SukhdevJhandDr7ਦੁਨੀਆਂ ਦੇ ਲਗਭਗ ਸਾਰੇ ਹੀ ਦੇਸ਼ਾਂ ਵਿੱਚ ਹੀ ਆਬਾਦੀ ਵਿੱਚ ਧੜਾਧੜ ਵਾਧਾ ਹੋ ਰਿਹਾ ਹੈ ਅਤੇ ਇਸ ਸਦੀ ਦੇ ...
(29 ਜੁਲਾਈ 2021)

 

ਦੁਨੀਆਂ ਦੇ ਲਗਭਗ ਸਾਰੇ ਹੀ ਦੇਸ਼ਾਂ ਵਿੱਚ ਵਾਤਾਵਰਣ ਵਿਗੜ ਰਿਹਾ ਹੈ ਅਤੇ ਇਸਦੇ ਕਾਰਨ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨੂੰ ‘ਗਲੋਬਲ ਵਾਰਮਿੰਗ’ ਦਾ ਨਾਂ ਦਿੱਤਾ ਗਿਆ ਹੈਇਹ ਧਰਤੀ ਦੇ ਧਰਾਤਲ ਉੱਪਰ ਵਾਤਾਵਰਣ ਵਿੱਚ ਹੌਲੀ-ਹੌਲੀ ਹੋ ਰਿਹਾ ਔਸਤਨ ਵਾਧਾ ਹੈ ਜਿਸਦੇ ਦੂਰਗਾਮੀ ਬੁਰੇ ਪ੍ਰਭਾਵ ਬੜੀ ਦੇਰ ਨਾਲ ਸਾਹਮਣੇ ਆਉਂਦੇ ਹਨਮੌਸਮ ਦੇ ਮਾਹਿਰ ਵਿਗਿਆਨੀਆਂ ਅਨੁਸਾਰ ਪਿਛਲੀ ਸਦੀ ਵਿੱਚ ਇਹ ਤਾਪਮਾਨ 1 ਤੋਂ 1.5 ਡਿਗਰੀ ਸੈਂਟੀਗਰੇਡ ਤਕ ਵਧਿਆ ਹੈ ਅਤੇ ਜੇਕਰ ਇਹ ਸਿਲਸਿਲਾ ਇੰਜ ਹੀ ਚੱਲਦਾ ਰਿਹਾ ਤਾਂ ਇਸ ਸਦੀ ਦੇ ਅਖ਼ੀਰ ਤਕ ਇਹ ਵਾਧਾ 2 ਤੋਂ ਲੈ ਕੇ 6 ਡਿਗਰੀ ਸੈਂਟੀਗਰੇਡ ਤਕ ਹੋ ਸਕਦਾ ਹੈਇੱਥੇ ਇਹ ਜ਼ਿਕਰਯੋਗ ਹੈ ਕਿ 1905 ਤੋਂ 2005 ਦੇ ਵਿਚਕਾਰ ਇਹ ਵਾਧਾ ਕੇਵਲ 0.6 ਤੋਂ 0.9 ਡਿਗਰੀ ਸੈਂਟੀਗਰੇਡ, ਭਾਵ 1.1 ਤੋਂ 1.6 ਡਿਗਰੀ ਫ਼ਾਰਨਹੀਟ ਦੇ ਵਿਚਕਾਰ ਸੀ ਅਤੇ ਇਸ ਤੋਂ ਉੱਪਰਲਾ ਦੁੱਗਣਾ ਵਾਧਾ 2005 ਤੋਂ ਬਾਅਦ ਹੋਇਆ ਹੈਵਿਗਿਆਨੀਆਂ ਦਾ ਕਹਿਣਾ ਹੈ ਕਿ ‘ਬਰਫ਼ ਦੇ ਯੁਗ’ (ਆਈਸ ਏਜ) ਵਿੱਚ ਧਰਤੀ ਦਾ ਔਸਤ ਤਾਪਮਾਨ ਅੱਜ ਦੇ ਔਸਤ ਤਾਪਮਾਨ ਨਾਲੋਂ 6 ਡਿਗਰੀ ਸੈਂਟੀਗਰੇਡ ਘੱਟ ਸੀਇਸ ਤੋਂ ਅਗਲੇ ‘ਡਾਇਨਾਸੋਰ ਯੁਗ’ ਵਿੱਚ ਇਹ ਅੱਜ ਨਾਲੋਂ 4 ਡਿਗਰੀ ਸੈਂਟੀਗਰੇਡ ਵੱਧ ਹੋ ਗਿਆ ਜਿਸ ਕਰਕੇ ਲਗਭਗ ਸੱਤ ਕਰੋੜ ਸਾਲ ਪਹਿਲਾਂ ਧਰਤੀ ’ਤੇ ਬੜੀ ਉਥਲ-ਪੁਥਲ ਹੋਈ ਸੀ

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਤਾਪਮਾਨ ਦੇ ਅਜੋਕੇ ਵਾਧੇ ਲਈ ਮਨੁੱਖ ਹੀ ਜ਼ਿੰਮੇਵਾਰ ਹੈਉਸ ਦੁਆਰਾ ਕੀਤੀ ਗਈਆਂ ਨਵੀਆਂ ਨਵੀਆਂ ਖੋਜਾਂ ਅਤੇ ਕਾਢਾਂ ਹੀ ਤਾਪਮਾਨ ਦੇ ਇਸ ਵਾਧੇ ਨੂੰ ਜਨਮ ਦੇ ਰਹੀਆਂ ਹਨਅਜੋਕੇ ਸਮੇਂ ਵਿੱਚ ਮਨੁੱਖ ‘ਫੌਸਿਲ ਫਿਊਲ’ ਦੀ ਵਰਤੋਂ ਧੜਾਧੜ ਕਰ ਰਿਹਾ ਹੈ ਜਿਸ ਵਿੱਚ ਕੋਇਲਾ, ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ, ਕੁਦਰਤੀ ਗੈਸ ਆਦਿ ਸਭ ਆ ਜਾਂਦੇ ਹਨ ਅਤੇ ਇਹ ਸਾਰੇ ਹੀ ਬਲਣ ਸਮੇਂ ਵੱਡੀ ਮਾਤਰਾ ਵਿੱਚ ਗਰੀਨਹਾਊਸ ਗੈਸਾਂ ਨੂੰ ਜਨਮ ਦਿੰਦੇ ਹਨਤਾਪ-ਬਿਜਲੀਘਰਾਂ ਵਿੱਚ ਬਿਜਲੀ ਬਣਾਉਣ ਲਈ ਕੋਇਲੇ ਦੀ ਭਾਰੀ ਵਰਤੋਂ ਹੋ ਰਹੀ ਹੈਇਸ ਸਮੇਂ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਕੁਲ ਗਰੀਨਹਾਊਸ ਗੈਸਾਂ ਦਾ 25 ਫ਼ੀਸਦੀ ਹਿੱਸਾ ਵਾਯੂਮੰਡਲ ਵਿੱਚ ਭੇਜ ਰਿਹਾ ਹੈ ਅਤੇ ਚੀਨ ਵੀ ਇਸ ਦੌੜ ਵਿੱਚ ਉਸ ਤੋਂ ਪਿੱਛੇ ਨਹੀਂ ਹੈ, ਸਗੋਂ ਚਾਰ ਕਦਮ ਅੱਗੇ ਹੀ ਹੈਭਾਰਤ ਸਮੇਤ ਤੀਸਰੀ ਦੁਨੀਆਂ ਦੇ ਦੇਸ਼ਾਂ ਲਈ ਵਾਤਾਵਰਣ ਡੂੰਘੀ ਅਤੇ ਗੁੰਝਲਦਾਰ ਸਮੱਸਿਆ ਬਣਦੀ ਜਾ ਰਿਹਾ ਹੈ। ਕੁਦਰਤੀ ਪ੍ਰਕਿਰਿਆਵਾਂ ਵਿੱਚ ਵਿਗਾੜ ਪਾ ਕੇ ਮਨੁੱਖ ਆਪਣੇ ਲਈ ਕੁਦਰਤੀ ਕਰੋਪੀਆਂ ਸਹੇੜ ਰਿਹਾ ਹੈ ਅਤੇ ਆਪਣੇ ਜੀਵਨ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ

ਸੰਸਾਰਕ ਪੱਧਰ ’ਤੇ ਵਧੇ ਹੋਏ ਤਾਪਮਾਨ ਨਾਲ ਵਾਤਾਵਰਣ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਹੋ ਰਹੀਆਂ ਹਨਵੱਡੇ-ਵੱਡੇ ਗਲੇਸ਼ੀਅਰ ਹੌਲੀ-ਹੌਲੀ ਪਿਘਲ ਰਹੇ ਹਨ ਅਤੇ ਜਦੋਂ ਇਹ ਵੱਡੇ ਪੱਧਰ ’ਤੇ ਪਿਘਲਣਗੇ ਤਾਂ ਨਦੀਆਂ ਅਤੇ ਦਰਿਆਵਾਂ ਵਿੱਚ ਹੜ੍ਹ ਆ ਸਕਦੇ ਹਨਹਿਮਾਲੀਆ ਪਰਬਤ ਦੀ ਲੰਮੀ ਲੜੀ ਵਿੱਚ ਲਗਭਗ ਦੋ ਲੱਖ ਵਰਗ ਕਿਲੋਮੀਟਰ ਦੇ ਖ਼ੇਤਰਫਲ ਵਿੱਚ ਗਲੇਸ਼ੀਅਰ ਹਨ ਅਤੇ ਇਨ੍ਹਾਂ ਦੇ ਪਿਘਲਣ ਨਾਲ ਭਾਰਤ ਦੇ ਦਰਿਆਵਾਂ ਨੂੰ ਵੀ ਖ਼ਤਰਾ ਪੈਦਾ ਹੋ ਸਕਦਾ ਹੈਦਰਿਆਵਾਂ ਦੇ ਇਸ ਵਾਧੂ ਪਾਣੀ ਦੇ ਨਾਲ ਸਮੁੰਦਰ ਦੀ ਸਤਹ ਹੌਲੀ-ਹੌਲੀ ਉੱਚੀ ਹੁੰਦੀ ਜਾਏਗੀ ਅਤੇ ਨੇੜ-ਭਵਿੱਖ ਵਿੱਚ ਵੱਖ-ਵੱਖ ਸਮੁੰਦਰਾਂ ਦੇ ਕੰਢਿਆਂ ’ਤੇ ਵਸੇ ਸ਼ਹਿਰਾਂ ਤੇ ਹੋਰ ਇਲਾਕਿਆਂ ਦੇ ਸਮੁੰਦਰ ਵਿੱਚ ਡੁੱਬਣ ਦਾ ਖ਼ਤਰਾ ਪੈਦਾ ਹੋ ਸਕਦਾ ਹੈਇਨ੍ਹਾਂ ਵਿੱਚ ਭਾਰਤ ਦੇ ਗਵਾਂਢੀ ਬੰਗਲਾ ਦੇਸ਼ ਤੇ ਕਈ ਹੋਰ ਦੇਸ਼ਾਂ ਦੇ ਡੁੱਬਣ ਦੀ ਵੀ ਗੱਲ ਕੀਤੀ ਜਾ ਰਹੀ ਹੈਅਮਰੀਕਾ ਵਿੱਚ ਸੈਲਾਨੀਆਂ ਦੇ ਬੇਹੱਦ ਮਨਪਸੰਦ ਸ਼ਹਿਰ ਮਿਆਮੀ ਦੀ ਹੋਂਦ ਵੀ ਖ਼ਤਰੇ ਵਿੱਚ ਦੱਸੀ ਜਾ ਰਹੀ ਹੈ

ਮੌਸਮ ਦੇ ਵਿਗਿਆਨੀਆਂ ਦੀ ਧਾਰਨਾ ਹੈ ਕਿ 1850 ਤੋਂ ਆਰੰਭ ਹੋਈ ‘ਉਦਯੋਗਿਕ-ਕ੍ਰਾਂਤੀ’ ਦੌਰਾਨ ਹੋਏ ਮਸ਼ੀਨੀਕਰਨ ਨਾਲ ਵਾਤਾਵਰਣ ਵਿੱਚ ‘ਗਰੀਨਹਾਊਸ ਗੈਸਾਂ’ ਦੀ ਮਿਕਦਾਰ ਵਧਣੀ ਸ਼ੁਰੂ ਹੋ ਗਈ, ਕਿਉਂਕਿ ਮਸ਼ੀਨਾਂ ਨੂੰ ਚਲਾਉਣ ਲਈ ਵਧੇਰੇ ਕਰਕੇ ‘ਫੌਸਿਲ ਫਿਊਲ’ ਦੀ ਹੀ ਵਰਤੋਂ ਕੀਤੀ ਗਈਗਰੀਨਹਾਊਸ ਗੈਸਾਂ ਵਿੱਚ ਸ਼ਾਮਲ ਕਾਰਬਨ ਡਾਇਆਕਸਾਈਡ ਅਤੇ ਮੀਥੇਨ ਵਾਯੂਮੰਡਲ ਵਿੱਚ ਗਰਮੀ ਛੱਡਦੀਆਂ ਹਨਇਨ੍ਹਾਂ ਵਿੱਚੋਂ ਕਾਰਬਨ ਡਾਇਆਕਸਈਡ ਦੀ ਮਾਤਰਾ 2009 ਤਕ 38 ਫ਼ੀਸਦੀ ਵਧੀ, ਜਦ ਕਿ ਮੀਥੇਨ ਦੀ ਮਾਤਰਾ ਵਿੱਚ 148 ਫ਼ੀਸਦੀ ਵਾਧਾ ਹੋਇਆ ਜੋ ਕਾਰਬਨ ਡਾਇਆਕਸਾਈਡ ਨਾਲੋਂ ਚਾਰ ਗੁਣਾ ਵੱਧ ਹੈ ਅਤੇ ਇਹ ਗਰਮੀ ਵੀ ਹਵਾ ਵਿੱਚ ਕਾਰਬਨ ਡਾਇਆਕਸਾਈਡ ਨਾਲੋਂ 300 ਗੁਣਾਂ ਵਧੇਰੇ ਛੱਡਦੀ ਹੈਇਨ੍ਹਾਂ ਗਰੀਨਹਾਊਸ ਗੈਸਾਂ ਵਿੱਚ ਸ਼ਾਮਲ ‘ਲਾਫਿੰਗ ਗੈਸ’ (ਨਾਈਟਰੱਸ ਆਕਸਾਈਡ) ਵੀ ਇਸ ਗਰਮੀ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦੀ ਹੈਇਤਿਹਾਸਕ ਤੱਥ ਬਿਆਨ ਕਰ ਰਹੇ ਹਨ ਕਿ ਪਿਛਲੇ 5000 ਸਾਲਾਂ ਵਿੱਚ ਧਰਤੀ ਦੇ ਔਸਤ ਤਾਪਮਾਨ ਵਿੱਚ 5 ਡਿਗਰੀ ਸੈਂਟੀਗਰੇਡ ਵਾਧਾ ਹੋਇਆ ਹੈ ਅਤੇ ਅਗਲੀ ਸਦੀ ਵਿੱਚ ਤਾਪਮਾਨ ਦਾ ਇਹ ਵਾਧਾ 20 ਗੁਣਾਂ ਹੋਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ

ਦੁਨੀਆਂ ਦੇ 195 ਦੇਸ਼ਾਂ ਦੀ ਸਮੂਹਿਕ ਜਥੇਬੰਦੀ ‘ਸੰਯੁਕਤ ਰਾਸ਼ਟਰ ਸੰਘ’ (ਯੂ.ਐੱਨ.ਓ.) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸੰਸਾਰ ਵਿੱਚ ਹਰ ਸਾਲ ਲਗਭਗ 9 ਲੱਖ ਮਿਲੀਅਨ ਹੈਕਟੇਅਰ ਰਕਬੇ ਵਿੱਚੋਂ ਹਰ ਸਾਲ ਜੰਗਲ ਅਲੋਪ ਹੋ ਰਹੇ ਹਨਅਤੇ ਇਸ ਨਾਲ ਵਾਤਾਵਰਣ ਵਿੱਚ ਵੱਡੀ ਪੱਧਰ ’ਤੇ ਗੜਬੜ ਹੋ ਰਹੀ ਹੈਆਸਟ੍ਰੇਲੀਆ, ਅਮਰੀਕਾ ਦੇ ਸੂਬੇ ਕੈਲੇਫ਼ੋਰਨੀਆ, ਕੈਨੇਡਾ ਦੇ ਸੂਬੇ ਅਲਬਰਟਾ ਅਤੇ ਕਈ ਹੋਰ ਥਾਂਵਾਂ ’ਤੇ ਜੰਗਲਾਂ ਨੂੰ ਅੱਗ ਲੱਗਣ ਕਾਰਨ ਲੱਖਾਂ ਏਕੜ ਰਕਬਾ ਜੰਗਲ ਤੋਂ ਵਿਹਲਾ ਹੋ ਗਿਆ ਹੈਜੰਗਲਾਂ ਦੇ ਇਸ ਤਰ੍ਹਾਂ ਖ਼ਤਮ ਹੋਣ ਨਾਲ ਇਨ੍ਹਾਂ ਵਿੱਚ ਰਹਿਣ ਵਾਲੇ ਜੀਵ-ਜੰਤੂਆਂ ਅਤੇ ਜਾਨਵਰਾਂ ਦਾ ਵੀ ਖਾਤਮਾ ਹੋ ਰਿਹਾ ਹੈਇਨ੍ਹਾਂ ਦੀਆਂ ਕਈ ਪ੍ਰਜਾਤੀਆਂ ਹੌਲੀ-ਹੌਲੀ ਅਲੋਪ ਹੁੰਦੀਆਂ ਜਾ ਰਹੀਆਂ ਹਨਅਸੀਂ ਭਲੀ-ਭਾਂਤ ਜਾਣਦੇ ਹਾਂ ਕਿ ਵਾਤਾਵਰਣ ਵਿੱਚ ਸਮਤੋਲ ਰੱਖਣ ਲਈ ਰੁੱਖਾਂ ਦੀ ਅਹਿਮ ਭੂਮਿਕਾ ਹੈਉਹ ਹਵਾ ਵਿੱਚੋਂ ਕਾਰਬਨ ਡਾਇਆਕਸਾਈਡ ਲੈ ਕੇ ਆਸਾਨੀ ਨਾਲ ਸਾਹ ਲੈਣ ਲਈ ਸਾਨੂੰ ਆਕਸੀਜਨ ਦਿੰਦੇ ਹਨਪੌਦਾ-ਵਿਗਿਆਨੀਆਂ ਦਾ ਵਿਚਾਰ ਹੈ ਇੱਕ ਵੱਡੇ ਰੁੱਖ ਵਿੱਚ 22 ਤੋਂ 25 ਕਿਲੋਗ੍ਰਾਮ ਕਾਰਬਨ ਡਾਇਆਕਸਾਈਡ ਹਵਾ ਵਿੱਚੋਂ ਜਜ਼ਬ ਕਰਨ ਦੀ ਸਮਰੱਥਾ ਹੈ

ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ 2007 ਵਿੱਚ 46 ਦੇਸ਼ਾਂ ਦੀ ਵਾਤਾਵਰਣ ਸਬੰਧੀ ਹੋਈ ਕਾਨਫਰੰਸ ਵਿੱਚ ਵਿਗਿਆਨੀਆਂ ਵੱਲੋਂ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਲੋਕਾਂ ਨੂੰ ਹੁਣ ਵੀ ਗਰੀਨਹਾਊਸ ਗੈਸਾਂ ਤੋਂ ਮੁਕਤ ਨਾ ਕਰਵਾਇਆ ਗਿਆ ਤਾਂ ਫਿਰ ਸਾਡੇ ਲਈ ਪਛਤਾਉਣ ਦਾ ਸਮਾਂ ਵੀ ਨਹੀਂ ਬਚੇਗਾਵਿਗਿਆਨੀਆਂ ਦੀ ਇਸ ਚਿਤਾਵਨੀ ਨੂੰ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵੱਲੋਂ ਗੰਭੀਰਤਾ ਨਾਲ ਲਿਆ ਗਿਆ ਅਤੇ 2015 ਵਿੱਚ ਪੈਰਿਸ ਵਿੱਚ ਹੀ ਹੋਈ ਮੁੜ ਹੋਈ ਕਾਨਫਰੰਸ ਵਿੱਚ 200 ਦੇਸ਼ਾਂ ਦੇ ਪ੍ਰਤੀਨਿਧੀਆਂ ਵੱਲੋਂ ਇਸ ਉੱਪਰ ਦਸਤਖ਼ਤ ਕੀਤੇ ਗਏ ਜਿਸ ਨੂੰ ‘ਪੈਰਿਸ ਵਾਤਾਵਰਣ ਸਮਝੌਤੇ’ ਦਾ ਨਾਂ ਦਿੱਤਾ ਗਿਆਇਹ ਸਮਝੌਤਾ ਅਗਲੇ ਸਾਲ 2016 ਨੂੰ ਲਾਗੂ ਕੀਤਾ ਗਿਆਇਸ ਸਮਝੌਤੇ ਦਾ ਮੁੱਖ-ਉਦੇਸ਼ ਸੰਸਾਰਕ ਪੱਧਰ ’ਤੇ ਤਾਪਮਾਨ ਵਿੱਚ ਵਾਧੇ ਨੂੰ ਹਰ ਹਾਲਤ ਵਿੱਚ 2 ਡਿਗਰੀ ਸੈਂਟੀਗਰੇਡ ਤੋਂ ਹੇਠਾਂ ਰੱਖਣਾ ਹੈ ਅਤੇ ਬਿਹਤਰ ਹੈ ਜੇਕਰ ਇਹ 1.5 ਡਿਗਰੀ ਦੇ ਆਸ-ਪਾਸ ਹੀ ਰਹੇਇਸ ਸਮਝੌਤੇ ਅਨੁਸਾਰ ਗਰੀਨਹਾਊਸ ਗੈਸਾਂ ਦੀ ਹਵਾ ਵਿੱਚ ਮਾਤਰਾ ਉੰਨੀ ਕੁ ਹੀ ਰਹਿਣੀ ਚਾਹੀਦੀ ਹੈ ਜਿੰਨੀ ਰੁੱਖ, ਧਰਤੀ ਅਤੇ ਸਮੁੰਦਰ ਆਪਣੇ ਵਿੱਚ ਆਸਾਨੀ ਨਾਲ ਸਮਾਅ ਸਕਣ ਇਸਦੇ ਲਈ ਹਰੇਕ ਮੈਂਬਰ ਦੇਸ਼ ਇਨ੍ਹਾਂ ਗੈਸਾਂ ਨੂੰ ਘਟਾਉਣ ਦਾ ਆਪਣਾ ‘ਨਿਸ਼ਾਨਾ’ (ਟਾਰਗੈੱਟ) ਤੈਅ ਕਰਦਾ ਹੈ ਜਿਸ ਨੂੰ ‘ਐੱਨ.ਡੀ.ਸੀ. ‘(ਨੈਸ਼ਨਲ ਡਿਟਰਮਿੰਡ ਕੰਟਰੀਬਿਊਸ਼ਨ) ਦਾ ਨਾਂ ਦਿੱਤਾ ਗਿਆ ਹੈ ਅਤੇ ਉਹ ਉਸ ਨੂੰ ਲਗਦੀ ਵਾਹ ਪੂਰਿਆਂ ਕਰਨ ਦੀ ਕੋਸ਼ਿਸ਼ ਕਰਦਾ ਹੈਵਾਤਾਵਰਣ ਦੀ ਤਬਦੀਲੀ ਅਤੇ ਨਵਿਆਉਣਯੋਗ-ਊਰਜਾ ਵਰਗੇ ਪ੍ਰਾਜੈਕਟਾਂ ਨੂੰ ਅਪਣਾਉਣ ਲਈ ਅਮੀਰ ਦੇਸ਼ਾਂ ਵੱਲੋਂ ਗ਼ਰੀਬ ਦੇਸ਼ਾਂ ਦੀ ਮਾਇਕ-ਸਹਾਇਤਾ ਵੀ ਕੀਤੀ ਜਾਂਦੀ ਹੈ ਇਸਦੇ ਵੱਲੋਂ ਮਿਥੇ ਗਏ ਨਿਸ਼ਾਨੇ ਅਨੁਸਾਰ ਦੁਨੀਆਂ ਦੇ ਸਾਰੇ ਦੇਸ 2050 ਤਕ ਵਾਤਾਵਰਣ ਪੱਖੋਂ ‘ਨਿਊਟਰਲ’ ਹੋ ਜਾਣਗੇਇਸ ਤੋਂ ਭਾਵ ਹੈ ਕਿ ਵਾਤਾਵਰਣ ਗਰੀਨਗੈਸਾਂ ਦੇ ਵਾਧੂ ਰਿਸਾਅ ਤੋਂ ਮੁਕਤ ਹੋ ਜਾਏਗਾ ਅਤੇ ਹਵਾ ਵਿੱਚ ਇਹ ਗੈਸਾਂ ਉੰਨੀ ਹੀ ਮਾਤਰਾ ਵਿੱਚ ਹੋਣਗੀਆਂ ਜਿੰਨੀਆਂ ਰੁੱਖ, ਧਰਤੀ ਅਤੇ ਸਮੁੰਦਰਾਂ ਦੇ ਪਾਣੀਆਂ ਆਪਣੇ ਵਿੱਚ ਸਮਾਅ ਲੈਣਗੇ

ਦੁਨੀਆਂ ਦੇ ਸਭ ਤੋਂ ਅਮੀਰ ਮਨੁੱਖ ਅਤੇ ਵਾਤਾਵਰਣ ਪ੍ਰਤੀ ਗੰਭੀਰ ਚਿੰਤਕ ਬਿੱਲਗੇਟਸ ਨੇ ਮਾਰਚ 2021 ਵਿੱਚ ਛਪੀ ਆਪਣੀ ਪੁਸਤਕ “ਹਾਊ ਟੂ ਅਵਾਇਡ ਆ ਕਲਾਈਮੇਟ ਡਿਜ਼ਾਸਟਰ” ਵਿੱਚ ਸਾਰੀ ਦੁਨੀਆਂ ਨੂੰ ਵਾਤਾਵਰਣ ਦੇ ਗੰਭੀਰ ਖ਼ਤਰੇ ਤੋਂ ਬਚਣ ਲਈ ਗਰੀਨਹਾਊਸ ਗੈਸਾਂ ਵਿੱਚ ਸ਼ਾਮਲ ਕਾਰਬਨ ਡਾਇਆਕਸਾਈਡ ਅਤੇ ਹਾਨੀਕਾਰਕ ਗੈਸਾਂ ਦੀ ਹਵਾ ਵਿੱਚ ਮਾਤਰਾ ਨੂੰ 2030 ਤੀਕ ਅੱਧਾ ਕਰਨ, ਅਤੇ 2050 ਤਕ ਇਨ੍ਹਾਂ ਨੂੰ ‘ਜ਼ੀਰੋ’ ਪੱਧਰ ਤਕ ਲਿਜਾਣ ਦੀ ਗੱਲ ਕੀਤੀ ਹੈਲੇਖਕ ਵੱਲੋਂ ਇਨ੍ਹਾਂ ਗੈਸਾਂ ਨੂੰ ‘ਜ਼ੀਰੋ’ ਤਕ ਲਿਜਾਣਾ ਭਾਵੇਂ ‘ਆਦਰਸ਼ਕ’ ਹੀ ਜਾਪਦਾ ਹੈ ਪਰ ਇਸ ਤੋਂ ਉਸ ਦਾ ਭਾਵ ਇਨ੍ਹਾਂ ਦੇ ਹਵਾ ਵਿੱਚ ਰਿਸਾਅ ਨੂੰ ਘੱਟ ਤੋਂ ਘੱਟ ਕਰਨਾ ਹੈ ਇਸਦੇ ਲਈ ਸਾਰਿਆਂ ਨੂੰ ‘ਫੌਸਿਲ ਫਿਊਲ’ ਦੀ ਵਰਤੋਂ ਘੱਟ ਕਰਨ ਅਤੇ ਬਿਜਲੀ ਦੇ ਉਤਪਾਦਨ ਲਈ ਤੇਜ਼ ਹਵਾਵਾਂ, ਸੂਰਜੀ ਊਰਜਾ, ਐਟਮੀ ਊਰਜਾ, ਆਦਿ ਸਾਧਨਾਂ ਉੱਪਰ ਵਧੇਰੇ ਨਿਰਭਰ ਹੋਣ ਲਈ ਕਿਹਾ ਗਿਆ ਹੈ। ਅਤੇ ਇਸ ਦੇ ਨਾਲ ਹੀ ਇਸਦੇ ਲਈ ਕਈ ਢੰਗ-ਤਰੀਕੇ ਵੀ ਸੁਝਾਏ ਗਏ ਹਨਗੱਡੀਆਂ, ਮੋਟਰਾਂ, ਕਾਰਾਂ ਤੇ ਆਵਾਜਾਈ ਦੇ ਹੋਰ ਸਾਧਨਾਂ ਨੂੰ ਬਿਜਲੀ ਨਾਲ ਚੱਲਣ ਵਾਲੇ ਬਣਾਉਣ ਦੀ ਜ਼ਰੂਰਤ ਹੈਉਂਜ ਵੇਖਣ-ਸੁਣਨ ਨੂੰ ਇਹ ਸਭ ਬਹੁਤ ਸੋਹਣਾ, ਸੁਚਾਰੂ ਅਤੇ ਆਦਰਸ਼ਕ ਲੱਗਦਾ ਹੈ ਪਰ ਅਮਲੀ ਤੌਰ ’ਤੇ ਕੀ ਇਹ ਸਭ ਸੰਭਵ ਹੋ ਸਕੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ

‘ਪੈਰਿਸ ਸਮਝੌਤੇ’ ਦੇ ਮੁੱਖ ਹਸਤਾਖ਼ਰੀ ਅਮਰੀਕਾ ਵੱਲੋਂ 2017 ਵਿੱਚ ਰਾਸ਼ਟਰਪਤੀ ਡੋਨਾਰਡ ਟਰੰਪ ਦੇ ਰਾਜ ਸਮੇਂ ਉਨ੍ਹਾਂ ਵੱਲੋਂ ਇਸ ਸਮਝੌਤੇ ਤੋਂ ਵੱਖ ਹੋਣ ਦੀ ਗੱਲ ਕਰਦਿਆਂ ਕਿਹਾ ਗਿਆ ਸੀ ਕਿ ਭਾਰਤ ਤੇ ਚੀਨ ਵਰਗੇ ਵੱਡੇ ਦੇਸ਼ ਫੌਸਿਲ ਫਿਊਲ ਦੀ ਧੜਾਧੜ ਵਰਤੋਂ ਕਰ ਰਹੇ ਹਨ ਅਤੇ ਉਨ੍ਹਾਂ ਉੱਪਰ ਇਸਦੇ ਬਾਰੇ ਕੋਈ ਜ਼ੋਰ ਨਹੀਂ ਪਾਇਆ ਜਾ ਰਿਹਾਪਾਠਕਾਂ ਨੂੰ ਯਾਦ ਹੋਵੇਗਾ ਕਿ ਅਮਰੀਕਾ ਨੇ ਨਵੰਬਰ 2020 ਵਿੱਚ ਪੈਰਿਸ ਸਮਝੌਤੇ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ ਅਤੇ ਇਸਦੀ ਉਦੋਂ ਦੂਸਰੇ ਦੇਸ਼ਾਂ ਵੱਲੋਂ ਕਾਫ਼ੀ ਨੁਕਤਾਚੀਨੀ ਵੀ ਹੋਈ ਸੀ ਇਸੇ ਮਹੀਨੇ ਹੋਈ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਹੋਰ ਕਈ ਮੁੱਦਿਆਂ ਸਮੇਤ ਇਸ ਅਹਿਮ ਮਸਲੇ ਦੇ ਕਾਰਨ ਵੀ ਟਰੰਪ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀਇਹ ਵੱਖਰੀ ਗੱਲ ਹੈ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਇਸ ਸਮਝੌਤੇ ਵਿੱਚ ਮੁੜ ਸ਼ਾਮਲ ਹੋ ਕੇ ਅਮਰੀਕਾ ਦੀ ਇਸ ਗ਼ਲਤੀ ਨੂੰ ਸੁਧਾਰ ਲਿਆ ਗਿਆ ਹੈਦੁਨੀਆਂ ਦਾ ਮੋਹਰੀ ਕਹਾਉਣ ਵਾਲਾ ਦੇਸ਼ ਹੀ ਜੇਕਰ ਮਨੁੱਖਤਾ ਨਾਲ ਜੁੜੇ ਇਸ ਤਰ੍ਹਾਂ ਦੇ ਅਗਾਂਹ-ਵਧੂ ਸਮਝੌਤਿਆਂ ਤੋਂ ਆਪਣਾ ਹੱਥ ਪਿੱਛੇ ਖਿੱਚੇਗਾ ਤਾਂ ਫਿਰ ਤੀਸਰੀ ਦੁਨੀਆਂ ਦੇ ਗ਼ਰੀਬ ਦੇਸ਼ਾਂ ਦਾ ਕੀ ਬਣੇਗਾ

ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਔਸਤ ਤਾਪਮਾਨ ਹੁਣ ਤੀਕ ਪਹਿਲਾਂ ਹੀ 1 ਡਿਗਰੀ ਸੈਂਟੀਗਰੇਡ ਵੱਧ ਚੁੱਕਾ ਹੈ ਅਤੇ ਇਹ ਕਿਸੇ ਵੀ ਹਾਲਤ ਵਿੱਚ 1.5 ਡਿਗਰੀ ਤੋਂ ਅੱਗੇ ਨਹੀਂ ਵਧਣਾ ਚਾਹੀਦਾਅਜਿਹਾ ਨਾ ਹੋਣ ਦੀ ਹਾਲਤ ਵਿੱਚ ਵਾਤਾਵਾਰਣ ਵਿੱਚ ਭਾਰੀ ਵਿਗਾੜ ਪੈਦਾ ਹੋ ਸਕਦੇ ਹਨ ਜਿਨ੍ਹਾਂ ਵਿੱਚ ਨਿੱਕੇ-ਵੱਡੇ ਟਾਪੂਆਂ ਦਾ ਸਮੁੰਦਰੀ ਲਹਿਰਾਂ ਦੇ ਹੇਠ ਦੱਬੇ ਜਾਣਾ, ਬਰਫ਼-ਰਹਿਤ ਆਰਕਟਿਕ ਗਰਮੀਆਂ ਦੇ ਸੀਜ਼ਨ ਅਤੇ ਮੌਸਮ ਵਿੱਚ ਭਾਰੀ ਉਤਰਾਅ-ਚੜ੍ਹਾ ਸ਼ਾਮਲ ਹੋ ਸਕਦੇ ਹਨਬੀਤੇ ਦਿਨੀਂ ਉੱਤਰੀ-ਅਮਰੀਕਨ ਖਿੱਤੇ ਦੇ ਕਈ ਸ਼ਹਿਰਾਂ ਵਿੱਚ ਤਾਪਮਾਨ 49-50 ਡਿਗਰੀ ਸੈਂਟੀਗਰੇਡ ਦੇ ਨੇੜੇ ਹੋ ਚੁੱਕਾ ਹੈਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਜਿੱਥੇ ਗਰਮੀਆਂ ਵਿੱਚ ਇਹ ਤਾਪਮਾਨ ਆਮ ਤੌਰ ’ਤੇ 25-30 ਡਿਗਰੀ ਤਕ ਹੀ ਰਹਿੰਦਾ ਸੀ, ਵਿੱਚ ਪਿਛਲੇ ਦਿਨੀਂ ਇਹ 49.5 ਡਿਗਰੀ ਹੋ ਗਿਆ ਸੀ ਅਤੇ ਗਰਮੀ ਨਾਲ ਉੱਥੇ 134 ਮੌਤਾਂ ਹੋ ਚੁੱਕੀਆਂ ਹਨਅਮਰੀਕਾ ਦੀਆਂ ਦੱਖਣ-ਪੱਛਮੀ ਸਟੇਟਾਂ ਵਿੱਚ ਭਾਰੀ ਗਰਮੀ ਵੇਖਣ ਨੂੰ ਮਿਲ ਰਹੀ ਹੈਕਈਆਂ ਵਿੱਚ ਤਾਂ ਗਰਮੀ ਨਾਲ ਸੋਕੇ ਵਾਲੀ ਸਥਿਤੀ ਵੀ ਪੈਦਾ ਹੋ ਰਹੀ ਹੈਭਾਰਤ ਦੇ ਕਈ ਹਿੱਸਿਆਂ ਵਿੱਚ ਇਹ ਤਾਪਮਾਨ 50 ਡਿਗਰੀ ਤੋਂ ਵੀ ਉੱਪਰ ਹੋ ਗਿਆ ਹੈਦੂਸਰੇ ਪਾਸੇ ਨਿਊਜ਼ੀਲੈਂਡ ਵਿੱਚ ਤਾਪਮਾਨ ਮਨਫ਼ੀ ਚਾਰ ਡਿਗਰੀ ਸੈਂਟੀਗਰੇਡ ਵੀ ਹੋ ਗਿਆ ਹੈ ਅਤੇ ਉੱਥੇ ਬਰਫ਼ ਪੈਣੀ ਆਰੰਭ ਹੋ ਚੁੱਕੀ ਹੈ

ਦੁਨੀਆਂ ਦੇ ਲਗਭਗ ਸਾਰੇ ਹੀ ਦੇਸ਼ਾਂ ਵਿੱਚ ਹੀ ਆਬਾਦੀ ਵਿੱਚ ਧੜਾਧੜ ਵਾਧਾ ਹੋ ਰਿਹਾ ਹੈ ਅਤੇ ਇਸ ਸਦੀ ਦੇ ਅਖ਼ੀਰ ਵਿੱਚ ਇਸਦੇ 10 ਬਿਲੀਅਨ ਤਕ ਪਹੁੰਚਣ ਦਾ ਅਨੁਮਾਨ ਹੈਭਾਰਤ, ਚੀਨ, ਨਾਈਜੇਰੀਆ ਆਦਿ ਦੇਸ਼ਾਂ ਵਿੱਚ ਤਾਂ ਇਸਦੇ ਵਾਧੇ ਦੀ ਦਰ ਹੋਰ ਵੀ ਵਧੇਰੇ ਹੋਵੇਗੀ ਅਤੇ ਇਹ ਬਹੁਤਾ ਕਰਕੇ ਸ਼ਹਿਰੀ ਆਬਾਦੀ ਦੀ ਹੋਵੇਗੀਇਹ ਖ਼ਿਆਲ ਕੀਤਾ ਜਾ ਰਿਹਾ ਹੈ ਕਿ 2060 ਤੀਕ ਸ਼ਹਿਰਾਂ ਵਿੱਚ ਘਰਾਂ ਅਤੇ ਹੋਰ ਲੋੜੀਂਦੀਆਂ ਏਅਰ-ਕੰਡੀਸ਼ਨਿੰਗ ਤੇ ਹੀਟਿੰਗ ਵਰਗੀਆਂ ਸੁਖ-ਸਹੂਲਤਾਂ ਦੀ ਮੰਗ ਲਗਭਗ ਦੁੱਗਣੀ ਹੋ ਜਾਏਗੀਇਨ੍ਹਾਂ ਵਿੱਚੋਂ ਬਿਜਲੀ ਦੀ ਮੰਗ 2050 ਤਕ 50 ਫ਼ੀਸਦੀ ਵਧ ਜਾਏਗੀ ਅਤੇ ਇਸ ਨੂੰ ਪੈਦਾ ਕਰਨ ਲਈ ਇਸ ਸਮੇਂ ਮੌਜੂਦਾ ਢੰਗਾਂ-ਤਰੀਕਿਆਂ ਤੋਂ ਇਲਾਵਾ ਜੇਕਰ ਹੋਰ ਸੁਚਾਰੂ ਸਾਧਨਾਂ ਦੀ ਵਰਤੋਂ ਨਾ ਕੀਤੀ ਗਈ ਤਾਂ ਹਵਾ ਵਿੱਚ ਕਾਰਬਨ ਡਾਇਆਕਸਾਈਡ ਅਤੇ ਹੋਰ ਗਰੀਨਹਾਊਸ ਗੈਸਾਂ ਦੀ ਮਾਤਰਾ ਵੀ 50 ਫ਼ੀਸਦੀ ਵਧ ਜਾਣ ਦੀ ਸੰਭਾਵਨਾ ਹੈ ਜਿਸ ਨੂੰ ਹਰ ਹਾਲਤ ਵਿੱਚ ਘੱਟ ਕਰਨ ਦੀ ਸਖ਼ਤ ਜ਼ਰੂਰਤ ਹੈਜ਼ਿਕਰਯੋਗ ਹੈ ਕਿ ਉਤਪਾਦਨ ਸੈੱਕਟਰ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਪੈਦਾ ਹੁੰਦਾ ਹੈਕੇਵਲ ਸਟੀਲ ਅਤੇ ਸੀਮੈਂਟ ਬਣਾਉਣ ਵਿੱਚ ਹੀ ਹਵਾ-ਪ੍ਰਦੂਸ਼ਣ ਵਿੱਚ 10 ਫ਼ੀਸਦੀ ਵਾਧਾ ਹੋ ਰਿਹਾ ਹੈ ਅਤੇ ਪਲਾਸਟਿਕ ਤੇ ਹੋਰ ਕਈ ਕਿਸਮ ਦੀ ਇੰਡਸਟਰੀ ਇਸ ਪ੍ਰਦੂਸ਼ਣ ਵਿੱਚ ਹੋਰ ਵੀ ਵਾਧਾ ਕਰਦੀ ਹੈਇਨ੍ਹਾਂ ਨੂੰ ਬਿਜਲੀ ਦੀ ਜ਼ਰੂਰਤ ਹੈ ਜਿਸ ਨੂੰ ਬਣਾਉਣ ਲਈ ਕੋਇਲੇ, ਤੇਲ, ਕੁਦਰਤੀ ਗੈਸ, ਹਾਈਡਰੋ ਪਾਵਰ, ਐਟਮੀ ਊਰਜਾ, ਆਦਿ ਦੀ ਲੋੜ ਹੈਮਾਹਿਰਾਂ ਦੁਆਰਾ ਇਹ ਮੰਨਿਆ ਗਿਆ ਹੈ ਕਿ ਇੱਕ ਟਨ ਸਟੀਲ ਬਣਾਉਣ ਵਿੱਚ 1.8 ਟਨ ਕਾਰਬਨ ਡਾਇਆਕਸਾਈਡ ਹਵਾਈ ਪ੍ਰਦੂਸ਼ਣ ਪੈਦਾ ਹੁੰਦਾ ਹੈਵੱਖ-ਵੱਖ ਕਿਸਮ ਦੀਆਂ ਖ਼ਾਦਾਂ ਬਣਾਉਣ ਲਈ 2010 ਤਕ 1.3 ਮਿਲੀਅਨ ਟਨ ਗਰੀਨਹਾਊਸ ਗੈਸਾਂ ਹਵਾ ਵਿੱਚ ਦਾਖ਼ਲ ਹੋਈਆਂ ਹਨ ਅਤੇ ਇਸ ਸਦੀ ਦੇ ਅੱਧ ਤਕ, ਭਾਵ 2050 ਤੀਕ ਇਹ ਪ੍ਰਦੂਸ਼ਣ 1.7 ਬਿਲੀਅਨ ਟਨ ਤਕ ਪਹੁੰਚ ਸਕਦਾ ਹੈ

ਵਾਤਾਵਰਣ ਦੇ ਵਿਗਾੜ ਦੀ ਗੱਲ ਕਰਦਿਆਂ ਜੇਕਰ ਪਾਣੀ ਦੇ ਪ੍ਰਦੂਸ਼ਣ ਦੀ ਵੀ ਥੋੜ੍ਹੀ ਜਿਹੀ ਗੱਲ ਕਰ ਲਈ ਜਾਏ ਤਾਂ ਇਹ ਕੁਥਾਂ ਨਹੀਂ ਹੋਵੇਗੀਅਮਰੀਕਾ, ਕੈਨੇਡਾ ਤੇ ਹੋਰ ਵਿਕਸਿਤ ਦੇਸ਼ਾਂ ਨੂੰ ਛੱਡ ਕੇ ਜੇ ਅਸੀਂ ਤੀਸਰੀ ਦੁਨੀਆਂ ਦੇ ਦੇਸ਼ਾਂ ਦੀ ਗੱਲ ਕਰੀਏ ਤਾਂ ਉੱਥੇ ਬਹੁਤ ਸਾਰੇ ਥਾਂਵਾਂ ’ਤੇ ਇਸ ਸਮੇਂ ਪੀਣ ਦੇ ਪਾਣੀ ਦੀ ਵੀ ਬੜੀ ਸਮੱਸਿਆ ਹੈਭਾਰਤ ਦੇ ਕਈ ਸੂਬਿਆਂ ਵਿੱਚ ਵਿਚ ਕਈ ਅਜਿਹੇ ਪਿੰਡ ਹਨ ਜਿੱਥੇ ਪੀਣ ਦੇ ਪਾਣੀ ਲਈ ਲੋਕਾਂ ਨੂੰ ਕਈ ਕਈ ਮੀਲ ਦੂਰ ਜਾਣਾ ਪੈਂਦਾ ਹੈ ਇਸਦੇ ਨਾਲ਼ ਹੀ ਜੇਕਰ ਪੰਜਾਬ ਦੀ ਗੱਲ ਨਾ ਕੀਤੀ ਜਾਏ ਤਾਂ ਇਹ ਵਿਚਾਰ-ਚਰਚਾ ਅਧੂਰੀ ਹੋਵੇਗੀਪੰਜਾਂ ਦਰਿਆਵਾਂ ਦੀ ਧਰਤੀ ‘ਪੰਜਾਬ’ (ਹੁਣ ਇਸ ਸਮੇਂ ‘ਢਾਈ ਦਰਿਆਵਾਂ’ ਦੀ) ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਪਾਣੀ ਦੀ ਥੁੜ ਪੈਦਾ ਹੋ ਗਈ ਹੈਮਾਲਵੇ ਦੇ ਇਲਾਕੇ ਵਿੱਚ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਰਿਹਾ ਅਤੇ ਇਹ ਕੈਂਸਰ ਦਾ ਮੁੱਖ ਕਾਰਨ ਬਣਿਆ ਹੋਇਆ ਹੈਹੁਣ ਤਾਂ ਮਾਝੇ ਅਤੇ ਦੁਆਬੇ ਵਿੱਚ ਵੀ ਪਾਣੀ ਤਿੰਨ-ਚਾਰ ਸੌ ਫੁੱਟ ਤਕ ਡੂੰਘਾ ਚਲਾ ਗਿਆ ਹੈਪੰਜਾਬ ਵਿੱਚ ਝੋਨੇ ਦੀ ਲਗਾਤਾਰ ਬਿਜਾਈ ਨੇ ਪਾਣੀ ਡੂੰਘੇ ਕਰ ਦਿੱਤੇ ਹਨ ਅਤੇ ਖ਼ਾਦਾਂ ਤੇ ਕੀੜੇ-ਮਾਰ ਦਵਾਈਆਂ ਦੀ ਅੰਧਾਧੁੰਦ ਵਰਤੋਂ ਨੇ ਪਾਣੀ ਦੇ ਧਰਾਤਲ ਨੂੰ ਜ਼ਹਿਰੀਲਾ ਕਰ ਛੱਡਿਆ ਹੈਪੀਣ ਵਾਲਾ ਪਾਣੀ 300-400 ਫੁੱਟ ਡੂੰਘਾਈ ’ਤੇ ਜਾ ਕੇ ਮਸਾਂ ਹੀ ਥਿਆਉਂਦਾ ਹੈਫੈਕਟਰੀਆਂ ਵਾਲਿਆਂ ਨੇ ਆਪਣੇ ਜ਼ਹਿਰੀਲੀ ‘ਇੰਡਸਟ੍ਰੀਅਲ ਰਹਿੰਦਖੂੰਦ’ (ਵੇਸਟ) ਨੂੰ ਬਿਨਾਂ ਸੋਧਿਆਂ 200-300 ਡੂੰਘੇ ਬੋਰ ਕਰਕੇ ਧਰਤੀ ਹੇਠਲੇ ਪਾਣੀ ਵਿੱਚ ਮਿਲਾ ਛੱਡਿਆ ਹੈ ਅਤੇ ਉਹ ਪੀਣ ਵਾਲੇ ਪਾਣੀ ਤੋਂ ਇਲਾਵਾ ਫ਼ਸਲਾਂ ਲਈ ਵੀ ਹਾਨੀਕਾਰਕ ਸਾਬਤ ਹੋ ਰਹੇ ਹਨਪਿਛਲੇ ਦਿਨੀਂ ਭਵਾਨੀਗੜ੍ਹ ਦੇ ਨੇੜੇ ਇੱਕ ਪਿੰਡ ਦੇ ਟਿਊਬਵੈੱਲ ਵਿੱਚੋਂ ਨਿਕਲਿਆ ਲਾਲ ਰੰਗ ਦਾ ਪਾਣੀ ਇਸਦੀ ਤਾਜ਼ਾ ਮਿਸਾਲ ਹੈ ਅਤੇ ਲੁਧਿਆਣੇ ਦਾ ‘ਬੁੱਢਾ ਨਾਲ਼ਾ’ ਕਿਸੇ ਵੀ ਪੰਜਾਬੀ ਨੂੰ ਭੁੱਲਿਆ ਨਹੀਂ

ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ‘ਕਾਲੀ ਵੇਈਂ’ ਦੀ ਸਫ਼ਾਈ ਬਾਬਾ ਬਲਬੀਰ ਸਿੰਘ ਸੀਚੇਵਾਲ ਕਰਵਾ-ਕਰਵਾ ਕੇ ਥੱਕ ਗਿਆ ਹੈ ਪਰ ਫੈਕਟਰੀਆਂ ਵਾਲੇ ਫਿਰ ਵੀ ਇਸ ਵਿੱਚ ਆਪਣੀ ‘ਇੰਡਸਟਰੀਅਲ ਵੇਸਟ’ ਪਾਉਣੋਂ ਨਹੀਂ ਟਲ਼਼ਦੇ ਇੱਕ ਹੋਰ ਬਾਬਾ ਸੇਵਾ ਸਿੰਘ ‘ਖਡੂਰ ਸਾਹਿਬ ਵਾਲਾ’ ਹੈ ਜੋ ਸੜਕਾਂ ਦੇ ਕਿਨਾਰਿਆਂ ਅਤੇ ਹੋਰ ਸਾਂਝੀਆਂ ਥਾਂਵਾਂ ’ਤੇ ਰੁੱਖ ਲਗਾਉਣ ਦੀ ਵਧੀਆ ਮੁਹਿੰਮ ਛੇੜੀ ਬੈਠਾ ਹੈ ਪਰ ਉਸ ਦੇ ਸੇਵਾਦਾਰਾਂ ਵੱਲੋਂ ਲਾਏ ਗਏ ਰੁੱਖ ਵੀ ਕਈ ਥਾਂਈਂ ਪੰਜਾਬੀ ਕਿਸਾਨਾਂ ਦੇ ਟ੍ਰੈਕਟਰਾਂ ਦੀ ਭੇਂਟ ਚੜ੍ਹ ਗਏ ਹਨਇਨ੍ਹਾਂ ‘ਦੋ ਬਾਬਿਆਂ’ ਬਾਰੇ ਮੇਰੇ ਇੱਕ ਦੋਸਤ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕੇਵਲ ਇਹ ਹੀ ‘ਅਸਲੀ ਬਾਬੇ’ ਹਨ, ‘ਸੀਚੇਵਾਲ ਵਾਲਾ ਤੇ ‘ਖਡੂਰ ਸਾਹਿਬ ਵਾਲਾ’, ਬਾਕੀ ‘ਕਾਰ-ਸੇਵਾ ਵਾਲੇ’ ਤਾਂ ਗੁਰਦੁਆਰਿਆਂ ਵਿੱਚ ਸੰਗਮਰਮਰ ਜੜਨ, ਛਕਣ-ਛਕਾਉਣ ਅਤੇ ਲੋਕਾਂ ਨੂੰ ਲੁੱਟਣ ਵਾਲੇ ਹੀ ਹਨ… ਤੇ ਮੈਂਨੂੰ ਉਸ ਦਾ ਇਹ ਕਥਨ ਕਾਫ਼ੀ ਹੱਦ ਤੀਕ ਸਹੀ ਲੱਗਦਾ ਹੈ

ਅੰਤ ਵਿੱਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਹਵਾਈ ਪ੍ਰਦੂਸ਼ਣ ਅਤੇ ਪਾਣੀ ਦਾ ਪ੍ਰਦੂਸ਼ਣ ਇਸ ਸਮੇਂ ਲਗਭਗ ਸਾਰੀ ਦੁਨੀਆਂ ਲਈ ਹੀ ਚੁਣੌਤੀ ਬਣੇ ਹੋਏ ਹਨ ਅਤੇ ਇਨ੍ਹਾਂ ਦੇ ਯੋਗ ਹੱਲ ਤਲਾਸ਼ ਕਰਨੇ ਸਮੇਂ ਦੀ ਮੁੱਖ ਲੋੜ ਹੈਜੇਕਰ ਇੰਜ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਮਨੁੱਖਤਾ ਦੇ ਵਿਨਾਸ਼ ਦਾ ਮੁੱਖ ਕਾਰਨ ਬਣ ਜਾਣਗੇ ਇਸਦੇ ਲਈ ਸੰਸਾਰਕ ਪੱਧਰ ’ਤੇ ਸਾਰਿਆਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2924)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਸੁਖਦੇਵ ਸਿੰਘ ਝੰਡ

ਡਾ. ਸੁਖਦੇਵ ਸਿੰਘ ਝੰਡ

Brampton, Ontario, Canada.
WhatsApp (1 - 647 - 567 - 9128)
Email: (ssjhand121@gmail.com)

More articles from this author