KeharSharif7ਗਜ਼ਾਂ ਨਾਲ ਮਿਣਦਿਆਂ ਵੀ ਗ਼ਜ਼ਲ ਵਿੰਗੀ ਹੋ ਈ ਜਾਂਦੀ ਐ।   ਸੋਹਲੇ ਜੋ ਲਿਖਦੈਂ ਹਾਕਮ ਦੇ ਤਾਂ ਹੀ ਤਾਂ ਤੇਰੀ ਚਾਂਦੀ ਐ। ..."
(ਜੁਲਾਈ 7, 2016)

 

                            1.

ਗਜ਼ਾਂ ਨਾਲ ਮਿਣਦਿਆਂ ਵੀ ਗ਼ਜ਼ਲ ਵਿੰਗੀ ਹੋ ਈ ਜਾਂਦੀ ਐ।
ਸੋਹਲੇ ਜੋ ਲਿਖਦੈਂ ਹਾਕਮ ਦੇ ਤਾਂ ਹੀ ਤਾਂ ਤੇਰੀ ਚਾਂਦੀ ਐ।

ਸਿਰੇ ਦਾ ਢੀਠ ਹੋਣਾ ਚਾਹੀਦਾ ਬੰਦੇ ਨੂੰ ਕੁੱਝ ਨਹੀਂ ਹੁੰਦਾ,
ਬੋਲਦੈ ਜਦੋਂ ਪਰ ਪਰ੍ਹਿਆ ਵਿਚ ਫਿਰ ਜੀਭ ਗੋਤੇ ਖਾਂਦੀ ਐ।

ਇਹ ਜੋ ਜਾਲ਼ ਮਾਇਆ ਦਾ ਚੁਫੇਰੇ ਪਸਰਿਆ ਦਿਸਦੈ,
ਇਸ ਦੇ ਲੋਭ ਲਾਲਚ ਵਿਚ ਜ਼ਿੰਦਗੀ ਡੁੱਬਦੀ ਜਾਂਦੀ ਐ।

ਕਿਸੇ ਦੇ ਮਗਰ ਜਾਣੇ ਦੀ ਮ੍ਰਿਗ-ਤ੍ਰਿਸ਼ਨਾ ਨਹੀਂ ਮੁੱਕਦੀ,
ਪਹਿਲਾਂ ਸੋਚ ਲੈਣਾ ਚਾਹੀਦੈ ਇਹ ਪਿੱਤਲ ਹੈ ਜਾਂ ਚਾਂਦੀ ਐ।

ਹਕੂਮਤ ਦੀ ਨੀਤ ਤੇ ਨੀਤੀ ਦੋਹਾਂ ਨੇ ਘਾਣ ਕਰ ਦਿੱਤੈ,
ਬੇਸ਼ਰਮੀ ਫੇਰ ਵੀ ਦੇਖੋ ਕਿ ਗੁਣ ਆਪਣੇ ਹੀ ਗਾਂਦੀ ਐ।

ਬੰਦਾ ਗੁੰਮ-ਸੁੰਮ ਹੋਇਆ ਨਾ ਹੱਸਦਾ ਹੈ ਨਾ ਰੋਂਦਾ ਹੈ,
ਗੁਆਂਢੀ ਸਮਝਦਾ ਏਹੋ ਕਿ ਵਸਦਾ ਸੁੱਖੀਂ-ਸਾਂਦੀ ਐ।

ਮੌਤ ਮਾਰੇ ਕਦੇ ਉਸਨੂੰ ਨਾ ਜੀਹਦੇ ਚ ਜੁੱਸਾ ਤੇ ਦਮ ਹੋਵੇ,
ਮਰਨ ਤੋਂ ਮਗਰੋਂ ਵੀ ਦੁਨੀਆਂ ਉਸਦੀ ਬਾਤ ਪਾਂਦੀ ਹੈ।

                        **

                        2.

             ਬੰਦ ਦਰਵਾਜ਼ੇ

ਬੰਦ ਦਰਵਾਜ਼ਿਆਂ ਵਾਲੇ ਘਰਾਂ ਵਿਚ ਬੋਲਦੇ ਲੋਕੀ।
ਪ੍ਰਛਾਵੇਂ ਆਪਣੇ ਵਿੱਚੋਂ ਹੀ ਧੁੱਪ ਨੂੰ ਟੋਲ਼ਦੇ ਲੋਕੀ।

ਕਦੇ ਉੱਚੀ, ਕਦੇ ਨੀਵੀਂ ਕਿ ਸੁਰ ਹੁੰਦੀ ਹੈ ਲੋਕਾਂ ਦੀ
ਸਿਰੋਂ ਜਦ ਪਾਣੀ ਟੱਪ ਜਾਵੇ ਤਾਂ ਫਿਰ ਹਨ ਖੌਲਦੇ ਲੋਕੀ।

ਜ਼ਮਾਨਾ ਬਦਲ ਜਾਂਦੈ, ਬਦਲ ਜਾਂਦੀ ਹੈ ਤਾਸੀਰ ਆਪੇ
ਦਿਲਾਂ ਵਿਚ ਪੈ ’ਗੀਆਂ ਘੁੰਡੀਆਂ ਕਿਉਂ ਨਹੀਂ ਖੋਲ੍ਹਦੇ ਲੋਕੀ?

ਬਿਠਾ ਕੇ ਕੋਲ਼ ਗੈਰਾਂ ਨੂੰ ਤੇ ਸਿਜਦੇ ਕਰਨ ਬਹਿ ਜਾਂਦੇ
ਕਿਉਂ ਆਪਣੇ ਭਰਾਵਾਂ ਨਾਲ ਨਹੀਂ ਦਿਲ ਫੋਲਦੇ ਲੋਕੀ?

ਤਕਦੀਰਾਂ ਦੇ ਸੰਗਲਾਂ ਵਿਚ ਖੁਦ ਹੀ ਕੈਦ ਹੋ ਜਾਂਦੇ
ਕਿਸਮਤ ਹੱਥੀਂ ਘੜ ਸਕਦੇ ਹਾਂ ਕਿਉਂ ਨਹੀਂ ਗੌਲ਼ਦੇ ਲੋਕੀ?

ਦਰਖ਼ਤਾਂ ਨੂੰ ਨਿਕਲ ਆਵਣ ਨਵੇਂ ਪੱਤੇ ਤਾਂ ਰੰਗ ਬਦਲੇ
ਖ਼ਿਜ਼ਾਂ ਦੇ ਬੀਤ ਜਾਵਣ ’ਤੇ ਵੀ ਕਿਉਂ ਨਹੀਂ ਮੌਲ਼ਦੇ ਲੋਕੀ?

ਸਿਰ ਵੀ ਕਾਇਮ ਕਹਿੰਦੇ ਨੇ ’ਤੇ ਜੀਭਾਂ ਵੀ ਸਲਾਮਤ ਨੇ
ਜ਼ੁਲਮ ਹੁੰਦਾ ਹੈ ਹਰ ਪਾਸੇ ਕਿਉਂ ਨਹੀਂ ਬੋਲਦੇ ਲੋਕੀ?

                        **

                3.

            ਸੱਜਣ ਜੀ!

ਤੁਰਿਆ ਰਹੁ ਤੂੰ ਬਣਕੇ ਇਨਸਾਨ ਸੱਜਣ ਜੀ।
ਆਊਗਾ ਕੋਈ ਭਲ਼ਕੇ ਮਹਿਮਾਨ ਸੱਜਣ ਜੀ।

ਬੰਦਾ ਤਾਂ ਬੰਦੇ ਦਾ ਦਾਰੂ ਅਜ਼ਲਾਂ ਤੋਂ ਹੈ,
ਲੋਕੀ ਪੂਜਣ ਫਿਰ ਕਾਹਤੋਂ ਭਗਵਾਨ ਸੱਜਣ ਜੀ।

ਮਾਣ ਕਿਸੇ ਬੇਗਾਨੇ ਦਾ ਦੱਸ ਕਾਹਦਾ ਹੁੰਦਾ,
ਭਾਈ ਹੀ ਭਾਈਆਂ ਦੀ ਹੁੰਦੇ ਜਾਨ ਸੱਜਣ ਜੀ।

ਬੰਦਾ ਤਾਂ ਬੰਦੇ ਚੋਂ ਲੱਭਿਆ ਲੱਭਦਾ ਨਹੀਂ,
ਜੇ ਲੱਭਦਾ ਹੈ ਤਾਂ ਲੱਭਦਾ ਹੈ ਸ਼ੈਤਾਨ ਸੱਜਣ ਜੀ।

ਰੌਣਕ ਬਾਬਲ ਵਿਹੜੇ ਦੀ ਸਹੁਰੇ ਘਰ ਜਾਂਦੀ ਹੈ,
ਬਾਬਲ ਵਿਹੜਾ ਲਗਦਾ ਹੈ ਸੁੰਨਸਾਨ ਸੱਜਣ ਜੀ।

ਹੱਕ ਹਲਾਲ ਦਾ ਹੋਕਾ ਕਿਧਰੇ ਗੁੰਮ ਗਿਆ,
ਮਾੜੇ ਕੰਮੀ ਬਣ ਜਾਂਦੇ ਧਨਵਾਨ ਸੱਜਣ ਜੀ।

ਧੁੱਪਾਂ-ਛਾਵਾਂ ਰੁੱਸੀਆਂ ਵਿਹੜੇ ਰੁੱਸ ਜਾਣੇ,
ਰੋਸੇ ਕਰਕੇ ਮਨ ਹੋਇਆ ਬੇਜਾਨ ਸੱਜਣ ਜੀ।

ਮਿਹਨਤੀ ਲਾਲੋ ਚੁੱਕੀ ਫਿਰਦਾ ਸੁੱਕੇ ਟੁੱਕਰ,
ਮਲਕ ਭਾਗੋ ਦੇ ਖੂਨੀ ਨੇ ਪਕਵਾਨ ਸੱਜਣ ਜੀ।

ਦੱਸ ਸ਼ਰਾਫਤ ਕੰਮ ਕਿਹੜੇ ਹੁਣ ਏਥੇ ਹੈ,
ਲੰਡੀ-ਬੁੱਚੀ ਹੀ ਕਰ ਜਾਂਦੀ ਅਪਮਾਨ ਸੱਜਣ ਜੀ।

                       **

                4.

            ਇਕਰਾਰ

ਇਹ ਸਾਡਾ ਇਕਰਾਰ, ਜ਼ਮਾਨਾ ਬਦਲਾਂਗੇ।
ਪੱਕਾ ਲਿਆ ਹੈ ਧਾਰ, ਜ਼ਮਾਨਾ ਬਦਲਾਂਗੇ।

ਜਿੰਦ ਜਾਂਦੀ ਤਾਂ ਜਾਵੇ ਸਿਦਕ ਨਾ ਹਾਰਾਂਗੇ,
ਜੇਰਾ ਸਾਡਾ ਯਾਰ, ਜ਼ਮਾਨਾ ਬਦਲਾਂਗੇ।

ਜਿੱਤੀਏ ਭਾਵੇਂ ਨਾ ਜਿੱਤੀਏ, ਕੋਈ ਫਿਕਰ ਨਹੀਂ,
ਮੰਨਣੀ ਨਹੀਉਂ ਹਾਰ, ਜ਼ਮਾਨਾ ਬਦਲਾਂਗੇ।

ਬਿਨ ਲੜਿਆਂ ਮਰ ਜਾਣਾ ਇਹ ਵੀ ਠੀਕ ਨਹੀਂ,
ਕਰਕੇ ਹੱਥ ਦੋ-ਚਾਰ, ਜ਼ਮਾਨਾ ਬਦਲਾਂਗੇ।

ਜਿੱਤ ਜਾਂਦੇ ਨੇ ਚੋਰ ਤੇ ਲੋਕੀ ਹਰ ਜਾਂਦੇ,
ਕਿਉਂ ਹੋਵੇ ਹਰ ਵਾਰ, ਜ਼ਮਾਨਾ ਬਦਲਾਂਗੇ।

ਕੋਈ ਕੁੱਝ ਵੀ ਸੋਚੇ ਅਸੀਂ ਤਾਂ ਹੋਵਾਂਗੇ,
ਸਮਿਆਂ ’ਤੇ ਅਸਵਾਰ ਜ਼ਮਾਨਾ ਬਦਲਾਂਗੇ।

ਰੰਗ ਨਸਲ ਦੇ ਸਾਰੇ ਪਾੜੇ ਮੁੱਕ ਜਾਣੇ,
ਬਦਲੂ ਜਗਤ ਨੁਹਾਰ, ਜ਼ਮਾਨਾ ਬਦਲਾਂਗੇ।

ਚਾਨਣ ਦੇ ਸੰਗ ਯਾਰੀ ਉੱਡਣਾ ਸਿੱਖ ਲਿਆ,
ਨੇਰੇ ਕਰਨ ਖੁਆਰ, ਜ਼ਮਾਨਾ ਬਦਲਾਂਗੇ।

ਕਾਫਲਿਆਂ ਬਿਨ ਬੇੜੀ ਬੰਨੇ ਨਹੀਂ ਲੱਗਣੀ,
ਬੰਨ੍ਹਣੀ ਪਊ ਕਤਾਰ, ਜ਼ਮਾਨਾ ਬਦਲਾਂਗੇ।

               *****

(345)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਕੇਹਰ ਸ਼ਰੀਫ਼

ਕੇਹਰ ਸ਼ਰੀਫ਼

Witten, Germany.
Phone: (49 - 17335 - 46050)

Email: (ksharif@arcor.de)

More articles from this author