SukhdevJhandDr7ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਇਹ ਉਤਸੁਕਤਾ ਬਣੀ ਰਹਿੰਦੀ ਹੈ ਕਿ ਅੱਗੇ ਕੀ ਹੋਵੇਗਾ ...
(ਅਪਰੈਲ 15, 2016)


BurphVich2ਇਕਬਾਲ ਰਾਮੂਵਾਲੀਆ ਪੰਜਾਬੀ ਦਾ ਚਰਚਿਤ ਕਵੀ
, ਕਹਾਣੀਕਾਰ ਅਤੇ ਨਾਵਲਕਾਰ ਹੈ। ਅੰਗਰੇਜ਼ੀ ਦਾ ਅਧਿਆਪਕ ਹੋਣ ਕਰਕੇ, ਬੇਸ਼ਕ ਉਸ ਨੇ ਅੰਗਰੇਜ਼ੀ ਵਿੱਚ ਵੀ ਦੋ ਨਾਵਲThe Death of a PassportਅਤੇThe Midair Frownਲਿਖੇ ਹਨ ਪਰ ਲੇਖਕ ਵਜੋਂ ਉਸ ਦੀ ਪਹਿਚਾਣ ਅਤੇ ਮਕਬੂਲੀਅਤ ਉਸ ਦੀਆਂ ਕਵਿਤਾਵਾਂ ਦੀਆਂ ਪੁਸਤਕਾਂਸੁਲਘਦੇ ਅਹਿਸਾਸ’, ‘ਕੁਝ ਵੀ ਨਹੀਂ’, ‘ਪਾਣੀ ਦਾ ਪਰਛਾਵਾਂ’, ਕਵਿਤਾ ਮੈਨੂੰ ਲਿਖਦੀ ਹੈ’, ਕਾਵਿ-ਨਾਟਕਪਲੰਘ-ਪੰਘੂੜਾ’, ਕਹਾਣੀ ਸੰਗ੍ਰਹਿਨਿੱਕੀਆਂ ਵੱਡੀਆਂ ਧਰਤੀਆਂਅਤੇ ਨਾਵਲਮੌਤ ਇੱਕ ਪਾਸਪੋਰਟ ਦੀ’ ਕਰਕੇ ਹੀ ਹੋਈ ਹੈ। ਤਿੰਨ ਕੁ ਸਾਲ ਪਹਿਲਾਂ ਉਸ ਨੇ ਆਪਣੀ ਸਵੈ-ਜੀਵਨੀ ਦਾ ਪਹਿਲਾ ਭਾਗਸੜਦੇ ਸਾਜ਼ ਦੀ ਸਰਗ਼ਮਪੰਜਾਬੀ ਪਾਠਕਾਂ ਦੇ ਰੂ-ਬਰੂ ਕੀਤਾ ਸੀ ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਉਤਸ਼ਾਹਿਤ ਹੋ ਕੇ ਪਿਛਲੇ ਸਾਲ ਦੇ ਅਖ਼ੀਰ ਵਿੱਚ ਉਸ ਨੇ ਇਸ ਦਾ ਦੂਜਾ ਭਾਗਬਰਫ਼ ਵਿੱਚ ਉੱਗਦਿਆਂਪਾਠਕਾਂ ਅੱਗੇ ਪੇਸ਼ ਕੀਤਾ ਹੈ।

ਜਿੱਥੇ ਸਵੈ-ਜੀਵਨੀ ਦੇ ਪਹਿਲੇ ਭਾਗਸੜਦੇ ਸਾਜ਼ ਦੀ ਸਰਗ਼ਮ' ਵਿੱਚ ਉਸ ਨੇ ਆਪਣੇ ਬਚਪਨ ਤੋਂ ਸ਼ੁਰੂ ਹੋ ਕੇ ਪਿਤਾ-ਪੁਰਖੀ ਕਵੀਸ਼ਰੀ ਦੀ ਦੁਨੀਆਂ ਵਿੱਚ ਆਪਣੇ ਭਰਾਵਾਂ ਸਮੇਤਡਰਦਿਆਂ-ਡਰਦਿਆਂਕਦਮ ਧਰਨ, ਸਕੂਲੀ ਵਿੱਦਿਆ ਉਪਰੰਤ ਡੀ. ਐੱਮ. ਕਾਲਜ ਮੋਗਾ ਤੋਂ ਬੀ. ਏ. ਕਰਕੇ ਗੌਰਮਿੰਟ ਕਾਲਜ ਲੁਧਿਆਣਾ ਤੋਂ ਅੰਗਰੇਜ਼ੀ ਦੀ ਐੱਮ.ਏ. ਕਰਨ ਤੇ ਆਪਣੀ ਸਹਿਪਾਠੀ ਸੁਖਸਾਗਰ ਨਾਲ ਗ੍ਰਿਹਸਤੀ ਜੀਵਨ ਸ਼ੁਰੂ ਕਰਨ ਅਤੇ ਖਾਲਸਾ ਕਾਲਜ ਗੁਰੂ ਸਰ ਸੁਧਾਰ ਵਿੱਚ ਪ੍ਰੋਫੈਸਰ ਲੱਗਣ ਤੱਕ ਦੇ ਸਫ਼ਰ ਦਾ ਖ਼ੂਬਸੂਰਤ ਵਰਨਣ ਕੀਤਾ ਹੈ, ਉੱਥੇ ਇਸ ਦੂਜੇ ਭਾਗਬਰਫ਼ ਵਿੱਚ ਉੱਗਦਿਆਂਵਿੱਚ ਕੈਨੇਡਾ ਵਿੱਚ ਆਉਣ ਅਤੇ ਇੱਥੇ ਆ ਕੇ ਇੱਥੋਂ ਦੇ ਸ਼ੁਰੂਆਤੀ ਸੰਘਰਸ਼ਮਈ ਜੀਵਨ ਦਾ ਬ੍ਰਿਤਾਂਤ ਬੜੇ ਹੀ ਰੌਚਕ ਸ਼ਬਦਾਂ ਵਿੱਚ ਕੀਤਾ ਹੈ।

ਸਵੈ-ਜੀਵਨੀ ਦੇ ਇਸ ਦੂਜੇ ਪੜਾਅ ਦਾ ਸਫ਼ਰ ਸਤੰਬਰ 1975 ਤੋਂ ਸ਼ੁਰੂ ਹੁੰਦਾ ਹੈ ਜਦੋਂ ਇਸ ਤੋਂ ਤਿੰਨ ਕੁ ਸਾਲ ਪਹਿਲਾਂ ਉਸ ਨੇ ਆਪਣੇ ਛੋਟੇ ਭਰਾ ਰਛਪਾਲ ਨੂੰ 1972 ਵਿੱਚ ਇੱਥੇ ਕੈਨੇਡਾ ਭੇਜਣ ਲਈ ਬੜੀ ਮੁਸ਼ਕਲ ਨਾਲ 1500 ਡਾਲਰਾਂ ਦਾ ਬੰਦੋਬਸਤ ਕੀਤਾ ਸੀ। ਇਹ ਉਹ ਸਮਾਂ ਸੀ ਜਦੋਂ ਡਾਲਰ ਦਾ ਰੇਟ ਸਾਢੇ ਸੱਤ ਰੁਪਏ ਸੀ ਅਤੇ ਕੈਨੇਡਾ ਵਿੱਚ ਦਿਹਾੜੀ ਦੋ-ਢਾਈ ਡਾਲਰ ਪ੍ਰਤੀ ਘੰਟੇ ਦੇ ਹਿਸਾਬ ਚੱਲਦੀ ਸੀ। ਲੇਖਕ ਰਛਪਾਲ ਵੱਲੋਂ ਭੇਜੇ ਗਏ ਕਾਗਜ਼ਾਂ-ਪੱਤਰਾਂ ਦੇ ਆਧਾਰ ’ਤੇ ਆਪਣੀ ਪਤਨੀ ਸੁਖਸਾਗਰ ਸਮੇਤ ਇੱਥੇ ਆਉਂਦਾ ਹੈ ਜੋ ਇੱਥੇ ਆਉਣ ਲਈ ਬਿਲਕੁਲ ਉਤਸਕ ਨਹੀਂ ਸੀ, ਸਗੋਂ ਉਹ ਤਾਂ ਉਸ ਨੂੰ ਵੀ ਜਾਣ ਤੋਂ ਰੋਕਦੀ ਸੀ ਅਤੇ ਅਜਿਹਾ ਨਾ ਹੋਣ ’ਤੇ ਉਸ ਨੂੰ ਇਕੱਲਿਆਂ ਹੀ ਕੈਨੇਡਾ ਜਾਣ ਲਈ ਮਨਾਉਣ ਦੀ ਕੋਸ਼ਿਸ਼ ਵੀ ਕਰਦੀ ਸੀ ਪਰ ਉਹ ਇਕੱਲਾ ਆਉਣ ਲਈ ਕਤਈ ਰਾਜ਼ੀ ਨਹੀਂ ਹੁੰਦਾ।

ਖ਼ੈਰ, ਕਈ ਜੱਕੋਤੱਕਿਆਂ ਤੋਂ ਬਾਅਦ ਜਦੋਂ ਸਤੰਬਰ ਦੇ ਆਖ਼ਰੀ ਹਫ਼ਤੇ ਇੱਥੇ ਟੋਰਾਂਟੋ ਵਿੱਚ ਆਪਣੇ ਭਰਾ ਕੋਲ ਪਹੁੰਚਦਾ ਹੈ ਤਾਂ ਸ਼ੁਰੂ ਵਿੱਚ ਇੱਥੋਂ ਦੀਆਂ ਕਈ ਨਿਆਰੀਆਂ ਗੱਲਾਂ ਨੂੰ ਵੇਖ ਕੇ ਹੈਰਾਨ ਹੁੰਦਾ ਹੈ ਜੋ ਕਿ ਸੁਭਾਵਿਕ ਹੈ, ਪਰ ਕੁਝ ਦਿਨਾਂ ਬਾਅਦ ਹੀ ਇੱਥੇ ਜੀਵਨ ਲਈ ਸੰਘਰਸ਼ ਸ਼ੁਰੂ ਹੋ ਜਾਂਦਾ ਹੈ।ਟੋਰਾਂਟੋ ਸਟਾਰਦੇਹੈਲਪ ਵਾਂਟਡਪੰਨਿਆਂ ਵਿੱਚੋਂ ਨੌਕਰੀਆਂ ਦੀ ਭਾਲ ਕਰਦਾ ਹੈ ਜਿੱਥੇ ਦਰਜ ਨੌਕਰੀਆਂ ਲਈ ਇਨ੍ਹਾਂ ਦੋਹਾਂ ਜੀਆਂ ਦੀਆਂ ਭਾਰਤੀ ਡਿਗਰੀਆਂ ਬਿੱਲਕੁਲ ਹੀ ਬੇ-ਮਾਅਨੀਆਂ ਸਾਬਤ ਹੁੰਦੀਆਂ ਹਨ ਕਿਉਂਕਿ ਇੱਥੋਂ ਦੇ ਸਿਸਟਮ ਮੁਤਾਬਿਕ ਇੱਥੇ ਕੋਈ ਵੀ ਕੰਮ ਲੱਭਣ ਲਈ ਇੱਥੋਂ ਦੀ ਪੜ੍ਹਾਈ ਅਤੇ ਇੱਥੋਂ ਦੇ ਤਜ਼ਰਬੇ ਦੀ ਹੀ ਜ਼ਰੂਰਤ ਹੈ।

ਅਖ਼ੀਰ, ਰਛਪਾਲ ਦੇ ਦੋਸਤ ਬਾਈ ਗੁਰਮੇਲ ਦੀ ਮਦਦ ਨਾਲ ਇੱਕ ਸਕੇਟ ਬੂਟ ਫੈਕਟਰੀ ਵਿੱਚ ਕੰਮ ਮਿਲਦਾ ਹੈ ਪਰ ਛੇਤੀ ਹੀ ਇੱਥੋਂ ਛੁੱਟੀ ਹੋ ਜਾਂਦੀ ਹੈ ਅਤੇ ਫਿਰ ਹੋਰ ਕੋਈ ਨੌਕਰੀ ਲੱਭਣ ਦਾ ਚੱਕਰ ਸ਼ੁਰੂ ਹੋ ਜਾਂਦਾ ਹੈ। ਕਾਫ਼ੀ ਜੱਦੋਜਹਿਦ ਤੋਂ ਬਾਅਦ ਉਸ ਨੂੰ ਇੱਕ ਫੈਕਟਰੀ ਵਿੱਚ ਆਰਾ ਮਸ਼ੀਨ ’ਤੇ ਬਾਲੇ ਚੀਰਨ ਦੀ ਨੌਕਰੀ ਮਿਲਦੀ ਹੈ ਜੋ ਕਾਫ਼ੀ ਭਾਰਾ ਤੇ ਜੋਖ਼ਮ ਭਰਿਆ ਹੈ ਅਤੇ ਜਲਦੀ ਹੀ ਉਹ ਇਸ ਨੂੰਬਾਏ-ਬਾਏਕਰ ਆਉਂਦਾ ਹੈ। ਫਿਰ ਸਕਿਉਰਿਟੀ ਗਾਰਡ ਬਣ ਕੇਟੋਰਾਂਟੋ ਦੀ ਚੌਕੀਦਾਰੀਦਾ ਚਾਰਜ ਸੰਭਾਲਦਾ ਹੈ ਪਰ ਇਸ ਵਿੱਚ ਰਾਤ ਦੀਆਂ ਸ਼ਿਫਟਾਂ ਅਤੇ ਬਰਫ਼ ਦੇ ਤੂਫ਼ਾਨਾਂ ਵਿੱਚ ਬੱਸਾਂ, ਗੱਡੀਆਂ ਰਾਹੀਂ ਦੂਰ-ਦੁਰਾਢੇ  ਟੋਰਾਂਟੋ ਡਾਊਨ ਟਾਊਨ ਪਹੁੰਚਣ ਵਿੱਚ ਆਉਣ ਵਾਲੀਆਂ ਕਠਨਾਈਆਂ ਕਾਰਨ ਇਹ ਵੀ ਕਾਫ਼ੀ ਮੁਸ਼ਕਲ ਲੱਗਦਾ ਹੈ ਅਤੇ ਇੱਕ ਰਾਤ ਸੁਪਰਵਾਈਜ਼ਰ ਵੱਲੋਂ ਡਿਊਟੀ ਦੌਰਾਨ ਸੁੱਤੇ ਹੋਏ ਫੜੇ ਜਾਣ ਕਾਰਨ ਇਸ ਤੋਂ ਵੀ ਛੁੱਟੀ ਹੋ ਜਾਂਦੀ ਹੈ। ਫਿਰ ਟੈਕਸੀ ਡਰਾਈਵਿੰਗ ਦਾ ਕੰਮ ਸ਼ੁਰੂ ਹੁੰਦਾ ਹੈ ਜਿਸ ਦੇ ਵਿੱਚ ਵੀ ਕਈ ਕੌੜੇ-ਮਿੱਠੇ ਤਜਰਬੇ ਹੁੰਦੇ ਹਨ ਪਰ ਫਲੈਟ ਦਾ ਕਿਰਾਇਆ ਅਤੇ ਘਰ ਦਾ ਹੋਰ ਖਰਚੇ ਤੋਰਨ ਲਈ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਹੈ, ਸੋ ਕਰਦਾ ਹੈ।

ਇਸੇ ਦੌਰਾਨ ਹੀ ਘਰ ਵਿੱਚ ਵਿਆਹ ਤੋਂ ਛੇ ਸਾਲਾਂ ਬਾਅਦ ਫੈਮਿਲੀ ਡਾਕਟਰ ਕੋਲੋਂ ਦੋ ਜੌੜੀਆਂ ਬੱਚੀਆਂ ਦੇ ਆਉਣ ਦੀ ਖ਼ੁਸ਼ੀ ਭਰੀ ਖ਼ਬਰ ਆਉਂਦੀ ਹੈ ਜਿਸ ਨੂੰ ਪਰਿਵਾਰ ਵੱਲੋਂ ਆਪਣੇ ਦੋਸਤ ਸੁਰਿੰਦਰ ਧੰਜਲ ਨਾਲ ਮਿਲ ਕੇ ਸੈਲੀਬਰੇਟ ਕੀਤਾ ਜਾਂਦਾ ਹੈ। ਦੋਹਾਂ ਦਾ ਜਨਮ ਨਿਸਚਤ ਸਮੇਂ ਤੋਂ ਦੋ ਮਹੀਨੇ ਪਹਿਲਾਂ ਹੁੰਦਾ ਹੈ ਅਤੇ ਸੱਤ-ਮਾਹੀਆਂ ਬੱਚੀਆਂ ਨੂੰ ਟੋਰਾਂਟੋ ਦੇ ਸਿੱਕ ਚਿਲਡਰਨ ਹਸਪਤਾਲ ਵਿੱਚ ਰੱਖਿਆ ਜਾਂਦਾ ਹੈ। ਅਧਿਆਪਨ ਦੇ ਕਿੱਤੇ ਵੱਲ ਮੁੜਨ ਦੀ ਤਾਂਘ ਵਿੱਚ ਟੋਰਾਂਟੋ ਤੋਂ 100 ਕਿਲੋਮੀਟਰ ਦੂਰ ਸ਼ਹਿਰ ਵਾਟਰਲੂ ਦੀ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਦੀ ਐੱਮ.ਏ. ਦੋਬਾਰਾ ਕਰਨ ਦਾ ਪ੍ਰੋਗਰਾਮ ਬਣਦਾ ਹੈ ਜਿਸ ਨੂੰ ਇਕਬਾਲਵਾਟਰਲੂ ਦੀ ਲੜਾਈ’ ਹੀ ਕਰਾਰ ਦਿੰਦਾ ਹੈ ਕਿਉਂਕਿ ਇਸ ਦੌਰਾਨ ਉਸ ਨੂੰ ਸੁਖਸਾਗਰ ਦੀ ਚੱਲ ਰਹੀ ਖ਼ਰਾਬ ਸਿਹਤ ਅਤੇ ਫਿਰ ਬੱਚੀਆਂ ਦੇ ਟੋਰਾਂਟੋ ਹਸਪਤਾਲ ਵਿੱਚ ਹੋਣ ਕਾਰਨ ਹਰ ਹਫ਼ਤੇ ਟੋਰਾਂਟੋ ਦਾ ਗੇੜਾ ਮਾਰਨਾ ਪੈਂਦਾ ਹੈ। ਫਿਰ ਡਲਹਾਊਜ਼ੀ ਯੂਨੀਵਰਸਿਟੀ ਤੋਂ ਬੀ.ਐੱਡ. ਕਰਨ ਉਪਰੰਤ ਜਦੋਂ ਕਿਸੇ ਵੀ ਸਕੂਲ ਵਿੱਚ ਨੌਕਰੀ ਅਧਿਆਪਨ ਦੀ ਨੌਕਰੀ ਨਹੀਂ ਮਿਲਦੀ ਤਾਂ ਟੈਕਸੀ ਡਰਾਈਵਿੰਗ ਹੀ ਕਈ ਸਾਲ ਕੰਮ ਆਉਂਦੀ ਹੈ। ਇਸ ਦੌਰਾਨ ਸੈਕੜਿਆਂ ਦੀ ਗਿਣਤੀ ਵਿੱਚ ਅਰਜ਼ੀਆਂ ਭੇਜਦਾ ਹੈ, ਪਰ ਸੱਭ ਬੇਕਾਰ। ਇੰਟਰਵਿਊ ਵਿੱਚ ਸਾਰੇਕੈਨੇਡੀਅਨ ਐਕਸਪੀਰੀਐਂਸ’ ਦੀ ਹੀ ਗੱਲ ਕਰਦੇ ਹਨ ਅਤੇ ਲੇਖਕ ਅਨੁਸਾਰਇਹ ਐਕਸਪੀਰੀਐਂਸ ਕਿਹੜਾ ਕੋਈ ਹਵਾ ’ਚੋਂ ਲੈ ਆਵੇਗਾ

ਟੈਕਸੀ ਚਲਾਉਣਾ ਜਾਰੀ ਰੱਖਦਿਆਂ, ਅਖ਼ੀਰ ਇੱਕ ਸਕੂਲ ਦੇ ਪ੍ਰਿੰਸੀਪਲ ਦਾ ਇੰਟਰਵਿਊ ਲਈ ਫੋਨ ਆਉਂਦਾ ਹੈ ਅਤੇ ਇੱਥੇ ਉਸ ਨਾਲ ਪਿਛਲੀਵਾਕਫ਼ੀ' ਕਾਰਨ ਨੌਕਰੀ ਮਿਲ ਜਾਂਦੀ ਹੈ। ਲੇਖਕ ਲਈ ਇਹ ਸੁਭਾਗਾ ਸਮਾਂ ਹੈ ਜਦੋਂ ਉਹ ਇਸ ਸਕੂਲ ਵਿੱਚ ਸੱਤਵੀ, ਅੱਠਵੀਂ ਅਤੇ ਨੌਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਪੜ੍ਹਾ ਰਿਹਾ ਹੈ। ਪਰ ਇੱਥੇ ਵੀ ਉਹ ਨਸਲੀ ਵਿਤਕਰੇ ਦਾ ਸ਼ਿਕਾਰ ਹੁੰਦਾ ਹੈ ਜਦੋਂ ਪਹਿਲੇ ਹੀ ਦਿਨ ਕੋਈ ਗੋਰਾ ਅਧਿਆਪਕ ਸਾੜੇ ਅਤੇ ਸ਼ਰਾਰਤ ਵਜੋਂ ਉਸ ਦੇ ਮੇਲ-ਬਾਕਸ ਵਿੱਚ ਸਾਬਣ ਦੀ ਟਿੱਕੀ ਧਰ ਜਾਂਦਾ ਹੈ ਜੋ ਉਸ ਦੇ ਲਈ ਬੜੀ ਕਸ਼ਟਦਾਇਕ ਮਾਨਸਿਕਤਾ ਦਾ ਕਾਰਨ ਬਣਦੀ ਹੈ। ਇਸੇ ਦੌਰਾਨ ਹੀ ਸਕੂਲ ਦੇ ਪ੍ਰਿੰਸੀਪਲ ਨੂੰ ਲੇਖਕ ਦੇ ਵਿਰੁੱਧ ਬੜੀ ਘਟੀਆ ਕਿਸਮ ਦੀਹੱਥ-ਲਿਖਤ ਚਿੱਠੀਪ੍ਰਾਪਤ ਹੁੰਦੀ ਹੈ ਜਿਸ ਨੂੰ ਵੇਖ ਕੇ ਉਹ ਲੇਖਕ ਨਾਲ ਲੋਹਾ-ਲਾਖਾ ਹੋਣ ਲੱਗਦਾ ਹੈ ਪਰ ਫਿਰ ਉਸ ਵੱਲੋਂ ਇਹ ਦੱਸਣ ’ਤੇ ਕਿ ਇਹ ਚਿੱਠੀ ਉਸ ਦੇ ਵੱਡੇ ਭਰਾ ਦੀਕਰਤੂਤਹੈ ਭਾਵੇਂ ਕਿ ਇਹ ਕਿਸੇ ਹੋਰ ਨਾਂ ਦੇ ਹੇਠ ਲਿਖੀ ਗਈ ਹੈ, ਕਿਉਂਕਿ ਉਹ ਆਪਣੇ ਭਰਾ ਦੇ ਹੈਂਡਰਾਈਟਿੰਗ ਨੂੰ ਬੜੀ ਚੰਗੀ ਤਰ੍ਹਾਂ ਪਛਾਣਦਾ ਹੈ। ਬੜੀ ਮੁਸ਼ਕਲ ਨਾਲ ਉਹ ਪ੍ਰਿੰਸੀਪਲ ਨੂੰ ਇਸ ਦੇ ਬਾਰੇ ਆਪਣੀ ਮਾਸੂਮੀਅਤ ਦਾ ਯਕੀਨ ਦਿਵਾਉਂਦਾ ਹੈ। ਪਰ ਫਿਰ ਵੀ ਕੈਨੇਡਾ ਦੀ ਪੋਲੀਸ ਉਸ ਦੇ ਭਾਰਤ ਵਿਚਲੇ ਪਿਛੋਕੜ ਅਤੇ ਵਰਤਮਾਨ ਜੀਵਨ ਬਾਰੇ ਖ਼ੁਫ਼ੀਆ ਤੌਰ ’ਤੇ ਜਾਣਕਾਰੀ ਪ੍ਰਾਪਤ ਕਰਦੀ ਰਹਿੰਦੀ ਹੈ ਜਿੰਨਾ ਚਿਰ ਉਸ ਨੂੰ ਇਸ ਦੇ ਬਾਰੇ ਸਪਸ਼ਟਤਾ ਨਹੀਂ ਹੋ ਜਾਂਦੀ ਅਤੇ ਉਸ ਦੇ ਦੋ ਆਫ਼ੀਸਰ ਇਸ ਦੇ ਬਾਰੇ ਜਾਣਕਾਰੀ ਦੇਣ ਲਈ ਨਿੱਜੀ ਤੌਰ ’ਤੇ ਲੇਖਕ ਦੇ ਘਰ ਆਉਂਦੇ ਹਨ।

ਸਵੈ-ਜੀਵਨੀ ਦਾ ਇਹ ਭਾਗ ਇੱਕ ਨਾਵਲ ਜਾਂ ਫਿਲਮ ਦੀ ਕਹਾਣੀ ਵਾਂਗ ਚੱਲਦਾ ਹੈ। ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਇਹ ਉਤਸੁਕਤਾ ਬਣੀ ਰਹਿੰਦੀ ਹੈ ਕਿਅੱਗੇ ਕੀ ਹੋਵੇਗਾ ਲਿਖਤ ਵਿੱਚ ਨਾਵਲ ਵਰਗੀ ਰਵਾਨਗੀ ਹੈ ਅਤੇ ਕਵਿਤਾ ਵਰਗੀ ਸੂਖ਼ਮ ਸ਼ਬਦਾਵਲੀ। ਕਈ ਸ਼ਬਦ ਅਤੇ ਵਾਕ ਤਾਂ ਦਿਲ ਨੂੰ ਹਲੂਣ ਜਾਂਦੇ ਹਨ। ਮਸਲਿਨਸਨੋਈ ਝੱਖੜ’, ‘ਗੁੰਗੀ ਪੱਤਝੜ’, ‘ਸਨੋਅ ਨਾਲ ਪਾਣੀਪਤ ਦੀ ਲੜਾਈ’, ‘ਝੱਖੜ ਵਿੱਚ ਬੱਸ-ਸ਼ੈਲਟਰ ਦੀ ਸੁੰਨਸਾਨਤਾਂ, ‘ਗਿੱਚੀ ਵਿੱਚ ਪੁੜਿਆ ਸਟੀਅਰਿੰਗ’, ‘ਅੰਗਰੇਜ਼ੀ ਨਾਲ ਵਾਟਰਲੂ ਦੀ ਲੜਾਈ’ ਇੱਥੋਂ ਦੀ ਮਾਨਸਿਕਤਾ ਅਤੇ ਹਾਲਤ ਨੂੰ ਹੂ-ਬਹੂ ਦਰਸਾਉਂਦੇ ਹਨ। ਇਸ ਪੁਸਤਕ ਨੂੰ ਪੜ੍ਹਦਿਆਂ ਮੈਨੂੰ ਤਾਂ ਇਹ ਇੱਥੇ ਆਉਣ ਵਾਲੇ ਲੱਗਭੱਗ ਹਰੇਕ ਪਰਵਾਸੀ ਦੀ ਦਾਸਤਾਨ ਹੀ ਲੱਗੀ ਹੈ, ਕਿਉਂਕਿ ਹਰੇਕ ਪਰਵਾਸੀ ਦੇ ਆਰੰਭਿਕ ਪੰਜ-ਸੱਤ ਵਰ੍ਹੇ ਬੜੇ ਮੁਸ਼ਕਲਾਂ ਨਾਲ ਭਰਪੂਰ ਹੁੰਦੇ ਹਨ। ਫਿਰ ਹੌਲੀ ਹੌਲੀ ਕਿਤੇ ਨਾ ਕਿਤੇ ਜੁਗਾੜ ਬਣ ਜਾਂਦਾ ਹੈ ਅਤੇ ਸੈਟਿੰਗ ਹੋ ਜਾਂਦੀ ਹੈ। ਓਧਰੋਂ ਭਾਵੇਂ ਕੋਈ ਕਿੰਨਾ ਵੀ ਪੜ੍ਹਿਆ-ਲਿਖਿਆ ਅਤੇ ਟੈਕਨੀਕਲ ਯੋਗਤਾ ਵਾਲਾ ਹੋਵੇ, ਇੱਥੇ ਆ ਕੇ ਉਸ ਨੂੰ ਕੁਝ ਨਾ ਕੁਝ ਅੱਗੋਂ ਜ਼ਰੂਰ ਕਰਨਾ ਹੀ ਪੈਂਦਾ ਹੈ। ਨਹੀਂ ਤਾਂ ਫਿਰ ਸਾਰੀ ਉਮਰ ਫੈਕਟਰੀਆਂ ਦੇ ਲੇਖੇ ਲਾਉਣੀ ਪੈਂਦੀ ਹੈ ਜਾਂ ਫਿਰਚੌਕੀਦਾਰੀ' ਵਰਗਾ ਕੋਈ ਕੰਮ ਕਰਨਾ ਪੈਂਦਾ ਹੈ। ਇੱਕ ਵੱਡੀ ਮੁਸ਼ਕਲ ਸਾਨੂੰ ਪਰਵਾਸੀਆਂ ਨੂੰ ਇੱਥੋਂ ਦੀ ਅੰਗਰੇਜ਼ੀ ਦੇ ਐਕਸੈਂਟ ਨੂੰ ਸਮਝਣ ਦੀ ਆਉਂਦੀ ਹੈ ਜਿਸ ਦੇ ਨਾਲ ਸਵੈ-ਜੀਵਨੀ ਲੇਖਕ ਨੂੰ ਵੀ ਸ਼ੁਰੂ ਵਿੱਚ ਦੋ-ਚਾਰ ਹੋਣਾ ਪਿਆ।

ਕੁੱਲ ਮਿਲਾ ਕੇ ਇਹ ਸਵੈ-ਜੀਵਨੀ ਮਨੁੱਖ ਨੂੰ ਆਪਣੀ ਮੰਜ਼ਲ ਵੱਲ ਅੱਗੇ ਵਧਣ ਲਈ ਪ੍ਰੇਰਦੀ ਹੈ ਅਤੇ ਉਸ ਨੂੰ ਹੱਲਾਸ਼ੇਰੀ ਦਿੰਦੀ ਹੈ। ਲੇਖਕ ਅਨੁਸਾਰਹਾਰ ਜਾਣਾ' ਉਸ ਦੀ ਡਿਕਸ਼ਨਰੀ ਦਾ ਸ਼ਬਦ ਨਹੀਂ ਹੈ। ਅਜਿਹੀਆਂ ਹਾਂ-ਪੱਖੀ ਅਤੇ ਉਤਸ਼ਾਹ ਵਿੱਚ ਵਾਧਾ ਕਰਨ ਵਾਲੀਆਂ ਪੁਸਤਕਾਂ ਨੂੰਜੀ ਆਇਆਂ’ ਆਖਣਾ ਹੀ ਬਣਦਾ ਹੈ। ਪੁਸਤਕ ਵਿੱਚ ਡਾ. ਸੁਰਿੰਦਰ ਧੰਜਲ ਦਾ ਲਿਖਿਆ ਮੁੱਖ-ਬੰਦਬਰਫ਼ ਵਿੱਚ ਉੱਗੀ ਨਿੱਘੀ ਕਲਮ: ਇਕਬਾਲ’ ਅਤੇ ਟਾਈਟਲ ਦੇ ਪਿਛਲੇ ਪਾਸੇ ਰਘਬੀਰ ਸਿੰਘਸਿਰਜਣਾ’, ਵਰਿਆਮ ਸਿੰਘ ਸੰਧੂ ਅਤੇ ਪ੍ਰਿੰ. ਸਰਵਣ ਸਿੰਘ ਹੁਰਾਂ ਦੀਆਂ ਪੁਸਤਕ ਬਾਰੇ ਟਿੱਪਣੀਆਂ ਇਸ ਨੂੰ ਹੋਰ ਵੀ ਚਾਰ ਚੰਨ ਲਾਉਂਦੀਆਂ ਹਨ।

ਮੈਂ ਲੇਖਕ ਇਕਬਾਲ ਰਾਮੂਵਾਲੀਆ ਨੂੰ ਇਸ ਦੂਸਰੇ ਭਾਗ ਨੂੰ ਪਾਠਕਾਂ ਦੇ ਰੂ-ਬਰੂ ਕਰਨ ਲਈ ਵਧਾਈ ਦਿੰਦਾ ਹੈ ਅਤੇ ਆਸ ਕਰਦਾ ਹਾਂ ਕਿ ਇਸ ਦੇ ਅੰਤ ਵਿੱਚ ਲਿਖੇ ਹੋਏ ਸ਼ਬਦ(ਚੱਲਦਾ)ਅਨੁਸਾਰ ਇਸ ਦਾ ਅਗਲਾ ਤੀਸਰਾ ਭਾਗ ਵੀ ਜਲਦੀ ਹੀ ਪਾਠਕਾਂ ਦੇ ਸਨਮੁਖ ਹੋਵੇਗਾ ਜਿਸ ਵਿੱਚ ਉਹ ਉਨੀਂ ਸੌ ਅੱਸੀਵਿਆਂ ਤੋਂ ਬਾਅਦ ਦੇ ਲੇਖਕ ਦੇ ਜੀਵਨ ਦਾ ਬ੍ਰਿਤਾਂਤ ਪੜ੍ਹ ਸਕਣਗੇ।

*****

(255)

ਆਪਣੇ ਵਿਚਾਰ ਲੋਖੋ: (This email address is being protected from spambots. You need JavaScript enabled to view it.)

About the Author

ਡਾ. ਸੁਖਦੇਵ ਸਿੰਘ ਝੰਡ

ਡਾ. ਸੁਖਦੇਵ ਸਿੰਘ ਝੰਡ

Brampton, Ontario, Canada.
WhatsApp (1 - 647 - 567 - 9128)
Email: (ssjhand121@gmail.com)

More articles from this author