“ਜੱਸੀ ਧਾਲੀਵਾਲ ਧੁਨ ਦਾ ਪੱਕਾ ਹੈ ਅਤੇ ਉਹ ਆਪਣੇ ਨਿਸ਼ਾਨੇ ਵੱਲ ਬਾਖ਼ੂਬੀ ਵਧ ਰਿਹਾ ਹੈ। ਟਰੱਕ ਡਰਾਈਵਰੀ ਦੇ ”
(13 ਨਵੰਬਰ 2024)
ਜਸਵਿੰਦਰ ਸਿੰਘ ਧਾਲੀਵਾਲ ਉਰਫ਼ ‘ਜੱਸੀ ਧਾਲੀਵਾਲ’ ਹਫ਼ਤੇ ਵਿੱਚ ਪੰਜ ਦਿਨ ਸਾਰਾ-ਸਾਰਾ ਦਿਨ ਟਰੱਕ ਚਲਾਉਂਦਾ ਹੈ। ਵੀਕ-ਐਂਡ ’ਤੇ ਯੋਗਾ ਸਿੱਖਣ ਦੇ ਚਾਹਵਾਨਾਂ ਨੂੰ ਯੋਗਾ ਸਿਖਾਉਂਦਾ ਹੈ ਅਤੇ ‘ਆਰਟ ਆਫ ਲਿਵਿੰਗ’ ਦੇ ਕੈਂਪਾਂ ਵਿੱਚ ਵੀ ਹਾਜ਼ਰੀ ਭਰਦਾ ਹੈ। ਉਸ ਦੀ ਆਪਣੀ ‘ਕੁਦਰਤ ਟਰਾਂਸਪੋਰਟ ਕੰਪਨੀ’ ਹੈ, ਜਿਸਦਾ ਪ੍ਰਬੰਧ ਉਹ ਖ਼ੁਦ ਕਰਦਾ ਹੈ। ਉਹ ‘ਟੋਰਾਂਟੋ ਪੀਅਰਸਨ ਏਅਰਪੋਰਟ ਰਨਰਜ਼ ਕਲੱਬ’ (ਟੀਪੀਏਆਰ ਕਲੱਬ) ਦਾ ਰੈਗੂਲਰ ਮੈਂਬਰ ਹੈ ਅਤੇ ਸਨਿੱਚਰਵਾਰ, ਐਤਵਾਰ ਵਾਲੇ ਇਸਦੇ ਪ੍ਰੈਕਟਿਸ-ਸੈਸ਼ਨਾਂ ਵਿੱਚ ਵੀ ਸ਼ਾਮਲ ਹੁੰਦਾ ਹੈ। ਟੋਰਾਂਟੋ ਦੇ ਆਸ-ਪਾਸ ਅਤੇ ਦੂਰ-ਨੇੜੇ ਦੇ ਸ਼ਹਿਰਾਂ ਵਿੱਚ ਹੋਣ ਵਾਲੇ ਦੌੜਾਂ ਦੇ ਮੁਕਾਬਲਿਆਂ ਵਿੱਚ ਉਹ ਕਲੱਬ ਦੇ ਮੈਂਬਰਾਂ ਨਾਲ ਇਨ੍ਹਾਂ ਵਿੱਚ ਬਾਕਾਇਦਾ ਸ਼ਿਰਕਤ ਕਰਦਾ ਹੈ ਅਤੇ 5 ਕਿਲੋਮੀਟਰ, 10 ਕਿਲੋਮੀਟਰ, ਹਾਫ-ਮੈਰਾਥਨ ਅਤੇ ਫੁੱਲ-ਮੈਰਾਥਨ ਦੌੜਾਂ ਵਿੱਚ ਭਾਗ ਲੈਂਦਾ ਹੈ।
ਆਓ ਜਾਣੀਏ, ਕੀ ਹੈ ਤੇ ਕੌਣ ਹੈ ਇਹ ‘ਜੱਸੀ ਧਾਲੀਵਾਲ’ ਅਤੇ ਇਹ ਸਾਰੇ ਕੰਮ ਉਹ ਕਿਵੇਂ ਕਰ ਲੈਂਦਾ ਹੈ। ਪਿਛੋਕੜ:
ਮੋਗਾ ਜ਼ਿਲ੍ਹੇ ਦੇ ਪਿੰਡ ਨੰਗਲ ਵਿੱਚ 13 ਫਰਵਰੀ 1981 ਨੂੰ ਸ. ਬਚਨ ਸਿੰਘ ਧਾਲੀਵਾਲ ਤੇ ਸਰਦਾਰਨੀ ਪਰਮਜੀਤ ਕੌਰ ਧਾਲੀਵਾਲ ਦੇ ਘਰ ਪੈਦਾ ਹੋਇਆ ਜਸਵਿੰਦਰ ਸਿੰਘ ਬਚਪਨ ਤੋਂ ਹੀ ਹੋਣਹਾਰ ਬਾਲਕ ਸੀ, ਜਿਸ ਨੇ ਇੱਕ-ਦੋ ਨਹੀਂ, ਸਗੋਂ ਕਈ ਖ਼ੇਤਰਾਂ ਵਿੱਚ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕਰਨਾ ਸੀ। ਨਾਨਕੇ ਉਸ ਦੇ ਪਿੰਡ ਦੱਬੜੀਖ਼ਾਨਾ ਜ਼ਿਲ੍ਹਾ ਫ਼ਰੀਦਕੋਟ ਦੇ ਰੱਜੇ-ਪੁੱਜੇ ਖ਼ਾਨਦਾਨ ਵਿੱਚੋਂ ਹਨ, ਜਿੱਥੇ ਉਸ ਦਾ ਜਨਮ ਹੋਇਆ। ਧਾਲੀਵਾਲ ਪਰਿਵਾਰ ਵੀ ਪਿੰਡ ਦਾ ਰੱਜਿਆ-ਪੁੱਜਿਆ ਪਰਿਵਾਰ ਹੈ।
ਪ੍ਰਾਇਮਰੀ ਤਕ ਦੀ ਪੜ੍ਹਾਈ ਜੱਸੀ ਨੇ ਨਾਨਕਿਆਂ ਦੇ ਪਿੰਡ ਦੱਬੜੀਖ਼ਾਨਾ ਤੋਂ ਕੀਤੀ ਅਤੇ ਬਾਰ੍ਹਵੀਂ ਤੇਜਾ ਸਿੰਘ ਸੁਤੰਤਰ ਹਾਈ ਸਕੂਲ ਲੁਧਿਆਣਾ ਤੋਂ ਪਾਸ ਕਰਕੇ ਉਚੇਰੀ ਸਿੱਖਿਆ ਲਈ ਆਰੀਆ ਕਾਲਜ ਲੁਧਿਆਣੇ ਜਾ ਦਾਖ਼ਲਾ ਲਿਆ। ਖੇਡਾਂ ਦਾ ਸ਼ੌਕ ਬਚਪਨ ਤੋਂ ਹੀ ਸੀ ਅਤੇ ਇਹ ਸਕੂਲ ਅਤੇ ਕਾਲਜ ਸਮੇਂ ਬਾ-ਦਸਤੂਰ ਜਾਰੀ ਰਿਹਾ। ਉਹ ਕ੍ਰਿਕਟ ਅਤੇ ਬਾਸਕਟ ਬਾਲ ਖੇਡਦਾ ਸੀ ਅਤੇ ਸਕੂਲ ਪੱਧਰ ਦੇ ਚੰਗੇ ਖਿਡਾਰੀਆਂ ਵਿੱਚ ਗਿਣਿਆ ਜਾਂਦਾ ਸੀ। ਕਾਲਜ ਵਿੱਚ ਬੀ.ਏ. ਕਰਦਿਆਂ ਵੀ ਕ੍ਰਿਕਟ ਦੀ ਖੇਡ ਬਾਕਾਇਦਾ ਜਾਰੀ ਰੱਖੀ।
ਕੈਨੇਡਾ ਵਿੱਚ ਜੀਵਨ ਦੀ ਸ਼ੁਰੂਆਤ
ਬੀ.ਏ. ਕਰਨ ਦੌਰਾਨ ਹੀ ਉਸ ਦਾ ਵਿਆਹ 2002 ਵਿੱਚ ਕੈਨੇਡਾ ਤੋਂ ਆਈ ਪੀ.ਆਰ. ਲੜਕੀ ਅੰਮ੍ਰਿਤ ਕੌਰ ਨਾਲ ਹੋ ਗਿਆ ਅਤੇ 2003 ਵਿੱਚ ਉਹ ਕੈਨੇਡਾ ਦੇ ਸ਼ਹਿਰ ਬਰੈਂਪਟਨ ਆ ਗਿਆ। ਇੱਥੇ ਆਉਣ ਵਾਲੇ ਬਹੁਤ ਸਾਰੇ ਇਮੀਗਰੈਂਟਾਂ ਵਾਂਗ ਜਸਵਿੰਦਰ ਧਾਲੀਵਾਲ ਨੂੰ ਵੀ ਸ਼ੁਰੂ-ਸ਼ੁਰੂ ਵਿੱਚ ਫ਼ੈਕਟਰੀਆਂ ਵਾਲਾ ਮੁਸ਼ਕਿਲ ਕੰਮ ਕਰਨਾ ਪਿਆ। ਕੰਮ ਦੀ ਥਕਾਵਟ ਲਾਹੁਣ ਲਈ ਉਹ ਦਾਰੂ ਦਾ ਆਸਰਾ ਲੈਣ ਲੱਗਾ ਅਤੇ ਇੰਜ ਹੀ ਉਸਦੀ ਜ਼ਿੰਦਗੀ ਬਤੀਤ ਹੋਣ ਲੱਗੀ। ਪਰ ਅੰਦਰੋਂ-ਅੰਦਰ ਉਸ ਨੂੰ ਇਹ ਚਿੰਤਾ ਖਾਣ ਲੱਗੀ ਕਿ ਇਹ ਵੀ ਕੋਈ ਜੀਵਨ ਹੈ ਕਿ ਘਰੋਂ ਕੰਮ ’ਤੇ ਜਾਓ, ਥੱਕ-ਟੁੱਟ ਕੇ ਘਰ ਆ ਜਾਓ ਅਤੇ ਦਾਰੂ ਪੀ ਕੇ ਦਿਨ-ਭਰ ਦੀ ਥਕਾਵਟ ਲਾਹੋ ਅਤੇ ਸੌਂ ਜਾਓ। ਉਸ ਨੂੰ ਇਹ ਜੀਵਨ ਬੇਅਰਥ ਜਿਹਾ ਮਹਿਸੂਸ ਹੋਣ ਲੱਗਾ।
ਫੈਕਟਰੀਆਂ ਦਾ ਕੰਮ ਮੁਸ਼ਕਿਲ ਲੱਗਾ ਤਾਂ ਟਰੱਕ ਡਰਾਇਵਰੀ ਸਿੱਖ ਲਈ।
ਜੱਸੀ ਨੇ ਫੈਕਟਰੀਆਂ ਵਿੱਚ ਤਿੰਨ-ਚਾਰ ਸਾਲ ਨਿੱਠ ਕੇ ਕੰਮ ਕੀਤਾ। ਇਸ ਦੌਰਾਨ ਹੀ ਉਸ ਨੇ ਟੈਕਸੀ ਚਲਾਉਣ ਦਾ ਲਾਇਸੈਂਸ ਲੈ ਲਿਆ ਪਰ ਟੈਕਸੀ ਚਲਾਈ ਨਹੀਂ, ਕਿਉਂਕਿ ਉਸ ਦਾ ਇਰਾਦਾ ਟਰੱਕਿੰਗ ਦੇ ਬਿਜ਼ਨਸ ਵਿੱਚ ਪੈਣ ਦਾ ਸੀ। ਇਸ ਲਈ ਟਰੱਕ ਡਰਾਈਵਿੰਗ ਦਾ ਲਾਇਸੈਂਸ ਲਿਆ ਅਤੇ ਟਰੱਕ ਡਰਾਈਵਰੀ ਸ਼ੁਰੂ ਕਰ ਲਈ। ਹੁਣ ਇਸ ਸਮੇਂ ਉਸ ਦੀ ਆਪਣੀ ਟਰਾਂਸਪੋਰਟ ਕੰਪਨੀ ‘ਕੁਦਰਤ ਟਰਾਂਸਪੋਰਟ’ ਦੇ ਨਾਂ ਹੇਠ ਚੱਲ ਰਹੀ ਹੈ। ਆਖ਼ਰ ਰੋਜ਼ੀ-ਰੋਟੀ ਦਾ ਕੋਈ ਪੱਕਾ ਪ੍ਰਬੰਧ ਵੀ ਤਾਂ ਕਰਨਾ ਹੀ ਸੀ।
ਦਿਨ ਗ਼ੁਜ਼ਰਦੇ ਗਏ ਤੇ ਜ਼ਿੰਦਗੀ ਆਮ ਵਾਂਗ ਚਲਦੀ ਰਹੀ। ਪਰ ਉਹ ਆਪਣੇ ਇਸ ਜੀਵਨ ਤੋਂ ਸੰਤੁਸ਼ਟ ਨਹੀਂ ਸੀ। ਕਦੇ ਕਦੇ ਉਹ ਬੇਚੈਨ ਜਿਹਾ ਹੋ ਜਾਂਦਾ। ਉਸ ਦਾ ਮਨ ਉਚਾਟ ਹੋ ਜਾਂਦਾ ਤੇ ਸੋਚਦਾ ਕਿ ਇਹ ਜੀਵਨ ਵੀ ਕੀ ਜੀਵਨ ਹੈ? ਸਵੇਰੇ ਕੰਮ ’ਤੇ ਜਾਓ, ਸਾਰਾ ਦਿਨ ਟਰੱਕ ਦੇ ਸਟੇਅਰਿੰਗ ’ਤੇ ਡਟੇ ਰਹੋ ਤੇ ਸ਼ਾਮ ਨੂੰ ਥੱਕ-ਟੁੱਟ ਕੇ ਘਰ ਆ ਜਾਓ। ਉਹ ਸੋਚਦਾ, ‘ਰੁਟੀਨ’ ਵਾਲੇ ਇਸ ਜੀਵਨ ਵਿੱਚ ਕੋਈ ‘ਬਦਲਾਅ’ ਹੋਣਾ ਚਾਹੀਦਾ ਹੈ ਜਿਸ ਨਾਲ ਇਹ ਕੁਝ ਚੰਗਾ-ਚੰਗਾ ਲੱਗਣ ਲੱਗ ਪਵੇ।
‘ਆਰਟ ਆਫ ਲਿਵਿੰਗ’ ਦਾ ਕੋਰਸ ਕਰ ਲਿਆ।
ਬੜੀ ਸੋਚ ਵਿਚਾਰ ਤੋਂ ਬਾਅਦ ਸਿਰੀ ਸਿਰੀ ਰਵੀਸ਼ੰਕਰ ਵੱਲੋਂ ਅੰਤਰਰਾਸ਼ਟਰੀ ਪੱਧਰ ’ਤੇ ਚਲਾਈ ਜਾ ਰਹੀ ਸੰਸਥਾ ‘ਆਰਟ ਆਫ ਲਿਵਿੰਗ’ ਵੱਲੋਂ ਕਰਵਾਏ ਜਾਂਦੇ ਕੋਰਸ ਵਿੱਚ ਜਾ ਦਾਖ਼ਲਾ ਲਿਆ। ਇੱਥੇ ‘ਬਰੀਦਿੰਗ’ (ਲੰਮੇ ਸਾਹ ਲੈਣ ਦੀ ਪ੍ਰਕਿਰਿਆ), ‘ਯੋਗਾ’ ਅਤੇ ‘ਮੈਡੀਟੇਸ਼ਨ’ (ਭਗਤੀ) ਦੀ ਸਿਖਲਾਈ ਲਈ ਅਤੇ ਇਨ੍ਹਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਕੋਸ਼ਿਸ਼ ਆਰੰਭ ਕੀਤੀ। ਇਸ ਕੋਰਸ ਦਾ ਵੱਡਾ ਫ਼ਾਇਦਾ ਉਸ ਨੂੰ ਇਹ ਹੋਇਆ ਕਿ ਉਹ ‘ਦਾਰੂ’ ਪੀਣੀ ਛੱਡ ਗਿਆ। ਦਿਲੋਂ ਭਾਵੇਂ ਉਹ ਇਹ ਛੱਡਣੀ ਨਹੀਂ ਸੀ ਚਾਹੁੰਦਾ ਪਰ ਉਸ ਦੇ ਆਪਣੇ ਕਹਿਣ ਅਨੁਸਾਰ “ਦਾਰੂ ਉਸ ਨੂੰ ਛੱਡ ਗਈ।” ਉਂਜ, ਭਾਵੇਂ ਉਹ ਦਾਰੂ ਨਾ ਹੀ ਛੱਡਦਾ, ਕਿਉਂਕਿ ਗ਼ਾਲਿਬ ਵਰਗੇ ਉਰਦੂ ਦੇ ਵੱਡੇ ਸ਼ਾਇਰ ਵੀ ਇਸਦੇ ਬਾਰੇ ਕਹਿ ਗਏ ਹਨ, “ਛੂਟਤੀ ਨਹੀਂ ਹੈ ਗ਼ਾਲਿਬ, ਮੂੰਹ ਸੇ ਲਗੀ ਹੂਈ। “ ਜੱਸੀ ਧਾਲੀਵਾਲ ਕਹਿੰਦਾ ਹੈ ਕਿ ‘ਆਰਟ ਆਫ ਲਿਵਿੰਗ’ ਦਾ ਇਹ ਕੋਰਸ ਕਰਨ ਤੋਂ ਬਾਅਦ ਉਸ ਨੂੰ ਸ਼ਰਾਬ ਪੀਣ ਦੀ ਲੋੜ ਹੀ ਮਹਿਸੂਸ ਨਹੀਂ ਹੋਈ, ਹਾਲਾਂ ਕਿ ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਇਹ ਛੱਡਣੀ ਇੰਨੀ ਆਸਾਨ ਨਹੀਂ ਹੈ। ਉਹ ਮੀਟ-ਮੱਛੀ ਖਾ ਲੈਂਦਾ ਹੈ ਪਰ ਦਾਰੂ ਦੇ ਨੇੜੇ ਨਹੀਂ ਜਾਂਦਾ।
‘ਸਰਟੀਫਾਈਡ ਯੋਗਾ ਟਰੇਨਰ’ ਬਣਿਆ।
ਜੱਸੀ ਦੇ ਲਈ ਮਨੁੱਖੀ ਜ਼ਿੰਦਗੀ ਹੋਰ ਹੈ। ਉਸ ਅਨੁਸਾਰ ਇਹ ਮਨੁੱਖੀ ਜੀਵਨ ਨਿਰਾ ਆਪਣੇ ਆਪ ਲਈ ਹੀ ਨਹੀਂ ਹੈ, ਸਗੋਂ ਇਹ ਦੂਸਰਿਆਂ ਲਈ ਵੀ ਹੈ। ਉਸ ਨੇ ਯੋਗਾ ਟ੍ਰੇਨਿੰਗ ਦਾ ਢਾਈ ਮਹੀਨੇ ਦਾ ਕੋਰਸ ਕੀਤਾ ਅਤੇ ‘ਸਰਟੀਫਾਈਡ ਯੋਗਾ ਟਰੈਂਡ ਟੀਚਰ’ ਬਣਿਆ। ਵੀਕ-ਐਂਡ ’ਤੇ ਐਤਵਾਰ ਸਵੇਰੇ ਸਵੇਰ ਉਸ ਨੇ ਲੋਕਾਂ ਨੂੰ ਯੋਗਾ ਸਿਖਾਉਣਾ ਸ਼ੁਰੂ ਕਰ ਦਿੱਤਾ। ਉਹ ਯੋਗਾ ਦੀਆਂ ‘ਫ਼ਰੀ ਕਲਾਸਾਂ’ ਲਗਾਉਂਦਾ ਹੈ ਅਤੇ ਉਸ ਦੀ ਕਲਾਸ ਵਿੱਚ ਇੱਕ ਸਮੇਂ 15-20 ਵਿਦਿਆਰਥੀ ਹੁੰਦੇ ਹਨ। ਉਸ ਦਾ ਕਹਿਣਾ ਕਿ ਇਸ ਨਾਲ ਮਨ ਵਿੱਚ ਮਨੁੱਖਵਾਦੀ ਸੋਚ, ਲੋਕਾਂ ਦੇ ਭਲੇ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਜਜ਼ਬਾ ਪੈਦਾ ਹੁੰਦਾ ਹੈ। ਉਸ ਦੀਆਂ ਇਹ ਯੋਗਾ ਕਲਾਸਾਂ ਪਿਛਲੇ 10 ਸਾਲਾਂ ਤੋਂ ਬਾਕਾਇਦਾ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਉਹ ਲੋਕਾਂ ਨੂੰ ਯੋਗਾ ਦੇ ਵੱਖ-ਵੱਖ ਆਸਣਾਂ ਦੀ ਸਿਖਲਾਈ ਦਿੰਦਾ ਹੈ। ਇਹ ਉਸ ਦਾ ਸ਼ੌਕ ਹੈ, ਜਿਸ ਨੂੰ ਉਹ ਲੋਕ ਭਲਾਈ ਦੇ ਕੰਮ ਵਜੋਂ ਲੈ ਰਿਹਾ ਹੈ। ਉਹ ਵੱਖ-ਵੱਖ ਥਾਵਾਂ ’ਤੇ ਲਗਾਏ ਜਾਂਦੇ ‘ਆਰਟ ਆਫ ਲਿਵਿੰਗ’ ਦੇ ਕੈਂਪਾਂ ਵਿੱਚ ਵੀ ਹਾਜ਼ਰੀ ਭਰਦਾ ਹੈ।
ਦੌੜਨ ਦਾ ਬਾਕਾਇਦਾ ਸ਼ੌਕ।
ਦੌੜਨ ਦਾ ਬਾਕਾਇਦਾ ਸ਼ੌਕ ਜੱਸੀ ਨੂੰ 2015 ਵਿੱਚ ਪੈਦਾ ਹੋਇਆ ਜਦੋਂ ਇੱਕ ਦਿਨ ਉਸ ਦੇ ਮਨ ਵਿੱਚ ਆਇਆ ਕਿ ਉਹ ਉਸ ਦਿਨ ਘੱਟੋ-ਘੱਟ 5 ਕਿਲੋਮੀਟਰ ਜ਼ਰੂਰ ਦੌੜੇਗਾ। ਉਸ ਨੇ ਦੌੜਨਾ ਸ਼ੁਰੂ ਕੀਤਾ। ਦੋ-ਤਿੰਨ ਕਿਲੋਮੀਟਰ ਦੌੜਨ ਤੋਂ ਬਾਅਦ ਉਸ ਦਾ ਸਾਹ ਫੁੱਲਣਾ ਸ਼ੁਰੂ ਹੋ ਗਿਆ। ਰੁਕਣ ਨੂੰ ਦਿਲ ਕੀਤਾ ਪਰ ਉਹ ਰੁਕਿਆ ਨਹੀਂ ਅਤੇ ਦੌੜਨਾ ਜਾਰੀ ਰੱਖਿਆ। ਕਈ ਵਾਰ ਉਸ ਦਾ ਮਨ ਕਰਦਾ ਕਿ ਉਹ ਇਸ ਵਿਚਾਲੇ ਥੋੜ੍ਹਾ ਜਿਹਾ ਦਮ ਲੈ ਲਵੇ ਪਰ ਫਿਰ ਆਪਣੇ ਕੀਤੇ ਹੋਏ ਦ੍ਰਿੜ੍ਹ ਇਰਾਦੇ ਅਨੁਸਾਰ ਅੱਗੇ ਵਧਦਾ ਗਿਆ ਅਤੇ ਪੰਜ ਕਿਲੋਮੀਟਰ ਦੌੜ ਪੂਰੀ ਕਰਕੇ ਹੀ ਦਮ ਲਿਆ। ਉਹ ਕਹਿੰਦਾ ਹੈ ਕਿ ਇਸ ਦੌੜ ਦੇ ਆਖ਼ਰੀ ਪੜਾਅ ’ਤੇ ਉਹ ਡਿਗਣ ਵਾਲਾ ਹੋ ਗਿਆ ਸੀ ਪਰ ਉਹ ਆਪਣੇ ਹਠ ’ਤੇ ਕਾਇਮ ਰਿਹਾ ਅਤੇ ਅੱਗੇ ਚੱਲਦਾ ਹੀ ਗਿਆ। ਇਸ ਦੌੜ ਨਾਲ ਉਸ ਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਉਹ ਪੰਜ ਕਿਲੋਮੀਟਰ ਦੀ ਦੌੜ ਬੜੀ ਆਸਾਨੀ ਨਾਲ ਲਗਾ ਸਕਦਾ ਹੈ ਅਤੇ ਅੱਗੋਂ ਇਸ ਨੂੰ ਹੋਰ ਵੀ ਵਧਾ ਸਕਦਾ ਹੈ।
ਟੀਪੀਏਆਰ ਕਲੱਬ ਵਿੱਚ ਸ਼ਮੂਲੀਅਤ ਤੇ ਹਾਫ-ਮੈਰਾਥਨ ਦੀ ਸ਼ੁਰੂਆਤ।
2017 ਵਿੱਚ ਜੱਸੀ ਧਾਲੀਵਾਲ ਦਾ ਮੇਲ਼ ਮਨਜੀਤ ਸਿੰਘ ਨੌਟਾ ਨਾਲ ਹੈਮਿਲਟਨ ਦੇ ਨੇੜੇ ‘ਹੈੱਲਥ ਰੀਟਰੀਟ ਸੈਂਟਰ’ ਵਿੱਚ ਹੋਇਆ ਜਿੱਥੇ ਸਿਹਤ ਸੰਬੰਧੀ ਲਗਾਏ ਇੱਕ ਕੈਂਪ ਵਿੱਚ ਸ਼ਾਮਲ ਹੋਣ ਲਈ ਉਹ ਦੋਵੇਂ ਗਏ ਸਨ। ਫਿਰ ਦੋ ਕੁ ਸਾਲ ਉਹ ਇੱਕ ਦੂਸਰੇ ਤੋਂ ਵਿੱਛੜੇ ਰਹੇ ਅਤੇ ਇੱਕ ਦਿਨ ਫਿਲਮੀ ਕਹਾਣੀ ਵਾਂਗ ਅਚਾਨਕ ਹੀ ਡਿਕਸੀ ਗੁਰੂਘਰ ਉਹ ਦੁਬਾਰਾ ਮਿਲ਼ ਪਏ। ਮਨਜੀਤ ਨੌਟਾ ਨੇ ਜਦੋਂ ਉਸ ਨਾਲ ਟੀਪੀਏਆਰ ਕਲੱਬ (ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ) ਦੀਆਂ ਬਰੈਂਪਟਨ ਵਿੱਚ ਚੱਲ ਰਹੀਆਂ ਸਰਗ਼ਰਮੀਆਂ ਬਾਰੇ ਗੱਲ ਕੀਤੀ ਤਾਂ ਜੱਸੀ ਦੀ ਦਿਲਚਸਪੀ ਇਸ ਕਲੱਬ ਵਿੱਚ ਸ਼ਾਮਲ ਹੋਣ ਦੀ ਬਣ ਗਈ। ਮਨਜੀਤ ਨੌਟਾ ਦੀ ਪ੍ਰੇਰਨਾ ਸਦਕਾ ਉਹ 2019 ਵਿੱਚ ਇਸਦਾ ਰੈਗੂਲਰ ਮੈਂਬਰ ਬਣ ਗਿਆ ਅਤੇ ਇਸ ਕਲੱਬ ਦੇ ਮੈਂਬਰ ਵਜੋਂ ਉਸ ਨੇ ਪਹਿਲੀ ਵਾਰ ਟੋਰਾਂਟੋ ਵਿਖੇ 2019 ਵਿੱਚ ਹੋਈ ‘ਸਕੋਸ਼ੀਆ ਬੈਂਕ ਵਾਟਰਫਰੰਟ ਮੈਰਾਥਨ’ ਵਿੱਚ ਹਾਫ-ਮੈਰਾਥਨ (21 ਕਿਲੋਮੀਟਰ) ਇੱਕ ਘੰਟਾ 58 ਮਿੰਟ ਵਿੱਚ ਪੂਰੀ ਕਰਦਿਆਂ ਸਫ਼ਲਤਾ ਪੂਰਵਕ ਭਾਗ ਲਿਆ।
2020 ਵਿੱਚ ਸਾਰੀ ਦੁਨੀਆਂ ਵਿੱਚ ਕਰੋਨਾ ਮਹਾਂਮਾਰੀ ਫੈਲ ਗਈ ਜਿਸ ਕਾਰਨ ਇਹ ਮੈਰਾਥਨ ਦੌੜ ਨਾ ਹੋ ਸਕੀ ਅਤੇ ਇਸ ਬਿਮਾਰੀ ਦਾ ਪ੍ਰਕੋਪ 2021 ਵਿੱਚ ਵੀ ਉਵੇਂ ਹੀ ਜਾਰੀ ਰਿਹਾ। ਲੋਕ ਡਰ ਦੇ ਮਾਰੇ ਘਰਾਂ ਵਿੱਚ ਤੜੇ ਰਹੇ ਪਰ ਜੱਸੀ ਨੇ ਨਿੱਜੀ ਤੌਰ ’ਤੇ ਆਪਣਾ ਅਭਿਆਸ ਜਾਰੀ ਰੱਖਿਆ। ਫਿਰ ਜਦੋਂ 2022 ਵਿੱਚ ਇਹ ਦੌੜ ਮੁੜ ਆਰੰਭ ਹੋਈ ਤਾਂ ਉਸ ਨੇ ਦੂਸਰੀ ਵਾਰ ਇਸ ਹਾਫ-ਮੈਰਾਥਨ ਵਿੱਚ ਵਿੱਚ ਹਿੱਸਾ ਲਿਆ ਅਤੇ ਇਸ ਨੂੰ ਪੂਰੀ ਕਰਨ ਦੇ ਆਪਣੇ ਸਮੇਂ ਵਿੱਚ ਸੁਧਾਰ ਕੀਤਾ।
ਹਾਫ-ਮੈਰਾਥਨ ਤੇ ਹੋਰ ਦੌੜਾਂ ਦੀ ਲਗਾਤਾਰਤਾ ਤੇ ‘ਫੁੱਲ ਮੈਰਾਥਨ’ ਦੀ ਸ਼ੁਰੂਆਤ।
ਟੀਪੀਏਆਰ ਕਲੱਬ ਦੇ ਮੈਂਬਰ ਵਜੋਂ ਹਾਫ-ਮੈਰਾਥਨ ਵਿੱਚ ਭਾਗ ਲੈਣ ਦਾ ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ। ਉਸ ਨੇ ਮਈ 2022 ਵਿੱਚ ਜੌਰਜਿਨਾ ਸ਼ਹਿਰ ਵਿੱਚ ਹੋਈ ਹਾਫ-ਮੈਰਾਥਨ, ਨਵੰਬਰ 2023 ਵਿੱਚ ‘ਹੈਮਿਲਟਨ ਹਾਫ-ਮੈਰਾਥਨ’, ਮਾਰਚ 2024 ਵਿੱਚ ‘ਚਿੱਲੀ ਮੈਰਾਥਨ’ ਵਿੱਚ ਹਾਫ-ਮੈਰਾਥਨ ਲਗਾ ਕੇ ਹੁਣ ਤੀਕ ਪੰਜ ਹਾਫ-ਮੈਰਾਥਨ ਦੌੜਾਂ ਵਿੱਚ ਹਿੱਸਾ ਲੈ ਚੁੱਕਾ ਹੈ। ਇਸਦੇ ਨਾਲ ਹੀ ਉਸ ਨੇ ‘ਬਿੰਬੋ 10 ਕਿਲੋਮੀਟਰ’ (2023, 2024), ‘ਡੌਨ ਡੌਆਨ ਡੈਸ਼ ਬਰੈਂਪਟਨ 10 ਕਿਲੋਮੀਟਰ’ (2024), ‘ਟੋਰਾਂਟੋ ਅੰਡਰ ਆਰਮਰ 10 ਕਿਲੋਮੀਟਰ’ (2024), ‘ਟੋਰਾਂਟੋ ਸੁਪਰਪਾਵਰ 10 ਕਿਲੋਮੀਟਰ’ (2023, 2024), ‘ਇੰਸਪੀਰੇਸ਼ਨਲ ਸਟੈੱਪਸ 10 ਕਿਲੋਮੀਟਰ (2023, 2024) ਅਤੇ ‘ਪੀਲ ਪੋਲੀਸ ਰੇਸ ਅਗੇਂਸਟ ਰੇਸਿਜ਼ਮ’ 5 ਕਿਲੋਮੀਟਰ’ (2023, 2024) ਵਿੱਚ ਵੀ ਸਫ਼ਲਤਾ ਪੂਰਵਕ ਹਿੱਸਾ ਲਿਆ ਹੈ। ਪੰਜ ਕਿਲੋਮੀਟਰ ਵਾਲੀਆਂ ਰੇਸਾਂ, ਜਿਨ੍ਹਾਂ ਵਿੱਚ ਉਹ ਦੌੜਿਆ ਹੈ, ਦੀ ਗਿਣਤੀ ਦਾ ਉਸ ਨੂੰ ਖ਼ੁਦ ਪਤਾ ਨਹੀਂ ਹੈ।
ਸਭ ਤੋਂ ਮਹੱਤਵਪੂਰਨ ਦੌੜ ਉਸ ਦੇ ਲਈ 27 ਅਕਤੂਬਰ 2024 ਨੂੰ ਹੋਈ ‘ਨਿਆਗਰਾ ਫਾਲ ਮੈਰਾਥਨ’ ਹੈ, ਜਿਸ ਵਿੱਚ ਉਸ ਨੇ 42 ਕਿਲੋਮੀਟਰ ਦੌੜ ਕੇ ਆਪਣੇ ਜੀਵਨ ਦੀ ਪਹਿਲੀ ‘ਫੁੱਲ-ਮੈਰਾਥਨ’ 4 ਘੰਟੇ, 9 ਮਿੰਟ 49 ਸਕਿੰਟ ਵਿੱਚ ਸੰਪੰਨ ਕੀਤੀ ਹੈ। ਇਸ ਮੈਰਾਥਨ ਦੌੜ ਵਿੱਚ 641 ਦੌੜਾਕਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਉਹ 302’ਵੇਂ ਨੰਬਰ ’ਤੇ ਆਇਆ। ਆਪਣੇ 40-44 ਸਾਲ ਦੇ ਉਮਰ-ਵਰਗ ਵਿੱਚ ਉਸਦਾ 22ਵਾਂ ਸਥਾਨ ਹੈ। ਇਹ ਵੀ ਜ਼ਿਕਰਯੋਗ ਹੈ ਕਿ ਇਸ ਸਮੇਂ ਉਸ ਦੀ ਉਮਰ 43 ਸਾਲ ਹੈ। ਇਸ ਮੈਰਾਥਨ ਦੌੜ ਨੂੰ ਉਹ ਆਪਣੇ ਜੀਵਨ ਦੀ ਪਹਿਲੀ ਮੁੱਖ-ਪ੍ਰਾਪਤੀ ਸਮਝਦਾ ਹੈ ਅਤੇ ਉਹ ਆਪਣੇ ਇਸ ਕਾਰਜ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ।
ਜੱਸੀ ਧਾਲੀਵਾਲ ਦਾ ਨਿਸ਼ਾਨਾ।
ਜੱਸੀ ਦਾ ਨਿਸ਼ਾਨਾ ਇਸ ਖ਼ੇਤਰ ਵਿੱਚ ਬਹੁਤ ਅੱਗੇ ਜਾਣ ਦਾ ਹੈ। ਉਹ ਅੱਗੋਂ ਹੋਣ ਵਾਲੀਆਂ ਵੱਧ ਤੋਂ ਵੱਧ ਹਾਫ ਤੇ ਫੁੱਲ ਮੈਰਾਥਨ ਦੌੜਾਂ ਵਿੱਚ ਲਗਾਤਾਰ ਹਿੱਸਾ ਲੈਣ ਦਾ ਇੱਛੁਕ ਹੈ। ਉਹ ਅਮਰੀਕਾ ਦੇ ਸ਼ਹਿਰ ਬੋਸਟਨ ਵਿੱਚ ਹੋਣ ਵਾਲੀ ਅਗਲੀ ਅੰਤਰਰਾਸ਼ਟਰੀ ‘ਬੋਸਟਨ ਮੈਰਾਥਨ’ ਵਿੱਚ ਭਾਗ ਲੈਣਾ ਚਾਹੁੰਦਾ ਹੈ ਅਤੇ ਅੱਗੋਂ ਦੁਨੀਆਂ ਦੇ ਹੋਰ ਸ਼ਹਿਰਾਂ ਲੰਡਨ, ਬਰਲਿਨ, ਟੋਕੀਓ, ਸ਼ਿਕਾਗੋ ਅਤੇ ਨਿਊਯਾਰਕ ਵਿੱਚ ਹੋਣ ਵਾਲੀਆਂ ਅੰਤਰਰਾਸ਼ਟਰੀ ਮੈਰਾਥਨਾਂ ਵਿੱਚ ਸਫ਼ਲਤਾ ਪੂਰਵਕ ਹਿੱਸਾ ਲੈ ਕੇ “ਸਿਕਸ ਸਟਾਰ ਐਬਟ ਮੈਰਾਥਨ ਰਨਰ” ਬਣਨਾ ਚਾਹੁੰਦਾ ਹੈ। ਇਸਦੇ ਲਈ ਉਸ ਨੂੰ ਪਰਿਵਾਰ ਵੱਲੋਂ ‘ਫੁੱਲ ਸੁਪੋਰਟ’ ਤੇ ਹੱਲਾਸ਼ੇਰੀ ਮਿਲ ਰਹੀ ਹੈ। ਇਸ ਨਿਸ਼ਾਨੇ ਵੱਲ ਅੱਗੇ ਵਧਣ ਲਈ ਉਸ ਦੇ ਮਾਤਾ-ਪਿਤਾ, ਪਤਨੀ ਅੰਮ੍ਰਿਤ ਧਾਲੀਵਾਲ, ਬੇਟੀ ਕੁਦਰਤ ਧਾਲੀਵਾਲ, ਬੇਟਾ ਗੁਰਸ਼ਾਨ ਧਾਲੀਵਾਲ ਅਤੇ ਦੋਸਤ-ਮਿੱਤਰ ਲਗਾਤਾਰ ਉਸ ਦੀ ਹੌਸਲਾ ਅਫ਼ਜ਼ਾਈ ਕਰਦੇ ਰਹਿੰਦੇ ਹਨ।
ਬੇਟੀ ਕੁਦਰਤ ਧਾਲੀਵਾਲ ਇਸ ਸਮੇਂ ਇੰਗਲੈਂਡ ਵਿੱਚ ਐੱਲ.ਐੱਲ.ਬੀ. ਕਰ ਰਹੀ ਹੈ ਅਤੇ ਬੇਟਾ ਗੁਰਸ਼ਾਨ ਧਾਲੀਵਾਲ ਹਾਈ ਸਕੂਲ ਦੇ ਗਿਆਰਵੇਂ ਗਰੇਡ ਦਾ ਵਿਦਿਆਰਥੀ ਹੈ। ਉਨ੍ਹਾਂ ਦੋਹਾਂ ਨੂੰ ਵੀ ਦੌੜਨ ਦਾ ਸ਼ੌਕ ਹੈ ਅਤੇ ਉਹ ਆਪਣੇ ਬਾਪ ਦੇ ਕਦਮ-ਚਿੰਨ੍ਹਾਂ ’ਤੇ ਚੱਲ ਰਹੇ ਹਨ। ਦੋਵੇਂ ਆਪਣੀ ਪੜ੍ਹਾਈ ਵਿੱਚ ਮਸਰੂਫ਼ ਹਨ ਪਰ ਨਾਲ ਹੀ ਦੌੜਾਂ ਤੇ ਹੋਰ ਖੇਡਾਂ ਦੇ ਮੁਕਾਬਲਿਆਂ ਵਿੱਚ ਵੀ ਹਿੱਸਾ ਲੈਂਦੇ ਹਨ। ਉਹ ਹਫ਼ਤੇ ਵਿੱਚ 4-5 ਦਿਨ ਜਿੰਮ ਜਾਂਦੇ ਹਨ ਅਤੇ ਆਪਣੀ ਸਿਹਤ ਦਾ ਪੂਰਾ ਖ਼ਿਆਲ ਰੱਖ ਰਹੇ ਹਨ। ਦੋਵੇਂ ਵਧੀਆ ਤੈਰਾਕ ਹਨ ਅਤੇ ਭੰਗੜੇ ਦੇ ਵੀ ਮਾਹਿਰ ਹਨ। ਬੇਟਾ ਗੁਰਸ਼ਾਨ ਧਾਲੀਵਾਲ ਆਪਣੇ ਬਾਪ ਵਾਲੇ ਬਾਸਕਟਬਾਲ ਖੇਡਣ ਦੇ ਸ਼ੌਕ ਨੂੰ ਵੀ ਬਾਖ਼ੂਬੀ ਪਾਲ ਰਿਹਾ ਹੈ।
ਟੀਪੀਏਆਰ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਜੱਸੀ ਧਾਲੀਵਾਲ ਨੂੰ ਭਰਪੂਰ ਥਾਪੜਾ ਅਤੇ ਉਤਸ਼ਾਹ ਬਰਾਬਰ ਮਿਲ ਰਿਹਾ ਹੈ। ਕਲੱਬ ਨੂੰ ਆਪਣੇ ਇਸ ਨੌਜਵਾਨ ਮੈਂਬਰ ਉੱਪਰ ਬੜੀਆਂ ਆਸਾਂ ਤੇ ਉਮੀਦਾਂ ਹਨ। ਉਹ ਜੱਸੀ ਧਾਲੀਵਾਲ ਦੀ ਹੁਣ ਤਕ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਉਨ੍ਹਾਂ ਨੂੰ ਪੂਰਨ ਭਰੋਸਾ ਹੈ ਕਿ ਉਹ ਕਲੱਬ ਦੇ ਸੀਨੀਅਰ ਮੈਂਬਰ ਧਿਆਨ ਸਿੰਘ ਸੋਹਲ ਵਾਂਗ ਅਗਲੇ ਸਾਲ ਹੋਣ ਵਾਲੀ ‘ਬੋਸਟਨ ਇੰਟਰਨੈਸ਼ਨਲ ਮੈਰਾਥਨ’ ਵਿੱਚ ਭਾਗ ਲਏਗਾ ਅਤੇ ਆਪਣੀ ਕਲੱਬ ਦਾ ਤੇ ਪੰਜਾਬੀ ਕਮਿਊਨਿਟੀ ਦਾ ਨਾਂ ਰੌਸ਼ਨ ਕਰੇਗਾ।
ਸੀ.ਐੱਨ. ਟਾਵਰ ਦੀਆਂ ਪੌੜੀਆਂ ਚੜ੍ਹਨ ਦਾ ਸ਼ੌਕ।
ਟੀਪੀਏਆਰ ਕਲੱਬ ਦੇ ਮੈਂਬਰ ਪਿਛਲੇ ਕਈ ਸਾਲਾਂ ਤੋਂ ਟੋਰਾਂਟੋ ਦੇ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦੇ ਮੁਕਾਬਲੇ ਵਿੱਚ ਲਗਾਤਾਰ ਹਿੱਸਾ ਲੈਂਦੇ ਆ ਰਹੇ ਹਨ ਅਤੇ ਜੱਸੀ ਧਾਲੀਵਾਲ ਵੀ ਆਪਣੇ ਸਾਥੀ ਮੈਂਬਰਾਂ ਨਾਲ ਇਹ ਪੌੜੀਆਂ ਚੜ੍ਹ ਰਿਹਾ ਹੈ। ਉਸ ਨੇ 2023 ਅਤੇ 2024 ਵਿੱਚ ਹੋਏ ਦੋ ਈਵੈਂਟਸ ਵਿੱਚ ਭਾਗ ਲਿਆ ਹੈ ਅਤੇ ਇਹ ਪੌੜੀਆਂ ਸਫ਼ਲਤਾ ਪੂਰਵਕ ਚੜ੍ਹੀਆਂ ਹਨ। ਉਸਦੇ ਹੋਰ ਸ਼ੌਕਾਂ ਬਾਰੇ ਜਦੋਂ ਉਸਦੇ ਕੋਲੋਂ ਪੁੱਛਿਆ ਗਿਆ ਤਾਂ ਉਸ ਦਾ ਜਵਾਬ ਸੀ ਕਿ ਉਸ ਨੂੰ ਸਰੀਰਕ ਤੇ ਮਾਨਸਿਕ ਸਿਹਤ ਦੀ ਜਾਗਰੂਕਤਾ ਬਾਰੇ ਪੁਸਤਕਾਂ ਪੜ੍ਹਨ ਦਾ ਸ਼ੌਕ ਹੈ। ਗਰਮੀਆਂ ਦੇ ਮਹੀਨਿਆਂ ਦੌਰਾਨ ਉਸ ਨੂੰ ਘਰੇਲੂ ਬਗੀਚੀ ਵਿੱਚ ਸਬਜ਼ੀਆਂ ਤੇ ਫੁੱਲ ਵਗ਼ੈਰਾ ਉਗਾਉਣ ਦਾ ਵੀ ਸ਼ੌਕ ਹੈ। ਇਸ ਨਾਲ ਉਸ ਨੂੰ ਮਾਨਸਿਕ ਤਸੱਲੀ ਮਿਲਦੀ ਹੈ ਅਤੇ ਸਰੀਰ ਅਤੇ ਮਨ ਦੋਵੇਂ ਰੁੱਝੇ ਰਹਿੰਦੇ ਹਨ। ਅਲਬੱਤਾ ਟੀ.ਵੀ. ਵੇਖਣ ਦੀ ਉਸ ਨੂੰ ਬਹੁਤੀ ਚਾਹਤ ਨਹੀਂ ਹੈ।
ਜੱਸੀ ਧਾਲੀਵਾਲ ਧੁਨ ਦਾ ਪੱਕਾ ਹੈ ਅਤੇ ਉਹ ਆਪਣੇ ਨਿਸ਼ਾਨੇ ਵੱਲ ਬਾਖ਼ੂਬੀ ਵਧ ਰਿਹਾ ਹੈ। ਟਰੱਕ ਡਰਾਈਵਰੀ ਦੇ ਆਪਣੇ ਪੇਸ਼ੇ ਦੇ ਨਾਲ ਨਾਲ ਉਹ ਦੌੜਾਂ ਦੇ ਆਪਣੇ ਪ੍ਰੋਗਰਾਮਾਂ ਵਿੱਚ ਵੀ ਨਿਰੰਤਰ ਹਿੱਸਾ ਲੈ ਰਿਹਾ ਹੈ। ਉਹ ‘ਯੋਗਾ’ ਕਰ ਰਿਹਾ ਹੈ ਅਤੇ ਕਰਵਾ ਵੀ ਰਿਹਾ ਹੈ। ‘ਆਰਟ ਆਫ ਲਿਵਿੰਗ’ ਨੂੰ ਵੀ ਆਪਣੇ ਜੀਵਨ ਵਿੱਚ ਅਪਣਾਅ ਰਿਹਾ ਹੈ। ਇਸ ਤਰ੍ਹਾਂ ਉਹ ਜੀਵਨ ਵਿੱਚ ਆਪਣੇ ਮਿਥੇ ਹੋਏ ਸਾਰੇ ਕੰਮ ਬਾਖ਼ੂਬੀ ਨਿਭਾ ਰਿਹਾ ਹੈ।
ਪ੍ਰਮਾਤਮਾ ਕਰੇ, ਸਫ਼ਲਤਾ ਉਸ ਦੇ ਪੈਰ ਚੁੰਮੇ ਅਤੇ ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਵੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5441)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)