SurjitSFlora7ਜਿਵੇਂ ਉਹ ਪਿੱਛੇ ਭਾਰਤ ਵਿਚ ਰਹਿੰਦਿਆਂ ਨਿਯਮਾਂ ਦਾ ਸਤਿਕਾਰ ਨਹੀਂ ਸਨ ਕਰਦੇਉਹ ਇੱਥੇ ਕੈਨੇਡਾ ਵਿੱਚ ...
(3 ਜੂਨ 2023)
ਇਸ ਸਮੇਂ ਪਾਠਕ: 351.


ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਵਿਸ਼ਵ ਬੈਂਕ ਦੇ ਚੇਅਰਮੈਨ ਦੇ ਅਹੁਦੇ ਲਈ ਭਾਰਤੀ-ਅਮਰੀਕੀ ਕਾਰੋਬਾਰੀ ਅਜੈ ਬੰਗਾ ਨੂੰ ਨਾਮਜ਼ਦ ਕਰਕੇ ਭਾਰਤੀਆਂ ਦਾ ਮਾਣ ਵਧਾਇਆ ਹੈ। ਕੈਨੇਡਾ ਵਿਚ ਪ੍ਰਭਮੀਤ ਸਿੰਘ ਸਰਕਾਰੀਆ ਐੱਮ.ਪੀ.ਪੀ. ਇਕ ਕੈਨੇਡੀਅਨ ਵਕੀਲ ਅਤੇ ਸਿਆਸਤਦਾਨ ਹੈ
, ਜੋ ਕੈਨੇਡਾ ਵਿੱਚ ਓਂਟੇਰੀਓ ਸੂਬੇ ਦੇ ਖਜ਼ਾਨਾ ਮੰਤਰੀ ਹਨ। ਨੀਨਾ ਟਾਂਗਰੀ ਓਂਟਾਰੀਓ ਦੀ ਫੋਰਡ ਸਰਕਾਰ ਵਿਚ ਹਾਊਸਿੰਗ ਓਂਟੇਰੀਓ ਦੀ ਐਸੋਸੀਏਟ ਮੰਤਰੀ ਹੈ ਅਤੇ ਕਮਲ ਖਹਿਰਾ ਸੀਨੀਅਰਜ਼ ਮੰਤਰੀ। ਹਰਜੀਤ ਸਿੰਘ ਸੱਜਣ ਨੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਅਤੇ ਰਾਸ਼ਟਰੀ ਰੱਖਿਆ ਮੰਤਰੀ ਵਜੋਂ ਵੀ ਕੰਮ ਕੀਤਾ। ਉਹ ਕੈਨੇਡਾ ਦੇ ਰਾਸ਼ਟਰੀ ਰੱਖਿਆ ਦੇ ਪਹਿਲੇ ਸਿੱਖ ਦਸਤਾਰਧਰੀ ਮੰਤਰੀ ਸਨ ਅਤੇ ਕੈਨੇਡੀਅਨ ਆਰਮੀ ਰਿਜ਼ਰਵ ਰੈਜੀਮੈਂਟ ਦੀ ਕਮਾਂਡ ਕਰਨ ਵਾਲੇ ਪਹਿਲੇ ਸਿੱਖ ਕੈਨੇਡੀਅਨ ਵੀ ਸਨ, ਜਿਨ੍ਹਾਂ ਨੇ ਫੈਡਰਲ ਟਰੂਡੋ ਲਿਬਰਲ ਸਰਕਾਰ ਮੈਂਬਰ ਹਨ। ਗੁਰਬਖ਼ਸ਼ ਸਿੰਘ ਮੱਲ੍ਹੀ, ਜੋ ਕੈਨੇਡਾ ਦੀ ਪਾਰਲੀਮੈਂਟ ਵਿੱਚ ਪਹਿਲੇ ਦਸਤਾਰਧਾਰੀ ਐੱਮ.ਪੀ. ਸਨ, ਜਿਨ੍ਹਾਂ ਨੂੰ ਪਿਛਲੇ ਮਹੀਨੇ ਹੀ ਬਰੈਂਪਟਨ ਸਿਟੀ ਦੇ ਕੌਂਸਲ ਵੱਲੋਂ ਬਰੈਂਪਟਨ ਦੀ ਚਾਬੀ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬੀਆਂ ਵਿੱਚੋਂ ਬਹੁਤ ਸਾਰੇ ਖੇਤੀ ਵੀ ਕਰਦੇ ਹਨ, ਆਵਾਜਾਈ, ਹੋਟਲ ਕਾਰੋਬਾਰ ਅਤੇ ਆਈ.ਟੀ. ਵਿਚ ਵੀ ਕੰਮ ਕਰਦੇ ਹਨ, ਸੂਚੀ ਲੰਬੀ ਹੈ, ਜਿਸ ’ਤੇ ਪੰਜਾਬੀ ਭਾਰਤੀ ਮਾਣ ਮਹਿਸੂਸ ਕਰਨ।

ਗੱਲ ਕੀ ਪੰਜਾਬੀ ਭਾਈਚਾਰੇ, ਖਾਸ ਕਰਕੇ ਸਿੱਖਾਂ ਨੇ ਆਪਣੇ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਸਰੋਕਾਰਾਂ ਨਾਲ ਕੈਨੇਡਾ ਵਿਚ ਅਜਿਹੀ ਵਿਲੱਖਣ ਅਤੇ ਪ੍ਰਭਾਵਸ਼ਾਲੀ ਪਛਾਣ ਬਣਾਈ ਹੈ ਕਿ ਅੱਜ ਕੈਨੇਡਾ ਵਿਚ 1.4 ਫੀਸਦੀ ਆਬਾਦੀ ਵਾਲੇ 338 ਸੀਟਾਂ ਵਾਲੇ ਸਦਨ ਵਿਚ 18 ਸਿੱਖ ਮੈਂਬਰ ਹਨ। ਅਜਿਹਾ ਮਾਣਮੱਤਾ ਮਾਹੌਲ ਸਿਰਜਣ ਕਾਰਨ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਈ ਵਿਚ ਕਾਮਾਘਾਟਾ 1914 ਦੇ ਕਤਲੇਆਮ ਦੀਆਂ ਇਤਿਹਾਸਕ ਵਧੀਕੀਆਂ ਅਤੇ ਦੁਖਦਾਈ ਘਟਨਾਵਾਂ ਲਈ ਇਕ ਸਦੀ ਬਾਅਦ ਹਾਊਸ ਆਫ਼ ਕਾਮਨਜ਼ ਵਿਚ ਮੁਆਫ਼ੀ ਮੰਗਦੇ ਹੋਏ ਸਿੱਖ ਕੌਮ ਦੀ ਭੂਮਿਕਾ ਅਤੇ ਪ੍ਰਭਾਵ ਨੂੰ ਦਰਸਾਇਆ।

ਇਸ ਸਮੇਂ ਬਹੁਤ ਸਾਰੇ ਪੰਜਾਬੀ ਡਰੱਗ ਤਸਕਰੀ, ਘਰੇਲੂ ਹਿੰਸਾ, ਨਸਲੀ ਹਿੰਸਾ, ਕਤਲ, ਚੋਰੀ, ਛੁਰਾ ਮਾਰਨ, ਜਾਨਵਰਾਂ ਅਤੇ ਲੋਕਾਂ ਦੀ ਤਸਕਰੀ ਕਰਨ ਵਾਲੇ ਲੋਕ ਅਤੇ ਨਸ਼ੀਲੇ ਪਦਾਰਥਾਂ ਦੇ ਨਾਲ-ਨਾਲ ਬਲਾਤਕਾਰ ਅਤੇ ਹੋਰ ਮਾੜੇ ਵਿਵਹਾਰ ਵਰਗੇ ਗੰਭੀਰ ਅਪਰਾਧਾਂ ਲਈ ਵਿਦੇਸ਼ਾਂ ਵਿਚ ਜੇਲ੍ਹਾਂ ਕੱਟ ਰਹੇ ਹਨ ਜਾਂ ਫਰਾਰ ਹੋਣ ’ਤੇ ਭਗੌੜੇ ਕਰਾਰ ਦਿੱਤੇ ਗਏ ਹਨ। ਅਸੀਂ ਉਨ੍ਹਾਂ ਨੂੰ "ਸੜੇ ਹੋਏ ਸੇਬ" ਕਹਿ ਸਕਦੇ ਹਾਂ। ਜਿਵੇਂ ਕਿ ਇਕ ਮਰੀ ਹੋਈ ਮੱਛੀ ਸਾਰੇ ਤਲਾਬ ਨੂੰ ਗੰਦਾ ਕਰ ਦਿੱਦੀ ਹੈ, ਬਿਲਕੁਲ ਉਸੇ ਤਰ੍ਹਾਂ ਕੁਝ ਲੋਕਾਂ ਨੇ ਰਾਤੋ-ਰਾਤ ਅਮੀਰ ਬਣਨ ਲਈ ਜਾਂ ਆਪਣੇ ਭਾਰਤ ਦੀਆਂ ਭੈੜੀਆਂ ਆਦਤਾਂ ਪਿੱਛੇ ਨਾ ਛੱਡਦੇ ਹੋਏ ਕੈਨੇਡਾ ਦਾ ਮਾਹੌਲ ਵੀ ਪੰਜਾਬ ਵਰਗਾ ਬਣਾ ਦਿੱਤਾ ਹੈ। ਹਰ ਆਏ ਦਿਨ ਲੁੱਟ-ਖਸੁੱਟ, ਚੋਰੀ, ਬਲਾਤਕਾਰ, ਗੱਡੀਆਂ ਦੀਆਂ ਚੋਰੀਆਂ, ਪਲਾਜ਼ੇ-ਪਾਰਕਾਂ ਵਿਚ ਛੋਟੀ-ਛੋਟੀ ਗੱਲ ’ਤੇ ਗਾਲੀ ਗਲੋਚ ’ਤੇ ਉੱਤਰ ਆਉਣਾ ਤੇ ਹਾਕੀਆਂ ਡੰਡੇ, ਕਿਰਪਾਨਾਂ, ਗੱਡੀਆਂ ਵਿੱਚੋਂ ਕੱਢ ਕੇ ਵੱਢ ਵਢਾਂਗਾ, ਆਮ ਜਿਹੀ ਗੱਲ ਹੋ ਚੁੱਕੀ ਹੈ। ਇਹ ਵਰਤਾਰਾ ਕੈਨੇਡਾ ਅਤੇ ਅਮਰੀਕਾ ਵਿਚ ਪੰਜਾਬੀਆਂ, ਭਾਰਤੀਆਂ ਦੇ ਅਕਸ ਨੂੰ ਮਿੱਟੀ ਵਿਚ ਮਿਲਾ ਰਿਹਾ ਹੈ।

ਇੰਨਾ ਹੀ ਨਹੀਂ, ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡਾ ਦੇ ਕਾਲਜਾਂ, ਯੂਨੀਵਰਸਿਟੀਆਂ, ਗਲੀਆਂ, ਬੱਸ ਅੱਡਿਆਂ, ਕੰਮ ਕਰਨ ਵਾਲੀਆਂ ਥਾਵਾਂ, ਪਵਿੱਤਰ ਸਥਾਨਾਂ ’ਤੇ ਨਿਸ਼ਾਨਾ ਬਣਾਉਂਦੇ ਹਨ, ਜੋ ਮੁੰਡੇ ਕੁੜੀਆਂ ਨੂੰ ਅੱਗੇ ਵੇਚਦੇ ਹਨ ਜਾਂ ਉਨ੍ਹਾਂ ਤੋਂ ਗ਼ਲਤ ਕੰਮ ਕਰਵਾਉਂਦੇ ਹਨ। ਲੜਕੀਆਂ ਨੂੰ ਹੋਟਲਾਂ-ਮੋਟਲਾਂ ਵਿਚ ਦੇਹ ਵਪਾਰ ਲਈ ਮਜਬੂਰ ਕਰਦੇ ਹਨ। ਇਸ ਵਿੱਚੋਂ ਦਲਾਲ ਫਾਇਦਾ ਉਠਾਉਂਦੇ ਹਨ। ਕੁਝ ਗਿਣਤੀ ਪੰਜਾਬੀਆਂ ਨੇ ਜੋ ਸਮੁੱਚੇ ਪੰਜਾਬੀਆਂ ਦੇ ਮੂੰਹ ’ਤੇ ਕਾਲਖ਼ ਮਲ਼ੀ ਹੈ, ਉਸ ਨੇ ਸਭ ਦੇ ਇੱਜ਼ਤ ਮਾਣ ਨੂੰ ਮਿੱਟੀ ਵਿਚ ਮਿਲਾ ਕੇ ਰੱਖ ਦਿੱਤਾ ਹੈ, ਬਰਬਾਦ ਕਰ ਦਿੱਤਾ ਹੈ। ਜੇ ਗੋਰੇ ਲੋਕ ਪੰਜਾਬੀਆਂ ਬਾਰੇ ਬੁਰਾ-ਭਲਾ ਕਹਿ ਰਹੇ ਹਨ ਤਾਂ ਉਹ ਗ਼ਲਤ ਨਹੀਂ ਹਨ। 20 ਸਾਲ ਪਹਿਲਾਂ ਨੌਜਵਾਨ ਪੰਜਾਬੀ ਪੜ੍ਹਾਈ ਅਤੇ ਕੰਮ ਕਰਨ ਲਈ ਕੈਨੇਡਾ ਆਏ ਸਨ ਕਿਉਂਕਿ ਉਹ ਇਕ ਬਿਹਤਰ ਭਵਿੱਖ ਚਾਹੁੰਦੇ ਸਨ ਪਰ ਜਿਹੜੇ ਪਿਛਲੇ 7-8 ਸਾਲਾਂ ਤੋਂ ਆ ਰਹੇ ਹਨ, ਉਨ੍ਹਾਂ ਦੀ ਸਚਾਈ ਇਹ ਹੈ ਕਿ ਉਹ ਇੱਥੇ ਸਿਰਫ਼ ਪੱਕੇ ਹੋਣ ਲਈ ਆ ਰਹੇ ਹਨ, ਪੜ੍ਹਾਈ ਲਈ ਨਹੀਂ। ਜਦੋਂ ਤੋਂ ਕੈਨੇਡੀਅਨ ਸਰਕਾਰ ਨੇ ਵਰਕ ਵੀਜ਼ਾ ਪ੍ਰਾਪਤ ਕਰਨਾ ਆਸਾਨ ਕਰ ਦਿੱਤਾ ਹੈ, ਵਧੇਰੇ ਪੰਜਾਬੀ ਇੱਥੇ ਆ ਰਹੇ ਹਨ। ਪਿਛਲੇ ਦਿਨੀਂ ਹੀ ਟੋਰਾਂਟੋ ਪੁਲਸ ਨੇ 119 ਕਾਰ ਚੋਰਾਂ ਨੂੰ ਫੜਿਆ ਅਤੇ ਕੁੱਲ 27 ਮਿਲੀਅਨ ਡਾਲਰ ਦੀਆਂ 556 ਚੋਰੀ ਹੋਈਆਂ ਕਾਰਾਂ ਵਾਪਸ ਮਿਲੀਆਂ। ਇਨ੍ਹਾਂ 119 ’ਤੇ 314 ਦੋਸ਼ ਹਨ। ਪੰਜਾਬੀਆਂ ਨੂੰ ਸ਼ਰਮ ਆਉਂਦੀ ਹੈ ਕਿ ਜੇਲ੍ਹ ਵਿੱਚ ਬੰਦ ਇਨ੍ਹਾਂ 119 ਵਿੱਚੋਂ 60-70 ਪੰਜਾਬ ਦੇ ਹਨ।

ਤਕਨਾਲੋਜੀ ਦੇ ਇਨ੍ਹਾਂ ਮਾਹਰਾਂ ਨੇ ਕਾਰਾਂ ਚੋਰੀ ਕਰਨ ਲਈ ਅਤਿ ਆਧੁਨਿਕ ਸਾਧਨਾਂ ਦੀ ਵਰਤੋਂ ਕੀਤੀ। ਉਨ੍ਹਾਂ ਨੇ ਇਨ੍ਹਾਂ ਕਾਰਾਂ ਨੂੰ ਚੋਰੀ ਕਰ ਲਿਆ ਅਤੇ ਸਮੁੰਦਰ ਰਾਹੀਂ ਦੂਰ-ਦੁਰਾਡੇ ਦੇਸ਼ਾਂ ਵਿੱਚ ਭੇਜ ਦਿੱਤਾ, ਜਿੱਥੇ ਉਨ੍ਹਾਂ ਨੇ ਇਨ੍ਹਾਂ ਨੂੰ ਲਗਭਗ ਦੁੱਗਣੀ ਕੀਮਤ ਵਿਚ ਵੇਚ ਦਿੱਤਾ। 100 ਤੋਂ ਵੱਧ ਕਾਰਾਂ, ਜੋ ਸ਼ਿਪਿੰਗ ਲਈ ਤਿਆਰ ਸਨ, ਵੀ ਪੁਲਸ ਨੇ ਆਪਣੇ ਕਬਜ਼ੇ ਵਿਚ ਲਈਆਂ। ਕੈਨੇਡਾ ਵਿਚ ਅਮਰੀਕਾ ਨਾਲੋਂ ਵੱਧ ਕਾਰਾਂ ਚੋਰੀਆਂ ਹੁੰਦੀਆਂ ਹਨ।

ਇੰਨਾ ਹੀ ਨਹੀਂ, ਅਪ੍ਰੈਲ 2023 ਵਿਚ ਬਰੈਂਪਟਨ, ਓਂਟਾਰੀਓ ਤੋਂ ਇਕ ਭਾਰਤੀ ਮੂਲ ਦੇ ਵਿਅਕਤੀ, ਜਿਸ ਨੇ ਕਥਿਤ ਤੌਰ ’ਤੇ 1000 ਲੋਕਾਂ ਨੂੰ ਕੈਨੇਡਾ ਤੋਂ ਅਮਰੀਕਾ ਅਤੇ ਅਮਰੀਕਾ ਤੋਂ ਕੈਨੇਡਾ ਵਿੱਚ ਵਾੜਨ ਦੀ ਸ਼ੇਖੀ ਮਾਰੀ ਸੀ, ਨੂੰ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ। ਸਿਮਰਨਜੀਤ ‘ਸ਼ੈਲੀ’ ਸਿੰਘ, 40, ਨਿਊਯਾਰਕ ਦੀ ਇਕ ਅਦਾਲਤ ਵਿਚ ਲੋਕਾਂ ਦੀ ਤਸਕਰੀ ਨਾਲ ਜੁੜੇ 9 ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਨਾਲ ਹੀ ਸੰਜੇ ਮਦਾਨ, ਇਕ ਸਾਬਕਾ ਓਂਟੇਰੀਓ ਅਧਿਕਾਰੀ ਨੂੰ 47.4 ਮਿਲੀਅਨ ਡਾਲਰ ਚੋਰੀ ਕਰਨ ਲਈ ਦਸ ਸਾਲ ਦੀ ਸਜ਼ਾ ਸੁਣਾਈ ਗਈ ਹੈ।

ਇਹ ਅਮੀਰ ਵਿਗੜੇ ਬੱਚੇ ਹਨ, ਜੋ ਆਪਣੇ ਮਾਪਿਆਂ ਦੀ ਮਿਹਨਤ ਦੀ ਕਮਾਈ ਦੀ ਕਦਰ ਨਹੀਂ ਕਰਦੇ। ਇਹ ਸਿਰਫ਼ ਕੈਨੇਡੀਅਨ ਪੀ.ਆਰ. ਪ੍ਰਾਪਤ ਕਰਨ ਦੇ ਇੱਕੋ ਇੱਕ ਮਕਸਦ ਲਈ ਪ੍ਰਵਾਸ ਕਰਦੇ ਹਨ। ਵਿਦਿਆਰਥੀ ਹੋਣਾ ਸਿਰਫ਼ ਦਾਖਲੇ ਦਾ ਇਕ ਤਰੀਕਾ ਹੈ। ਉਨ੍ਹਾਂ ਦੇ ਮਾਪੇ ਆਪਣੀਆਂ ਜ਼ਮੀਨਾਂ ਵੇਚਦੇ ਹਨ। ਆਪਣੇ ਭਾਈਚਾਰੇ, ਦੇਸ਼ ਨੂੰ ਸ਼ਰਮਸਾਰ ਕਰਨ ਲਈ ਇਹ ਸਮੁੱਚੇ ਭਾਰਤੀ ਭਾਈਚਾਰੇ ਨੂੰ ਦੂਜਿਆਂ ਸਾਹਮਣੇ ਹਾਸੇ ਦਾ ਪਾਤਰ ਬਣਾ ਰਹੇ ਹਨ।

ਜਿਵੇਂ ਉਹ ਪਿੱਛੇ ਭਾਰਤ ਵਿਚ ਰਹਿੰਦਿਆਂ ਨਿਯਮਾਂ ਦਾ ਸਤਿਕਾਰ ਨਹੀਂ ਸਨ ਕਰਦੇ, ਉਹ ਇੱਥੇ ਕੈਨੇਡਾ ਵਿੱਚ ਵੀ ਅਜਿਹਾ ਹੀ ਕਰ ਰਹੇ ਹਨ। ਉਹ ਕੂੜਾ ਸੁੱਟਦੇ ਹਨ, ਪਾਰਕਿੰਗ ਲਾਟ ਜਾਂ ਕਾਲਜ ਵਿਚ ਲੜਾਈਆਂ ਕਰਦੇ ਹਨ। ਤੇਜ਼ ਗੱਡੀਆਂ ਚਲਾਉਣਾ, ਨਾ ਸੱਜੇ ਨਾ ਖੱਬੇ ਦੇਖਣਾ, ਨਾ ਸਿਗਨਲ ਦੇਣਾ, ਗ਼ਲਤੀ ਹੋਣ ਦੇ ਬਾਵਜੂਦ ਦੂਜੇ ਦੇ ਗਲ਼ ਪੈ ਜਾਣਾ ਜਾਂ ਉਸ ਨੂੰ ਵਿਚਕਾਰਲੀ ਉਂਗਲ ਦਿਖਾ ਕੇ ਗੱਡੀ ਵਿੱਚੋਂ ਬਾਂਹ ਬਾਹਰ ਉੱਪਰ ਚੁੱਕ ਕੇ ਦਿਖਾਉਣਾ ਆਮ ਜਿਹੀ ਗੱਲ ਹੈ।

ਕੈਨੇਡਾ ਇਸ ਸਮੇਂ ਭਾਰਤ ਅਤੇ ਚੀਨ ਦੋਵਾਂ ਤੋਂ ਬਹੁਤ ਜ਼ਿਆਦਾ ਪ੍ਰਵਾਸੀਆਂ ਨੂੰ ਵੀਜ਼ੇ ਦੇ ਰਿਹਾ ਹੈ। ਕੈਨੇਡਾ ਦੀ ਆਬਾਦੀ 40 ਮਿਲੀਅਨ ਦੇ ਕਰੀਬ ਹੈ। ਭਾਰਤ ਅਤੇ ਚੀਨ ਦੀ ਕੁੱਲ ਆਬਾਦੀ ਲੱਗਭਗ 3 ਅਰਬ ਹੈ। ਕੈਨੇਡਾ ਦੀ ਆਪਣੀ ਸੰਸਕ੍ਰਿਤੀ ਅਤੇ ਪਛਾਣ ਹੈ, ਜੋ ਇਸਦੀਆਂ ਪੁਰਾਣੀਆਂ ਫ੍ਰੈਂਚ ਅਤੇ ਅੰਗਰੇਜ਼ੀ ਜੜ੍ਹਾਂ ਦਾ ਮਿਸ਼ਰਣ ਹੈ। ਜੇਕਰ ਇਮੀਗ੍ਰੇਸ਼ਨ ਇਸੇ ਦਰ ਤੇ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਕੈਨੇਡਾ ਜਲਦੀ ਹੀ ਏਸ਼ੀਅਨਾਂ ਲੋਕਾਂ ਨਾਲ ਭਰ ਜਾਵੇਗਾ ਅਤੇ ਇਹ ਦੇਸ਼ ਪਛਾਣਨਯੋਗ ਨਹੀਂ ਰਹਿ ਜਾਵੇਗਾ। ਗੋਰੇ ਲੋਕ ਘੱਟ ਗਿਣਤੀ ਬਣ ਕੇ ਰਹਿ ਜਾਣਗੇ। ਸਾਡੇ ਬੱਚਿਆਂ ਨੂੰ ਆਪਣੇ ਜੀਵਨ ਕਾਲ ਵਿਚ ਕੈਨੇਡੀਅਨ ਪਾਰਲੀਮੈਂਟ ਵਿਚ ਪੱਗਾਂ ਦਾ, ਭਾਰਤੀਆਂ ਦਾ ਸਮੁੰਦਰ ਨਜ਼ਰ ਆਵੇਗਾ। ਫਿਰ ਅਸੀਂ ਕੀ ਹੋਵਾਂਗੇ? ਭਾਰਤੀ ਨੰਬਰ 2? ਸ਼ਾਇਦ ਇਹੀ ਸਹੀ ਜਵਾਬ ਹੈ।

ਸ਼ਾਇਦ ਕੈਨੇਡਾ ਵਿਚ ਹੜ੍ਹ ਵਾਂਗ ਆਉਣ ਵਾਲੇ ਸਾਰੇ ਲੋਕਾਂ ਨੂੰ ਆਪਣੇ ਮੂਲ ਦੇਸ਼ ਵਿਚ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਦੇਸ਼ਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਮਦਦ ਕਰਨੀ ਚਾਹੀਦੀ ਹੈ। ਮੈਂ ਨਸਲਵਾਦੀ ਨਹੀਂ ਹਾਂ। ਮੈਂ ਖੁਦ ਇਕ ਸਿੱਖ ਹਾਂ, ਪੰਜਾਬੀ ਭਾਰਤੀ ਹਾਂ ਪਰ ਮੈਂ ਜਿਸ ਦੇਸ਼ ਵਿਚ 35 ਸਾਲ ਪਹਿਲਾਂ ਆਇਆਂ ਸੀ, ਦੇ ਨਿਯਮਾ ਨੂੰ ਪਹਿਲ ਦਿੱਤੀ ਤੇ ਉਸ ਉੱਤੇ ਚੱਲਣ ਦਾ ਸੰਕਲਪ ਲਿਆ। ਕੈਨੇਡਾ ਦੀ ਆਪਣੀ ਸੰਸਕ੍ਰਿਤੀ ਅਤੇ ਪਛਾਣ ਹੈ, ਜੋ ਸੁਰੱਖਿਅਤ ਰੱਖਣਯੋਗ ਹੈ। ਇਸ ਲਈ ਤੁਸੀਂ ਮੈਨੂੰ ਇਮੀਗ੍ਰੇਸ਼ਨ ਵਿਰੋਧੀ ਵਜੋਂ ਗਿਣ ਸਕਦੇ ਹੋ ਪਰ ਸਾਨੂੰ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਦੀ ਰੱਖਿਆ ਕਰਨ ਦੀ ਲੋੜ ਹੈ। ਮੇਰੇ ਆਪਣੇ ਦੋ ਬੱਚੇ ਹਨ 13 ਤੇ 17 ਸਾਲਾਂ ਦੇ, ਜੋ ਅਕਸਰ ਭਾਰਤੀ ਪੰਜਾਬੀ ਵਿਦਿਆਰਥੀਆਂ ਦੇ ਕਾਰਨਾਮਿਆਂ ਬਾਰੇ ਸੋਸ਼ਲ ਮੀਡੀਆ ਤੋਂ ਜਾਣੂੰ ਹੁੰਦੇ ਹਨ ਤੇ ਸਾਨੂੰ ਹਮੇਸ਼ਾ ਸਵਾਲ ਕਰਦੇ ਹਨ। ਉਨ੍ਹਾਂ ਦੇ ਸਵਾਲਾਂ ਦਾ ਸਾਡੇ ਕੋਲ ਕੋਈ ਜਵਾਬ ਨਹੀਂ ਹੁੰਦਾ।

ਇਹ ਵੀ ਸੱਚ ਹੈ ਕਿ ਗੋਰੇ ਲੋਕ ਜੋ ਉਹ ਸਾਡੇ ਬਾਰੇ ਪਸੰਦ ਨਹੀਂ ਕਰਦੇ, ਉਹ ਇਹ ਹੈ ਕਿ ਅਸੀਂ ਦੂਜੇ ਲੋਕਾਂ ਨਾਲ ਬਹੁਤਾ ਮੇਲ-ਜੋਲ ਨਹੀਂ ਕਰਦੇ। ਭਾਰਤੀ ਜ਼ਿਆਦਾਤਰ ਆਪਣੇ ਹੀ ਲੋਕਾਂ ਨਾਲ ਰਹਿੰਦੇ ਹਨ। ਉਹ ਦੂਜੇ ਸੱਭਿਆਚਾਰ ਦੇ ਲੋਕਾਂ ਨਾਲ ਰਲਦੇ ਨਹੀਂ ਭਾਵ ਘਿਓ-ਖਿਚੜੀ ਨਹੀਂ ਹੁੰਦੇ। ਉਨ੍ਹਾਂ ਸਾਰਿਆਂ ਨੂੰ ਇਸ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਨੂੰ ਕੈਨੇਡਾ ਵਿਚ ਰਹਿਣ ਤੇ ਬਹੁਤ ਸਾਰੇ ਵੱਖ-ਵੱਖ ਲੋਕਾਂ ਦੇ ਸੱਭਿਆਚਾਰਾਂ ਨੂੰ ਸਮਝਣ ਦਾ ਅਦਭੁੱਤ ਮੌਕਾ ਮਿਲਿਆ ਹੈ। ਸਾਨੂੰ ਹਮੇਸ਼ਾ ਆਪਣੇ ਭਾਰਤੀ ਦਾਇਰੇ ਵਿਚ ਰਹਿਣ ਦੀ ਬਜਾਏ ਨਵੇਂ ਲੋਕਾਂ ਨਾਲ ਮਿਲਣਾ-ਜੁਲਣਾ ਚਾਹੀਦਾ ਹੈ। ਕੁਝ ਨਵਾਂ ਸਿੱਖਣਾ ਚਾਹੀਦਾ ਹੈ, ਚੰਗੇ ਸ਼ਹਿਰੀ ਬਣਨਾ ਚਾਹੀਦਾ ਹੈ, ਆਪਣਾ ਭਵਿੱਖ ਉੱਜਲਾ ਬਣਾਉਣਾ ਚਾਹੀਦਾ ਹੈ। ਆਖਰ ਅਸੀਂ ਆਪਣਾ ਭਵਿੱਖ ਉੱਜਲਾ ਬਣਾਉਣ ਲਈ ਹੀ ਤਾਂ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿੱਚ ਪ੍ਰਵਾਸ ਕਰ ਰਹੇ ਹਾਂ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4009)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੁਰਜੀਤ ਸਿੰਘ ਫਲੋਰਾ

ਸੁਰਜੀਤ ਸਿੰਘ ਫਲੋਰਾ

Brampton, Ontario, Canada.
Phone: (647 - 829 9397)
Email: (editor@asiametro.ca)

More articles from this author