“ਅਜਿਹੇ ਮਾਮਲੇ ਦੁਵੱਲੇ ਸਹਿਯੋਗ ਨਾਲ ਹੀ ਸੁਲਝਾਏ ਜਾ ਸਕਦੇ ਹਨ ਅਤੇ ਉਚਿਤ ਸਫ਼ਾਰਤੀ ਤੇ ਕੂਟਨੀਤਕ ਉਪਰਾਲੇ ...”
(7 ਅਕਤੂਬਰ 2023)
ਸਿੱਖ ਆਗੂ ਦੇ ਕਤਲ ਤੋਂ ਬਾਅਦ ਕੈਨੇਡਾ ਭਾਰਤ ’ਤੇ ਲਾਏ ਦੋਸ਼ਾਂ ਤੋਂ ਪਿੱਛੇ ਹਟਦਾ ਨਜ਼ਰ ਆ ਰਿਹਾ ਹੈ। ਹੁਣ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਜਦੋਂ ਤਕ ਟਰੂਡੋ, ਜਿਵੇਂ ਉਸ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਖੜ੍ਹ ਕੇ ਸਾਰੀ ਦੁਨੀਆਂ ਦੇ ਸਾਹਮਣੇ ਨਿੱਝਰ ਦੇ ਕਤਲ ਦਾ ਦੋਸ਼ ਭਾਰਤ ਸਰਕਾਰ ’ਤੇ ਲਾਇਆ ਹੈ, ਤਿਵੇਂ ਹੀ ਉਹ ਕੈਨੇਡਾ ਦੀ ਪਾਰਲੀਮੈਂਟ ਵਿੱਚ ਟਰੂਡੋ ਖੜ੍ਹ ਕੇ ਸਾਰੀ ਦੁਨੀਆਂ ਸਾਹਮਣੇ ਆਪਣੇ ਦੋਸ਼ ਵਾਪਸ ਲੈਂਦੇ ਹੋਏ ਭਾਰਤ ਸਰਕਾਰ ਤੋਂ ਮੁਆਫ਼ੀ ਨਹੀਂ ਮੰਗ ਲੈਂਦੇ, ਤਕ ਤਕ ਮੋਦੀ ਸਰਕਾਰ ਜੇਕਰ ਅਣਖ਼ ਵਾਲੀ ਹੈ ਤਾਂ ਟਰੂਡੋ ਅੱਗੇ ਝੁਕੇ ਨਾ, ਕਿਉਂਕਿ ਜਿਵੇਂ ਟਰੂਡੋ ਹੌਲੀ ਹੌਲੀ ਨਰਮ ਹੁੰਦਾ ਜਾ ਰਿਹਾ ਹੈ, ਉਸ ਨੂੰ ਵੀ ਪਤਾ ਹੈ ਭਾਰਤ ਜਿਸ ਸਿੱਖਰ ’ਤੇ ਪਹੁੰਚ ਚੁੱਕਾ ਹੈ, ਕੈਨੇਡਾ ਦਾ ਉਸ ਤੋਂ ਬਿਨਾ ਗੁਜ਼ਾਰਾ ਨਹੀਂ ਹੋਣਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇੱਕ ਬਿਆਨ ਤੋਂ ਸਾਫ਼ ਝਲਕ ਰਿਹਾ ਹੈ ਕਿ ਉਹ ਭਾਰਤ ਦੇ ਵਧਦੇ ਪ੍ਰਭਾਵ ਅਤੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ‘ਭਰੋਸੇਯੋਗ ਦੋਸ਼ਾਂ’ ਦੇ ਬਾਵਜੂਦ ਭਾਰਤ ਨਾਲ ਨੇੜਲੇ ਸਬੰਧ ਬਣਾਉਣ ਨੂੰ ਤਰਜੀਹ ਦੇ ਰਿਹਾ ਹੈ ਅਤੇ ਉਸਦੇ ਸਹਿਯੋਗੀ ਭਾਰਤ ਨਾਲ ਜੁੜੇ ਰਹਿਣ ਦੀ ਖ਼ਵਾਹਿਸ਼ ਨੂੰ ਮਹੱਤਵ ਦੇ ਰਹੇ ਹਨ।
ਦੂਸਰੇ ਪਾਸੇ ਦੇਖਿਆ ਜਾਵੇ ਤਾਂ ਨਵੀਂ ਦਿੱਲੀ ਸਥਿਤ ਇੱਕ ਸੁਤੰਤਰ ਥਿੰਕ ਟੈਂਕ ਨੇ ਆਪਣੇ ਅਧਿਐਨ ਵਿੱਚ ਖੁਲਾਸਾ ਕੀਤਾ ਹੈ ਕਿ ਕੈਨੇਡਾ-ਭਾਰਤ ਲੜਾਈ ਨਾਲ ਕੈਨੇਡਾ ਨੂੰ $700 ਮਿਲੀਅਨ ਦੇ ਆਰਥਿਕ ਝਟਕਾ ਲੱਗੇਗਾ। ਇਹ ਕੈਨੇਡਾ ਵਰਗੇ ਦੇਸ਼ ਲਈ ਬਹੁਤ ਨੁਕਸਾਦਇਕ ਹੋ ਸਕਦਾ ਹੈ। ਇਮਾਗਿੰਡੀਆ ਇੰਸਟੀਚਿਊਟ ਨੇ ਸਿੱਟਾ ਕੱਢਿਆ ਹੈ ਕਿ 2024 ਵਿੱਚ ਉੱਚ ਸਿੱਖਿਆ ਲਈ ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਸਿਰਫ਼ 5 ਪ੍ਰਤੀਸ਼ਤ ਦੀ ਗਿਰਾਵਟ ਦਰਜ ਹੋਣ ਦੇ ਬਾਵਜੂਦ ਕੈਨੇਡੀਅਨ ਅਰਥਚਾਰੇ ਨੂੰ $700 ਮਿਲੀਅਨ ਦਾ ਨੁਕਸਾਨ ਹੋਵੇਗਾ। ਭਾਰਤ ਹਰ ਸਾਲ ਕੈਨੇਡਾ ਜਾਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਰੋਤ ਹੈ, ਜਿਸਦਾ ਸਾਲਾਨਾ ਦਾਖਲਾ ਲਗਭਗ ਦੋ ਲੱਖ ਹੈ। 2022 ਵਿੱਚ, ਲਗਭਗ ਸਵਾ 2 ਲੱਖ ਭਾਰਤੀ ਵਿਦਿਆਰਥੀਆਂ ਨੂੰ ਕੈਨੇਡੀਅਨ ਵੀਜ਼ਾ ਦਿੱਤਾ ਗਿਆ ਸੀ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਕੈਨੇਡਾ ਸਿਰਫ਼ ਭਾਰਤੀ ਵੀਜ਼ਿਆਂ ਤੋਂ ਹੀ ਨਹੀਂ ਬਲਕਿ ਭਾਰਤੀ ਵਿਦਿਆਰਥੀ ਵੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਥਾਨਕ ਕਾਰੋਬਾਰਾਂ ਲਈ ਕੰਮ ਕਰਕੇ ਕੈਨੇਡੀਅਨ ਆਰਥਿਕਤਾ ਵਿੱਚ ਜੋ ਯੋਗਦਾਨ ਪਾਉਂਦੇ ਹਨ, ਉਹਨਾਂ ਨੂੰ $34 ਮਿਲੀਅਨ ਦਾ ਨੁਕਸਾਨ ਹੋ ਸਕਦਾ ਹੈ। ਇਸ ਸਭ ਨੂੰ ਮੁੱਖ ਰੱਖਦੇ ਹੋਏ ਦੇਖਿਆ ਜਾਵੇ ਤਾਂ ਕੈਨੇਡੀਅਨ ਅਰਥਚਾਰੇ ਨੂੰ ਕੁਲ ਮਿਲਾ ਕੇ $734 ਮਿਲੀਅਨ ਡਾਲਰ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਸ਼ਾਇਦ ਇਹ ਗੱਲ ਟਰੂਡੋ ਨੂੰ ਸਮਝ ਆ ਚੁੱਕੀ ਹੈ ਕਿ ਭਾਰਤ ਨਾਲ ਲਿਆ ਪੰਗਾ ਉਸ ਨੂੰ ਮਹਿੰਗਾ ਪੈ ਰਿਹਾ ਹੈ। ਉਸ ਦੀ ਬੋਲੀ ਅਤੇ ਉਸਦਾ ਭਾਰਤ ਪ੍ਰਤੀ ਗ਼ੈਰ ਸੰਜੀਦਗੀ ਵਾਲਾ ਰਵੱਈਆ ਹੁਣ ਨਰਮ ਹੁੰਦਾ ਜਾ ਰਿਹਾ ਹੈ, ਜਿਸ ਤਹਿਤ ਕੈਨੇਡੀਅਨ ਸਰਕਾਰ ਨੇ ਹੌਲੀ-ਹੌਲੀ ਖਾਲਿਸਤਾਨੀਆਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਤੋਂ ਰੋਕਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਹਫ਼ਤੇ ਸਰੀ ਦੇ ਗੁਰਦੁਆਰਿਆਂ ਵਿੱਚੋਂ ਲਗਾਏ ਗਏ ਵਿਵਾਦਤ ਬੈਨਰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਹ ਉਹੀ ਬੈਨਰ ਹਨ ਜਿਨ੍ਹਾਂ ’ਤੇ ਭਾਰਤੀ ਹਾਈ ਕਮਿਸ਼ਨ ਅਤੇ ਹੋਰ ਮੈਂਬਰਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ।
ਸਰਕਾਰ ਦੇ ਬਦਲਦੇ ਪੈਂਤੜੇ ਤੋਂ ਬਾਅਦ ਹੁਣ ਖਾਲਿਸਤਾਨੀ ਸਮਰਥਕਾਂ ਦੀ ਆਵਾਜ਼ ਨੂੰ ਵੀ ਦਬਾਇਆ ਜਾਣ ਲੱਗਾ ਹੈ। ਹਾਲਾਂਕਿ ਜਸਟਿਨ ਟਰੂਡੋ ਦੀ ਸਰਕਾਰ ਆਪਣੇ ਵੋਟ ਬੈਂਕ ਦੇ ਮੱਦੇਨਜ਼ਰ ਖਾਲਿਸਤਾਨੀਆਂ ਨੂੰ ਖੁੱਲ੍ਹੇਆਮ ਹਦਾਇਤਾਂ ਨਹੀਂ ਦੇ ਰਹੀ, ਪਰ ਹੌਲੀ-ਹੌਲੀ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਰੋਕ ਲਗਾ ਰਹੀ ਹੈ।
ਅੱਜ ਜਿੱਥੇ ਟਰੂਡੋ ਨਰਮ ਹੁੰਦੇ ਹੋਏ ਲਾਏ ਦੋਸ਼ਾਂ ਤੋਂ ਪਿੱਛੇ ਹਟਦੇ ਨਜ਼ਰ ਆ ਰਹੇ ਹਨ, ਉੱਥੇ ਮੋਦੀ ਸਰਕਾਰ ਨੇ ਕੈਨੇਡਾ ਨੂੰ ਇੱਕ ਹੋਰ ਝਟਕਾ ਦਿੰਦੇ ਹੋਏ ਹਾਲ ਹੀ ਵਿੱਚ ਨਵੀਂ ਦਿੱਲੀ ਤੋਂ ਆਪਣੇ 62 ਡਿਪਲੋਮੈਟਾਂ ਵਿੱਚੋਂ 41 ਨੂੰ ਵਾਪਸ ਬੁਲਾਉਣ ਲਈ ਕਿਹਾ ਹੈ। ਹੁਣ ਦੁਨੀਆ ਭਰ ਵਿੱਚ ਭਾਰਤ ਦੇ ਸਮੀਕਰਨ ਅਤੇ ਭਾਰਤ ਦਾ ਰੁਤਬਾ, ਬਦਲ ਰਿਹਾ ਹੈ। ਭਾਰਤ, ਬ੍ਰਾਜ਼ੀਲ ਅਤੇ ਕਈ ਹੋਰ ਦੇਸ਼ ਹੁਣ ਅੱਖਾਂ ਮੀਟ ਕੇ ਪੱਛਮੀ ਦੇਸ਼ਾਂ ਦੀ ਸਲਾਹ ਅਨੁਸਾਰ ਚੱਲਣ ਲਈ ਤਿਆਰ ਨਹੀਂ ਹਨ। ਭਾਰਤ ਦੇ ਸਖ਼ਤ ਰੁਖ਼ ਤੋਂ ਕੈਨੇਡਾ ਅਤੇ ਉਸ ਦੇ ਭਾਈਵਾਲਾਂ ਨੂੰ ਅਹਿਸਾਸ ਹੋ ਚੁੱਕਾ ਹੈ ਕਿ ਭਾਰਤ ਹੁਣ ਉਹ ਦੇਸ਼ ਨਹੀਂ ਰਿਹਾ ਜਿਸ ਉੱਤੇ ਕੋਈ ਵੀ ਰਾਜਨੀਤਕ ਨੇਤਾ ਆਪਣੀ ਪਾਰਲੀਮੈਂਟ ਵਿੱਚ ਖੜ੍ਹ ਕਿ ਭਾਰਤ ਉੱਤੇ ਚਿੱਕੜ ਸੁੱਟ ਸਕਦਾ ਹੈ।
ਟਰੂਡੋ ਦੀ ਪਹਿਲੀ ਫੇਰੀ ਦੌਰਾਨ ਭਾਰਤ ਵੱਲੋਂ ਵੱਖਵਾਦੀਆਂ ਦੀ ਦਿੱਤੀ ਸੂਚੀ ਉੱਤੇ ਕੇਨੈਡਾ ਨੇ ਕੋਈ ਵੀ ਕਾਰਵਾਈ ਨਹੀਂ ਸੀ ਕੀਤੀ ਤੇ ਹਾਲ ਹੀ ਦੇ ਸਾਲਾਂ ਦੌਰਾਨ ਕੈਨੇਡਾ ਵਿੱਚ ਵੱਖਵਾਦ ਨਾਲ ਸਬੰਧਿਤ ਸੰਗਠਿਤ ਅਪਰਾਧਾਂ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ ਪਰ ਭਾਰਤ ਵਿਰੋਧੀ ਤੱਤਾਂ ਨੂੰ ਲਗਾਮ ਪਾਉਣ ਲਈ ਕੋਈ ਖ਼ਾਸ ਕਾਰਵਾਈ ਨਹੀਂ ਕੀਤੀ ਗਈ। ਇਸ ਮਾਮਲੇ ਵਿੱਚ ਭਾਰਤ ਦਾ ਸਹਿਯੋਗ ਵਡਮੱਲਾ ਸਾਬਿਤ ਹੋ ਸਕਦਾ ਹੈ ਬਸ਼ਰਤੇ ਕਿ ਕੈਨੇਡਾ ਵੱਲੋਂ ਆਪਣੀ ਨੈਤਿਕਤਾ ਦੇ ਵੱਡੇ ਦਾਅਵੇ ਕਰਨੇ ਬੰਦ ਕੀਤੇ ਜਾਣ। ਅਜਿਹੇ ਮਾਮਲੇ ਦੁਵੱਲੇ ਸਹਿਯੋਗ ਨਾਲ ਹੀ ਸੁਲਝਾਏ ਜਾ ਸਕਦੇ ਹਨ ਅਤੇ ਉਚਿਤ ਸਫ਼ਾਰਤੀ ਤੇ ਕੂਟਨੀਤਕ ਉਪਰਾਲੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਹੀ ਰਾਹ ਹੁੰਦੇ ਹਨ।
ਇੱਥੋਂ ਤਕ ਕਿ ਸੰਯੁਕਤ ਰਾਜ ਅਮਰੀਕਾ ਸਮੇਤ ਪੱਛਮੀ ਸਹਿਯੋਗੀਆਂ ਨੇ ਸਥਿਤੀ ਬਾਰੇ ਚਿੰਤਾ ਜ਼ਾਹਰ ਕੀਤੀ ਹੈ ਪਰ ਭਾਰਤ ਦਾ ਵਿਰੋਧ ਕਰਨ ਤੋਂ ਬਚਣ ਲਈ ਸਖ਼ਤ ਸ਼ਬਦਾਂ ਵਾਲੇ ਜਨਤਕ ਬਿਆਨ ਦੇਣ ਤੋਂ ਗੁਰੇਜ਼ ਕੀਤਾ ਹੈ। ਉਹ ਭਾਰਤ ਨੂੰ ਇੰਡੋ-ਪੈਸੇਫਿਕ ਖੇਤਰ ਵਿੱਚ ਚੀਨ ਦੇ ਪ੍ਰਭਾਵ ਦਾ ਇੱਕ ਸ਼ਕਤੀਸ਼ਾਲੀ ਵਿਰੋਧੀ ਸੰਤੁਲਨ ਮੰਨਦੇ ਹਨ।
ਭਾਰਤ ਅੰਦਰ ਆਜ਼ਾਦ ਸਿੱਖ ਹੋਮਲੈਂਡ ਖਾਲਿਸਤਾਨ ਦੇ ਜ਼ੋਰਦਾਰ ਹਿਮਾਇਤੀ ਹਰਦੀਪ ਸਿੰਘ ਨਿੱਝਰ ਦਾ ਕਤਲ ਇਤਿਹਾਸਕ ਮਹੱਤਵ ਰੱਖਦਾ ਹੈ। ਖਾਲਿਸਤਾਨ ਲਹਿਰ ਦਹਾਕਿਆਂ ਤੋਂ ਚਲੀ ਆ ਰਹੀ ਹੈ ਪਰ 1970 ਅਤੇ 80 ਦੇ ਦਹਾਕੇ ਵਿੱਚ ਇਸ ਨੇ ਜ਼ੋਰ ਫੜ ਲਿਆ ਸੀ। ਸਿੱਖ ਧਰਮ ਦੇ ਸਭ ਤੋਂ ਪਵਿੱਤਰ ਅਸਥਾਨ ’ਤੇ ਭਾਰਤੀ ਰਾਜ ਦੀ 1984 ਦੀ ਕਾਰਵਾਈ ਨੇ ਸੈਂਕੜੇ ਮੌਤਾਂ ਅਤੇ ਕੈਨੇਡਾ ਅਤੇ ਭਾਰਤ ਵਿਚਕਾਰ ਤਣਾਅ ਨੂੰ ਵਧਾ ਦਿੱਤਾ ਸੀ। ਹਾਲ ਹੀ ਦੇ ਸਾਲਾਂ ਵਿੱਚ ਖਾਲਿਸਤਾਨ ਦੀ ਲਹਿਰ ਨੇ ਭਾਰਤੀ ਪ੍ਰਵਾਸੀਆਂ ਵਿੱਚ ਵਧੇਰੇ ਸਮਰਥਨ ਪ੍ਰਾਪਤ ਕੀਤਾ ਹੈ, ਜਿਸ ਨਾਲ ਮੋਦੀ ਸਰਕਾਰ ਦੁਆਰਾ ਸਖ਼ਤ ਕਦਮ ਚੁੱਕੇ ਗਏ। ਨਿੱਝਰ ਭਾਰਤ ਤੋਂ ਆਜ਼ਾਦੀ ਲਈ ਗੈਰ-ਅਧਿਕਾਰਤ ਸਿੱਖ ਡਾਇਸਪੋਰਾ ਰਾਏਸ਼ੁਮਾਰੀ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ।
ਸਿੱਟੇ ਵਜੋਂ, ਕਨੇਡਾ ਦੀ ਬਿਆਨਬਾਜ਼ੀ ਵਿੱਚ ਤਬਦੀਲੀ ਤਣਾਅ ਨੂੰ ਘੱਟ ਕਰਨ ਅਤੇ ਭਾਰਤ ਦੇ ਨਾਲ ਵਿਵਾਦ ਦੇ ਨਿੱਜੀ ਹੱਲ ਦੀ ਮੰਗ ਕਰਨ ਦੀ ਕੋਸ਼ਿਸ਼ ਜਾਪਦੀ ਹੈ। ਸੰਭਾਵੀ ਨਤੀਜਿਆਂ ਅਤੇ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਸਬੰਧਾਂ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ।
ਇੱਕ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿੱਚ ਭਾਰਤ ’ਤੇ ਟਰੂਡੋ ਦੇ ਦੋਸ਼ਾਂ ਦੇ ਪਿੱਛੇ ਦੀ ਸਚਾਈ ਦੇ ਬਾਵਜੂਦ ਜਦੋਂ ਓਸਾਮਾ ਬਿਨ ਲਾਦੇਨ ਜਾਂ ਇੱਥੋਂ ਤਕ ਕਿ ਅਮਰੀਕਾ ਨੇ ਅਲ-ਕਾਇਦਾ ਦੇ ਮੁਖੀ ਅਯਮਨ ਅਲ-ਜ਼ਵਾਹਿਰੀ ਨੂੰ ਉਸ ਦੇ ਘਰ ਵਿੱਚ ਮਾਰਨ ਤੇ ਲੋਕਾਂ ਨੂੰ ਬੇਅਸਰ ਕਰਨ ਦਾ ਜਸ਼ਨ ਮਨਾਉਣ ਦੀ ਗੱਲ ਆਉਂਦੀ ਹੈ ਤਾਂ ਕੈਨੇਡੀਅਨ ਨੈਤਿਕਤਾ ਦੇ ਦੋਹਰੇ ਮਾਪਦੰਡ ਬੇਸ਼ਰਮੀ ਭਰੇ ਜਾਪਦੇ ਸਨ। ਕਾਬੁਲ ਵਿੱਚ ਅਮਰੀਕੀ ਡਰੋਨ ਦੁਆਰਾ ਅਯਮਨ ਅਲ-ਜ਼ਵਾਹਿਰੀ ਦੀ ਮੌਤ ਤੋਂ ਬਾਅਦ ਟਰੂਡੋ ਨੇ ਟਵੀਟ ਕੀਤਾ ਸੀ, “ਅਯਮਨ ਅਲ-ਜ਼ਵਾਹਿਰੀ ਦੀ ਮੌਤ ਸੁਰੱਖਿਅਤ ਸੰਸਾਰ ਵੱਲ ਇੱਕ ਕਦਮ ਹੈ। ਕੈਨੇਡਾ ਸਾਰੇ ਗਲੋਬਲ ਭਾਈਵਾਲਾਂ ਨਾਲ ਅੱਤਵਾਦੀ ਖਤਰਿਆਂ ਦਾ ਮੁਕਾਬਲਾ ਕਰਨ, ਸ਼ਾਂਤੀ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ, ਅਤੇ ਇੱਥੇ ਕੈਨੇਡਾ ਅਤੇ ਦੁਨੀਆ ਭਰ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰਨਾ ਜਾਰੀ ਰੱਖੇਗਾ। ਟਰੂਡੋ ਨੇ ਸ਼ਾਇਦ ਪ੍ਰਭੂਸੱਤਾ ਦਾ ਸਨਮਾਨ ਕਰਨ ਦੇ ਸੰਕਲਪ ਨੂੰ ਪੂਰੀ ਤਰ੍ਹਾਂ ਸਮਝਿਆ ਨਹੀਂ ਸੀ। ਜੋ ਹੰਸ ਨੂੰ ਚੰਗਾ ਲਗਦਾ ਹੈ ਉਹ ਗਾਂ ਨੂੰ ਚੰਗਾ ਨਹੀਂ ਲਗਦਾ ਹੁੰਦਾ।
ਗੱਲ ਕੀ, ਜਿਹੜਾ ਮਸਲਾ ਦੁਵੱਲਿਉਂ ਗੱਲਬਾਤ ਕਰਕੇ ਸੁਲਝਾਇਆ ਜਾ ਸਕਦਾ ਸੀ, ਉਸ ਨੂੰ ਕੈਨੇਡਾ ਦੀ ਪਾਰਲੀਮੈਂਟ ਵਿੱਚ ਖੜ੍ਹ ਕੇ ਲਾਊਡ ਸਪੀਕਰ ਰਾਹੀਂ ਸਾਰੀ ਦੁਨੀਆਂ ਨੂੰ ਦੱਸਣ ਦੀ ਹਰਗਿਜ਼ ਲੋੜ ਨਹੀਂ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4273)
(ਸਰੋਕਾਰ ਨਾਲ ਸੰਪਰਕ ਲਈ: (