KeharSharif7ਕੀ ਧਰਮਮੁਲਕਕੌਮ, ਇਹ ਸ਼ਬਦ ਮਨੁੱਖ ਤੋਂ ਵੀ ਉੱਪਰ ਹਨਇਨਸਾਨ ਤੋਂ ਉੱਤਮ ਇੱਥੇ ਕੁਝ ਵੀ ਨਹੀਂ ...
(10 ਜੁਲਾਈ 2017)

 

ਇੱਕੀਵੀਂ ਸਦੀ ਦੇ ਸ਼ੁਰੂ ਹੋਣ ਵੇਲੇ ਹਰ ਪਾਸੇ ਬਹੁਤ ਹੀ ਸ਼ੋਰ ਭਰਿਆ ਰੌਲ਼ਾ ਸੀ, ਉਤਸ਼ਾਹ ਪੂਰਵਕ ਰੌਲ਼ਾ। ਇਸ ਮੌਕੇ ’ਤੇ ਮਿਲੇਨੀਅਮ ਪਾਰਟੀਆਂ-ਮੇਲਿਆਂ ਅਤੇ ਢੋਲ-ਢਮੱਕਿਆਂ ਦੀ ਆਵਾਜ਼ ਉੱਚੀ ਕਰਨ ਦੇ ਬੇਲੋੜੇ ਪਰ ਬੇਥਾਹ ਜਤਨ ਕੀਤੇ ਗਏ ਸਨ, ਭਾਵੇਂ ਕਿ ਇਨ੍ਹਾਂ ਦੀ ਬਹੁਤ ਲੋੜ ਨਹੀਂ ਸੀ। ਭੁੱਖੇ ਅੱਗੇ ਸਵਾਲ ਪਾਇਆਂ ਜਵਾਬ ਰੋਟੀ ਹੀ ਹੋਣਾ ਹੁੰਦਾ ਹੈ। ਦੋ ਡੰਗ ਦੀ ਪੇਟ ਭਰ ਕੇ ਰੋਟੀ ਲਈ ਤਰਸਦੇ ਲੋਕਾਂ ਨੂੰ ਮਿਲੇਨੀਅਮ ਪਾਰਟੀਆਂ ਨਾਲ ਹੋਰ ਸ਼ਰਮਿੰਦਾ ਕਰਨ ਦੇ ਜਤਨ ਵੀ ਕੀਤੇ ਗਏ ਸਨਮੌਕਾ ਸ਼ੁਭ ਇਸ ਕਰਕੇ ਸੀ ਕਿ ਅਸੀਂ ਇੱਕੀਵੀ ਸਦੀ ਦੀ ਸ਼ੁਰੂਆਤ ਵੇਲੇ ਮੌਕੇ ਦੇ ਗਵਾਹ ਸਾਂ। ਇਹ ਮੌਕਾ ਸ਼ਾਇਦ ਹਰ ਇਨਸਾਨੀ ਪੀੜ੍ਹੀ ਦੇ ਹਿੱਸੇ ਨਹੀਂ ਆਉਂਦਾ

ਇਸ ਮੌਕੇ ਸਵਾਲ ਉੱਚੇ ਕੀਤੇ ਜਾਣੇ ਜ਼ਰੂਰੀ ਸਨ ਅਤੇ ਕੀਤੇ ਵੀ ਗਏ ਸਨ ਕਿ ਕੀ ਵੀਹਵੀਂ ਸਦੀ ਦੇ ਬੀਤਣ ਤੇ ਇੱਕੀਵੀਂ ਸਦੀ ਦੇ ਸ਼ੁਰੂ ਹੋਣ ਨਾਲ ਕੁਝ ਚੰਗਾ ਵੀ ਵਾਪਰੇਗਾ? ਸਾਡੀਆਂ ਭਵਿੱਖੀ ਸ਼ੁਭ ਇੱਛਾਵਾਂ ਨੂੰ ਬੂਰ ਪਵੇਗਾ? ਜਾਂ ਕੀ ਇਹ ਸ਼ੁਭ ਇੱਛਾਵਾਂ ਸ਼ੁਭ ਸ਼ਗਨਾਂ ਵਰਗੀਆਂ ਬਣਨਗੀਆਂ? ਕੀ ਅਸੀਂ ਇਸ ਯੋਗ ਵੀ ਹਾਂ ਕਿ ਸਦੀ ਦੀ ਪਹਿਲੀ ਤੋਰ ਨੂੰ ਸੋਧ ਕੇ ਚੰਗੇ ਪਾਸੇ ਵਲ ਮੋੜ ਦੇ ਸਕੀਏ? ਅੱਜ ਲੋੜਾਂ ਦੀ ਲੋੜ ਮਨੁੱਖੀ ਸੂਝ ਦੀ ਸੁਚੱਜੀ ਤੇ ਈਮਾਨਦਾਰ ਵਰਤੋਂ ਅਤੇ ਉਸ ਦੇ ਸਿੱਟਿਆਂ ਨੂੰ ਹਾਂ-ਪੱਖੀ ਮੋੜ ਦੇਣਾ ਹੈ। ਲੋੜ ਹੈ ਭਰੋਸੇ ਅਤੇ ਹੌਸਲੇ ਵਾਲੇ ਪਾਸੇ ਤੁਰਨ ਦੀ ਅਤੇ ਅੱਗੇ ਵਧਣ ਲਈ ਹੋਸ਼ਮੰਦ ਕਦਮਾਂ ਦੀ। ਗੰਭੀਰਤਾ ਇਸ ਵਾਸਤੇ ਲਾਜਮੀ ਸ਼ਰਤ ਹੈ। ਪਰ ਦੇਖਣਾ ਇਹ ਹੈ ਕਿ ਕਿੰਨੇ ਕੁ ਸਿਆਣੇ ਲੋਕ ਜੁੜਨਗੇ, ਜੋ ਅਜਿਹੇ ਜਤਨਾਂ ਵਾਸਤੇ ਗੰਭੀਰਤਾ ਭਰੀ ਦਿਲਚਸਪੀ ਨਾਲ ਜਤਨਸ਼ੀਲ ਹੋਣਗੇ ਅਪਣੇ ਆਪ ਜਾਂ ਸਿਰਫ ਚਾਹੁਣ ਨਾਲ ਤਾਂ ਕੁਝ ਵੀ ਨਹੀਂ ਬਦਲ ਸਕਦਾ। ਇਸ ਵਾਸਤੇ ਕਿਸੇ ਜ਼ਬਰਦਸਤ ਸੰਘਰਸ਼ਸ਼ੀਲ ਮਨੁੱਖਵਾਦੀ ਲਹਿਰ ਦੀ ਗੰਭੀਰ ਸੋਚ ਅਤੇ ਤਿੱਖੀ ਤੋਰ ਵਾਲੀ ਲਹਿਰ ਲੋੜੀਂਦੀ ਹੈ।

ਬੀਤ ਗਈ ਸਦੀ ਬਹੁਤ ਹੀ ਹਲਚਲ ਭਰਭੂਰ ਸੀ। ਚੰਗੀਆਂ ਮੰਦੀਆਂ ਬਹੁਤ ਸਾਰੀਆਂ ਘਟਨਾਵਾਂ ਇਤਿਹਾਸ ਦੇ ਸਫੇ ’ਤੇ ਤੇਜ਼ ਧੁੱਪ ਨਾਲ ਚਮਕਦੇ ਸੂਰਜ ਵਾਂਗ ਚਮਕੀਆਂ ਅਤੇ ਫੇਰ ਕਈ ਅਲੋਪ ਹੋ ਗਈਆਂ, ਪਰ ਉਹ ਸਦੀ ਦੇ ਇਤਿਹਾਸ ਨਾਲ ਜੁੜੀਆਂ ਰਹਿਣਗੀਆਂ। ਅਜਿਹੇ ਹਾਂ-ਪੱਖੀ ਤੇ ਨਾਂਹ-ਪੱਖੀ ਬੀਤ ਗਏ ਵਰਤਾਰੇ ਲੋਕਾਈ ਦੀ ਬਹਿਸ ਦਾ ਵਿਸ਼ਾ ਬਣਦੇ ਰਹੇ ਹਨ, ਅੱਗੇ ਵੀ ਬਣਦੇ ਰਹਿਣਗੇ।

ਉਂਜ ਵੀ ਭਵਿੱਖ ਨੂੰ ਰੋਸ਼ਨ ਕਰਨ ਵਾਸਤੇ ਇਤਿਹਾਸ ਨੂੰ ਦਲੀਲ ਭਰੀ ਤਰਕਸ਼ੀਲ ਜਾਂ ਕਹੀਏ ਕਿ ਹਾਂ-ਪੱਖੀ ਸੋਚ ਰਾਹੀਂ ਰਿੜਕਦੇ ਰਹਿਣਾ ਚਾਹੀਦਾ ਹੈ ਤਾਂ ਜੋ ਹੋ ਗਈਆਂ ਭੁੱਲਾਂ, ਰਹਿ ਗਈਆਂ ਘਾਟਾਂ ਤੋਂ ਸਬਕ ਸਿੱਖਿਆ ਜਾ ਸਕੇ। ਆਪਣੀਆਂ ਗਲਤੀਆਂ ਜਾਂ ਘਾਟਾਂ ਨੂੰ ਸੋਧ ਕੇ ਅੱਗੇ ਤੁਰਨ ਵਾਲੇ ਹਮੇਸ਼ਾ ਹੀ ਮੰਜ਼ਿਲਾਂ ’ਤੇ ਪਹੁੰਚਣ ਲਈ ਜਤਨਸ਼ੀਲ ਰਹਿੰਦੇ ਹਨ। ਜਤਨਸ਼ੀਲ ਰਹਿਣਾ ਸਿਰਜਣਾ ਵਾਸਤੇ ਲਾਜ਼ਮੀ ਸ਼ਰਤ ਹੁੰਦੀ ਹੈ। ਸਿਰਜਣਾਤਮਕ ਸ਼ਕਤੀ ਇਸ ਸੰਸਾਰ ਦੇ ਪਹੀਏ ਨੂੰ ਅੱਗੇ ਤੋਰਦੀ ਹੈ ਦੁਨੀਆਂ ਵਿਚ ਹਰ ਰੋਸ਼ਨ ਦਿਮਾਗ ਇਨਸਾਨ ਇਸ ਦਾ ਸਦਾ ਤੋਂ ਹੀ ਇਛੁੱਕ ਰਿਹਾ ਹੈ

ਬੀਤ ਗਈ ਸਦੀ ਹੀ ਸੀ ਜਦੋਂ ਬੇਕਸੂਰ ਮਨੁੱਖਾਂ ਦੀ ਤਬਾਹੀ ਵਾਸਤੇ ਦੋ ਸੰਸਾਰ ਜੰਗਾਂ ਤੇ ਹਜ਼ਾਰਾਂ ਹੀ ਹੋਰ ਛੋਟੀਆਂ ਜੰਗਾਂ (ਅਤੇ ਘਰੇਲੂ ਯੁੱਧਾਂ) ਰਾਹੀਂ ਮਨੁੱਖੀ ਮਾਨਸਿਕਤਾ ਨੂੰ ਵਾਰ ਵਾਰ ਜਖ਼ਮੀ ਕੀਤਾ ਗਿਆ। ਜਦੋਂ ਧਰਮਾਂ ਵਾਲਿਆਂ ਨੇ ਮਨੁੱਖੀ ਭਰੱਪਣ, ਇਨਸਾਨੀ ਦੋਸਤੀ ਅਤੇ ਮੁਹੱਬਤ ਦੇ ਅਰਥਾਂ ਨੂੰ ਕਤਲ ਕਰਨ ਵਾਲੇ ਜਿਹਾਦ ਛੇੜੇ। ਸਿਆਸੀ ਧੌਂਸ ਤੇ ਬਦਮਾਸ਼ੀ ਰਾਹੀਂ ਕਿਸੇ ਦਾ ਸਿਰ ਨੀਵਾਂ ਕਰਨ ਵਾਸਤੇ ਪਸ਼ੂਪੁਣੇ ਵਾਲੀ ਬਿਰਤੀ ਅਪਣਾਈ ਅਤੇ ਐਟਮ ਬੰਬ ਸੁੱਟ ਕੇ ਹੀਰੋਸ਼ੀਮਾ ਤੇ ਨਾਗਾਸਕੀ ਵਰਗੇ ਬਦਨੁਮਾ ਧੱਬੇ ਇਤਿਹਾਸ ਦੀ ਹਿੱਕ ’ਤੇ ਦਾਗ ਦਿੱਤੇ। ਜਦੋਂ ਵੱਖਰੇ ਧਰਮ/ਨਸਲ ਰਾਹੀਂ ਆਪਣੀ ਵੱਖਰੀ ਹੋਂਦ, ਪਹਿਚਾਣ ਤੇ ਅਕੀਦਾ ਰੱਖਣ ਵਾਲਿਆਂ ਨੂੰ ਸਿਆਸੀ ਹਵਸ ਨਾਲ ਭਰਪੂਰ ਸੰਸਾਰ ਜਿੱਤਣ ਦੇ ਫੁਕਰੇਪਣ ਵਾਲੇ ਸੁਪਨੇ ਸਿਰਜਣ ਵਾਲੇ ਨਾਜ਼ੀਵਾਦੀਆਂ ਨੇ 65 ਲੱਖ ਤੋਂ ਵੀ ਜ਼ਿਆਦਾ ਗਿਣਤੀ ਵਿੱਚ ਯਹੂਦੀ ਬੱਚਿਆਂ, ਬੁੱਢਿਆਂ, ਜਵਾਨ ਧੀਆਂ, ਮਾਂਵਾਂ ਦਾ ਲਿਹਾਜ਼ ਕੀਤੇ ਬਿਨਾਂ ਸਿਰੇ ਦੀ ਦਰਿੰਦਗੀ ਦਾ ਨਾਚ ਨੱਚਦਿਆਂ ਜੀਊਂਦਿਆਂ ਨੂੰ ਗੈਸ ਭੱਠੀਆਂ ਵਿਚ ਸੁੱਟ ਕੇ ਫੂਕਿਆ ਸੀ ਤਾਂ ਉਨ੍ਹਾਂ ਸੰਸਾਰ ਇਤਿਹਾਸ ਦੇ ਸਫੇ ’ਤੇ ਮਨੁੱਖੀ ਪਸ਼ੂਪੁਣੇ ਅਤੇ ਦਰਿੰਦਗੀ ਦਾ ਸੋਗ ਭਰਿਆ ਕਾਲਾ ਧੱਬਾ ਚਿਪਕਾ ਦਿੱਤਾ ਸੀ ਜੋ ਰਹਿੰਦੀ ਦੁਨੀਆਂ ਤੱਕ ਲੋਕ ਭੁੱਲ ਨਹੀਂ ਸਕਣਗੇ। ਕਦੇ ਫੇਰ ਇਸ ਹੀ ਸਦੀ ਦੇ ਅਖੀਰਲੇ ਪਹਿਰੀਂ ਭਾਰਤ ਦੇਸ਼ ਅੰਦਰ ਸੱਭਿਆ ਕਹੇ ਜਾਂਦੇ ਸ਼ਹਿਰ ਅੰਦਰ ਜਿਉਂਦਿਆਂ ਦੇ ਗਲ਼ਾਂ ਵਿਚ ਸੜਦੇ ਟਾਇਰ ਪਾ ਕੇ ਇਨਸਾਨਾਂ ਨੂੰ ਮਾਰ ਮੁਕਾਇਆ, ਮਾਂਵਾਂ, ਭੈਣਾਂ-ਧੀਆਂ ਦੀਆਂ ਇੱਜ਼ਤਾਂ ਰੋਲੀਆਂ, ਸੁਹਾਗ ਉਜਾੜੇ, ਬੱਚਿਆਂ ਨੂੰ ਸਦਾ ਵਾਸਤੇ ਯਤੀਮ ਬਣਾ ਦਿੱਤਾ ਗਿਆ। ਦਰਿੰਦਿਆਂ ਵਲੋਂ ਕੀ ਕੁੱਝ ਨਹੀਂ ਵਾਪਰਿਆ? ਫੇਰ ਰੱਬ ਦੇ ਭਗਤ ਹੀ ਰੱਬ ਦੇ ਘਰ ਢਾਹੁੰਦੇ ਰਹੇ। ਆਪਣੇ ਹੀ ਇਸ਼ਟ ਦੀ ਇੱਜ਼ਤ ਨਾਲ ਖੇਡਦੇ ਰਹੇ। ਕਿਹੜਾ ਰੱਬ ਤੇ ਕਿਸਦੇ ਇਹ ਭਗਤ? ਕੀ ਕੋਈ ਧਰਮੀ ਕਹਾਉਣ ਵਾਲਾ ਵੀ ਇਹੋ ਜਿਹੀ ਕਰਤੂਤ ਕਰ ਸਕਦਾ ਹੈ? ਕੀ ਇਹੋ ਜਿਹੇ ਲੋਕ ਵੀ ਇਨਸਾਨ ਕਹਾਉਣ ਦੇ ਹੱਕਦਾਰ ਹੋ ਸਕਦੇ ਹਨ?

ਕਦੇ ਮੁਲਕਾਂ ਦੀਆਂ ਵੰਡਾਂ, ਵੰਡ-ਵੰਡਾਰਿਆਂ, ਧਰਤੀ ਦੇ ਛੋਟੇ ਛੋਟੇ ਹਿੱਸਿਆਂ ’ਤੇ ਕਬਜ਼ੇ ਦੀ ਹਵਸ ਨੇ ਮਨੁੱਖ ਨੂੰ ਮਨੁੱਖ ਨਾ ਰਹਿਣ ਦਿੱਤਾ। ਆਪਣਿਆਂ ਨੇ ਹੀ ਆਪਣੇ ਲੱਖਾਂ ਦੇ ਕਤਲ ਕੀਤੇ, ਨਫਰਤ ਦੇ ਵਣਜਾਰੇ ਬੇਗੁਨਾਹ ਮਨੁੱਖਾਂ ਦੇ ਖੂਨ ਨਾਲ ਧਰਤੀ ਰੰਗਦੇ ਰਹੇ। ਨਵੀਆਂ ਵੰਡੀਆਂ ਨੇ ਮਨੁੱਖਤਾ ਨੂੰ ਸਦਾ ਵਾਸਤੇ ਸ਼ਰਮਸਾਰ ਕਰਦੇ ਨਵੇਂ ਪੈਮਾਨੇ ਕਾਇਮ ਕੀਤੇ। ਮਨੁੱਖਾਂ ਦੇ ਅੰਦਰ ਵਸਦੀ ਸਿਆਸੀ, ਆਰਥਿਕ ਭੁੱਖ ਨੇ ਉਨ੍ਹਾਂ ਨੂੰ ਹਾਬੜਪੁਣੇ ਦੇ ਵੱਸ ਪਾ ਦਿੱਤਾ ਅਤੇ ਮਨੁੱਖ ਨਿੱਘਰਦਾ ਗਿਆ, ਕਾਫੀ ਸਾਰੇ ਮਨੁੱਖੀ ਸਰੂਪ ਵਿੱਚ ਦੈਂਤ ਬਣ ਕੇ ਵਿਚਰਦੇ ਰਹੇ ਵਾਰ ਵਾਰ ਮਨੁੱਖੀ ਰੂਹ ਕਤਲ ਕੀਤੀ ਜਾਂਦੀ ਰਹੀ। ਨੇਕੀ ਨੂੰ ਬਦੀ ਵੱਲੋਂ ਲਿਤਾੜਿਆ ਜਾਂਦਾ ਰਿਹਾ, ਪਰ ਇਹ ਜਰਵਾਣੇ ਭੁੱਲਦੇ ਰਹੇ ਕਿ ਕਦੇ ਨੇਕੀ ਵੀ ਹਾਰੀ ਹੈ?

ਬੀਤ ਗਈ ਸਦੀ ਹੀ ਸੀ, ਜਦੋਂ ਅਸੱਭਿਅਕ ਸਾਮਰਾਜੀਆਂ ਵੱਲੋਂ ਕੂਟਨੀਤਕ ਚਾਲਾਂ, ਧੱਕੇ ਤੇ ਗੁੰਡਾਗਰਦੀ ਨਾਲ ਦੂਜਿਆਂ ਮੁਲਕਾਂ ਨੂੰ ਆਪਣੀਆਂ ਬਣਾਈਆਂ ਬਸਤੀਆਂ ਦੇ ਹੋਸ਼ਮੰਦ ਲੋਕ ਜਾਗੇ ਤੇ ਬਹੁਤਿਆਂ ਨੇ ਆਪਣੇ ਗਲੋਂ ਗੁਲਾਮੀ ਦਾ ਜੂਲ਼ਾ ਲਾਹ ਸੁੱਟਿਆ। ਆਜ਼ਾਦੀ ਪ੍ਰਾਪਤ ਕਰਕੇ ਆਪਣੇ ਚੰਗੇ ਮਾੜੇ ਰਾਜ ਕਾਇਮ ਕੀਤੇ। ਇਹੋ ਸਦੀ ਹੀ ਸੀ, ਜਦੋਂ ਸਿਆਸੀ ਪੱਧਰ ’ਤੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਸਮਝਿਆ ਗਿਆ ਲੰਬੇ ਸੰਘਰਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਵੋਟ ਦਾ ਹੱਕ ਮਿਲਿਆ। ਜਦੋਂ ਤਕੜੇ ਤੋਂ ਕਮਜ਼ੋਰ ਮੁਲਕਾਂ ਦੀ ਰਾਖੀ, ਅਤੇ ਆਪਸੀ ਝਗੜੇ ਅਮਨ ਪੂਰਵਕ ਨਿਪਟਾਉਣ ਵਾਸਤੇ ਸੰਯੁਕਤ ਰਾਸ਼ਟਰ ਤੇ ਹੋਰ ਬਹੁਤ ਸਾਰੇ ਕੌਮਾਂਤਰੀ ਅਦਾਰੇ ਕਾਇਮ ਹੋਏ, ਭਾਵੇਂ ਕਿ ਬਹੁਤੀ ਵਾਰ ਇਹ ਜੋਰਾਵਰਾਂ ਦੀ ਧੌਂਸ ਥੱਲੇ ਆ ਜਾਂਦੇ ਹਨ

ਇਸ ਸਦੀ ਅੰਦਰ ਹੀ ਇਸ ਧਰਤੀ ਉੱਤੇ ਸਮਾਜਵਾਦੀ ਸਮਾਜ ਦੀ ਸਥਾਪਨਾ ਹੋਈ। ਹੱਥੀਂ ਕਿਰਤ ਕਰਨ ਵਾਲਿਆਂ ਦਾ ਆਪਣਾ ਰਾਜ ਕਾਇਮ ਹੋਇਆ। ਪਰ, ਪੌਣੀ ਸਦੀ ਬਾਅਦ ਹੀ ਇਸ ਮਨੁੱਖੀ ਭਲੇ ਵਾਲੇ ਸਮਾਜਵਾਦੀ ਪ੍ਰਬੰਧ ਦੇ ਨਿਘਾਰ ਕਰਕੇ ਇਸਦੇ ਅੰਤ ਦਾ ਵਾਪਰ ਜਾਣਾ ਖੁਸ਼ੀ ਨੂੰ ਸੋਗ ਵਿੱਚ ਬਦਲ ਗਿਆ। ਕੁੱਲ ਲੋਕਾਈ ਦਾ ਭਲਾ ਕਰਨ ਵਾਲੇ ਆਖਰ ਛੋਟੀ ਮਾਨਸਿਕਤਾ ਦੇ ਮਾਲਕ ਕਿਵੇਂ ਬਣ ਬੈਠੇ? ਕਿਉਂ ਉਨ੍ਹਾਂ ਦੇ ਅੰਦਰੋਂ ਨਵੇਂ ਤੇ ਸੁਚੱਜੇ ਮਨੁੱਖ ਦੀ ਸਿਰਜਣਾ ਦਾ ਸੁਪਨਾ ਮਰ ਮੁੱਕ, ਸੁੱਕ ਗਿਆ। ਇਸ ਸੋਚ ਦੇ ਪੈਰੋਕਾਰਾਂ ਦੇ ਮਨਾਂ ਅੰਦਰ ਘੋਰ ਉਦਾਸੀ ਦਾ ਪ੍ਰਛਾਵਾਂ ਆ ਗਿਆ। ਉਹ ਆਪਣੇ ਆਪ ਨੂੰ ਹਾਰਿਆਂ ਵਰਗੇ ਮਹਿਸੂਸ ਕਰਨ ਲੱਗੇ। ਕਿਰਤ ਦੀ ਰਾਖੀ ਕਰਨ ਦੇ ਢੰਗ-ਤਰੀਕੇ ਦੱਸਦੀ ਵਿਚਾਰਧਾਰਾ ਅਜੇ ਵੀ ਲੋਕ ਘੋਲਾਂ ਵਾਸਤੇ ਪ੍ਰੇਰਨਾ ਬਣ ਰਹੀ ਹੈ ਪਰ ਇਸ ਦੇ ਆਸਰੇ ਲੋਕ ਘੋਲਾਂ ਦੀ ਅਗਵਾਈ ਕਰਨ ਵਾਲੇ ਆਪਸ ਵਿਚੀਂ ਪਾਟੇ ਫਿਰਦੇ / ਖੱਖੜੀਆਂ-ਕਰੇਲੇ ਹੋਏ ਚੌਧਰਾਂ ਦੀ ਦੌੜ ਵਿਚ ਬੌਂਦਲੇ ਹੋਏ ਸਮਝ ਨਹੀਂ ਰਹੇ ਕਿ ਕੀਤਾ ਕੀ ਜਾਵੇ? ਰਾਹ ਵੀ ਸਿੱਧਾ ਜਿਹਾ ਹੈ, ਇਕੱਠੇ ਹੋ ਕੇ ਇਨਸਾਨੀਅਤ ਦੇ ਖਿਲਾਫ ਹੋ ਰਹੇ ਖਿਲਵਾੜ ਅਤੇ ਜ਼ੁਲਮਾਂ ਦੇ ਖਿਲਾਫ ਸਾਂਝੀ ਲਹਿਰ ਉਸਾਰਨੀ।

ਹੋਈ ਤਰੱਕੀ ਦਾ ਆਪਣੇ ਥਾਂ ਜ਼ਿਕਰ ਕਰਨਾ ਬਣਦਾ ਹੈ। ਮਨੁੱਖ ਦਾ ਚੰਦ ਤੱਕ ਦਾ ਅਤੇ ਉਸ ਤੋਂ ਵੀ ਅੱਗੇ ਮੰਗਲ ਗ੍ਰਹਿ ਤੱਕ ਦਾ ਸਫਰ ਇਹ ਮਨੁੱਖੀ ਸਿਰਜਣਾ ਦੇ ਉੱਤਮ ਕਾਰਨਾਮੇ ਹਨ, ਇਹ ਤਾਂ ਜਾਰੀ ਹੀ ਰਹਿਣਗੇ। ਅੱਜ ਤੱਕ ਦੀ ਮਨੁੱਖੀ ਨੇੜਤਾ ਵਧਾਉਂਦੀ ਤਕਨੀਕੀ ਕਰੱਕੀ ਇੰਟਰਨੈੱਟ ਦੇ ਯੁੱਗ ਤੇ ਦੁਨੀਆਂ ਨੂੰ ਨੇੜੇ ਲੈ ਆਉਣ ਵਾਲਾ ਤਕਨੀਕੀ ਇਨਕਲਾਬ ਲਿਆਂਦਾ ਹੈ। ਹੋ ਰਿਹਾ ਤਕਨੀਕੀ ਵਿਕਾਸ ਮਨੁੱਖਤਾ ਦੇ ਭਲੇ ਵਾਸਤੇ ਹੋਣਾ ਚਾਹੀਦਾ ਹੈ। ਨਵੀਆਂ ਖੋਜਾਂ ਨੂੰ ਤੋਪਾਂ ਅਤੇ ਬੰਬਾ ਵਿੱਚੋਂ ਨਿਕਲਦਾ ਵਹਿਸ਼ੀ ਧੂੰਆਂ ਆਪਣੀ ਜ਼ਹਿਰ ਨਾਲ ਡੰਗਦਾ ਹੈ। ਮੁਨਾਫੇ ਦੀ ਹਵਸ ਮਨੁੱਖ ਨੂੰ ਨਿਘਾਰ ਵਲ ਧੱਕੀ ਜਾ ਰਹੀ ਹੈ। ਮਨੁੱਖਤਾ ਲਈ ਇਹ ਸਭ ਤੋਂ ਵੱਡਾ ਖਤਰਾ ਹੈ।

ਧਰਮੀਆਂ’ ਤੇ ਗੈਰ ਧਰਮੀਆਂ ਨੇ ਇੱਕ ਦੂਜੇ ਦੇ ਵਿਸ਼ਵਾਸਾਂ/ਅਕੀਦਿਆਂ ਨੂੰ ਉਜਾੜਿਆ, ਤਬਾਹ ਕੀਤਾ, ਜੋ ਗੈਰ ਮਨੁੱਖੀ ਕਿਸਮ ਦਾ ਗੁਨਾਹ ਹੈ। ਇਸ ਦਾ ਹੀ ਸਿੱਟਾ ਹੈ ਕਿ ਕੌਮਾਂ, ਧਰਮ, ਦੇਸ਼, ਸਭ ਸ਼ਬਦ ਬੌਨੇ ਹੁੰਦੇ ਗਏ। ਇਸ ਦੇ ਨਾਲ ਹੀ ਮਨੁੱਖ ਖੁਦ ਵੀ ਬੌਨਾ ਹੁੰਦਾ ਗਿਆ। ਅੱਜ ਇੰਨਾ ਬੌਨਾ ਹੋ ਗਿਆ ਹੈ ਕਿ ਆਪਣੀ ਅਸਲੀ ਪਹਿਚਾਣ ਗਵਾਉਣ ਦੇ ਨੇੜੇ ਪਹੁੰਚ ਗਿਆ ਹੈ। ਧਰਮੀਆਂ ਨੇ ਤਾਂ ਆਪਣੇ ਹੀ ਵਿਸ਼ਵਾਸ ਵਾਲੇ ਭਰਾਵਾਂ ਨੂੰ ਵਿਚਾਰਾਂ ਦੇ ਕੁੱਝ ਵਖਰੇਵੇਂ ਰੱਖਣ ਕਰਕੇ ਦੁਸ਼ਮਣਾਂ ਵਿਚ ਸ਼ਾਮਲ ਕਰ ਲਿਆ ਹੈ। ਬੁਰਾਈ ਦੇ ਲੜ ਲੱਗੇ ਅਜਿਹੇ “ਜੀਊੜੇਮਾੜੇ ਕੰਮ ਕਰਕੇ ਵੀ ਚਾਂਗਰਾਂ ਮਾਰਦੇ ਫਿਰਦੇ ਹਨ। ਮਨੁੱਖ ਭਲਾ ਹੋਰ ਕਿੱਥੋਂ ਕੁ ਤੱਕ ਨਿੱਘਰੇਗਾ। ਇਸ ਸਵਾਲ ਦਾ ਜਵਾਬ ਤਾਂ ਭਵਿੱਖ ਦੀ ਕੁੱਖ ਵਿਚ ਲੁਕਿਆ ਪਿਆ ਹੈ।

ਕੀ ਧਰਮ, ਮੁਲਕ, ਕੌਮ, ਇਹ ਸ਼ਬਦ ਮਨੁੱਖ ਤੋਂ ਵੀ ਉੱਪਰ ਹਨ? ਇਨਸਾਨ ਤੋਂ ਉੱਤਮ ਇੱਥੇ ਕੁਝ ਵੀ ਨਹੀਂ। ਜਿਸ ਇਨਸਾਨ ਨੇ ਰੱਬ ਦੀ ਸਿਰਜਣਾ ਕੀਤੀ, ਫੇਰ ਉਹ ਆਪਣੇ ਆਪੇ ਸਿਰਜੇ ਰੱਬ ਤੋਂ ਕਿਉਂ ਡਰਨ ਲੱਗਾ? ਆਪਣੇ ਕੀਤੇ ਗੁਨਾਹ ਕਿਸੇ ਦੂਸਰੇ ਦੀ ਮਰਜ਼ੀ ਕਹਿ ਕੇ ਮਨ ਨੂੰ ਕਿਉਂ ਰਾਜ਼ੀ ਰੱਖਣ ਲੱਗਾ? ਦਲੀਲ ’ਤੇ ਇਹ ਵਿਚਾਰ ਪੂਰਾ ਨਹੀਂ ਉੱਤਰਦਾ। ਇਸ ਨੂੰ ਤਰਕ ਨਾਲ ਰੱਦ ਕੀਤਾ ਜਾਣਾ ਚਾਹੀਦਾ ਹੈ। ਕਿਸੇ ਦੂਸਰੇ ਦੇ ਵਿਸ਼ਵਾਸ ਜਾਂ ਅਵਿਸ਼ਵਾਸ ਨੂੰ ਮੰਨਣਾ ਜਾਂ ਨਾ ਮੰਨਣਾ ਹਰ ਕਿਸੇ ਦੀ ਆਪਣੀ ਮਰਜ਼ੀ ਹੈ, ਪਰ ਕਿਸੇ ਵੀ ਹੋਰ ਨੂੰ ਅਪਮਾਣਤ ਕਰਨ ਦਾ ਹੱਕ ਕਿਸੇ ਵੀ ਦੂਜੇ ਨੂੰ ਨਹੀਂ ਅਤੇ ਨਾ ਹੀ ਹੋਣਾ ਚਾਹੀਦਾ ਹੈ। ਪਰ ਇੱਥੇ ਤਾਂ ਵਾਰ ਵਾਰ ਵਾਪਰਦਾ ਹੀ ਇਹੋ ਕੁੱਝ ਵਾਪਰ ਰਿਹਾ ਹੈ। ਆਖਰ ਕਿਉਂ? ਮਨੁੱਖ ਨੇ ਬੀਤੇ ਤੋਂ ਕੀ ਸਿੱਖਿਆ? ਜੇ ਨਹੀਂ ਸਿੱਖਿਆ ਤਾਂ ਕਦੋਂ ਸਿੱਖੇਗਾ? ਧਰਮ ਦੀਆਂ ਕਹੀਆਂ ਜਾਂਦੀਆਂ ਸਿੱਖਿਆਵਾਂ ਇਸ ਸਮਾਜ ਦੀ ਦੇਣ ਹਨ। ਸਮਾਜ ਸਭਿਅਕ ਹੋਵੇ, ਹਰ ਕੋਈ ਇਕ ਦੂਜੇ ਦਾ ਦਰਦ ਸਮਝੇ, ਮਜ਼ਲੂਮ ਦੀ ਬਾਂਹ ਫੜੇ, ਜ਼ੁਲਮ/ਜ਼ਾਲਮ ਨੂੰ ਲਲਕਾਰੇ - ਅਜਿਹੇ ਵਾਸਤੇ ਅਸੂਲ ਤੈਅ ਕੀਤੇ ਗਏ, ਓਹੀ ਸਾਡਾ ਵਿਰਸਾ ਹੈ। ਇਸ ਨੂੰ ਭਰੱਪਣ ਭਰੀ ਸਾਂਝ ਦੇ ਆਸਰੇ ਸਾਂਭਣ ਦੀ ਲੋੜ ਹੈ।

ਸਦੀਆਂ ਤੋਂ ਤੁਰਿਆ ਆਉਂਦਾ ਅਣਮਨੁੱਖੀ ਵਿਹਾਰ ਅਤੇ ਵਿਚਾਰ, ਜਿਸ ਨੂੰ ਆਮ ਕਰਕੇ ਭਾਰਤੀ ਨਸਲਵਾਦ (ਜਾਤਪਾਤ ਦਾ ਪ੍ਰਬੰਧ ਅਣਮਨੁੱਖੀ ਤੇ ਗੈਰ ਹਰੀਕੀ ਹੈ) ਵੀ ਕਿਹਾ ਜਾਂਦਾ ਹੈ। ਇਸ ਨਵੀਂ ਸਦੀ ਵਿਚ ਇਹੋ ਜਿਹੇ ਘਟੀਆ ਵਿਚਾਰਾਂ ਨੂੰ ਨਕਾਰਨਾ/ਭੰਡਣਾ ਹੀ ਕਾਫੀ ਨਹੀਂ ਸਗੋਂ ਆਪਣੀ ਪੂਰੀ ਸ਼ਕਤੀ ਨਾਲ ਇਸ ਦੇ ਖਾਤਮੇ ਲਈ ਕੰਮ ਕਰਨਾ ਹਰ ਸੱਚੇ ਇਨਸਾਨ ਦਾ ਫਰਜ਼ ਹੋਣਾ ਚਾਹੀਦਾ ਹੈ ਤਾਂ ਕਿ ‘ਮਹਾਨ’ ਕਹੇ ਜਾਂਦੇ ਭਾਰਤ ਦੇ ਮੱਥੇ ਤੋਂ ਨਸਲਵਾਦ ਦਾ ਦਾਗ ਧੋਤਾ ਜਾ ਸਕੇ। ਹਰ ਮਨੁੱਖ ਨੂੰ ਮਨੁੱਖ ਹੋਣ ਦਾ ਬਰਾਬਰ ਦਾ ਹੱਕ ਮਿਲੇ। ‘... ਕੁਦਰਤ ਕੇ ਸਭ ਬੰਦੇਦਾ ਸੰਕਲਪ ਹਕੀਕਤ ਵਿਚ ਸਾਕਾਰ ਹੋਵੇ। ਸੈਮੂਅਲ ਹਟਿੰਗਟਨ ਵਰਗੇ ਮਨੁੱਖਤਾ ਦੋਖੀ ਸ਼ਰਾਰਤੀਆਂ ਵਲੋਂ ਵਿਕਾਊ ਸੰਚਾਰ ਸਾਧਨਾਂ ਦੇ ਆਸਰੇ ‘ਸੱਭਿਆਤਾਵਾਂ ਦੇ ਭੇੜ’ ਵਰਗਾ ਲੂਣ ਗੁੰਨ੍ਹਣ ਜਿੰਨਾ ਝੂਠਾ ਰੌਲਾ ਪਾ ਕੇ ਮਨੁੱਖਤਾ ਵਿਚ ਵੰਡੀਆਂ ਪਾਉਣ ਵਾਲਿਆਂ ਨੂੰ ਨਕਾਰਦਿਆਂ, ਪੰਜਾਬੀਆਂ ਦੀ ਸਦੀਆਂ ਪੁਰਾਣੀ ਜੀਊਣ ਵਾਲੀ ਜੁਗਤ ਜਾਂ ਰੀਤ ‘ਸਰਬੱਤ ਦੇ ਭਲੇਨੂੰ ਸਾਕਾਰ ਕਰਨ ਵਾਸਤੇ ਸਾਂਝੇ ਉਪਰਾਲੇ ਕੀਤੇ ਜਾਣ - ਇਹ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੋ ਸਕਦੀ ਹੈ, ਆਪੋ ਆਪਣੇ ਥਾਂ ਕਰੋ ਜਤਨ।

ਹੁਣ ਕੀ ਲੋੜੀਂਦਾ ਹੈ? ਮਨੁੱਖੀ ਮਨ ਪਿਆਰ-ਮੁਹੱਬਤਾਂ ਦਾ ਮੁਜੱਸਮਾ ਬਣੇ। ਕਿਸੇ ਕਵੀ ਦੀ ਕਲਪਨਾ ਕਿ ‘ਹਰ ਇੱਕ ਬੰਦਾ ਸ਼ਾਹ ਦੁਨੀਆਂ ਦਾ, ਹਰ ਇੱਕ ਤੀਵੀਂ ਰਾਣੀ’ ਸੱਚ ਹੋਵੇ, ਸਾਕਾਰ ਹੋਵੇ। ਵੱਡਾ ਤੇ ਮਹੱਤਵਪੂਰਨ ਸੁਪਨਾ ਕਿ ਹਰ ਮਨੁੱਖ ਸੁੱਚਾ, ਸੁਚੱਜਾ, ਦੂਜੇ ਦਾ ਦੁੱਖ-ਪੀੜ ਜਰਨ ਵਾਲਾ ਸਮਾਜੀ ਜੀਵ ਬਣੇ। ਮਨੁੱਖੀ ਮਨ ਵਿੱਚ ਵੰਡੀਆਂ ਤੇ ਦੁਸ਼ਮਣੀਆਂ ਦਾ ਮੈਲ ਭਰਿਆ ਪਲਦਾ ਰੋਗ ਖ਼ਤਮ ਹੋਵੇ। ਸਮੁੱਚਾ ਮਨੁੱਖੀ ਭਾਈਚਾਰਾ ਆਪਣਾ ਹੀ ਪਰਿਵਾਰ ਸਮਝਿਆ ਜਾਵੇ।

ਆਉਣ ਵਾਲਾ ਸਮਾਂ ਹੋਰ ਵੀ ਤੇਜ਼ ਰਫਤਾਰ ਵਾਲਾ ਹੋਵੇਗਾ। ਉਪਭੋਗਤਾਵਾਦੀ ਸਮਾਜੀ-ਸਿਆਸੀ ‘ਸੱਭਿਆਚਾਰਕ’ ਵਰਤਾਰਾ ਮਨੁੱਖੀ ਨਿਘਾਰ ਦਾ ਸੂਚਕ ਹੈ। ਮਨੁੱਖੀ ਸੂਝ ਨੂੰ ਲਾਹੇਵੰਦ ਕਾਰਜਾਂ ਵਾਸਤੇ ਵਰਤਣਾ, ਨਿੱਘਰਦੇ ਜਾ ਰਹੇ ਸਮਾਜ ਨੂੰ ਨਵੀਂ ਸੇਧ ਦੇਣ ਦਾ ਸਬੱਬ ਪੈਦਾ ਕਰ ਸਕਦਾ ਹੈ। ਨਵੀਂ ਸੋਚ, ਨਵੀਆਂ ਜੁਗਤਾਂ ਰਾਹੀਂ ਹੀ ਨਵੇਂ ਸਮਾਜ ਅਤੇ ਨਵੇਂ ਮਨੁੱਖ ਦੀ ਸਿਰਜਣਾ ਤੇ ਉਸਾਰੀ ਹੋ ਸਕਦੀ ਹੈ। ਮਨੁੱਖਤਾ ਵਾਸਤੇ ਇਹੋ ਸੱਚਾ ਸੰਦੇਸ਼ ਬਣੇ ਕਿ ਹੱਥੀਂ ਕਿਰਤ ਕਰਨ ਵਾਲਾ ਜਹਾਨ ਦਾ ਪਾਲਕ ਦੁੱਖ ਭਰੇ ਨਰਕੀ ਜੀਵਨ ਤੋਂ ਮੁਕਤ ਹੋਵੇ। ਗੁਜ਼ਰ ਰਿਹਾ ਸਮਾਂ ਸੱਚ ਦੇ ਨਾਂ ਹੋਵੇ, ਜੱਗ ਨੂੰ ਪਾਲਣ ਅਤੇ ਅੱਗੇ ਵਧਾਉਣ ਵਾਲੀ ਕਿਰਤ ਕਰਦਾ ਹਰ ਕਿਰਤੀ ਸੁਖੀ ਵਸੇ ਵਰਤਮਾਨ ਅਤੇ ਭਵਿੱਖ ਸਾਡਾ ਸਭ ਦਾ ਹੋਵੇ ਮਨੁੱਖ ਜਦੋਂ ਵੀ ਚਾਹੇ ਤਾਂ ਕਿਸੇ ਵੀ ਸਮਾਜੀ, ਸਿਆਸੀ ਵਿਚਾਰਧਾਰਾ ਦਾ ਅੰਗ ਬਣ ਸਕਦਾ ਹੈ, ਕਿਸੇ ਵੀ ਧਰਮ ਦਾ ਲੜ ਫੜ ਸਕਦਾ ਹੈ ਜਾਂ ਧਰਮ ਤੋਂ ਬਿਨਾਂ ਜੀਊਣ ਦਾ ਸੰਕਲਪ ਲੈ ਸਕਦਾ ਹੈ। ਪਰ, ਇਸ ਤੋਂ ਵੀ ਜ਼ਰੂਰੀ ਅੱਜ ਲੋੜਾਂ ਦੀ ਲੋੜ ਹੈ ਕਿ ਸਭ ਤੋਂ ਪਹਿਲਾਂ ਸੱਭਿਆਚਾਰਾਂ ਅਤੇ ਸੱਭਿਆਤਾਵਾਂ ਦੀ ਨੇੜਤਾ ਵਾਸਤੇ ਕਾਰਜਸ਼ੀਲ ਹੁੰਦਿਆਂ, ਸੰਸਾਰ ਅਮਨ ਦਾ ਹੋਕਾ ਦਿੰਦਿਆ, ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਨਾਅਰਾ ਉੱਚਾ ਹੋਵੇ ਕਿ ਹੋਰ ਕੁਝ ਵੀ ਬਣਨ ਤੋਂ ਪਹਿਲਾਂ ਅਸੀਂ ਸੱਚੇ ਸੁੱਚੇ ਇਨਸਾਨ ਬਣੀਏ।

****

(759)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਕੇਹਰ ਸ਼ਰੀਫ

ਕੇਹਰ ਸ਼ਰੀਫ

Witten, Germany.
Phone: (49 - 17335 - 46050)

Email: (ksharif@arcor.de)

More articles from this author