KeharSharif7ਕਵਿਤਾ: ਮਜਦੂਰ ਦਿਵਸ --- ਖੁਸ਼ਪ੍ਰੀਤ ‘ਖੁਸ਼ੀ’
(1 ਮਈ 2017)

 

ਪਹਿਲੀ ਮਈ ਦੇ ਕੁਰਬਾਨੀਆਂ ਭਰੇ ਇਤਿਹਾਸਕ ਦਿਹਾੜੇ ਨੂੰ ਦੁਨੀਆਂ ਭਰ ਦੇ ਕਿਰਤ ਕਰਨ ਵਾਲੇ ਭਾਈ ਲਾਲੋ ਹਰ ਵਰ੍ਹੇ ਹੀ ਪ੍ਰਣ ਦਿਵਸ ਵਜੋਂ ਮਨਾਉਂਦੇ ਹਨ। ਬਹੁਤ ਲੰਮੇ ਸਮੇਂ ਤੋਂ ਇਹ ਕਿਰਤੀਆਂ ਦਾ ਕੌਮਾਂਤਰੀ ਤਿਉਹਾਰ ਬਣ ਚੁੱਕਾ ਹੈ, ਕਿਉਂਕਿ ਇਸ ਦੇ ਪਿੱਛੇ ਉਨ੍ਹਾਂ ਦੇ ਆਪਣੇ ਕੀਤੇ ਕੰਮ ਦੀ ਰਾਖੀ ਦੇ ਸੰਘਰਸ਼ਾਂ ਦਾ ਲੰਮਾ ਇਤਿਹਾਸ ਹੈ ਜੋ ਲਗਾਤਾਰ ਅਜੇ ਵੀ ਚੱਲ ਰਿਹਾ ਹੈ ਅਤੇ ਇਹ ਘੋਲ ਚੱਲਦਾ ਰਹੇਗਾ ਜਦੋਂ ਤੱਕ ਕੰਮ ਕਰਨ ਵਾਲੇ ਆਪਣੇ ਹੱਕਾਂ ਨੂੰ ਪ੍ਰਾਪਤ ਕਰਕੇ ਸੁਖ ਦੀ ਰੋਟੀ ਨਾ ਖਾਣ ਲੱਗ ਪੈਣ। ਜਦੋਂ ਤੱਕ ਹਰ ਪੱਖੋਂ ਸਮਾਨਤਾ/ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਨਹੀਂ ਹੋ ਜਾਂਦੀ।

ਗੱਲ ਬਹੁਤ ਪੁਰਾਣੀ ਨਹੀਂ, ਸਵਾ ਕੁ ਸਦੀ ਪੁਰਾਣੀ ਹੈ ਕਿ ਮਜਦੂਰਾਂ ਨੂੰ ਸਿਰਫ ਕੰਮ ਕਰਨ ਜੋਗੇ ਹੀ ਸਮਝਿਆ ਜਾਂਦਾ ਸੀ। ਉਨ੍ਹਾਂ ਦੇ ਜੀਵਨ ਅਤੇ ਖਾਹਿਸ਼ਾਂ ਦਾ ਕਿਸੇ ਭੜੂਏ ਨੂੰ ਕੋਈ ਫਿਕਰ ਨਹੀਂ ਸੀ। ਅਠਾਰ੍ਹਾਂ-ਵੀਹ ਘੰਟੇ ਰੋਜ਼ਾਨਾ ਕੰਮ ਕਰਨਾ ਬਹੁਤ ਸਾਰਿਆਂ ਦਾ “ਨਸੀਬ” ਬਣ ਚੁੱਕਾ ਸੀ। ਖਾਣ-ਪੀਣ, ਸੌਣ-ਪੈਣ, ਅਰਾਮ ਜਾਂ ਜ਼ਿੰਦਗੀ ਜੀਊਣ ਜੋਗਾ ਸਮਾਂ ਹੀ ਕੌਣ ਦਿੰਦਾ ਸੀ ਉਨ੍ਹਾਂ ਨੂੰ। ਜਦੋਂ ਪਾਣੀ ਗਲ਼ੋਂ ਉੱਪਰ ਚਲਾ ਜਾਵੇ ਤਾਂ ਮਨੁੱਖ ਜੀਊਣ ਲਈ ਚਾਰਾ ਕਰਦਾ ਹੈ। ਮਜ਼ਦੂਰਾਂ ਦੀ ਅਜਿਹੀ ਸਥਿਤੀ ਦੇ ਸਬੰਧ ਵਿਚ ਮਾਈਕਲ ਸ਼ਾਅਦ ਦੇ ਸ਼ਬਦ ਚੇਤੇ ਕਰਨੇ ਚਾਹੀਦੇ ਹਨ “ਲੱਖਾਂ ਮਜ਼ਦੂਰ ਭੁੱਖੇ ਮਰ ਰਹੇ ਹਨ ਤੇ ਉਹ ਅਵਾਰਾਗਰਦਾਂ ਵਰਗਾ ਜੀਵਨ ਬਤੀਤ ਕਰ ਰਹੇ ਹਨ। ਅਜਿਹੀ ਸਥਿਤੀ ਵਿਚ ਸਭ ਤੋਂ ਜ਼ਾਹਿਲ ਉਜਰਤੀ ਗੁਲਾਮ ਵੀ ਸੋਚਣਾ ਸ਼ੁਰੂ ਕਰ ਦਿੰਦਾ ਹੈ। ਸਾਂਝੀ ਮੁਸੀਬਤ ਉਨ੍ਹਾਂ ਨੂੰ ਸਪਸ਼ਟ ਕਰ ਦਿੰਦੀ ਹੈ ਕਿ ਉਹ ਹਰ ਹੀਲੇ ਇਕੱਠੇ ਹੋਣ ਤੇ ਉਹ ਹੋ ਜਾਂਦੇ ਹਨ।” ਇਹ ਸੀ ਉਦੋਂ ਦੇ ਵੇਲਿਆਂ ਦੀ ਮਜ਼ਦੂਰਾਂ ਦੀ ਸਥਿਤੀ ਅਤੇ ਜਾਗ੍ਰਿਤ ਮਜਦੂਰਾਂ ਅੰਦਰ ਨਵੀਂ ਪਣਪ ਰਹੀ ਸੋਚ।

ਜਦੋਂ ਸਰਮਾਏਦਾਰਾਂ ਨੇ ਮਜਦੂਰਾਂ ਉੱਤੇ ਅਸਹਿ ਅਤੇ ਅਕਹਿ ਜੁਲਮ ਢਾਹੁਣੇ ਜਾਰੀ ਰੱਖੇ ਤਾਂ ਕਾਮਿਆਂ ਨੇ ਛੋਟੇ ਛੋਟੇ ਗਰੁੱਪਾਂ ਰਾਹੀਂ ਸੋਚਣਾ ਸ਼ੁਰੂ ਕੀਤਾ ਕਿ ਅਜਿਹੀ ਜਾਲਮ ਸਥਿਤੀ ਵਿਚ ਜੀਊਣ ਦਾ ਸਬੱਬ ਕਿਵੇਂ ਬਣੇ, ਕਿਵੇਂ ਉਹ ਆਪਣੇ ਬਾਲ-ਬੱਚੇ ਪਾਲਣ, ਆਦਿ। ਕੁਦਰਤੀ ਹੀ ਉਨ੍ਹਾਂ ਨੇ ਆਪਣੇ ਕਦਮ ਮਜ਼ਦੂਰ ਏਕੇ ਵੱਲ ਵਧਾਏ। 1881 ਵਾਲੇ ਦਹਾਕੇ ਵਿਚ ਮਜ਼ਦੂਰਾਂ ਨੇ ਆਪਣੇ ਆਪ ਨੂੰ 12 ਘੰਟੇ ਦੀ ਕੰਮ ਦਿਹਾੜੀ ਨੂੰ 8 ਘੰਟੇ ਦੀ ਕੰਮ ਦਿਹਾੜੀ ਦੀ ਮੰਗ ਦੁਆਲ਼ੇ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ, ਉਂਜ ਭਾਵੇਂ ਇਹ ਮੰਗ 1866 ਤੋਂ ਉੱਠੀ ਸੀ ਜਿਸ ਦਾ ਲਗਾਤਾਰ ਪ੍ਰਚਾਰ ਹੁੰਦਾ ਰਿਹਾ। 1885 ਤੱਕ 8 ਘੰਟੇ ਕੰਮ ਦੀ, ਕੰਮ ਦਿਹਾੜੀ ਵਾਲੀ ਮੰਗ ਹਰ ਕਿਸੇ ਦੀ ਜ਼ੁਬਾਨ ’ਤੇ ਚੜ੍ਹ ਗਈ ਸੀ ਤੇ ਜਨਤਕ ਰੂਪ ਧਾਰ ਗਈ ਸੀ। ਅਮਰੀਕਾ ਦੇ ਸਾਰੇ ਵੱਡੇ ਸਨਅਤੀ ਕੇਂਦਰਾਂ ਵਿਚ ਮੁਜ਼ਾਹਰੇ ਹੋਏ। ਫੇਰ 1886 ਦੇ ਸ਼ੁਰੂ ਤੋਂ ਹੀ ਅਮਰੀਕਾ ਦੇ ਇਕ ਸਿਰੇ ਤੋਂ ਦੂਜੇ ਸਿਰੇ ਭਾਵ ਨਿਊਯਾਰਕ ਤੋਂ ਸਾਨਫਰਾਂਸਿਸਕੋ ਤੱਕ ਆਮ ਮੁਜਾਹਰੇ ਹੋਏ ਪਰ ਚੱਲ ਰਹੇ ਸੰਘਰਸ਼ ਦਾ ਕੇਂਦਰ ਸ਼ਹਿਰ ਸ਼ਿਕਾਗੋ ਸੀ।

ਪਹਿਲੀ ਮਈ 1886 ਨੂੰ ਸ਼ਿਕਾਗੋ ਦੀ ਹੇਅ ਮਾਰਕੀਟ ਦੇ ਦੁਆਲੇ ਕਾਮੇ ਇਕੱਠੇ ਹੋਏ। ਇਸ ਦਿਨ 80 ਹਜ਼ਾਰ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਦੇ ਨਾਅਰਿਆਂ ਨਾਲ ਸ਼ਹਿਰ ਦੀਆਂ ਸੜਕਾਂ ਗੂੰਜਣ ਲਾ ਦਿੱਤੀਆਂ। ਇਹ ਮੁਜ਼ਾਹਰੇ ਅਗਲੇ ਦੋ ਦਿਨ ਵੀ ਜਾਰੀ ਰਹੇ ਪਰ ਤਿੰਨ ਮਈ ਨੂੰ ਪੁਲੀਸ ਨੇ ਬਿਨਾਂ ਕਿਸੇ ਭੜਕਾਹਟ ਦੇ ਅਤੇ ਬਿਨਾਂ ਕਿਸੇ ਵਾਰਨਿੰਗ ਤੋਂ ਹੱਕ ਮੰਗਦੇ ਨਿਹੱਥੇ ਮਜਦੂਰਾਂ ’ਤੇ ਗੋਲੀ ਚਲਾ ਦਿੱਤੀ ਜਿਸ ਨਾਲ 6 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜਖ਼ਮੀ ਹੋ ਗਏ। 4 ਮਈ ਨੂੰ ਪੁਲੀਸ ਵਲੋਂ ਹੋਏ ਇਸ ਵਹਿਸ਼ੀ ਜਬਰ ਦੇ ਖਿਲਾਫ ਸ਼ਹਿਰ ਦੇ ਕੇਂਦਰੀ ਚੌਕ ਵਿਚ ਰੈਲੀ ਹੋਈ। ਇਸ ਰੈਲੀ ਵਿਚ ਕਿਸੇ ਹੜਤਾਲ ਤੋੜਨ ਵਾਲੇ ਸਰਕਾਰੀ ਏਜੰਟ ਨੇ ਭੜਕਾਹਟ ਪੈਦਾ ਕਰਨ ਵਾਸਤੇ ਬੰਬ ਸੁੱਟ ਦਿੱਤਾ। ਇਕ ਪੁਲਸੀਆ ਮਾਰਿਆ ਗਿਆ, ਪੰਜ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਸਰਕਾਰ ਨੇ ਮੌਕਾ ਤਾੜ ਕੇ ਮਜਦੂਰ ਜਮਾਤ ਨੂੰ ਖੂਬ ਭੰਡਿਆ। ਮਜਦੂਰਾਂ ’ਤੇ ਅੰਨ੍ਹਾ ਤਸ਼ੱਦਦ ਕੀਤਾ ਅਤੇ ਬਹੁਤ ਸਾਰੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ। ਆਖਰ ਝੂਠ ਦੇ ਪੁੱਤਰ ਬੇਈਮਾਨ ਸਰਕਾਰੀ ਅਧਿਕਾਰੀਆਂ ਨੇ ਕਾਲੇ ਦਿਲਾਂ ਵਾਲੇ ਭਾੜੇ ਦੇ ਟੱਟੂ ਪੈਸੇ ਨਾਲ ਖਰੀਦ ਕੇ ਝੂਠ ਦਾ ਜਾਲ ਬੁਣਿਆ। ਕਹੇ ਜਾਂਦੇ “ਇਨਸਾਫ ਦੇ ਫਰਿਸ਼ਤਿਆਂ” ਅੱਗੇ ਖਰੀਦੇ ਹੋਏ ਪੁਲੀਸ ਟਾਊਟਾਂ ਨੂੰ ਗਵਾਹਾਂ ਦੇ ਰੂਪ ਵਿਚ ਪੇਸ਼ ਕਰਕੇ ਘੜੇ ਘੜਾਏ ਫਤਵਿਆਂ ਰਾਹੀਂ ਬਿਨਾਂ ਦੋਸ਼ੀ ਸਾਬਤ ਹੋਇਆਂ 7 ਬੇਕਸੂਰ ਮਜਦੂਰ ਆਗੂਆਂ ਨੂੰ ਫਾਂਸੀ ਦੀਆਂ ਸਜਾਵਾਂ ਸੁਣਾਈਆਂ। ਇਹ ਆਗੂ ਸਨ - ਆਗਸਤ ਸਪਾਈਜ਼, ਸੈਮੂਅਲ ਫੀਲਡਨ, ਅਲਬਰਟ ਪਾਰਸਨਜ਼, ਮਾਈਕਲ ਸ਼ਵਾਬ, ਲੂਈ ਕਿੰਗ, ਅਡੌਲਫ ਫਿਸ਼ਰ ਅਤੇ ਜਾਰਜ ਐਂਗਲ। ਇਕ ਹੋਰ ਆਗੂ ਆਸਕਰ ਨੀਬੇ, ਨੂੰ ਕੁੱਝ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪਿੱਛੋਂ ਫੀਲਡਜ਼ ਅਤੇ ਸ਼ਾਅਬ ਦੀਆਂ ਮੌਤ ਦੀਆਂ ਸਜ਼ਾਵਾਂ ਨੂੰ ਹੀ ਉਮਰ ਕੈਦ ਵਿਚ ਬਦਲਿਆ ਗਿਆ। ਲੂਈ ਕਿੰਗ ਦੀ ਜੇਲ੍ਹ ਵਿਚ ਹੀ ਮੌਤ ਹੋ ਗਈ ਸੀ। 11 ਨਵੰਬਰ 1887 ਨੂੰ ਅਲਬਰਟ ਪਾਰਸਨ, ਔਗਸਤ ਸਪਾਈਸ, ਜਾਰਜ ਏਂਜਲ ਅਤੇ ਅਡੋਲਫ ਫਿਸ਼ਰ ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ। ਉਨ੍ਹਾਂ ਸੂਰਮਿਆਂ ਨੇ ਆਪਣੀਆਂ ਜਾਨਾਂ ਆਪਣੇ ਲੋਕਾਂ ਅਤੇ ਆਪਣੇ ਕਾਜ਼ ਨੂੰ ਭੇਟ ਕਰ ਦਿੱਤੀਆਂ। ਸਰਬ ਸਾਂਝੇ ਆਦਰਸ਼ ਨੂੰ ਪ੍ਰਣਾਏ ਹੋਏ ਦੂਜਿਆਂ ਵਾਸਤੇ ਜਾਨਾਂ ਵਾਰਨ ਵਾਲੇ ਰਹਿੰਦੀ ਦੁਨੀਆਂ ਤੱਕ ਯਾਦ ਰਹਿਣਗੇ। ਯਾਦ ਰਹਿਣਗੇ ਫਾਂਸੀ ਦੇ ਤਖ਼ਤੇ ਵੱਲ ਵਧਦਿਆਂ ਸਪਾਈਜ਼ ਦੇ ਕਹੇ ਅੰਤਮ ਸ਼ਬਦ ਵੀ। ਸ਼ਪਾਈਜ਼ ਨੇ ਕਿਹਾ ਸੀ, “ਇਕ ਸਮਾਂ ਆਵੇਗਾ, ਜਦੋਂ ਸਾਡੀ ਚੁੱਪ, ਸਾਡੇ ਸ਼ਬਦਾਂ ਨਾਲੋਂ ਵੀ ਵੱਧ ਬੋਲੇਗੀ। ਉਹ ਚੁੱਪ ਅੱਜ ਬੋਲਦੀ ਹੈ।

ਦੂਜੀ ਕੌਮਾਂਤਰੀ ਦੀ ਕਾਂਗਰਸ ਨੇ 1889 ਵਿਚ ਪਹਿਲੀ ਮਈ ਨੂੰ ਮਜਦੂਰਾਂ ਦੇ ਇਕਮੁੱਠਤਾ ਦਿਵਸ ਦੇ ਤੌਰ ’ਤੇ ਮਨਾਉਣ ਦਾ ਫੈਸਲਾ ਲਿਆ। 1890 ਤੋਂ ਪਹਿਲੀ ਮਈ ਦਾ ਦਿਹਾੜਾ ਸ਼ਹੀਦਾਂ ਦੀ ਯਾਦ ਵਜੋਂ ਸੰਸਾਰ ਪੱਧਰ ’ਤੇ ਮਨਾਇਆ ਜਾਂਦਾ ਹੈ ਜੋ ਮਜਦੂਰਾਂ ਦੀ ਕੌਮਾਂਤਰੀ ਸਾਂਝ ਨੂੰ ਤਕੜਿਆ ਕਰਦਾ ਹੈ। ਦੁਨੀਆਂ ਭਰ ਵਿਚ ਇਕ-ਦੋ ਦੇਸ਼ਾਂ ਨੂੰ ਛੱਡ ਕੇ ਇਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ। ਹਰ ਥਾਵੇਂ ਲੋਕ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕਰਦੇ ਹਨ।

ਅੱਜ ਪਹਿਲਿਆਂ ਸਮਿਆਂ ਨਾਲੋਂ ਸੰਸਾਰ ਸਥਿਤੀ ਹੀ ਨਹੀਂ ਮਜਦੂਰਾਂ ਦੀ ਹਾਲਤ ਵੀ ਬਦਲੀ ਹੈ ਪਰ ਬੁਨਿਆਦੀ ਸਵਾਲਾਂ ਅੰਦਰ ਕਿੰਨੀ ਤਬਦੀਲੀ ਆਈ ਹੈ। ਇੱਥੇ ਸਰਮਾਏਦਾਰੀ ਦੇ ਖਾਸੇ ਬਾਰੇ ਦੁਨੀਆਂ ਦੇ ਮਹਾਨ ਚਿੰਤਕ ਕਾਰਲ ਮਾਰਕਸ ਦੇ ਵਿਚਾਰ ਚੇਤੇ ਕਰਨੇ ਬਹੁਤ ਸਾਰਥਕ ਹਨ। ਮਾਰਕਸ ਨੇ ਲਿਖਿਆ ਸੀ:

ਸਰਮਾਏਦਾਰੀ ਜਿੱਥੇ ਵੀ ਹੋਂਦ ਵਿਚ ਆਈ ਹੈ ਉੱਥੇ ਹੀ ਇਸ ਨੇ ਜਗੀਰੂ, ਪਿਤਾ-ਪੁਰਖੀ ਅਤੇ ਆਦਰਸ਼ਕ ਪੇਂਡੂ ਰਿਸ਼ਤਿਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਨੇ ਬੜੀ ਬੇਰਹਿਮੀ ਨਾਲ ਮਨੁੱਖ ਨੂੰ ਆਪਣੇ ਕੁਦਰਤੀ ਵਡੇਰਿਆਂ ਨਾਲ ਜੋੜਨ ਵਾਲੀਆਂ ਜਗੀਰੂ ਤੰਦਾਂ ਨੂੰ ਤਾਰ-ਤਾਰ ਕਰ ਦਿੱਤਾ ਹੈ। ਇਸ ਨੇ ਮਨੁੱਖ ਦੇ ਮਨੁੱਖ ਨਾਲ ਰਿਸ਼ਤੇ ਨੂੰ ਨੰਗੇ ਚਿੱਟੇ ਸੁਆਰਥ ਅਤੇ ਪੈਸੇ ਦੀ ਕਦੇ ਨਾ ਪੂਰੀ ਹੋਣ ਵਾਲੀ ਭੁੱਖ ਉੱਤੇ ਨਿਰਭਰ ਕਰ ਦਿੱਤਾ ਹੈ ਭਾਵ ਮਨੁੱਖ ਨੂੰ ਘੋਰ ਸੁਆਰਥੀ ਬਣਾ ਦਿੱਤਾ ਹੈ ਅਤੇ ਪੈਸੇ ਲਈ ਹੜਬਾ ਦਿੱਤਾ ਹੈ। ਇਸ ਨੇ ਮਨੁੱਖੀ ਨੇਕ ਲਗਨ, ਮਨੁੱਖੀ ਦਲੇਰੀ, ਮਨੁੱਖੀ ਜੋਸ਼ ਅਤੇ ਆਮ ਮਨੁੱਖੀ ਭਾਵਨਾਵਾਂ ਨੂੰ ਨਿੱਜੀ ਸੁਆਰਥ ਦੇ ਬਰਫੀਲੇ ਪਾਣੀਆਂ ਵਿਚ ਡੋਬ ਦਿੱਤਾ ਹੈ। ਇਸ ਨੇ ਮਨੁੱਖੀ ਸਵੈਮਾਣ ਨੂੰ ਵਿਕਾਊ ਮਾਲ ਬਣਾ ਦਿੱਤਾ ਹੈ ਅਤੇ ਬੜੀ ਮਹਿੰਗੀ ਕੀਮਤ ਤਾਰ ਕੇ ਪ੍ਰਾਪਤ ਕੀਤੀਆਂ ਗਈਆਂ ਮਨੁੱਖੀ ਅਜਾਦੀਆਂ ਨੂੰ ਖਤਮ ਕਰਕੇ ਬਿਨਾਂ ਸ਼ੱਕ ਇੱਕੋ ਇੱਕ ਬੇ-ਜ਼ਮੀਰ ਅਜਾਦੀ ਤੱਕ ਸੀਮਤ ਕਰ ਦਿੱਤਾ ਹੈ ਇਹ ਹੈ ਅਜਾਦ ਵਪਾਰ। ਸੰਖੇਪ ਵਿਚ ਧਾਰਮਕ ਅਤੇ ਰਾਜਸੀ ਭੁਲੇਖਿਆਂ ਦੇ ਪਰਦੇ ਹੇਠ ਕੀਤੀ ਜਾਂਦੀ ਲੁੱਟ ਖਸੁੱਟ ਦੀ ਥਾਂ ਇਸਨੇ ਨੰਗੀ, ਬੇਸ਼ਰਮ, ਸਿੱਧੀ, ਵਹਿਸ਼ੀ ਲੁੱਟ-ਖਸੁੱਟ ਨੂੰ ਦੇ ਦਿੱਤੀ ਹੈ। ਸਰਮਾਏਦਾਰੀ ਨੇ ਹੁਣ ਤੱਕ ਨੇਕ ਸਮਝੇ ਜਾਂਦੇ ਅਨੇਕ ਕਿੱਤਿਆਂ ਦੀ ਪਵਿੱਤਰਤਾ ਨੂੰ ਖਤਮ ਕਰ ਦਿੱਤਾ ਹੈ। ਪੁਜਾਰੀ, ਕਵੀ (ਸਾਹਿਤਕਾਰ), ਸਾਇੰਸਦਾਨ, ਡਾਕਟਰ, ਵਕੀਲ ਆਦਿ ਧਨ ਕਮਾਉਣ ਦੀਆਂ ਮਸ਼ੀਨਾਂ ਬਣ ਗਏ ਹਨ। ਸਰਮਾਏਦਾਰੀ ਨੇ ਮਨੁੱਖੀ ਰਿਸ਼ਤਿਆਂ ਵਿੱਚੋਂ ਮਨੁੱਖੀ ਜਜ਼ਬਿਆਂ ਨੂੰ ਖਤਮ ਕਰਕੇ ਇਨ੍ਹਾਂ ਰਿਸ਼ਤਿਆਂ ਨੂੰ ਸਿਰਫ ਤੇ ਸਿਰਫ ਮਾਇਕ ਰਿਸ਼ਤਿਆਂ ਤੱਕ ਸੀਮਤ ਕਰ ਦਿੱਤਾ ਹੈ।”

ਭਾਵੇਂ ਪਹਿਲਾਂ ਤੋਂ ਹੁਣ ਤੱਕ ਬਹੁਤ ਤਬਦੀਲੀ ਆਈ ਹੈ ਪਰ ਸਰਮਾਏਦਾਰੀ ਅੰਦਰੋਂ ਕਿਸੇ ਤਰ੍ਹਾਂ ਵੀ ਵੱਧ ਤੋਂ ਵੱਧ ਮੁਨਾਫੇ ਕਮਾਉਣ ਦੀ ਹਵਸ ਵਾਲੀ ਪਸ਼ੂ-ਬਿਰਤੀ ਅਜੇ ਮਰੀ ਨਹੀਂ। ਇਸ ਹਾਲਤ ਨੂੰ ਬਦਲਣ ਲਈ ਜ਼ਰੂਰੀ ਹਨ ਇਕਮੁੱਠ ਮਜਦੂਰਾਂ ਦੇ ਸੰਘਰਸ਼ਮਈ ਖਾੜਕੂ ਘੋਲ। ਇਹ ਮਜਦੂਰਾਂ ਵਲੋਂ ਜਥੇਬੰਦ ਹੋਇਆਂ ਹੀ ਹੋ ਸਕਦੇ ਹਨ। ਮਜਦੂਰਾਂ ਅੰਦਰ ਇਨ੍ਹਾਂ ਦੇ ਵਿਰੋਧੀਆਂ (ਸਰਮਾਏਦਾਰੀ ਦੇ ਦੱਲਿਆਂ) ਵਲੋਂ ਭਰਮ ਭੁਲੇਖੇ ਪੈਦਾ ਕੀਤੇ ਜਾਂਦੇ ਹਨ ਜੋ ਹੁੰਦੇ ਤਾਂ ਮਾਮੂਲੀ ਹਨ ਪਰ ਗੈਰ-ਜਥੇਬੰਦ ਅਤੇ ਆਮ ਕਰਕੇ ਘੱਟ ਸੂਝ (ਰਾਜਸੀ ਅਤੇ ਸਮਾਜਕ) ਰੱਖਦੇ ਮਜਦੂਰਾਂ ਦੀ ਕੱਚਘਰੜ ਸਮਝ ਕੁਰਾਹੇ ਪੈ ਤੁਰਦੀ ਹੈ ਜਿਸ ਨਾਲ ਮਜਦੂਰ ਲਹਿਰ ਨੂੰ ਬਹੁਤ ਨੁਕਸਾਨ ਹੁੰਦਾ ਹੈ। ਇਸ ਗੱਲ ’ਤੇ ਜੋਰ ਦਿੰਦਿਆ ਜੂਨ 1927 ਦੇ “ਕਿਰਤੀ” ਵਿਚ ਲਿਖਿਆ ਗਿਆ ਸੀ,ਲੋਕਾਂ ਨੂੰ ਆਪਸ ਵਿਚ ਲੜਨ ਤੋਂ ਰੋਕਣ ਲਈ ਜਮਾਤੀ ਸੂਝ ਦੀ ਲੋੜ ਹੈ। ਗਰੀਬਾਂ, ਕਿਰਤੀਆਂ ਅਤੇ ਕਿਸਾਨਾਂ ਨੂੰ ਸਾਫ ਸਮਝਾ ਦੇਣਾ ਚਾਹੀਦਾ ਹੈ ਕਿ ਤੁਹਾਡੇ ਅਸਲੀ ਦੁਸ਼ਮਣ ਸਰਮਾਏਦਾਰ ਹਨ ਇਸ ਕਰਕੇ ਤੁਹਾਨੂੰ ਇਨ੍ਹਾਂ ਦੇ ਹੱਥਕੰਡਿਆਂ ਤੋਂ ਬਚਕੇ ਰਹਿਣਾ ਚਾਹੀਦਾ ਹੈ। ਸੰਸਾਰ ਦੇ ਸਾਰੇ ਗਰੀਬਾਂ ਦੇ ਭਾਵੇਂ ਉਹ ਕਿਸੇ ਜਾਤ, ਨਸਲ, ਮਜ੍ਹਬ ਦੇ ਹੋਣ, ਹੱਕ ਇੱਕੋ ਹੀ ਹਨ। ਤੁਹਾਡਾ ਭਲਾ ਇਸ ਵਿਚ ਹੈ ਕਿ ਤੁਸੀਂ ਧਰਮ, ਰੰਗ, ਕੌਮ, ਨਸਲ ਤੇ ਦੇਸਾਂ ਦੇ ਭਿੰਨ-ਭੇਦ ਮਿਟਾ ਕੇ ਇਕੱਠੇ ਹੋ ਜਾਉ ਅਤੇ ਸਰਕਾਰ ਦੀ ਤਾਕਤ ਨੂੰ ਆਪਣੇ ਹੱਥ ਵਿਚ ਲੈਣ ਦਾ ਯਤਨ ਕਰੋ। ਇਨ੍ਹਾਂ ਯਤਨਾਂ ਨਾਲ ਤੁਹਾਡਾ ਕੋਈ ਹਰਜ਼ ਨਹੀਂ ਹੋਵੇਗਾ ਕਿਸੇ ਦਿਨ ਤੁਹਾਡੇ ਸੰਗਲ ਜਰੂਰ ਕੱਟੇ ਜਾਣਗੇ ਅਤੇ ਤੁਹਾਨੂੰ ਆਰਥਿਕ ਸੁਤੰਤਰਤਾ ਮਿਲ ਜਾਵੇਗੀ।”

ਭਾਰਤ ਦੀ ਮਜਦੂਰ-ਕਿਸਾਨ ਜਮਾਤ (ਕਿਰਤੀਆਂ) ਨੇ ਆਪਣੀ ਸਖਤ ਮਿਹਨਤ ਨਾਲ ਮੁਲਕ ਨੂੰ ਦੁਨੀਆਂ ਵਿਚ ਨਾਮਣੇ ਜੋਗਾ ਕੀਤਾ ਹੈ। ਜੇ ਅਜੇ ਵੀ ਮੁਲਕ ਵਿਚ ਗਰੀਬੀ, ਬੇਕਾਰੀ, ਅਨਪੜ੍ਹਤਾ, ਜਹਾਲਤ ਅਤੇ ਭ੍ਰਿਸ਼ਟਾਚਾਰ ਹੈ ਤਾਂ ਮੁਲਕ ਦੇ ਕਾਮੇ-ਕਿਰਤੀਆਂ ਕਰਕੇ ਨਹੀਂ ਸਗੋਂ ਮੁਲਕ ਅੰਦਰ ਸਰਮਾਏਦਾਰੀ ਪ੍ਰਬੰਧ ਦੇ ਭੈੜ ਹਨ ਭਾਵ ਮੁਨਾਫਿਆਂ ਦੀ ਹਵਸ ਵਾਲਾ ਝੋਟਾ ਅਤੇ ਇਸ ਨੂੰ ਲੱਗੀਆਂ ਜੂਆਂ (ਸਰਮਾਏਦਾਰੀ ਪ੍ਰਬੰਧ ਦੇ ਸਾਰੇ ਭੈੜ) ਹਨ। ਆਜ਼ਾਦੀ ਤੋਂ ਬਾਅਦ ਹੁਣ ਤੱਕ ਮੁਲਕ ਦੇ ਹਾਕਮਾਂ ਦੀ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਕਿਰਤੀਆਂ ਪ੍ਰਤੀ ਨਫਰਤ ਅਤੇ ਬੇਈਮਾਨੀ ਭਰੀ, ਅਤੇ ਸਰਮਾਏਦਾਰੀ ਦੇ ਪੈਰਾਂ ਵਿਚ ਬਹਿਣ ਵਾਲੀ ਗੁਲਾਮ ਮਾਨਸਿਕਤਾ ਵੀ ਇਸ ਦੀ ਜ਼ਿੰਮੇਵਾਰ ਹੈ। ਬਹੁਤ ਲੋੜ ਹੈ ਅਜਿਹੇ ਬੇਈਮਾਨੀ ਭਰੇ ਸਮਾਜਕ, ਆਰਥਕ ਲੋਕ ਦੋਖੀ ਪ੍ਰਬੰਧ ਨੂੰ ਭੰਨ-ਤੋੜ ਸੁੱਟਣ ਦੀ ਤਾਂ ਕਿ ਸਮਾਨਤਾ ਅਤੇ ਬਰਾਬਰੀ ਭਰਿਆ ਸਮਾਜ ਉਸਰ ਸਕੇ। ਸੋਚਣ ਵਾਲੀ ਗੱਲ ਇਹ ਹੈ ਕਿ ਲੋਕ ਕਦੋਂ ਕੁ ਤੱਕ ਇਸ ਸਮਾਜੀ ਆਰਥਕ ਕੋਹੜ ਵਾਲੇ ਪ੍ਰਬੰਧ ਨੂੰ ਬਰਦਾਸ਼ਤ ਕਰੀ ਜਾਣਗੇ? ਦੇਸ਼ ਭਗਤ ਬਾਬਿਆਂ ਨੇ ਬਹੁਤ ਵੱਡੇ ਦਾਈਏ ਬੰਨ੍ਹੇ ਸਨ। ਕੀ ਅਸੀਂ ਉਨ੍ਹਾਂ ਸੁਪਨਿਆਂ ਦੇ ਨੇੜੇ-ਤੇੜੇ ਵੀ ਅੱਪੜੇ ਹਾਂ, ਜਵਾਬ ਨਾਂਹ ਵਿਚ ਹੈ।

ਉੱਘੇ ਦੇਸ਼ ਭਗਤ ਬਾਬਾ ਪ੍ਰਿਥਵੀ ਸਿੰਘ ਅਜਾਦ ਦੇਸ਼ ਦੀ ਅਜਾਦੀ ਦੇ ਘੋਲ ਵਿਚ ਵੱਡਾ ਹਿੱਸਾ ਪਾਉਣ ਵਾਲਿਆਂ ਵਿੱਚੋਂ ਸਨ। ਉਨ੍ਹਾਂ ਆਪਣੇ ਦਿਲ ਤੇ ਦੇਸ਼ ਦਾ ਦੁੱਖ ਆਪਣੀ ਸਵੈ-ਜੀਵਨੀ ਵਿਚ ਲਿਖਿਆ ਹੈ, ਉਹ ਲਿਖਦੇ ਹਨ: “ਅਜਾਦੀ ਤੋਂ ਬਾਅਦ ਸਹੀ ਸੇਧ ਵਿਚ ਚੱਲਣਾ ਬਹੁਤ ਜਰੂਰੀ ਸੀ ਪਰ ਅਸੀਂ ਇਸ ਵਿਚ ਫੇਲ੍ਹ ਹੋ ਗਏ ਹਾਂ। ਧਨ-ਦੌਲਤ ਦੇ ਗੇੜ ਵਿਚ ਪੈ ਗਏ ਹਾਂ। ਮੈਂ ਆਪਣੀ ਮਾਂ-ਭੂਮੀ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਨ੍ਹਾਂ ਸਵਾਲਾਂ ਉੱਤੇ ਵਿਚਾਰ ਕਰਨ ਕਿ ਭਾਰਤ ਕਿੱਧਰ ਨੂੰ ਜਾ ਰਿਹਾ ਹੈ? ਅਜਾਦ ਭਾਰਤ ਵਿਚ ਗਰੀਬੀ ਕਿਉਂ ਵਧ ਰਹੀ ਹੈ? ਸਾਡੇ ਕੌਮੀ ਜੀਵਨ ਵਿਚ ਭ੍ਰਿਸ਼ਟਾਚਾਰ ਕਿਵੇਂ ਧਸ ਗਿਆ ਹੈ? ਦਿਨੋ-ਦਿਨ ਅਮੀਰ ਤੇ ਗਰੀਬ ਵਿਚ ਪਾੜਾ ਕਿਉਂ ਵਧ ਰਿਹਾ ਹੈ? ਦੇਸ਼ ਦੀ ਇਸ ਹਾਲਤ ਅਤੇ ਨਿਘਾਰ ਲਈ ਕੌਣ ਜਿੰਮੇਵਾਰ ਹੈ? ਜੀਵਨ ਦੇ ਸਾਰੇ ਖੇਤਰਾਂ ਵਿਚ ਇਖਲਾਕੀ ਕਦਰਾਂ ਦੇ ਖੁਰਦੇ ਜਾਣ ਨੂੰ ਰੋਕਣ ਤੋਂ ਅਸੀਂ ਕਿਉਂ ਅਸਮਰਥ ਹਾਂ?... ਬਾਬਾ ਜੀ ਨੇ ਅੱਗੇ ਆਪਣੇ ਵਿਚਾਰ ਵਿਅਕਤ ਕਰਦਿਆਂ ਕਿਹਾ ਹੈ ਕਿ “ਇਹ ਭ੍ਰਿਸ਼ਟਾਚਾਰੀ ਪ੍ਰਬੰਧ ਖੁਦ ਦੇਸ਼ ਦਿਆਂ ਹਾਕਮਾਂ ਨੇ ਪੈਦਾ ਕੀਤਾ ਹੈ। ਸਾਡੀ ਉਨਤੀ ਤੇ ਖੁਸ਼ਹਾਲੀ ਨਾਮਧਰੀਕ ਹੈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਾਡੇ ਵਾਹੀਕਾਰ ਤੇ ਕਿਰਤੀ ਲੋਕ ਇਸ ਸਰਮਾਏਦਾਰ ਸਮਾਜ ਅੱਗੇ ਸਿਰ ਝੁਕਾਈ ਰੱਖਣਗੇ ਜਾਂ ਇਸ ਨੂੰ ਚੈਲਿੰਜ ਕਰਨਗੇ। ਭਾਰਤ ਦੇ ਕਿਸਾਨਾਂ ਤੇ ਮਜਦੂਰਾਂ ਨੇ ਆਪਣੇ ਰਾਹੇ ਜਾਣ ਦਾ ਫੈਸਲਾ ਕਰਨਾ ਹੈ। ਸੋਸ਼ਲਿਸਟ ਪ੍ਰਬੰਧ ਹੀ ਨਿਜਾਤ ਦਾ ਰਾਹ ਹੈ।”

ਭਾਰਤ ਧਰਮ ਨਿਰਪੱਖ ਦੇਸ਼ ਕਹਾਉਂਦਾ ਹੈ। ਪਰ ਹਾਕਮ ਰਾਜ ਗੱਦੀ ਤੇ ਬਣੇ ਰਹਿਣ ਲਈ ਫਿਰਕਾਪ੍ਰਸਤੀ ਦਾ ਸਹਾਰਾ ਲੈਣ ਵਿਚ ਕੋਈ ਰੱਤੀ ਭਰ ਵੀ ਸ਼ਰਮ ਮਹਿਸੂਸ ਨਹੀਂ ਕਰਦੇ ਸਗੋਂ “ਵੋਟ ਯੁੱਧ” ਦੇ ਮੈਦਾਨ ਵਿਚ ਖੁਦ ਫਿਰਕਾਪ੍ਰਸਤ ਹੋ ਜਾਂਦੇ ਹਨ ਪਰ ਬੇਸ਼ਰਮੀ ਦੀ ਹੱਦ ਹੈ ਕਿ ਮੂੰਹੋਂ ਨਾਮ ਫੇਰ ਵੀ ਧਰਮ ਨਿਰਪੱਖਤਾ ਦਾ ਹੀ ਲੈਂਦੇ ਹਨ। ਸਾਰਾ ਹੀ ਮੁਲਕ ਸੰਤਾਪ ਭੋਗ ਰਿਹਾ ਹੈ। ਲਾਲਚੀ ਲੋਕ ਇਲਾਕਾਵਾਦ, ਭਾਸ਼ਾਵਾਦ, ਅੱਜਕਲ ਮਨੁੱਖਵਾਦ ਦੀ ਥਾਂ “ਪਸ਼ੂਵਾਦ`` ਤੇ ਕਈ ਹੋਰ ਕਿਸਮਾਂ ਦੇ “ਵਾਦਾਂ” ਦੀ ਡੱਫਲੀ ਬਜਾ ਕੇ ਆਪਣੇ ਸੌੜੇ ਮੁਫਾਦਾਂ ਖਾਤਰ ਆਮ ਕਿਰਤੀ ਲੋਕਾਂ ਨੂੰ ਪਾੜ ਵੀ ਰਹੇ ਹਨ ਤੇ ਮੂਰਖ ਵੀ ਬਣਾ ਰਹੇ ਹਨ। ਕਿਸੇ ਵੀ ਗੱਲ/ਮਸਲੇ ਨੂੰ ਹਕੀਕੀ ਹਾਲਤਾਂ ਅਨੁਸਾਰ ਹੀ ਵਿਚਾਰਿਆ ਜਾਣਾ ਚਾਹੀਦਾ ਹੈ। ਧਾਰਮਿਕ ਵਿਸ਼ਵਾਸ ਕਿਸੇ ਦੇ ਜਿਹੜੇ ਮਰਜੀ ਹੋਣ ਜਾਂ ਨਾ ਹੋਣ ਪਰ ਦੁੱਖ-ਤਕਲੀਫਾਂ ਸਭ ਦੀਆਂ ਸਾਂਝੀਆਂ ਹਨ ਇਸ ਕਰਕੇ ਇਹ ਸਾਂਝੀ ਲੜਾਈ ਇਕੱਠਿਆਂ ਹੋ ਕੇ ਸਾਂਝੇ ਤੌਰ ਤੇ ਲੜੀ ਜਾਣੀ ਚਾਹੀਦੀ ਹੈ/ ਇਹ ਲੜੀ ਜਾ ਸਕਦੀ ਹੈ/ ਦੇਰ-ਸਵੇਰ ਲੜਨੀ ਹੀ ਪੈਣੀ ਹੈ।

ਕਿਰਤੀ ਲੋਕਾਂ ਨੇ ਹਮੇਸ਼ਾ ਹੀ ਮੁਲਕ ਦੇ ਵਿਕਾਸ ਵਿਚ ਆਪਣੀ ਸਮਰੱਥਾ ਤੋਂ ਵੱਧ ਯੋਗਦਾਨ ਪਾਇਆ, ਪਰ ਮੁਨਾਫੇ ਉਨ੍ਹਾਂ ਨੇ ਖੱਟੇ ਜੋ ਆਜ਼ਾਦੀ ਦੀ ਲਹਿਰ ਵੇਲੇ ਅੰਗਰੇਜਾਂ ਦੇ ਬੂਟ ਚੱਟਦੇ ਰਹੇ। ਅਜਾਦੀ ਉਪਰੰਤ ਕੌਮਾਂਤਰੀ ਸਰਮਾਏਦਾਰਾਂ ਨਾਲ ਰਲਕੇ ‘ਸੋਨੇ ਦੀ ਚਿੜੀ’ ਨੂੰ ਦੋਹੀਂ ਹੱਥ ਲੁੱਟਦੇ ਰਹੇ, ਅਜੇ ਵੀ ਲੁੱਟੀ ਜਾ ਰਹੇ ਹਨ। ਭਾਰਤ ਅੰਦਰ ਲੋਕ ਰਾਜ ਦੇ ਹੁੰਦਿਆਂ ਬਹੁਤ ਸਾਰੇ ਕਾਲੇ ਕਾਨੂੰਨ ਮੌਜੂਦ ਹਨ। ਉਹ ਸਾਰੇ ਹੀ ਆਪਣੀਆਂ ਹੱਕੀ ਮੰਗਾਂ ਲਈ ਘੋਲ ਕਰਦੇ ਲੋਕਾਂ ਦੇ ਖਿਲਾਫ ਵਰਤੇ ਜਾਂਦੇ ਹਨ। ਇੱਥੋਂ ਤੱਕ ਕਿ ਕਿਰਤੀ ਜਮਾਤ ਨਾਲ ਸਬੰਧਤ ਲੋਕ ਜਦੋਂ ਆਪਣੇ ਘੋਲਾਂ ਵਿਚ ਨਿੱਤਰੇ ਹੜਤਾਲਾਂ ਕੀਤੀਆਂ ਤਾਂ ਉਨ੍ਹਾਂ ਦੇ ਖਿਲਾਫ ਦਹਿਸ਼ਤਗਰਦੀ ਵਿਰੋਧੀ ਕਾਨੂੰਨ ਵਰਤੇ ਗਏ। ਹਾਲਾਂਕਿ ਇਹ ਜੱਗ ਜਾਹਰ ਹੈ ਕਿ ਮਜਦੂਰ ਜਮਾਤ ਬੇਕਿਰਕ ਹੋ ਕੇ ਦਹਿਸ਼ਤਗਰਦੀ ਦੇ ਖਿਲਾਫ ਲੜੀ। ਭਾਰਤੀ ਡੈਮੋਕ੍ਰੇਸੀ ਨੂੰ ਵਾਰ ਵਾਰ “ਡਾਂਗੋਕ੍ਰੇਸੀ`` ਨਾਲ ਹੱਕਿਆ ਗਿਆ ਪਰ ਅਫਸੋਸ ਕਿ 21ਵੀਂ ਸਦੀ ਵਿਚ ਵੀ ਇਹੋ ਅਮਲ ਦੁਹਰਾਇਆ ਜਾ ਰਿਹਾ ਹੈ। ਕੀ ਇਹ ਹੀ ਹੈ ਭਾਰਤੀ “ਲੋਕ ਰਾਜ? ਜਿਸ ਵਿੱਚੋਂ ਲੋਕਾਂ ਨੂੰ ਕੱਢ ਦਿੱਤਾ ਗਿਆ ਹੈ। ਆਮ ਕਰਕੇ ਨਿਆਂ ਵਾਲੀ “ਦੇਵੀ ਇਸ ਰਾਜ ਵਿਚ ਅੱਖਾਂ ’ਤੇ ਪੱਟੀ ਬੰਨ੍ਹ ਕੇ, ਕੰਨਾਂ ਵਿਚ ਰੂੰਅ ਦੇ ਕੇ ਬੈਠੀ ਰਹਿੰਦੀ ਹੈ। ਬੇਦੋਸ਼ਿਆਂ ਨੂੰ ਭੀੜਾਂ ਤੋਂ ਕਤਲ ਕਰਵਾਉਣ ਵਾਲੇ ਗੁੰਡੇ ਸਰਕਾਰੀ ਸੁਰੱਖਿਆ ਦਾ ਨਿੱਘ ਮਾਣਦੇ ਹਨ। ਉੱਚੇ ਅਹੁਦਿਆਂ ’ਤੇ ਬੈਠ ਕੇ ਰਾਜ-ਭਾਗ ਚਲਾਉਂਦੇ ਹਨ ਸਰਕਾਰਾਂ ਕਮਿਸ਼ਨ ਦਰ ਕਮਿਸ਼ਨ ਕਾਇਮ ਕਰਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਕਰਦੀਆਂ ਹਨ। ਜਿੱਥੇ ਇਨਸਾਫ ਨਾ ਮਿਲਦਾ ਹੋਵੇ ਉਹਨੂੰ ਕਾਨੂੰਨ ਦਾ ਰਾਜ ਜਾਂ ਲੋਕ ਰਾਜ ਕਹਿਣਾ ਕਿੰਨਾ ਕੁ ਠੀਕ ਹੋ ਸਕਦਾ ਹੈ? ਸਿਆਸਤ ਹੁਣ ਸੇਵਾ ਨਹੀਂ ਧੰਦਾ ਬਣ ਗਈ ਹੈ, ਸਿਆਸਤ ਨੂੰ ਵੇਚਣ ਦਾ ਧੰਦਾ ਕਰਨ ਵਾਲੇ ਹਕੂਮਤੀ “ਲੋਕ” (ਜਿਨ੍ਹਾਂ ਨੂੰ ਆਮ ਭਾਸ਼ਾਂ ਵਿਚ ਸੱਤਾ ਦੇ ਦਲਾਲ ਵੀ ਕਿਹਾ ਜਾਂਦਾ ਹੈ) ਇਸ ਦੀ ਕਮਾਈ ਖਾ ਰਹੇ ਹਨ।

ਅੱਜ ਵਿਸ਼ਵੀਕਰਨ ਦਾ ਬਹੁਤ ਖੌਰੂ ਪੈ ਰਿਹਾ ਹੈ। ਮੀਡੀਆ ’ਤੇ ਬਹੁਕੌਮੀ ਕੰਪਨੀਆਂ ਦੇ ਕਬਜੇ ਹਨ ਜਾਂ ਵੱਡਾ ਪ੍ਰਭਾਵ ਹੈ। ਇਸ ਕਰਕੇ ਹੀ ਗਲੀ-ਸੜੀ ਅਤੇ ਬੌਨੀ ਸੋਚ ਦੇ ਸਾਧਾਰਨ ਜਿਹੇ ਵਿਅਕਤੀਆਂ ਨੂੰ ਪ੍ਰਭਾਵਸ਼ਾਲੀ ਬਣਾਉਣ ਵਿਚ ਲੱਗੇ ਹੋਏ ਹਨ। ਮੀਡੀਏ ਦਾ ਵੱਡਾ ਹਿੱਸਾ ਸੋਨੇ ਦੇ ਨਾਂ ਹੇਠ ਕੂੜਾ ਵੇਚ ਰਿਹਾ ਹੈ। ਇਸ ਪਾਸੇ ਹਰ ਜਾਗ੍ਰਿਤ ਵਿਅਕਤੀ ਨੂੰ ਸੁਚੇਤ ਹੋਣ ਦੀ ਲੋੜ ਹੈ। ਹਰ ਚੰਗੀ ਤੇ ਮਨੁੱਖਵਾਦੀ ਸੋਚ ਨੂੰ ਜਾਂ ਤਾਂ ਅਣਗੌਲਿਆ ਜਾ ਰਿਹਾ ਹੈ ਜਾਂ ਫੇਰ ਨਕਾਰਨ ਦਾ ਜਤਨ ਕੀਤਾ ਜਾ ਰਿਹਾ ਹੈ। ਇਸ ਤੋਂ ਬਚਣ ਲਈ ਸਰਗਰਮੀ ਭਰਿਆ ਦਖਲ ਬਹੁਤ ਜਰੂਰੀ ਹੈ। ਇਸ ਨਕਲੀ ਵਿਸ਼ਵੀਕਰਨ ਦੇ ਝੂਠੇ ਵਣਜਾਰੇ ਸੰਸਾਰ ਦੇ ਇਕ ਪਿੰਡ ਬਣ ਜਾਣ ਵਾਲੇ ਛੁਣਛੁਣੇ ਨਾਲ ਦੁਹਾਈ ਦੇ ਕੇ ਸਾਰੇ ਪਿੰਡ ਨੂੰ ਹੀ ਲੁੱਟਣ ’ਤੇ ਲੱਗੇ ਹੋਏ ਹਨ। ਮਨੁੱਖੀ ਸਾਂਝਾਂ ਨੂੰ ਪਿਛਾਂਹ ਧੱਕਦਿਆ ਮਨੁੱਖ ਨੂੰ ਸਮਾਜ ਨਾਲੋਂ ਤੋੜਨ ਵਿਚ ਲੱਗੇ ਹੋਏ ਹਨ। ਸਾਡੇ ਅਮੀਰ ਵਿਰਸੇ ਵਿਚ ਸਦੀਆਂ ਤੋਂ “ਸਭੈ ਸਾਂਝੀਵਾਲ ...” ਦਾ ਹੋਕਾ ਮਿਲਦਾ ਹੈ ਅਤੇ ‘ਬੇਗਮਪੁਰੇ ਦੀ ਸਿਰਜਣਾ’ ਦਾ ਸਿਧਾਂਤ ਬਰਾਬਰੀ ਅਤੇ ਦੀਨ ਦੁਖੀ ਨਾਲ ਖੜ੍ਹੇ ਹੋਣ ਦੇ ਬੋਲ ਉੱਚੇ ਕਰਦਾ ਹੈ। ਕਿਉਂ ਵਿਸਾਰੀਏ ਅਸੀਂ ਇਹੋ ਜਹੇ ਮਨੁੱਖਵਾਦੀ ਸਿਧਾਂਤ? ਇਹ ਧਾਰਮਿਕ ਪ੍ਰਵਚਨ ਨਹੀਂ ਸਗੋਂ ਸਮਾਜਕ ਵਿਹਾਰ ਨੂੰ ਬਰਾਬਰੀ ਤੱਕ ਲੈ ਜਾਣ ਵਾਲੇ ਮਨੁੱਖਤਾ ਦਾ ਪੱਖ ਪੂਰਨ ਵਾਲੇ ਸੁੱਚੇ ਬੋਲ ਹਨ। ਇਨ੍ਹਾਂ ਨੂੰ ਅਮਲ ਵਿਚ ਲਿਆਉਣ ਲਈ ਕਦਮ ਅੱਗੇ ਤੁਰਨੇ ਚਾਹੀਦੇ ਹਨ, ਸਾਂਝਾਂ ਪੈਦਾ ਕਰਦਿਆਂ ਇਨ੍ਹਾਂ ਨੂੰ ਤਕੜੇ ਕਰਨਾ ਚਾਹੀਦਾ ਹੈ।

ਫਿਰਕਾਪ੍ਰਸਤੀ ਅਤੇ ਰੂੜੀਵਾਦੀ ਸੋਚ ਨੂੰ ਪ੍ਰਣਾਏ ਕਈ ਮੱਕਾਰ ਸਿਆਸਤਦਾਨ ਜਾਂ ਉਨ੍ਹਾਂ ਦੇ ਹਮਾਇਤੀ ਧਰਮ ਦੇ ਰਾਜ ਦੀਆਂ ਵੀ ਦੁਹਾਈਆਂ ਪਾਉਂਦੇ ਦੇਖੇ ਜਾ ਸਕਦੇ ਹਨ। ਧਰਮ ਦਾ ਨਾਮ ਤਾਂ ਖੁਮੈਨੀ ਤੇ ਜ਼ਿਆ ਆਦਿ ਵਰਗਿਆਂ ਕਈ ਹੋਰਾਂ ਨੇ ਵੀ ਬੜਾ ਜਪਿਆ ਸੀ, ਕੀ ਨਿਕਲਿਆ ਉਹਦੇ ਵਿੱਚੋਂ? ਅਜਿਹੀ ਸੋਚ ਵਿੱਚੋਂ ਸਿਰਫ ਕੁਚੱਜ ਜੰਮਦੇ ਹਨ ਜੋ ਨੰਗੇ ਚਿੱਟੇ ਮਿਹਨਤਕਸ਼ਾਂ ਦੇ ਦੁਸ਼ਮਣ ਹੁੰਦੇ ਹਨ। ਕੀ ਉਨ੍ਹਾਂ ਦੇ ਰਾਜ ਧਰਮੀ ਰਾਜ ਕਹੇ ਜਾ ਸਕਦੇ ਹਨ? ਹਰ ਕਿਸਮ ਦੀ ਫਿਰਕਾਪ੍ਰਸਤੀ ਫਾਸ਼ੀਵਾਦ ਨੂੰ ਜਨਮ ਦੇਣ ਦਾ ਕਾਰਨ ਬਣਦੀ ਹੈ। ਫਾਸ਼ੀਵਾਦ ਲੋਕਾਂ ਦਾ ਦੁਸ਼ਮਣ ਹੁੰਦਾ ਹੈ। ਹਰ ਕਿਸਮ ਦੇ ਫਿਕਾਪ੍ਰਸਤਾਂ ਦੇ ਖਿਲਾਫ ਘੋਲ ਜਮਾਤੀ ਸੂਝ ਨਾਲ ਪ੍ਰਪੱਕ ਹੋ ਕੇ ਹੀ ਲੜਿਆ ਜਾ ਸਕਦਾ ਹੈ/ ਲੜਿਆ ਜਾਣਾ ਚਾਹੀਦਾ ਹੈ, ਅੱਜ ਇਸਦੀ ਬਹੁਤ ਲੋੜ ਹੈ। ਕਿਰਤੀਆਂ ਦੇ ਸਾਂਝੇ ਸੰਘਰਸ਼ ਹੀ ਸਮਾਜ ਨੂੰ ਅੱਗੇ ਵੱਲ ਤੋਰ ਸਕਦੇ ਹਨ। ਅਜਿਹੀ ਸਥਿਤੀ ਵਿਚ ਬੁੱਧੀਜੀਵੀਆਂ ਦੀ ਜ਼ਿੰਮੇਵਾਰੀ ਬਹੁਤ ਵਧ ਜਾਂਦੀ ਹੈ ਕਿ ਉਹ ਕਿ ਉਹ ਆਪ ਬਿਨਾਂ ਕਿਸੇ ਜਾਤੀ ਲੋਭ-ਲਾਲਚ ਦੇ ਈਮਾਨਦਾਰੀ ਨਾਲ ਹਾਲਾਤਾਂ ਨੂੰ ਭਾਪਦਿਆਂ - ਕਿਰਤੀਆਂ, ਕਿਸਾਨਾਂ-ਮਜ਼ਦੂਰਾਂ ਨਾਲ ਸਾਂਝ ਪਾ ਕੇ ਉਨ੍ਹਾਂ ਦੇ ਹਕੀਕੀ ਮਸਲਿਆਂ ਬਾਰੇ ਠੀਕ ਨਿਰਣੇ ਕਰਨ ਅਤੇ ਆਪਣੇ ਲੋਕਾਂ ਨੂੰ ਸਹੀ ਸੇਧ ਦੇਣ ਵਾਲੀਆਂ ਲਿਖਤਾਂ ਲਿਖਣ ਜੋ ਲੋਕਾਂ ਦੇ ਹਨੇਰੇ ਦੇ ਖਿਲਾਫ ਜਗਉਂਦੀਆਂ ਹੋਣ। ਏਕਾ ਅਧਿਕਾਰਵਾਦੀ ਜਾਂ ਫਾਸ਼ੀਵਾਦੀ ਰੁਚੀਆਂ ਵਾਲੇ ਹਾਕਮ ਕਦੀ ਕਦੀ ਧੋਖੇ ਨਾਲ “ਲੋਕਰਾਜ” ਦੇ ਨਾਂ ਤੇ ਵੀ ਲੋਕਾਂ ਨੂੰ ਭਰਮਾ ਜਾਂਦੇ ਹਨ - (ਸੰਸਾਰ ਇਤਿਹਾਸ ਵਿਚ ਵੀ ਇਸ ਦੀਆਂ ਮਿਸਾਲਾਂ ਮਿਲਦੀਆਂ ਹਨ) ਅੱਜ ਬਹੁਤ ਲੋੜ ਹੈ ਲੋਕਰਾਜੀ, ਭਰੱਪਣ ਭਰੇ ਸਮਾਜ ਦੀ, ਜਿਸਦੀ ਕਾਇਮੀ ਵੱਲ ਇਕ ਦੂਜੇ ਵਾਸਤੇ “ਤੈਨੂੰ ਤਾਪ ਚੜ੍ਹੇ ਮੈਂ ਹੂੰਗਾ ਵਾਲਾ ਦਰਦ ਲੈ ਕੇ ਅੱਗੇ ਵਧਣ ਵਾਲੀ ਸਾਂਝੀ ਯਲਗਾਰ ਹੀ ਪਹਿਲੀ ਮਈ ਦਾ ਸੁਨੇਹਾ ਹੈ। ਕਿਰਤੀਆਂ ਖਾਤਰ ਜਾਨਾਂ ਵਾਰ ਗਏ ਸ਼ਹੀਦਾਂ ਨੂੰ ਯਾਦ ਕਰਨਾ ਅਤੇ ਉਨ੍ਹਾਂ ਵਲੋਂ ਸ਼ੁਰੂ ਕੀਤੇ ਕਾਜ਼ ਨੂੰ ਪ੍ਰਣਾਮ ਕਰਦਿਆਂ ਉਸ ਸੋਚ ਦਾ ਹਿੱਸਾ ਬਣਨਾ ਸਾਡਾ ਮਨੁੱਖੀ ਅਤੇ ਭਾਈਚਾਰਕ ਫਰਜ਼ ਹੋਣਾ ਚਾਹੀਦਾ ਹੈ। ਇਹ ਹੀ ਪਹਿਲੀ ਮਈ ਦੀ ਭਾਵਨਾ ਹੈ।

***

ਕਵਿਤਾ: ਮਜ਼ਦੂਰ ਦਿਵਸ --- ਖੁਸ਼ਪ੍ਰੀਤ ‘ਖੁਸ਼ੀ’

ਇੱਕ ਮਈ ਹੈ ਆ ਗਈ ਕਹਿੰਦੇ,
ਮਜਦੂਰ ਦਿਵਸ ਦੀ ਛੁੱਟੀ ਹੈ।
ਦਿਹਾੜੀਦਾਰ ਜਿਹੜਾ ਮਰਜ਼ੀ ਵੇਖ ਲਉ,
ਪੈਰ ’ਚ ਜੁੱਤੀ ਟੁੱਟੀ ਐ।
ਮਾਸਟਰ-ਪਟਵਾਰੀ ਛੁੱਟੀ ਕਰਕੇ,
ਘਰ ’ਚ ਮੌਜਾਂ ਕਰਦੇ ਨੇ।
ਮਜ਼ਦੂਰ ਬੰਦੇ ਤਾਂ ਅੱਜ ਦੇ ਦਿਨ ਵੀ,
ਸਿਖਰ ਦੁਪਹਿਰੇ ਸੜਦੇ ਨੇ।
ਚੌਂਕ ’ਚ ਕੰਮ ਲਈ ਮਾਰਾ-ਮਾਰੀ ਵੇਖ
ਮੇਰੇ ਘੁੱਟ ਨਾ ਲੰਘਣ ਪਾਣੀ ਦੇ,
ਜਿਨ੍ਹਾਂ ਦੇ ਲਈ ਦਿਨ ਬਣਿਆ,
ਉਹ ਤਾਂ ਫਿਰਨ ਦਿਹਾੜੀ ’ਤੇ
ਲੈਣ-ਦੇਣ ਨਹੀਂ ਜਿਨ੍ਹਾਂ ਦਾ,
ਉਹ ਘਰ ’ਚ ਮੌਜਾਂ ਮਾਣੀ ਦੇ।

ਛੁੱਟੀ ਕਰਕੇ ਚੰਗਾ ਕੀਤਾ,
ਖੁਸ਼ ਅਫਸਰ ਸਰਕਾਰੀ ਨੇ।
ਚਾਹ-ਰੋਟੀ ਦੇ ਪੈਸੇ ਕੱਟ ਲਏ,
ਇੱਕ ਮਾਲਕ ਹੰਕਾਰੀ ਨੇ।
ਪਿੱਠ ਦੇ ਉੱਪਰ ਬੱਚੇ ਚੁੱਕ ਕੇ
ਦਿਹਾੜੀ ਕਰਦੀਆਂ ਵੇਖਿਆ ਮਾਵਾਂ ਨੂੰ।
ਤੰਗ ਕਰਜ਼ੇ ਤੋਂ ਸਪਰੇਅ ਪੀ ਗਏ,
ਵਿਕਾਸ ਖਾ ਗਿਆ ਛਾਵਾਂ ਨੂੰ।
ਲੀਡਰ ਆਪਣਾ ਹਿੱਸਾ ਵੰਡ ਗਏ,
ਪੱਤਾ ਨਾ ਛੱਡਿਆ ਟਾਹਣੀ ’ਤੇ
ਜਿਨ੍ਹਾਂ ਦੇ ਲਈ ਦਿਨ ਬਣਿਆ,
ਉਹ ਤਾਂ ਫਿਰਨ ਦਿਹਾੜੀ ’ਤੇ
ਲੈਣ-ਦੇਣ ਨਹੀਂ ਜਿਨ੍ਹਾਂ ਦਾ
ਉਹ ਘਰ ’ਚ ਮੌਜਾਂ ਮਾਣੀ ਦੇ।

ਮਿਹਨਤ ਸਵੇਰ ਤੋਂ ਸ਼ਾਮ ਤੱਕ ਦੀ,
ਸਰੀਰ ’ਚ ਕੁੱਝ ਵੀ ਬਚਦਾ ਨਾ।
ਫਟੇ ਪੁਰਾਣੇ ਕੱਪੜਿਆਂ ਨਾਲ,
ਤਨ ਵੀ ਪੂਰਾ ਢਕਦਾ ਨਾ।

ਕੰਮ ਵੀ ਕਰਨ ਮਸ਼ੀਨਾਂ ਵਾਲਾ,
ਭਾਰ ਮੋਢਿਆਂ ’ਤੇ ਚੁੱਕਦੇ ਨੇ
ਰਾਤ ਨੂੰ ਸੌਣਾ ਫੁੱਟਪਾਥ ’ਤੇ,
ਸੋਚਕੇ ਸਾਹ ਵੀ ਸੁੱਕਦੇ ਨੇ।
ਲੋਕੀਂ ਜਾਲਮ ਪੇਟ ਦੀ ਖਾਤਰ,
ਦੁਸ਼ਮਣ ਬਣ ਜਾਂਦੇ ਹਾਣੀ ਦੇ
ਜਿਨ੍ਹਾਂ ਦੇ ਲਈ ਦਿਨ ਬਣਿਆ,
ਉਹ ਤਾਂ ਫਿਰਨ ਦਿਹਾੜੀ ’ਤੇ।
ਲੈਣ-ਦੇਣ ਨਹੀਂ ਜਿਨ੍ਹਾਂ ਦਾ,
ਉਹ ਘਰ ’ਚ ਮੌਜਾਂ ਮਾਣੀ ਦੇ।

ਲੀਡਰ ਸਾਰੇ ਸਿੱਖ ਗਏ ਨੇ
ਗੱਪਾਂ ਵਾਲਾ ਮੰਤਰ ਜੀ
ਫੇਲ੍ਹ ਹੋ ਗਿਆ ਦੇਸ਼ ਮੇਰੇ ਦਾ,
ਤਾਹੀਓਂ ਲੋਕਤੰਤਰ ਜੀ।
ਆਹ ਕਰਦਾਂ’ਗੇ, ਉਹ ਕਰਦਾਂ’ਗੇ,
ਕਹਿ ਕੇ ਵੋਟਾਂ ਮੰਗਦੇ ਨੇ
ਲੈ ਕੇ ਕੁਰਸੀ ਸੱਤਾ ਵਾਲੀ,
ਵਾਅਦੇ ਸੂਲੀ ਟੰਗਦੇ ਨੇ।
ਬੇਰੋਜ਼ਗਾਰੀ, ਗਰੀਬੀ ਛੱਡਕੇ,
ਮੁੱਦੇ ਚੱਲ ਪਏ ਪਾਣੀ ਦੇ
ਜਿਨ੍ਹਾਂ ਦੇ ਲਈ ਦਿਨ ਬਣਿਆ,
ਉਹ ਤਾਂ ਫਿਰਨ ਦਿਹਾੜੀ ’ਤੇ।
ਲੈਣ-ਦੇਣ ਨਹੀਂ ਜਿਨ੍ਹਾਂ ਦਾ,
ਉਹ ਘਰ ’ਚ ਮੌਜਾਂ ਮਾਣੀ ਦੇ।

ਗਰੀਬਾਂ ਦੇ ਜਵਾਕ ਦੇਖ ਲਓ,
ਨਾਲ ਦਿਹਾੜੀ ਕਰਦੇ ਨੇ
ਅਮੀਰਾਂ ਦੇ ਤਾਂ ਜੰਮਦੇ ਰਾਜੇ,
ਕਾਨਵੈਂਟ ਸਕੂਲਾਂ ’ਚ ਪੜ੍ਹਦੇ ਨੇ।
ਕਈਆਂ ਲਈ ਤਾਂ ਛੁੱਟੀ  ਗਈ,
ਪਿਕਨਿਕ ’ਤੇ ਕਿਤੇ ਜਾਵਾਂਗੇ।
ਮਜ਼ਦੂਰ ਕਹੇ ਜੇ ਦਿਹਾੜੀ ਲੱਗੂ,
ਫੇਰ ਪਕਾ ਕੇ ਖਾਵਾਂਗੇ।
ਖੁਸ਼ਪ੍ਰੀਤ’ ਲੋਕ ਨਘੋਚੀ ਸੀ,
ਉੱਤੋਂ ਕਣ ਪੈ ਗਿਆ ਕਾਣੀ ਦੇ
ਜਿਨ੍ਹਾਂ ਦੇ ਲਈ ਦਿਨ ਬਣਿਆ,
ਉਹ ਤਾਂ ਫਿਰਨ ਦਿਹਾੜੀ ’ਤੇ
ਲੈਣ-ਦੇਣ ਨਹੀਂ ਜਿਨ੍ਹਾਂ ਦਾ,
ਉਹ ਘਰ ’ਚ ਮੌਜਾਂ ਮਾਣੀ ਦੇ।

*****

(687)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਕੇਹਰ ਸ਼ਰੀਫ

ਕੇਹਰ ਸ਼ਰੀਫ

Witten, Germany.
Phone: (49 - 17335 - 46050)

Email: (ksharif@arcor.de)

More articles from this author