SukhdevSJhandDr7ਅਗਲੇ ਪਲੈਨ ਬਾਰੇ ਕੁਲਦੀਪ ਗਰੇਵਾਲ ਦਾ ਕਹਿਣਾ ਹੈ ਕਿ ਉਹ ਅੱਗੋਂ ਹੋਰ ਮਿਹਨਤ ਕਰੇਗਾ ਅਤੇ ...”
(14 ਦਸੰਬਰ 2024)

 

14December2024
ਕੁਲਦੀਪ ਸਿੰਘ ਗਰੇਵਾਲ ਆਪਣੇ ਪਰਿਵਾਰ ਨਾਲ


ਤਕੜੇ ਜੁੱਸੇ ਵਾਲੇ ਲੋਹੇ ਵਰਗੇ ਸਖਤ ਸਰੀਰ ਦੇ ਮਾਲਕ ਕਿਸੇ ਰਿਸ਼ਟ-ਪੁਸ਼ਟ ਮਨੁੱਖ ਨੂੰ ‘ਲੋਹ-ਪੁਰਸ਼’ ਜਾਂ ਠੇਠ ਪੰਜਾਬੀ ਵਿੱਚ ‘ਇਹ ਤਾਂ ਨਿਰਾ ਲੋਹਾ ਈ ਆ’ ਕਹਿੰਦਿਆਂ ਆਮ ਹੀ ਸੁਣਿਆ ਹੋਵੇਗਾ ਪਰ ਕਿਸੇ ਨੂੰ ‘ਅੱਧਾ ਲੋਹਪੁਰਸ਼’” ਜਾਂ ‘ਹਾਫ ਆਇਰਨਮੈਨ’ ਆਖਦਿਆਂ ਘੱਟ ਹੀ ਸੁਣਾਈ ਦਿੱਤਾ ਹੋਵੇਗਾ। ਆਉ ਵੇਖਦੇ ਹਾਂ
, ਫਿਰ ਕਿਸੇ ਇਨਸਾਨ ਨੂੰ ‘ਅੱਧਾ ਲੋਹ-ਪੁਰਸ਼’ ਜਾਂ ‘ਹਾਫ-ਆਇਰਨਮੈਨ’ ਕਹਿਣ ਦਾ ਕੀ ਭਾਵ ਹੈ।

ਦਰਅਸਲ ‘ਆਇਰਨਮੈਨ’ ਅਤੇ ‘ਹਾਫ ਆਇਰਨਮੈਨ’ ਦੋ ਵੱਖ-ਵੱਖ ‘ਖਿਤਾਬ’ (ਟਾਈਟਲ) ਹਨ ਜੋ ਦੋ ਦੁਨੀਆਂ ਦੇ ਵੱਖੋ-ਵੱਖਰੇ ਸਖ਼ਤ ਸਰੀਰਕ ਮੁਕਾਬਲਿਆਂ ਵਿੱਚੋਂ ਗੁਜ਼ਰਦਿਆਂ ਹੋਇਆਂ ਇਨ੍ਹਾਂ ਵਿੱਚੋਂ ਸਫਲ ਹੋਣ ਵਾਲਿਆਂ ਨੂੰ ਮੁਕਾਬਲਿਆਂ ਦੇ ਪ੍ਰਬੰਧਕਾਂ ਵੱਲੋਂ ਪ੍ਰਦਾਨ ਕੀਤੇ ਜਾਂਦੇ ਹਨ। ਇਹ ਦੋਵੇਂ ਮੁਕਾਬਲੇ ਹੀ ਬੜੇ ਸਖ਼ਤ ਤੇ ਰੌਚਕ ਹਨ।

ਹਾਫ-ਆਇਰਨਮੈਨ ਮੁਕਾਬਲੇ’ ਦੀ ਜੇਕਰ ਪਹਿਲਾਂ ਗੱਲ ਕਰੀਏ ਤਾਂ ਇਸ ਵਿੱਚ ਭਾਗ ਲੈਣ ਵਾਲਿਆਂ ਨੂੰ ਪਹਿਲਾਂ ਦੋ ਕਿਲੋਮੀਟਰ ਤੈਰਨਾ ਹੁੰਦਾ ਹੈ ਅਤੇ ਤੈਰਾਕੀ ਦਾ ਇਹ ਇਵੈਂਟ ਇੱਕ ਘੰਟਾ 10 ਮਿੰਟਾਂ ਦੇ ਨਿਸ਼ਚਿਤ ਕੀਤੇ ਗਏ ਸਮੇਂ ਵਿੱਚ ਪੂਰਾ ਕਰਨਾ ਹੁੰਦਾ ਹੈ। ਇਹ ਪਹਿਲਾ ਪੜਾ ਪਾਰ ਕਰਨ ਵਾਲੇ ਮੁਕਾਬਲੇਬਾਜ਼ ਹੀ ਅੱਗੇ ਬਾਈਸਾਈਕਲ ਚਲਾਉਣ ਵਾਲੇ ਦੂਸਰੇ ਪੜਾ ਵਿੱਚ ਦਾਖ਼ਲ ਹੁੰਦੇ ਹਨ, ਜਿਸ ਵਿੱਚ ਉਨ੍ਹਾਂ ਨੇ 90 ਕਿਲੋਮੀਟਰ ਸਾਈਕਲ 4 ਘੰਟੇ 20 ਮਿੰਟਾਂ ਵਿੱਚ ਚਲਾਉਣਾ ਹੁੰਦਾ ਹੈ ਅਤੇ ਜਿਹੜੇ ਇਹ ਦੂਸਰਾ ਪੜਾ ਪਾਰ ਕਰ ਲੈਂਦੇ ਹਨ, ਉਹ ਅੱਗੋਂ 21 ਕਿਲੋਮੀਟਰ ਹਾਫ-ਮੈਰਾਥਨ ਵਾਲੇ ਤੀਸਰੇ ਪੜਾ ਵਿੱਚ ਸ਼ਾਮਲ ਹੁੰਦੇ ਹਨ, ਜੋ ਦੌੜ ਉਨ੍ਹਾਂ ਨੇ 2 ਘੰਟੇ 20 ਮਿੰਟਾਂ ਵਿੱਚ ਲਗਾਉਣੀ ਹੁੰਦੀ ਹੈ।

ਇਹ ਤਿੰਨੇ ਇਵੈਂਟ ਉਨ੍ਹਾਂ ਨੇ 8 ਘੰਟੇ ਤੋਂ ਲੈ ਕੇ 8 ਘੰਟੇ 30 ਮਿੰਟਾਂ ਦੇ ਵਿੱਚ ਵਿੱਚ ਪੂਰੇ ਕਰਨੇ ਹੁੰਦੇ ਹਨ। ਇਸ ਸਮੁੱਚੇ ਮੁਕਾਬਲੇ ਨੂੰ ਪੂਰਾ ਕਰਨ ਦਾ ਅਸਲ ਸਮਾਂ 8 ਘੰਟੇ ਦਾ ਹੈ। ਇਸ ਤੋਂ ਉੱਪਰਲਾ ਅੱਧਾ ਘੰਟਾ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ ‘ਚੇਂਜਿੰਗ ਟਾਈਮ’ ਜਾਂ ‘ਟ੍ਰਾਂਜ਼ੀਸ਼ਨ ਟਾਈਮ’ ਵਜੋਂ ਦਿੱਤਾ ਜਾਂਦਾ ਹੈ, ਜਿਸ ਵਿੱਚ ਉਨ੍ਹਾਂ ਨੇ ਤੈਰਾਕੀ ਵਾਲੇ ਗਿੱਲੇ ਸਵਿੰਮਿੰਗ ਸੂਟ ਬਦਲਣੇ ਹੁੰਦੇ ਹਨ ਅਤੇ ਥੋੜ੍ਹਾ ਜਿਹਾ ਅੱਗੇ ਜਾ ਕੇ ਪਾਰਕਿੰਗ ਵਿੱਚੋਂ ਆਪਣੇ ਸਾਈਕਲ ਲੈਣੇ ਹੁੰਦੇ ਹਨ ਤੇ ਸਾਈਕਲਿੰਗ ਦਾ ਦੌਰ ਪੂਰਾ ਕਰਕੇ ਮੁੜ ਉੱਥੇ ਪਾਰਕ ਕਰਨੇ ਹੁੰਦੇ ਹਨ। ‘ਆਇਰਨ ਮੁਕਾਬਲੇ’ ਵਿੱਚ ਇਹ ਸਭ ਕੁਝ ਇਸ ਤੋਂ ਦੁੱਗਣਾ ਕਰਨਾ ਪੈਂਦਾ ਹੈ, ਭਾਵ ਚਾਰ ਕਿਲੋਮੀਟਰ ਤੈਰਾਕੀ, 180 ਕਿਲੋਮੀਟਰ ਸਾਈਕਲਿੰਗ ਅਤੇ 42 ਕਿਲੋਮੀਟਰ ਮੈਰਾਥਨ ਦੌੜ ਪੂਰੀ ਕਰਨੀ ਹੁੰਦੀ ਹੈ।

ਆਮ ਮਨੁੱਖ ਤਾਂ ਅਜਿਹੇ ਸਖ਼ਤ ਮੁਕਾਬਲਿਆਂ ਬਾਰੇ ਸੋਚ ਵੀ ਨਹੀਂ ਸਕਦਾ ਪਰ ਹੈਰਾਨੀ ਦੀ ਗੱਲ ਹੈ ਕਿ ਦੁਨੀਆਂ-ਭਰ ਵਿੱਚੋਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਹੀ ‘ਯੋਧੇ’ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਨਿੱਤਰਦੇ ਹਨ। ਉਹ ਪਹਿਲਾਂ ਕਈ ਕਈ ਸਾਲ ਆਪਣੇ ਸਰੀਰਾਂ ਨੂੰ ਖ਼ੂਬ ਕਮਾਉਂਦੇ ਹਨ ਅਤੇ ਇਨ੍ਹਾਂ ਮੁਕਬਲਿਆਂ ਦੀ ਤਿਆਰੀ ਵਿੱਚ ਜੁਟੇ ਰਹਿੰਦੇ ਹਨ। ਅੱਜ ਅਸੀਂ ਅਜਿਹੇ ਹੀ ‘ਅੱਧੇ ਲੋਹਪੁਰਸ਼’ ਕੁਲਦੀਪ ਗਰੇਵਾਲ ਬਾਰੇ ਗੱਲ ਕਰਨੀ ਹੈ ਜਿਸਨੇ ਨਿਆਗਰਾ ਫਾਲਜ਼ ਵਿਖੇ ਇਸ ਸਾਲ 15 ਸਤੰਬਰ 2024 ਨੂੰ ਹੋਏ ਹਾਫ-ਆਇਰਨਮੈਨ ਮੁਕਾਬਲੇ ਵਿੱਚ ‘ਹਾਫ ਆਇਰਨਮੈਨ’ ਦਾ ਇਹ ਖਿਤਾਬ ਹਾਸਲ ਕੀਤਾ ਹੈ ਅਤੇ ‘ਅੱਧਾ ਲੋਹਪੁਰਸ਼’ ਅਖਵਾਇਆ ਹੈ।

ਜੇ ਕੁਲਦੀਪ ਗਰੇਵਾਲ ਦੇ ਪਿਛੋਕੜ ਦੀ ਜੇਕਰ ਗੱਲ ਕਰੀਏ ਤਾਂ ਉਹ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਰੌਂਦੀਆਂ ਦਾ ਜੰਮ-ਪਲ਼ ਹੈ, ਜਿੱਥੇ ਪਿਤਾ ਸ. ਸੁਦਾਗਰ ਸਿੰਘ ਅਤੇ ਮਾਤਾ ਅਜਮੇਰ ਕੌਰ ਦੇ ਘਰ 3 ਮਾਰਚ 1959 ਨੂੰ ਉਸਦਾ ਜਨਮ ਹੋਇਆ। ਕੁਲਦੀਪ ਦਾ ਇਹ ਪਿੰਡ ਖੰਨਾ-ਮਲੇਰਕੋਟਲਾ ਸੜਕ ’ਤੇ ਪੈਂਦਾ ਹੈ। 1947 ਦੀ ਭਾਰਤ-ਪਾਕਿਸਤਾਨ ‘ਵੰਡ’ ਸਮੇਂ ਉਸ ਦੇ ਪੁਰਖਿਆਂ ਨੂੰ ਪਿੰਡ ‘ਚੀਮਾ-ਕਰੌਂਦੀਆਂ’ (ਨੇੜੇ-ਨੇੜੇ ਪੈਂਦੇ ਦੋ ਪਿੰਡਾਂ ‘ਚੀਮਾ’ ਤੇ ‘ਕਰੌਂਦੀਆਂ’ ਦਾ ਨਾਂ ਕਈ ਵਾਰ ਲੋਕਾਂ ਵੱਲੋਂ ਇਕੱਠਾ ਹੀ ਲੈ ਲਿਆ ਜਾਂਦਾ ਹੈ) ਅਤੇ ਅਮਲੋਹ ਦੇ ਨੇੜੇ ਪਿੰਡ ‘ਖਨੌੜਾ’ ਵਿੱਚ ਜ਼ਮੀਨ ਅਲਾਟ ਹੋਈ। ਖਨੌੜਾ ਪਿੰਡ ਦੀ ਜ਼ਮੀਨ ਕੁਝ ਮਾੜੀ ਸੀ। ਉਸ ਦੇ ਚਾਚੇ ਤੇ ਤਾਏ ਦਾ ਉੱਥੇ ਦਿਲ ਨਾ ਲੱਗਿਆ ਅਤੇ ਉਹ ਜ਼ਮੀਨ ਵੇਚ ਕੇ ਕੁਲਦੀਪ ਦੇ ਪਿਤਾ ਜੀ ਦੇ ਪਿੰਡ ਕਰੌਦੀਆਂ ਹੀ ਆ ਵਸੇ। ਦਰਅਸਲ, ਉਦੋਂ ਪੰਜਾਬ ਵਿੱਚ ਸਾਂਝੇ ਪਰਿਵਾਰਾਂ ਦਾ ਹੀ ਰਿਵਾਜ਼ ਸੀ ਅਤੇ ਉਹ ਸਾਰੇ ਭਰਾ ਇਕੱਠਿਆਂ ਹੀ ਰਹਿਣਾ ਚਾਹੁੰਦੇ ਸਨ।

ਕੁਲਦੀਪ ਨੇ ਮੁਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਕਰੌਂਦੀਆਂ ਤੋਂ ਕੀਤੀ, ਅੱਠਵੀਂ ਤਕ ਉਹ ਸਰਕਾਰੀ ਮਿਡਲ ਸਕੂਲ ਨਸਰਾਲੀ ਵਿੱਚ ਪੜ੍ਹਿਆ ਅਤੇ ਮੈਟ੍ਰਿਕ ਸਰਕਾਰੀ ਹਾਈ ਸਕੂਲ ਅਲੂਣਾ ਪੱਲਾ ਤੋਂ ਕੀਤੀ। ਇਸ ਤੋਂ ਅੱਗੇ ਉਹ ਨਾ ਪੜ੍ਹ ਸਕਿਆ ਕਿਉਂਕਿ 1975 ਵਿੱਚ ਉਹ ਆਪਣੇ ਵੱਡੇ ਭਰਾ ਕੋਲ ਕਿਚਨਰ (ਕੈਨੇਡਾ) ਆ ਗਿਆ। ਇੱਥੇ ਆ ਕੇ ਸੋਫ਼ੇ ਬਣਾਉਣ ਵਾਲੀ ਇੱਕ ਫ਼ੈਕਟਰੀ ਵਿੱਚ ਕੰਮ ਕਰਦਿਆਂ ਗੁਜ਼ਾਰੇ ਜੋਗੀ ਅੰਗਰੇਜ਼ੀ ਸਿੱਖਣ ਲਈ ਲੋੜੀਂਦੀਆਂ ਕਲਾਸਾਂ ਲਾਈਆਂ। 1985 ਵਿੱਚ ਉਹ ਟੈਕਸੀ ਡਰਾਈਵਿੰਗ ਦੇ ਕਿੱਤੇ ਵਿੱਚ ਆ ਗਿਆ। ਇਸ ਤੋਂ ਪਹਿਲਾਂ 1981 ਵਿੱਚ ਪੰਜਾਬ ਜਾ ਕੇ ਕੁਲਵੰਤ ਕੌਰ ਨਾਲ ਵਿਆਹ ਕਰਵਾਇਆ ਅਤੇ 1984 ਵਿੱਚ ਉਸ ਦੇ ਘਰ ਬੇਟੇ ਰਣਜੀਤ ਨੇ ਜਨਮ ਲਿਆ। ਬੇਟੀ ਕਿਰਨਦੀਪ 1986 ਅਤੇ ਛੋਟਾ ਬੇਟਾ ਰਾਜਬੀਰ 1988 ਵਿੱਚ ਪੈਦਾ ਹੋਏ।

ਇਹ ਪੁੱਛਣ ’ਤੇ ਕਿ ਦੌੜਨ-ਭੱਜਣ ਦਾ ਖਿਆਲ ਮਨ ਵਿੱਚ ਕਦੋਂ ਉਸ ਦੇ ਮਨ ਵਿੱਚ ਆਇਆ, ਉਸ ਨੇ ਦੱਸਿਆ ਕਿ ਸਕੂਲ ਵਿੱਚ ਪੜ੍ਹਦਿਆਂ ਉਸ ਨੂੰ ਫੁੱਟਬਾਲ ਤੇ ਕਬੱਡੀ ਖੇਡਣ ਦਾ ਸ਼ੌਕ ਸੀ ਅਤੇ ਇਸਦੇ ਨਾਲ ਹੀ ਸ਼ੌਕੀਆ ਦੌੜਨ ਦਾ ਵੀ। ਉਹ ਸਕੂਲਾਂ ਵਿੱਚ ਹੋਣ ਵਾਲੇ ਖੇਡ-ਮੁਕਾਬਲਿਆਂ ਵਿੱਚ ਤਾਂ ਭਾਗ ਲੈਂਦਾ ਸੀ ਪਰ ਅੱਗੋਂ ਬਲਾਕ ਜਾਂ ਜ਼ਿਲ੍ਹਾ ਪੱਧਰ ਦੇ ਖੇਡ-ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲੈ ਸਕਿਆ। ਟੈਕਸੀ ਚਲਾਉਂਦਿਆਂ ਡਰਾਈਵਰ ਸੀਟ ਉੱਪਰ ਲੰਮੀ ਬਹਿਕ ਹੋਣ ਕਰਕੇ ਉਸ ਦਾ ਭਾਰ ਕਵਿੰਟਲ ਤੋਂ ਉੱਪਰ ਹੋ ਗਿਆ, ਜਿਸਦਾ ਉਸ ਨੂੰ ਫ਼ਿਕਰ ਹੋਣ ਲੱਗਿਆ। ਭਾਰ ਘਟਾਉਣ ਲਈ ਉਸ ਨੇ ਜਿੰਮ ਜਾਣਾ ਸ਼ੁਰੂ ਕਰ ਦਿੱਤਾ ਅਤੇ ਖੁਰਾਕ ਵੱਲ ਵੀ ਕੁਝ ਧਿਆਨ ਦਿੱਤਾ। ‘ਜੰਕ ਫੂਡਜ਼’ ਦਾ ਚਸਕਾ ਤਿਆਗ ਦਿੱਤਾ ਅਤੇ ਪੰਜਾਂ-ਛੇਆਂ ਮਹੀਨਿਆਂ ਵਿੱਚ ਹੀ ਭਾਰ ਪਹਿਲੀ ਥਾਂ ’ਤੇ ਆ ਗਿਆ। ਪਰ ਉਸ ਤੋਂ ਬਾਅਦ ਫਿਰ ਉਸ ਨੂੰ ਉਸੇ ਥਾਂ ਕਾਇਮ ਰੱਖਣਾ ਵੀ ਤਾਂ ਜ਼ਰੂਰੀ ਸੀ।

ਬਰੈਂਪਟਨ ਵਿੱਚ ਸੰਧੂਰਾ ਸਿੰਘ ਬਰਾੜ ਆਪਣੇ ਕੁਝ ਸਾਥੀਆਂ ਨਾਲ ਮਿਲ਼ ਕੇ ‘ਟੋਰਾਂਟੋ ਪੀਅਰਸਨ ਏਅਰਪੋਰਟ ਰਨਰਜ਼ ਕਲੱਬ’ (ਟੀਪੀਏਆਰ ਕਲੱਬ) ਚਲਾ ਰਿਹਾ ਸੀ। ਕਲੱਬ ਦਾ ਚੇਅਰਮੈਨ ਹੋਣ ਦੇ ਨਾਤੇ ਉਹ ਕਲੱਬ ਦੇ ਮੈਂਬਰਾਂ ਅਤੇ ਹੋਰਨਾਂ ਨੂੰ ਇਸਦੀਆਂ ਸਰਗ਼ਰਮੀਆਂ ਵਿੱਚ ਭਾਗ ਲੈਣ ਲਈ ਪ੍ਰੇਰਦਾ ਰਹਿੰਦਾ ਸੀ। ਕਲੱਬ ਦੇ ਮੈਂਬਰ ਸਨਿੱਚਰਵਾਰ ਜਾਂ ਐਤਵਾਰ ਨੂੰ ਕਿਸੇ ਨਾ ਕਿਸੇ ਪਾਰਕ ਵਿੱਚ ਜਾਂ ਕਿਸੇ ਟਰੇਲ ’ਤੇ ਦੌੜਨ ਜਾਂਦੇ ਸਨ ਅਤੇ ਉਨ੍ਹਾਂ ਨੇ ਕੁਲਦੀਪ ਗਰੇਵਾਲ ਨੂੰ ਵੀ ਆਪਣੇ ਨਾਲ ਤੋਰ ਲਿਆ। ਟੈਕਸੀ ਡਰਾਈਵਿੰਗ ਦੇ ਪੇਸ਼ੇ ਵਿੱਚ ਹਫਤੇ ਵਿਚਲੇ ਕੁਝ ਦਿਨ ਉਨ੍ਹਾਂ ਕੋਲ ਵਿਹਲੇ ਹੁੰਦੇ ਸਨ ਅਤੇ ਇਨ੍ਹਾਂ ਦਿਨਾਂ ਵਿੱਚ ਉਹ ਕਈ ਵਾਰ ਇਕੱਲਾ ਵੀ ਕਿਸੇ ਪਾਰਕ ਜਾਂ ਵਾਕ-ਵੇਅ ’ਤੇ ਦੌੜਨ ਲਈ ਤੁਰ ਪੈਂਦਾ।

ਲੰਮੀ ਦੌੜ ਵਿੱਚ ਉਸ ਨੇ ‘ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ’ ਵੱਲੋਂ 2017 ਵਿੱਚ ਕਰਵਾਈ ਗਈ ਇੰਸਪੀਰੇਸ਼ਨਲ ਸਟੈੱਪਸ-2017’ ਵਿੱਚ ਪਹਿਲੀ ਵਾਰ ਹਿੱਸਾ ਲਿਆ, ਜਿਸ ਵਿੱਚ ਉਸਨੇ ‘ਹਾਫ ਮੈਰਾਥਨ’ 2 ਘੰਟੇ 33 ਮਿੰਟਾਂ ਵਿੱਚ ਪੁਰੀ ਕੀਤੀ। ਇਸ ਤੋਂ ਉਸ ਨੂੰ ਕਾਫ਼ੀ ਉਤਸ਼ਾਹ ਮਿਲਿਆ ਕਿ ਉਹ ਲੰਮੀ ਦੌੜ ਵੀ ਲਗਾ ਸਕਦਾ ਹੈ। ਫਿਰ ਉਸੇ ਸਾਲ ਅਕਤੂਬਰ 2017 ਵਿੱਚ ‘ਸਕੋਸ਼ੀਆ ਬੈਂਕ ਵਾਟਰਫਰੰਟ ਮੈਰਾਥਨ’ ਇਵੈਂਟ ਵਿੱਚ ਹਾਫ-ਮੈਰਾਥਨ 2 ਘੰਟੇ 24 ਮਿੰਟਾਂ ਵਿੱਚ ਦੌੜ ਕੇ ਉਸ ਦੇ ਹੌਸਲੇ ਵਿੱਚ ਹੋਰ ਵਾਧਾ ਹੋਇਆ ਅਤੇ ਅਗਲੇ ਸਾਲ 2018 ਵਿੱਚ ‘ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ’ ਵੱਲੋਂ ਕਰਵਾਈ ਗਈ ਇੰਸਪੀਰੇਸ਼ਨਲ ਸਟੈੱਪਸ - 2018’ ਵਿੱਚ ਹਾਫ-ਮੈਰਾਥਨ ਦਾ ਆਪਣਾ ਸਮਾਂ ਹੋਰ ਘਟਾਉਂਦਿਆਂ ਹੋਇਆਂ ਉਸਨੇ ਇਸ ਨੂੰ 2 ਘੰਟੇ 20 ਮਿੰਟਾਂ ਵਿੱਚ ਸੰਪੰਨ ਕੀਤਾ। ਇਸੇ ਸਾਲ ‘ਸਕੋਸ਼ੀਆ ਬੈਂਕ ਵਾਟਰਫਰੰਟ ਮੈਰਾਥਨ-2018’ ਵਿੱਚ ਭਾਗ ਲੈਂਦਿਆਂ ਹੋਇਆਂ ਹਾਫ-ਮੈਰਾਥਨ 2 ਘੰਟੇ 11 ਮਿੰਟਾਂ ਵਿੱਚ ਪੂਰੀ ਕੀਤੀ। ‘ਚਿੱਲੀ ਹਾਫ ਮੈਰਾਥਨ-2018’ ਉਸ ਨੇ 2 ਘੰਟੇ 5 ਮਿੰਟਾਂ ਵਿੱਚ ਲਗਾਈ ਅਤੇ ‘ਮਿਸੀਸਾਗਾ ਹਾਫ-ਮੈਰਾਥਨ’ 2 ਘੰਟੇ 2 ਮਿੰਟ 5 ਸਕਿੰਟ ਵਿੱਚ ਪੂਰੀ ਕੀਤੀ। ਗੱਲ ਕੀ, ਹਰੇਕ ਅਗਲੀ ਦੌੜ ਵਿੱਚ ਉਹ ਹਾਫ ਮੈਰਾਥਨ ਲਗਾਉਣ ਦਾ ਦੌੜਨ ਦਾ ਆਪਣਾ ਸਮਾਂ ਘੱਟ ਕਰਦਾ ਗਿਆ। 2019 ਵਿੱਚ ਉਸਨੇ ‘ਇੰਸਪੀਰੇਸ਼ਨਲ ਸਟੈੱਪਸ-2019’, ‘ਕਾਲਿੰਗਵੁੱਡ ਹਾਫ-ਮੈਰਾਥਨ’ ਅਤੇ ‘ਸਕੋਸ਼ੀਆ ਬੈਂਕ ਵਾਟਰਫਰੰਟ ਹਾਫ-ਮੈਰਾਥਨ’ ਲਗਾਈਆਂ ਅਤੇ ਦੌੜ ਦੇ ਆਪਣੇ ਸਮੇਂ ਨੂੰ ਘੱਟ ਕਰਦੇ ਹੋਏ ਇਨ੍ਹਾਂ ਵਿੱਚੋਂ ਅਖ਼ੀਰਲੀ ‘ਸਕੋਸ਼ੀਆ ਬੈਂਕ ਵਾਟਰਫਰੰਟ ਹਾਫ-ਮੈਰਾਥਨ’ ਵਿੱਚ ਚੈਲਿੰਜ ਲੈ ਕੇ ਇਹ ਇੱਕ ਘੰਟਾ 58 ਮਿੰਟ 43 ਸਕਿੰਟ ਵਿੱਚ ਸੰਪੰਨ ਕੀਤੀ।

ਇਸਦੇ ਨਾਲ ਹੀ ਉਸਨੇ ਟੀਪੀਏਆਰ ਕਲੱਬ ਦੇ ਮੈਂਬਰਾਂ ਨਾਲ 2017 ਅਤੇ 2018 ਵਿੱਚ ਸੀ ਐੱਨ ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦੇ ਈਵੈਂਟਾਂ ਵਿੱਚ ਵੀ ਹਿੱਸਾ ਲਿਆ। 2020 ਦੌਰਾਨ ਸੰਸਾਰ ਭਰ ਵਿੱਚ ‘ਕਰੋਨਾ ਮਹਾਮਾਰੀ’ ਫ਼ੈਲ ਜਾਣ ਕਾਰਨ ਕੋਈ ਵੀ ਖੇਡ-ਮੁਕਾਬਲੇ ਨਾ ਹੋ ਸਕੇ ਪਰ ਫਿਰ ਵੀ ਉਸ ਨੇ ਇਸ ਸਾਲ ‘ਵਰਚੂਅਲ ਫੁੱਲ-ਮੈਰਾਥਨ’ ਲਗਾਈ। ਹਾਫ ਤੇ ਫੁੱਲ ਮੈਰਾਥਨ ਦੌੜਾਂ ਦੇ ਨਾਲ ਨਾਲ ਉਸ ਨੇ 2019 ਵਿੱਚ ਪੀਅਰਸਨ ਏਅਰਪੋਰਟ ’ਤੇ ਹੋਈ ‘ਰੱਨ-ਵੇਅ-ਰੱਨ ਅਤੇ ‘ਐੱਨਲਾਈਟ ਕਿੱਡਜ਼ ਫਾਰ ਐਜੂਕੇਸ਼ਨ’ ਵੱਲੋਂ ਕਰਵਾਈਆਂ ਗਈਆਂ 5 ਕਿਲੋਮੀਟਰ ਤੇ 10 ਕਿਲੋਮੀਟਰ ਦੌੜਾਂ ਵਿੱਚ ਵੀ ਭਾਗ ਲਿਆ। ਕਰੋਨਾ-ਕਾਲ ਸਮਾਪਤ ਹੋਣ ’ਤੇ 1 ਮਈ 2022 ਨੂੰ ਹੋਈ ‘ਟੋਰਾਂਟੋ ਮੈਰਾਥਨ’ ਵਿੱਚ ਉਸ ਨੇ ਹਰਜੀਤ ਸਿੰਘ ਅਤੇ ਲਖਵਿੰਦਰ ‘ਲੱਖੇ’ ਨਾਲ ਭਾਗ ਲੈ ਕੇ ਇਸ ਨੂੰ 5 ਘੰਟੇ 35 ਮਿੰਟ ਵਿੱਚ ਪੂਰਾ ਕੀਤਾ।

ਇਹ ਤਾਂ ਹੋਈ ਕੁਲਦੀਪ ਗਰੇਵਾਲ ਦੀਆਂ ਹਾਫ-ਮੈਰਾਥਨ ਤੇ ‘ਫੁੱਲ-ਮੈਰਾਥਨ ਦੌੜਾਂ ਦੀ ਗੱਲ, ਹੁਣ ਉਸ ਦੇ ‘ਹਾਫ-ਆਇਰਨਮੈਨ’ ਬਣਨ ਵਾਲੇ ਪਾਸੇ ਆਉਂਦੇ ਹਾਂ। ਜਿਵੇਂ ਕਿ ਇਸ ਲੇਖ ਦੇ ਆਰੰਭ ਵਿੱਚ ਦੱਸਿਆ ਗਿਆ ਹੈ ਕਿ ਇਸ ਮੁਕਾਬਲੇ ਵਿੱਚ ‘ਹਾਫ-ਮੈਰਾਥਨ’ (21 ਕਿਲੋਮੀਟਰ) ਦੌੜ ਤੋਂ ਪਹਿਲਾਂ ਦੋ ਕਿਲੋਮੀਟਰ ਤੈਰਾਕੀ ਅਤੇ ਫਿਰ 90 ਕਿਲੋਮੀਟਰ ਸਾਈਕਲਿੰਗ ਕਰਵਾਈ ਜਾਂਦੀ ਹੈ, ਇਨ੍ਹਾਂ ਦੋਹਾਂ ਇਵੈਂਟਾਂ ਦੀ ਤਿਆਰੀ ਬਾਰੇ ਪੁੱਛਣ ’ਤੇ ਕੁਲਦੀਪ ਨੇ ਦੱਸਿਆ ਕਿ ਸਾਲ 2020 ਸਮੇਂ ਜਦੋਂ ਸਰਕਾਰੀ ਹਦਾਇਤਾਂ ਅਨੁਸਾਰ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਬੰਦ ਹੋ ਗਿਆ ਸੀ ਤਾਂ ਸੰਧੂਰਾ ਸਿੰਘ ਬਰਾੜ ਦੀ ਅਗਵਾਈ ਹੇਠ ਚੱਲ ਰਹੀ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਬਰੈਂਪਟਨ ਤੋਂ ਬਾਹਰਵਾਰ ਕਿਸੇ ਖੁੱਲ੍ਹੀ ਥਾਂ ’ਤੇ ਜਾ ਕੇ ਦੌੜਨ-ਭੱਜਣ ਦਾ ਫ਼ੈਸਲਾ ਕੀਤਾ, ਕਿਉਂਕਿ ਸਾਰੇ ਮੈਂਬਰ ਹੀ ਉਦੋਂ ਘਰਾਂ ਵਿੱਚ ਤੜੇ ਰਹਿ ਕੇ ਤੰਗ ਪੈ ਚੁੱਕੇ ਸਨ। ਇਸ ਮੰਤਵ ਲਈ ਉਨ੍ਹਾਂ ਨੇ ਕੈਲੇਡਨ ਟਰੇਲ ਦੀ ਚੋਣ ਕੀਤੀ। ਸਨਿੱਚਰਵਾਰ ਜਾਂ ਐਤਵਾਰ ਨੂੰ ਤੇ ਕਈ ਵਾਰ ਵਿਚਲੇ ਦਿਨਾਂ ਵਿੱਚ ਵੀ ਉੱਥੇ ਇਕੱਠੇ ਹੁੰਦੇ। ਉਹ ਕਦੇ ਇਸਦੇ ਪੂਰਬ ਵੱਲ ਤੇ ਕਦੇ ਪੱਛਮ ਵੱਲ ਨੂੰ ਦੌੜਨਾ ਸ਼ੁਰੂ ਕਰ ਦਿੰਦੇ ਅਤੇ 10-12 ਕਿਲੋਮੀਟਰ ਦੌੜ ਕੇ ਪਿੱਛੇ ਵਾਪਸ ਮੁੜਦੇ। ਇਸ ਤਰ੍ਹਾਂ ਹਾਫ-ਮੈਰਾਥਨ ਦੇ ਬਰਾਬਰ ਉਨ੍ਹਾਂ ਦੀ ਦੌੜ ਪੂਰੀ ਹੋ ਜਾਂਦੀ ਸੀ।

ਇਸ ਦੌਰਾਨ ਕਰਮਜੀਤ ਕੋਚ, ਜੋ ਉਨ੍ਹੀਂ ਦਿਨੀਂ ਬਲਜਿੰਦਰ ਸੇਖੋਂ ਹੁਰਾਂ ਦੇ ਨਾਲ ਸਾਈਕਲਿੰਗ ਕਰਦਾ ਸੀ, ਨੇ ਮਸ਼ਵਰਾ ਦਿੱਤਾ ਕਿ ਕਿਉਂ ਨਾ ਵਿੱਚ-ਵਿਚਾਲੇ ਕਦੇ-ਕਦੇ ਸਾਈਕਲਿੰਗ ਵੀ ਕਰ ਲਈ ਜਾਇਆ ਕਰੇ। ਫਿਰ ਕੀ ਸੀ, ਅਗਲੇ ਹੀ ਦਿਨ ਕੁਲਦੀਪ ਗਰੇਵਾਲ, ਹਰਜੀਤ ਸਿੰਘ, ਜਗਤਾਰ ਗਰੇਵਾਲ, ਜਸਪਾਲ ਗਰੇਵਾਲ, ਸੰਧੂਰਾ ਬਰਾੜ, ਕੇਸਰ ਬੜੈਚ ਤੇ ਇੱਕ-ਦੋ ਹੋਰ ਆਪੋ ਆਪਣੇ ਸਾਈਕਲ ਲੈ ਕੇ ਕੈਲੇਡਨ ਟਰੇਲ ’ਤੇ ਪਹੁੰਚ ਗਏ। ਕਈਆਂ ਕੋਲ ਤਾਂ ਸਾਈਕਲ ਪਹਿਲਾਂ ਹੈ ਸਨ ਅਤੇ ਕਈਆਂ ਨੇ ਸਾਈਕਲਿੰਗ ਦੇ ਪੈਦਾ ਹੋਏ ਇਸ ਨਵੇਂ ਸ਼ੌਕ ਲਈ ਇਹ ਉਚੇਚੇ ਖ਼ਰੀਦੇ। ਹਰਜੀਤ ਸਿੰਘ ਨੇ ਇੱਕ ਪੁਰਾਣਾ ਰੇਸਰ ਸਾਈਕਲ ‘ਜੇਮਿਸ’ ਕਿਸੇ ਕੋਲੋਂ 650 ਡਾਲਰ ਵਿੱਚ ਖ਼ਰੀਦ ਲਿਆ। ਕੁਲਦੀਪ ਗਰੇਵਾਲ ਨੇ ਇਸ ਸ਼ੌਕ ਦੇ ਲਈ ਉਚੇਚਾ ਨਵਾਂ ‘ਜੇਮਿਸ ਸਾਈਕਲ’ 700 ਡਾਲਰ ਦਾ ਖ਼ਰੀਦ ਲਿਆ। ਇਹ ਸਾਈਕਲ ਵਜ਼ਨ ਵਿੱਚ ਹਲਕਾ ਸੀ ਅਤੇ ਇਸਦਾ ਹੈਂਡਲ ਹੇਠਾਂ ਨੂੰ ਝੁਕਿਆ ਹੋਇਆ ਸੀ ਜਿਸ ਨਾਲ ਸਿਰ ਅਤੇ ਮੋਢਿਆਂ ਵਾਲਾ ਹਿੱਸਾ ਨੀਵਾਂ ਹੋਣ ਕਰਕੇ ਅੱਗੋਂ ਹਵਾ ਸਿੱਧੀ ਘੱਟ ਪੈਂਦੀ ਸੀ। ਕੁਲਦੀਪ ਨੇ ਦੱਸਿਆ ਕਿ ਰੇਸਰ ਸਾਈਕਲ ਕਈ ਤਾਂ ਬੜੇ ਬੜੇ ਮਹਿੰਗੇ ਵੀ ਹੁੰਦੇ ਹਨ ਪਰ ਉਨ੍ਹਾਂ ਨੇ ਸਧਾਰਨ ਕੀਮਤ ਵਾਲੇ ਹੀ ਖ਼ਰੀਦੇ। ਇਨ੍ਹਾਂ ਵਿੱਚੋਂ ਇੱਕ ‘ਸਰਵੇਲੋ’ ਦੀ ਕੀਮਤ 3,500 ਡਾਲਰ ਹੈ ਅਤੇ ਕਈ ਤਾਂ ਹੋਰ ਵੀ ਬੜੇ ਮਹਿੰਗੇ ਹਨ, ਜਿਨ੍ਹਾਂ ਦੀ ਕੀਮਤ 10,000 ਤੋਂ 15,000 ਡਾਲਰ ਤਕ ਹੈ।

ਇਸ ਤਰ੍ਹਾਂ ਕਰੋਨਾ-ਕਾਲ ਵਿੱਚ ਇਨ੍ਹਾਂ 8-9 ਮੈਂਬਰਾਂ ਨੇ ਸ਼ੁਗਲੀਆ ਹੀ ਸਾਈਕਲਿੰਗ ਦੀ ਸ਼ੁਰੂਆਤ ਕੀਤੀ ਅਤੇ ਉਹ ਕੈਲੇਡਨ ਟਰੇਲ ’ਤੇ 20-25 ਕਿਲੋਮੀਟਰ ਦੂਰ ਜਾ ਕੇ ਵਾਪਸ ਮੁੜ ਆਉਂਦੇ। ਵਾਪਸੀ ’ਤੇ ਨਾਲ ਲਿਆਂਦਾ ਹੋਇਆ ਭੋਜਨ ਮਿਲ਼ ਕੇ ਛਕਦੇ। ਇੰਜ ਕਰੋਨਾ ਦਾ ਮੁਸ਼ਕਿਲ ਸਮਾਂ ਦੌੜ ਅਤੇ ਸਾਈਕਲਿੰਗ ਕਰਦਿਆਂ ਉਨ੍ਹਾਂ ਲਈ ‘ਵਧੀਆ ਪਿਕਨਿਕਾਂ’ ਵਾਂਗ ਲੰਘਿਆ। ਸੀਰੀਅਸ ਸਾਈਕਲਿੰਗ ਅਤੇ ਤੈਰਾਕੀ ਦੀ ਸ਼ੁਰੂਆਤ ਕਰਨ ਬਾਰੇ ਜਦੋਂ ਕੁਲਦੀਪ ਨੂੰ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਇਹ ਕੈਲੇਡਨ ਟਰੇਲ ’ਤੇ 40-50 ਕਿਲੋਮੀਟਰ ਜਾ ਕੇ ਵਾਪਸ ਆਉਣ ਦੇ ਨਾਲ ਆਰੰਭ ਹੋਇਆ। ਕਈ ਵਾਰ ਉਹ ਮਿਸੀਸਾਗਾ ਰੋਡ ਤੋਂ ਫਰਗੂਸਨ ਤਕ ਜਾ ਕੇ ਲਗਭਗ 100 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਆਉਂਦੇ। ਕਦੇ ਉਹ ਹੈਮਿਲਟਨ ਤੋਂ ਬਰੈਂਟਫੋਰਡ (100 ਕਿਲੋਮੀਟਰ) ਅਤੇ ਕਦੇ ਬਰੈਂਟਫੋਰਡ ਤੋਂ ਪੋਰਟ ਡੌਵਰ (100 ਕਿਲੋਮੀਟਰ) ਜਾ ਆਉਂਦੇ। ਇੱਕ-ਦੋ ਵਾਰੀ ਉਹ ਬਰੈਂਪਟਨ ਤੋਂ ਸੇਂਟ ਕੈਥਰੀਨ ਆਪਣੀਆਂ ਗੱਡੀਆਂ ’ਤੇ ਜਾ ਕੇ ਅੱਗੋਂ ਨਿਆਗਰਾ ਫ਼ਾਲਜ਼ ਤਕ ਸਾਈਕਲਾਂ ’ਤੇ ਗਏ ਜੋ ਲਗਭਗ 140 ਕਿਲੋਮੀਟਰ ਬਣਦਾ ਹੈ।

ਕੁਲਦੀਪ ਗਰੇਵਾਲ ਨੇ ਦੱਸਿਆ ਕਿ ਸਵਿੰਮਿੰਗ ਦੀ ਪ੍ਰੇਰਨਾ ਉਸ ਨੂੰ ਤੇ ਹਰਜੀਤ ਸਿੰਘ ਨੂੰ ਬਲਜਿੰਦਰ ਸੇਖੋਂ ਤੋਂ ਮਿਲੀ ਜਿਸਦੇ ਮਸ਼ਵਰੇ ’ਤੇ ਸਭ ਤੋਂ ਪਹਿਲਾਂ ਉਨ੍ਹਾਂ ਨੇ ‘ਗੋਰਮੀਡੋਜ਼ ਕਮਿਊਨਿਟੀ ਸੈਂਟਰ’ ਦੇ ਸਵਿੰਮਿੰਗ ਪੂਲ ਵਿੱਚ ਰਾਤ ਦੇ ਨੌਂ ਤੋਂ ਦਸ ਵਜੇ ਜਾਣਾ ਆਰੰਭ ਕੀਤਾ, ਕਿਉਂਕਿ ਉਸ ਸਮੇਂ ਉੱਥੇ ਕੋਈ ਵਿਰਲਾ-ਟਾਵਾਂ ਹੀ ਹੁੰਦਾ ਸੀ। ਉਹ ਦੋਵੇਂ ਪੂਲ ਦੀਆਂ ਖ਼ੂਬ ਗੇੜੀਆਂ ਲਾਉਂਦੇ ਅਤੇ ਤੈਰਨ ਦਾ ਆਪਣਾ ਦਮ ਪੱਕਾ ਕਰਦੇ। ਛੇ ਕੁ ਮਹੀਨੇ ਉੱਥੇ ਅਭਿਆਸ ਕਰਨ ਤੋਂ ਬਾਅਦ ਬਲਜਿੰਦਰ ਸੇਖੋਂ ਨੇ ਉਨ੍ਹਾਂ ਨੂੰ ‘ਕਿਉਐਰੀ’ (Querry) ’ਤੇ ਜਾ ਕੇ ਤੈਰਨ ਦੀ ਪ੍ਰੈਕਟਿਸ ਕਰਨ ਦੀ ਸਲਾਹ ਦਿੱਤੀ। ਇਹ ‘ਕਿਉਐਰੀ’ ਉਹ ਜਗ੍ਹਾ ਹੈ ਜਿੱਥੋਂ ਧਰਤੀ ਵਿੱਚੋਂ ਪੱਥਰ, ਧਾਤਾਂ ਜਾਂ ਹੋਰ ਲੋੜੀਂਦੇ ਪਦਾਰਥ ਕੱਢੇ ਗਏ ਹੁੰਦੇ ਹਨ ਅਤੇ ਉਸ ਡੂੰਘੀ ਥਾਂ ’ਤੇ ਪਏ ਪਾੜ ਵਿੱਚ ਪਾਣੀ ਸਿੰਮ ਕੇ ਭਰ ਜਾਂਦਾ ਹੈ ਜੋ ਹੌਲ਼ੀ-ਹੌਲ਼ੀ ਇੱਕ ‘ਮਿੰਨੀ ਝੀਲ’ ਦਾ ਰੂਪ ਧਾਰਨ ਕਰ ਜਾਂਦਾ ਹੈ। ਗਰਮੀਆਂ ਦੇ ਮਹੀਨਿਆਂ ਵਿੱਚ ਕੁਲਦੀਪ ਅਤੇ ਹਰਜੀਤ ਦੋਵੇਂ ਇਸ ਮਿੰਨੀ ਝੀਲ ਵਿੱਚ ਜਾ ਕੇ ਤਾਰੀਆਂ ਲਾਉਣ ਲੱਗ ਪਏ। ਕੁਲਦੀਪ ਨੇ ਦੱਸਿਆ ਇਸ ਕਿਉਐਰੀ ਵਿੱਚ ਤੈਰਦਿਆਂ ਇਸਦਾ ਇੱਕ ਚੱਕਰ ਲਗਭਗ ਤਿੰਨ ਕਿਲੋਮੀਟਰ ਬਣ ਜਾਂਦਾ ਸੀ ਅਤੇ ਉਹ ਇਸਦੇ ਕਈ ਕਈ ਚੱਕਰ ਲਾਉਂਦੇ। ਮਕਸਦ ਘੱਟੋ-ਘੱਟ ਦੋ-ਢਾਈ ਕਿਲੋਮੀਟਰ ਖੁੱਲ੍ਹੇ ਪਾਣੀ ਵਿੱਚ ਤੈਰਨ ਦਾ ਅਭਿਆਸ ਕਰਨਾ ਸੀ।

ਹਾਫ-ਮੈਰਾਥਨ ਤੇ ਫੁੱਲ-ਮੈਰਾਥਨ ਦੌੜਨ ਦਾ ਅਭਿਆਸ ਤਾਂ ਪਹਿਲਾਂ ਹੈ ਹੀ ਸੀ, ਸਾਈਕਲਿੰਗ ਅਤੇ ਤੈਰਨ ਦੀ ਪ੍ਰੈਕਟਿਸ ਕਰਕੇ ਕੁਲਦੀਪ ਗਰੇਵਾਲ ਨੇ 10 ਜੁਲਾਈ 2022 ਨੂੰ ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਨੇੜੇ ਪੈਂਦੇ ਸ਼ਹਿਰ ‘ਜਿਨੀਵਾ’ ਵਿੱਚ ਹੋਏ ‘ਹਾਫ ਆਇਰਨਮੈਨ ਮੁਕਾਬਲੇ’ ਵਿੱਚ ਪਹਿਲੀ ਵਾਰ ਭਾਗ ਲਿਆ ਪਰ ਇਸ ਵਿੱਚ ਕਾਮਯਾਬੀ ਨਾ ਮਿਲੀ। ਅਗਲੇ ਸਾਲ 9 ਜੁਲਾਈ 2023 ਨੂੰ ਦੂਸਰੀ ਵਾਰ ਫਿਰ ਉਹ ਇਸ ਮੁਕਾਬਲੇ ਵਿੱਚ ਸ਼ਾਮਲ ਹੋਇਆ ਪਰ ਸਫਲਤਾ ਇਸ ਵਾਰ ਵੀ ਹਾਸਲ ਨਾ ਹੋਈ। ਸਕੂਲ ਵਿੱਚ ਦਸਵੀਂ ਜਮਾਤ ਵਿੱਚ ਪੜ੍ਹੀ ਕਹਾਣੀ ‘ਕਿੰਗ ਬਰੂਸ ਐਂਡ ਦ ਸਪਾਈਡਰ’ ਵਾਂਗ ਉਸਨੇ 14 ਜੁਲਾਈ 2024 ਨੂੰ ਨਿਆਗਰਾ ਫ਼ਾਲਜ਼ ਵਿੱਚ ਹੋਣ ਵਾਲੇ ‘ਹਾਫ ਆਇਰਨਮੈਨ’ ਮੁਕਾਬਲੇ ਲਈ ਤੀਸਰੀ ਵਾਰ ਆਪਣੀ ਰਸਿਟ੍ਰੇਸ਼ਨ ਕਰਵਾ ਲਈ। ਇਸ ਵਾਰ ਉਸ ਦੇ ਮਨ ਵਿੱਚ ਇਸ ਮੁਕਾਬਲੇ ਵਿੱਚ ਸਫਲ ਹੋਣ ਦਾ ਦ੍ਰਿੜ੍ਹ ਨਿਸਚਾ ਸੀ ਅਤੇ ਉਸਨੇ ਇਸਦੇ ਲਈ ਮਿਹਨਤ ਵੀ ਕਾਫ਼ੀ ਕੀਤੀ ਹੋਈ ਸੀ। ਉਸ ਨੂੰ ਇਸ ਵਾਰ ‘ਹਾਫ-ਆਇਰਨਮੈਨ’ ਬਣਨ ਦੀ ਪੂਰੀ ਆਸ ਸੀ।

ਆਖ਼ਰ ਇਸ ‘ਮੁਕਾਬਲੇ’ ਵਾਲਾ 15 ਸਤੰਬਰ 2024 ਦਾ ਉਹ ‘ਸ਼ੁਭ ਦਿਨ’ ਆ ਗਿਆ ਅਤੇ ਉਹ ਆਪਣੇ ਬੇਟਿਆਂ ਰਣਜੀਤ, ਰਾਜਬੀਰ, ਬੇਟੀ ਕਿਰਨਦੀਪ ਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਨਿਆਗਰਾ ਫ਼ਾਲਜ਼ ਦੇ ਨੇੜੇ ਇਸ ਮੁਕਾਬਲੇ ਲਈ ਨਿਸ਼ਚਿਤ ਜਗ੍ਹਾ ‘ਬੈਰਲਮੈਨ ਵੈੱਲਲੈਂਡ ਨਿਆਗਰਾ ਫਾਲ’ ਪਹੁੰਚ ਗਿਆ। ਪ੍ਰਬੰਧਕਾਂ ਵੱਲੋਂ ਮਿਥੇ ਹੋਏ ਪ੍ਰੋਗਰਾਮ ਅਨੁਸਾਰ ਇਸ ਮੁਕਾਬਲੇ ਦਾ ਤੈਰਾਕੀ ਦਾ ਪਹਿਲਾ ਇਵੈਂਟ ਸ਼ੁਰੂ ਹੋਇਆ ਜੋ ਉਸ ਨੇ 58 ਮਿੰਟ 22 ਸਕਿੰਟ ਵਿੱਚ ਪੂਰਾ ਕਰਕੇ ਇਸ ਮੁਕਾਬਲੇ ਦਾ ਸਾਈਕਲਿੰਗ ਵਾਲਾ ਦੂਸਰਾ ਪੜਾਅ ਆਰੰਭ ਕੀਤਾ, ਜਿਸ ਨੂੰ 3 ਘੰਟੇ 47 ਮਿੰਟ 43 ਸਕਿੰਟ ਵਿੱਚ ਪੂਰਾ ਕੀਤਾ ਗਿਆ ਅਤੇ ਇਸ ਮੁਕਾਬਲੇ ਦੇ ਤੀਸਰੇ ਪੜਾਅ ਦੀ 21 ਕਿਲੋਮੀਟਰ ਦੌੜ ਸ਼ੁਰੂ ਕਰ ਦਿੱਤੀ, ਜੋ 2 ਘੰਟੇ 53 ਮਿੰਟ 42 ਸਕਿੰਟਾਂ ਵਿੱਚ ਪੂਰੀ ਹੋਈ। ਇਸ ਤਰ੍ਹਾਂ ਇਸ ਮੁਕਾਬਲੇ ਦੇ ਇਹ ਤਿੰਨੇ ਪੜਾਅ 7 ਘੰਟੇ 59 ਮਿੰਟਾਂ ਵਿੱਚ ਪੂਰੇ ਕਰਕੇ ਜਦੋਂ ਉਹ ‘ਫਿਨਿਸ਼ ਲਾਈਨ’ ’ਤੇ ਪਹੁੰਚਿਆ ਤਾਂ ਪ੍ਰਬੰਧਕਾਂ ਵੱਲੋਂ ਉਸ ਨੂੰ ‘ਹਾਫ ਆਇਰਨਮੈਨ’ ਐਲਾਨਿਆ ਗਿਆ।

ਅਗਲੇ ਪਲੈਨ ਬਾਰੇ ਕੁਲਦੀਪ ਗਰੇਵਾਲ ਦਾ ਕਹਿਣਾ ਹੈ ਕਿ ਉਹ ਅੱਗੋਂ ਹੋਰ ਮਿਹਨਤ ਕਰੇਗਾ ਅਤੇ ‘ਫੁੱਲ ਆਇਰਨਮੈਨ’ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਕਰੇਗਾ। ਕੁਲਦੀਪ ਗਰੇਵਾਲ ਨੇ ਦੱਸਿਆ ਕਿ ਉਹ ਦਾਲ਼-ਸਬਜ਼ੀ ਵਾਲਾ ਘਰੇਲੂ ਖਾਣਾ ਪਸੰਦ ਕਰਦਾ ਹੈ ਅਤੇ ਬਾਹਰੋਂ ਕੁਝ ਖਾਣ ਤੋਂ ਪ੍ਰਹੇਜ਼ ਕਰਦਾ ਹੈ। ਅਲਬੱਤਾ, ਸਰੀਰਕ ਸ਼ਕਤੀ ਕਾਇਮ ਰੱਖਣ ਲਈ ਫਲ਼-ਫਰੂਟ, ਮੀਟ-ਮੱਛੀ ਅਤੇ ਪ੍ਰੋਟੀਨ ਸ਼ੇਕ ਲੈਂਦਾ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪਰਿਵਾਰ ਵੱਲੋਂ ਉਸ ਨੂੰ ਭਰਪੂਰ ਸਹਿਯੋਗ ਮਿਲ਼ ਰਿਹਾ ਹੈ। ਪਰਿਵਾਰ ਵਿੱਚੋਂ ਉਸਦੇ ਪੋਤਰੇ ਏਥਨ ਨੂੰ ਦੌੜਨ ਦਾ ਸ਼ੌਕ ਹੈ ਅਤੇ ਉਹ ਸਕੂਲ ਪੱਧਰ ’ਤੇ ਹੋਣ ਵਾਲੀਆਂ ਖੇਡਾਂ ਅਤੇ ਹੋਰ ਮੁਕਾਬਲਿਆਂ ਵਿੱਚ ਅਕਸਰ ਹਿੱਸਾ ਲੈਂਦਾ ਹੈ। ਉਸ ਦਾ ਜਵਾਈ ਕਾਈਲ ਵੀ ‘ਹਾਫ-ਮੈਰਾਥਨ’ ਵਿੱਚ ਭਾਗ ਲੈਂਦਾ ਹੈ।

ਜੀਵਨ ਵਿੱਚ ਵਾਪਰੀ ਕਿਸੇ ਮਾੜੀ-ਚੰਗੀ ਘਟਨਾ ਬਾਰੇ ਪੁੱਛਣ ’ਤੇ ਉਸ ਨੇ ਦੱਸਿਆ ਕਿ 2022 ਵਿੱਚ ਉਸ ਦੇ ਸੱਜੇ ਗੋਡੇ ’ਤੇ ਸੱਟ ਲੱਗ ਗਈ ਅਤੇ ਲਗਭਗ ਛੇ ਮਹੀਨੇ ਉਹ ਕੋਈ ਪ੍ਰੈਕਟਿਸ ਨਾ ਕਰ ਸਕਿਆ। ਉਦੋਂ ਕਈ ਵਾਰ ਤਾਂ ਉਸ ਨੂੰ ਲਗਦਾ ਸੀ ਕਿ ਪਤਾ ਨਹੀਂ ਅੱਗੋਂ ਇਹ ਹੋ ਵੀ ਸਕੇਗੀ ਕਿ ਨਹੀਂ। ਪਰ ਪ੍ਰਮਾਤਮਾ ਦੀ ਮਿਹਰ ਸਦਕਾ ਫਿਰ ਹੌਲ਼ੀ-ਹੌਲ਼ੀ ਕੰਮ ਰਵਾਂ ਹੋ ਗਿਆ ਅਤੇ ਉਸ ਨੇ ਆਪਣਾ ਅਭਿਆਸ ਦੁਬਾਰਾ ਸ਼ੁਰੂ ਕਰ ਲਿਆ। ਇੱਕ ਵਾਰ ਪੈਰਾਂ ਵਿੱਚ ਜ਼ੋਰਦਾਰ ਜਲਨ ਹੋਣ ਲੱਗ ਪਈ ਅਤੇ ਇਹ ਇੱਕ ਟਰੈਂਡ ਕਾਇਰੋਪ੍ਰੈਕਟਰ ਦੀ ਮਦਦ ਨਾਲ ਠੀਕ ਹੋਈ। ਮੋਢੇ ਕਦੇ-ਕਦੇ ਦਰਦ ਕਰਨ ਲੱਗ ਪੈਂਦੇ ਹਨ ਪਰ ਉਹ ਇਨ੍ਹਾਂ ਦੀ ਬਹੁਤੀ ਪ੍ਰਵਾਹ ਨਹੀਂ ਕਰਦਾ ਅਤੇ ਅਭਿਆਸ ਦੀ ਆਪਣੀ ‘ਰੁਟੀਨ’ ਜਾਰੀ ਰੱਖਦਾ ਹੈ।

ਕੁਲਦੀਪ ਗਰੇਵਾਲ ਬੜਾ ਹਸਮੁੱਖ ਤੇ ਮਿਲਣਸਾਰ ਹੈ। ਟੀਪੀਏਆਰ ਕਲੱਬ ਦੇ ਮੈਂਬਰਾਂ ਨੂੰ ਬੜੇ ਤਪਾਕ ਨਾਲ ਮਿਲਦਾ ਹੈ। ਸਾਰੇ ਮੈਂਬਰ ਉਸ ਨੂੰ ਪੂਰਾ ਪਿਆਰ ਤੇ ਸਤਿਕਾਰ ਦਿੰਦੇ ਹਨ ਅਤੇ ਉਸ ਦੇ ਲਈ ਆਪਣੇ ਨਿਸ਼ਾਨੇ ਵੱਲ ਅੱਗੇ ਵਧਣ ਲਈ ਕਾਮਨਾ ਕਰਦੇ ਹਨ। ਪ੍ਰਮਾਤਮਾ ਉਸ ਨੂੰ ਹੋਰ ਬੁਲੰਦੀਆਂ ਤਕ ਪਹੁੰਚਣ ਦੀ ਸਮਰੱਥਾ ਬਖ਼ਸ਼ੇ।

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5529)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਡਾ. ਸੁਖਦੇਵ ਸਿੰਘ ਝੰਡ

ਡਾ. ਸੁਖਦੇਵ ਸਿੰਘ ਝੰਡ

Brampton, Ontario, Canada.
WhatsApp (1 - 647 - 567 - 9128)
Email: (ssjhand121@gmail.com)

More articles from this author