“ਜਾਗਦੇ ਮਨੁੱਖ ਦੇ ਮਨ ਦੀ ਜਗਿਆਸਾ ਮਨੁੱਖ ਨੂੰ ਟਿਕ ਕੇ ਬਹਿਣ ਨਹੀਂ ਦਿੰਦੀ। ਇਹ ਟਿਕ ਕੇ ਨਾ ਬਹਿਣ ਦੀ ...”
(13 ਮਾਰਚ 2023)
ਇਸ ਸਮੇਂ ਪਾਠਕ: 340.
ਮਨੁੱਖੀ ਜ਼ਿੰਦਗੀ ਬਹੁਤ ਹੀ ਖੂਬਸੂਰਤ ਹੈ। ਇਸਦੀ ਖੂਬਸੂਰਤੀ ਦੇ ਵਾਧੇ ਵਿੱਚ ਕਿਤਾਬਾਂ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਹਨ। ਮਨੁੱਖ ਜਿਊਂਦਿਆਂ ਬਹੁਤ ਸਾਰੇ ਸੁਪਨੇ ਸਿਰਜਦਾ ਹੈ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਵਾਸਤੇ ਪੂਰੀ ਵਾਹ ਲਾਉਂਦਾ ਹੈ। ਕਿਤਾਬਾਂ ਪੜ੍ਹਦਿਆਂ ਸੋਚਣ ਦੇ ਨਵੇਂ ਢੰਗ-ਤਰੀਕੇ ਸਿੱਖਦਾ ਹੈ ਅਤੇ ਉਨ੍ਹਾਂ ਉੱਤੇ ਅਮਲ ਕਰਨ ਵਲ ਰੁਚਿਤ ਹੁੰਦਾ ਹੈ। ਜਦੋਂ ਸਮਾਜ ਦੀ ਵਰਤਮਾਨ ਅੰਦਰਲੀ ਦਸ਼ਾ ਬਾਰੇ ਸੋਝੀ ਹੁੰਦੀ ਹੈ ਤਾਂ ਨਵੇਂ ਰਾਹ ਭਾਲਦਾ ਅਤੇ ਉਨ੍ਹਾਂ ’ਤੇ ਤੁਰਨ ਦਾ ਜਤਨ ਕਰਦਾ ਹੈ। ਗਿਆਨ ਬੰਦੇ ਨੂੰ ਇਸ ਰਾਹੇ ਤੋਰਨ ਦਾ ਸਬੱਬ ਬਣਦਾ ਹੈ, ਜਿਸਦੇ ਆਸਰੇ ਮਨੁੱਖ ਜਗਿਆਸੂ ਬਿਰਤੀ ਨਾਲ ਆਪਣੀ ਮਿਥੀ ਹੋਈ ਮੰਜ਼ਿਲ ਵਲ ਸੌਖਿਆਂ ਵਧ ਸਕਦਾ ਹੈ।
ਹਰ ਮਨੁੱਖ ਦੀਆਂ ਬੁਨਿਆਦੀ ਲੋੜਾਂ ਵਿੱਚ ਖਾਣ-ਪੀਣ ਅਤੇ ਰਹਿਣ ਆਦਿ ਦੀਆਂ ਸਹੂਲਤਾਂ ਦੀਆਂ ਹੀ ਗੱਲਾਂ ਕੀਤੀਆਂ ਜਾਂਦੀਆਂ ਹਨ। ਪਰ ਜਿਨ੍ਹਾਂ ਲੋਕਾਂ ਨੇ ਬੌਧਿਕਤਾ ਵਲ ਤੁਰਨਾ ਹੁੰਦਾ ਹੈ, ਉਨ੍ਹਾਂ ਨੂੰ ਕਿਤਾਬਾਂ ਦੀ ਉਂਗਲ ਫੜਨੀ ਹੀ ਪੈਂਦੀ ਹੈ ਤਾਂ ਜੋ ਗਿਆਨ/ਸੂਝ ਦੇ ਦਰ ਤਕ ਪਹੁੰਚ ਸਕਣ। ਅੱਜ ਉਹ ਵਕਤ ਹੈ ਜਦੋਂ ਕਿਤਾਬ ਬਹੁਤ ਸਾਰੇ ਲੋਕਾਂ ਦੇ ਵੱਸੋਂ ਬਾਹਰੀ ‘ਸ਼ੈਅ’ ਨਹੀਂ, ਲੋੜ ਤਾਂ ਇਸ ਪਾਸੇ ਰੁਖ ਕਰਕੇ ਤੁਰਨ ਦੀ ਹੈ, ਆਦਤ ਜਾਂ ਗੇਝ ਪਾਉਣ ਦੀ ਹੈ। ਇਸਦਾ ਸਬੰਧ ਮਨ ਦੀ ਜਗਿਆਸੂ ਬਿਰਤੀ ਨਾਲ ਹੈ। ਇਸ ਵਾਸਤੇ ਸੁੱਤੇ ਮਨ ਨੂੰ ਜਗਾਉਣਾ ਪੈਂਦਾ ਹੈ। ਉਂਜ ਵੀ ਅਕਲ ਦੇ ਵਿਹੜੇ ਪੈਰ ਰੱਖਣ ਤੋਂ ਝਿਜਕ ਕਾਹਦੀ? ਹਰ ਜਗਿਆਸੂ ਮਨੁੱਖ ਕਿਤਾਬ ਨੂੰ ਆਪਣੀ ਲੋੜ ਸਮਝੇ ਤੇ ਇਸਦੇ ਸਿੱਟੇ ਵਜੋਂ ਸਮਾਜ ਜਾਂ ਸਮਾਜਾਂ ਅੰਦਰ ਨਿੱਤ ਪੈਦਾ ਹੁੰਦੇ ਬੇਲੋੜੇ ਤਣਾਵਾਂ/ਟਕਰਾਵਾਂ/ਝਗੜਿਆਂ ਤੋਂ ਸਹਿਜੇ ਹੀ ਬਚਿਆ ਜਾ ਸਕਦਾ ਹੈ। ਮੈਕਸਿਮ ਗੋਰਕੀ ਦੇ ਕਹਿਣ ਅਨੁਸਾਰ “ਬਿਹਤਰ ਜ਼ਿੰਦਗੀ ਦਾ ਰਾਹ ਬਿਹਤਰ ਕਿਤਾਬਾਂ ਵਿੱਚੋਂ ਹੋ ਕੇ ਜਾਂਦਾ ਹੈ।” ਅਜਿਹੇ ਮੁੱਲਵਾਨ ਕਥਨਾਂ ਨੂੰ ਪੱਲੇ ਬੰਨ੍ਹ ਕੇ ਅਮਲ ਕਰ ਲੈਣਾ ਚਾਹੀਦਾ ਹੈ। ਅਜਿਹਾ ਸਮਾਂ ਜ਼ਿੰਦਗੀ ਵਿੱਚ ਸੂਝ ਦੀ ਬਹਾਰ ਵਰਗੀ ਰੁੱਤ ਦਾ ਅਹਿਸਾਸ ਪੈਦਾ ਕਰਦਾ ਹੈ।
ਹਰ ਮਨੁੱਖ ਹੀ ਆਪਣੇ ਘਰ ਦੀ ਖੂਬਸੂਰਤੀ ਵਾਸਤੇ ਲੋੜ ਦੀਆਂ ਚੀਜ਼ਾਂ ਆਪਣੇ ਵੱਸੋਂ ਬਾਹਰਾ ਹੋ ਕੇ ਖਰੀਦਦਾ ਹੈ, ਪਰ ਗਿਆਨ ਦਾ ਭਰਪੂਰ ਖਜ਼ਾਨਾ ਕਿਤਾਬਾਂ ਖਰੀਦਣ ਵੇਲੇ ਕੰਜੂਸੀ ਕਿਉਂ ਕਰਦਾ ਹੈ? ਆਪਣੇ ਆਪ ਨੂੰ ਪੜ੍ਹੇ ਲਿਖੇ ਕਹਾਉਂਦੇ ਲੋਕ ਘਰ ਦੇ ਖਰਚ ਨੂੰ ਸਾਵਾਂ ਰੱਖਣ ਵਾਸਤੇ (ਜਾਂ ਦੂਜਿਆਂ ਸਾਹਮਣੇ ਆਪਣੇ ਆਪ ਨੂੰ ਐਵੇਂ ਹੀ ਸਿਆਣਾ ਦੱਸਣ ਵਾਸਤੇ) ਘਰ ਦਾ ਬੱਜਟ ਬਣਾਉਂਦੇ ਹਨ। ਪਰ ਕਿੰਨੇ ਕੁ ਘਰ ਹੋਣਗੇ ਜਿੱਥੇ ਕਿਤਾਬਾਂ ਲਈ ਖਰਚਣ ਵਾਸਤੇ ਵੀ ਘਰੇਲੂ ਬੱਜਟ ਵਿੱਚ ਕੁਝ ਰੱਖਿਆ ਗਿਆ ਹੋਵੇ? ਪੰਜਾਬੀ ਲੇਖਕਾਂ ਵਿੱਚ ਇਹ ਰੁਚੀ ਬਹੁਤ ਹੀ ਘੱਟ ਦੇਖੀ ਗਈ ਹੈ ਕਿ ਉਹ ਖੁਦ ਖਰੀਦ ਕੇ ਕਿਤਾਬਾਂ ਪੜ੍ਹਦੇ ਹੋਣ। ਬਹੁਤੇ ਤਾਂ ਮੁਫਤ ਮਿਲਣ ਵਾਲੀਆਂ ਕਿਤਾਬਾਂ ਦੀ ਹੀ ਉਡੀਕ ਕਰੀ ਜਾਂਦੇ ਹਨ। ਇਸ ਕਰਕੇ ਹੀ ਜਦੋਂ ਕਿਸੇ ਪੁਸਤਕ ਉੱਤੇ ਹੋ ਰਹੀ ਗੋਸ਼ਟੀ/ਵਿਚਾਰ ਚਰਚਾ ਵਿੱਚ ਭਾਗ ਲੈਣ ਜਾਂਦੇ ਹਨ ਤਾਂ ‘ਮੂੰਹ-ਜ਼ੁਬਾਨੀ’ ਭਾਵ ਬਿਨਾ ਕਿਤਾਬ ਪੜ੍ਹਿਆਂ ਹੀ ਉਸ ਕਿਤਾਬ ਬਾਰੇ ‘ਵਿਦਵਤਾ ਭਰਪੂਰ’ ਲੈਕਚਰ ਝਾੜ ਦੇਣਗੇ। ਜੇ ਕੋਈ ਪੁੱਛ ਲਵੇ ਕਿ ਜਦੋਂ ਕਿਤਾਬ ਪੜ੍ਹੀ ਹੀ ਨਹੀਂ ਤਾਂ ਐਵੇਂ ਹੀ ਬਿਨਾਂ ਕਿਤਾਬ ਪੜ੍ਹਿਆਂ ਕਮਲ਼ ਘੋਟਣ ਦਾ ਕੀ ਫਾਇਦਾ? ਅੱਗਿਓਂ ਬੇਸ਼ਰਮੀ ਭਰਿਆ ਜਵਾਬ ਦੇਣਗੇ, ‘ਸੱਦਾ ਭੇਜਣ ਵਾਲੇ ਪ੍ਰਬੰਧਕਾਂ ਦਾ ਮਾਣ ਵੀ ਤਾਂ ਰੱਖਣਾ ਹੋਇਆ।’ ਜਿਨ੍ਹਾਂ ਸਮਾਜਾਂ ਨੇ ਤਰੱਕੀ/ਵਿਕਾਸ ਕਰਨਾ ਹੁੰਦਾ ਹੈ ਉਨ੍ਹਾਂ ਨੂੰ ਨਵੀਂ ਸੋਚ ਦੀ ਲੋੜ ਪੈਂਦੀ ਹੈ। ਫਲਸਫਿਆਂ ਨੂੰ ਜਨਮ ਦੇਣ ਵਾਲੇ, ਆਮ ਲੋਕਾਂ ਦੀ ਅਗਵਾਈ ਕਰਨ ਦੇ ਐਵੇਂ ਹੀ ਯੋਗ ਨਹੀਂ ਹੋ ਜਾਂਦੇ, ਉਨ੍ਹਾਂ ਦੀ ਨਵੀਂ ਦ੍ਰਿਸ਼ਟੀ/ਨਵੇਂ ਵਿਚਾਰ ਹੀ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ ਜਿਸ ਸਦਕਾ ਕੋਈ ਨਵੀਂ ਲੀਹ ਤੁਰਦੀ ਹੈ। ਜਦੋਂ ਧਾਰਮਿਕ ਬਿਰਤੀ ਵਾਲੇ ਕਹੇ ਜਾਂਦੇ ਮਹਾਂਪੁਰਸ਼ਾਂ ਨੇ ਲੋਕਾਂ ਨੂੰ ‘ਰੱਬ ਦੇ ਘਰ’ ਦਾ ਰਸਤਾ ਦੱਸਣ ਵਾਸਤੇ ਵੇਦ ਗ੍ਰੰਥ ਰਚੇ, ਦੁਨੀਆਂ ’ਤੇ ਵੱਖੋ-ਵੱਖ ਸਮਾਜਾਂ ਅੰਦਰ ਸੰਚਾਰ ਦੇ ਬਹੁਤ ਘੱਟ ਸਾਧਨ ਮੌਜੂਦ ਸਨ। ਉਦੋਂ ਪੱਤਿਆਂ ਆਦਿ ’ਤੇ ਲਿਖਣ ਦੇ ਯੁਗ ਵਿੱਚ ਵੀ ਗ੍ਰੰਥ ਲਿਖੇ ਗਏ। ਲਗਨ ਮਨੁੱਖ ਨੂੰ ਅਣਦਿਸਦੇ ਰਾਹਾਂ ਉੱਤੇ ਤੁਰਨ ਵਾਲੀ ਸੋਝੀ ਬਖਸ਼ ਦਿੰਦੀ ਹੈ। ਜਦੋਂ ਲਗਨ ਜਨੂੰਨ ਬਣ ਜਾਵੇ ਤਾਂ ਬੰਦਾ ਕੁਝ ਵੀ ਕਰ ਸਕਦਾ ਹੈ। ਸੂਝਵਾਨਾਂ ਵੱਲੋਂ ਸੰਸਾਰ ਨੂੰ ਪਿਆਰ ਕਰਨ ਵਾਲੇ ਹਾਂ ਪੱਖੀ ਲਗਨ/ਜਨੂੰਨ ਨੇ ਦੁਨੀਆਂ ਨੂੰ ਬਹੁਤ ਬਦਲਿਆ ਹੈ। ਅੱਜ ਤਕ ਅਸੀਂ ਕਿਵੇਂ ਪਹੁੰਚੇ ਹਾਂ ਇਸ ਇਤਿਹਾਸਕ ਵਿਕਾਸ ਦੇ ਰਾਹ ਬਾਰੇ ਪੜ੍ਹਨ/ਜਾਨਣ ਦੀ ਬਹੁਤ ਲੋੜ ਪੈਂਦੀ ਹੈ। ਯਾਦ ਰਹੇ ਉੱਜਲਾ ਭਵਿੱਖ ਸਿਰਜਣ ਵਾਸਤੇ ਵਰਤਮਾਨ ਨੇ ਬੀਤ ਗਏ ਤੋਂ ਵੀ ਸੇਧ ਲੈਣੀ ਹੁੰਦੀ ਹੈ।
ਬ੍ਰਾਹਮਣਵਾਦੀ ਗਲਬੇ ਦੇ ਦੌਰ ਵਿੱਚ ਭਾਰਤੀ ਸਮਾਜ ਅੰਦਰ ਅਕਲ ਦੀਆਂ ਗੱਲਾਂ ਦੱਸਦੇ ਇਨ੍ਹਾਂ ਵੇਦ-ਗ੍ਰੰਥਾਂ ਤੇ ਹੋਰ ਲਿਖਤਾਂ ਨੂੰ ਵਰਤਣ/ਪਰਖਣ/ਸਮਝਣ ਉੱਤੇ ਵੀ ਮਨੁੱਖਾਂ ਨਾਲ ਮੱਤਭੇਦ ਕੀਤਾ ਗਿਆ ਜੋ ਅੱਜ ਤਕ ਨਫਰਤੀ ਦੌਰ ਕਰਕੇ ਵੀ ਜਾਣਿਆ ਜਾਂਦਾ ਹੈ। ਬਹੁਤ ਸਮਾਂ ਬਾਅਦ ਸਮਾਜ ਨੂੰ ਅਸਲੋਂ ਮਨੁੱਖ ਵਾਸਤੇ ਸੁਚੱਜਾ ਬਣਾਉਣ ਵਾਲਿਆਂ ਨੇ ਆਪਣਾ ਫ਼ਰਜ਼ ਨਿਭਾਉਣ ਵਿੱਚ ਕੋਤਾਹੀ ਨਹੀਂ ਕੀਤੀ। ਜੇ ਗੱਲ ਦਰਸ਼ਨ ਦੇ ਪੱਧਰ ’ਤੇ ਕੀਤੀ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਸਿਆਣੇ ਵਿਚਾਰਾਂ ਨਾਲ ਮਨੁੱਖ ਨੂੰ ਸਦਾ ਹੀ ਨਵੀਂ ਵਿਚਾਰਧਾਰਕ ਧਰਤ ਅਤੇ ਨਵੀਂ ਸੇਧ ਮਿਲੀ ਹੈ। ਜਦੋਂ ਨਿਰੀ “ਧਾਰਮਿਕਤਾ” ਦੀਆਂ ਭਰਮਾਊ ਬਾਤਾਂ ਪਾ ਕੇ ਲੋਕਾਂ ਨੂੰ ਇਸ ਧੁੰਦਵਾਦ ਨਾਲ ਹੀ ਪ੍ਰਚਾਇਆ ਜਾਂਦਾ ਹੋਵੇ ਤਾਂ ਸਮਾਜ ਦੀ ਸੱਚੀ ਨਿਰਖ-ਪਰਖ ਕਰਨ ਵਾਲੇ ਵੀ ਪਿੱਛੇ ਨਹੀਂ ਰਹਿੰਦੇ, ਉਹ ਵੀ ਆਪਣਾ ਯੋਗਦਾਨ ਪਾਉਂਦੇ ਹਨ। ਸਦੀਆਂ ਪਹਿਲਾਂ ਭਾਰਤ ਅੰਦਰ ਭਗਤੀ ਲਹਿਰ ਸਮੇਂ ਅਤੇ ਗੁਰੂ ਕਾਲ ਵੇਲੇ ਇਸੇ ਤਰ੍ਹਾਂ ਸੰਵਾਦ ਛੇੜਿਆ ਗਿਆ। ਬਾਬਾ ਨਾਨਕ ਵੱਲੋਂ ਗੋਸ਼ਟਿ ਦਾ ਸਿਧਾਂਤ ਸਾਡੇ ਸਭ ਦੇ ਸਾਹਮਣੇ ਹੈ। ਅੱਜ ਵੀ ਮਸਲੇ ਸੁਲਝਾਣ ਵੇਲੇ “ਕਿਛੁ ਸੁਣੀਐ ਕਿਛੁ ਕਹੀਏ” ਦਾ ਸਿਧਾਂਤਕ ਵਿਚਾਰ ਹੀ ਕੰਮ ਆਉਂਦਾ ਹੈ।
ਚਿਰ ਬਾਅਦ ਨਵੇਂ ਯੁਗ ਵਿੱਚ ਕਾਰਲ ਮਾਰਕਸ ਵਰਗੇ ਮਹਾਨ ਮਨੁੱਖ ਅਤੇ ਉਹਦੇ ਸਾਥੀ ਆਉਂਦੇ ਹਨ ਤੇ ਆਪਣੀਆਂ ਲਿਖਤਾਂ/ਕਿਤਾਬਾਂ ਰਾਹੀਂ ਨਵੇਂ ਵਿਚਾਰਾਂ ਨਾਲ ਮਨੁੱਖਾਂ/ਸਮਾਜਾਂ ਨੂੰ ਹਲੂਣ ਕੇ ਨਵੇਂ ‘ਰਾਹ’ ਤੋਰਨ ਦਾ ਸਬੱਬ ਬਣ ਜਾਂਦੇ ਹਨ। (ਕਾਰਲ ਮਾਰਕਸ ਦੀਆਂ ਲਿਖਤਾਂ ਖਾਸ ਕਰਕੇ ‘ਸਰਮਾਇਆ’ ਲੁੱਟ ਰਹਿਤ ਦੁਨੀਆਂ ਦੇਖਣ ਚਾਹੁਣ ਵਾਲਿਆਂ ਦਾ ਪਥ ਪ੍ਰਦਰਸ਼ਕ ਬਣੀ ਅਤੇ ਜਦੋਂ ਤਕ ਲੁੱਟ ਰਹਿਤ ਸਮਾਜ ਨਹੀਂ ਬਣਦਾ, ਬਣੀ ਰਹੇਗੀ।) ਨਵੀਆਂ ਲੀਹਾਂ ਦੇ ਸਿਰਜਣਹਾਰਿਆਂ ਨੇ ਆਪਣੇ ਆਪ ਨੂੰ ਸ਼ਬਦ ਨਾਲ ਜੋੜਿਆ ਅਤੇ ਆਪਣੇ ਸੰਗੀਆਂ-ਸਾਥੀਆਂ, ਸ਼ੁਭਚਿੰਤਕਾਂ ਅਤੇ ਪੈਰੋਕਾਰਾਂ ਨੂੰ ਵੀ ਇਸੇ ਰਾਹੇ ਤੁਰਨ ਵਾਸਤੇ ਪ੍ਰੇਰਿਤ ਕੀਤਾ। ਧਾਰਮਿਕ ਖੇਤਰ ਵਿੱਚ ਸ਼ਰਧਾਵਾਨ ਤਾਂ ਕਰੋੜਾਂ ਹੀ ਨਿੱਤ ਦੇਖੇ ਜਾ ਸਕਦੇ ਹਨ, ਇਨ੍ਹਾਂ ਵਿੱਚੋਂ ਸ਼ਬਦ ਨਾਲ ਕਿੰਨੇ ਕੁ ਜੁੜੇ ਹੋਏ ਹਨ, ਇੱਥੇ ਸਵਾਲੀਆ ਨਿਸ਼ਾਨ ਕਾਫੀ ਵੱਡਾ ਨਜ਼ਰ ਆਉਂਦਾ ਹੈ। ਸੰਸਾਰ ਵਿੱਚ ਹਰ ਧਾਰਮਕ ਜਾਂ ਗੈਰ-ਧਾਰਮਕ ਮਨੁੱਖ ਦਾ ਗੁਰੂ ਸ਼ਬਦ/ਗਿਆਨ ਹੀ ਹੈ।
ਜਾਗਦੇ ਮਨੁੱਖ ਦੇ ਮਨ ਦੀ ਜਗਿਆਸਾ ਮਨੁੱਖ ਨੂੰ ਟਿਕ ਕੇ ਬਹਿਣ ਨਹੀਂ ਦਿੰਦੀ। ਇਹ ਟਿਕ ਕੇ ਨਾ ਬਹਿਣ ਦੀ ਬਿਰਤੀ ਹੀ ਮਨੁੱਖ ਨੂੰ ਕ੍ਰਿਆਸ਼ੀਲ ਰੱਖਦੀ ਹੈ। ਪੱਛਮੀ ਸਮਾਜਾਂ ਵਿੱਚ ਜਿੱਧਰ ਵੀ ਜਾਉ ਲੋਕਾਂ ਦੇ ਘਰਾਂ ਵਿੱਚ ਹੋਰ ਲੋੜ ਵਾਲੀਆਂ ਵਸਤਾਂ ਦੇ ਨਾਲ ਤੁਹਾਨੂੰ ਕਿਤਾਬਾਂ ਵੀ ਨਜ਼ਰੀਂ ਪੈਣਗੀਆਂ। ਬਹੁਤ ਸਾਰੇ ਲੋਕ ਵਿਹਲ ਦੇ ਸਮੇਂ ਨੂੰ ਪੜ੍ਹਨ ਲਈ ਵਰਤਦੇ ਹਨ। ਜਨਮ ਦਿਨਾਂ, ਵਿਆਹ-ਸ਼ਾਦੀਆਂ, ਵਰ੍ਹੇ-ਗੰਢਾਂ ਜਾਂ ਹੋਰ ਅਜਿਹੇ ਖੁਸ਼ੀ ਦੇ ਮੌਕਿਆਂ ’ਤੇ ਲੋਕ ਕਿਤਾਬਾਂ ਦੇ ਤੋਹਫੇ ਦਿੰਦੇ ਹਨ। ਸਾਡਾ ਸਮਾਜ ਅਜੇ ਵੀ ਝੱਗਿਆਂ/ਫਰਾਕਾਂ, ਲਹਿੰਗਿਆਂ ਆਦਿ ਵਿੱਚ ਹੀ ਕਿਉਂ ਫਸਿਆ ਬੈਠਾ ਹੈ? ਅਸੀਂ ਵੀ ਜੇ ਸੰਸਾਰ ਦੇ ਹਾਣ ਦਾ ਹੋਣਾ ਹੈ ਤਾਂ ਸਾਨੂੰ ਆਪਣੀ ਸੌੜੀ ਸੋਚ ਤਿਆਗ ਕੇ, ਭਰਮਾਂ ਵਿੱਚੋਂ ਨਿਕਲ ਕੇ ਵਿਗਿਆਨ ਵਾਲੇ ਯੁਗ ਦੇ ਹਾਣੀ ਹੋ ਕੇ ਅੱਗੇ ਵਧਣ ਬਾਰੇ ਸੋਚਣਾ ਚਾਹੀਦਾ ਹੈ। ਲੋੜ ਹੈ ਅਗਿਆਨ ਦੀਆਂ ਹਨੇਰੀਆਂ ਖੁੱਡਾਂ ਵਿੱਚੋਂ ਨਿਕਲ ਕੇ ਦਿਨ ਦੇ ਚਾਨਣ ਨੂੰ ਫੜਨ ਦੀ। ਇਸ ਚਾਨਣ ਦੇ ਆਸਰੇ ਸੰਸਾਰ ਬਹੁਤ ਹੀ ਖੂਬਸੂਰਤ ਨਜ਼ਰ ਆਵੇਗਾ। ਸਾਨੂੰ ਨਵੇਂ ਨਜ਼ਰੀਏ/ਦ੍ਰਿਸ਼ਟੀਕੋਣ ਦੇ ਲੜ ਲੱਗ ਕੇ ਨਵੀਂ ਧਰਤ ਨੂੰ ਸਿਰਜਣ ਦੀ ਲੋੜ ਹੈ। ਕਿਤਾਬਾਂ ਸ਼ੀਸ਼ਾ ਬਣ ਕੇ ਸਾਡੇ ਸਾਹਮਣੇ ਹਨ, ਉਨ੍ਹਾਂ ਵਿੱਚ ਆਪਣਾ ਆਪਾ ਦੇਖਣ ਦਾ, ਲੱਭਣ ਦਾ ਤੇ ਆਪਣੀਆਂ ਘਾਟਾਂ ਦੂਰ ਕਰਨ ਦਾ ਜਤਨ ਤਾਂ ਕਰੀਏ। ਉਨ੍ਹਾਂ ਵਿੱਚ ਪੇਸ਼ ਕੀਤੇ ਵਿਚਾਰਾਂ ਤੋਂ ਸਿੱਖਣ ਦੇ ਰਾਹੇ ਤਾਂ ਪਈਏ। ਕਿਤਾਬਾਂ ਸਾਨੂੰ ਸਹਿਣਸ਼ੀਲ, ਦਇਆਵਾਨ ਤੇ ਚੰਗੇ ਇਨਸਾਨ ਬਣਾਉਂਦੀਆਂ ਹਨ।
ਆਪਣੇ ‘ਸਫਰਨਾਮਾ’ ਮਾਰਕਾ ਲੇਖਕ ਜਦੋਂ ਵੀ ਬਾਹਰ ਜਾਂਦੇ ਹਨ ਤਾਂ ਖਾਧੇ ਹੋਏ ਪਕੌੜਿਆਂ-ਸਮੋਸਿਆਂ ਜਾਂ ਪੀਤੀਆਂ ਹੋਈਆਂ ਸ਼ਰਾਬਾਂ ਦਾ ਹੀ ਜ਼ਿਕਰ ਕਰੀ ਜਾਣਗੇ। ਬਾਹਰਲੇ ਸਮਾਜ, ਜਿਸ ਬਾਰੇ ਲਿਖਣ ਦਾ ਉਨ੍ਹਾਂ ਨੇ ਦਾਅਵਾ ਕੀਤਾ ਹੁੰਦਾ ਹੈ, ਬਹੁਤਿਆਂ ਨੂੰ ਉਸਦੀ ਸਮਝ ਨਾ ਹੋਣ ਕਰਕੇ ਉਹਦਾ ਨਿਗੂਣਾ ਜਾਂ ਚੱਲਵਾਂ ਜਿਹਾ ਹੀ ਜ਼ਿਕਰ ਹੁੰਦਾ ਹੈ ਜਿਸ ਨਾਲ ਆਪਣੇ ਆਪ ਨੂੰ ਇਹ ‘ਸਿਆਣੇ’ ਕਹਾਉਣ ਵਾਲੇ ਭੰਬਲ਼ਭੂਸੇ ਭਰੀ ਧੁੰਦ ਖਿਲਾਰਨ ਤੋਂ ਵੱਧ ਕੁਝ ਵੀ ਨਹੀਂ ਕਰਦੇ। ਅਜਿਹੇ ਅਖੌਤੀ ‘ਬੁੱਧੀਜੀਵੀਆਂ’ ਨੂੰ ਬੌਧਿਕ ਗਰੀਬੀ ਢੋਣ ਵਾਲੇ ਗਰਜ਼ਾਂ ਬੱਧੇ ਦੋ-ਲੱਤੇ “ਜੀਵ” ਵੀ ਆਖਿਆ ਜਾ ਸਕਦਾ ਹੈ।
ਮਨੁੱਖ ਹਰ ਵੇਲੇ ਤਾਂ ਸਹਿਜ ਅਵਸਥਾ ਵਿੱਚ ਨਹੀਂ ਹੁੰਦਾ। ਕਦੇ ਮਨ ਵਿੱਚ ਕਿਸੇ ਗੱਲ ਦੀ ਕੁੜੱਤਣ, ਕਦੇ ਘਰੇਲੂ ਪ੍ਰੇਸ਼ਾਨੀਆਂ ਜਾਂ ਸਮਾਜ ਵਿੱਚ ਵਾਪਰ ਰਹੇ ਨਵੇਂ ਦਿਲ-ਢਾਹੂ ਵਰਤਾਰੇ ਸੰਵੇਦਨਸ਼ੀਲ ਮਨੁੱਖ ਨੂੰ ਦੁਖੀ ਕਰਦੇ ਹਨ। ਇਨ੍ਹਾਂ ਜਾਂ ਇਨ੍ਹਾਂ ਵਰਗੀਆਂ ਹੋ ਰਹੀਆਂ ਹੋਰ ਗੱਲਾਂ ਦੇ ਕਾਰਨਾਂ ਬਾਰੇ ਸੋਚਣ ਵਾਸਤੇ ਮਨ ਨੂੰ ਇਕਾਗਰ ਕਰਨਾ ਜ਼ਰੂਰੀ ਹੁੰਦਾ ਹੈ। ਅਜਿਹੇ ਮੌਕੇ ਮਨੁੱਖ ਵਾਸਤੇ ਕਿਤਾਬਾਂ ਤੋਂ ਵੱਧ ਹੋਰ ਕੌਣ ਸਹਾਈ ਹੋ ਸਕਦਾ ਹੈ? ਵਿਅਕਤੀ ਕੋਈ ਕਵਿਤਾ, ਕਹਾਣੀ, ਲੇਖ ਜਾਂ ਕੁਝ ਵੀ ਪੜ੍ਹੇ, ਮਨ ਹੋਰ ਤਰ੍ਹਾਂ ਸੋਚਣ ਲਗਦਾ ਹੈ। ਇਹ ‘ਹੋਰ’ ਤਰ੍ਹਾਂ ਸੋਚਣਾ ਮਨ ਅੰਦਰ ਨਵੇਂ ਵਿਚਾਰ ਪੈਦਾ ਕਰਨ ਦਾ ਵਸੀਲਾ ਬਣ ਜਾਂਦਾ ਹੈ। ਮਨ ਨੂੰ ਚੜ੍ਹਦੀ ਕਲਾ ਵਲ ਜਾਣ ਦਾ ਰਸਤਾ ਮਿਲ ਜਾਂਦਾ ਹੈ। ਪਰ, ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇ ਸਾਧਨ ਵੀ ਹੋਵੇ। ਭਾਵ ਜੇ ਘਰ ਵਿੱਚ ਕਿਤਾਬਾਂ ਮੌਜੂਦ ਹੋਣਗੀਆਂ ਤਾਂ ਘਰੇਲੂ ਔਰਤਾਂ ਵੀ ਕੰਮਾਂ-ਕਾਰਾਂ ਤੋਂ ਵਿਹਲੀਆਂ ਹੋ ਕੇ ਜਾਂ ਘਰੇਲੂ ਕੰਮਾਂ ਵਿੱਚੋਂ ਵਿਹਲ ਕੱਢ ਕੇ ਹਨੇਰ ਖਲਾਰਦੇ ਟੀ.ਵੀ. ਸੀਰੀਅਲਾਂ ਦੀ ਥਾਂ ਪੜ੍ਹਨ ਵਲ ਰੁਚਿਤ ਹੋ ਸਕਦੀਆਂ ਹਨ। ਇਸ ਤਰ੍ਹਾਂ ਮਾਵਾਂ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਪੜ੍ਹਨ ਦੀ ਆਦਤ ਵੀ ਪਾ ਸਕਦੀਆਂ ਹਨ। ਛੋਟੇ ਬੱਚਿਆਂ ਵਾਸਤੇ ਤਸਵੀਰਾਂ ਵਾਲੀਆਂ ਕਿਤਾਬਾਂ ਬੇਹੱਦ ਜ਼ਰੂਰੀ ਅਤੇ ਲਾਭਦਾਇਕ ਹਨ ਜੋ ਹਰ ਘਰ ਵਿੱਚ ਹੋਣੀਆਂ ਚਾਹੀਦੀਆਂ ਹਨ। ਤਸਵੀਰਾਂ ਦੇਖਦਿਆਂ ਬੱਚੇ ਸਹਿਜ ਨਾਲ ਹੀ ਨਾਲ ਲਿਖਿਆ ਹੋਇਆ ਪਾਠ ਵੀ ਪੜ੍ਹਨਾ ਸਿੱਖਣ ਦਾ ਜਤਨ ਵੀ ਕਰਨਗੇ। ਇਸ ਤਰ੍ਹਾਂ ਬੱਚਿਆਂ ਨੂੰ ਬਿਨਾਂ ਕਿਸੇ ਔਖ ਤੋਂ ਸ਼ਬਦ ਦੇ ਲੜ ਲਾਇਆ ਜਾ ਸਕਦਾ ਹੈ। ਬੱਚੇ ਨੂੰ ਬਚਪਨ ਵਿੱਚ ਕਿਤਾਬ ਦੇ ਕੇ ਉਸ ਨੂੰ ਸਾਰੀ ਉਮਰ ਵਾਸਤੇ ਕਿਤਾਬ ਨਾਲ ਜੋੜਿਆ ਜਾ ਸਕਦਾ ਹੈ। ਬੱਚਿਆਂ ਵਾਸਤੇ ਕਿਤਾਬਾਂ ਛਾਪਣ ਵਾਲਿਆਂ ਸਿਰ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਇਸ ਗੱਲ ਦਾ ਖਿਆਲ ਰੱਖਣ ਕਿ ਛੋਟੇ ਬੱਚੇ ਜੇ ਕਿਤਾਬ ਮੂੰਹ ਵਿੱਚ ਵੀ ਪਾ ਲੈਣ ਤਾਂ ਉਹ ਬੱਚੇ ਦੀ ਸਿਹਤ ਨੂੰ ਨੁਕਸਾਨ ਕਰਨ ਵਾਲਾ ਕੋਈ ਕਾਗਜ਼/ਗੱਤੇ ਆਦਿ ਦੀ ਵਰਤੋਂ ਨਾ ਕਰਨ। ਆਉਣ ਵਾਲੇ ਕੱਲ੍ਹ ਨੂੰ ਖੁਸ਼ਗਵਾਰ ਬਣਾਉਣ ਵਾਸਤੇ ਇਹ ਬਹੁਤ ਜ਼ਰੂਰੀ ਹੈ। ਕਿਸੇ ਵੀ ਸਮਾਜ ਨੂੰ ਕਿਤਾਬਾਂ ਦੇ ਲੜ ਲਾ ਕੇ ਉਸ ਸਮਾਜ ਨੂੰ ਅਕਾਰਨ ਹੀ ਪੈਦਾ ਹੋਣ ਵਾਲੇ ਗੈਰ ਜ਼ਰੂਰੀ ਝਗੜਿਆਂ ਅਤੇ ਤਣਾਵਾਂ ਤੋਂ ਮੁਕਤ ਕੀਤਾ ਜਾ ਸਕਦਾ ਹੈ। ਕਿਤਾਬਾਂ ਦੇ ਆਸਰੇ ਊਚ-ਨੀਚ, ਵਖਰੇਵਿਆਂ, ਪਾੜਿਆਂ, ਜੰਗਾਂ ਅਤੇ ਨਫ਼ਰਤਾਂ ਤੋਂ ਰਹਿਤ, ਸੁਹਣਾ-ਸੁਚੱਜਾ ਅਤੇ ਭਰੱਪਣ ਭਰਿਆ, ਸ਼ਾਂਤਮਈ ਸਮਾਜ/ਸੰਸਾਰ ਵੀ ਸਿਰਜਿਆ ਜਾ ਸਕਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3847)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)