KeharSharif7ਜਿਸ ਸਾਧਨ ਦਾ ਪ੍ਰਯੋਗ ਅਸੀਂ ਸੌਂਦੇ-ਜਾਗਦੇ ਹਰ ਵਕਤ ਕਰਦੇ ਹਾਂ ਉਸ ਦੇ ਪ੍ਰਤੀ ਅਸੀਂ ਕਿੰਨੇ ਅਣਜਾਣਲਾਪ੍ਰਵਾਹ ਤੇ ਬੇਗਾਨੇ ਹਾਂ ...
(21 ਫਰਵਰੀ 2017)


ਮੁੰਬਈ ਵਿਚ ਕੁੱਝ ਅਜਿਹੇ ਲੋਕਾਂ ਦੀ ਗੱਲ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਮੂਲ ਭਾਸ਼ਾ ਇੱਕ ਹੀ ਹੈ
, ਪਰ ਅਗਲੀ ਪੀੜ੍ਹੀ ਤੱਕ ਉਹ ਭਾਸ਼ਾ ਇੱਕੋ ਜਿਹੇ ਢੰਗ ਨਾਲ ਨਹੀਂ ਜਾ ਰਹੀ। ਇਕ ਪਰਿਵਾਰ ਹੈ ਜਿਸ ਵਿਚ ਮੀਆਂ-ਬੀਵੀ ਆਪਣੀ ਬੋਲੀ ਬੋਲਦੇ ਹਨ, ਪਰ ਬੱਚੇ ਉਨ੍ਹਾਂ ਦੀ ਬੋਲੀ ਨਹੀਂ ਸਿੱਖ ਸਕੇ। ਪਰਿਵਾਰ ਦਾ ਮੁਖੀਆ ਬੁੱਧੀਜੀਵੀ ਹੈ। ਉਸ ਦੇ ਕੰਮ ਦਾ ਮਾਧਿਅਮ ਅੰਗਰੇਜ਼ੀ ਭਾਸ਼ਾ ਹੈ। ਉਹ ਜੜ੍ਹਾਂ ਨਾਲ ਸਿੱਧਾ ਤਾਂ ਨਹੀਂ ਜੁੜਿਆ ਹੋਇਆ ਪਰ ਸੱਭਿਆਚਾਰਕ ਪੱਖੋਂ ਸੰਵੇਦਨਹੀਣ ਵੀ ਨਹੀਂ ਹੈ। ਸ਼ਾਇਦ ਭਾਸ਼ਾ ਮੁੱਦੇ ਦੇ ਤੌਰ ’ਤੇ ਉਸਦੇ ਸਰੋਕਾਰਾਂ ਦੀ ਸੂਚੀ ਵਿਚ ਨਹੀਂ ਹੈ। ਹੋ ਸਕਦਾ ਹੈ ਇਸ ਕਰਕੇ ਹੀ ਉਸਨੇ ਆਪਣੇ ਬੱਚਿਆਂ ਨੂੰ ਆਪਣੀ ਭਾਸ਼ਾ ਸਿਖਾਉਣ ਦਾ ਜਤਨ ਨਾ ਕੀਤਾ ਹੋਵੇ। ਬੱਚੇ ਉੱਚ ਵਰਗ ਵਿਚ ਆਪਣੀ ਥਾਂ ਬਣਾ ਗਏ ਹਨ। ਉਨ੍ਹਾਂ ਦੇ ਕੰਮ-ਕਾਜ ਦੀ ਭਾਸ਼ਾ ਅੰਗਰੇਜ਼ੀ ਹੈ, ਜ਼ੁਬਾਨ ’ਤੇ ਹਿੰਦੀ ਭਾਵ ਮੁੰਬਈਆ ਹਿੰਦੀ ਹੈ।

ਇਹ ਪਰਿਵਾਰ ਬਹੁਤ ਮਹਿੰਗੇ ਇਲਾਕੇ ਵਿਚ ਰਹਿੰਦਾ ਹੈ। ਅਗਲੀ ਪੀੜ੍ਹੀ ਬੱਸ, ਟਰੇਨ ਵਰਗੇ ਸਰਵਜਨਕ ਸਾਧਨਾਂ ਦੀ ਵਰਤੋਂ ਨਹੀਂ ਕਰਦੀ। ਸਬਜ਼ੀ-ਭਾਜੀ ਨੌਕਰ ਲਿਆਉਂਦਾ ਹੈ। ਉਨ੍ਹਾਂ ਨੂੰ ਕਦੀ-ਕਦਾਈਂ ਲਿਫਟਮੈਨ, ਵਾਚਮੈਨ ਜਾਂ ਡਰਾਈਵਰ ਨਾਲ ਹਿੰਦੀ ਵਿਚ ਗੱਲ ਕਰਨੀ ਪੈਂਦੀ ਹੈ। ਆਮ ਤੌਰ ’ਤੇ ਇਹ ਲੋਕ ਵੀ ਇਨ੍ਹਾਂ ਦੀਆਂ ਲੋੜਾਂ ਸਮਝਦੇ ਹਨ। ਇਸ ਕਰਕੇ ਇਸ ਤਬਕੇ ਨਾਲ ਸੰਵਾਦ ਦੀ ਸੰਭਾਵਨਾ ਘੱਟ ਹੀ ਰਹਿੰਦੀ ਹੈ। ਇਹ ਲੋਕ ਆਪਣੇ ਕੰਮ ਦੀ ਜਗ੍ਹਾ ਹੀ ਬੋਲਦੇ ਹਨ, ਉੱਥੇ ਹਿੰਦੀ ਨਹੀਂ ਅੰਗਰੇਜ਼ੀ ਆਮ ਭਾਸ਼ਾ ਹੈ। ਮਾਂ ਬੋਲੀ ਦਾ ਕੋਈ ਨਿਸ਼ਾਨ ਵੀ ਉਨ੍ਹਾਂ ਦੀ ਆਤਮਾ ’ਤੇ ਨਹੀਂ ਦਿਸਦਾ।

ਦੂਜੀ ਉਦਾਹਰਣ ਹੇਠਲੇ ਮੱਧਵਰਗ ਵੱਲ ਵਧਦੇ ਹੋਏ ਪਰਿਵਾਰ ਦੀ ਹੈ। ਮਹਾਂਨਗਰ ਦੀ ਇਕ ਬਸਤੀ ਵਿਚ ਰਹਿਣ ਵਾਲਾ ਆਪਣੇ ਘਰ ਪਿੰਡ ਨਾਲ ਲਗਾਤਾਰ ਸੰਪਰਕ ਵਿਚ ਰਹਿਣ ਵਾਲਾ ਪਰਿਵਾਰ। ਪਿੰਡ ਨਾਲ ਇਨ੍ਹਾਂ ਦਾ ਰਿਸ਼ਤਾ ਇੰਨਾ ਪੱਕਾ ਹੈ ਕਿ ਮੌਕਾ ਕੱਢਕੇ ਉੱਥੇ ਜਾ ਕੇ ਖੇਤੀ-ਬਾੜੀ ਵੀ ਕਰ ਆਵੇਗਾ। ਸ਼ਹਿਰ ਵਿਚ ਆਪਣੇ ਖਾਣ ਵਾਸਤੇ ਅਨਾਜ ਵੀ ਲੈ ਆਵੇਗਾ। ਪਹਿਲੀ ਉਦਾਹਰਣ ਵਾਲਿਆਂ ਵੱਲੋਂ ਪਿੰਡ ਤੋਂ ਨੌਕਰ ਲਿਆਇਆ ਜਾਂਦਾ ਹੈ, ਅਨਾਜ ਨਹੀਂ। ਇਸ ਪਰਿਵਾਰ ਦੀ ਘਰੇਲੂ ਭਾਸ਼ਾ ਆਪਣੀ ਬੋਲੀ ਹੈ। ਕੰਮ-ਕਾਰ ਦੀ ਭਾਸ਼ਾ ਮੁੰਬਈਆ ਹਿੰਦੀ ਹੈ। ਅੰਗਰੇਜ਼ੀ ਤੱਕ ਇਨ੍ਹਾਂ ਦੀ ਪਹੁੰਚ ਨਹੀਂ। ਉਸਨੇ ਆਪਣੇ ਬੱਚਿਆਂ ਤੱਕ ਆਪਣੀ ਭਾਸ਼ਾ ਪਹੁੰਚਾ ਦਿੱਤੀ ਹੈ। ਇਸ ਵਾਸਤੇ ਸੁਚੇਤ ਜਤਨ ਕਿਸੇ ਨੇ ਵੀ ਨਹੀਂ ਕੀਤਾ। ਇਸ ਪਰਿਵਾਰ ਦਾ ਮੁਖੀਆ ਬੁੱਧੀਜੀਵੀ ਨਹੀਂ ਹੈ। ਭਾਸ਼ਾ ਨਾਲ ਉਸਦਾ ਰਿਸ਼ਤਾ ਸੰਪਰਕ ਕਰਨ ਵਾਲਾ ਹੈ। ਆਪਣੀ ਬੋਲੀ ਨਾਲ ਉਸਦਾ ਰਿਸ਼ਤਾ ਆਪਣੀ ਜਾਤੀ ਪਹਿਚਾਣ ਲਈ ਹੈ। ਮਹਾਂਨਗਰ ਵਿਚ ਭਾਸ਼ਾਈ ਸਮੂਹ ਨਾਲ ਜੁੜ ਕੇ ਸੁਰੱਖਿਆ ਪਾਉਣ ਦਾ ਹੈ। ਉਸਦੇ ਸਰੋਕਾਰਾਂ ਵਿਚ ਭਾਸ਼ਾ ਨਹੀਂ ਹੈ ਪਰ ਉਹ ਆਪਣੀ ਬੋਲੀ ਦਾ ਸਹਿਜ ਅਤੇ ਬੇਧਿਆਨ ਹੀ ਸੰਚਾਰ ਕਰਦਾ ਹੈ। ਠੇਠ ਬੰਬਈਆ ਅੰਦਾਜ਼ ਹੈ। ਉਸਦੀ ਅਗਲੀ ਪੀੜ੍ਹੀ ਆਪਣੀ ਬੋਲੀ ਤੋਂ ਹਿੰਦੀ ਵਿਚ ਸ਼ਿਫਟ ਹੋਈ ਹੈ। ਜਮਾਤੀ ਸਥਿਤੀ ਵਿਚ ਥੋੜ੍ਹਾ-ਬਹੁਤ ਪ੍ਰੀਵਰਤਨ ਹੋਇਆ ਹੈ, ਭਾਵ ਤੀਜੀ ਪੀੜ੍ਹੀ ਆਪਣੀ ਬੋਲੀ ਤੋਂ ਥੋੜ੍ਹੀ ਪਰਾਂਹ ਖਿਸਕ ਰਹੀ ਹੈ, ਹਾਲਾਂ ਕਿ ਇਸ ਵਰਗ ਦੀ ਹਿੰਦੀ ਵਿਚ ਵੀ ਮੁਹਾਰਤ ਨਹੀਂ ਹੈ। ਠੇਠ ਬੰਬਈਆ ਅੰਦਾਜ਼ ਹੈ। ਇਨ੍ਹਾਂ ਦੀ ਬਾਹਰਲੀ ਦੁਨੀਆਂ ਵਿਚ ਬਾਣੀਆਂ, ਵਾਚਮੈਨ, ਸਬਜ਼ੀ ਵਾਲਾ, ਬਾਬੂ, ਮਾਸਟਰ ਅਤੇ ਪੁਲੀਸ ਸਭ ਆਉਂਦੇ ਹਨ। ਤਾਂ ਕੀ ਇਹ ਕਿਹਾ ਜਾ ਸਕਦਾ ਹੈ ਕਿ ਇਸ ਵਰਗ ਦੇ ਲੋਕਾਂ ਦਾ ਭਾਵ ਸ਼ਹਿਰੀ ਲੋਕਾਂ ਨਾਲ ਰਿਸ਼ਤਾ ਮੁਕਾਬਲੇ ਵਜੋਂ ਨੇੜਲਾ ਹੈ? ਪਰ ਅਗਲੀਆਂ ਪੀੜ੍ਹੀਆਂ ਆਪਣੀ ਪਹਿਚਾਣ ਵਾਸਤੇ ਆਪਣੀ ਭਾਸ਼ਾ ’ਤੇ ਨਿਰਭਰ ਨਹੀਂ ਹਨ।

ਤੀਸਰੀ ਉਦਾਹਰਣ ਇਕ ਅਜਿਹੇ ਬੁੱਧੀਜੀਵੀ ਦੀ ਹੈ, ਆਪਣੀ ਬੋਲੀ ਅਤੇ ਇਲਾਕਾ ਜਿਸਦੇ ਮੈਨਰਿਜ਼ਮ ਦਾ ਹਿੱਸਾ ਹੈ। ਉਸਨੂੰ ਮਿਲਕੇ ਲਗਦਾ ਹੈ ਕਿ ਅਸੀਂ ਵੀ ਉਸਦੇ ਨਾਲ ਆਪਣੇ ਸ਼ਹਿਰ ਵਿਚ ਪਹੁੰਚ ਗਏ ਹਾਂ। ਉਹ ਦੂਸਰੇ ਭਾਸ਼ਾਈ ਸਮੂਹ ਦੇ ਵਿਅਕਤੀ ਨਾਲ ਵੀ ਆਪਣੇ ਹੀ ਅੰਦਾਜ਼ ਵਿਚ ਗੱਲ ਕਰਦਾ ਹੈ। ਉਸ ਵਿਚ ਠੇਠ ਠੁੱਕਦਾਰੀ ਹੈ, ਆਪਣੀਆਂ ਜੜ੍ਹਾਂ ਨਾਲ ਉਸਦਾ ਵਿਹਾਰਕ ਰਿਸ਼ਤਾ ਹੈ। ਸ਼ਹਿਰ ਵਿਚ ਫਲੈਟ ਖਰੀਦ ਲੈਣ ਦੇ ਬਾਵਜੂਦ ਡੇਰੇ ’ਤੇ ਰਹਿਣ ਵਾਲੀ ਮਾਨਸਿਕਤਾ ਹੈ। ਇਸ ਮੱਧ ਵਰਗੀ ਬਾਬੂ ਦੀ ਕੰਮ-ਕਾਰੀ ਭਾਸ਼ਾ ਉਂਜ ਹੀ ਅੰਗਰੇਜ਼ੀ ਹੈ, ਜਿਵੇਂ ਇੱਥੇ ਸਾਡੇ ਬਾਬੂਆਂ ਦੀ ਹੁੰਦੀ ਹੈ। ਕੰਮ ਚਲਾਊ ਸਿੱਖੀ ਹੋਈ ਭਾਸ਼ਾ। ਪਤੀ-ਪਤਨੀ ਦੋਹਾਂ ਦੀ ਬੋਲੀ ਇਕ ਹੈ, ਬਾਵਜੂਦ ਇਸਦੇ ਬੱਚਿਆਂ ਤੱਕ ਬੋਲੀ ਨਹੀਂ ਪਹੁੰਚ ਸਕੀ। ਬੱਚਿਆਂ ਦੀ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਹੈ। ਵਿਹਾਰ ਦੀ ਭਾਸ਼ਾ ਮੁੰਬਈਆ ਹਿੰਦੀ ਹੈ। ਭਾਸ਼ਾਈ ਲਗਾਉ ਵੱਲ ਕੋਈ ਸੁਚੇਤ ਕਿਸਮ ਦੇ ਜਤਨ ਨਹੀਂ ਹੋਏ ਬਲਕਿ ਸੱਭਿਆਚਾਰਕ ਖੱਪੇ ਦੇ ਭਰਨ ਲਈ ਕਲਾ-ਸਾਹਿਤ ਨਾਲ ਕੋਈ ਰਿਸ਼ਤਾ ਵੀ ਨਹੀਂ ਹੈ।

ਚੌਥੀ ਉਦਾਹਰਣ ਇਕ ਛੋਟੇ ਕਸਬੇ ਦੀ ਹੈ, ਜਿੱਥੇ ਕੰਮ-ਕਾਰ ਦੀ ਭਾਸ਼ਾ ਹਿੰਦੀ ਹੈ। ਰੋਅਬ-ਦਾਬ ਝਾੜਨੇ ਦੀ ਭਾਸ਼ਾ ਅੰਗਰੇਜ਼ੀ ਹੈ ਪਰ ਰੋਜ਼ਨਾ ਦੀ ਘਰੇਲੂ ਅਤੇ ਸਮਾਜਿਕ ਭਾਸ਼ਾ ਹਿੰਦੀ ਨਹੀਂ ਬਲਕਿ ਬੋਲੀ ਹੀ ਹੈ। ਇਸਦੇ ਬਾਵਜੂਦ ਅਗਲੀ ਪੀੜ੍ਹੀ ਤੱਕ ਬੋਲੀ ਟਾਕੀ (ਪੈਂਚਰ) ਲਾਉਣ ਵਰਗਾ ਮਾਮਲਾ ਬਣਕੇ ਰਹਿ ਗਈ ਹੈ। ਇਕ ਹੋੜ ਹੈ ਜੋ ਜ਼ਰੂਰਤ ਅਤੇ ਮਜਬੂਰੀ ਦੀ ਤਰ੍ਹਾਂ ਮਾਂ-ਬਾਪ ਵਲੋਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿਚ ਭੇਜਣ ਲਈ ਮਜਬੂਰ ਕਰ ਦਿੰਦੀ ਹੈ। ਅੰਗਰੇਜ਼ੀ ਭਾਸ਼ਾ ਹਿੰਦੀ ਵਿਚ ਪੜ੍ਹਾਈ ਜਾਂਦੀ ਹੈ, ਪਰ ਪਾਠ ਪੁਸਤਕਾਂ ਤਾਂ ਅੰਗਰੇਜ਼ੀ ਵਿਚ ਹੀ ਹਨ। ਤੋਤਾ ਰਟਣ ਤਰੀਕੇ ਨਾਲ ਇਮਤਿਹਾਨ ਪਾਸ ਹੁੰਦੇ ਹਨ। ਨਵੀਂ ਪੀੜ੍ਹੀ ਹਿੰਦੀ ਦਾ ਪੱਲਾ ਤਾਂ ਫੜੀ ਰੱਖਦੀ ਹੈ ਪਰ ਬੋਲੀ ਗੁਆਚਦੀ ਜਾਂਦੀ ਹੈ।

ਇਨ੍ਹਾਂ ਸਾਰੀਆਂ ਉਦਾਹਰਣਾਂ ਦੇ ਵਰਗ ਵੱਖ ਵੱਖ ਹਨ। ਕੰਮ ਦੇ ਖੇਤਰ ਵੀ ਵੱਖਰੇ ਹਨ। ਸੋਚ ਤੇ ਸਰੋਕਾਰ ਦੇ ਇਲਾਕੇ ਅਤੇ ਪੱਧਰ ਵੱਖ ਹਨ। ਸਿਰਫ ਪਹਿਲੀ ਉਦਾਹਰਣ ਵਿਚ ਕਲਾਵਾਂ ਦੇ ਪ੍ਰਤੀ ਉੱਚ ਵਰਗ ਵਾਲੀ ਦਿਖਾਵਟੀ ਦਿਲਚਸਪੀ ਹੈ। ਦੂਸਰੀ ਉਦਾਹਰਣ ਵਿਚ ਕਲਾ ਦੀ ਜਗ੍ਹਾ ਹੀ ਨਹੀਂ ਹੈ, ਹਾਂ! ਉੱਥੇ ਲੋਕ ਕਲਾ ਦੀ ਥਾਂ ਹੈ। ਖੁਦ ਦੀ ਪਹਿਚਾਣ ਦੇ ਤੌਰ ’ਤੇ ਹੀ ਤੀਸਰੀ ਅਤੇ ਚੌਥੀ ਉਦਾਹਰਣ ਵਿਚ ਸਿਰਫ ਮਹਾਂਨਗਰ ਅਤੇ ਛੋਟੇ ਸ਼ਹਿਰ ਵਿਚ ਰਹਿਣ ਦਾ ਭੂਗੋਲਕ ਫਰਕ ਹੈ, ਹੋਰ ਕੋਈ ਫਰਕ ਨਹੀਂ। ਦੋਵੇਂ ਥਾਂਹੀਂ ਮਸ਼ੀਨੀ ਕਿਸਮ ਦੀ ਦੌੜ ਹੈ।

ਜਿਸ ਸਾਧਨ ਦਾ ਪ੍ਰਯੋਗ ਅਸੀਂ ਸੌਂਦੇ-ਜਾਗਦੇ ਹਰ ਵਕਤ ਕਰਦੇ ਹਾਂ ਉਸ ਦੇ ਪ੍ਰਤੀ ਅਸੀਂ ਕਿੰਨੇ ਅਣਜਾਣ, ਲਾਪ੍ਰਵਾਹ ਤੇ ਬੇਗਾਨੇ ਹਾਂ। ਜਦੋਂ ਅਸੀਂ ਸਰੀਰ ਦਾ ਬਿਨਾਂ ਸੋਚੇ ਸਮਝੇ, ਬੇਲੋੜਾ ਇਸਤੇਮਾਲ ਕਰਦੇ ਹਾਂ ਤਾਂ ਉਹ ਵੀ ਬੀਮਾਰ ਹੋ ਜਾਂਦਾ ਹੈ। ਜਦੋਂ ਅਸੀਂ ਭਾਸ਼ਾ ਦੀ ਬਿਨਾਂ ਸੋਚੇ ਸਮਝੇ ਵਰਤੋਂ ਕਰਾਂਗੇ ਤਾਂ ਉਹ ਵੀ ਕਿੱਥੋਂ ਕੁ ਤੱਕ ਸਾਥ ਦੇਵੇਗੀ?

 *****

(607)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

ਗੀਤ: ਮੈਨੂੰ ਇਓਂ ਨਾ ਮਨੋ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਆਂ --- ਸੂਰਜ ਗਿੱਲ (ਰੀਮੇਕ)

SurajGill2

ਗੀਤ ਸੁਣਨ ਲਈ ਹੇਠਾਂ ਕਲਿੱਕ ਕਰੋ

 

About the Author

ਕੇਹਰ ਸ਼ਰੀਫ਼

ਕੇਹਰ ਸ਼ਰੀਫ਼

Witten, Germany.
Phone: (49 - 17335 - 46050)

Email: (ksharif@arcor.de)

More articles from this author