KeharSharif7“ਜੇ ਕੁਝ ਸਮੇਂ ਲਈ ਅਸੀਂ ਆਪਣੇ ਆਪ ਨੂੰ ਕੇਵਲ ਸਾਹਿਤਕ ਲਿਖਤਾਂ ਤੱਕ ਸੀਮਤ ਰੱਖੀਏ ਤਾਂ ਅਸੀਂ ਦੇਖਾਂਗੇ ਕਿ ...”
(15 ਮਈ 2017)

 

ਅੱਜ ਦਾ ਸਾਹਿਤ ਕੀ ਉਸ ਸਮਾਜ ਤੋਂ ਟੁੱਟ ਚੁੱਕਿਆ ਹੈ ਜਿਸ ਵਿਚ ਅਸੀਂ ਰਹਿ ਰਹੇ ਹਾਂ? ਇਸ ਸਵਾਲ ਦੇ ਸਾਹਮਣੇ ਕੁਝ ਲੇਖਕ ਦੁਬਿਧਾ ਅਤੇ ਸੰਕੋਚ ਦੇ ਮਾਰੇ ਚੁੱਪ ਕਰ ਜਾਂਦੇ ਹਨ। ਉਨ੍ਹਾਂ ਨੂੰ ਸਪਸ਼ਟ ਰੂਪ ਵਿਚ ਉਹ ਸਮਾਂ ਯਾਦ ਨਹੀਂ ਆਉਂਦਾ ਕਿ ਕਦੋਂ ਸਾਹਿਤ, ਸਮਾਜ ਨਾਲ ‘ਜੁੜਿਆਹੋਇਆ ਸੀ। ਕਦੋਂ ਤੇ ਅਚਾਨਕ ਤੂਫਾਨ ਆਇਆ ਕਿ ਸਵੇਰੇ ਉੱਠਦਿਆਂ ਹੀ ਦੇਖਿਆ ਕਿ ਸਮਾਜ ਨਾਲੋਂ ਟੁੱਟ ਕੇ ਵੱਖ ਹੋ ਗਿਆ ਹੈ। ਅਤੇ ਜਦੋਂ ਉਹ ਆਪਣੀਆਂ ਲਿਖਤਾਂ ਬਾਰੇ ਸੋਚਦਾ ਹੈ, ਉਨ੍ਹਾਂ ਕਹਾਣੀਆਂ ਤੇ ਕਵਿਤਾਵਾਂ ਬਾਰੇ ਜੋ ਉਸ ਨੇ ਸੰਸਾਰਕ ਪ੍ਰੇਸ਼ਾਨੀਆਂ ਤੋਂ ਬਚਕੇ ਇਕੱਲਿਆਂ ਕਮਰੇ ਵਿਚ ਬੈਠ ਮੁਸ਼ਕਿਲ ਨਾਲ ਛੁੱਟੀਆਂ ਦੇ ਸਮੇਂ ਵਿਚ ਲਿਖੀਆਂ ਸਨ ਤਾਂ ਹਾਲਤ ਹੋਰ ਵੀ ਅਸਹਿਣਯੋਗ ਹੋ ਜਾਂਦੀ ਹੈ। ਸਿਰਜਣਾਤਮਕ ਪਲਾਂ ਵਿਚ ਉਸਨੇ ਕਿਸ ਨਾਲ ‘ਜੁੜਨਅਤੇ ਕਿਸ ਨਾਲੋਂ ‘ਟੁੱਟਣਦੀ ਕੋਸ਼ਿਸ਼ ਕੀਤੀ ਸੀ, ਇਹ ਉਹਨੂੰ ਸਾਫ ਸਾਫ ਯਾਦ ਨਹੀਂ ਆਉਂਦਾ। ਜਦੋਂ ਇਸ ਬਾਰੇ ਸੰਗਦਿਆਂ ਦੁਬਿਧਾ ਭਰੇ ‘ਸਿਰਜਣਾਤਮਕ ਕਰਮਦੀ ਸਾਰਥਕਤਾ ਅਤੇ ਉਸ ਨੂੰ ਮਕਸਦ ਪੂਰਵਕ ਕਰਨ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਆਪਣੇ ਸ਼ਬਦ ਹੀ ਝੂਠੇ, ਕੁਝ ਨਕਲੀ, ਬਨਾਉਟੀ ਅਤੇ ਬੇਅਰਥੇ ਲੱਗਣ ਲੱਗ ਪੈਂਦੇ ਹਨ ਕਿਉਂਕਿ ਉਸਦੇ ਅੰਦਰ ਹੀ ਕਿਧਰੇ ਇਹ ਅਪਰਾਧ-ਬੋਧ ਕਿ ਜਿਸ ਸਾਰਥਕਤਾ ਅਤੇ ਸੁੰਦਰਤਾ ਦੀ ਗੱਲ ਉਹ ਇੰਨੇ ਮਾਣ ਨਾਲ ਕਰ ਰਿਹਾ ਹੈ ਉਸ ਨੂੰ ਅਜਿਹੇ ਸਮਾਜ ਵਿਚ ਕਿੰਨੇ ਪਾਠਕ ਗ੍ਰਹਿਣ ਕਰ ਸਕਦੇ ਹਨ, ਜਿੱਥੇ ਬਹੁਤੇ ਲੋਕ ਨਿਰ-ਅੱਖਰ ਅਤੇ ਅਨਪੜ੍ਹ ਹਨ। ਜਿੱਥੇ ਗਰੀਬ ਲੋਕਾਂ ਕੋਲ ਇੰਨੇ ਸਾਧਨ ਨਹੀਂ ਹਨ ਕਿ ਉਹ ਕਿਤਾਬਾਂ ਖਰੀਦਕੇ ਪੜ੍ਹ ਸਕਣ। ਨਾਲ ਹੀ ਖਾਂਦੇ-ਪੀਂਦੇ ਲੋਕਾਂ ਕੋਲ ਇੰਨਾ ਵਿਹਲ ਅਤੇ ਧੀਰਜ ਨਹੀਂ ਕਿ ਉਹ ਟੈਲੀਵੀਜ਼ਨ ਦੇ ਸੀਰੀਅਲ ਅਤੇ ਅੰਗਰੇਜ਼ੀ ਕਿਤਾਬਾਂ ਤੋਂ ਸਮਾਂ ਕੱਢਕੇ ਹਿੰਦੀ (ਇਹ ਪੰਜਾਬੀ ’ਤੇ ਵੀ ਲਾਗੂ ਹੁੰਦਾ ਹੈ- ਅਨੁ:) ਕਿਤਾਬਾਂ ਪੜ੍ਹਨ ਦੀ ਭਾਵਨਾਪੂਰਨ ਜ਼ਰੂਰਤ ਮਹਿਸੂਸ ਕਰ ਸਕਣ।

ਕੀ ਇਸ ਨਾਲ ਇਹ ਸਾਬਤ ਹੋ ਜਾਂਦਾ ਹੈ ਜਿਵੇਂ ਕੁਝ ਲੋਕ ਸੱਚਮੁੱਚ ਸੋਚਦੇ ਹਨ ਕਿ ਅੱਜ ਦੇ ਸਮੇਂ ਸਮਾਜ ਵਿਚ ਸਾਹਿਤਕ ਰਚਨਾ ‘ਹਾਸ਼ੀਏ ਦੀ ਚੀਜ਼ਬਣਕੇ ਰਹਿ ਗਈ ਹੈ, ਜਿਸ ਦਾ ਸਾਡੇ ਸਮਾਜ ਵਿਚ ਵਰਤਮਾਨ ਦੇ ਅਸਹਿ ਦਬਾਵਾਂ ਅਤੇ ਸਰੋਕਾਰਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਅਸੀਂ ਜਦੋਂ ਵੀ ਕੋਈ ਨਾਵਲ ਜਾਂ ਕਵਿਤਾਵਾਂ ਪੜ੍ਹਦੇ ਹਾਂ - ਕਦੀ ਕਦੀ ਖੂਬਸੂਰਤ ਰਚਨਾ ਪੜ੍ਹਕੇ ਉਤੇਜਿਤ/ਭਾਵੁਕ ਵੀ ਹੁੰਦੇ ਹਾਂ ਪ੍ਰੰਤੂ ਅਕਸਰ ਅਜਿਹਾ ਲਗਦਾ ਹੈ ਕਿ ਜਿਸ ਹਕੀਕਤ ਨੂੰ ਅਸੀਂ ਆਪਣੇ ਅਨੁਭਵੀ ਸੰਸਾਰ ਦੇ ਅਨੇਕ ਪੱਖਾਂ ਅਤੇ ਵੱਖੋ ਵੱਖ ਰੂਪਾਂ ਵਿਚ ਝੱਲਦੇ ਹਾਂ, ਜੋ ਸਾਨੂੰ ਦਿਨ ਦੀ ਰੋਜ਼ਾਨਾ ਦੁਨੀਆਂ ਅਤੇ ਰਾਤ ਦੀ ਨੀਂਦ ਵਿਚ ਬੇਚੈਨ ਅਤੇ ਪੀੜਤ ਕਰਦਾ ਹੈ, ਗੂੰਗੇ, ਭਾਵ-ਰਹਿਤ ਜਗਤ ਦੀ ਵਿਸ਼ਾਲ ਅਣਜਾਣਤਾ, ਦ੍ਰਿਸ਼ਲੀਲਾ ਅਤੇ ਅਮੂਰਤ ਯਥਾਰਥਕਤਾ ਦਾ ਬਹੁਤ ਛੋਟਾ ਜਿਹਾ ਹਿੱਸਾ ਹੀ ਸਾਡੇ ਲਈ ਆਪਣੇ ਰਚਨਾ ਸੰਸਾਰ ਵਿਚ ਪੇਸ਼ ਕਰਦੇ ਹਨ ਅਤੇ ਉਹ ਹਿੱਸਾ ਵੀ ਸਾਨੂੰ ਉਸ “ਸੰਪੂਰਨਦੀ ਝਲਕ ਨਹੀਂ ਦਿਖਾਉਂਦਾ ਜੋ ਲਿਖੇ ਸ਼ਬਦਾਂ ਦੇ ਵਿਚਕਾਰ ਅਣਲਿਖੇ ਸੱਚ ਦਾ ਗਵਾਹ ਹੁੰਦਾ ਹੈ।

ਕੀ ਇਕ ਕਲਾ-ਕ੍ਰਿਤ ਆਪਣੇ ਸਮਾਜ ਅਤੇ ਸਮੇਂ ਦੇ ਅੰਦਰ ਅਣਗਿਣਤ ਅੰਤਰ-ਵਿਰੋਧਾਂ ਉਸਦੀਆਂ ਆਸ਼ਾਵਾਂ ਅਤੇ ਨਿਰਾਸ਼ਾ ਦੇ ਗਵਾਹ ਬਣਨ ਦਾ ਦਾਅਵਾ ਕਰਦੀਆਂ ਹਨ। ਇਹ ਸਬੱਬ ਨਹੀਂ ਹੈ “ਅਣਡਿੱਠੀ ਗਵਾਹੀ” ਵਾਲਾ ਸ਼ਬਦ ਉਸ ਹੀ ਧਾਤ ਤੋਂ ਉਪਜਿਆ ਹੈ ਜਿਸ ਤੋਂ ‘ਪ੍ਰਤੱਖ ਦਰਸ਼ੀਦੀ ਧੁਨੀ ਆਉਂਦੀ ਹੈ ਭਾਵ ਕਿਸੇ ਚੀਜ਼ ਜਾਂ ਸ਼ਕਤੀ ਦੇ ਰੂ-ਬ-ਰੂ ਹੋ ਕੇ ਦੇਖਣਾ, ਆਹਮੋ-ਸਾਹਮਣੇ ਹੋਣਾ। ਜਦੋਂ ਤੱਕ ਅਸੀਂ ਕਿਸੇ ਚੀਜ਼ ਨੂੰ ਦੇਖਦੇ ਨਹੀਂ ਉਦੋਂ ਤੱਕ ਸਾਨੂੰ ਉਸਦੀ ਗਵਾਹੀ ਦੇਣ ਦਾ ਨੈਤਿਕ ਅਧਿਕਾਰ ਪ੍ਰਾਪਤ ਨਹੀਂ ਹੁੰਦਾ। ਅਸੀਂ ਜਿੰਨਾ ਘੱਟ ਦੇਖਦੇ ਹਾਂ ਉਸ ਅਨੁਪਾਤ ਵਿਚ ਹੀ ਸਾਡੀ ਗਵਾਹੀ ਕਮਜ਼ੋਰ ਅਤੇ ਨਾ-ਮੰਨਣਯੋਗ ਬਣ ਜਾਂਦੀ ਹੈ। ਸਾਹਮਣਾ ਤਾਂ ਉਸ ਦਾ ਹੀ ਹੁੰਦਾ ਹੈ, ਜਿਸ ਕੋਲ ਨਜ਼ਰ ਹੁੰਦੀ ਹੈ। ਕੀ ਅੱਜ ਇਕ ਵੀ ਭਾਰਤੀ ਲੇਖਕ ਉਸ ਪਾਰਖੂ ਨਜ਼ਰ ਨਾਲ ਭਰਪੂਰ ਹੈ ਜੋ ਉਹਨੂੰ, ਉਸਦਾ ਗਵਾਹ ਬਣਨ ਦਾ ਪਾਤਰ ਅਤੇ ਸਾਹਮਣਾ ਕਰਨ ਦੇ ਯੋਗ ਬਣਾਉਂਦੀ ਹੋਵੇ? ਜਦੋਂ ਤੱਕ ਇਸ ਸਵਾਲ ਦਾ ਜਵਾਬ ਨਹੀਂ ਦਿੰਦੇ ਉਦੋਂ ਤੱਕ ਅਸੀਂ ਭਾਰਤੀ ਸਮਾਜ ਵਿਚ ਸਾਹਿਤ ਦੀ ਥਾਂ ਨਿਸਚਤ ਨਹੀਂ ਕਰ ਸਕਦੇ। ਨਾ ਹੀ ਅਸੀਂ ਸਾਹਿਤ ਅਤੇ ਸਮਾਜ ਦੇ ਵਿਚਕਾਰ ਦੀ ਨੇੜਤਾ ਅਤੇ ਦੂਰੀ ਨੂੰ ਜਾਣ ਸਕਦੇ ਹਾਂ।

ਜ਼ਰੂਰੀ ਨਹੀਂ ਕਿ ਜਿਹੜਾ ਵਿਅਕਤੀ ਦੇਖ ਰਿਹਾ ਹੈ, ਉਹ ਪਾਰਖੂ ਨਜ਼ਰ ਵਾਲਾ ਵੀ ਹੋਵੇ। ਉਹ ਵੇਖ ਕੇ ਵੀ ਅਣਡਿੱਠ ਕਰ ਸਕਦਾ ਹੈ ਜਾਂ ਉਹ ਹੀ ਵੇਖ ਸਕਦਾ ਹੈ ਜੋ ਸਾਹਮਣੇ ਹੋਵੇ, ਸਾਕਾਰ ਦ੍ਰਿਸ਼ ਹੋਵੇ ਬਾਕੀ ਸਭ ਕੁਝ ਉਸ ਦੀਆਂ ਨਜ਼ਰਾਂ ਦੇ ਘੇਰੇ ਵਿਚ ਨਾ ਆਉਂਦਾ ਹੋਵੇ। ਉਹ ਇਕ ਪਾਸੇ ਦੇਖਦਾ ਹੈ ਉਸ ਨੂੰ ਜੋ ਵਿਖਾਈ ਦਿੰਦਾ ਹੈ ਉਹ ਹੀ ਸੱਚ ਜਾਣ ਲੈਂਦਾ ਹੈ, ਦੂਸਰੇ ਪਾਸੇ ਵੇਖਦਾ ਹੈ ਤਾਂ ਦੂਸਰਾ ਸੱਚ ਵਿਖਾਈ ਦਿੰਦਾ ਹੈ। ਪਰ ਉਹ ਇਨ੍ਹਾਂ ਦੋ ਸਚਾਈਆਂ ਦੇ ਵਿਚਕਾਰ ਭਾਵ ਸੱਚ ਦੇ ਇਨ੍ਹਾਂ ਦੋ ਪਹਿਲੂਆਂ ਦੇ ਦਰਮਿਆਨ ਕੋਈ ਅਰਥਪੂਰਨ ਜੋੜ-ਮੇਲ ਨਹੀਂ ਬਿਠਾ ਸਕਦਾ। ਦੂਸਰੇ ਪਾਸੇ ਅਜਿਹੇ ਗਿਆਨਵਾਨ, ਮਹਾਤਮਾ ਵੀ ਹੁੰਦੇ ਹਨ ਜਿਨ੍ਹਾਂ ਨੂੰ ਡੂੰਘਾ ਗਿਆਨ ਪ੍ਰਾਪਤ ਹੁੰਦਾ ਹੈ, ਜੋ ਸਭ ਕੁਝ ਦੇਖ ਸਕਦੇ ਹਨ ਅੱਗੇ ਵੀ - ਪਿੱਛੇ ਵੀ। ਵਰਤਮਾਨ ਤੇ ਭੂਤਕਾਲ ਦਾ ਕੋਈ ਤੱਥ, ਕੋਈ ਘਟਨਾ, ਕੋਈ ਬਿਰਤਾਂਤ/ ਬਿਓਰਾ ਉਨ੍ਹਾਂ ਦੀਆਂ ਅੱਖਾਂ ਤੋਂ ਓਝਲ ਨਹੀਂ ਹੁੰਦਾ। ਮਹਾਂਭਾਰਤ ਦੇ ਸੰਜੇ ਅਜਿਹੇ ਵਿਅਕਤੀ ਸਨ। ਉਹ ਜੋ ਕੁਝ ਦੇਖ ਸਕਦੇ ਸਨ, ਨੇਤ੍ਰਹੀਣ ਧ੍ਰਿਤਰਾਸ਼ਟਰ ਅਤੇ ਅੱਖਾਂ ’ਤੇ ਪੱਟੀ ਬੰਨਣ੍ਹ ਵਾਲੀ ਗੰਧਾਰੀ ਨੂੰ ਰੀਪੋਰਟ ਕਰਦੇ ਸਨ। ਇਕ ਆਦਰਸ਼ਕ ਰੀਪੋਰਟਰ ਜੋ ਪੱਖਪਾਤ ਬਿਨਾਂ ਨਿਰਪੱਖ ਦ੍ਰਿਸ਼ਟੀ ਨਾਲ ਪਾਂਡਵਾਂ-ਕੌਰਵਾਂ ਦੇ ਦਰਮਿਆਨ ਵੈਰ-ਭਾਵ ਵਾਲੀ ਦੁਸ਼ਮਣੀ, ਨਫਰਤ, ਦਵੰਧ ਸਭ ਦੀ ਵਿਆਖਿਆ ਕਰਦੇ ਹਨ, ਕਿਸੇ ਨਾਲ ਵੀ ਪੱਖਪਾਤ ਨਹੀਂ ਕਰਦੇ। ਪਰ ਸਭ ਕੁਝ ਵੇਖਣ ਵਾਲਾ ਸੰਜੇ ਅਤੇ ਆਪਣੇ ਵਲੋਂ ਸੀਮਤ ਅਤੇ ਸੱਚ ਨੂੰ ਦੇਖਣ ਵਾਲੇ ਕੌਰਵ-ਪਾਂਡਵਾਂ ਦੇ ਵਿਚਕਾਰ ਇਕ ਹੋਰ ਅਜੀਬ ਵਿਅਕਤੀ ਹਨ - ਕ੍ਰਿਸ਼ਨ, ਜੋ ਸਭ ਕੁਝ ਦੇਖਣ ਦੀ ਸਮਰੱਥਾ ਰੱਖਦੇ ਹਨ। ਪਰ ਸੰਜੇ ਵਾਂਗ ਤਾਕਤਵਰ ਹੁੰਦੇ ਹੋਏ ਵੀ ਨਿਰਪੱਖ ਨਹੀਂ ਹਨ। ਕਿਉਂਕਿ ਉਨ੍ਹਾਂ ਦੀ ਨਜ਼ਰ ਯਥਾਰਥ ਨੂੰ ਕੇਵਲ ‘ਯਥਾਰਥਦੇ ਰੂਪ ਵਿਚ ਨਹੀਂ ਦੇਖਦੀ, ਹਰ ਹਕੀਕਤ ਨੂੰ ਸੱਚ ਦੇ ਰੂਪ ਵਿਚ ਢਾਲਦੀ ਹੈ। ਜੇ ਉਹ ਅਰਜਣ ਦੇ ਸੀਮਤ ਅਨੁਭਵ ਨੂੰ ਕਿਸੇ ਵਿਸ਼ਾਲ ਸੱਚ ਦੇ ਰੂਪ ਵਿੱਚ ਪ੍ਰਭਾਸ਼ਿਤ ਕਰਦੀ ਹੈ ਤਾਂ ਸੰਜੇ ਦੇ ਬਰਾਬਰ ਨਿਰਪੱਖ, ਕੋਰੇ, ਕੱਚੇ ਯਥਾਰਥ ਨੂੰ ਛੋਟੇ ਛੋਟੇ ਰੂਪ ਵਿੲਚ ਮਾਨਵੀ ਮੁੱਲਾਂ ’ਵਿੱਚ ਢਾਲਦੀ ਹੈ। ਉਹ ਨਾ ਸਿਰਫ ਰੀਪੋਰਟ ਹੈ, ਨਾ ਸਿਰਫ ਬਿਆਨਬਾਜ਼ੀ ਬਲਕਿ ਇਕ ਅਜਿਹਾ ਕਾਰਜ ਹੈ ਜਿਸ ਕਰਕੇ ਸੱਚ ਨਾਲ ਹੋਰ ਮੁੱਲਵਾਨ ਵਿਵੇਕ ਸ਼ਾਮਲ ਹੈ। ਕੀ ਇਕ ਲੇਖਕ ਵੀ ਆਪਣੇ ਸਿਰਜਣਾਤਮਕ ਪਲਾਂ ਵਿਚ ਇਹ ਹੀ ਨਹੀਂ ਕਰਦਾ? ਜੀਵਨ ਦੇ ਸੀਮਤ, ਅਧੂਰੇ, ਸਵਾਰਥਾਂ ਨਾਲ ਭਰਪੂਰ ਅਨੁਭਵਾਂ ਨੂੰ ਅਜਿਹੇ ਚੌਤਰਫੇ ਫੈਲੇ ਹੋਏ ਵਿਸ਼ਾਲ ਯਥਾਰਥ ਵਿਚ ਢਾਲਣਾ, ਜਿਸ ਵਿਚ ਅਸੀਂ ਜੀਊਣ ਦਾ ਹਾਬੜਪੁਣਾ ਅਤੇ ਘਟਨਾਵਾਂ ਦੇ ਬੱਦਲਾਂ ਨੂੰ ਅਣਦੇਖਾ ਕਰ ਦਿੰਦੇ ਹਾਂ। ਪਰ ਕਵਿਤਾ ਅਤੇ ਨਾਵਲ ਪੜ੍ਹਦੇ ਹੋਏ ਉਹ ਸਾਨੂੰ ਆਪਣੇ ਇਕੱਲੇ ਅਤੇ ਇਕਾਂਤ ਪਲਾਂ ਵਿਚ ਕਿਸੇ ਅਜੀਬ ਸੰਪੂਰਨਤਾ ਦਾ ਅਹਿਸਾਸ ਕਰਵਾ ਦਿੰਦੇ ਹਨ। ਬੋਧ ਨਾ ਵੀ ਸਹੀ ਫੇਰ ਵੀ ਉਸੇ ਦੀ ਕੋਈ ਉਡਦੀ ਹੋਈ ਝਲਕ ਮਿਲ ਜਾਂਦੀ ਹੈ। ਕੁਝ ਦੇਰ ਲਈ ਸਾਡੇ ਬਿੱਖਰੇ, ਉਲਝੇ ਹੋਏ ਅਨੁਭਵ ਜਿਹਾ ਸਬੰਧ ਅਤੇ ਅਰਥਪੂਰਨਤਾ ਪਾ ਲੈਂਦੇ ਹਨ, ਜਿਸ ਬਾਰੇ ਕਿਤਾਬ ਫੜਨ ਤੋਂ ਪਹਿਲਾਂ ਅਸੀਂ ਕਦੇ ਨਹੀਂ ਸੋਚਿਆ ਹੁੰਦਾ। ਥੋੜ੍ਹੇ ਸਮੇਂ ਵਾਸਤੇ ਅਸੀਂ ਗੰਧਾਰੀ ਦੀ ਪੱਟੀ ਅਤੇ ਧ੍ਰਿਤਰਾਸ਼ਟਰ ਦੀ ਨੇਤ੍ਰਹੀਣਤਾ ਤੋਂ ਮੁਕਤੀ ਪਾ ਲੈਂਦੇ ਹਾਂ ਅਤੇ ਅਸਲੀਅਤ ਦਾ ਇਹ ਵਿਸ਼ਾਲ ਰੂਪ ਦੇਖ ਲੈਂਦੇ ਹਾਂ ਜਿਸ ਰਾਹੀਂ ਸਾਨੂੰ ਆਪਣੀ ਬੇਚੈਨੀ, ਸ਼ੰਕਾ ਅਤੇ ਭਰਮ ਭੁਲੇਖਿਆਂ ਦਾ ਬਹੁਤ ਸਾਰਥਕ ਅਤੇ ਖੁੱਲ੍ਹੀ ਨਜ਼ਰ ਨਾਲ ਪੁਨਰ-ਵਿਚਾਰ ਕਰਨ ਦਾ ਮੌਕਾ ਮਿਲ ਜਾਂਦਾ ਹੈ।

ਇਹ ਮੌਕਾ ਮਹੱਤਵਪੂਰਨ ਹੈ ਕਿਉਂਕਿ ਇਸ ਤੋਂ ਬਿਨਾਂ ਨਾਂ ਤਾਂ ਸਮਾਜ ਦਾ ਕੋਈ ਵਿਅਕਤੀ ਸਾਹਿਤ ਦੀ ਦੁਨੀਆਂ ਵਿਚ ਦਾਖਲ ਹੋ ਸਕਦਾ ਹੈ ਨਾ ਸਾਹਿਤ ਕਿਸੇ ਅਰਥ ਭਰਪੂਰ ਤਰੀਕੇ ਨਾਲ ਸਮਾਜ ਦੇ ਦੁਨੀਆਦਾਰੀ ਵਾਲੇ ਕਾਇਆ ਕਲਪ ਵਿਚ ਦਖਲ ਦੇ ਸਕਦਾ ਹੈ। ਅਸੀਂ ਅਕਸਰ ਲੇਖਕ ਦੇ ਇਕਾਂਤ ਭਰੇ ਪਲਾਂ ਦੀ ਚਰਚਾ ਤਾਂ ਕਰਦੇ ਹਾਂ ਪਰ ਕਦੇ ਵੀ ਪਾਠਕ ਦੇ ਇਕਾਂਤ ਵਾਲੇ ਪਲਾਂ ਦੀ ਗੱਲ ਨਹੀਂ ਕਰਦੇ ਜਿਸ ਤੋਂ ਬਗੈਰ ਉਹ ਕਦੀ ਵੀ ਸਾਹਿਤਕ ਕ੍ਰਿਤ ਦੇ ਸਨਮੁੱਖ ਨਹੀਂ ਹੋ ਸਕਦਾ। ਜਦੋਂ ਅਸੀਂ ਬੱਸ ਵਿਚ ਬੈਠੇ ਜਾਂ ਟਰੇਨ ਦੀ ਉਡੀਕ ਕਰਦੇ ਹੋਏ ਕਿਸੇ ਵਿਅਕਤੀ ਨੂੰ ਕਿਤਾਬ ਪੜ੍ਹਦੇ ਦੇਖੀਏ ਤਾਂ ਅਜੀਬ ਜਿਹਾ ਅਨੁਭਵ ਹੁੰਦਾ ਹੈ। ਸਾਨੂੰ ਮਹਿਸੂਸ ਹੁੰਦਾ ਹੈ ਕਿ ਉਹ ਨੇੜੇ ਦੀ ਹਲਚਲ, ਰੌਲ਼ੇ ਅਤੇ ਦੌੜ-ਭੱਜ ਸਭ ਤੋਂ ਬੇਖ਼ਬਰ ਉਹ ਕਿਸੇ ਦੂਸਰੀ ਦੁਨੀਆਂ ਵਿਚ ਵਿਚਰ ਰਿਹਾ ਹੈ - ਜਿਸ ਦਾ ਉਸ ਦੀ ਮੌਜੂਦਾ ਦੁਨੀਆਂ ਨਾਲ ਕੋਈ ਸਬੰਧ ਨਹੀਂ। ਉਹ ਕੁਝ ਦੇਰ ਲਈ ਆਪਣੇ ਵਰਤਮਾਨ ਨੂੰ ਭੁੱਲ ਜਾਂਦਾ ਹੈ। ਪੜ੍ਹਨਾ ਇਕ ਕਿਸਮ ਦਾ ਸਮੇਂ ਨੂੰ ਭੁੱਲਣਾ ਹੈ। ਜਿਵੇਂ ਲਿਖਣਾ ਅਜਿਹੇ ਸਪੇਸ ਦੀ ਰਚਨਾ ਕਰਨਾ ਹੈ ਜਿਸ ਵਿਚ ਕਿਤਾਬ ਦਾ ਸਮਾਂ ਸੁਚਾਰੂ ਹੋ ਜਾਵੇ। ਉਸ ਸਮਾਜ ਵਿਚ ਹੀ ਸਾਹਿਤ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ ਜਿੱਥੇ ਪੜ੍ਹਨ ਦੇ ਸਮੇਂ ਨੂੰ ਲਗਾਤਾਰ ਬਿਨਾਂ ਰੋਕ ਟੋਕ ਵਾਲੇ ਪਾਸਿਉਂ ਰਚਨਾ ਦੇ ਸਪੇਸ ਅੰਦਰ ਵਿਚਰਨ ਦਾ ਮੌਕਾ ਮਿਲਦਾ ਰਹੇ। ਉਨ੍ਹਾਂ ਸਮਾਜੀ ਹਾਲਤਾਂ ਅੰਦਰ ਜਿੱਥੇ ਇਹ ਸੰਭਵ ਨਹੀਂ ਹੁੰਦਾ, ਉੱਥੇ ਪਾਠਕ ਜੇ ਕਿਤਾਬ ਖਰੀਦਣ ਦੇ ਸਮਰੱਥ ਵੀ ਹੋਵੇ ਅਤੇ ਹਰ ਵਿਅਕਤੀ ਪੜ੍ਹਿਆ-ਲਿਖਿਆ ਹੋਵੇ ਤਾਂ ਵੀ ਸਾਹਿਤ ਦਾ ਮਹੱਤਵ ਉਜਾਗਰ ਨਹੀਂ ਹੋ ਸਕੇਗਾ।

ਇਹ ਗੱਲ ਸਿੱਧੇ ਹੀ ਮੈਨੂੰ ਭਾਰਤੀ ਸਮਾਜ ਵੱਲ ਲੈ ਆਉਂਦੀ ਹੈ। ਅਕਸਰ ਇਹ ਸ਼ੱਕ ਜ਼ਾਹਿਰ ਕੀਤਾ ਜਾਂਦਾ ਹੈ ਕਿ ਇੱਕ ਅਜਿਹੇ ਸਮਾਜ ਅੰਦਰ ਜਿੱਥੇ ਬਹੁਗਿਣਤੀ ਨਿਰਅੱਖਰ ਅਤੇ ਅਨਪੜ੍ਹ ਹੋਵੇ ਉੱਥੇ ਲਿਖੇ ਹੋਏ ਸਾਹਿਤ ਦਾ ਬਹੁਤਾ ਮਹੱਤਵ ਨਹੀਂ। ਅਸੀਂ ਭੁੱਲ ਜਾਂਦੇ ਹਾਂ ਕਿ ਯੂਰਪ ਅਤੇ ਅਮਰੀਕਾ ਦੇ ਰੱਜੇ-ਪੁੱਜੇ ਅਤੇ ਪੜ੍ਹੇ-ਲਿਖੇ ਸਮਾਜਾਂ ਵਿਚ ਵੀ ‘ਰਚਨਾਤਮਕ ਸਾਹਿਤਨੂੰ ਪੜ੍ਹਨ ਵਾਲੇ ਪਾਠਕ ਵੀ ਬਹੁਤ ਘੱਟ ਹੁੰਦੇ ਹਨ। ਇਕ ਘੱਟ ਗਿਣਤੀ ਵਰਗ ਦੇ ਜਾਗ੍ਰਤਿ ਲੋਕ ਹੀ ਅਜਿਹੇ ਸਹਿਤ ਨੂੰ ਖਰੀਦਦੇ ਅਤੇ ਪੜ੍ਹਦੇ ਹਨ। ਕੀ ਸਿਰਫ ਇਸ ਕਰਕੇ ਇਨ੍ਹਾਂ ਦੇਸ਼ਾਂ ਦੇ ਲੇਖਕ ਭਾਰਤੀ ਲੇਖਕਾਂ ਵਾਂਗ ਹੀ ਆਪਣੇ ਸਮਾਜ ਨਾਲੋਂ ਟੁੱਟਿਆ ਹੋਇਆ ਨਹੀਂ ਸਮਝਦੇ? ਸ਼ਾਇਦ ਕੁਝ ਬਹੁਤਾ ਹੀ ਕਿਉਂਕਿ ਉੱਥੇ ਟੈਲੀਵੀਜ਼ਨ ਅਤੇ ਹੋਰ ਮਨੋਰੰਜਨ ਦੇ ਸਾਧਨਾਂ ਨੇ ਲੋਕਾਂ ਨੂੰ ਸੱਚਮੁੱਚ ਬਹੁਤ ਹੀ ਅਸੁਰੱਖਿਅਤ ਅਤੇ ਇਕੱਲੇਪਣ ਵੱਲ ਧੱਕ ਦਿੱਤਾ ਹੈ।

ਇਸ ਕਰਕੇ ਸਾਨੂੰ ਇਹ ਮੰਨ ਕੇ ਚੱਲਣਾ ਪਵੇਗਾ ਕਿ ਕਿਸੇ ਵੀ ਸਮੇਂ ਅਤੇ ਕਿਸੇ ਵੀ ਸਮਾਜ ਵਿਚ ਲੇਖਕ ਅਤੇ ਕਲਾਕ੍ਰਿਤਾਂ ਅਤੇ ਆਮ ਵਿਅਕਤੀ ਦੇ ਦਰਮਿਆਨ ਦੂਰੀ ਦਾ ਪਾੜਾ ਹਮੇਸ਼ਾ ਬਣਿਆ ਰਹਿੰਦਾ ਹੈ। ਇਸਦਾ ਸਿੱਧਾ ਜਿਹਾ ਕਾਰਨ ਇਹ ਹੈ ਕਿ ਕਿਸੇ ਕਵਿਤਾ, ਪੇਟਿੰਗ ਜਾਂ ਨਾਵਲ ਦਾ ਉਪਯੋਗ ਇਸ ਤਰ੍ਹਾਂ ਤੁਰੰਤ ਵਾਲੇ ਰੂਪ ਵਿਚ ਨਹੀਂ ਹੁੰਦਾ ਜਿਵੇਂ ਦੂਸਰੀਆਂ ਚੀਜ਼ਾਂ/ ਵਸਤਾਂ ਦਾ ਹੁੰਦਾ ਹੈ। ਕਲਾ-ਕ੍ਰਿਤ ਅਤੇ ਕਿਸੇ ਵਸਤ ਵਿਚ ਮੂਲ ਰੂਪ ਵਿਚ ਇਹ ਹੀ ਅੰਤਰ ਹੈ। ਕਲਾ ਦੀ ਆਪਣੀ ਆਜ਼ਾਦ ਹੋਂਦ ਹੈ ਜਦੋਂ ਕਿ ਚੀਜ਼ਾਂ/ਵਸਤਾਂ ਸਿਰਫ ਮਾਧਿਅਮ ਅਤੇ ਸਾਧਨ ਹਨ, ਕਲਾ ਕ੍ਰਿਤ ਵਾਂਗ ਆਪਣੇ ਆਪ ਵਿੱਚ ਮਾਧਿਅਮ ਨਹੀਂ। ਕਲਾ ਕ੍ਰਿਤ ਵਿਸ਼ੇਸ਼ ਲੋੜ ਦੀ ਪੂਰਤੀ ਵਾਸਤੇ ਨਹੀਂ ਹੁੰਦੀ। ਇਸ ਦ੍ਰਿਸ਼ਟੀ ਤੋਂ ਇਹ ਲਾਭ ਦੇਣ ਵਾਲੇ ਉਪਯੋਗ ਜਾਂ ਅਜਿਹੇ ਕਿਸੇ ਫੰਕਸ਼ਨ (ਕਾਰਜ) ਤੋਂ ਬਾਹਰ ਹੁੰਦੀ ਹੈ।

ਕੀ ਇਸ ਕਰਕੇ ਇਹ ਉਦੇਸ਼ਹੀਣ ਵੀ ਹੁੰਦੀ ਹੈ? ਇਸ ਸਵਾਲ ਦੇ ਜਾਵਬ ਉੱਤੇ ਬਹੁਤ ਕੁਝ ਨਿਰਭਰ ਕਰਦਾ ਹੈ ਕਿ ਅਸੀਂ ਆਮ ਲੋਕਾਂ ਦੇ ਸਮੂਹ/ਸਮਾਜ ਨਾਲ ਕਲਾ-ਕ੍ਰਿਤ ਤੇ ਸਮਾਜ ਦਾ ਰਿਸ਼ਤਾ ਕਿਵੇਂ ਜੋੜਦੇ ਹਾਂ। ਜੇ ਇਹ ਰਿਸ਼ਤਾ ਸਿਰਫ ਕਲਾ-ਕ੍ਰਿਤ ਦੀ ਸੁਤੰਤਰ ਹੋਂਦ ਨੂੰ ਸਵੀਕਾਰ ਕਰਨ ਤੋਂ ਉੱਕ ਜਾਂਦਾ ਹੈ ਤਾਂ ਸਮਾਜ ਅਪ੍ਰਸੰਗਿਕ ਹੋ ਜਾਂਦਾ ਹੈ ਅਤੇ ਜੋ ਕਲਾ-ਕ੍ਰਿਤ ਦਾ ਅਰਥ ਉਸਦੇ ਉਦੇਸ਼ ਤੋਂ ਉੱਕ ਜਾਂਦਾ ਹੈ ਤਾਂ ਖੁਦ ਕਲਾ ਦੇ ਅਦਭੁਤ ਸੰਸਾਰ ਦਾ ਮੁੱਲ ਅਰਥਹੀਣ ਹੋ ਜਾਂਦਾ ਹੈ। ਦੋਹਾਂ ਦੇ ਵਿਚਕਾਰ ਉਹ ਕਿਹੜੀ ਕੜੀ ਹੈ ਜੋ ਕਲਾ ਦੀ ਵਿਸ਼ੇਸ਼ ਸੱਤਾ ਨੂੰ ਸਮਾਜਿਕ ਅਤੇ ਸਮਾਨ ਅਨੁਭਵ ਵਿਚ ਢਾਲਦੀ ਹੈ।

ਉਹ ਕਿਸੇ ਕਲਾ-ਕ੍ਰਿਤ ਦੀ ਭਾਸ਼ਾ ਹੈ, ਅਜਿਹਾ ਮੈਂ ਸੋਚਦਾ ਹਾਂ। ਜੇ ਕੁਝ ਸਮੇਂ ਲਈ ਅਸੀਂ ਆਪਣੇ ਆਪ ਨੂੰ ਕੇਵਲ ਸਾਹਿਤਕ ਲਿਖਤਾਂ ਤੱਕ ਸੀਮਤ ਰੱਖੀਏ ਤਾਂ ਅਸੀਂ ਦੇਖਾਂਗੇ ਕਿ ਕੋਈ ਕਵਿਤਾ ਜਾਂ ਕਹਾਣੀ ਸ਼ਬਦਾਂ ਦੇ ਅਦਭੁੱਤ ਜੋੜ-ਮੇਲ ਨਾਲ ਆਪਣਾ ਨਿੱਜੀ ਸੰਸਾਰ ਜ਼ਰੂਰ ਸਿਰਜ ਲੈਂਦੀ ਹੈ। ਸ਼ਬਦ ਉਹ ਹੀ ਹੋਣਗੇ ਜਿਨ੍ਹਾਂ ਨੂੰ ਅਸੀਂ ਆਪਣੇ ਰੋਜ਼ਾਨਾ ਕਾਰ-ਵਿਹਾਰ ਵਿਚ ਵਰਤਦੇ ਹਾਂ, ਅਖਬਾਰ ਵਿਚ ਪੜ੍ਹਦੇ ਹਾਂ, ਰਾਜਨੀਤਕ ਨੇਤਾਵਾਂ ਦੇ ਭਾਸ਼ਣਾਂ ਵਿਚ ਸੁਣਦੇ ਹਾਂਇਕ ਕਵੀ ਆਪਣੀ ਰਚਨਾ ਵਾਸਤੇ ਕੋਈ ਨਵੇਂ ਸ਼ਬਦਾਂ ਦੀ ਕਾਢ ਨਹੀਂ ਕੱਢਦਾ। ਹਰ ਸ਼ਬਦ ਦੀ ਆਪਣੀ ਮਹੱਤਤਾ ਹੈ ਅਤੇ ਇਸ ਮਹੱਤਵ ਨੂੰ ਸਮਾਜ ਦੇ ਸਾਰੇ ਲੋਕ ਆਪਸ ਵਿਚ ਸਾਂਝਾ ਕਰਦੇ ਹਨ। ਇਹ ਅਚਾਨਕ ਨਹੀਂ ਕਿ ਕਿਸੇ ਤਾਨਾਸ਼ਾਹੀ ਵਿਵਸਥਾ ਵਿਚ ਜਾਤੀ ਮਹੱਤਵ ਨੂੰ ਬਰਬਾਦ ਕਰਨ ਵਾਸਤੇ ਉਸ ਨੂੰ ਬਿਆਨ ਕਰਨ ਵਾਲੇ ਸ਼ਬਦਾਂ ਨੂੰ ਸਭ ਤੋਂ ਵੱਧ ਬੇਰਹਿਮੀ ਅਤੇ ਸਨਕੀਪਣ ਨਾਲ ਭ੍ਰਿਸ਼ਟ ਕੀਤਾ ਜਾਂਦਾ ਹੈ।

ਇਕ ਲੇਖਕ ਦਾ ਰਚਨਾਕ੍ਰਮ ਸਮਾਜ ਦੇ ਲਈ ਨਹੀਂ ਹੁੰਦਾ ਪਰ ਉਸਦੀ ਕ੍ਰਿਤ ਜਿਸ ਭਾਸ਼ਾ ਵਿਚ ਆਪਣੀ ਸੱਤਾ ਪੇਸ਼ ਕਰਦੀ ਹੈ ਉਸਦੇ ਸ਼ਬਦ ਅਤੇ ਸੰਕੇਤ, ਯਾਦਾਂ ਅਤੇ ਸੰਸਕਾਰ, ਕਵਿਤਾ ਅਤੇ ਨਾਵਲ ਨੂੰ ਲੈ ਕੇ ਇਕ ਲੇਖਕ ਦੀ ‘ਵਿਅਕਤੀਗਤ ਸੰਪਤੀਨਾ ਬਣਾ ਕੇ ਉਸ ਨੂੰ ਅਜਿਹੀ ਸੰਵਾਦ ਪ੍ਰਕਿਰਿਆ ਦਾ ਅੰਗ ਬਣਾ ਦਿੰਦੇ ਹਨ ਜੋ ਇਕ ਸਮਾਜ ਖੁਦ ਆਪਣੇ ਆਪ ਤੋਂ, ਆਪਣੇ ਅਤੀਤ ਅਤੇ ਆਪਣੇ ਵਰਤਮਾਨ ਤੋਂ ਕਰਦਾ ਹੈ। ਜਿਸ ਤਰ੍ਹਾਂ ਇਕ ਨਵੇਂ ਯਥਾਰਥ ਦੇ ਜਨਮ ਨਾਲ ਬਾਕੀ ਸਭ ਹਕੀਕਤਾਂ ਦਾ ਸਬੰਧ ਬਦਲ ਜਾਂਦਾ ਹੈ, ਉਸ ਤਰ੍ਹਾਂ ਹੀ ਕਿਸੇ ਕਲਾ-ਕ੍ਰਿਤ ਦੀ ਹੋਂਦ ਉਨ੍ਹਾਂ ਸਭ ਸੰਦਰਭਾਂ ਨੂੰ ਇਕ ਨਵਾਂ ਅਣਕਿਆਸਿਆ ਆਯਾਮ (ਚੌਖਟਾ) ਪ੍ਰਦਾਨ ਕਰਦੀ ਹੈ, ਜੋ ਸਮਾਜ ਅੱਜ ਤੱਕ ਆਪਣੇ ਬਾਰੇ ਵਿੱਚ ਬਣਾਉਂਦਾ ਆਇਆ ਹੈ। ਸ਼ਬਦ ਉੱਥੇ ਹੀ ਰਹਿੰਦੇ ਹਨ ਪਰ ਉਨ੍ਹਾਂ ਰਾਹੀ ਕੋਈ ਵਿਆਸ, ਕੋਈ ਹੋਮਰ, ਕੋਈ ਤੁਲਸੀਦਾਸ ਆਪਣੀਆਂ ਰਚਨਾਵਾਂ ਵਿਚ ਜਿਸ ‘ਸੱਚਨੂੰ ਸੰਚਾਰਿਤ ਕਰਦੇ ਹਨ ਕਰਦੇ ਹਨ, ਉਹ ਉਸ ਸਮਾਜ ਨੂੰ ਉਨ੍ਹਾਂ ਰਚਨਾਵਾਂ ਤੋਂ ਬਾਹਰ ਕਿਧਰੇ ਲੱਭਦਾ ਹੀ ਨਹੀਂ।

ਇਸ ਕਰਕੇ ਅਸਲੀ ਸਵਾਲ ਇਹ ਨਹੀਂ ਹੈ ਕਿ ਰਚਨਾਤਮਕ ਸਾਹਿਤ ਨੂੰ ਕਿੰਨੇ ਲੋਕ ਪੜ੍ਹਦੇ ਹਨ ਸਗੋਂ ਸਮਾਜ ਵਿਚ ਉਸਦੀ ਭੂਮਿਕਾ ਕਿੰਨੀ ਮਹੱਤਵਪੂਰਨ ਹੈ। ਬਲਕਿ ਇਹ ਕਿ ਰਚਨਾ ਆਪਣੀ ਭਾਸ਼ਾ ਦੇ ਉਸ ਸੰਵਾਦ ਵਿਚ ਕੋਈ ਦਖਲ ਦੇ ਸਕਦੀ ਹੈ ਜੋ ਇਕ ਸਮਾਜ ਆਪਣੀ ਭਾਸ਼ਾ ਵਿਚ ਅੱਜ ਤੱਕ ਆਪਣੇ ਲੋਕਾਂ ਦੇ ਵਿਚਕਾਰ ਕਰਦਾ ਆਇਆ ਹੈ? ਜੇ ਇਹ ਸੰਵਾਦ ਕਿਸੇ ਮਿੱਥ ਜਾਂ ਭਰਮ ਭਰਪੂਰ ਮਾਨਤਾਵਾਂ ਨਾਲ ਅਨੁਸਾਸ਼ਨਬੱਧ ਹੁੰਦਾ ਹੈ, ਅਤੇ ਇਸ ਅਧਾਰ ’ਤੇ ਹੀ ਮਨੁੱਖ ਨੂੰ ਆਪਣੇ ਅੰਦਰ ਗੈਰ-ਹਕੀਕੀ ਰੂਪ ਘੜਨ ਵਾਸਤੇ ਮਜਬੂਰ ਕਰਦਾ ਹੈ ਤਾਂ ਕੀ ਇਕ ਕਲਾ ਕ੍ਰਿਤ ਆਪਣੇ ਹੋਣ ਕਰਕੇ ਉਸ ਦੇ ਅਕਸ ਦਾ ਅਸਲੀ ‘ਸੱਚਅਤੇ ਯਥਾਰਥ ਉਘਾੜਨ ਵਿਚ ਸਮਰੱਥ ਹੁੰਦੀ ਹੈ, ਜਿਸ ਦੇ ਸਿੱਟੇ ਵਜੋਂ ਸੰਵਾਦ ਦੀ ਸਮੁੱਚੀ ਤੋਰ ਅਤੇ ਦਿਸ਼ਾ ਅਚਾਨਕ ਇਕ ਨਵਾਂ ਮੋੜ ਲੈ ਲੈਂਦੀ ਹੈ? ਜਿੱਥੇ ਕਿਧਰੇ ਸਮਾਜ ਇਸ ‘ਮੋੜਲਈ ਤਿਆਰ ਨਹੀਂ ਅਤੇ ਸੰਪੂਰਨ ਪੱਖੋਂ ਇਸ ਨੂੰ ਠੁਕਰਾ ਦਿੰਦਾ ਹੈ ਤਾਂ ਵੀ ਕਿਸੇ ਕਲਾ ਕ੍ਰਿਤ ਦਾ ਸੱਚ ਅਪ੍ਰਸੰਗਿਕ ਨਹੀਂ ਹੋ ਜਾਂਦਾ। ਉਹ ਉਸਦੀ ਅੰਤਰ-ਆਤਮਾ ਨੂੰ ਝੰਜੋੜਦਾ ਅਤੇ ਬੇਚੈਨ ਕਰਦਾ ਰਹਿੰਦਾ ਹੈ। ਜਦ ਤੱਕ ਸਮਾਜ ਖੁਦ ਆਪਣੀ ਭਾਸ਼ਾ ਨੂੰ ਨਸ਼ਟ ਨਹੀਂ ਕਰ ਲੈਂਦਾ। ਕਲਾਕ੍ਰਿਤ ਆਪਣੇ ਆਪ ਨੂੰ ਸਦੀਆਂ ਤੱਕ ਪ੍ਰਦਰਸ਼ਿਤ ਕਰਦੀ ਰਹਿੰਦੀ ਹੈ। ਇਸ ਨਾਲ ਅਸੀਂ ਅਜੀਬ ਜਿਹੇ ਸਿੱਟੇ ’ਤੇ ਪਹੁੰਚਦੇ ਹਾਂ ਕਿ ਉਹ ਹੀ ਰਚਨਾ ‘ਸਦੀਵੀ’ (ਕਾਲ ਰਹਿਤ) ਹੈ ਜਿਸ ਨੂੰ ਕੋਈ ਸਮਾਜ ਪੂਰਨ ਰੂਪ ਵਿਚ ਨਾ ਅਪਣਾਵੇ, ਜਜ਼ਬ ਨਾ ਕਰ ਲਵੇ, ਆਪਣੀ ਸਮ੍ਰਿਤੀ ਦਾ ਅੰਗ ਨਾ ਬਣਾਵੇ। ਉਹ ਰਚਨਾ/ਕਲਾ ਕ੍ਰਿਤ ਮਹੱਤਵਪੂਰਨ ਨਹੀਂ ਹੁੰਦੀ ਜਿਸ ਨੂੰ ਸਮਾਜ ਤੁਰੰਤ ਸਵੀਕਾਰ ਕਰ ਲੈਂਦਾ ਹੈ, ਉਸ ਨੂੰ ਪੂਰੀ ਤਰ੍ਹਾਂ ਨਾਲ ਹੰਢਾਅ ਲੈਂਦਾ ਹੈ। ਉਸ ਨੂੰ ਹੋਰ ਉਪਭੋਗੀ ਵਸਤੂਆਂ ਵਾਂਗ ਆਪਣੀ ਤਸੱਲੀ ਦਾ ਸਾਧਨ ਬਣਾ ਲੈਂਦਾ ਹੈ। ਇਸ ਸਾਲ ਦੇ ‘ਬੈਸਟ ਸੈਲਰਦੂਜੇ ਸਾਲ ਕਿਸੇ ਨੂੰ ਯਾਦ ਵੀ ਨਹੀਂ ਰਹਿੰਦੇ, ਜਦੋਂ ਕਿ ‘ਦੁਰਲੱਭਅਤੇ ਔਖੀਆਂ (ਜਲਦੀ ਵਿਚ ਨਾ ਸਮਝ ਆਉਣ ਵਾਲੀਆਂ) ਸਮਝੀਆਂ ਜਾਣ ਵਾਲੀਆਂ ਕਿਤਾਬਾਂ ਵੀ ਹਰ ਨਵੀਂ ਪੀੜ੍ਹੀ ਵਿਚ ਆਪਣੇ ਨਵੇਂ ਪਾਠਕ ਲੱਭ ਲੈਂਦੀਆਂ ਹਨ।

ਇਕ ਮਹਾਨ ਰਚਨਾ ‘ਲਾਲਸਾਹੈ, ਜੋ ਬਚੀ ਰਹਿੰਦੀ ਹੈ ਜੋ ਕਦੇ ਸੰਤੁਸ਼ਟ ਨਹੀਂ ਹੁੰਦੀ। ਉਹ ਮੀਡੀਆ ਦਾ ਕੋਈ ਲੋਭ ਭਰਿਆ ਚਮਕਾਰਾ ਨਹੀਂ ਜਿਸ ਨੂੰ ਇਕ ਵਾਰ ਟੀ ਵੀ ’ਤੇ ਵੇਖ ਕੇ ਜਾਂ ਕਿਸੇ ‘ਕੰਸਰਟਵਿਚ ਸੁਣ ਕੇ ਅਸੀਂ ਛੁਟਕਾਰਾ ਪਾ ਲੈਂਦੇ ਹਾਂ। ਕੀ ਅਸੀਂ ਗੀਤਾ ਵਿੱਚੋਂ ਕ੍ਰਿਸ਼ਨ ਦੇ ਸੁਪਨੇ ਜਾਂ ਫੇਰ ਨਾਵਲਾਂ ਵਿੱਚੋਂ ਕਾਫਕਾ ਅਤੇ ਦਾਸਤੋਵਸਕੀ ਦੇ ਦੁਖਾਂਤਕ ਸੁਪਨਿਆਂ/ਸਥਿਤੀਆਂ ਨੂੰ ਆਪਣੀਆਂ ਯਾਦਾਂ ਵਿਚ ਸਾਂਭਦੇ ਹਾਂ? ਨਹੀਂ ਸਾਂਭ ਸਕਦੇ। ਇਸ ਕਰਕੇ ਹਰ ਪੀੜ੍ਹੀ ਦਾ ਪਾਠਕ ਵਾਰ ਵਾਰ ਉਨ੍ਹਾਂ ਵੱਲ ਮੁੜਦਾ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਸਾਹਿਤ ਤੇ ਸਮਾਜ ਅੰਦਰ ਵਖਰੇਵਾਂ, ਦੂਰੀ ਅਤੇ ਇਕ ਪਾੜਾ ਹਮੇਸ਼ਾ ਮੌਜੂਦ ਰਹਿੰਦਾ ਹੈ। ਇਸ ਦਰਮਿਆਨ ਵਾਲੇ ਹਨੇਰੇ ਖੱਪੇ ਨੂੰ ਜਿਸ ਦਿਨ ਅਸੀਂ ਜਾਣ ਲਵਾਂਗੇ ਜਾਂ ਭਰ ਲਵਾਂਗੇ, ਉਸ ਦਿਨ ਸਾਹਿਤ ਸਮਾਪਤ ਹੋ ਜਾਵੇਗਾ ਅਤੇ ਲੇਖਕ ਆਪਣੀ ਕਲਮ ਪਰ੍ਹਾਂ ਸੁੱਟ ਕੇ ਕਿਸੇ ਦੂਸਰੇ ਪੇਸ਼ੇ ਦੀ ਭਾਲ ਵਿਚ ਨਿਕਲ ਪਵੇਗਾ।

*****

(702)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਕੇਹਰ ਸ਼ਰੀਫ਼

ਕੇਹਰ ਸ਼ਰੀਫ਼

Witten, Germany.
Phone: (49 - 17335 - 46050)

Email: (ksharif@arcor.de)

More articles from this author