“ਇਹ ਅਪਰਾਧ ਬੋਧ ਤੁਹਾਡੇ ਉੱਤੇ ਉਸੇ ਤਰ੍ਹਾਂ ਭਾਰੀ ਪਵੇਗਾ ਜਿਵੇਂ ਅੱਜ ...”
(8 ਜੂਨ 2019)
23 ਮਈ 2019 ਵਾਲੇ ਦਿਨ ਜਦੋਂ ਨਤੀਜੇ ਆ ਰਹੇ ਸਨ, ਮੇਰੇ ਵਟਸਐਪ ਉੱਤੇ ਤਿੰਨ ਤਰ੍ਹਾਂ ਦੇ ਸੁਨੇਹੇ ਆ ਰਹੇ ਸਨ। ਪਹਿਲਾਂ ਦੋ ਤਰ੍ਹਾਂ ਦੇ ਸੁਨੇਹਿਆਂ ਦੀ ਗੱਲ ਕਰਾਂਗਾ ਅਤੇ ਅਖੀਰ ਵਿੱਚ ਤੀਜੀ ਕਿਸਮ ਦੇ ਸੁਨੇਹਿਆਂ ਦੀ। ਬਹੁਤ ਸਾਰੇ ਸੁਨੇਹੇ ਅਜਿਹੇ ਸਨ ਕਿ ਅੱਜ ਦੇਖਦੇ ਹਾਂ ਕਿ ਰਵੀਸ਼ ਕੁਮਾਰ ਦੀ ਸੁੱਜੀ ਹੈ ਜਾਂ ਨਹੀਂ। ਉਸਦਾ ਚਿਹਰਾ ਮੁਰਝਾਇਆ ਹੈ ਜਾਂ ਨਹੀਂ। ਇੱਕ ਨੇ ਲਿਖਿਆ ਕਿ ਉਹ ਰਵੀਸ਼ ਕੁਮਾਰ ਨੂੰ ਜ਼ਲੀਲ ਹੁੰਦੇ ਦੇਖਣਾ ਚਾਹੁੰਦਾ ਹੈ। ਡੁੱਬ ਕੇ ਮਰ ਜਾਣਾ ਦੇਖਣਾ ਚਾਹੁੰਦਾ ਹੈ। ਪੰਚਰ ਬਣਾਉਂਦੇ ਹੋਏ ਦੇਖਣਾ ਚਾਹੁੰਦਾ ਹੈ। ਕਿਸੇ ਨੇ ਪੁੱਛਿਆ ਕਿ ਬਰਨੌਲ ਦੀ ਟਿਊਬ ਹੈ ਜਾਂ ਭਿਜਵਾ ਦੇਈਏ। ਕਿਸੇ ਨੇ ਲਿਖਿਆ ਕਿ ਆਪਣੀ ਸ਼ਕਲ ਦੀ ਤਸਵੀਰ ਭੇਜ ਦਿਉ, ਅਸੀਂ ਵੀ ਦੇਖਣੀ ਚਾਹੁੰਦੇ ਹਾਂ।
ਮੈਂ ਸਾਰਿਆਂ ਨੂੰ ਜਿੱਤ ਦੀਆਂ ਸ਼ੁਭ ਇੱਛਾਵਾਂ ਦਿੱਤੀਆਂ। ਬਲਕਿ ਸਿੱਧੇ ਪ੍ਰਸਾਰਣ (ਲਾਈਵ ਕਵਰੇਜ) ਦੇ ਦੌਰਾਨ ਇਸ ਤਰ੍ਹਾਂ ਦੇ ਸੁਨੇਹਿਆਂ ਦਾ ਜ਼ਿਕਰ ਕੀਤਾ ਅਤੇ ਆਪਣੇ ਆਪ ’ਤੇ ਹੱਸਿਆ। ਦੂਜੀ ਕਿਸਮ ਦੇ ਸੁਨੇਹਿਆਂ ਵਿੱਚ ਇਹ ਲਿਖਿਆ ਸੀ ਕਿ ਅੱਜ ਤੋਂ ਤੁਸੀਂ ਨੌਕਰੀ ਦੀ ਸਮੱਸਿਆ, ਕਿਸਾਨਾਂ ਦਾ ਦਰਦ ਅਤੇ ਪਾਣੀ ਦੀਆਂ ਔਕੜਾਂ ਵਿਖਾਉਣੀਆਂ ਬੰਦ ਕਰ ਦਿਉ। ਇਹ ਜਨਤਾ ਇਸ ਲਾਇਕ ਹੈ। ਬੋਲਣਾ ਬੰਦ ਕਰ ਦਿਉ। ਕੀ ਤੁਹਾਨੂੰ ਨਹੀਂ ਲਗਦਾ ਕਿ ਤੁਸੀਂ ਵੀ ਰਿਜੈਕਟ ਹੋ ਗਏ ਹੋ। ਤੁਹਾਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਤੁਹਾਡੀ ਪੱਤਰਕਾਰੀ ਮੋਦੀ ਨੂੰ ਕਿਉਂ ਨਹੀਂ ਹਰਾ ਸਕੀ। ਮੈਂ ਭਰਮ-ਭੁਲੇਖੇ ਵਿੱਚ ਨਹੀਂ ਜੀਊਂਦਾ। ਇਸ ਉੱਤੇ ਵੀ ਲਿਖ ਚੁੱਕਾ ਹਾਂ ਕਿ ਬੱਕਰੀ ਪਾਲ ਲਉ ਪਰ ਭਰਮ-ਭੁਲੇਖੇ ਨਾ ਪਾਲੋ।
2019 ਵਾਲਾ ਲੋਕਾਂ ਦਾ ਫੈਸਲਾ ਮੇਰੇ ਖਿਲਾਫ ਕਿਵੇਂ ਆ ਗਿਆ? ਪੰਜਾਂ ਸਾਲਾਂ ਵਿੱਚ ਜੋ ਮੈਂ ਲਿਖਿਆ, ਬੋਲਿਆ, ਕੀ ਉਹ ਵੀ ਦਾਉ ’ਤੇ ਲੱਗ ਗਿਆ ਸੀ? ਜਿਨ੍ਹਾਂ ਲੱਖਾਂ ਲੋਕਾਂ ਦਾ ਦਰਦ/ਪੀੜ ਅਸੀਂ ਵਿਖਾਈ ਕੀ ਉਹ ਗਲਤ ਸੀ? ਮੈਂਨੂੰ ਪਤਾ ਸੀ ਕਿ ਨੌਜਵਾਨ, ਕਿਸਾਨ ਅਤੇ ਬੈਂਕਾਂ ਵਿੱਚ ਗੁਲਾਮਾਂ ਵਾਂਗ ਕੰਮ ਕਰਨ ਵਾਲੇ ਲੋਕ ਭਾਜਪਾ ਦੇ ਹਮਾਇਤੀ ਹਨ। ਉਨ੍ਹਾਂ ਨੇ ਕਦੇ ਮੇਰੇ ਨਾਲ ਝੂਠ ਨਹੀਂ ਬੋਲਿਆ, ਸਾਰਿਆਂ ਨੇ ਹੀ ਪਹਿਲਾਂ ਜਾਂ ਬਾਅਦ ਵਿੱਚ ਇਹ ਹੀ ਦੱਸਿਆ ਕਿ ਉਹ ਨਰਿੰਦਰ ਮੋਦੀ ਦੇ ਸਮਰਥਕ ਹਨ। ਇਸ ਅਧਾਰ ’ਤੇ ਮੈਂ ਉਨ੍ਹਾਂ ਦੀ ਸਮੱਸਿਆ ਨੂੰ ਰੱਦ ਨਹੀਂ ਕੀਤਾ ਕਿ ਉਹ ਨਰਿੰਦਰ ਮੋਦੀ ਦੇ ਸਮਰਥਕ ਹਨ। ਉਨ੍ਹਾਂ ਦੀ ਸਮੱਸਿਆ ਯਥਾਰਥਕ/ਸੱਚੀ ਸੀ ਇਸ ਕਰਕੇ ਵਿਖਾਈ। ਅੱਜ ਇੱਕ ਵੀ ਸੰਸਦ ਮੈਂਬਰ ਨਹੀਂ ਕਹਿ ਸਕਦਾ ਕਿ ਉਸਨੇ ਪੰਜਾਹ ਹਜ਼ਾਰ ਤੋਂ ਵੱਧ ਲੋਕਾਂ ਨੂੰ ਨਿਯੁਕਤੀ ਪੱਤਰ ਦੁਆਏ ਹਨ। ਮੇਰੇ ਵਲੋਂ ਕੀਤੀ ਨੌਕਰੀ ਸੀਰੀਜ਼ ਦੇ ਸਿੱਟੇ ਵਜੋਂ ਦਿੱਲੀ ਤੋਂ ਲੈ ਕੇ ਬਿਹਾਰ ਤੱਕ ਲੋਕਾਂ ਨੂੰ ਨਿਯੁਕਤੀ ਪੱਤਰ ਮਿਲੇ ਹਨ। ਕਈ ਪ੍ਰੀਖਿਆਵਾਂ ਦੇ ਨਤੀਜੇ ਨਿਕਲੇ। ਉਨ੍ਹਾਂ ਵਿੱਚੋਂ ਬਹੁਤਿਆਂ ਨੇ ਨਿਯੁਕਤੀ ਪੱਤਰ ਮਿਲਣ ’ਤੇ ਮੁਆਫੀ ਮੰਗੀ ਕਿ ਪਹਿਲਾਂ ਉਹ ਮੈਂਨੂੰ ਗਾਲ੍ਹਾਂ ਦਿੰਦੇ ਸਨ। ਮੇਰੇ ਕੋਲ ਸੈਂਕੜਿਆਂ ਦੀ ਗਿਣਤੀ ਵਿੱਚ ਚਿੱਠੀਆਂ ਅਤੇ ਸੁਨੇਹਿਆਂ ਦੇ ਸਕਰੀਨ ਸ਼ਾਟ ਪਏ ਹਨ ਜਿਨ੍ਹਾਂ ਵਿੱਚ ਲੋਕਾਂ ਨੇ ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਗਾਲ੍ਹਾਂ ਦੇਣ ਲਈ ਮੁਆਫੀ ਮੰਗੀ ਹੈ। ਇਨ੍ਹਾਂ ਵਿੱਚੋਂ ਕੋਈ ਇੱਕ ਵੀ ਇਹ ਸਬੂਤ ਨਹੀਂ ਦੇ ਸਕਦਾ ਕਿ ਮੈਂ ਕਿਸੇ ਨੂੰ ਵੀ ਮੋਦੀ ਨੂੰ ਵੋਟ ਨਾ ਦੇਣ ਵਾਸਤੇ ਕਿਹਾ ਹੋਵੇ। ਇਹ ਜ਼ਰੂਰ ਕਿਹਾ ਕਿ ਵੋਟ ਆਪਣੀ ਮਰਜ਼ੀ ਨਾਲ ਦਿਉ ਅਤੇ ਵੋਟ ਦੇਣ ਤੋਂ ਬਾਅਦ ਨਾਗਰਿਕ ਬਣ ਜਾਣਾ।
ਪੰਜਾਹ ਹਜ਼ਾਰ ਤੋਂ ਵੱਧ ਨਿਯੁਕਤੀ ਪੱਤਰਾਂ ਦੀ ਕਾਮਯਾਬੀ ਉਹ ਕਾਮਯਾਬੀ ਹੈ ਜੋ ਮੈਂ ਮੋਦੀ ਸਮਰਥਕਾਂ ਵਲੋਂ ਜ਼ਲੀਲ ਕੀਤੇ ਜਾਣ ਵਾਲੇ ਪਲ ਵਿੱਚ ਵੀ ਸੀਨੇ ਉੱਤੇ ਤਮਗੇ ਵਾਂਗ ਲਾਈ ਰੱਖਾਂਗਾ ਕਿਉਂਕਿ ਉਹ ਮੈਂਨੂੰ ਨਹੀਂ, ਉਨ੍ਹਾਂ ਮੋਦੀ ਸਮਰਥਕਾਂ ਨੂੰ ਹੀ ਜ਼ਲੀਲ ਕਰਨਗੇ ਜਿਨ੍ਹਾਂ ਨੇ ਆਪਣੀ ਸਮੱਸਿਆ ਵਾਸਤੇ ਮੇਰੇ ਨਾਲ ਸੰਪਰਕ ਕੀਤਾ ਸੀ। ਨੌਕਰੀ ਸੀਰੀਜ਼ ਦਾ ਹੀ ਦਬਾਉ ਸੀ ਕਿ ਜਿਵੇਂ ਨਰਿੰਦਰ ਮੋਦੀ ਦੀ ਭਾਰੀ ਬਹੁਮੱਤ ਵਾਲੀ ਸਰਕਾਰ ਨੂੰ ਰੇਲਵੇ ਅੰਦਰ ਲੱਖਾਂ ਨੌਕਰੀਆਂ ਕੱਢਣੀਆਂ ਪਈਆਂ। ਇਹਨੂੰ ਮੁੱਦਾ ਬਣਵਾ ਦਿੱਤਾ। ਨਹੀਂ ਤਾਂ ਤੁਸੀਂ ਦੇਖ ਲਉ ਕਿ ਪੂਰੇ ਪੰਜ ਸਾਲਾਂ ਵਿੱਚ ਰੇਲਵੇ ਅੰਦਰ ਕਿੰਨੀਆਂ ਵੇਕੈਂਸੀਆਂ ਆਈਆਂ ਅਤੇ ਆਖਰੀ ਸਾਲ ਵਿੱਚ ਕਿੰਨੀਆਂ ਵੇਕੈਂਸੀਆਂ ਆਈਆਂ।
ਕੀ ਇਸਦੀ ਮੰਗ ਗੋਦੀ ਮੀਡੀਆ ਕਰ ਰਿਹਾ ਸੀ ਜਾਂ ਰਵੀਸ਼ ਕੁਮਾਰ ਕਰ ਰਿਹਾ ਸੀ? ਪਰਾਈਮ ਟਾਈਮ ਵਿੱਚ ਮੇਰੇ ਵਲੋਂ ਇਹ ਵਿਖਾਇਆ ਗਿਆ। ਰੇਲ ਸੀਰੀਜ਼ ਦੇ ਅਧੀਨ ਸੁਤੰਤਰਤਾ ਸੈਨਾਨੀ ਐਕਸਪ੍ਰੈੱਸ ਵਰਗੀ ਰੇਲਗੱਡੀ ਨੂੰ ਕੁਝ ਵਕਤ ਲਈ ਠੀਕ ਸਮੇਂ ’ਤੇ ਚਲਵਾ ਦੇਣਾ ਕੀ ਮੋਦੀ ਦਾ ਵਿਰੋਧ ਸੀ? ਕੀ ਬਿਹਾਰ ਦੇ ਕਾਲਜਾਂ ਵਿੱਚ ਤਿੰਨ ਸਾਲ ਦੇ ਸਮੇਂ ਅੰਦਰ ਹੋਣ ਵਾਲੀ ਬੀ.ਏ. ਵਿੱਚ ਪੰਜ ਸਾਲ ਤੋਂ ਫਸੇ ਨੌਜਵਾਨਾਂ ਦੀ ਗੱਲ ਕਰਨੀ ਮੋਦੀ ਦਾ ਵਿਰੋਧ ਸੀ?
ਇਨ੍ਹਾਂ ਪੰਜ ਸਾਲਾਂ ਵਿੱਚ ਕਰੋੜਾਂ ਲੋਕਾਂ ਨੇ ਮੈਂਨੂੰ ਪੜ੍ਹਿਆ। ਹਜ਼ਾਰਾਂ ਦੀ ਗਿਣਤੀ ਵਿੱਚ ਆ ਕੇ ਮੈਂਨੂੰ ਸੁਣਿਆ, ਟੈਲੀਵੀਜ਼ਨ ’ਤੇ ਦੇਖਿਆ। ਬਾਹਰ ਮਿਲਿਆ ਤਾਂ ਗਲਵੱਕੜੀਆਂ ਪਾਈਆਂ, ਪਿਆਰ ਦਿੱਤਾ। ਉਨ੍ਹਾਂ ਵਿੱਚ ਨਰਿੰਦਰ ਮੋਦੀ ਦੇ ਸਮਰਥਕ ਵੀ ਸਨ। ਸੰਘ ਦੇ ਲੋਕ ਵੀ ਸਨ ਤੇ ਵਿਰੋਧੀ ਧਿਰ ਦੇ ਵੀ। ਬੀ ਜੇ ਪੀ ਦੇ ਲੋਕ ਵੀ ਸਨ ਪਰ ਉਹ ਚੁੱਪਚਾਪ ਵਧਾਈ ਦਿੰਦੇ ਸਨ। ਮੈਂ ਇੱਕ ਚੀਜ਼ ਸਮਝੀ ਕਿ ਮੋਦੀ ਦਾ ਸਮਰਥਕ ਹੋਵੇ ਜਾਂ ਵਿਰੋਧੀ ਉਹ ਗੋਦੀ ਮੀਡੀਆ ਅਤੇ ਪੱਤਰਕਾਰੀ ਵਿੱਚ ਫਰਕ ਕਰਦਾ ਹੈ। ਕਿਉਂਕਿ ਗੋਦੀ ਮੀਡੀਆ ਵਾਲੇ ਐਂਕਰ ਮੋਦੀ ਦੀ ਲੋਕਾਂ ਵਿੱਚ ਬਣੀ ਭੱਲ ਦੀ ਆੜ ਦੇ ਓਹਲੇ ਮੇਰੇ ਉੱਤੇ ਹਮਲਾ ਕਰਦੇ ਹਨ ਇਸ ਕਰਕੇ ਮੋਦੀ ਦੇ ਸਮਰਥਕ ਚੁੱਪ ਹੋ ਜਾਂਦੇ ਹਨ। ਭਾਰਤ ਵਰਗੇ ਦੇਸ਼ ਵਿੱਚ ਈਮਾਨਦਾਰ ਅਤੇ ਨੈਤਿਕ ਹੋਣ ਵਾਲਾ ਸਮਾਜਿਕ ਅਤੇ ਸੰਸਥਾਗਤ ਢਾਂਚਾ ਨਹੀਂ ਹੈ। ਇੱਥੇ ਈਮਾਨਦਾਰ ਹੋਣ ਦੀ ਲੜਾਈ ਇਕੱਲਿਆਂ ਹੀ ਲੜਨੀ ਪੈਂਦੀ ਹੈ ਅਤੇ ਹਾਰਨ ਵਾਲੀ ਹੁੰਦੀ ਹੈ। ਲੋਕ ਟਿੱਚਰਾਂ ਕਰਦੇ ਹਨ ਕਿ ਕਿੱਥੇ ਗਿਆ ਸੱਚ-ਪੁੱਤਰ ਰਵੀਸ਼ ਕੁਮਾਰ। ਕਿੱਥੇ ਗਿਆ ਪੱਤਰਕਾਰੀ ਦੀ ਗੱਲ ਕਰਨ ਵਾਲਾ ਰਵੀਸ਼ ਕੁਮਾਰ। ਮੇਰੇ ਵਿੱਚ ਘਾਟਾਂ ਹਨ। ਮੈਂ ਆਦਰਸ਼ ਨਹੀਂ ਹਾਂ। ਕਦੇ ਦਾਅਵਾ ਨਹੀਂ ਕੀਤਾ, ਪਰ ਜਦੋਂ ਤੁਸੀਂ ਇਹ ਕਹਿੰਦੇ ਹੋ ਤਾਂ ਤੁਸੀਂ ਪੱਤਰਕਾਰੀ ਦੀਆਂ ਉਨ੍ਹਾਂ ਹੀ ਕਦਰਾਂ-ਕੀਮਤਾਂ ਨੂੰ ਦੁਹਰਾ ਰਹੇ ਹੁੰਦੇ ਹੋ ਜਿਹੜੀ ਗੱਲ ਮੈਂ ਕਹਿੰਦਾ ਹਾਂ ਜਾਂ ਮੇਰੇ ਵਰਗੇ ਕਈ ਪੱਤਰਕਾਰ ਕਹਿੰਦੇ ਹਨ।
ਮੈਂਨੂੰ ਪਤਾ ਸੀ ਕਿ ਮੈਂ ਆਪਣੇ ਪੇਸ਼ੇ ਅੰਦਰ ਹਾਰਨ ਵਾਲੀ ਲੜਾਈ ਲੜ ਰਿਹਾ ਹਾਂ। ਇੰਨੀ ਵੱਡੀ ਸੱਤਾ ਅਤੇ ਕਾਰਪੋਰੇਟ ਦੀ ਭਾਰੀ ਪੂੰਜੀ ਦੇ ਖਿਲਾਫ ਲੜਨ ਦੀ ਤਾਕਤ ਤਾਂ ਸਿਰਫ ਗਾਂਧੀ ਵਿੱਚ ਸੀ। ਪਰ ਜਦੋਂ ਲੱਗਿਆ ਕਿ ਮੇਰੇ ਵਰਗੇ ਕਈ ਪੱਤਰਕਾਰ ਆਜ਼ਾਦ ਰੂਪ ਵਿੱਚ ਘੱਟ ਆਮਦਨੀ ਉੱਤੇ ਪੱਤਰਕਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਦੋਂ ਲੱਗਾ ਕਿ ਮੈਂਨੂੰ ਕੁਝ ਜ਼ਿਆਦਾ ਕਰਨਾ ਚਾਹੀਦਾ ਹੈ। ਮੈਂ ਹਿੰਦੀ ਦੇ ਪਾਠਕਾਂ ਵਾਸਤੇ ਹਰ ਸਵੇਰ ਅੰਗਰੇਜ਼ੀ ਤੋਂ ਅਨੁਵਾਦ ਕਰਕੇ ਮੋਦੀ ਦੇ ਵਿਰੋਧ ਕਰਨ ਲਈ ਨਹੀਂ ਲਿਖਿਆ ਸੀ ਸਗੋਂ ਇਸ ਖੁਸ਼ਫਹਿਮੀ ਵਿੱਚ ਲਿਖਿਆ ਸੀ ਕਿ ਹਿੰਦੀ ਦਾ ਪਾਠਕ ਸਮਰੱਥ ਹੋਵੇ। ਇਸ ਵਾਸਤੇ ਬਹੁਤ ਘੰਟਿਆਂ ਦਾ ਸਮਾਂ ਲਾਇਆ। ਮੈਂਨੂੰ ਬਿਲਕੁਲ ਪਤਾ ਸੀ ਕਿ ਇਹ ਸਾਰਾ ਕੁਝ ਲੰਬੇ ਸਮੇਂ ਤੱਕ ਮੈਂ ਇਕੱਲਾ ਨਹੀਂ ਕਰ ਸਕਦਾ। ਮੋਦੀ ਵਿਰੋਧ ਦਾ ਜਨੂੰਨ ਨਹੀਂ ਸੀ। ਆਪਣੇ ਪੇਸ਼ੇ ਨਾਲ ਬਹੁਤਾ ਹੀ ਪ੍ਰੇਮ ਸੀ ਇਸ ਕਰਕੇ ਦਾਅ ’ਤੇ ਲਾ ਦਿੱਤਾ। ਆਪਣੇ ਪੇਸ਼ੇ ’ਤੇ ਸਵਾਲ ਖੜ੍ਹੇ ਕਰਨ ਦਾ ਖਤਰਾ ਸੀ ਆਪਣੇ ਵਾਸਤੇ ਰੋਜ਼ਗਾਰ ਦਾ ਮੌਕਾ ਗੁਆ ਦੇਣਾ। ਫਿਰ ਵੀ ਜੀਵਨ ਵਿੱਚ ਕੁਝ ਸਮੇਂ ਵਾਸਤੇ ਇਹ ਕੁਝ ਕਰਕੇ ਦੇਖ ਲਿਆ। ਇਸਦਾ ਆਪਣੀ ਕਿਸਮ ਦਾ ਤਣਾਉ ਹੁੰਦਾ ਹੈ, ਖਤਰਾ ਹੁੰਦਾ ਹੈ ਪਰ ਜੋ ਸਿੱਖਦਾ ਹੈ ਉਹ ਦੁਰਲੱਭ ਹੈ। ਮੁੱਲ ਵੱਟ ਕੇ ਭਾੜੇ ਦੇ ਸਵਾਲ ਪੁੱਛ ਕੇ ਮੈਂ ਮੋਦੀ ਸਮਰਥਕਾਂ ਵਿੱਚ ਛੁਪ ਸਕਦਾ ਹਾਂ ਪ੍ਰੰਤੂ ਆਪਣੇ ਪਾਠਕਾਂ ਦੇ ਸਾਹਮਣੇ ਨਹੀਂ ਆ ਸਕਦਾ।
ਮੈਂ ਹਰ ਹਾਲਤ ਵਿੱਚ ਤੁਹਾਡੇ ਸਾਹਮਣੇ ਆ ਕੇ ਫਿਰਕਾਪ੍ਰਸਤੀ ਦੇ ਖਿਲਾਫ ਬੋਲਿਆ। ਅੱਜ ਵੀ ਬੋਲਾਂਗਾ। ਤੁਹਾਡੇ ਅੰਦਰ ਧਾਰਮਕ ਅਤੇ ਜਾਤ-ਪਾਤੀ ਪਹਿਲਾਂ ਤੋਂ ਬਣਾਈਆਂ ਹੋਈਆ ਧਾਰਨਾਵਾਂ ਬੈਠੀਆਂ ਹਨ। ਤੁਸੀਂ ਮਸ਼ੀਨ ਬਣਦੇ ਜਾ ਰਹੇ ਹੋ। ਮੈਂ ਫਿਰ ਤੋਂ ਕਹਿੰਦਾ ਹਾਂ ਕਿ ਪੱਕ ਗਈਆਂ ਧਾਰਮਿਕ ਅਤੇ ਜਾਤ-ਪਾਤੀ ਧਾਰਨਾਵਾਂ ਨਾਲ ਬੱਝੀ ਫਿਰਕਾਪ੍ਰਸਤੀ ਇੱਕ ਦਿਨ ਤੁਹਾਨੂੰ ਮਨੁੱਖੀ ਬੰਬ ਵਿੱਚ ਬਦਲ ਦੇਵੇਗੀ। ਸਟੂਡੀਉ ਵਿੱਚ ਨੱਚਦੇ ਐਂਕਰਾਂ ਨੂੰ ਦੇਖ ਕੇ ਤੁਹਾਨੂੰ ਵੀ ਲਗਦਾ ਹੋਵੇਗਾ ਕਿ ਇਹ ਤਾਂ ਪੱਤਰਕਾਰੀ ਨਹੀਂ ਹੈ। ਬੈਂਕਾਂ ਵਿੱਚ ਗੁਲਾਮਾਂ ਵਾਂਗ ਕੰਮ ਕਰਨ ਵਾਲੀਆਂ ਸੈਂਕੜਿਆਂ ਦੀ ਗਿਣਤੀ ਵਿੱਚ ਔਰਤ ਅਫਸਰਾਂ (ਗਰਭਵਤੀ-ਅਨੁ:) ਨੇ ਆਪਣੇ ਗਰਭ ਡਿਗ ਪੈਣ ਤੋਂ ਲੈ ਕੇ ਸ਼ੌਚਾਲਿਆ (ਟੱਟੀਖਾਨੇ) ਦਾ ਭੈਅ ਵਿਖਾ ਕੇ ਕੰਮ ਕਰਵਾਉਣ ਦੇ ਖ਼ਤ ਕੀ ਮੈਥੋਂ ਮੋਦੀ ਦਾ ਵਿਰੋਧ ਕਰਵਾਉਣ ਲਈ ਲਿਖੇ ਸਨ? ਉਨ੍ਹਾਂ ਦੇ ਖ਼ਤ ਅੱਜ ਵੀ ਮੇਰੇ ਕੋਲ ਪਏ ਹਨ। ਮੈਂ ਉਨ੍ਹਾਂ ਦੀ ਸਮੱਸਿਆ ਲਈ ਆਵਾਜ਼ ਉਠਾਈ ਅਤੇ ਬੈਂਕਾਂ ਦੀਆਂ ਕਈ ਸ਼ਾਖਾਵਾਂ ਅੰਦਰ ਔਰਤਾਂ ਵਾਸਤੇ ਅਲੱਗ ਤੋਂ (ਸ਼ੌਚਾਲੇ) ਟੱਟੀਆਂ ਬਣੀਆਂ। ਮੈਂ ਮੋਦੀ ਦਾ ਏਜੰਡਾ ਨਹੀਂ ਚਲਾਇਆ। ਉਹ ਮੇਰਾ ਕੰਮ ਨਹੀਂ ਸੀ। ਜੇ ਤੁਸੀਂ ਮੇਥੋਂ ਇਹ ਹੀ ਉਮੀਦ ਕਰਦੇ ਤਾਂ ਵੀ ਇਹ ਹੀ ਕਹਾਂਗਾ ਕਿ ਇੱਕ ਵਾਰ ਨਹੀਂ ਸੌ ਵਾਰ ਸੋਚ ਲਵੋ।
ਪੱਤਰਕਾਰੀ ਦੇ ਅੰਦਰ ਵੀ ਜਰੂਰ ਅਤੀਤ ਦੇ ਗੁਨਾਹਾਂ ਦੀਆਂ ਯਾਦਾਂ ਹਨ, ਜਿਨ੍ਹਾਂ ਨੂੰ ਮੋਦੀ ਵਕਤ-ਬੇਵਕਤ ਪ੍ਰਚਾਰਦੇ ਰਹਿੰਦੇ ਹਨ। ਪ੍ਰੰਤੂ ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਸਮੇਂ ਦੀ ਪੱਤਰਕਾਰੀ ਦਾ ਮਾਡਲ ਵੀ ਅਤੀਤ ਦੇ ਗੁਨਾਹਾਂ ’ਤੇ ਹੀ ਅਧਾਰਤ ਹੈ। ਮੈਂ ਨਹੀਂ ਮੰਨਦਾ ਕਿ ਪੱਤਰਕਾਰੀ ਹਾਰੀ ਹੈ। ਪੱਤਰਕਾਰੀ ਖਤਮ ਹੋ ਜਾਵੇਗੀ ਇਹ ਵੱਖਰੀ ਗੱਲ ਹੈ। ਜਦੋਂ ਪੱਤਰਕਾਰੀ ਬਚੀ ਹੀ ਨਹੀਂ ਹੈ ਤਾਂ ਤੁਸੀਂ ਪੱਤਰਕਾਰੀ ਵਾਸਤੇ ਮੇਰੇ ਵੱਲ ਹੀ ਕਿਉਂ ਦੇਖ ਰਹੇ ਹੋ। ਕੀ ਤੁਸੀਂ ਸੰਪੂਰਨ ਖਾਤਮੇ ਦਾ ਸੰਕਲਪ ਲਿਆ ਹੈ। ਜਦੋਂ ਮੈਂ ਆਪਣੀ ਗੱਲ ਕਰਦਾ ਹਾਂ ਤਾਂ ਉਸ ਵਿੱਚ ਉਨ੍ਹਾਂ ਸਾਰੇ ਪੱਤਰਕਾਰਾਂ ਦੀਆਂ ਵੀ ਗੱਲਾਂ ਹਨ ਜੋ ਸੰਘਰਸ਼ ਕਰ ਰਹੇ ਹਨ। ਇਹ ਸੱਚ ਹੈ ਕਿ ਪੱਤਰਕਾਰੀ ਦੇ ਸੰਸਥਾਨਾਂ ਵਿੱਚ ਜੁੜ ਬੈਠੇ ਅਨੈਤਿਕ ਤੱਤਾਂ ਦੇ ਕਾਰਨ ਪੱਤਰਕਾਰੀ ਸਮਾਪਤ ਹੋ ਚੁੱਕੀ ਹੈ। ਉਸਦਾ ਬਚਾਅ ਇੱਕ ਵਿਅਕਤੀ ਨਹੀਂ ਕਰ ਸਕਦਾ। ਅਜਿਹੇ ਸਮੇਂ ਸਾਡੇ ਵਰਗੇ ਲੋਕ ਕੀ ਕਰ ਲੈਣਗੇ। ਫਿਰ ਵੀ ਅਜਿਹੇ ਕਾਰਜ ਨੂੰ ਸਿਰਫ ਮੋਦੀ ਵਿਰੋਧ ਦੀਆਂ ਐਨਕਾਂ ਵਿੱਚੋਂ ਦੇਖਣਾ ਠੀਕ ਨਹੀਂ ਹੋਵੇਗਾ। ਇਹ ਆਪਣੇ ਪੇਸ਼ੇ ਦੇ ਅੰਦਰ ਆਏ ਨਿਘਾਰ ਦਾ ਵਿਰੋਧ ਵੱਧ ਹੈ। ਇਹ ਗੱਲ ਮੋਦੀ ਸਮਰਥਕਾਂ ਨੂੰ ਇਸ ਦੌਰ ਵਿੱਚ ਸਮਝਣੀ ਹੋਵੇਗੀ। ਮੋਦੀ ਦੀ ਹਮਾਇਤ ਵੱਖਰੀ ਗੱਲ ਹੈ। ਚੰਗੀ ਪੱਤਰਕਾਰੀ ਦਾ ਸਮਰਥਨ ਅਲੱਗ ਹੈ। ਮੋਦੀ ਦੇ ਸਮਰਥਕਾਂ ਨੂੰ ਵੀ ਅਪੀਲ ਜਰੂਰ ਕਰਾਂਗਾ ਕਿ ਤੁਸੀਂ ਗੋਦੀ ਮੀਡੀਆ ਦੇ ਚੈਨਲ ਦੇਖਣੇ ਬੰਦ ਕਰ ਦਿਉ, ਅਖਬਾਰ ਪੜ੍ਹਨਾ ਬੰਦ ਕਰ ਦਿਉ। ਇਸ ਤੋਂ ਬਗੈਰ ਵੀ ਮੋਦੀ ਦੀ ਹਮਾਇਤ ਕਰਨੀ ਮੁਮਕਿਨ ਹੈ।
ਦੇਖੋ, 23 ਮਈ 2019 ਨੂੰ ਆਈ ਹਨੇਰੀ ਲੰਘ ਗਈ ਹੈ, ਪਰ ਹਵਾ ਅਜੇ ਵੀ ਤੇਜ਼ ਚੱਲ ਰਹੀ ਹੈ। ਨਰਿੰਦਰ ਮੋਦੀ ਨੇ ਭਾਰਤ ਦੀ ਜਨਤਾ ਦੇ ਦਿਲ-ਦਿਮਾਗ ’ਤੇ ਇਕੱਲਿਆਂ ਹੀ ਰਾਜ ਕਾਇਮ ਕਰ ਲਿਆ ਹੈ। 2014 ਵਿੱਚ ਉਨ੍ਹਾਂ ਨੂੰ ਮਨ ਤੋਂ ਵੋਟ ਮਿਲਿਆ ਸੀ, 2019 ਵਿੱਚ ਤਨ ਅਤੇ ਮਨ ਤੋਂ ਵੋਟ ਮਿਲਿਆ ਹੈ। ਤਨ ’ਤੇ ਆਈਆਂ ਸਾਰੀਆਂ ਮੁਸੀਬਤਾਂ ਨੂੰ ਝੱਲਦੇ ਹੋਏ ਲੋਕਾਂ ਨੇ ਮਨ ਤੋਂ ਵੋਟ ਦਿੱਤਾ ਹੈ। ਉਨ੍ਹਾਂ ਦੀ ਇਸ ਜਿੱਤ ਨੂੰ ਉਦਾਰਤਾ ਨਾਲ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਮੈਂ ਵੀ ਕਰਦਾ ਹਾਂ। ਜਨਤਾ ਨੂੰ ਠੁਕਰਾ ਕੇ ਤੁਸੀਂ ਲੋਕਤੰਤਰੀ ਨਹੀਂ ਹੋ ਸਕਦੇ। ਉਸ ਖੁਸ਼ੀ ਵਿੱਚ ਭਵਿੱਖ ਦੇ ਖਤਰੇ ਵੇਖੇ ਜਾ ਸਕਦੇ ਹਨ। ਉਸ ਨੂੰ ਦੇਖਣ/ ਸਮਝਣ ਵਾਸਤੇ ਵੀ ਤੁਹਾਨੂੰ ਸ਼ਾਮਲ ਹੋਣਾ ਪਵੇਗਾ ਕਿ ਉਹ ਕਿਹੜੀ ਗੱਲ ਹੈ ਜੋ ਲੋਕਾਂ ਨੂੰ ਮੋਦੀ ਬਣਾਉਂਦੀ ਹੈ। ਲੋਕਾਂ ਨੂੰ ਮੋਦੀ ਬਣਾਉਣ ਦਾ ਮਤਲਬ ਹੈ ਆਪਣੇ ਨੇਤਾ ਨਾਲ ਇਕਮਿੱਕ ਹੋ ਜਾਣਾ। ਇੱਕ ਤਰ੍ਹਾਂ ਨਾਲ ਵਿਲੀਨ ਹੋ ਜਾਣਾ। ਇਹ ਅੰਨ੍ਹੀ ਭਗਤੀ ਕਹੀ ਜਾ ਸਕਦੀ ਹੈ ਅਤੇ ਇਸ ਨੂੰ ਭਗਤੀ ਦੀ ਉੱਚਤਮ ਅਵਸਥਾ ਵਜੋਂ ਵੀ ਦੇਖਿਆ ਜਾਣਾ ਚਾਹੀਦਾ ਹੈ। ਮੋਦੀ ਵਾਸਤੇ ਲੋਕਾਂ ਦਾ ਮੋਦੀ ਬਣ ਜਾਣਾ ਉਸ ਉੱਚਤਮ ਅਵਸਥਾ ਦਾ ਪ੍ਰਤੀਕ ਹੈ। ਘਰ, ਘਰ ਮੋਦੀ ਦੀ ਥਾਂ ਤੁਸੀਂ ਜਨ-ਜਨ ਮੋਦੀ ਵੀ ਕਹਿ ਸਕਦੇ ਹੋ।
ਮੈਂ ਹਮੇਸ਼ਾ ਤੋਂ ਕਹਿੰਦਾ ਰਿਹਾ ਹਾਂ ਕਿ 2014 ਦੇ ਬਾਅਦ ਤੋਂ ਇਸ ਦੇਸ਼ ਦੇ ਭੂਤਕਾਲ ਅਤੇ ਭਵਿੱਖ ਨੂੰ ਸਮਝਣ ਦੇ ਸੰਦਰਭ ਬਿੰਦੂ (ਰੈਫਰੈਂਸ ਪੁਆਇੰਟ) ਬਦਲ ਗਏ ਹਨ। ਚੋਣਾਂ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਨਵੇਂ ਭਾਰਤ ਦੀ ਗੱਲ ਕਰਨ ਲੱਗ ਪਏ ਸਨ। ਉਹ ਨਵਾਂ ਭਾਰਤ ਉਨ੍ਹਾਂ ਦੀ ਸੋਚ ਦਾ ਭਾਰਤ ਬਣ ਗਿਆ ਹੈ। ਲੋਕਾਂ ਵਲੋਂ ਦਿੱਤੇ ਹਰ ਫੈਸਲੇ ਅੰਦਰ ਸੰਭਾਵਨਾਵਾਂ ਅਤੇ ਸ਼ੰਕਾਵਾਂ ਹੁੰਦੀਆਂ ਹਨ। ਇਸ ਤੋਂ ਬਿਨਾਂ ਕੋਈ ਲੋਕ ਫਤਵਾ ਨਹੀਂ ਹੁੰਦਾ। ਲੋਕਾਂ ਨੇ ਜੇ ਬਹੁਤ ਸਾਰੀਆਂ ਸ਼ੰਕਾਵਾਂ ਦੇ ਹੁੰਦੇ ਹੋਏ ਇੱਕ ਸੰਭਾਵਨਾ ਨੂੰ ਚੁਣਿਆ ਹੈ ਤਾਂ ਇਸਦਾ ਮਤਲਬ ਹੈ ਕਿ ਉਨ੍ਹਾਂ ਦੇ ਅੰਦਰ ਉਨ੍ਹਾਂ ਸ਼ੰਕਾਵਾਂ ਨਾਲ ਨਿਪਟਣ ਜੋਗਾ ਹੌਸਲਾ ਵੀ ਹੈ। ਉਹ ਡਰੇ ਹੋਏ ਨਹੀਂ ਹਨ। ਨਾ ਤਾਂ ਇਹ ਡਰ ਵਾਲਾ ਲੋਕ ਫਤਵਾ ਹੈ ਅਤੇ ਨਾ ਹੀ ਲੋਕਾਂ ਵਲੋਂ ਦਿੱਤੇ ਇਸ ਫੈਸਲੇ ਤੋਂ ਭੈਅ-ਭੀਤ ਹੋਣਾ ਚਾਹੀਦਾ ਹੈ।
ਇਤਿਹਾਸਕ ਕਾਰਨਾਂ ਕਰਕੇ ਜਨਤਾ ਦੇ ਅੰਦਰ ਕਈ ਸੰਦਰਭ ਬਿੰਦੂ ਉੱਭਰ ਰਹੇ ਹਨ। ਦਹਾਕਿਆਂ ਤੱਕ ਇਸ ਨੂੰ ਉਨ੍ਹਾਂ ਨੇ ਅਸੰਤੋਸ਼ ਦੇ ਰੂਪ ਵਿੱਚ ਦੇਖਿਆ ਹੈ। ਬਹੁਤ ਦੇਰ ਬਾਅਦ ਉਹ ਆਪਣੀ ਅਦਲ-ਬਦਲ ਦੀ ਬੇਚੈਨੀ ਤੋਂ ਉਕਤਾ ਗਈ। ਉਸਨੇ ਇਸ ਵਿਚਾਰ ਨੂੰ ਫੜ ਲਿਆ ਜਿੱਥੇ ਅਤੀਤ ਦੀਆਂ ਅਨੈਤਿਕਤਾਵਾਂ ਬਾਰੇ ਸਵਾਲ ਪਏ ਸਨ। ਜਨਤਾ ਬੀਤੇ ਦੀਆਂ ਅਸੰਤੋਸ਼ ਵਾਲੀਆਂ ਯਾਦਾਂ ਤੋਂ ਖਹਿੜਾ ਨਹੀਂ ਛੁਡਾ ਸਕੀ। ਇਸ ਵਾਰ ਅਸੰਤੋਸ਼ ਦੀ ਉਹ ਯਾਦ ਵਿਚਾਰਧਾਰਾ ਦੇ ਨਾਮ ’ਤੇ ਪ੍ਰਗਟ ਹੋ ਕੇ ਆਈ ਹੈ ਜਿਸ ਨੂੰ ਨਵਾਂ ਭਾਰਤ ਕਿਹਾ ਜਾ ਰਿਹਾ ਹੈ।
ਮੈਂ ਸਦਾ ਹੀ ਕਿਹਾ ਹੈ ਕਿ ਨਰਿੰਦਰ ਮੋਦੀ ਦਾ ਬਦਲ ਉਹ ਹੀ ਬਣੇਗਾ ਜਿਸ ਵਿੱਚ ਨੈਤਿਕ ਸ਼ਕਤੀ ਹੋਵੇਗੀ। ਤੁਸੀਂ ਮੇਰੇ ਲੇਖਾਂ ਵਿੱਚ ਸਦਾਚਾਰਕ ਤਕੜਾਈ ਦੀ ਗੱਲ ਦੇਖੋਗੇ। ਭਾਵੇਂ ਕਿ ਨਰਿੰਦਰ ਮੋਦੀ ਦੇ ਹੱਕ ਵਿੱਚ ਗੈਰ-ਸਦਾਚਾਰਕ ਸ਼ਕਤੀਆਂ ਅਤੇ ਸਾਧਨਾਂ ਦੇ ਵੱਡੇ ਭੰਡਾਰ ਹਨ ਪਰ ਜਨਤਾ ਅਤੀਤ ਦੀਆਂ ਬੇਚੈਨ ਕਰਨ ਵਾਲੀਆਂ ਯਾਦਾਂ ਨੂੰ ਗੁਣ, ਦੋਸ਼ ਵਾਂਗੂ ਦੇਖਦੀ ਹੈ, ਬਰਦਾਸ਼ਤ ਕਰ ਲੈਂਦੀ ਹੈ। ਨਰਿੰਦਰ ਮੋਦੀ ਉਸ ਬੀਤ ਗਏ ਦੇ ਅਸੰਤੋਸ਼ ਦੀਆਂ ਯਾਦਾਂ ਨੂੰ ਜੀਊਂਦਾ ਰੱਖਦੇ ਹਨ। ਤੁਸੀਂ ਦੇਖੋਗੇ ਕਿ ਉਹ ਹਰ ਪਲ ਇਸ ਨੂੰ ਚਿਤਾਰਦੇ ਰਹਿੰਦੇ ਹਨ। ਜਨਤਾ ਨੂੰ ਭੂਤਕਾਲ ਦੇ ਵਰਤਮਾਨ ਵਿੱਚ ਰੱਖਦੇ ਹਨ। ਲੋਕਾਂ ਨੂੰ ਪਤਾ ਹੈ ਕਿ ਵਿਰੋਧ ਵਿੱਚ ਵੀ ਉਹ ਹੀ ਅਨੈਤਿਕ ਸ਼ਤੀਆਂ ਹਨ ਜੋ ਮੋਦੀ ਪੱਖੀ ਹਨ। ਵਿਰੋਧੀ ਧਿਰ ਨੂੰ ਲੱਗਿਆ ਕਿ ਜਨਤਾ ਅਨੈਤਿਕ ਸ਼ਕਤੀਆਂ ਵਿੱਚੋਂ ਉਸ ਨੂੰ ਚੁਣ ਲਵੇਗੀ। ਇਸ ਕਰਕੇ ਉਨ੍ਹਾਂ ਨੇ ਬਚੀਆਂ-ਖੁਚੀਆਂ ਅਨੈਤਿਕ ਸ਼ਕਤੀਆਂ ਦਾ ਹੀ ਸਹਾਰਾ ਲਿਆ। ਨਰਿੰਦਰ ਮੋਦੀ ਨੇ ਉਨ੍ਹਾਂ ਗੈਰ-ਸਦਾਚਾਰਕ ਸ਼ਕਤੀਆਂ ਨੂੰ ਵੀ ਕਮਜ਼ੋਰ ਅਤੇ ਖੋਖਲਾ ਕਰ ਦਿੱਤਾ। ਵਿਰੋਧੀ ਧਿਰਾਂ ਦੇ ਨੇਤਾ ਬੀਜੇਪੀ ਵੱਲ ਭੱਜਣ ਲੱਗੇ। ਵਿਰੋਧੀ ਧਿਰ ਆਪਣੇ ਮਨੁੱਖੀ ਅਤੇ ਆਰਥਿਕ ਸਾਧਨਾਂ ਵਲੋਂ ਵੀ ਖਾਲੀ ਹੋਣ ਲੱਗੀ। ਦੋਹਾਂ ਦਾ ਅਧਾਰ ਅਨੈਤਿਕ ਸ਼ਕਤੀਆਂ ਹੀ ਸਨ। ਪਰ ਇਸ ਹਾਲਾਤ ਨੇ ਵਿਰੋਧੀ ਧਿਰ ਵਾਸਤੇ ਨਵਾਂ ਮੌਕਾ ਪੈਦਾ ਕੀਤਾ ਕਿ ਉਹ ਚੋਣਾਂ ਦਾ ਫਿਕਰ ਕਰਨ ਦੀ ਥਾਂ ਆਪਣੇ ਰਾਜਨੀਤਕ ਅਤੇ ਵਿਚਾਰਕ ਪੱਧਰ ਦੇ ਪੁਨਰਜੀਵਨ ਪ੍ਰਾਪਤ ਕਰਦੇ। ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।
ਵਿਰੋਧੀ ਧਿਰਾਂ ਨੂੰ ਬੀਤੇ ਵਿਚਲੇ ਅਸੰਤੋਸ਼ ਦੇ ਕਾਰਨਾਂ ਵਾਸਤੇ ਮੁਆਫੀ ਮੰਗਣੀ ਚਾਹੀਦੀ ਹੈ। ਨਵਾਂ ਭਰੋਸਾ ਦੇਣਾ ਸੀ ਕਿ ਅੱਗੇ ਵਾਸਤੇ ਅਜਿਹਾ ਨਹੀਂ ਹੋਵੇਗਾ। ਇਸ ਨੂੰ ਅੱਗੇ ਤੋਰਨ ਵਾਸਤੇ ਤੇਜ਼ ਧੁੱਪਾਂ ਵਿੱਚ ਅੱਗੇ ਚੱਲਣਾ ਪੈਣਾ ਸੀ। ਉਨ੍ਹਾਂ ਨੇ ਇਹ ਵੀ ਨਹੀਂ ਕੀਤਾ। 2014 ਤੋਂ ਬਾਅਦ ਚਾਰ ਸਾਲ ਤੱਕ ਘਰ ਬੈਠੇ ਰਹੇ। ਜਨਤਾ ਵਿੱਚ ਜਨਤਾ ਵਾਂਗ ਨਹੀਂ ਵਿਚਰੇ। ਲੋਕਾਂ ਦੀਆਂ ਸਮੱਸਿਆਵਾਂ ਬਾਰੇ ਭਾਵਪੂਰਤ ਬੋਲੇ ਅਤੇ ਘਰ ਆ ਕੇ ਬੈਠ ਗਏ। 2019 ਆਇਆ ਤਾਂ ਉਹ ਬਚੇ-ਖੁਚੇ ਅਨੈਤਿਕ ਸ਼ਕਤੀਆਂ ਦੇ ਸਮੀਕਰਨ ਦੇ ਆਸਰੇ ਵਿਆਪਕ, ਅਨੈਤਿਕ ਜੋਰਾਵਰਾਂ ਨਾਲ ਟੱਕਰਨ ਦੀ ਖਾਹਿਸ਼ ਪਾਲ ਬੈਠੇ। ਵਿਰੋਧੀ ਧਿਰ ਨੂੰ ਸਮਝਣਾ ਚਾਹੀਦਾ ਸੀ ਕਿ ਵੱਖੋ-ਵੱਖ ਪਾਰਟੀਆਂ ਦੀ ਪ੍ਰਸੰਗਿਕਤਾ ਖਤਮ ਹੋ ਚੁੱਕੀ ਹੈ। ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਜਾਂ ਰਾਸ਼ਟਰੀ ਜਨਤਾ ਦਲ ਦੇ ਦੁਆਰਾ ਜੋ ਸਮਾਜਿਕ ਸੰਤੁਲਨ ਆਇਆ ਸੀ ਅੱਜ ਉਸਦੀ ਕੋਈ ਭੂਮਿਕਾ ਨਹੀਂ ਰਹੀ।
ਭਾਵੇਂ ਇਨ੍ਹਾਂ ਪਾਰਟੀਆਂ ਨੇ ਸਮਾਜ ਦੇ ਪਿਛੜੇ ਅਤੇ ਸੋਸ਼ਿਤ ਤਬਕਿਆਂ ਨੂੰ ਸੱਤਾ ਦਾ ਚੱਕਰ ਘੁਮਾ ਕੇ ਅੱਗੇ ਲਿਆਉਣ ਦਾ ਇਤਿਹਾਸਕ ਕੰਮ ਕੀਤਾ। ਪਰ ਇਹ ਕਾਰਜ ਕਰਦਿਆਂ ਉਹ ਹੋਰ ਪਛੜਿਆਂ ਅਤੇ ਸੋਸ਼ਿਤਾਂ/ ਲੁੱਟੇ-ਪੁੱਟੇ ਜਾਂਦਿਆਂ ਨੂੰ ਭੁੱਲ ਗਏ। ਇਨ੍ਹਾਂ ਪਾਰਟੀਆਂ ਵਿੱਚ ਉਨ੍ਹਾਂ ਦੀ ਪ੍ਰਤੀਨਿਧਤਾ ਉਸ ਤਰ੍ਹਾਂ ਹੀ ਅਰਥਹੀਣ ਹੋ ਗਈ ਜਿਵੇਂ ਬਾਕੀ ਪਾਰਟੀਆਂ ਵਿੱਚ ਹੁੰਦੀ ਹੈ। ਹੁਣ ਇਨ੍ਹਾਂ ਪਾਰਟੀਆਂ ਦੀ ਪ੍ਰਸੰਗਿਕਤਾ ਨਹੀਂ ਬਚੀ ਹੈ ਤਾਂ ਪਾਰਟੀਆਂ ਨੂੰ ਭੰਗ ਕਰਨ ਦਾ ਸਾਹਸ ਵੀ ਹੋਣਾ ਚਾਹੀਦਾ ਹੈ। ਆਪਣੀਆਂ ਪੁਰਾਣੀਆਂ ਆਸ਼ਾਵਾਂ ਨੂੰ ਛੱਡਣਾ ਚਾਹੀਦਾ ਹੈ। ਭਾਰਤ ਦੀ ਜਨਤਾ ਹੁਣ ਹੋਰ ਨਵੇਂ ਵਿਚਾਰਾਂ ਅਤੇ ਨਵੀਂ ਸਿਆਸੀ ਧਿਰ ਦਾ ਸਵਾਗਤ ਕਰੇਗੀ। ਉਦੋਂ ਤੱਕ ਇਹ ਨਰਿੰਦਰ ਮੋਦੀ ਦੇ ਵਿਚਾਰ ਨਾਲ ਚੱਲੇਗੀ।
ਸਮਾਜ ਅਤੇ ਰਾਜਨੀਤੀ ਦਾ ਹਿੰਦੂਕਰਨ ਹੋ ਗਿਆ ਹੈ। ਇਹ ਸਥਾਈ ਰੂਪ ਵਿੱਚ ਹੋਇਆ ਹੈ, ਮੈਂ ਨਹੀਂ ਮੰਨਦਾ। ਉਸ ਤਰ੍ਹਾਂ ਹੀ ਜਿਵੇਂ ਬਹੁਜਨ ਸ਼ਕਤੀਆਂ ਦਾ ਉਭਾਰ ਸਥਾਈ ਨਹੀਂ ਸੀ, ਇਸੇ ਤਰ੍ਹਾਂ ਇਹ ਵੀ ਨਹੀਂ ਹੈ। ਇਹ ਇਤਿਹਾਸ ਦਾ ਪਹੀਆ ਹੈ ਜੋ ਘੁੰਮਿਆ ਹੈ। ਜਿਵੇਂ ਮਾਇਆਵਤੀ ਸਵਰਨਾਂ (ਉੱਚ ਜਾਤੀਆਂ) ਦੇ ਸਮਰਥਨ ਨਾਲ ਮੁੱਖ ਮੰਤਰੀ ਬਣੀ ਸੀ, ਉਸੇ ਤਰ੍ਹਾਂ ਹੀ ਸੰਘ ਅੱਜ ਬਹੁਜਨਾਂ ਦੀ ਹਮਾਇਤ ਨਾਲ ਹਿੰਦੂ ਰਾਸ਼ਟਰ ਬਣਾ ਰਿਹਾ ਹੈ। ਜੋ ਸਵਰਨ ਸਨ ਉਹ ਆਪਣੀ ਜਾਤੀ ਦੀ ਪੂੰਜੀ ਲੈ ਕੇ ਕਦੇ ਸਪਾ-ਬਸਪਾ ਅਤੇ ਕਦੇ ਰਾਜਦ ਦੇ ਮੰਚਾਂ ’ਤੇ ਆਪਣਾ ਸਹਾਰਾ ਢੂੰਡ ਰਹੇ ਸਨ। ਜਦੋਂ ਉਨ੍ਹਾਂ ਦੀ ਉੱਥੇ ਪੁੱਛ-ਪ੍ਰਤੀਤ ਵਧੀ ਤਾਂ ਬਾਕੀ ਬਚਿਆ ਬਹੁਜਨ, ਸਰਵਜਨ ਦੇ ਬਣਾਏ ਮੰਚ ਵੱਲ ਚਲਾ ਗਿਆ।
ਬਹੁਜਨ ਰਾਜਨੀਤੀ ਨੇ ਕਦੋਂ ਜਾਤੀ ਦੇ ਖਿਲਾਫ ਰਾਜਨੀਤਕ ਅੰਦੋਲਨ ਚਲਾਇਆ। ਜਾਤਾਂ ਨੂੰ ਜੋੜਨ ਦੀ ਰਾਜਨੀਤੀ ਸੀ ਤਾਂ ਸੰਘ ਨੇ ਵੀ ਜਾਤਾਂ ਨੂੰ ਜੋੜਨ ਦੀ ਰਾਜਨੀਤੀ ਖੜ੍ਹੀ ਕਰ ਦਿੱਤੀ। ਭਾਵੇਂ ਖੇਤਰੀ ਪਾਰਟੀਆਂ ਨੇ ਬਾਅਦ ਵਿੱਚ ਵਿਕਾਸ ਦੀ ਰਾਜਨੀਤੀ ਵੀ ਕੀਤੀ ਅਤੇ ਕੁਝ ਹੋਰ ਕੰਮ ਵੀ ਕੀਤੇ ਪ੍ਰੰਤੂ ਕੌਮੀ ਪੱਧਰ ’ਤੇ ਆਪਣੀ ਭੂਮਿਕਾ ਨੂੰ ਹਾਈਵੇ ਬਣਾਉਣ ਤੱਕ ਸੀਮਤ ਕਰ ਗਏ। ਚੰਦਰਭਾਨ ਪ੍ਰਸਾਦ ਦੀ ਇੱਕ ਗੱਲ ਚੇਤੇ ਆਉਂਦੀ ਹੈ। ਉਹ ਕਹਿੰਦੇ ਸਨ ਕਿ ਮਾਇਆਵਤੀ ਆਰਥਕ ਮੁੱਦਿਆਂ ’ਤੇ ਕਿਉਂ ਨਹੀਂ ਬੋਲਦੀ। ਵਿਦੇਸ਼ ਨੀਤੀ ’ਤੇ ਕਿਉਂ ਨਹੀਂ ਬੋਲਦੀ। ਇਹੀ ਹਾਲ ਸਾਰੀਆਂ ਖੇਤਰੀ ਪਾਰਟੀਆਂ ਦਾ ਹੈ। ਉਹ ਆਪਣੇ ਸੂਬੇ ਦੀ ਰਾਜਨੀਤੀ ਤਾਂ ਕਰਦੇ ਹਨ ਪਰ ਦੇਸ਼ ਦੀ ਰਾਜਨੀਤੀ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ।
ਬਹੁਜਨ ਦੇ ਰੂਪ ਵਿੱਚ ਉੱਭਰਕੇ ਆਈਆਂ ਪਾਰਟੀਆਂ ਆਪਣੀ ਵਿਚਾਰਧਾਰਾ ਦੀ ਕਿਤਾਬ ਕਦੋਂ ਦੀਆਂ ਪਰਾਂਹ ਸੁੱਟ ਚੁੱਕੀਆਂ ਹਨ। ਉਨ੍ਹਾਂ ਕੋਲ ਅੰਬੇਦਕਰ ਵਰਗੇ ਸਭ ਤੋਂ ਵਧ ਤਰਕਸ਼ੀਲ ਵਿਅਕਤੀ ਹਨ, ਪ੍ਰੰਤੂ ਅੰਬੇਦਕਰ ਹੁਣ ਪ੍ਰਤੀਕ ਅਤੇ ਹੰਕਾਰ ਦਾ ਕਾਰਨ ਬਣ ਗਏ ਹਨ। ਛੋਟੇ ਛੋਟੇ ਗਰੁੱਪ ਚਲਾਉਣ ਦਾ ਸਬੱਬ ਬਣ ਗਏ ਹਨ। ਸਾਡੇ ਮਿੱਤਰ ਰਾਕੇਸ਼ ਪਾਸਵਾਨ ਠੀਕ ਕਹਿੰਦੇ ਹਨ ਕਿ ਦਲਿਤ ਰਾਜਨੀਤੀ ਦੇ ਨਾਮ ’ਤੇ ਹੁਣ ਪਾਰਟੀਆਂ (ਸੰਗਠਨਾਂ) ਦੇ ਪ੍ਰਧਾਨ ਹੀ ਮਿਲਦੇ ਹਨ, ਰਾਜਨੀਤੀ ਨਹੀਂ ਲੱਭਦੀ। ਬਹੁਜਨ ਰਾਜਨੀਤੀ ਇੱਕ ਦੁਕਾਨ ਬਣ ਗਈ ਹੈ ਜਿਵੇਂ ਗਾਂਧੀਵਾਦ ਇੱਕ ਦੁਕਾਨ ਹੈ। ਅਜਿਹੀ ਸਥਿਤੀ ਵਿੱਚ ਵਿਚਾਰਧਾਰਾ ਨੂੰ ਅਪਣਾਇਆ ਵਿਅਕਤੀ ਅੱਜ ਤੱਕ ਕੋਈ ਰਾਜਨੀਤਕ ਬਦਲ ਨਹੀਂ ਬਣਾ ਸਕਿਆ। ਉਹ ਪਾਰਟੀ ਨਹੀਂ ਬਣਾਉਂਦਾ ਆਪਣੇ ਹਿਤਾਂ ਵਾਸਤੇ ਜਥੇਬੰਦੀਆਂ ਬਣਾਉਂਦਾ ਹੈ। ਆਪਣੀ ਜਾਤੀ ਦੀ ਦੁਕਾਨ ਦੇ ਆਸਰੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਵੱਲ ਜਾਣ-ਆਉਣ ਕਰਦਾ ਹੈ। ਉਸਦੇ ਅੰਦਰ ਵੀ ਹੰਕਾਰ ਆ ਗਿਆ ਹੈ। ਉਹ ਬਸਪਾ ਜਾਂ ਬਹੁਜਨ ਪਾਰਟੀਆਂ ਦੀਆਂ ਘਾਟਾਂ ਬਾਰੇ ਚੁੱਪ ਰਹਿਣ ਲੱਗਾ ਹੈ।
ਇਹ ਹੰਕਾਰ ਹੀ ਸੀ ਕਿ ਮੇਰੇ ਵਰਗਿਆਂ ਦੇ ਲਿਖੇ ਹੋਏ ਨੂੰ ਵੀ ਜਾਤੀ ਦੇ ਅਧਾਰ ’ਤੇ ਖਾਰਜ ਕੀਤਾ ਜਾਣ ਲੱਗਾ। ਮੈਂ ਆਪਣੀ ਪ੍ਰਤੀਬੱਧਤਾ ਤੋਂ ਪਾਸੇ ਨਾ ਹਿੱਲਿਆ ਪਰ ਪ੍ਰਤੀਬੱਧਤਾ ਦੀ ਦੁਕਾਨ ਚਲਾਉਣ ਵਾਲੇ ਅੰਬੇਦਕਰ ਦੇ ਨਾਮ ਦੀ ਵਰਤੋਂ ਹਥਿਆਰ ਵਾਂਗ ਕਰਨ ਲੱਗੇ। ਉਹ ਲੋਕਾਂ ਨੂੰ ਹੁਕਮ ਦੇਣ ਲੱਗੇ ਕਿ ਕਿਸੇ ਨੂੰ ਕੀ ਲਿਖਣਾ ਚਾਹੀਦਾ ਹੈ। ਜਿਸ ਤਰ੍ਹਾਂ ਭਾਜਪਾ ਦੇ ਸਮਰਥਕ ਰਾਸ਼ਟਰਵਾਦ ਦੇ ਸਰਟੀਫਿਕੇਟ ਵੰਡਦੇ ਹਨ, ਉਸੇ ਤਰ੍ਹਾਂ ਅੰਬੇਦਕਰਵਾਦੀਆਂ ਦੇ ਕੁਝ ਲੋਕ ਵੀ ਸਰਟੀਫਿਕੇਟ ਵੰਡਣ ਲੱਗ ਪਏ ਹਨ। ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਬਹੁਜਨ ਵਾਲੇ ਪਾਸੇ ਵੀ ਕੋਈ ਕਾਂਸ਼ੀ ਰਾਮ ਨਹੀਂ ਹੈ। ਕਾਂਸ਼ੀ ਰਾਮ ਦੀ ਪ੍ਰਤੀਬੱਧਤਾ ਦਾ ਕੋਈ ਮੁਕਾਬਲਾ ਨਹੀਂ। ਉਹ ਵਿਚਾਰਾਂ ਦੀ ਪ੍ਰਤੀਬੱਧਤਾ ਸੀ। ਹੁਣ ਸਾਡੇ ਕੋਲ ਪ੍ਰਕਾਸ਼ ਅੰਬੇਦਕਰ ਹਨ ਜੋ ਅੰਬੇਦਕਰ ਦੇ ਨਾਮ ’ਤੇ ਛੋਟੇ ਉਦੇਸ਼ ਦੀ ਰਾਜਨੀਤੀ ਕਰਦੇ ਹਨ। ਇਹ ਹੀ ਹਾਲ ਲੋਹੀਆ ਦਾ ਵੀ ਹੋਇਆ ਹੈ। ਜੋ ਅੰਬੇਦਕਰ ਨੂੰ ਲੈ ਕੇ ਪ੍ਰਤੀਬੱਧ ਹਨ ਉਨ੍ਹਾਂ ਦੀ ਸਥਿਤੀ ਵੀ ਗਾਂਧੀ ਨਾਲ ਪ੍ਰਤੀਬੱਧਤਾ ਵਾਲੇ ਗਾਂਧੀਵਾਦੀਆਂ ਵਰਗੀ ਹੀ ਹੈ। ਦੋਵੇਂ ਹਾਸ਼ੀਏ ’ਤੇ ਜੀਊਣ ਵਾਸਤੇ ਮਜਬੂਰ ਹਨ। ਬਦਲ ਗੱਠਜੋੜ ਨਹੀਂ, ਵਿਲੀਨ ਹੋਣਾ ਹੈ, ਪੁਨਰ ਜੀਵਨ ਹੈ। ਅਗਲੀਆਂ ਚੋਣਾਂ ਵਾਸਤੇ ਨਹੀਂ, ਭਾਰਤ ਦੇ ਬਦਲਵੇਂ ਭਵਿੱਖ ਵਾਸਤੇ ਹੈ।
ਤੁਸੀਂ ਦੇਖਿਆ ਹੋਵੇਗਾ ਲੰਘੇ ਪੰਜ ਸਾਲਾਂ ਵਿੱਚ ਮੈਂ ਇਨ੍ਹਾਂ ਪਾਰਟੀਆਂ ਬਾਰੇ ਘੱਟ ਨਹੀਂ ਲਿਖਿਆ। ਖੱਬੀਆਂ ਧਿਰਾਂ ਬਾਰੇ ਬਿਲਕੁਲ ਨਹੀਂ ਲਿਖਿਆ। ਮੈਂ ਮੰਨਦਾ ਹਾਂ ਕਿ ਖੱਬੀਆਂ ਧਿਰਾਂ ਦੀ ਵਿਚਾਰਧਾਰਾ ਅੱਜ ਵੀ ਪ੍ਰਸੰਗਿਕ ਹੈ। ਪਰ ਇਨਾਂ ਦੀਆਂ ਪਾਰਟੀਆਂ ਅਤੇ ਇਨ੍ਹਾਂ ਪਾਰਟੀਆਂ ਦੇ ਅੰਦਰ ਆਪਣਾ ਸਮਾਂ ਗੁਜ਼ਾਰ ਰਹੀ ਰਾਜਨੀਤਕ ਮਨੁੱਖੀ ਸ਼ਕਤੀ ਪ੍ਰਸੰਗਿਕ ਨਹੀਂ ਹੈ। ਉਨ੍ਹਾਂ ਦੀ ਭੂਮਿਕਾ ਸਮਾਪਤ ਹੋ ਚੁੱਕੀ ਹੈ। ਉਨ੍ਹਾਂ ਕੋਲ ਸਿਰਫ ਪਾਰਟੀ ਦਫਤਰ ਬਚੇ ਹਨ। ਕੰਮ ਕਰਨ ਲਈ ਕੁਝ ਨਹੀਂ ਬਚਿਆ। ਖੱਬੀਆਂ ਧਿਰਾਂ ਦੇ ਲੋਕ ਸ਼ਿਕਾਇਤ ਕਰਦੇ ਰਹਿੰਦੇ ਸਨ ਕਿ ਤੁਹਾਡੇ ਪ੍ਰੋਗਰਾਮ ਵਿੱਚ ਖੱਬੀ ਧਿਰ ਨਹੀਂ ਹੁੰਦੀ। ਕਿਉਂਕਿ ਧਿਰ ਦੇ ਪੱਖੋਂ ਉਨ੍ਹਾਂ ਦੀ ਭੂਮਿਕਾ ਸਮਾਪਤ ਹੋ ਚੁੱਕੀ ਸੀ। ਭਾਵੇਂ ਕਿ ਮਹਾਂਰਾਸ਼ਟਰ ਵਿੱਚ ਕਿਸਾਨ ਅੰਦੋਲਨ ਚਲਾਉਣ ਦਾ ਕੰਮ ਬੀਜੂ ਕ੍ਰਿਸ਼ਣਨ ਵਰਗੇ ਲੋਕਾਂ ਨੇ ਕੀਤਾ, ਇਹ ਉਸ ਵਿਚਾਰਧਾਰਾ ਦੀ ਪ੍ਰਾਪਤੀ ਸੀ ਨਾ ਕਿ ਪਾਰਟੀ ਦੀ। ਪਾਰਟੀਆਂ ਨੂੰ ਭੰਗ ਕਰਨ ਦਾ ਸਮਾਂ ਆ ਗਿਆ ਹੈ। ਨਵਾਂ ਸੋਚਣ ਦਾ ਵੇਲਾ ਆ ਗਿਆ ਹੈ। ਮੈਂ ਪਾਰਟੀਆਂ ਦੀ ਅਨੇਕਤਾ ਦਾ ਸਮਰਥਕ ਹਾਂ ਪ੍ਰੰਤੂ ਵਰਤੋਂ ਤੋਂ ਬਿਨਾਂ ਇਹ ਅਨੇਕਤਾ ਕਿਸੇ ਕੰਮ ਦੀ ਨਹੀਂ ਹੋਵੇਗੀ। ਇਹ ਸਾਰੀਆਂ ਗੱਲਾਂ ਕਾਂਗਰਸ ਉੱਤੇ ਵੀ ਲਾਗੂ ਹੁੰਦੀਆਂ ਹਨ। ਭਾਜਪਾ ਲਈ ਕੰਮ ਕਰਨ ਵਾਲੇ ਰਾਜਸੀ ਲੋਕਾਂ ਵਿੱਚੋਂ ਤੁਹਾਨੂੰ ਭਾਜਪਾ ਨਜ਼ਰ ਆਉਂਦੀ ਹੈ। ਕਾਂਗਰਸ ਦੇ ਵਰਕਰਾਂ ਵਿੱਚੋਂ ਕਾਂਗਰਸ ਤੋਂ ਬਿਨਾਂ ਸਭ ਕੁਝ ਨਜ਼ਰ ਆਉਂਦਾ ਹੈ। ਕਾਂਗਰਸ ਚੋਣ ਲੜਨੀ ਛੱਡ ਦੇਵੇ ਜਾਂ ਚੋਣ ਨੂੰ ਜੀਣ-ਮਰਨ ਦੇ ਸਵਾਲ ਵਾਂਗ ਨਾ ਲੜੇ। ਉਹ ਕਾਂਗਰਸ ਬਣੇ।
ਕਾਂਗਰਸ ਨਹਿਰੂ ਦਾ ਬਚਾਅ ਨਹੀਂ ਕਰ ਸਕੀ। ਉਹ ਬੋਸ ਤੋਂ ਲੈ ਕੇ ਪਟੇਲ ਤੱਕ ਦਾ ਬਚਾਅ ਨਹੀਂ ਕਰ ਸਕੀ। ਆਜ਼ਾਦੀ ਦੇ ਸੰਘਰਸ਼ ਦੀ ਬਹੁ-ਵਿਧਾਈ ਸੋਚ ਅਤੇ ਖੂਬਸੂਰਤੀ ਨਾਲ ਜੁੜੀਆਂ ਅਤੀਤ ਦੀਆਂ ਯਾਦਾਂ ਨੂੰ ਜੀਊਂਦੀਆਂ ਨਹੀਂ ਕਰ ਸਕੀ। ਗਾਂਧੀ ਦੇ ਵਿਚਾਰਾਂ ’ਤੇ ਪਹਿਰਾ ਨਹੀਂ ਦੇ ਸਕੀ। ਅੱਜ ਤੁਸੀਂ ਭਾਜਪਾ ਲਈ ਕੰਮ ਕਰਨ ਵਾਲੇ ਕਿਸੇ ਸਾਧਾਰਣ ਵਿਅਕਤੀ ਦੇ ਸਾਹਮਣੇ ਦੀਨ ਦਿਆਲ ਉਪਧਿਆਏ ਦੇ ਸਬੰਧ ਵਿੱਚ ਗਲਤ ਟਿੱਪਣੀ ਕਰਕੇ ਵੇਖੋ, ਉਹ ਆਪਣੇ ਵਲੋਂ ਸੌ ਗੱਲਾਂ ਦੱਸਣਗੇ। ਪੰਜ ਸਾਲਾਂ ਵਿੱਚ ਕਾਂਗਰਸ ਪਾਰਟੀ ਨਹਿਰੂ ਬਾਰੇ ਸਮਾਨਅੰਤਰ ਵਿਚਾਰ-ਚਰਚਾ ਛੇੜਨ ਦੇ ਪੱਧਰ ’ਤੇ ਕੋਈ ਕੰਮ ਨਹੀਂ ਕਰ ਸਕੀ, ਮੈਂ ਇਸ ਹੀ ਪੈਮਾਨੇ ਤੋਂ ਕਾਂਗਰਸ ਨੂੰ ਢਹਿੰਦੇ ਹੋਏ ਦੇਖ ਰਿਹਾ ਸੀ। ਰਾਜਨੀਤੀ ਵਿਚਾਰਧਾਰਾ ਦੀ ਜ਼ਮੀਨ ’ਤੇ ਖੜ੍ਹੀ ਹੁੰਦੀ ਹੈ, ਨੇਤਾ ਦੀ ਸੰਭਾਵਨਾ ’ਤੇ ਨਹੀਂ। ਇੱਕ ਹੀ ਰਸਤਾ ਬਚਿਆ ਹੈ ਕਿ ਭਾਰਤ ਵਿਚਲੀਆਂ ਵੱਖੋ-ਵੱਖਰੀਆਂ ਪਾਰਟੀਆਂ ਵਿਚਲੀ ਮਨੁੱਖੀ ਸ਼ਕਤੀ (ਕੰਮ ਕਰਨ ਵਾਲੇ ਕਾਰਕੁਨ) ਨੂੰ ਆਪੋ ਆਪਣੀਆਂ ਪਾਰਟੀਆਂ ਛੱਡ ਕੇ ਕਿਸੇ ਇੱਕ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਜਿੱਥੇ ਵਿਚਾਰਾਂ ਦਾ ਪੁਨਰ ਜਨਮ ਹੋਵੇ, ਨੈਤਿਕ ਸ਼ਕਤੀ ਦੀ ਸਿਰਜਣਾ ਅਤੇ ਖਿਲਰੀ ਮਨੁੱਖੀ ਸ਼ਕਤੀ ਦਾ ਰਲੇਵਾਂ ਹੋਵੇ। ਇਹ ਗੱਲ 2014 ਵਿੱਚ ਵੀ ਲੋਕਾਂ ਨੂੰ ਕਹੀ ਸੀ, ਫਿਰ ਖੁਦ ’ਤੇ ਹਾਸਾ ਆਇਆ ਕਿ ਮੈਂ ਕਿਹੜਾ ਵਿਚਾਰਵਾਨ ਹਾਂ ਜੋ ਇਹ ਸਭ ਕਹਿ ਰਿਹਾ ਹਾਂ। ਅੱਜ ਲਿਖ ਰਿਹਾ ਹਾਂ।
ਇਸ ਤੋਂ ਬਾਅਦ ਵੀ ਵਿਰੋਧੀ ਧਿਰ ਬਾਰੇ ਹਮਦਰਦੀ ਕਿਉਂ ਰਹੀ। ਹਾਲਾਂਕਿ ਉਨ੍ਹਾਂ ਦੇ ਰਾਜਨੀਤਕ ਪੱਖ ਨੂੰ ਘੱਟ ਹੀ ਦਿਖਾਇਆ ਅਤੇ ਉਸ ’ਤੇ ਲਿਖਿਆ, ਬੋਲਿਆ ਕਿਉਂਕਿ 2014 ਤੋਂ ਬਾਅਦ ਹਰ ਪੱਧਰ ਤੇ ਨਰਿੰਦਰ ਮੋਦੀ ਹੀ ਪ੍ਰਮੁੱਖ ਹੋ ਗਏ ਸਨ। ਸਿਰਫ ਸਰਕਾਰ ਦੇ ਪੱਧਰ ’ਤੇ ਹੀ ਨਹੀਂ ਸੱਭਿਆਚਾਰ ਤੋਂ ਲੈ ਕੇ ਧਾਰਮਿਕ ਪੱਧਰ ਤੱਕ ਮੋਦੀ ਤੋਂ ਬਿਨਾਂ ਕੁਝ ਦਿਸਿਆ ਹੀ ਨਹੀਂ ਤੇ ਕੁਝ ਹੈ ਵੀ ਨਹੀਂ ਸੀ। ਜਦੋਂ ਭਾਰਤ ਦਾ 99 ਫਸਿਦੀ ਮੀਡੀਆ ਲੋਕਤੰਤਰ ਦੀ ਬੁਨਿਆਦੀ ਭਾਵਨਾ ਨੂੰ ਕੁਚਲਣ ਲੱਗਾ ਉਸ ਸਮੇਂ ਮੈਂ ਉਹਦੇ ਅੰਦਰ ਸੰਤੁਲਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਅਸਹਿਮਤੀ ਅਤੇ ਵਿਰੋਧ ਦੀ ਹਰ ਆਵਾਜ਼ ਦਾ ਸਨਮਾਨ ਕੀਤਾ। ਉਸਦਾ ਮਖੌਲ ਨਹੀਂ ਉਡਾਇਆ। ਇਹ ਮੈਂ ਵਿਰੋਧੀ ਪਾਰਟੀਆਂ ਵਾਸਤੇ ਨਹੀਂ ਕਰ ਰਿਹਾ ਸੀ ਪ੍ਰੰਤੂ ਆਪਣੀ ਸਮਝ ਅਨੁਸਾਰ ਭਾਰਤ ਦੇ ਲੋਕਤੰਤਰ ਨੂੰ ਸ਼ਰਮਿੰਦਾ ਹੋਣੋਂ ਬਚਾ ਰਿਹਾ ਸੀ। ਮੈਂਨੂੰ ਇੰਨਾ ਵੱਡਾ ਖਤਰਾ ਮੁੱਲ ਨਹੀਂ ਲੈਣਾ ਚਾਹੀਦਾ ਸੀ। ਕਿਉਂਕਿ ਇਹ ਮੇਰਾ ਖਤਰਾ ਨਹੀਂ ਸੀ ਫਿਰ ਵੀ ਲੱਗਾ ਕਿ ਹਰ ਨਾਗਰਿਕ ਦੇ ਅੰਦਰ ਅਤੇ ਲੋਕਤੰਤਰ ਦੇ ਅੰਦਰ ਵਿਰੋਧ ਦੀ ਧਿਰ ਨਹੀਂ ਹੋਵੇਗੀ ਤਾਂ ਸਭ ਕੁਝ ਖੋਖਲਾ ਹੋ ਜਾਵੇਗਾ। ਮੇਰੀ ਇਸ ਸੋਚ ਦੇ ਅੰਦਰ ਭਾਰਤ ਦੀ ਭਲਾਈ ਵਾਲੀ ਨੀਅਤ ਸੀ। ਨਰਿੰਦਰ ਮੋਦੀ ਦੀ ਭਾਰੀ ਜਿੱਤ ਹੋਈ ਹੈ। ਮੀਡੀਆ ਦੀ ਜਿੱਤ ਨਹੀਂ ਹੋਈ। ਹਰ ਜਿੱਤ ਵਿੱਚ ਇੱਕ ਹਾਰ ਹੁੰਦੀ ਹੈ। ਇਸ ਜਿੱਤ ਵਿੱਚ ਮੀਡੀਆ ਦੀ ਹਾਰ ਹੋਈ ਹੈ। ਉਸਨੇ ਲੋਕਤੰਤਰੀ ਮਰਿਆਦਾਵਾਂ ਦੀ ਪਾਲਣਾ ਨਹੀਂ ਕੀਤੀ। ਅੱਜ ਗੋਦੀ ਮੀਡੀਆ ਦੇ ਲੋਕ ਮੋਦੀ ਨੂੰ ਮਿਲੀ ਜਿੱਤ ਦੇ ਸਹਾਰੇ ਆਪਣੀ ਜਿੱਤ ਦੱਸ ਰਹੇ ਹਨ। ਦਰਅਸਲ ਉਨ੍ਹਾਂ ਕੋਲ ਹੁਣ ਸਿਰਫ ਮੋਦੀ ਬਚਿਆ ਹੈ। ਪੱਤਰਕਾਰੀ ਤਾਂ ਬਚੀ ਨਹੀਂ ਹੈ। ਪੱਤਰਕਾਰੀ ਦਾ ਧਰਮ ਖਤਮ ਹੋ ਚੁੱਕਾ ਹੈ, ਸੰਭਵ ਹੈ ਕਿ ਭਾਰਤ ਦੀ ਜਨਤਾ ਨੇ ਪੱਤਰਕਾਰੀ ਨੂੰ ਵੀ ਨਕਾਰ ਦਿੱਤਾ ਹੋਵੇ। ਉਨ੍ਹਾਂ ਨੇ ਇਹ ਵੀ ਫੈਸਲਾ ਦਿੱਤਾ ਹੋਵੇ ਕਿ ਸਾਨੂੰ ਮੋਦੀ ਚਾਹੀਦਾ ਹੈ ਪਰ ਪੱਤਰਕਾਰੀ ਨਹੀਂ। ਇਸ ਤੋਂ ਬਾਅਦ ਵੀ ਮੇਰਾ ਵਿਸ਼ਵਾਸ ਉਨ੍ਹਾਂ ਹੀ ਮੋਦੀ ਸਮਰਥਕਾਂ ’ਤੇ ਹੈ। ਉਹ ਮੋਦੀ ਅਤੇ ਮੀਡੀਆ ਦੀ ਭੁਮਿਕਾ ਵਿੱਚ ਫਰਕ ਦੇਖਦੇ ਹਨ, ਸਮਝਦੇ ਹਨ। ਸ਼ਾਇਦ ਉਨ੍ਹਾਂ ਨੂੰ ਵੀ ਅਜਿਹਾ ਭਾਰਤ ਨਹੀਂ ਚਾਹੀਦਾ ਜਿੱਥੇ ਜਨਤਾ ਦਾ ਪ੍ਰਤੀਨਿੱਧ ਪੱਤਰਕਾਰ ਆਪਣੇ ਪੇਸ਼ੇ ਵਾਲੇ ਧਰਮ ਨੂੰ ਭੁੱਲ ਕੇ ਨੇਤਾ ਦੇ ਪੈਰਾਂ ਵਿੱਚ ਡਿਗਿਆ ਨਜ਼ਰ ਆਵੇ। ਮੈਂਨੂੰ ਚੰਗਾ ਲੱਗਿਆ ਕਈ ਸਾਰੇ ਮੋਦੀ ਸਮਰਥਕਾਂ ਨੇ ਲਿਖਿਆ ਕਿ ਅਸੀਂ ਤੁਹਾਡੇ ਨਾਲ ਅਸਹਿਮਤ ਹਾਂ ਪਰ ਤੁਹਾਡੀ ਪੱਰਕਾਰੀ ਦੇ ਪ੍ਰਸ਼ੰਸਕ ਹਾਂ। ਤੁਸੀਂ ਆਪਣਾ ਕੰਮ ਇਸੇ ਤਰ੍ਹਾਂ ਹੀ ਕਰਦੇ ਰਹੋ। ਅਜਿਹੇ ਸਾਰੇ ਸਮਰਥਕਾਂ ਦਾ ਮੇਰੇ ’ਤੇ ਵਿਸ਼ਵਾਸ ਕਰਨ ਲਈ ਸ਼ੁਕਰਗੁਜ਼ਾਰ ਹਾਂ। ਮੇਰੇ ਕਈ ਸਹਿਯੋਗੀ ਜਦੋਂ ਚੋਣਾਂ ਬਾਰੇ ਵੱਖੋ-ਵੱਖ ਖੇਤਰਾਂ ਵਿੱਚ ਕਵਰੇਜ ਕਰਨ ਗਏ ਤਾਂ ਇਹ ਹੀ ਦੱਸਿਆ ਕਿ ਮੋਦੀ ਦੇ ਫੈਨ ਵੀ ਤੁਹਾਨੂੰ ਹੀ ਪੜ੍ਹਦੇ ਅਤੇ ਲਿਖਦੇ ਹਨ। ਸੰਘ ਦੇ ਲੋਕ ਵੀ ਇੱਕ ਵਾਰ ਚੈੱਕ ਕਰਦੇ ਹਨ ਕਿ ਮੈਂ ਕੀ ਬੋਲਿਆ ਹੈ। ਮੈਂਨੂੰ ਪਤਾ ਹੈ ਕਿ ਰਵੀਸ਼ ਨਹੀਂ ਰਹੇਗਾ ਤਾਂ ਉਹ ਰਵੀਸ਼ ਨੂੰ ਮਿੱਸ (ਯਾਦ) ਕਰਨਗੇ।
ਦੋ ਸਾਲ ਪਹਿਲਾਂ ਦਿੱਲੀ ਵਿੱਚ ਰਹਿਣ ਵਾਲੇ ਅੱਸੀ ਸਾਲ ਦੇ ਇੱਕ ਬਜ਼ੁਰਗ ਨੇ ਮੈਂਨੂੰ ਛੋਟੀ ਜਹੀ ਗੀਤਾ ਭੇਜੀ। ਲੰਬਾ ਖ਼ਤ ਲਿਖਿਆ ਤੇ ਮੇਰੇ ਲੰਬੇ ਜੀਵਨ ਦੀ ਕਾਮਨਾ ਕੀਤੀ। ਇਹ ਵੀ ਕਿਹਾ ਕਿ ਇਹ ਛੋਟੀ ਜਹੀ ਗੀਤਾ ਆਪਣੇ ਨਾਲ ਰੱਖਾਂ। ਮੈਂ ਉਨ੍ਹਾਂ ਦੀ ਗੱਲ ਮੰਨ ਲਈ। ਆਪਣੇ ਬੈਗ ਵਿੱਚ ਰੱਖ ਲਈ।। ਜਦੋਂ ਲੋਕਾਂ ਨੇ ਕਿਹਾ ਕਿ ਹੁਣ ਤੁਸੀਂ ਸੁਰੱਖਿਅਤ ਨਹੀਂ ਹੋ। ਜ਼ਿੰਦਗੀ ਦਾ ਖਿਆਲ ਰੱਖੋ ਤਾਂ ਅੱਜ ਉਸ ਗੀਤਾ ਨੂੰ ਫਰੋਲ ਰਿਹਾ ਸੀ। ਉਸਦਾ ਇੱਕ ਸੂਤਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ:
ਮੈਂਨੂੰ ਪਿਆਰ ਕਰਦੇ ਰਹੋ। ਮੈਂਨੂੰ ਜ਼ਲੀਲ ਕਰਨ ਨਾਲ ਕੀ ਮਿਲੇਗਾ। ਤੁਹਾਡਾ ਹੀ ਮਾਣ ਟੁੱਟੇਗਾ ਕਿ ਇਸ ਮਹਾਨ ਭਾਰਤ ਵਿੱਚ ਤੁਸੀਂ ਇੱਕ ਪੱਤਰਕਾਰ ਦਾ ਸਾਥ ਨਹੀਂ ਦੇ ਸਕੇ। ਮੇਰੇ ਵਰਗਿਆਂ ਨੇ ਤੁਹਾਨੂੰ ਇਸ ਅਪਰਾਧ ਬੋਧ ਤੋਂ ਮੁਕਤ ਹੋਣ ਦਾ ਮੌਕਾ ਦਿੱਤਾ ਹੈ। ਇਹ ਅਪਰਾਧ ਬੋਧ ਤੁਹਾਡੇ ਉੱਤੇ ਉਸੇ ਤਰ੍ਹਾਂ ਭਾਰੀ ਪਵੇਗਾ ਜਿਵੇਂ ਅੱਜ ਵਿਰੋਧੀ ਧਿਰਾਂ ਲਈ ਉਨ੍ਹਾਂ ਦੀ ਅਤੀਤ ਵਾਲੀ ਅਨੈਤਿਕਤਾ ਭਾਰੀ ਪੈ ਰਹੀ ਹੈ। ਇਸ ਕਰਕੇ ਤੁਸੀਂ ਮੈਂਨੂੰ ਮਜ਼ਬੂਤ ਕਰੋ। ਮੇਰੇ ਵਰਗਿਆ ਨਾਲ ਖੜ੍ਹੇ ਹੋਵੋ। ਤੁਸੀਂ ਮੋਦੀ ਨੂੰ ਮਜ਼ਬੂਤ ਕੀਤਾ ਹੈ, ਤੁਹਾਡਾ ਹੀ ਧਰਮ ਹੈ ਕਿ ਤੁਸੀਂ ਪੱਤਰਕਾਰੀ ਨੂੰ ਵੀ ਤਕੜਿਆਂ ਕਰੋ। ਸਾਡੇ ਕੋਲ ਜੀਵਨ ਦਾ ਕੋਈ ਵੀ ਦੂਜਾ ਬਦਲ ਨਹੀਂ ਹੈ। ਹੁੰਦਾ ਤਾਂ ਸ਼ਾਇਦ ਇਸ ਪੇਸ਼ੇ ਨੂੰ ਛੱਡ ਦਿੰਦਾ। ਇਸਦਾ ਕਾਰਨ ਇਹ ਨਹੀਂ ਕਿ ਮੈਂ ਹਾਰ ਗਿਆ ਹਾਂ। ਕਾਰਨ ਇਹ ਹੈ ਕਿ ਥੱਕ ਗਿਆ ਹਾਂ। ਕੁਝ ਨਵਾਂ ਕਰਨਾ ਚਾਹੁੰਦਾ ਹਾਂ। ਪਰ ਜਦੋਂ ਤੱਕ ਹਾਂ ਉਦੋਂ ਤੱਕ ਇਵੇਂ ਹੀ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1624)
(ਸਰੋਕਾਰ ਨਾਲ ਸੰਪਰਕ ਲਈ: