ ਰੁਲ਼ ਜਾਊਗਾ,
ਕਨੇਡਾ ਆਉਣ ਦੇ ਚਾਅ ਵਿੱਚ ਸਭ ਕੁਝ ਭੁੱਲ ਜਾਊਗਾ
” (ਪੰਨਾ-54)

ਕੈਨੇਡਾ ਵਿੱਚ ਆਪਣੇ ਕੰਮ ਕਰਨ ਦੀ ਹੱਡ-ਬੀਤੀ ਬਲਜੀਤ ਬਾਖ਼ੂਬੀ ਬਿਆਨ ਕਰਦੀ ਹੈ ਕਿ ਕਿਵੇਂ ਉਸ ਨੂੰ ਇੱਥੇ ਆਰਜ਼ੀ ਕੰਮ ਦੇਣ ਵਾਲੀਆਂ ਏਜੰਸੀਆਂ ਰਾਹੀਂ ਵੱਖ-ਵੱਖ ਫ਼ੈਕਟਰੀਆਂ ਵਿੱਚ ਕਈ ਭਾਰੇ-ਭਾਰੇ ਕੰਮ ਕਰਨੇ ਪਏਕਿਵੇਂ ਲੱਕੜੀ ਦੇ ਚਾਰ-ਚਾਰ ਕਿਲੋ ਭਾਰੇ ਦੋ-ਦੋ, ਤਿੰਨ-ਤਿੰਨ ਫੱਟੇ ਚੁੱਕ ਕੇ ਮਸ਼ੀਨ ’ਤੇ ਰੱਖਣੇ ਪੈਂਦੇ ਸਨ, ਜਿਸ ਨਾਲ ਉਸ ਦਾ ਬੁਰਾ ਹਾਲ ਹੋ ਗਿਆਕਈ ਵਾਰ ਉਸਦੀਆਂ ਉਂਗਲੀਆਂ ਇਨ੍ਹਾਂ ਫੱਟਿਆਂ ਹੇਠਾਂ ਆ ਜਾਣ ਕਰਕੇ ਕਿਵੇਂ ਉਹ ਹੋਰ ਵੀ ਦੁਖੀ ਹੋ ਜਾਂਦੀ ਸੀਫਿਰ ਇੱਥੇ ਕੰਮ ਦਾ ਕੋਈ ਇਤਬਾਰ ਨਹੀਂ ਕਿ ਕੱਲ੍ਹ ਨੂੰ ਕੰਮ ’ਤੇ ਜਾਣਾ ਵੀ ਹੈ ਜਾਂ ਫਿਰ ਏਜੰਸੀ ਤੋਂ ਅਚਾਨਕ ਫ਼ੋਨ ਆ ਜਾਣਾ ਹੈ ਕਿ ਕੱਲ੍ਹ ਨੂੰ ਕੰਮ ਨਹੀਂ ਹੈ, ਜਦੋਂ ਹੋਵੇਗਾ ਤੁਹਾਨੂੰ ਇਸਦੇ ਬਾਰੇ ਕਾਲ ਕਰ ਕੀਤੀ ਜਾਏਗੀਬਲਜੀਤ ਸਹੀ ਕਹਿੰਦੀ ਹੈ, “ਇੱਥੇ ਜਦੋਂ ਕਿਸੇ ਏਜੰਸੀ ਤੋਂ ਕੰਮ ਦੀ ਕਾਲ ਆ ਜਾਂਦੀ ਹੈ ਤਾਂ ਕੋਈ ਨਾਂਹ ਨਹੀਂ ਕਰਦਾ ਤੇ ਸਾਰੇ ਕੰਮ ਨੂੰ ਭੱਜ ਤੁਰਦੇ ਹਨਇਹ ਕੋਈ ਨਹੀਂ ਵੇਖਦਾ ਕਿ ਕੰਮ ਹਲਕਾ ਹੈ ਜਾਂ ਭਾਰਾ, ਦੂਰ ਹੈ ਜਾਂ ਨੇੜੇਬੱਸ ਦਿਹਾੜੀ ਲੱਗਣੀ ਚਾਹੀਦੀ ਹੈ, ਭਈਆਂ ਵਾਂਗ (ਪੰਨਾ-117)

136 ਪੰਨਿਆਂ ਦੀ ਇਸ ਪੁਸਤਕ ਵਿੱਚ ਬਲਜੀਤ ਨੇ 46 ਵੱਖ-ਵੱਖ ਵਿਸ਼ੇ ਲਏ ਹਨਕੋਈ ਲੇਖ ਦੋ ਪੰਨਿਆਂ ਦਾ ਹੈ ਤੇ ਕੋਈ ਤਿੰਨਾਂ ਦਾਕਈ ਇੱਕ-ਇੱਕ ਪੰਨੇ ਦੇ ਵੀ ਹਨ ਤੇ ਕਈ ਚਾਰ-ਪੰਜ ਪੰਨਿਆਂ ਦੇ ਵੀ ਹਨ ਸਭ ਤੋਂ ਵੱਡਾ ਲੇਖ ਬਲਜੀਤ ਦੀ ਹੱਡ-ਬੀਤੀ ‘ਗੱਲ ਮੇਰੇ ਕੰਮ ਦੀ’ ਵਾਲਾ ਹੈ ਜੋ ਇਸ ਪੁਸਤਕ ਦੇ 14 ਸਫ਼ਿਆਂ ਉੱਪਰ ਫ਼ੈਲਿਆ ਹੋਇਆ ਹੈ, ਜਿਸ ਵਿੱਚ ਉਹ ਇੱਥੇ ਫੈਕਟਰੀਆਂ, ਵੇਅਰਹਾਊਸਾਂ ਤੇ ਹੋਰ ਕੰਮ ਵਾਲੀਆਂ ਥਾਵਾਂ ’ਤੇ ਕੀਤੇ ਗਏ ਹੌਲ਼ੇ-ਭਾਰੇ ਵੱਖ-ਵੱਖ ਕੰਮਾਂ ਦਾ ਹਾਲ ਬਾਖ਼ੂਬੀ ਬਿਆਨ ਕਰਦੀ ਹੈਉਹ ਸੁਪਰਵਾਈਜ਼ਰਾਂ ਵੱਲੋਂ ਤੇਜ਼ ਕੰਮ ਕਰਨ ਦੀਆਂ ਸਖ਼ਤ ਹਦਾਇਤਾਂ ਬਾਰੇ ਵੀ ਦੱਸਦੀ ਹੈ ਅਤੇ ਅਜਿਹਾ ਨਾ ਕਰਨ ਦੀ ਹਾਲਤ ਵਿੱਚ ਉਨ੍ਹਾਂ ਵੱਲੋਂ ਕਿਸੇ ਹੋਰ ਮੁਸ਼ਕਿਲ ਕੰਮ ’ਤੇ ਲਾ ਦੇਣ ਬਾਰੇ ਬੜਾ ਵਧੀਆ ਬਿਆਨ ਕਰਦੀ ਹੈਉਹ ਮੋਟਲਾਂ ਵਿੱਚ ਬੈੱਡਾਂ ਦੀਆਂ ਚਾਦਰਾਂ ਬਦਲਣ, ਫ਼ਰਸ਼ ਅਤੇ ਬਾਥ-ਰੂਮ ਸਾਫ਼ ਕਰਨ ਵਰਗੇ ਕੰਮਾਂ ਬਾਰੇ ਵੀ ਖ਼ੂਬ ਚਾਨਣਾ ਪਾਉਂਦੀ ਹੈਉਸ ਦਾ ਇਹ ਕਹਿਣਾ ਬਿਲਕੁਲ ਸਹੀ ਹੈ ਕਿ ਇੱਥੇ ਕੋਈ ਵੀ ਕੰਮ ਛੋਟਾ ਜਾਂ ਵੱਡਾ, ਮਾੜਾ ਜਾਂ ਚੰਗਾ ਨਹੀਂ ਹੈ ਅਤੇ ਸਾਰੇ ਕੰਮਾਂ ਦੀ ਉਜਰਤ ਇੱਕੋ ਜਿਹੀ ਹੀ ਮਿਲਦੀ ਹੈਉਹ ਚੰਗੀਆਂ ਚੰਗੀਆਂ ਨੌਕਰੀਆਂ ਛੱਡ ਕੇ ਆਏ ਡਾਕਟਰਾਂ, ਇੰਜਨੀਅਰਾਂ ਅਤੇ ਹੋਰ ਵਿਅਕਤੀਆਂ ਨੂੰ ਫੈਕਟਰੀਆਂ ਵਿੱਚ ਮਜ਼ਦੂਰੀ ਵਾਲੇ ਕੰਮ ਕਰਦਿਆਂ ਵੇਖਦੀ ਹੈ ਜੋ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਦੀ ਆਸ ਲੈ ਕੇ ਇੱਥੇ ਆਏ ਹਨ

ਇਸ ਤਰ੍ਹਾਂ ਬਲਜੀਤ ਦੀ ਇਹ ਕਿਤਾਬ ‘ਲੇਖ ਨਹੀਂ ਜਾਣੇ ਨਾਲ਼’ ਕੈਨੇਡੀਅਨ ਜੀਵਨ ਨੂੰ ਬਹੁਤ ਨੇੜਿਉਂ ਵਿਖਾਉਂਦੀ ਹੋਈ ਇਸ ਉੱਪਰ ਭਰਪੂਰ ਰੌਸ਼ਨੀ ਪਾਉਂਦੀ ਹੈਇਹ ਉਨ੍ਹਾਂ ਲੋਕਾਂ ਨੂੰ ਸਾਵਧਾਨ ਵੀ ਕਰਦੀ ਹੈ ਜਿਹੜੇ ਸਮਝਦੇ ਹਨ ਕਿ ਕੈਨੇਡਾ ਵਿੱਚ ਕੰਮ ਬੜੇ ਆਸਾਨ ਹਨ ਅਤੇ ਉੱਥੇ ਡਾਲਰ ਕਮਾਉਣੇ ਬੜੇ ਸੌਖੇ ਹਨ, ਜਿਵੇਂ ਇਹ ਇੱਥੇ ਰੁੱਖਾਂ ਨੂੰ ਲੱਗੇ ਹੋਣ ਅਤੇ ਉਹ ਆ ਕੇ ਜਿੰਨੇ ਮਰਜ਼ੀ ਤੋੜ ਕੇ ਆਪਣੀਆਂ ਝੋਲ਼ੀਆਂ ਭਰ ਲੈਣ

ਇਹ ਪੁਸਤਕ ਕੰਮਾਂ ਲੱਦੇ ਕੈਨੇਡੀਅਨ ਸਮਾਜ ਦਾ ਸ਼ੀਸ਼ਾ ਬਹੁਤ ਹੀ ਵਧੀਆ ਤਰ੍ਹਾਂ ਵਿਖਾਉਂਦੀ ਹੈਇਹ ਗਾਈਡ-ਨੁਮਾ ਪੁਸਤਕ ਲਿਖਣ ਅਤੇ ਛਪਵਾਉਣ ਲਈ ਮੈਂ ਬਲਜੀਤ ਰੰਧਾਵਾ ਨੂੰ ਹਾਰਦਿਕ ਵਧਾਈ ਦਿੰਦਾ ਹਾਂ ਇਸਦੀ ਸੰਪਾਦਨਾ ਕਰਨ ਵਿੱਚ ਉਸ ਦੇ ਪਤੀਦੇਵ ਹੀਰਾ ਰੰਧਾਵਾ ਨੇ ਵੀ ਆਪਣਾ ਭਰਪੂਰ ਯੋਗਦਾਨ ਪਾਇਆ ਹੈ ਅਤੇ ਉਹ ਵੀ ਇਸਦੇ ਲਈ ਵਧਾਈ ਦੇ ਪੂਰੇ ਹੱਕਦਾਰ ਹਨ‘ਚੇਤਨਾ ਪ੍ਰਕਾਸ਼ਨ ਲੁਧਿਆਣਾ’ ਨੇ ਇਸ ਨੂੰ ਬੜੀ ਰੂਹ ਨਾਲ ਛਾਪਿਆ ਹੈਕਿਤੇ ਕਿਤੇ ਲਗਾਂ-ਮਾਤਰਾ ਦੀਆਂ ਮਾਮੂਲੀ ਜਿਹੀਆਂ ਗ਼ਲਤੀਆਂ ਰਹਿ ਵੀ ਗਈਆਂ ਹਨ ਅਤੇ ਇਹ ਕੋਸ਼ਿਸ਼ ਕਰਨ ਦੇ ਬਾਵਜੂਦ ਆਮ ਤੌਰ ’ਤੇ ਰਹਿ ਹੀ ਜਾਂਦੀਆਂ ਹਨਇਸ ਲਈ ਇਨ੍ਹਾਂ ਦੀ ਪ੍ਰਵਾਹ ਕਰਨ ਦੀ ਬਹੁਤੀ ਲੋੜ ਵੀ ਨਹੀਂ ਹੈਕੈਨੇਡਾ ਆਉਣ ਵਾਲੇ ਨਵੇਂ ਇਮੀਗਰੈਂਟ ਜੇਕਰ ਇਹ ਪੁਸਤਕ ਪੜ੍ਹ ਕੇ ਇੱਥੇ ਆਉਣ ਤਾਂ ਉਨ੍ਹਾਂ ਨੂੰ ਇਸਦਾ ਬਹੁਤ ਲਾਭ ਹੋ ਸਕਦਾ ਹੈਆਮ ਪਾਠਕਾਂ ਲਈ ਵੀ ਇਸ ਵਿੱਚ ਕਾਫ਼ੀ ਦਿਲਚਸਪ ਸਮੱਗਰੀ ਹੈਇਹ ਪੁਸਤਕ ਸਾਰਿਆਂ ਦੇ ਪੜ੍ਹਨਯੋਗ ਹੈ ਤੇ ਇਹ ਪੜ੍ਹਨੀ ਬਣਦੀ ਵੀ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5502)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਡਾ. ਸੁਖਦੇਵ ਸਿੰਘ ਝੰਡ

ਡਾ. ਸੁਖਦੇਵ ਸਿੰਘ ਝੰਡ

Brampton, Ontario, Canada.
WhatsApp (1 - 647 - 567 - 9128)
Email: (ssjhand121@gmail.com)

More articles from this author