KeharSharif7ਵਾਰਤਕ ਦੀਆਂ ਸਤਰਾਂ ਵੱਡੀਆਂ ਛੋਟੀਆਂ ਕਰਕੇ ਇਕ ਦੂਜੀ ਦੀ ਥੱਲੇ ਲਿਖਣ ਨਾਲ ਖੁੱਲ੍ਹੀ ਕਵਿਤਾ ਨਹੀਂ ਬਣ ਜਾਂਦੀ ...
(4 ਸਤੰਬਰ 2016)


ਲਿਖਣਾ ਬਹੁਤ ਹੀ ਔਖੀ ਸਾਧਨਾ ਹੈ। ਇਸ ਨੂੰ ਜਿਹੜੇ ਲੋਕ ਆਮ ਜਾਂ ਕਹੀਏ ਸਾਧਾਰਨ ਜਿਹੇ ਸਮਾਜਿਕ ਵਰਤਾਰਿਆਂ ਵਰਗਾ ਸਮਝਦੇ ਹਨ
, ਉਹ ਬਹੁਤ ਵੱਡੀ ਭੁੱਲ ਕਰਦੇ ਹਨ। ਲਿਖਣ ਸਾਧਨਾ ਲੰਬੀ ਤਪੱਸਿਆ ਵਰਗੀ ਹੈ। ਬਹੁਤ ਲੰਬੇ ਅਭਿਆਸ ਤੋਂ ਬਆਦ ਹੀ ਲਿਖਣ ਕ੍ਰਿਆ ਵਿਚ ਪ੍ਰਪੱਕਤਾ ਆਉਂਦੀ ਹੈ। ਇਹ ਜ਼ਿੰਦਗੀ ਜੀਊਂਦਿਆਂ, ਨਿੱਤ-ਦਿਹਾੜੀ ਦੇ ਤਜ਼ਰਬੇ ਵਿੱਚੋਂ ਲੰਘਦਿਆਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਗਿਆਨ ਵਧਾਉਣ ਵਾਲੀਆਂ ਦਵਾਈਆਂ ਜਾਂ ਟੀਕੇ ਤਾਂ ਕਿਤੋਂ ਮਿਲਦੇ ਨਹੀਂ, ਇਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਜ਼ਿੰਦਗੀ ਦਾ ਅਨੁਭਵ ਹੰਢਾਉਂਦਿਆਂ ਨਾਲ ਹੀ ਬਹੁਤ ਕੁਝ ਪੜ੍ਹਨ ਦੀ ਲੋੜ ਪੈਂਦੀ ਹੈ। ਜਿਸ ਘੜੇ ਵਿਚ ਪਾਣੀ ਹੋਵੇਗਾ, ਉਸ ਵਿੱਚੋਂ ਹੀ ਪਾਣੀ ਕੱਢਿਆ ਜਾ ਸਕਦਾ ਹੈ, ਖਾਲੀ ਘੜੇ ਨੂੰ ਲੱਖ ਵਾਰ ਵਿੰਗਾ-ਟੇਢਾ ਕਰੀਏ, ਵਿੱਚੋਂ ਕੁਝ ਨਿਕਲ ਹੀ ਨਹੀਂ ਸਕਦਾ।

ਲਿਖਣ ਵਾਸਤੇ ਵੱਖੋ ਵੱਖ ਵਿਧਾਵਾਂ ਹਨ। ਹਰ ਕੋਈ ਆਪਣੀ ਸੂਝ-ਸਮਝ, ਸੁਭਾਅ ਜਾਂ ਪਸੰਦ ਦੇ ਅਨੁਸਾਰ ਹੀ ਲਿਖਦਾ ਹੈ। ਪਰ ਕਿਸੇ ਵੀ ਲਿਖਤ ਵਿੱਚੋਂ ਅਹਿਸਾਸ ਦੀ ਸ਼ਿੱਦਤ ਮਨਫੀ ਨਹੀਂ ਕੀਤੀ ਜਾ ਸਕਦੀ। ਇਸਦੀ ਜੇ ਵਿਗਿਆਨਕ ਅਧਾਰ ’ਤੇ ਵਿਆਖਿਆ ਕਰਨੀ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਜਿਵੇਂ ਕੋਈ ਡਾਕਟਰੀ ਦੀ ਪੜ੍ਹਾਈ ਕਰਦਾ ਹੈ ਤਾਂ ਪੜ੍ਹਾਈ ਪੂਰੀ ਹੋਣ ’ਤੇ ਉਹ ਡਾਕਟਰ ਬਣ ਜਾਂਦਾ ਹੈ ਫੇਰ ਵਾਰੀ ਆਉਂਦੀ ਹੈ ਕਿ ਉਹ ਕਿਹੜੇ ਖੇਤਰ ਦਾ ਮਾਹਿਰ ਬਣਨਾ ਚਾਹੁੰਦਾ ਹੈ। ਅਗਲੀ ਪੜ੍ਹਾਈ ਉਸ ਖੇਤਰ ਦੀ ਮੁਹਾਰਤ ਪੈਦਾ ਕਰਨ ਵਾਸਤੇ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਹੈ ਸਾਹਿਤ ਦੀ ਸਾਧਨਾ। ਪਹਿਲਾਂ ਸਾਹਿਤ ਦੀ ਸਮਝ ਪੈਦਾ ਹੋਵੇ ਫੇਰ ਖੇਤਰ ਜਾਂ ਵਿਧਾ ਚੁਣੀ ਜਾਵੇ; ਲੇਖ, ਕਹਾਣੀ, ਨਾਵਲ, ਨਾਟਕ, ਕਵਿਤਾ, ਗੀਤ ਜਾਂ ਗ਼ਜ਼ਲ ਆਦਿ ਕੀ ਲਿਖਣਾ ਹੈ? ਉਸ ਵਿਧਾ ਬਾਰੇ ਜਾਣਿਆ ਜਾਵੇਉਸਦੀ ਭਾਸ਼ਾ ਅਤੇ ਉਸਦੇ ਸੁਭਾਅ ਬਾਰੇ। ਇੱਥੇ ਸਿਰਫ ਇਹ ਹੀ ਕਿਹਾ ਜਾ ਸਕਦਾ ਹੈ ਕਿ ਆਮ ਬੰਦਾ ਲਿਖਣ ਦਾ ਆਗਾਜ਼ ਕਵਿਤਾ ਤੋਂ ਸ਼ੁਰੂ ਕਰਦਾ ਹੈ। ਫੇਰ ਇਹ ਵੀ ਉਸ ਵਾਸਤੇ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਕਵਿਤਾ ਹੈ ਕੀ? ਸਿਰਫ ਸ਼ਬਦਾਂ ਦਾ ਜੋੜ, ਭਾਵਨਾਵਾਂ ਦਾ ਵਹਿਣ ਜਾਂ ਕੁਝ ਹੋਰ ਵੀ ਹੈ?

ਗੀਤ ਲਿਖਣ ਵਾਲੇ ਆਮ ਕਰਕੇ ਸ਼ਬਦਾਂ ਨੂੰ ਸਾਧਾਰਨਤਾ ਦੀ ਪੱਧਰ ’ਤੇ ਲਿਆ ਕੇ ਉਸ ਦੀ ਲੈਅ ਨਾਲ, ਰਿਦਮ ਨਾਲ ਮਾੜਾ ਵਿਹਾਰ ਕਰਦੇ ਹਨ। ਗੀਤ ਵਿਚਲੇ ਵਿਚਾਰ ਦੇ ਅਰਥਾਂ ਨੂੰ ਅਨਰਥਾਂ ਵਿਚ ਬਦਲ ਦਿੰਦੇ ਹਨਇਹ ਨਹੀਂ ਹੋਣਾ ਚਾਹੀਦਾ। ਕਿਉਂਕਿ ਗੀਤ ਦਾ ਸੰਗੀਤ ਨਾਲ ਸਬੰਧ ਹੈ, ਇਸ ਕਰਕੇ ਗੀਤ ਲਿਖਣ ਵਾਲਿਆਂ ਨੂੰ ਸੰਗੀਤਕ ਸੂਝ-ਸਮਝ ਤੋਂ ਵਾਕਿਫ ਹੋਣਾ ਚਾਹੀਦਾ ਹੈ। ਅੱਜ ਦੇ ਗੀਤਕਾਰਾਂ ਲਈ ਸਮਾਜ ਦੇ ਹਰ ਪੱਖ ਦੀ ਸਮਝ/ਸੋਝੀ ਹੋਣੀ ਚਾਹੀਦੀ ਹੈ। ਕਿਉਂਕਿ ਲੱਚਰ ਗਾਇਕੀ ਨੇ ਸਾਡੇ ਸਮਾਜ ਨੂੰ ਬੀਮਾਰ ਸੋਚ ਦੇ ਲੜ ਲਾਉਣ ਦਾ ਰਾਹ ਫੜਿਆ ਹੋਇਆ ਹੈ, ਇਸ ਨੂੰ ਤੱਜਦਿਆਂ ਸਿਹਤਮੰਦ ਕਦਰਾਂ-ਕੀਮਤਾਂ ਵਾਲੀ ਗੀਤਕਾਰੀ ਹੋਣੀ ਚਾਹੀਦੀ ਹੈ, ਜੋ ਲੋਕਾਂ ਦੇ ਸੁਹਜ-ਸਵਾਦ ਦੀ ਪੂਰਤੀ ਵੀ ਕਰਦੀ ਹੋਵੇ ਅਤੇ ਲੋਕਾਂ ਨੂੰ ਕਿਸੇ ਚੰਗੇ ਵਿਚਾਰ ਦੇ ਲੜ ਵੀ ਲਾਉਂਦੀ ਹੋਵੇ। ਗੀਤ ਨਾਲ ਖੁੱਲ੍ਹੀ ਕਵਿਤਾ ਵਰਗਾ ਵਿਹਾਰ ਵੀ ਨਹੀਂ ਕਰਨਾ ਚਾਹੀਦਾ। ਗੀਤ ਦੇ ਰੂਪਕ ਪੱਖ ਨੂੰ ਤਿਆਗਿਆ ਹੀ ਨਹੀਂ ਜਾ ਸਕਦਾ ਇਹ ਸਾਹਿਤ ਨਾਲ ਧੱਕਾ ਕਰਨ ਦੇ ਬਰਾਬਰ ਹੈ। ਰਾਹੋਂ ਕੁਰਾਹੇ ਪੈਣ ਵਾਲੀ ਗੱਲ ਵੀ।

ਕਵਿਤਾ ਲਿਖਣ ਦੇ ਕਿਸੇ ਵੀ ਅਭਿਆਸੀ ਵਾਸਤੇ ਕੁਝ ਸਤਰਾਂ ਪੇਸ਼ ਕੀਤੀਆਂ ਜਾ ਰਹੀਆਂ ਹਨ ਜੋ ਪੰਜਾਬੀ ਦੇ ਬਹੁਤ ਹੀ ਸੂਝਵਾਨ ਲੇਖਕ ਸੁਖਬੀਰ ਦੀਆਂ ਲਿਖੀਆਂ ਹੋਈਆਂ ਹਨ। ਸੁਖਬੀਰ ਲਿਖਦਾ ਹੈ,ਖੁੱਲ੍ਹੀ ਕਵਿਤਾ ਲਿਖਣ ਲਈ ਪਹਿਲਾਂ ਛੰਦ ਬੱਧ ਕਵਿਤਾ ਦੀ ਸਮਝ ਹੋਣੀ ਚਾਹੀਦੀ ਹੈ, ਵੱਖ ਵੱਖ ਛੰਦਾਂ ਵਿਚ ਲਿਖਣ ਦਾ ਭਰਵਾਂ ਅਭਿਆਸ ਹੋਣਾ ਚਾਹੀਦਾ ਹੈ। ਜਿਹੜਾ ਕਵੀ ਛੰਦ ਬੱਧ ਕਵਿਤਾ ਨਹੀਂ ਲਿਖ ਸਕਦਾ, ਉਸ ਲਈ ਖੁੱਲ੍ਹੀ ਕਵਿਤਾ ਲਿਖਣੀ ਅਸੰਭਵ ਹੈ। ਜਿਸ ਨੂੰ ਵੱਖ ਵੱਖ ਲੈਆਂ ਵਿਚ ਲਿਖਣਾ ਨਹੀਂ ਆਉਂਦਾ, ਉਹ ਖੁੱਲ੍ਹੀ ਕਵਿਤਾ ਵਿਚ ਲੈਅ ਕਿਵੇਂ ਵਰਤ ਸਕੇਗਾ? ਲੈਅ ਤੋਂ ਬਿਨਾਂ ਖੁੱਲ੍ਹੀ ਕਵਿਤਾ ਨਿਰੀ ਵਾਰਤਕ ਹੈ। ਵਾਰਤਕ ਦੀਆਂ ਸਤਰਾਂ ਵੱਡੀਆਂ ਛੋਟੀਆਂ ਕਰਕੇ ਇਕ ਦੂਜੀ ਦੇ ਥੱਲੇ ਲਿਖਣ ਨਾਲ ਖੁੱਲ੍ਹੀ ਕਵਿਤਾ ਨਹੀਂ ਬਣ ਜਾਂਦੀ ... ਲੈਅ ਤੋਂ ਛੁੱਟ ਖੁੱਲ੍ਹੀ ਕਵਿਤਾ ਦੀ ਆਪਣੀ ਤਕਨੀਕ ਹੈ ਕਿ ਕਿੱਥੇ ਸਤਰ ਛੋਟੀ ਰੱਖਣੀ ਹੈ ਕਿੱਥੇ ਲੰਬੀ ਕਰਨੀ ਹੈ, ਕਿੱਥੇ ਉਨ੍ਹਾਂ ਤੋਂ ਜਾਣ ਬੁੱਝ ਕੇ ਬਚਣਾ ਹੈ। ਕਵਿਤਾ ਦੇ ਛੋਟੇ ਛੋਟੇ ਬੰਦ ਕਿਉਂ ਤੇ ਕਿਵੇਂ ਬਣਾਉਣੇ ਹਨ ਜਿਸ ਕਵੀ ਨੂੰ ਖੁੱਲ੍ਹੀ ਕਵਿਤਾ ਦੀ ਤਕਨੀਕ ਦਾ ਹੀ ਪਤਾ ਨਹੀਂ, ਉਹ ਉਸ ਵਿਚ ਕਲਾ ਕਿਵੇਂ ਪੈਦਾ ਕਰ ਸਕੇਗਾ, ਉਸ ਨੂੰ ਕਲਾ ਕ੍ਰਿਤ ਦਾ ਰੂਪ ਕਿਵੇਂ ਦੇ ਸਕੇਗਾ?”

ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਜੋ ਕਵਿਤਾ ਨੂੰ ਹਰ ਪੱਖੋਂ ਜਾਨਣ ਵਾਲੇ ਕਰਦੇ ਹਨ। ਜਿਵੇਂ ਚਾਰਲਜ਼ ਹਾਰਟਮੈਨ ਕਹਿੰਦਾ ਹੈ, “ਖੁੱਲ੍ਹੀ ਕਵਿਤਾ ਦਾ ਛੰਦ ਵਿਧਾਨ ਸੰਖਿਆਵਾਦੀ (ਮਾਤਰਾਂ/ ਅੱਖਰਾਂ ਦੀ ਗਿਣਤੀ) ਦੇ ਬਜਾਏ ਉਸ ਦੇ ਤੋਲ ਪ੍ਰਬੰਧ ਵਿੱਚੋਂ ਉਭਾਰਿਆ ਜਾਂਦਾ ਹੈ” ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਿਖਾਂਦਰੂ ਲੋਕ ਕੀ ਕਰਨਜਵਾਬ ਬਹੁਤ ਹੀ ਸਿੱਧਾ ਅਤੇ ਸਾਦਾ ਹੈ ਕਿ ਜਿਸ ਵਿਧਾ ਵਿਚ ਲਿਖਣਾ ਹੈ ਉਸ ਬਾਰੇ ਗਿਆਨ ਪ੍ਰਾਪਤ ਕਰਨ। ਉਸ ਖੇਤਰ ਦੇ ਸਿਆਣਿਆਂ ਤੋਂ ਸਲਾਹ ਲਈ ਜਾਵੇ। ਹੁੰਦੀ ਆਲੋਚਨਾ ਨੂੰ ਖਿੜੇ ਮੱਥੇ ਸਵੀਕਾਰਨ ਅਤੇ ਉਸ ਤੋਂ ਸਿੱਖਣ ਦਾ ਜਤਨ ਕਰਨ। ਹੋਈਆਂ ਜਾਂ ਆਪੇ ਕਹਿ ਕੇ ਕਰਵਾਈਆਂ ਸਿਫਤਾਂ ਨਾਲ ਹੀ ਲੋਕਾਂ ਨੂੰ ਮੂਰਖ ਬਣਾਉਣ ਦਾ ਕਾਰਜ ਨਾ ਕਰਨ। ਆਪਣੀ ਆਪੇ ਜਾਂ ਮਿੱਤਰਾਂ-ਦੋਸਤਾਂ ਨੂੰ ਕਹਿ ਕੇ ਵਡਿਆਈ ਕਰਨ, ਕਰਵਾਉਣ ਵਾਲਾ ਬੰਦਾ ਜ਼ਿਹਨੀ ਮਰੀਜ਼ ਹੁੰਦਾ ਹੈ। ਜ਼ਿਹਨੀ ਮਰੀਜ਼ ਬਣਨੋਂ ਬਚਿਆ ਜਾਵੇ। ਇਸਦੀ ਥਾਂਵੇਂ ਗਿਆਨ ਪ੍ਰਾਪਤੀ ਦੇ ਰਾਹੇ ਪਿਆ ਜਾਵੇ। ਕਲਾਸਿਕ ਰਚਨਾਵਾਂ ਦਾ ਅਧਿਅਨ ਅਤੇ ਵਰਤਮਾਨ ਵਿਚ ਰਚੇ ਜਾ ਰਹੇ ਸਾਹਿਤ ਨਾਲ ਵਾਸਤਾ ਰੱਖਿਆ ਜਾਵੇ।

ਗੱਲ ਬੜੀ ਹੀ ਸਿੱਧੀ ਜਿਹੀ ਹੈ, ਇਸ ਨੂੰ ਸਮਝਣ ਵਾਸਤੇ ਮਨੁੱਖ ਸਭ ਤੋਂ ਪਹਿਲਾਂ ਆਪਣੇ ਆਪ ਪ੍ਰਤੀ ਅਤੇ ਕੀਤੀ ਜਾ ਰਹੀ ਰਚਨਾ ਬਾਰੇ ਜ਼ਿੰਮੇਵਾਰੀ ਵਾਲਾ ਵਿਹਾ­­ਰ ਅਪਣਾਵੇ। ਗੀਤ ਲਿਖਣ ਵਾਲੇ ਨੂੰ ਗੀਤ ਦੇ ਮੁੱਖੜੇ ਅਤੇ ਅੰਤਰੇ ਵਿਚਲੇ ਫਰਕ ਦਾ ਪਤਾ ਹੋਵੇ। ਇਸੇ ਤਰ੍ਹਾਂ ਗਜ਼ਲ ਦੇ ਲਿਖਾਰੀ ਨੂੰ ਗਜ਼ਲ ਦੇ ਵਿਧੀ-ਵਿਧਾਨ ਪਿੰਗਲ ਅਤੇ ਅਰੂਜ਼ ਦਾ ਗਿਆਨ ਹੋਵੇ, ਆਦਿ। ਬਾਕੀ ਦੀਆਂ ਵਿਧਾਵਾਂ ਬਾਰੇ ਵੀ ਇਵੇਂ ਹੀ ਕਿਹਾ ਜਾ ਸਕਦਾ ਹੈ। ­­ਜਿਹੜਾ ਇਹ ਨਹੀਂ ਜਾਣਨਾ ਜਾਂ ਸਿੱਖਣਾ ਚਾਹੁੰਦਾ, ਉਹਨੂੰ ਸਾਹਿਤ ਦੀ ਕਿਸੇ ਵੀ ਵਿਧਾ ਨਾਲ ਧੱਕਾ ਨਹੀਂ ਕਰਨਾ ਚਾਹੀਦਾ। ਹਰ ਵਿਧਾ ਦੇ ਲਿਖਣ ਲਈ ਭਾਸ਼ਾ ਦਾ ਪ੍ਰਯੋਗ ਵੱਖਰਾ ਹੁੰਦਾ ਹੈ। ਸੰਬੋਧਨੀ ਵਿਹਾਰ ਵਿਚ ਵੀ ਫਰਕ ਹੁੰਦਾ ਹੈ। ਜਿਸ ਕਿਸੇ ਲੇਖਕ ਨੂੰ ਵਿਧਾ ਅਨੁਸਾਰ ਭਾਸ਼ਾਈ ਵਿਹਾਰ ਦਾ ਗਿਆਨ ਅਤੇ ਪ੍ਰਯੋਗ ਬਾਰੇ ਪੂਰੀ ਜਾਣਕਾਰੀ ਨਹੀਂ ਹੋਵੇਗੀ ਉਸਦਾ ਕੀਤਾ ਕਾਰਜ ਸੰਚਾਰ ਵਿਚ ਅੜਿੱਕਾ ਪੈਦਾ ਕਰ ਸਕਦਾ ਹੈ।

ਕਈ ਲੇਖਕ ਨਿਰਪੱਖ ਹੋਣ ਦਾ ਬੜਾ ਢਕੌਂਜ ਕਰਦੇ ਹਨ, ਦੂਜਿਆਂ ਨੂੰ ਮਿਹਣੇ ਵਜੋਂ ਆਖਣਗੇ ਕਿ ਫਲਾਣਾ, ਫਲਾਣੀ ਵਿਚਾਰਧਾਰਾ ਦੇ ਅਧੀਨ ਹੋ ਕੇ ਲਿਖਦਾ ਹੈ। ਚੇਤੇ ਰੱਖਣ ਵਾਲੀ ਗੱਲ ਹੈ ਕਿ ਕੋਈ ਵੀ ਅਜਿਹਾ ਨਹੀਂ ਹੋ ਸਕਦਾ ਜੋ ਕਿਸੇ ਵਿਚਾਰਧਾਰਾ ਤੋਂ ਬਗੈਰ ਲਿਖਦਾ ਹੋਵੇ। ਲਿਖਣ ਵਾਲੇ ਦੀ ਵਿਚਾਰਧਾਰਾ ਰਚਨਾ ਦਾ ਅੰਗ ਬਣੇ, ਕਲਾਤਮਿਕ ਉਚਾਈਆਂ ਨੂੰ ਛੁਹਣ ਦਾ ਜਤਨ, ਅਭਿਆਸ ਅਤੇ ਮਿਹਨਤ ਕਰੇ। ਪਰ ਬਹੁਤਿਆਂ ਕੋਲ ਇਸਦਾ ਰਾਹ ਨਹੀਂ, ਗੁਰ ਨਹੀਂ, ਕਲਾ ਨਹੀਂ। ਇਸ ਬਾਰੇ ਛੋਟੀ ਜਿਹੀ ਮਿਸਾਲ ਹੈ ਕਿ ਅਸੀਂ ਸਾਰੇ ਹੀ ਰੋਟੀ ਖਾਂਦੇ ਹਾਂ। ਆਟੇ ਨੂੰ ਪਾਣੀ ਨਾਲ ਗੁੰਨ੍ਹਿਆ ਜਾਂਦਾ ਹੈ, ਪਰ ਜਦੋਂ ਅਸੀਂ ਆਟੇ ਅਤੇ ਪਾਣੀ ਨਾਲ ਬਣੀ ਰੋਟੀ ਖਾਂਦੇ ਹਾਂ ਤਾਂ ਕਦੇ ਵੀ ਕਿਸੇ ਨੇ ਰੋਟੀ ਵਿੱਚੋਂ ਪਾਣੀ ਚੋਂਦਾ ਨਹੀਂ ਦੇਖਿਆ ਹੋਣਾ। ਬਸ! ਇਹ ਹੀ ਹੈ ਉਹ ਨੁਸਖਾ ਜਾਂ ਗੁਰ ਕਿ ਜਿਵੇਂ ਰੋਟੀ ਵਿੱਚ ਪਾਣੀ ਨਜ਼ਰ ਨਹੀਂ ਆਉਂਦਾ ਇੰਜ ਹੀ ਰਚਨਾ ਵਿਚਲੇ ਵਿਚਾਰਾਂ ਵਿੱਚ ਵਿਚਾਰਧਾਰਾ ਹੋਵੇ ਪਰ ਰਚਨਾ ਦੇ ਬਾਹਰ ਨਾ ਲਟਕਦੀ ਹੋਵੇ ਤਾਂ ਹੀ ਉਹ ਕਲਾ ਭਰਪੂਰ ਰਚਨਾ ਬਣ ਸਕਦੀ ਹੈ। ਇਸ ਰਾਹੇ ਤੁਰਦਿਆਂ ਹੀ ਕੋਈ ਕਲਾਸਿਕ ਰਚਨਾ ਰਚਣ ਤਕ ਦਾ ਸਫਰ ਤੈਅ ਕਰ ਸਕਦਾ ਹੈ। ਨਹੀਂ ਤਾਂ ਕਲਾ ਦੇ ਨਾਂ ਤੇ ਬੱਕਰੇ ਬੁਲਾਉਣ ਵਾਲੀ ਗੱਲ ਹੋ ਕੇ ਰਹਿ ਜਾਵੇਗੀ, ਜਿਸ ਰਾਹੀਂ ਸਾਹਿਤ ਅੰਦਰ ਕੋਝ ਤਾਂ ਪੈਦਾ ਕੀਤਾ ਜਾ ਸਕਦਾ ਹੈ ਪਰ ਸੁਹਜ ਪੈਦਾ ਨਹੀਂ ਕੀਤਾ ਜਾ ਸਕਦਾ, ਜੋ ਸਾਹਿਤ ਦਾ ਵੀ ਮੀਰੀ ਗੁਣ ਹੈ। ਇਹ ਗੁਣ ਲੰਬੇ ਅਭਿਆਸ ਅਤੇ ਲੇਖਕ ਦੀ ਸਾਹਿਤ ਪ੍ਰਤੀ ਪ੍ਰਤੀਬੱਧਤਾ ਦੀ ਮੰਗ ਕਰਦਾ ਹੈ।

ਹਰ ਪਾਸੇ ਹੀ ਅਸੂ਼ਲ ਹਨ ਜਦੋਂ ਕੋਈ ਕੱਪੜੇ ਦੀ ਮਿਣਤੀ ਕਰਦਾ ਹੈ ਤਾਂ ਗਜ਼ ਜਾਂ ਮੀਟਰ ਦੀ ਵਰਤੋਂ ਕਰਦਾ ਹੈ, ਪਰ ਜ਼ਮੀਨ ਦੀ ਮਿਣਤੀ ਵਾਸਤੇ ਜਰੀਬ ਦੀ ਵਰਤੋਂ ਕੀਤੀ ਜਾਂਦੀ ਹੈਆਲੂ-ਗੰਢੇ ਤੋਲਣ ਵਾਸਤੇ ਕਿਲੋਗਰਾਮ ਵਾਲੇ ਵੱਟੇ ਵਰਤੇ ਜਾਂਦੇ ਹਨ। ਨਾ ਤਾਂ ਕੱਪੜਾ ਮਿਣਨ ਵਾਸਤੇ ਵੱਟੇ ਵਰਤੇ ਜਾ ਸਕਦੇ ਹਨ ਅਤੇ ਨਾ ਹੀ ਆਲੂ-ਗੰਢਿਆਂ ਦਾ ਭਾਰ ਮੀਟਰ ਨਾਲ ਮਿਣਿਆ ਜਾ ਸਕਦਾ ਹੈ। ਜਿਸ ਨੂੰ ਵੀ ਇਸ ਗੱਲ ਦੀ ਸਮਝ ਆ ਗਈ, ਉਹ ਠੀਕ ਲੀਹ ਫੜ ਸਕਦਾ ਹੈ। ਇਹ ਅਸੂਲ ਸਾਹਿਤ ਵਿਚ ਵੀ ਚੱਲਦੇ ਹਨ। ਇਨ੍ਹਾਂ ਨੂੰ ਸਮਝਣ ਦੀ ਲੋੜ ਹੈ। ਚੰਗਾ ਹੋਵੇ ਜੇ ਇਸ ਗੱਲ ਨੂੰ ਪੱਲੇ ਬੰਨ੍ਹ ਲਿਆ ਜਾਵੇ ਕਿ ਲਿਖਤ ਨੂੰ ਕਲਾਤਮਿਕਤਾ ਤੋਂ ਰਹਿਤ ਤੇ ਰਸ ਵਿਹੂਣੀ ਨਾ ਕੀਤਾ ਜਾਵੇ ਉਸਦੇ ਮਿਆਰ ਦਾ ਖਿਆਲ ਰੱਖਿਆ ਜਾਵੇ, ਉਸਦੇ ਮਿਆਰ ਵਿਚ ਨਵੇਂ ਵਾਧੇ ਕੀਤੇ ਜਾਣਛਪਣ ਤੋਂ ਪਹਿਲਾਂ ਰਚਨਾਵਾਂ ਵਿਚਲੇ ਸ਼ਬਦਜੋੜ, ਵਾਕ ਬਣਤਰ ਆਦਿ ਨੂੰ ਸੋਧ ਕੇ ਕਿਧਰੇ ਵੀ ਭੇਜਿਆ ਜਾਵੇ। ਇਕ, ਦੋ ਜਾਂ ਚਾਰ ਵਾਰ ਸੋਧ ਕੇ ਗਲਤੀਆਂ ਦੂਰ ਕਰ ਲਈਆਂ ਜਾਣ, ਇਹ ਕਿਸੇ ਹੋਰ ਦੀ ਹੀ ਨਹੀਂ ਸਗੋਂ ਆਪਣੀ ਸੁਧਾਈ ਦਾ ਰਾਹ ਹੈ ਅਤੇ ਕੁਝ ਨਵਾਂ ਸਿੱਖਣ ਦਾ ਵੀ।

ਤੇਜ਼ੀ ਨਾਲ ਹੋਏ ਤਕਨੀਕੀ ਵਿਕਾਸ ਨੇ ਲੋਕਾਂ ਅੱਗੇ ਅਚੰਭੇ ਵਰਗਾ ਕੁਝ ਪ੍ਰਗਟ ਕਰ ਦਿੱਤਾ ਹੈ, ਜਿਸ ਦੀ ਚਕਾਚੌਂਧ ਨਾਲ ਲੋਕ ਚੁੰਧਿਆਏ ਗਏ ਹਨ। ਇਸ ਕਰਕੇ ਚੁਫੇਰੇ ਚਾਨਣ ਤਾਂ ਨਜ਼ਰ ਆਇਆ, ਇਸ ਦੇ ਪਿਛੋਕੜ ਵਾਲੇ ਵਰਤਾਰੇ ਦੇਖਣ ਵੇਲੇ ਅਸੀਂ ਅੱਖਾਂ ਮੀਟ ਲਈਆਂ। ਜੇ ਅੱਖਾਂ ਖੁੱਲ੍ਹੀਆਂ ਰੱਖ ਕੇ ਤੁਰਿਆ ਜਾਵੇ ਤਾਂ ਸਮੁੱਚੇ ਵਰਤਾਰੇ ਦੀ ਸਮਝ ਪੈ ਸਕਦੀ ਹੈਤੁਰੇ ਜਾਂਦੇ ਵਕਤ ਵਿੱਚੋਂ ਬਹੁਤ ਕੁਝ ਕੰਮ ਦਾ ਫੜਿਆ ਜਾ ਸਕਦਾ ਹੈ।

ਸੂਚਨਾ ਦੇ ਤਕਨੀਕੀ ਯੁੱਗ ਨੇ ਇਸ ਸੰਸਾਰ ਨੂੰ ਬਹੁਤ ਛੋਟਾ ਕਰ ਦਿੱਤਾ ਹੈ। ਅੱਜ ਦੇ ਯੁੱਗ ਦਾ ਮੁੱਖ ਸੰਚਾਰ ਸਾਧਨ ਕੰਪਿਊਟਰ ਹੈ। ਇਸ ਨਾਲ ਰੌਸ਼ਨੀ ਅਤੇ ਆਵਾਜ਼ ਤੋਂ ਜ਼ਿਆਦਾ ਤੇਜ਼ੀ ਨਾਲ ਦੁਨੀਆਂ ਵਿਚ ਪਹੁੰਚਿਆ ਜਾ ਸਕਦਾ ਹੈ। ਇਸ ਸਾਧਨ ਦੇ ਆਸਰੇ ਕੁਝ ਸ਼ਬਦ ਵੀ ਲਿਖੋ, ਇੰਟਰਨੈਟ ਰਾਹੀਂ ਕੁੱਲ ਦੁਨੀਆਂ ਤੱਕ ਪਹੁੰਚ ਜਾਂਦੇ ਹਨ। ਇੰਟਰਨੈੱਟ ਵਿਚ ਬਹੁਤ ਸਾਰੀ ਜਾਣਕਾਰੀ ਪਈ ਹੈ। ਉਸ ਜਾਣਕਾਰੀ ਨੂੰ ਵਰਤਦਿਆਂ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਜਦੋਂ ਕੋਈ ਕੁਝ ਵੀ ਕਿਸੇ ਪਾਸਿਉਂ ਚੋਰੀ ਕਰਕੇ ਕੋਈ ਛਪਵਾਉਣ ਦਾ ਜਤਨ ਕਰਦਾ ਹੈ ਤਾਂ ਬਹੁਤ ਸਾਰੇ ਹੋਰ ਲੋਕ ਵੀ ਜਾਣ ਜਾਂਦੇ ਹਨ ਕਿ ਇਹ ਕਿੱਥੋਂ ਚੋਰੀ ਕੀਤੀ ਗਈ ਹੈ। ਪੰਜਾਬੀ ਵਿਚ ਛਪਦੀਆਂ ਰਚਨਾਵਾਂ (ਆਮ ਕਰਕੇ ਵੈੱਬ ਸਾਈਟਾਂ ਅ­ਤੇ ਬਲਾਗਜ਼ ਉੱਤੇ) ਵਿਚ ਵੀ ਇਹ ਦੇਖਿਆ ਜਾਂਦਾ ਹੈ, ਐਧਰੋਂ-ਓਧਰੋਂ ਚੁੱਕ ਕੇ ਆਪਣੇ ਨਾਂ ਥੱਲੇ ਛਪਵਾਉਣ ਵਾਲੇ ਵੀ ਬਹੁਤ ਹਨ। ਇਸ ਤੋਂ ਬਚਣਾ ਬਹੁਤ ਜ਼ਰੂਰੀ ਹੈ। ਚੋਰੀ ਕਰਨ ਵਾਲਾ ਇਹ ਹੀ ਸਮਝਦਾ ਹੈ ਕਿ ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਪਰ ਉਸ ਨਾ ਪਤਾ ਲੱਗਣ ਦੀ ਸੋਚਣ ਵਾਲੇ ਵਹਿਮੀ ਤੋਂ ਬਿਨਾਂ ਸਭ ਨੂੰ ਇਸ ਬਾਰੇ ਪਤਾ ਹੁੰਦਾ ਹੈ।

ਸਮੇਂ ਦੇ ਸਫੇ ’ਤੇ ਵਾਪਰਨ ਵਾਲੀਆਂ ਘਟਨਾਵਾਂ ਉੱਤੇ ਨਿਗਾਹ ਰੱਖਣ ਵਾਲੇ ਜਾਣਦੇ ਹਨ ਕਿ ਬਾਹਰਲੇ ਮੁਲਕੀਂ ਜੇ ਕੋਈ ਕਿਧਰਿਉਂ ਕਿਸੇ ਦਾ ਪਾਠ (ਟੈਕਸਟ) ਚੋਰੀ ਕਰਕੇ ਜਾਣੇ ਜਾਂ ਅਣਜਾਣੇ ਆਪਣੇ ਖੋਜ ਪੱਤਰ ਵਿਚ ਸ਼ਾਮਲ ਕਰਕੇ ਪੀ. ਐੱਚ. ਡੀ ਦੀ ਡਿਗਰੀ ਪ੍ਰਾਪਤ ਕਰ ਲਵੇ ਤਾਂ ਸਾਲਾਂ ਦੇ ਬੀਤ ਜਾਣ ਤੋਂ ਬਆਦ ਵੀ ਪਤਾ ਲੱਗ ਜਾਣ ਪਿੱਛੋਂ ਇਹ ਡਿਗਰੀ ਵਾਪਸ ਲੈ ਲਈ  ਜਾਂਦੀ ਹੈ। ਅਜਿਹੀਆਂ ਕਈ ਘਟਨਾਵਾਂ ਪਿਛਲੇ ਸਮੇਂ ਜਰਮਨੀ ਅੰਦਰ ਹੀ ਹੋਈਆਂ ਜਦੋਂ ਅਜਿਹੇ ਤਰੀਕਿਆਂ ਦੀ ਵਰਤੋਂ ਕਰਕੇ ਡਿਗਰੀਆਂ ਪ੍ਰਾਪਤ ਕਰ ਚੁੱਕਿਆਂ ਤੋਂ ਡਿਗਰੀਆਂ ਵਾਪਸ ਲੈ ਲਈਆਂ ਗਈਆਂ ਤਾਂ ਕੀਤੀ ਮਿਹਨਤ ਐਵੇਂ ਹੀ ਗਈ, ਜਿਹੜੀ ਤੋਏ ਤੋਏ ਹੋਈ ਉਹ ਵੱਖਰੀ। ਅਜਿਹੇ ਮਾਮਲੇ ਵਿਚ ਵਜ਼ੀਰਾਂ ਤੱਕ ਨੂੰ ਆਪਣੇ ਅਹੁਦੇ ਤੋਂ ਅਸਤੀਫੇ ਦੇਣੇ ਪਏ। ਇਹ ਦੇਖਦਿਆਂ ਅਤੇ ਇਸ ਤੋਂ ਸਬਕ ਲੈਂਦਿਆਂ ਅਜਿਹੇ ਕਾਰਜਾਂ ਵਿਚ ਰੁੱਝੇ ਲੋਕਾਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ

ਰਚਨਾਕਾਰ ਨੇ ਸਿਰਜਣਾ ਕਰਨੀ ਹੁੰਦੀ ਹੈ। ਇਹ ਬਹੁਤ ਔਖਾ ਕਾਰਜ ਹੈ। ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਕੋਈ ਵੀ ਰਚਨਾ ਐਵੇਂ ਨਹੀਂ ਹੁੰਦੀ। ਹਰ ਕੰਮ ਮਿਹਨਤ ਦੀ ਮੰਗ ਕਰਦਾ ਹੈ। ਲਿਖਣ ਕਾਰਜ ਵਿਚ ਜੁਟੇ ਲੋਕ, ਜਿਨ੍ਹਾਂ ਨੇ ਸੰਸਾਰ ਨੂੰ ਨਵੇਂ ਵਿਚਾਰ ਦੇ ਲੜ ਲਾਉਣਾ ਹੁੰਦਾ ਹੈ, ਉਹ ਮਿਹਨਤ ਤੋਂ ਮੂੰਹ ਕਿਉਂ ਮੋੜਨ? ਜਿਹੜੇ ਲੇਖਕ ਲਿਖਣ ਵਾਸਤੇ ਮਿਹਨਤ ਕਰਨਗੇ, ਉਨ੍ਹਾਂ ਦੀ ਮਿਹਨਤ ਲਿਖਤ ਵਿੱਚੋਂ ਪ੍ਰਤੱਖ ਝਲਕੇਗੀ।

*****

(417)

ਲਿਖਣ ਕ੍ਰਿਆ ਬਾਰੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਕੇਹਰ ਸ਼ਰੀਫ਼

ਕੇਹਰ ਸ਼ਰੀਫ਼

Witten, Germany.
Phone: (49 - 17335 - 46050)

Email: (ksharif@arcor.de)

More articles from this author