“ਵਿਦਿਆਰਥੀ ਜੀਵਨ ਤੋਂ ਹੀ ਉਹਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਰਹੀਆਂ ਹਨ। ਉਹ ਗਾਲ੍ਹਾਂ ਨੂੰ ਸਹਿੰਦਾ ...”
(25 ਫਰਵਰੀ 2022)
ਮਹਿਮਾਨ: 40.
ਅੱਜ ਦੇ ਯੁਗ ਵਿੱਚ ਦਯਾਨੰਦ ਸਰਸਵਤੀ ਕੀ ਇਹ ਕਹਿ ਸਕਦੇ ਕਿ ਉਹ ਮੂਰਤੀ ਪੂਜਾ ਦੇ ਵਿਰੋਧੀ ਹਨ? ਦਯਾਨੰਦ ਸਰਸਵਤੀ ਨੇ ਕਾਸ਼ੀ ਵਿੱਚ ਇਸ਼ਤਿਹਾਰ ਬਗੈਰਾ ਵੀ ਲਗਵਾਇਆ ਸੀ ਕਿ ਉਹ ਮੂਰਤੀ ਪੂਜਾ ਦੇ ਖਿਲਾਫ ਬਹਿਸ ਕਰਨਾ ਚਾਹੁੰਦੇ ਹਨ। ਜੇਕਰ ਕਿਸੇ ਕੋਲ ਸਬੂਤ ਹਨ ਤਾਂ ਉਨ੍ਹਾਂ ਨਾਲ ਬਹਿਸ ਕਰੇ। ਕਾਸ਼ੀ ਵਿੱਚ ਬਹਿਸ ਹੋਈ ਅਤੇ ਬਹਿਸ ਤੋਂ ਬਾਅਦ ਦਯਾਨੰਦ ਸਰਸਵਤੀ ਕਈ ਦਿਨਾਂ ਤਕ ਕਾਸ਼ੀ ਵਿੱਚ ਰਹੇ। ਉੱਥੋਂ ਦੇ ਲੋਕ ਉਸ ਨੂੰ ਮਾਰਨ ਲਈ ਕਾਹਲੇ ਨਹੀਂ ਪਏ ਅਤੇ ਨਾ ਹੀ ਦਯਾਨੰਦ ਸਰਸਵਤੀ ਨੂੰ ਲੱਗਦਾ ਸੀ ਕਿ ਕਾਸ਼ੀ ਹੁਣ ਸੁਰੱਖਿਅਤ ਥਾਂ ਨਹੀਂ ਰਹੀ। ਸੋਚੋ ਕਿ ਭਾਰਤ ਅੰਦਰ ਸਮਾਜ ਦਾ ਉਹ ਰੂਪ ਵੀ ਰਿਹਾ ਜੋ ‘ਸ੍ਰੇਸ਼ਟ ਭਾਰਤ’ ਦੀ ਡੌਂਡੀ ਪਿੱਟੇ ਬਿਨਾ ਵੀ ਗਿਆਨ, ਤਰਕ ਅਤੇ ਵਿਚਾਰਾਂ ਦੇ ਵਖਰੇਵੇਂ ਅਨੁਸਾਰ ਵਿਹਾਰ ਕਰਨ ਦੇ ਯੋਗ ਸੀ।
ਜਿਹੜਾ ਸਮਾਜ ਮੂਰਤੀ ਪੂਜਾ ਦੇ ਸਬੰਧ ਵਿੱਚ ਕਿਸੇ ਕਿਸਮ ਦਾ ਸਵਾਲ ਸਵੀਕਾਰ ਨਹੀਂ ਕਰ ਸਕਦਾ, ਉਸੇ ਸਮਾਜ ਅੰਦਰ ਦਯਾਨੰਦ ਸਰਸਵਤੀ ਨੇ ਮੂਰਤੀ ਪੂਜਾ ਨੂੰ ਚੁਣੌਤੀ ਦਿੱਤੀ। ਕੀ ਅੱਜ ਦੇ ਸਮੇਂ ਅਸੀਂ ਕਲਪਨਾ ਕਰ ਸਕਦੇ ਹਾਂ ਕਿ ਕੋਈ ਵਿਅਕਤੀ ਇਸ ਤਰ੍ਹਾਂ ਦਾ ਪਰਚਾ ਛਪਵਾ ਕੇ ਵੰਡ ਦੇਵੇ ਕਿ ਮੂਰਤੀ ਪੂਜਾ ਨੂੰ ਚੁਣੌਤੀ ਦਿੰਦਾ ਹਾਂ? ਅੱਜ ਦਾ ਗੋਦੀ ਮੀਡੀਆ ਦਇਆਨੰਦ ਸਰਸਵਤੀ ਦੇ ਸਾਹਮਣੇ ਕਿਸ ਤਰ੍ਹਾਂ ਦੇ ਬੇਸ਼ਰਮੀ ਵਾਲੇ ਸਵਾਲ ਪੁੱਛ ਰਿਹਾ ਹੁੰਦਾ? ਕੀ ਉਨ੍ਹਾਂ ਦਾ ਸਤਿਕਾਰ ਕਰਦਾ? ਉਨ੍ਹਾਂ ਨੂੰ ਧਰਮਧ੍ਰੋਹੀ ਹੋਣ ਦਾ ਐਲਾਨ ਕਰ ਦਿੱਤਾ ਜਾਂਦਾ ਅਤੇ ਉਮਰ ਭਰ ਲਈ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ। ਉਨ੍ਹਾਂ ਦੇ ਬਾਰੇ ਵਟਸਐਪ ਰਾਹੀਂ ਮੁਹਿੰਮ ਚਲਾਈ ਜਾਂਦੀ।
ਦਯਾਨੰਦ ਸਰਸਵਤੀ ਨੇ ਹਿੰਦੂ ਸਮਾਜ ਨੂੰ ਚੁਣੌਤੀ ਦੇ ਕੇ ਇਸ ਨੂੰ ਬਿਹਤਰ ਹੀ ਬਣਾਇਆ। ਭਾਵੇਂ ਅੱਜ ਦਾ ਆਰੀਆ ਸਮਾਜ ਬਦਲ ਗਿਆ ਹੈ, ਕਈ ਮੌਕਿਆਂ ’ਤੇ ਸੰਘ ਦਾ ਸੰਗੀ-ਸਾਥੀ ਨਜ਼ਰ ਆਉਂਦਾ ਹੈ, ਪਰ ਉਸ ਦਾ ਇਤਿਹਾਸ ਦੱਸਦਾ ਹੈ ਕਿ ਉਨ੍ਹਾਂ ਨੇ ਕਰਮ-ਕਾਂਡਾਂ ਨੂੰ ਚੁਣੌਤੀ ਦਿੱਤੀ।
ਇਸੇ ਤਰ੍ਹਾਂ ਫੂਲੇ ਤੋਂ ਪੇਰੀਆਰ ਤਕ ਅਤੇ ਅੰਬੇਡਕਰ ਤੋਂ ਲੈ ਕੇ ਕਾਂਸ਼ੀ ਰਾਮ ਤਕ ਉਨ੍ਹਾਂ ਨੇ ਧਰਮ ਦੀਆਂ ਸਾਰੀਆਂ ਮਾਨਤਾਵਾਂ ਨੂੰ ਚੁਣੌਤੀ ਦਿੱਤੀ। ਦੱਸਿਆ ਕਿ ਇੱਜ਼ਤ-ਮਾਣ ਦੇ ਪਰਦੇ ਪਿੱਛੇ ਸ਼ਰਮ ਦਾ ਕਿੰਨਾ ਵੱਡਾ ਭੰਡਾਰ ਹੈ। ਜਿੱਥੇ ਲੋਕ ਇੱਕ ਦਲਿਤ ਨੂੰ ਪਾਣੀ ਨਹੀਂ ਦਿੰਦੇ, ਰਸਤਾ ਨਹੀਂ ਦਿੰਦੇ, ਉਸ ਨਾਲ ਖਾਣਾ ਸਾਂਝਾ ਨਹੀਂ ਕਰਦੇ, ਜੇਕਰ ਉਹ ਭੋਜਨ ਨੂੰ ਛੂੰਹਦਾ ਹੈ, ਤਾਂ ਉਹ ਅਸ਼ੁੱਧ ਮੰਨਿਆ ਜਾਂਦਾ ਹੈ। ਅਜਿਹਾ ਸਮਾਂ ਵੀ ਆਇਆ ਕਿ ਇਸੇ ਸਮਾਜ ਵਿੱਚ ਛੂਤ-ਛਾਤ ਵਿਰੁੱਧ ਮੁਹਿੰਮ ਚਲਾਈ ਗਈ। ਇਹ ਬਹੁਤ ਮਾੜੀ ਗੱਲ ਹੈ, ਇਸਦੀ ਪਛਾਣ ਤਾਂ ਇਨ੍ਹਾਂ ਰਹਿਬਰਾਂ ਨੇ ਹੀ ਕਰਵਾਈ, ਜਿਨ੍ਹਾਂ ਦੇ ਨਾਂ ਅਸੀਂ ਉੱਪਰ ਦੱਸ ਚੁੱਕੇ ਹਾਂ। ਜਿਨ੍ਹਾਂ ਦੇ ਜਤਨਾਂ ਨਾਲ ਸਮਾਜ ਅੰਦਰ ਸੁਧਾਰ ਹੋਏ ਅਤੇ ਉਨ੍ਹਾਂ ਸੁਧਾਰਾਂ ਨੂੰ ਸੰਵਿਧਾਨ ਨੇ ਗਰੰਟੀ ਦਿੱਤੀ। ਹੁਣ ਸਰਕਾਰ ਵੀ ਉਨ੍ਹਾਂ ਸੁਧਾਰਕਾਂ ਦਾ ਜਨਮ ਦਿਨ ਮਨਾਉਂਦੀ ਹੈ। ਸਮਾਜ ਉਨ੍ਹਾਂ ਨੂੰ ਨਾਇਕ (ਰਹਿਬਰ) ਮੰਨਦਾ ਹੈ।
ਪੇਰੀਆਰ ਅਤੇ ਅੰਬੇਡਕਰ ਲਈ ਇਹ ਨਾ ਉਦੋਂ ਸੌਖਾ ਸੀ ਅਤੇ ਨਾ ਹੀ ਹੁਣ ਸੁਖਾਲਾ ਹੈ। ਸੌਖਾ ਹੈ ਤਾਂ ਕਿਸੇ ਦਲਿਤ ਨੂੰ ਪਾਣੀ ਨਾ ਦੇਣਾ, ਬਰਾਤ ਵੇਲੇ ਘੋੜੀ ਉੱਤੇ ਸਵਾਰ ਹੋਣ ’ਤੇ ਉਸ ਨੂੰ ਮਾਰ ਦੇਣਾ। ਜਾਤ-ਪਾਤ ਦੇ ਕਲੰਕ ਤੋਂ ਦੁਖੀ ਹੋ ਕੇ ਰੋਹਿਤ ਵੇਮੁਲਾ ਵਰਗੀ ਪ੍ਰਤਿਭਾ ਦਾ ਅੰਤ ਹੋ ਜਾਣਾ। ਇਨ੍ਹੀਂ ਦਿਨੀਂ ਚਾਰੇ ਪਾਸਿਉਂ ਅਜਿਹੀ ਕੋਸ਼ਿਸ਼ ਹੋ ਰਹੀ ਹੈ ਬੇਰਹਿਮੀ ਨੂੰ ਮੁੜ ਸਰਵ ਵਿਆਪਕ ਅਤੇ ਨਿਰਵਿਘਨ ਸਥਾਪਿਤ ਕਰ ਦਿੱਤਾ ਜਾਵੇ। ਜਦੋਂ ਕਾਸ਼ੀ ਕਾਰੀਡੋਰ ਬਣ ਰਿਹਾ ਸੀ, ਤਾਂ ਉਸੇ ਬਨਾਰਸ ਵਿੱਚ ਲੋਕ ਅੰਦੋਲਨ ਕਰ ਰਹੇ ਸਨ ਕਿ ਸਦੀਆਂ ਪੁਰਾਣੇ ਘਰ ਢਾਹੇ ਜਾ ਰਹੇ ਹਨ, ਉਨ੍ਹਾਂ ਘਰਾਂ ਵਿੱਚ ਨਿੱਜੀ ਮੰਦਰ ਹਨ, ਜਿਨ੍ਹਾਂ ਦੀ ਇਤਿਹਾਸਕ ਮਹੱਤਤਾ ਹੈ, ਉਨ੍ਹਾਂ ਨੂੰ ਤੋੜਿਆ ਜਾ ਰਿਹਾ ਹੈ। ਉਦੋਂ ਤਾਂ ਕਿਸੇ ਦੀ ਆਸਥਾ ਨੂੰ ਠੇਸ ਨਹੀਂ ਲੱਗੀ?
ਧਰਮ ਅਤੇ ਜਾਤ ਦੀ ਵਿਵਸਥਾ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ। ਜੋ ਵੀ ਜਾਤ-ਪਾਤ ਵਿਰੁੱਧ ਲੜੇਗਾ, ਉਹ ਧਰਮ ਨਾਲ ਹੀ ਟਕਰਾਏਗਾ। ਅੱਜ ਵਾਰ-ਵਾਰ ਗੁਲਾਮੀ ਦੀ ਯਾਦ ਦਿਵਾਈ ਜਾਂਦੀ ਹੈ। ਮੇਰਾ ਮੰਨਣਾ ਹੈ ਕਿ ਭਾਰਤ ਵਿੱਚ ਜਾਤ-ਪਾਤ ਤੋਂ ਵੱਡਾ ਗੁਲਾਮੀ ਦਾ ਦੌਰ ਕੋਈ ਹੋਰ ਨਹੀਂ ਸੀ। ਜਾਤੀ ਨਾਲ ਜੁੜੀ ਗੁਲਾਮੀ ਦਾ ਇਹ ਦੌਰ ਅੱਜ ਵੀ ਚੱਲ ਰਿਹਾ ਹੈ। ਜਾਤ-ਪਾਤ ਦੇ ਨਾਂ ’ਤੇ ਪਤਾ ਨਹੀਂ ਇਸ ਹਫ਼ਤੇ ਦੇ ਅਖ਼ਬਾਰਾਂ ਵਿੱਚ ਹੀ ਜ਼ੁਲਮ ਦੀਆਂ ਕਿੰਨੀਆਂ ਘਟਨਾਵਾਂ ਛਪੀਆਂ ਹੋਣਗੀਆਂ। ਸਾਬਿਤਰੀ ਬਾਈ ਫੂਲੇ ਤੋਂ ਲੈ ਕੇ ਪੇਰੀਆਰ ਅਤੇ ਅੰਬੇਡਕਰ ਤਕ ਨੇ ਜੇਕਰ ਇਸ ਸਮਾਜ ਨੂੰ ਨਾ ਝੰਜੋੜਿਆ ਹੁੰਦਾ ਤਾਂ ਕੀ ਤੁਸੀਂ ਆਪਣੇ ਆਪ ਨੂੰ ਦੁਨੀਆ ਦੇ ਸਾਹਮਣੇ ਮਨੁੱਖ ਅਖਵਾਉਣ ਦੇ ਯੋਗ ਵੀ ਹੁੰਦੇ? ਕੀ ਮਾਣ ਕਰ ਸਕਦੇ? ਇਹਨਾਂ ਰਹਿਬਰਾਂ ਨੇ ਤੁਹਾਨੂੰ, ਸਮਾਜ ਅਤੇ ਸੱਭਿਆਚਾਰ ਨੂੰ ਮਾਣ ਕਰਨ ਯੋਗ ਬਣਾਇਆ। ਚੰਗੀ ਭਾਰਤੀ ਪਛਾਣ ਦਿੱਤੀ ਹੈ, ਜਿਸ ’ਤੇ ਤੁਸੀਂ ਮਾਣ ਕਰਦੇ ਹੋ। ਯਾਦ ਰੱਖਣਾ, ਜਦੋਂ ਵੀ ਤੁਸੀਂ ਕਹਿੰਦੇ ਹੋ, ਭਾਵੇਂ ਕਿ ਤੁਸੀਂ ਝੂਠ ਬੋਲਦੇ ਹੋ ਕਿ ਤੁਸੀਂ ਜਾਤ-ਪਾਤ ਨੂੰ ਨਹੀਂ ਮੰਨਦੇ, ਤਾਂ ਤੁਸੀਂ ਸਿਰਫ ਅਤੇ ਸਿਰਫ ਅੰਬੇਡਕਰ ਅਤੇ ਪੇਰੀਆਰ ਵਰਗੇ ਰਹਿਬਰਾਂ ਦੀ ਗੱਲ ਕਹਿ ਰਹੇ ਹੁੰਦੇ ਹੋ। ਆਪਣੇ ਅੰਦਰਲੇ ਅੰਬੇਡਕਰ ਨੂੰ ਪਹਿਚਾਣੋ। ਭਾਰਤ ਮਾਣ ਕਰਨ ਯੋਗ ਹੈ, ਇਸ ’ਤੇ ਮਾਣ ਕਰੋ।
ਜ਼ਰੂਰ ਹੀ ਕੋਈ ਵੱਡੀ ਗਲਤੀ ਹੋ ਗਈ ਹੈ। ਇਨ੍ਹਾਂ ਮਹਾਨ ਨਾਇਕਾਂ ਦੇ ਜਨਮ ਦਿਨ / ਸ਼ਤਾਬਦੀਆਂ ਤਾਂ ਬਹੁਤ ਮਨਾਏ ਜਾ ਰਹੇ ਹਨ ਪਰ ਉਨ੍ਹਾਂ ਦੀਆਂ ਫੋਟੋਆਂ ਨੂੰ ਅੱਗੇ ਕਰ ਕੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਪਿੱਛੇ ਕਰ ਦਿੱਤਾ ਗਿਆ ਹੈ। ਪੇਰੀਆਰ ਤੋਂ ਅੰਬੇਡਕਰ ਤਕ ਦੀਆਂ ਕਹੀਆਂ ਗੱਲਾਂ ਨੂੰ ਜੇ ਦਿਨ-ਰਾਤ ਲਿਖਿਆ ਤੇ ਬੋਲਿਆ ਜਾਂਦਾ ਤਾਂ ਆਸਥਾ ਦੀ ਦੁਹਾਈ ਪਾਉਣ ਵਾਲਿਆਂ ਦੀ ਦਰਿਆਦਿਲੀ ਵੀ ਪਰਖੀ ਜਾਂਦੀ। ਪਤਾ ਲੱਗ ਜਾਂਦਾ ਕਿ ਉਹ ਅੰਬੇਦਕਰ ਦੇ ਜਨਮ ਦਿਹਾੜੇ ’ਤੇ ਮੀਮਜ਼ ਤਾਂ ਫਾਰਵਰਡ ਕਰ ਰਹੇ ਹਨ ਪਰ ਜਨਮ ਦਿਨ ਨਹੀਂ ਮਨਾ ਰਹੇ।
ਅਜਿਹਾ ਜਾਪਦਾ ਹੈ ਕਿ ਧਰਮ ਅਤੇ ਸੱਭਿਆਚਾਰ ਦੇ ਰਾਖੇ ਉਹ ਹੀ ਲੋਕ ਹਨ ਜੋ ਆਸਥਾ ਦੇ ਨਾਂ ’ਤੇ ਖਾਹਮਖਾਹ ਦੁਖੀ ਹੁੰਦੇ ਰਹਿੰਦੇ ਹਨ। ਅਜਿਹੇ ਅਖੌਤੀ ਧਰਮ ਰੱਖਿਅਕ ਹਰ ਧਰਮ ਵਿੱਚ ਹਨ ਜੋ ਕਿਧਰੋਂ ਵੀ ਹੰਗਾਮਾ ਕਰਨ ਵਾਸਤੇ ਆ ਪਹੁੰਚਦੇ ਹਨ। ਪਰ, ਧਰਮਾਂ ਦੇ ਮੰਨਣ ਵਾਲੇ ਤਾਂ ਉਹ ਅਣਗਿਣਤ ਲੋਕ ਹਨ ਜੋ ਚੁੱਪਚਾਪ ਆਪਣੇ ਵਿਸ਼ਵਾਸ / ਆਸਥਾ ਨੂੰ ਮਾਣਦੇ ਹਨ। ਉਨ੍ਹਾਂ ਨੂੰ ਆਪਣੇ ਇਸ਼ਟ ਨਾਲ ਗੱਲਾਂ ਕਰਨ ਤੋਂ ਹੀ ਵਕਤ ਨਹੀਂ ਮਿਲਦਾ। ਪਰ ਹੁਣ ਇੱਕ ਨਵਾਂ ਗੈਂਗ ਬਣ ਗਿਆ ਹੈ ਜੋ ਹਰ ਰੋਜ਼ ਇਹ ਫੈਸਲਾ ਕਰਦਾ ਹੈ ਕਿ ਕੀ ਬੋਲਣਾ ਚਾਹੀਦਾ ਹੈ, ਕੀ ਨਹੀਂ ਬੋਲਣਾ ਚਾਹੀਦਾ। ਇਸਦਾ ਘੇਰਾ ਇੰਨਾ ਤੰਗ ਕਰ ਦਿੱਤਾ ਗਿਆ ਹੈ ਕਿ ਬੋਲਣ ਲਈ ਥਾਂ ਨਹੀਂ ਬਚੀ। ਇਹ ਕਿਵੇਂ ਸੰਭਵ ਹੈ ਕਿ ਤੁਸੀਂ ਬੋਲੋ ਹੀ ਨਾ ਅਤੇ ਜੇ ਤੁਸੀਂ ਬੋਲੋ ਤਾਂ ਕੀ ਹਰ ਗੱਲ ਲਈ ਤੁਹਾਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ?
ਰਤਨ ਲਾਲ ’ਤੇ ਕੇਸ ਕਰਨ ਵਾਲੇ ਅਤੇ ਉਸ ਦੀ ਗ੍ਰਿਫਤਾਰੀ ਤੋਂ ਖੁਸ਼ ਹੋਣ ਵਾਲਿਆਂ ਨੂੰ ਇੱਕ ਵਾਰ ਸੋਚਣਾ ਚਾਹੀਦਾ ਹੈ। ਰਤਨ ਦੀਆਂ ਕਈ ਸਾਰੀਆਂ ਦਲੀਲਾਂ ਦਾ ਜੇ ਜਵਾਬ ਨਹੀਂ ਹੈ, ਤਾਂ ਆਸਥਾ ਦੇ ਨਾਂ ’ਤੇ ਉਸ ਉੱਤੇ ਹਮਲਾ ਕਰਨ ਦੀ ਕੋਈ ਲੋੜ ਨਹੀਂ ਹੈ। ਰਤਨ ਲਾਲ ਵਰਗੇ ਦਲਿਤਾਂ ਨੂੰ ਬੋਲਣ ਦਿਓ। ਉਸ ਦੀਆਂ ਕੁਝ ਗੱਲਾਂ ਮਾੜੀਆਂ ਲੱਗਦੀਆਂ ਹਨ, ਤਾਂ ਉਨ੍ਹਾਂ ਨੂੰ ਸਹਿਣ ਕਰੋ ਕਿਉਂਕਿ ਉਹ ਸਿਰਫ਼ ਗੱਲਾਂ ਹਨ। ਜੋ ਕਿ ਦਲੀਲ ਅਤੇ ਬਹਿਸ ਦੇ ਖੇਤਰ ਵਿੱਚ ਕਹੀਆਂ ਜਾਂਦੀਆਂ ਹਨ। ਜਿਸ ਕਿਸੇ ਵਿਅਕਤੀ ਨੇ ਰਤਨ ’ਤੇ ਕੇਸ ਕੀਤਾ ਹੈ, ਕੀ ਉਹ ਨਹੀਂ ਜਾਣਦਾ ਕਿ ਧਰਮ ਦੇ ਨਾਂ ’ਤੇ ਇਸ ਦੇਸ਼ ਅੰਦਰ ਕਿੰਨੀ ਠੱਗੀ ਹੁੰਦੀ ਹੈ। ਜਾਂ ਫੇਰ ਹੁਣ ਇਹ ਕਹਿਣਾ ਗੁਨਾਹ ਹੋ ਗਿਆ ਹੈ?
ਲਖਨਊ ਯੂਨੀਵਰਸਿਟੀ ਦੇ ਪ੍ਰੋ. ਰਵੀਕਾਂਤ ਦੀ ਕੁੱਟਮਾਰ ਹੋਈ, ਕੀ ਅਜਿਹਾ ਕਰਨ ਵਾਲਿਆਂ ਦਾ ਹੌਸਲਾ ਨਹੀਂ ਵਧਾਇਆ ਗਿਆ? ਕਿਸ ਕਾਨੂੰਨ ਨੇ ਰਵੀਕਾਂਤ ਨੂੰ ਕੁੱਟਣ-ਮਾਰਨ ਦੀ ਇਜਾਜ਼ਤ ਦਿੱਤੀ ਹੈ? ਧਰਮ ਦਾ ਨਾਂ ਆਉਂਦੇ ਹੀ ਧੜਾਧੜ ਫੈਸਲੇ ਹੋਣੇ ਸ਼ੁਰੂ ਹੋ ਜਾਂਦੇ ਹਨ। ਕੀ ਅਸੀਂ ਸਾਰੇ ਇਹ ਨਹੀਂ ਦੇਖ ਰਹੇ ਕਿ ਇਹ ਫੈਸਲੇ ਕਿਨ੍ਹਾਂ ਦੇ ਹੱਕ ਵਿੱਚ ਦਿੱਤੇ ਜਾ ਰਹੇ ਹਨ। ਕੀ ਹਿੰਸਾ ਵਿੱਚ ਸ਼ਾਮਲ ਕਿਸੇ ਵਿਦਿਆਰਥੀ ਨੂੰ ਕੱਢਿਆ ਗਿਆ? ਪ੍ਰੋ. ਰਵੀਕਾਂਤ ਨੇ ਤਾਂ ਮੁਆਫੀ ਵੀ ਮੰਗ ਲਈ, ਕੀ ਇਹ ਕਾਫੀ ਨਹੀਂ ਸੀ? ਫਿਰ ਵੀ ਉਹਨੂੰ ਡਰਾਇਆ ਜਾ ਰਿਹਾ ਹੈ।
ਰਤਨ ਲਾਲ ਦੇ ਪਰਿਵਾਰ ਨੂੰ ਗਾਲ੍ਹਾਂ ਕੱਢੀਆਂ ਗਈਆਂ/ ਬਦਸਲੂਕੀ ਕੀਤੀ ਗਈ, ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਦੇ ਖਿਲਾਫ ਪੁਲੀਸ ਨੇ ਕੀ ਕੀਤਾ? ਅੱਜ ਹੀ ਨਹੀਂ, ਰਤਨ ਲਾਲ ਨੂੰ ਕਈਆਂ ਸਾਲਾਂ ਤੋਂ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ। ਜਾਤ ਅਧਾਰਤ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ, ਅਪਮਾਨਤ ਕੀਤਾ ਜਾਂਦਾ ਹੈ। ਵਿਦਿਆਰਥੀ ਜੀਵਨ ਤੋਂ ਹੀ ਉਹਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਰਹੀਆਂ ਹਨ। ਉਹ ਗਾਲ੍ਹਾਂ ਨੂੰ ਸਹਿੰਦਾ ਰਿਹਾ ਹੈ। ਉਹਨੂੰ, ਉਨ੍ਹਾਂ ਗੱਲਾਂ ਲਈ ਗਾਲ੍ਹਾਂ ਕੱਢੀਆਂ ਗਈਆਂ, ਜਿਸ ਲਈ ਉਹ ਦੋਸ਼ੀ ਹੀ ਨਹੀਂ ਸੀ। ਜੇ ਤੁਸੀਂ ਉਨ੍ਹਾਂ ਕੱਢੀਆਂ ਗਾਲ੍ਹਾਂ, ਕੀਤੇ ਦੁਰਵਿਵਹਾਰ ਲਈ ਪਛਤਾਵਾ ਵੀ ਕਰਦੇ ਹੋ, ਤਾਂ ਇਸ ਵਿੱਚ ਹੀ ਇੱਕ ਪੀੜ੍ਹੀ ਲੰਘ ਜਾਵੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3586)
(ਸਰੋਕਾਰ ਨਾਲ ਸੰਪਰਕ ਲਈ: