“ਲੋਕ ਰਾਜ ਦੀ ਰਾਖੀ ਵਾਸਤੇ ਮੱਥਿਆਂ ਵਿੱਚ ਗਿਆਨ ਦੇ ਜਗਦੇ ਦੀਵਿਆਂ ਵਾਲੇ ਲੋਕਾਂ ਨੇ ਚਾਨਣੀ ਸੋਚ ਲੈ ਕੇ ਹਮੇਸ਼ਾ ਹੀ ...”
(6 ਅਪ੍ਰੈਲ 2023)
ਇਸ ਸਮੇਂ ਪਾਠਕ: 360.
ਲੋਕਰਾਜ ਉਸ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਲੋਕ ਆਪਣਾ ਰਾਜ ਸਮਝਦੇ ਹੋਣ। ਲੋਕ ਸਮਝਦੇ ਹੀ ਨਾ ਹੋਣ ਸਗੋਂ ਲੋਕਾਂ ਨਾਲ ਨਿੱਤ ਦਾ ਵਿਹਾਰ ਵੀ ਇਸਦੀ ਗਵਾਹੀ ਭਰਦਾ ਹੋਵੇ। ਇਹ ਇੱਕ-ਦੂਜੇ ਨਾਲ ਮਿਲਜੁਲ ਕੇ ਰਹਿਣ ਦੇ ਮੌਕੇ ਵੀ ਦਿੰਦਾ ਹੋਵੇ, ਨਹੀਂ ਤਾਂ ਅਬਰਾਹਿਮ ਲਿੰਕਨ ਦੀ ਲੋਕਤੰਤਰੀ ਸਰਕਾਰ ਬਾਰੇ ਦਿੱਤੀ ਪ੍ਰੀਭਾਸ਼ਾ ਕਿ “ਲੋਕਤੰਤਰ ਲੋਕਾਂ ਦੀ, ਲੋਕਾਂ ਦੁਆਰਾ, ਅਤੇ ਲੋਕਾਂ ਲਈ ਬਣਾਈ ਗਈ ਸਰਕਾਰ ਹੈ” ਵੀ ਟਿੱਚਰ ਜਿਹੀ ਜਾਪਣ ਲੱਗ ਪੈਂਦੀ ਹੈ। ਲੋਕਤੰਤਰ ਅੰਦਰ ਅਸਹਿਮਤੀ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ ਜਾਂ ਕਹਿ ਲਉ ਕਿ ਅਸਹਿਮਤੀ (ਭਾਵ, ਇੱਕ ਦੂਜੇ ਤੋਂ ਵੱਖਰੇ ਜਾਂ ਵਿਰੋਧੀ ਵਿਚਾਰ) ਲੋਕਤੰਤਰ ਦਾ ਦੂਜਾ ਨਾਮ ਹੈ। ਜਦੋਂ ਲੋਕਤੰਤਰੀ ਪ੍ਰਬੰਧ ਅੰਦਰ ਅਸਹਿਮਤੀ ਦਾ ਸਨਮਾਨ (ਦੂਜਿਆਂ ਪ੍ਰਤੀ ਸਹਿਣਸ਼ੀਲਤਾ, ਵਿਚਾਰ ਵਟਾਂਦਰਾ, ਦੂਜੇ ਦੀ ਗੱਲ/ਵਿਚਾਰ ਨੂੰ ਸਹਿਣ ਕਰਨ ਦਾ ਮਾਦਾ) ਖਤਮ ਹੋ ਰਿਹਾ ਹੋਵੇ ਤਾਂ ਸਮਝੋ ਕਿ ਲੋਕਤੰਤਰ ਦੀ ਸਮਾਪਤੀ ਦਾ ਖਤਰਾ ਵਧ ਰਿਹਾ ਹੈ। ਅਜਿਹੇ ਸਮੇਂ ਅਸਹਿਮਤੀ ਦੀ ਆਵਾਜ਼ ਹੋਰ ਉੱਚੀ ਹੋ ਜਾਣੀ ਚਾਹੀਦੀ ਹੈ। ਅਸਹਿਮਤੀ ਜਾਂ ਵਿਰੋਧ ਦੀ ਅਹਿੰਸਕ ਆਵਾਜ਼ ਨੂੰ ਲੋਕਤੰਤਰ ਦੀ ਖੂਬਸੂਰਤੀ ਕਿਹਾ ਜਾਣਾ ਚਾਹੀਦਾ ਹੈ। ਇਸਦੇ ਆਪਣੇ ਬਹੁਤ ਸਾਰੇ ਖਤਰੇ ਹੋ ਸਕਦੇ ਹਨ, ਪਰ ਲੋਕਤੰਤਰ ਇਹ ਖਤਰੇ ਸਹੇੜ ਕੇ ਹੀ ਬਚ ਸਕਦਾ ਹੈ। ਇਨ੍ਹਾਂ ਨੂੰ ਖਤਰੇ ਕਹਿਣ ਨਾਲੋਂ ਫ਼ਰਜ਼ਾਂ ਦੀ ਸੰਗਿਆ ਦਿੱਤੀ ਜਾਣੀ ਚਾਹੀਦੀ ਹੈ।
ਅੱਜ ਦੇ ਸਮੇਂ ਜਦੋਂ ਵਿਸ਼ਵੀਕਰਨ ਉਰਫ ਲੁੱਟਤੰਤਰ ਦੇ ਢੋਲ ਵਾਲੇ ਰੌਲ਼ੇ ਹੇਠ ਕਿਸੇ ਵੀ ਥਾਂ ਲੋਕਤੰਤਰ ਅਤੇ ਇਸਦੇ ਪਾਲਕ/ਹੱਕਦਾਰ ਮਿਹਨਤਕਸ਼ ਲੋਕ ਦੇਸੀ-ਬਦੇਸੀ ਬਾਜ਼ਾਰਵਾਦ ਦੇ ਖੂਨੀ ਪੰਜਿਆਂ ਵਿੱਚ ਲਹੂ-ਲੁਹਾਣ ਹੋ ਰਹੇ ਹੋਣ ਤਾਂ ਲੋਕਤੰਤਰ ਅੰਦਰ ਯਕੀਨ ਰੱਖਣ ਵਾਲਿਆਂ (ਖਾਸ ਕਰਕੇ ਵਿਰੋਧ ਦੀਆਂ ਸਿਆਸੀ ਪਾਰਟੀਆਂ, ਜਾਂ ਵੱਖਰੇ ਵਿਚਾਰ ਰੱਖਣ ਵਾਲੇ ਲੋਕਾਂ) ਲਈ ਫਿਕਰਮੰਦ ਹੋ ਜਾਣਾ ਕੁਦਰਤੀ ਹੀ ਹੈ ਜਿਸਦੇ ਸਿੱਟੇ ਵਜੋਂ ਉਨ੍ਹਾਂ ਦਾ ਬੋਲਣਾ ਜ਼ਰੂਰੀ ਹੋ ਜਾਂਦਾ ਹੈ।
ਲੋਕਤੰਤਰ ਅੰਦਰ ਹਰ ਨਾਗਰਿਕ ਨੂੰ ਵੋਟ ਦੇਣ ਦਾ ਅਧਿਕਾਰ ਹੁੰਦਾ ਹੈ, ਪਰ ਸਿਰਫ ਵੋਟ ਦੇਣਾ ਹੀ ਲੋਕਤੰਤਰ ਨਹੀਂ। ਸਿਆਸੀ ਪਾਰਟੀਆਂ ਜੋ ਵਾਅਦੇ ਕਰਦੀਆਂ ਹਨ ਉਨ੍ਹਾਂ ਦੀ ਪੁਣਛਾਣ ਕਰਨਾ ਤੇ ਫੇਰ ਜਿਹੜੀ ਪਾਰਟੀ ਦੇਸ਼ ਦੇ ਭਲੇ ਵਾਸਤੇ ਭਾਵ ਗਰੀਬ, ਮਜ਼ਦੂਰ, ਕਿਸਾਨ ਆਦਿ ਕਿ ਹਰ ਮਿਹਨਤਕਸ਼ ਵਾਸਤੇ ਸੋਹਣੇ ਭਵਿੱਖ ਦਾ ਭਰੋਸਾ ਦਿੰਦੀ ਹੋਵੇ, ਉਸ ਨੂੰ ਵੋਟ ਦਿੱਤਾ ਜਾਂਦਾ ਹੈ। ਇੱਥੋਂ ਹੀ ਨਾਗਰਿਕ ਦਾ ਲੋਕਤੰਤਰੀ ਕੰਮ ਸ਼ੁਰੂ ਹੁੰਦਾ ਹੈ ਕਿ ਜੋ ਵਾਅਦੇ ਕਰਕੇ ਕੋਈ ਪਾਰਟੀ ਹਕੂਮਤ ਬਣਾ ਲੈਂਦੀ ਹੈ, ਉਹ ਆਪਣੇ ਕਹੇ ਮੁਤਾਬਿਕ ਕੰਮ ਵੀ ਕਰ ਰਹੀ ਹੈ ਜਾਂ ਨਹੀਂ?
ਲੋਕਤੰਤਰੀ ਪ੍ਰਬੰਧ ਅੰਦਰ ਰਹਿੰਦਿਆਂ ਇਸ ਵਿੱਚ ਆਉਂਦੇ ਵਿਗਾੜਾਂ ਦੇ ਖਿਲਾਫ ਹੋਣਾ ਹੀ ਲੋਕਤੰਤਰੀ ਹੋਣਾ ਹੁੰਦਾ ਹੈ ਤਾਂ ਕਿ ਲੋਕਤੰਤਰ ਦੀ ਰਾਖੀ ਕੀਤੀ ਜਾ ਸਕੇ। ਸਾਧਾਰਨ ਲਫ਼ਜ਼ਾਂ ਵਿੱਚ ਇਸ ਨੂੰ ਦੇਸ਼ਭਗਤੀ ਆਖਿਆ ਜਾ ਸਕਦਾ ਹੈ। ਅਜਿਹੇ ਸਮੇਂ ਚੁੱਪ ਰਹਿਣਾ ਲੋਕਤੰਤਰੀ ਸਮਾਜ ਵਿੱਚੋਂ ਆਪਣੇ ਆਪ ਨੂੰ ਖਾਰਿਜ ਕਰਨ ਦੇ ਬਰਾਬਰ ਹੁੰਦਾ ਹੈ। ਸਰਬੱਤ ਦੇ ਭਲੇ ਵਾਸਤੇ ਸਮਾਜ ਅੰਦਰ ਸੱਤਾਧਾਰੀਆਂ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਕਿਸੇ ਇੱਕ ਵੀ ਪ੍ਰਾਣੀ ਤਕ ਦੇ ਬੁਨਿਆਦੀ ਅਤੇ ਮਨੁੱਖੀ ਹੱਕਾਂ ਨੂੰ ਆਂਚ ਨਾ ਆਉਣ ਦੇਣ। ਲੁੱਟ ਦੇ ਆਸਰੇ ਬਣੀ ਧਨਾਢ ਜਮਾਤ (ਜੁੰਡਲੀ) ਦੇ ਮੁਕਾਬਲੇ ਮਿਹਨਤਕਸ਼ਾਂ ਨੂੰ ਦੁਜੈਲੇ ਕਿਸਮ ਦੇ ਸ਼ਹਿਰੀ ਸਮਝ ਕੇ ਵਿਤਕਰੇ ਦੇ ਸ਼ਿਕਾਰ ਨਾ ਬਣਾਉਣ। ਹੋ ਰਹੇ ਜ਼ੁਲਮ ਦੀਆਂ ਵਿਰੋਧੀ ਸੁਰਾਂ ਵੀ ਅਜਿਹੇ ਸਮੇਂ ਹੀ ਉੱਠਦੀਆਂ ਹਨ ਤੇ ਸਮਾਜ ਬਦਲਣ ਵਾਸਤੇ ਸਰਗਰਮ ਹੋ ਜਾਂਦੀਆਂ ਹਨ।
ਲੋਕਤੰਤਰੀ ਬੁਨਿਆਦ ਵਾਲੇ ਰਾਜ ਦੇ ਚੁਣੇ ਗਏ ਮੈਂਬਰ ਝੂਠ ਬੋਲਣ ਵਾਲੇ ਜਾਂ ਆਪਣੇ ਲੋਕਾਂ ਤੋਂ ਲੁਕੋ ਕੇ ਪਰਦੇ ਅੰਦਰ ਕਾਰਜ (ਨੀਤੀਆਂ ਬਣਾਉਣਾ ਆਦਿ) ਕਰਨ ਵਾਲੇ ਵੀ ਨਹੀਂ ਹੋਣੇ ਚਾਹੀਦੇ, ਸਗੋਂ ਲੋਕਾਂ ਨੂੰ ਉਨ੍ਹਾਂ ਉੱਤੇ ਭਰੋਸਾ ਹੋਵੇ ਕਿ ਉਹ ਜੋ ਕਹਿਣ, ਉਸ ’ਤੇ ਪੂਰੇ ਵੀ ਉੱਤਰਨ। ਜਦੋਂ ਅਜਿਹਾ ਨਹੀਂ ਹੁੰਦਾ ਤਾਂ ਲੋਕਾਂ ਦਾ ਅਜਿਹੇ ਨੇਤਾਵਾਂ ਤੋਂ ਵਿਸ਼ਵਾਸ ਉੱਠ ਜਾਂਦਾ ਹੈ। ਉਹ ਪ੍ਰੰਪਰਾਵਾਂ ਤਬਾਹ ਹੋ ਜਾਂਦੀਆਂ ਹਨ, ਜਿਨ੍ਹਾਂ ’ਤੇ ਲੋਕਾਂ ਦਾ ਭਰੋਸਾ ਬਣਿਆ ਹੁੰਦਾ ਹੈ। ਅਜਿਹੇ ਸਮੇਂ ਫੈਲੀ ਅਫਰਾ-ਤਫਰੀ ਗ੍ਰਹਿ ਯੁੱਧ ਵਿੱਚ ਬਦਲਦੀ ਵੀ ਇਤਿਹਾਸ ਨੇ ਬਹੁਤ ਥਾਵੀਂ ਦੇਖੀ ਹੈ। ‘ਸੋਸ਼ਲ ਡੈਮੋਕ੍ਰੇਸੀ’ ਵਰਗੇ ਝੂਠੇ ਲਾਰਿਆਂ ਹੇਠ ਜਿੱਤ ਪ੍ਰਾਪਤ ਕਰ ਲੈਣ ਤੋਂ ਬਾਅਦ ਅਜਿਹੇ ਸਿਸਟਮ ਨੂੰ ਲੋਕਾਂ ਨੇ ਨਾਜ਼ੀਵਾਦ/ਫਾਸ਼ੀਵਾਦ ਵਿੱਚ ਬਦਲਦਿਆਂ ਵੀ ਇਤਿਹਾਸ ਅੰਦਰ ਦਰਜ ਹੋਇਆ ਦੇਖਿਆ ਹੈ।
ਲੋਕਤੰਤਰ ਦਾ ਮੁੱਖ ਕਾਰਜ ਲੋਕਾਂ ਅੰਦਰ ਸਹਿਹੋਂਦ ਦੀ ਭਾਵਨਾ ਪੈਦਾ ਕਰਨੀ ਅਤੇ ਇੱਕ ਦੂਜੇ ਪ੍ਰਤੀ ਸਤਿਕਾਰ ਅਤੇ ਮਨੁੱਖੀ ਹਮਦਰਦੀਆਂ ਵਾਲਾ ਭਾਈਚਾਰਾ ਕਾਇਮ ਕਰਨਾ ਵੀ ਹੁੰਦਾ ਹੈ, ਜਿਸ ਭਾਈਚਾਰੇ ਅੰਦਰ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਪੱਖੋਂ ਕਿਸੇ ਦੇ ਪ੍ਰਤੀ ਵੀ ਪੱਖਪਾਤ ਜਾਂ ਨਫਰਤ ਦੀ ਕੋਈ ਜਗ੍ਹਾ ਨਹੀਂ ਹੋ ਸਕਦੀ। ਜੇ ਕੋਈ ਅਜਿਹਾ ਕਰਦਾ ਹੈ ਤਾਂ ਉਹ ਗੈਰ-ਲੋਕਤੰਤਰੀ ਹੀ ਹੋ ਸਕਦਾ ਹੈ, ਸਮਾਜ ਅੰਦਰ ਅਜਿਹੇ ਲੋਕਾਂ ਨੂੰ ਕਦੇ ਵੀ ਕਬੂਲ ਨਹੀਂ ਕੀਤਾ ਜਾ ਸਕਦਾ।
ਜਿੱਥੇ ਡਰ-ਭੈਅ, ਧੱਕਾ ਤੇ ਧੌਂਸ ਦਾ ਬੋਲਬਾਲਾ ਹੋਵੇ, ਉਸ ਨੂੰ ਲੋਕਰਾਜ ਕਹਿਣ ’ਤੇ ਸਵਾਲੀਆ ਨਿਸ਼ਾਨ ਤਾਂ ਲਗਦਾ ਹੀ ਹੈ, ਸਗੋਂ ਨਾਲ ਹੀ ਲੋਕਾਂ ਅੰਦਰ ਅਜਿਹੇ ਪ੍ਰਬੰਧ ਅਤੇ ਪ੍ਰਬੰਧ ਨੂੰ ਚਲਾ ਰਹੀ ਸਰਕਾਰ ਪ੍ਰਤੀ ਨਿਰਾਸ਼ਤਾ ਤੇ ਗੁੱਸਾ, ਦੋਵੇਂ ਪੈਦਾ ਹੁੰਦੇ ਹਨ। ਕਿਸੇ ਵੀ ਸਿਆਸੀ ਧਿਰ ਵੱਲੋਂ ਝੂਠੇ ਵਾਅਦਿਆਂ ਨਾਲ ਸਿਰਜੇ ਰਾਜਤੰਤਰ ਵੱਲੋਂ ਲੋਕਾਂ ਨੂੰ ਦਿੱਤੇ ਬਚਨਾਂ ’ਤੇ ਪੂਰੇ ਨਾ ਉੱਤਰਨਾ ਲੋਕਾਂ ਨਾਲ ਧੋਖਾ ਕਰਨ ਦੇ ਬਰਾਬਰ ਗਿਣਿਆ ਜਾਂਦਾ ਹੈ। ਇਸ ਨਾਲ ਕਿਸੇ ਰਾਜ ਦੀ ਸੰਸਾਰ ਅੰਦਰਲੇ ਦੂਜੇ ਰਾਜਾਂ ਅੰਦਰ ਵੀ ਗੈਰ-ਭਰੋਸੇਯੋਗਤਾ ਵਾਲੀ ਹਾਲਤ ਬਣ ਜਾਂਦੀ ਹੈ।
ਲੋਕਤੰਤਰੀ ਪਰੰਪਰਾਵਾਂ ਵਿਵਾਦ ਦੀ ਨਹੀਂ, ਸੰਵਾਦ ਦੀ ਹਾਮੀ ਭਰਦੀਆਂ ਹਨ। ਹਰ ਮਸਲਾ ਸੰਵਾਦ ਨਾਲ ਸੁਲਝਾਇਆ ਜਾ ਸਕਦਾ। ਵਿਵਾਦ ਨੂੰ ਹਵਾ ਦੇਣ ਵਾਲੇ ਏਕਾਅਧਿਕਾਰਵਾਦੀ ਪ੍ਰਬੰਧ/ਵਿਵਸਥਾ ਨੂੰ ਉਤਸ਼ਾਹਿਤ ਕਰਨ ਦੇ ਕੁਕਰਮ ਦਾ ਕਾਰਨ ਬਣ ਸਕਦੇ ਹਨ। ਅਜਿਹਾ ਕਦੇ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਨਾਲ ਲੋਕਾਂ ਦਾ ਲੋਕਤੰਤਰ ਵਿੱਚ ਬਣਿਆ ਵਿਸ਼ਵਾਸ ਤਿੜਕਣ ਲੱਗ ਜਾਂਦਾ ਹੈ। ਇਤਿਹਾਸ ਦੱਸਦਾ ਹੈ ਕਿ ਇਸਦੇ ਸਿੱਟੇ ਬਹੁਤ ਖਤਰਨਾਕ ਹੋ ਸਕਦੇ ਹਨ, ਜਿਨ੍ਹਾਂ ਤੋਂ ਬਚਣਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ।
ਬੌਣੀ ਸੋਚ ਵਾਲੇ ਸਿਆਸੀ ਆਗੂਆਂ ਦਾ ਵੀ ਇਹੀ ਦੁਖਾਂਤ ਹੁੰਦਾ ਹੈ ਕਿ ਉਹ ਬਰਾਬਰੀ ਦੇ ਅਰਥ ਸਮਝਦੇ ਹੋਏ ਵੀ ਨਹੀਂ ਸਮਝਦੇ। ਜਾਂ ਫਿਰ ਉਹ ਇਹ ਅਰਥ ਸਮਝਣ ਤੋਂ ਅਸਮਰਥ ਹੁੰਦੇ ਹਨ। ਕਿਸੇ ਵੱਲੋਂ ਵੀ ਗਰੀਬੀ ਹੰਢਾਉਣਾ ਕਦੇ ਵੀ ਕਿਸਮਤ ਜਾਂ ਮੁਕੱਦਰ ਨਹੀਂ ਹੁੰਦੇ, ਇਹ ਤਾਂ ਵੱਧ ਤੋ ਵੱਧ ਮੁਨਾਫਾ ਕਮਾਉਣ ਅਧਾਰਤ ਲੋਕਦੋਖੀ ਰਾਜ ਪ੍ਰਬੰਧ ਦੇ ਲੋਕ ਵਿਰੋਧੀ ਅਤੇ ਧਨਾਢ ਪੱਖੀ ਚਰਿੱਤ੍ਰ ਦਾ ਨਤੀਜਾ ਹੁੰਦਾ ਹੈ। ਗਰੀਬੀ ਹੰਢਾ ਚੁੱਕਿਆ ਮਨੁੱਖ ਕਦੇ ਵੀ ਆਪਣੇ ਪਿਛੋਕੜ ਅਤੇ ਹੰਢਾਈ ਹੋਈ ਪੀੜ ਨੂੰ ਭੁੱਲਦਾ ਨਹੀਂ ਹੁੰਦਾ। ਜਿਹੜਾ ਭੁੱਲ ਜਾਂਦਾ ਹੈ, ਉਹਦੇ ਵਿੱਚੋਂ ਇਨਸਾਨ ਹੋਣ ਦਾ ਬਹੁਤ ਕੁਝ ਕਿਰ ਗਿਆ ਹੁੰਦਾ ਹੈ। ਇਸ ਨਾਲ ਮਨੁੱਖਤਾ ਦੀ ਹਾਨੀ ਵੀ ਹੁੰਦੀ ਹੈ ਤੇ ਉਹ ਮਨੁੱਖ ਖੁਦ ਇਸ ਧਰਤੀ ’ਤੇ ਭਾਰ ਜਿਹਾ ਬਣ ਜਾਂਦਾ ਹੈ। ਸਮੇਂ ਦੀ ਸਲੇਟ ’ਤੇ ਇਹੋ ਪਲ ਦੁਖਦਾਈ ਕਹਾਉਂਦੇ ਹਨ। ਲੋਕ ਦੋਖੀ ਹਾਕਮਾਂ/ਹਕੂਮਤਾਂ ਵੱਲੋਂ ਦਿੱਤੇ ਦਰਦ ਨੂੰ ਆਮ ਲੋਕ ਕਦੇ ਵੀ ਭੁੱਲਦੇ ਨਹੀਂ ਸਗੋਂ ਸਦੀਆਂ ਤਕ ਚੇਤੇ ਰੱਖਦਿਆਂ ਲਾਹਨਤਾਂ ਪਾਉਂਦੇ ਹਨ। ਖਰੀਆਂ, ਲੋਕ ਪੱਖੀ ਸਿਆਸੀ ਧਿਰਾਂ ਲੋਕ ਚੇਤਨਾ ਨੂੰ ਸੁਚੇਤ ਕਰਨ ਦੇ ਜਤਨ ਕਰਦੀਆਂ ਹਨ ਕਿ ਮੁੜ ਅਜਿਹਾ ਕਦੇ ਵੀ ਨਾ ਵਾਪਰੇ।
ਆਦਿ ਕਾਲ ਤੋਂ ਹੀ ਮਨੁੱਖ ਆਪਣੇ ਜੀਣ-ਥੀਣ ਲਈ ਸੰਘਰਸ਼ਸ਼ੀਲ ਰਿਹਾ ਹੈ। ਕਿਸੇ ਮਨੁੱਖ ਦਾ ਲੋਕਤੰਤਰੀ ਹੋਣਾ ਵੀ ਉਸਦੇ ਪਾਲਣ ਪੋਸ਼ਣ ਅਤੇ ਉਸ ਦੀ ਸਿੱਖਿਆ ਨਾਲ ਸੰਬੰਧ ਰੱਖਦਾ ਹੈ। ਗਲਤ ਸਿੱਖਿਆ ਅਤੇ ਦਲਿੱਦਰੀ ਤੇ ਨਫਰਤੀ ਸੋਚ ਕਦੇ ਵੀ ਉੱਜਲਾ ਭਵਿੱਖ ਨਹੀਂ ਸਿਰਜ ਸਕਦੀ।
ਲੋਕਾਂ ਦੇ ਕਹੇ ਜਾਂਦੇ ਰਾਜ ਅੰਦਰ ਆਗੂ ਸੱਚੇ-ਸੁੱਚੇ ਹੋਣੇ ਚਾਹੀਦੇ ਹਨ। ਝੂਠ ਬੋਲਣ ਵਾਲਾ ਆਗੂ ਲੋਕਤੰਤਰੀ ਹੋ ਹੀ ਨਹੀਂ ਸਕਦਾ, ਕਿਉਂਕਿ ਲੋਕਾਂ ਨਾਲ ਉਨ੍ਹਾਂ ਨੇ ਸੱਚ ਬੋਲਣ ਦਾ ਵਾਅਦਾ ਕੀਤਾ ਹੁੰਦਾ ਹੈ। ਕਿਸੇ ਵੀ ਲੋਕਤੰਤਰੀ ਆਗੂ ਦਾ ਆਪਣੇ ਸਿਆਸੀ ਵਿਰੋਧੀਆਂ ਪ੍ਰਤੀ ਇਮਾਨਦਾਰ ਤੇ ਸਹਿਣਸ਼ੀਲ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਕਹੇ ਕੁਝ, ਕਰੇ ਕੁਝ ਹੋਰ ਵਾਲਾ ਤਾਂ ਪੰਜਾਬੀ ਦੀ ਕਹਾਵਤ ਵਾਂਗ ਬੇਈਮਾਨ, ਸ਼ੈਤਾਨ ਹੀ ਗਿਣਿਆ ਜਾਂਦਾ ਹੈ। ਬੇਈਮਾਨ ਬੰਦੇ ’ਤੇ ਦੁਨੀਆਂ ਵਿੱਚ ਕੌਣ ਭਰੋਸਾ ਕਰਦਾ ਹੈ? ਜੇ ਲੋਕਤੰਤਰ ਦੀ ਦੁਹਾਈ ਦੇਣ ਵਾਲੇ ਵੀ ਅਜਿਹਾ ਕਰਨ ਤਾਂ ਦੁਨੀਆਂ ਦੇ ਪੱਧਰ ’ਤੇ ਉਹ ਆਗੂ ਆਪਣੇ ਹੀ ਦੇਸ਼/ਆਪਣੇ ਲੋਕਾਂ ਦੀ ਹੇਠੀ ਦਾ ਕਾਰਨ ਬਣ ਜਾਂਦੇ ਹਨ। ਦੁਨੀਆਂ ਦੇ ਪੱਧਰ ’ਤੇ ਸਮਝੀ ਜਾਂਦੀ ਬਣੀ ਹੋਈ ਭੱਲ ਜਾਂ ਬੱਲੇ ਬੱਲੇ ਉਨ੍ਹਾਂ ਦਾ ਵਹਿਮ ਹੀ ਰਹਿ ਜਾਂਦਾ ਹੈ। ਇਤਿਹਾਸ ਦੀਆਂ ਘਟਨਾਵਾਂ ਬਾਰੇ ਪੜ੍ਹਦਿਆਂ ਅਜਿਹਾ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ।
ਲੋਕਤੰਤਰ ਅੰਦਰ ਬਹੁਗਿਣਤੀ ਤੇ ਘੱਟਗਿਣਤੀ ਦਾ ਬਰਾਬਰ ਦਾ ਰੁਤਬਾ ਤੇ ਸਨਮਾਨ ਹੁੰਦਾ ਹੈ। ਕਿਸੇ ਵੀ ਧਰਮ ਨਿਰਪੱਖ ਰਾਜ ਅੰਦਰ ਧਾਰਮਕ, ਰਾਜਸੀ, ਸਮਾਜਕ ਜਾਂ ਸੱਭਿਆਚਾਰਕ ਵਖਰੇਵਿਆਂ ਕਰਕੇ ਕਿਸੇ ਨਾਲ ਵਿਤਕਰਾ ਹੋਵੇ ਤਾਂ ਰਾਜ ਦਾ ਫਰਜ਼ ਬਣ ਜਾਂਦਾ ਹੈ ਪੀੜਤ ਦੇ ਨਾਲ ਖੜ੍ਹੇ ਹੋਣਾ ਅਤੇ ਉਸ ਨੂੰ ਇਨਸਾਫ ਦੇਣਾ/ਦੁਆਉਣਾ। ਦੁਨੀਆਂ ਅੰਦਰ ਲੋਕਤੰਤਰ ਨੂੰ ਖੋਰਾ ਉਦੋਂ ਹੀ ਲੱਗਿਆ ਜਦੋਂ ਹਕੂਮਤਾਂ ਵੱਲੋਂ ਕਿਸੇ ਤਰ੍ਹਾਂ ਦੀਆਂ ਕੋਝੀਆਂ ਗਰਜ਼ਾਂ ਦੀ ਪੂਰਤੀ ਹਿਤ ਲੋਕਤੰਤਰੀ ਪਰੰਪਰਾਵਾਂ ਨੂੰ ਨੁਕਸਾਨ ਪਹੁੰਚਾਇਆ ਗਿਆ।
ਕਿਸੇ ਵੀ ਰਾਜ ਦੀ ਸਿਆਸੀ ਜਾਂ ਸਮਾਜੀ ਬਣਤਰ ਨੂੰ ਦੁਨੀਆਂ ਦੇਖਦੀ ਹੈ। ਸਮਾਜਿਕ, ਆਰਥਿਕ ਤਰੱਕੀ ਤਾਂ ਤਾਨਾਸ਼ਾਹੀ ਵਾਲੇ ਰਾਜਾਂ ਵਿੱਚ ਵੀ ਨਹੀਂ ਰੁਕਦੀ, ਇਹ ਤਾਂ ਮਿਹਨਤਕਸ਼ ਲੋਕਾਂ ਦੇ ਖੂਨ-ਪਸੀਨੇ ਦਾ ਜਲੌਅ ਹੁੰਦਾ ਹੈ, ਉਹ ਖੁਸ਼ੀ ਨਾਲ ਕਰਨ ਜਾਂ ਧੱਕੇ ਨਾਲ ਕਰਵਾਇਆ ਜਾਵੇ। ਸਵਾਲ ਸਿਰਫ ਇਹ ਹੁੰਦਾ ਹੈ ਕਿ ਹੋਈ ਤਰੱਕੀ ਦਾ ਲਾਭ ਕਿਸ ਨੂੰ ਮਿਲਿਆ? ਹੋਏ ਵਿਕਾਸ ਨੇ ਕਿਨ੍ਹਾਂ ਲੋਕਾਂ ਦੇ ਚਿਹਰਿਆਂ ’ਤੇ ਹਾਸਾ ਜਾਂ ਰੌਣਕ ਲਿਆਂਦੀ? ਹੁਣ ਤਕ ਲੋਕਤੰਤਰ ਭਾਈਚਾਰਕ ਸਾਂਝ ਵਧਾਉਣ ਵਾਲਾ ਅਜਿਹਾ ਪ੍ਰਬੰਧ ਗਿਣਿਆ ਗਿਆ ਹੈ ਜਿੱਥੇ ਮਨੁੱਖੀ ਆਜ਼ਾਦੀਆਂ ਨੂੰ ਪਿਆਰਿਆ ਤੇ ਸਤਿਕਾਰਿਆ ਜਾਂਦਾ ਹੈ। ਇਸ ਪ੍ਰਬੰਧ ਦਾ ਮਕਸਦ ਲੋਕਾਂ ਨੂੰ ਇਨਸਾਨ ਬਣਨ ਅਤੇ ਇਨਸਾਨਾਂ ਨਾਲ ਆਪਣੇ ਵਰਗਾ ਵਿਹਾਰ ਕਰਨ ਦਾ ਸਬਕ ਪੜ੍ਹਾਇਆ ਜਾਂਦਾ ਹੈ। ਇਹ ਤਾਂ ਅਸੀਂ ਬਚਪਨ ਤੋਂ ਹੀ ਸੁਣਦੇ ਆਏ ਹਾਂ ਕਿ ਕੋਈ ਵੀ ਚੰਗਾ ਰਾਜਪ੍ਰਬੰਧ ਚਲਾਉਣ ਵਾਸਤੇ ਪਹਿਲੀ ਸ਼ਰਤ ਇਨਸਾਨਸਾਜ਼ੀ ਹੁੰਦੀ ਹੈ, ਇਸ ਤੋਂ ਬਿਨਾਂ ਰਾਜ ਨੂੰ ਚਲਾਉਣ ਵਾਲੇ ਡੋਲ ਜਾਂਦੇ ਹਨ ਤੇ ਅਸਲੋਂ ਹੀ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ੀ ਸਾਬਤ ਹੁੰਦੇ ਹਨ।
ਲੋਕਾਂ ਦੇ ਭਾਈਚਾਰੇ ਨੂੰ ਵੰਡਣ ਵਾਲੇ ਕਿਸੇ ਵੀ ਖੇਤਰ ਦੇ ਆਗੂਆਂ ਨੂੰ ਲੋਕਾਂ ਨੇ ਕਦੇ ਦਿਲੋਂ ਪ੍ਰਵਾਨ ਨਹੀਂ ਕੀਤਾ। ਇਤਿਹਾਸ ਨੇ ਸਦਾ ਹੀ ਉਨ੍ਹਾਂ ਨੂੰ ਖਲਨਾਇਕਾਂ ਅਤੇ ਨਫਰਤੀ ਸੌਦਾਗਰਾਂ ਦੇ ਰੂਪ ਵਿੱਚ ਚੇਤੇ ਰੱਖਿਆ ਹੈ। ਜਮਹੂਰੀ ਨਿਜ਼ਾਮ ਉਸੇ ਨੂੰ ਹੀ ਕਿਹਾ ਜਾ ਸਕਦਾ ਹੈ ਜੋ ਹਰ ਕਿਸੇ ਨੂੰ ਬੋਲਣ ਦੀ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਹੀ ਨਾ ਹੋਵੇ, ਉਸ ਦੀ ਰਾਖੀ ਵੀ ਕਰਦਾ ਹੋਵੇ। ਵਿਰੋਧੀ ਧਿਰ ਜਾਂ ਵਿਰੋਧੀ ਵਿਚਾਰਾਂ ਨੂੰ ਧੱਕੇ ਤੇ ਧੌਂਸ ਨਾ ਦਬਾਉਣਾ ਗੈਰ-ਲੋਕਤੰਤਰੀ ਹੁੰਦਾ ਹੈ। ਅਜਿਹੇ ਸਮੇਂ ਹਰ ਕਿਸੇ ਨੂੰ, ਖਾਸ ਤੌਰ ’ਤੇ ਬੁੱਧੀਜੀਵੀਆਂ ਤੇ ਦੂਰਦਰਸ਼ੀ ਸੋਚ ਵਾਲੇ ਲੋਕਾਂ (ਥਿੰਕ ਟੈਂਕ) ਨੂੰ ਲੋਕਤੰਤਰ ਲਈ ਖਤਰਾ ਪੈਦਾ ਹੋ ਜਾਣ ਸਮੇਂ ਲੋਕਾਂ ਦੇ ਸੰਗ-ਸਾਥ ਨਾਲ ਮੈਦਾਨ ਵਿੱਚ ਨਿੱਤਰਨਾ ਪੈਂਦਾ ਹੈ। ਇਹ ਵੀ ਯਾਦ ਰੱਖਿਆ ਜਾਣਾ ਚਾਹੀਦਾ ਹੈ ਕਿ ਲੋਕ ਰਾਜ ਦੀ ਰਾਖੀ ਵਾਸਤੇ ਮੱਥਿਆਂ ਵਿੱਚ ਗਿਆਨ ਦੇ ਜਗਦੇ ਦੀਵਿਆਂ ਵਾਲੇ ਲੋਕਾਂ ਨੇ ਚਾਨਣੀ ਸੋਚ ਲੈ ਕੇ ਹਮੇਸ਼ਾ ਹੀ ਆਪਣੀ ਆਵਾਜ਼ ਬੁਲੰਦ ਕੀਤੀ। ਇਤਿਹਾਸ ਅਜਿਹੇ ਲੋਕਾਂ ਨੂੰ ਸਦਾ ਹੀ ਸਮੇਂ ਦੇ ਸੂਰਮਿਆਂ ਵਜੋਂ ਚੇਤੇ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3895)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)