RipudamanRoop7ਮੈਂ ਬੜਾ ਕੁਝ ਕਮਾਇਆਬੜਾ ਕੁਝ ਗੁਆਇਆ …ਤੁਸੀਂ ਮੇਰੀ ਕਮਾਈ ਹੋ … ਆਹ ਪ੍ਰੀਤ … ਆਹ ਬਿਕਰਮ ...
(19 ਨਵੰਬਰ 2021)

 

ਸੁਰਜਨ ਸਿੰਘ ਛੀਨੇ ਨੇ ਜਿੱਥੇ ਬਚਪਨ ਵਿੱਚ ਅੰਤਾਂ ਦੀ ਗ਼ਰੀਬੀ ਭੋਗੀ ਉੱਥੇ ਉਹਨੇ ਆਪਣੇ ਜੀਵਨ ਵਿੱਚ ਬਾਦਸ਼ਾਹਤ ਵੀ ਰੱਜ ਕੇ ਮਾਣੀ। ਜਿੱਥੇ ਉਹਦੇ ਬਾਪ-ਦਾਦੇ ਗਲ਼ ਗਲ਼ ਗੁਰਬਤ ਵਿੱਚ ਧਸੇ ਰਹੇ ਸਨ, ਉੱਥੇ ਹੁਣ ਸੁਰਜਨ ਸਿੰਘ ਛੀਨੇ ਦਾ ਪਰਿਵਾਰ ਉੰਨਾ ਹੀ ਖ਼ੁਸ਼ਹਾਲੀ ਦੇ ਅੰਬਰਾਂ ਵਿੱਚ ਉਡਾਰੀਆਂ ਮਾਰ ਰਿਹਾ ਸੀ। ਜਿੱਥੇ ਇੱਕ ਪੈਰ ਛੀਨੇ ਦਾ ਬੰਬਈ ਹੁੰਦਾ ਦੂਜਾ ਪੈਰ ਚੰਡੀਗੜ੍ਹ ਹੁੰਦਾ। ਹੁਣ ਉਹਦੇ ਕੰਮਾਂ-ਕਾਰਾਂ ਦਾ ਫੈਲਾਅ ਵਧਦਾ ਹੀ ਜਾ ਰਿਹਾ ਸੀ। ਉਹਦੀਆਂ ਟੈਲੀਵੀਜ਼ਨ ਬਣਾਉਣ ਦੀਆਂ ਫ਼ੈਕਟਰੀਆਂ ਸਨ। ਹੁਣ ਤਾਂ ਉਹ ਬਹੁਕੌਮੀ ਕੰਪਨੀਆਂ ਦੇ ਇਲੈਕਟ੍ਰੌਨਿਕ ਸੈਕਟਰ ਵਿੱਚ ਦਾਖਲੇ ਨੂੰ ਡੱਕਣ ਲਈ ਇਲੈਕਟ੍ਰੌਨਿਕ ਰੇਡੀਓ ਅਤੇ ਟ੍ਰਾਂਜਿਸਟਰ ਵੀ ਬਣਾਉਣ ਲੱਗ ਪਿਆ ਸੀ। ਬੰਬਈ ਤੋਂ ਸ਼ੁਰੂ ਕਰਕੇ ਹੁਣ ਮੁਹਾਲੀ ਵੀ ਆਪਣੇ ਪੈਰ ਲਾ ਰਿਹਾ ਸੀ। ਦੋ ਏਕੜ ਥਾਂ ਵਿੱਚ ਹੁਣ ਉਹਦਾ ਬਲੈਕ ਐਂਡ ਵਾਈਟ ਟੀ.ਵੀ. ਬਣਾਉਣ ਦਾ ਕਾਰਖਾਨਾ ਸੀ।

ਅਸਲ ਵਿੱਚ ਸੁਰਜਨ ਸਿੰਘ ਛੀਨਾ ਮੈਨੇਜਮੈਂਟ ਵਿੱਚ ਜੀਨੀਅਸ ਸੀ। ਉਹ ਬੜੀ ਵਿਉਂਤਬੰਦੀ ਨਾਲ ਕੰਮ ਕਰਦਾ। ਕਾਹਲਾ ਨਾ ਵਗਦਾ। ਫਾਹਾ ਨਾ ਵੱਢਦਾ। ਉਹਦੀ ਸਫ਼ਲਤਾ ਦਾ ਇੱਕ ਕਾਰਨ ਉਸਦੀ ਉੱਚ ਸਿੱਖਿਆ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਨਿਪੁੰਨਤਾ ਵੀ ਸੀ। ਉਹ ਜੰਮਿਆ ਪਲਿਆ ਹਾਂਗਕਾਂਗ ਵਿੱਚ ਸੀ। ਚੰਗੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਿਆ। ਸਕਾਲਿਰਸ਼ਿੱਪ ਲਏ। ਗੋਲਡ ਮੈਡਲ ਲਏ। ਇੰਗਲੈਂਡ ਵੀ ਜਾ ਕੇ ਪੜ੍ਹਨ ਦੀਆਂ ਗੱਲਾਂ ਹੋ ਰਹੀਆਂ ਸਨ। ਪਰ ਉਹ ਦੇਸ਼ ਦੀ ਆਜ਼ਾਦੀ ਲਈ ਲੜਨ ਦਾ ਇਰਾਦਾ ਦਿਲ ਵਿੱਚ ਲਈ ਬੈਠਾ ਸੀ। ਆਈ.ਐੱਨ.ਏ. ਨੂੰ ਸਥਾਪਿਤ ਕਰਨ ਵਾਲੇ ਬਾਨੀ ਮੈਂਬਰਾਂ ਵਿੱਚੋਂ ਸੀ, ਜਿਸ ਨੂੰ ਮਗਰੋਂ ਜਾ ਕੇ ਸੁਭਾਸ਼ ਚੰਦਰ ਬੋਸ ਨੇ ਸੰਭਾਲਿਆ। ਕੈਦਾਂ ਕੱਟੀਆਂ, ਜਾਪਾਨੀਆਂ ਹੱਥੋਂ ਤਸੀਹੇ ਸਹੇ। ਖਤਰਨਾਕ ਕੈਦੀ ਹੋਣ ਕਾਰਨ ਲਾਲ ਕਿਲੇ ਵਿੱਚ ਵੀ ਕੈਦ ਕੱਟੀ। ਪੰਜਾਬ ਦੀਆਂ ਜੇਲ੍ਹਾਂ ਹਿਸਾਰ, ਲਾਹੌਰ ਅਤੇ ਮਿੰਟਗੁਮਰੀ ਵਿੱਚ ਬੰਦ ਰਿਹਾ। ਪਰ ਇਸ ਸਭ ਕਾਸੇ ਨੂੰ ਉਹ ਆਪਣੇ ਪਿਛੋਕੜ ਵਿੱਚ ਰੱਖਦਾ, ਆਪਣੀ ਪਿੱਠ ਭੂਮੀ ਵਿੱਚ। ਇਹਨਾਂ ਗੱਲਾਂ ਦਾ ਉਹ ਢੰਡੋਰਾ ਨਾ ਪਿੱਟਦਾ। ਬੱਸ, ਆਪਣਾ ਕੰਮ ਕਰਦਾ, ਆਪਣੇ ਕੰਮ ਨਾਲ ਮਤਲਬ ਰੱਖਦਾ।

ਵੱਡੇ ਵੱਡੇ ਲੀਡਰ, ਲੇਖਕ, ਐਕਟਰ, ਸਿਆਸੀ ਰਸੂਖ ਰੱਖਣ ਵਾਲੇ ਬੰਦੇ ਮੱਲੋ-ਮੱਲੀ ਸੁਰਜਨ ਸਿੰਘ ਛੀਨੇ ਵੱਲ ਖਿੱਚੇ ਜਾਂਦੇ। ਪਤਾ ਨਹੀਂ ਉਹਦੇ ਵਿੱਚ ਕਿਹੜਾ ਚੁੰਬਕ ਸੀ। ਵੱਡੀਆਂ ਵੱਡੀਆਂ ਮਹਿਫਲਾਂ ਵਿੱਚ ਉਸਦੀਆਂ ਗੱਲਾਂ ਹੁੰਦੀਆਂ। ਕਈ ਮਹਿਫਲਾਂ ਉਹਦੇ ਬਿਨਾਂ ਅਧੂਰੀਆਂ ਮੰਨੀਆਂ ਜਾਂਦੀਆਂ।

ਸੁਰਜਨ ਸਿੰਘ ਛੀਨੇ ਨੂੰ ਹੁਣ ਆਮ ਤੌਰ ’ਤੇ ਐੱਸ.ਐੱਸ. ਛੀਨਾ ਕਿਹਾ ਜਾਂਦਾ ਸੀ। ਜਾਂ ਇਕੱਲਾ ਛੀਨਾ ਸਾਹਿਬ। ਬਹੁਤਾ ‘ਛੀਨਾ ਸਾਹਿਬ, ਛੀਨਾ ਸਾਹਿਬ’ ਹੀ ਚਲਦਾ ਸੀ।

ਸ਼ੁਰੂ ਸ਼ੁਰੂ ਵਿੱਚ ਜਦੋਂ ਛੀਨਾ ਹਾਂਗਕਾਂਗ ਤੋਂ ਆ ਕੇ ਜਲੰਧਰ ਕਿਸੇ ਕਾਰਖ਼ਾਨੇ ਵਿੱਚ ਕੰਮ ਕਰਨ ਜਾਂਦਾ ਤਾਂ ਕਾਰਖ਼ਾਨੇ ਦਾ ਮਾਲਿਕ ਉਸਦਾ ਕੰਮ ਦੇਖ ਕੇ, ਉਸਦੀ ਪ੍ਰਬੰਧਕੀ ਪ੍ਰਤਿਭਾ ਦੇਖ ਕੇ ਹੈਰਾਨ ਹੁੰਦਾ ਅਤੇ ਉਸ ਨੂੰ ਛੇਤੀ ਛੇਤੀ ਤਰੱਕੀ ਦੇ ਕੇ ਮੈਨੇਜਰ ਤਕ ਬਣਾ ਦਿੰਦਾ। ਕਾਰਖ਼ਾਨਿਆਂ ਦੇ ਕਈ ਮਾਲਿਕ ਸਿਆਸੀ ਬੰਦੇ ਹੁੰਦੇ, ਕਾਂਗਰਸੀ ਜਾਂ ਅਕਾਲੀ। ਉਹ ਉਸ ਨੂੰ ਕਿਸੇ ਕੀਮਤ ਉੱਤੇ ਵੀ ਨਹੀਂ ਸਨ ਛੱਡਣਾ ਚਾਹੁੰਦੇ ਹੁੰਦੇ। ਕੋਈ ਕਾਂਗਰਸ ਦਾ ਪ੍ਰਧਾਨ ਜਾਂ ਕੋਈ ਅਕਾਲੀ ਲੀਡਰ। ਆਜ਼ਾਦੀ ਸੰਗ੍ਰਾਮ ਵਿੱਚ ਜਿਹੜੀਆਂ ਪਾਰਟੀਆਂ ਹਿੱਸਾ ਲੈ ਰਹੀਆਂ ਸਨ, ਉਹਨਾਂ ਨੂੰ ਸੁਰਜਨ ਸਿੰਘ ਛੀਨੇ ਵਰਗਾ ਬੰਦਾ ਭਲਾ ਕਿੱਥੋਂ ਲੱਭਣਾ ਸੀ। ਜਦੋਂ ਉਹਨਾਂ ਨੂੰ ਛੀਨੇ ਦੇ ਪਿਛੋਕੜ, ਆਈ.ਐੱਨ.ਏ., ਲਾਲ ਕਿਲੇ ਵਿੱਚ ਕੈਦ ਆਦਿ ਦਾ ਪਤਾ ਲਗਦਾ ਤਾਂ ਸਮਝੋ ਜਿਵੇਂ ਉਹਨਾਂ ਨੂੰ ਇੱਕ ਹੀਰਾ ਲੱਭ ਗਿਆ ਹੋਵੇ।

ਪਰ ਐੱਸ.ਐੱਸ. ਛੀਨਾ ਨਿਰਾ ਫਰਮਾਂਬਰਦਾਰ ਬਣਕੇ ਰਹਿਣ ਵਾਲਾ ਨਹੀਂ ਸੀ। ਉਹ ਵੀ ਆਪਣਾ ਹਾਨ ਅਤੇ ਲਾਭ ਸਭ ਸਮਝਦਾ ਸੀ। ਆਖ਼ਿਰ ਤਾਂ ਉਹ ਬੁੱਧੀਮਾਨ ਸੀ। ਠੀਕ ਪਰ ਘੱਟ ਬੋਲਣ ਵਾਲਾ ਸੀ। ਅਗਲੇ ਦੇ ਕਾਰੋਬਾਰ ਨੂੰ ਪ੍ਰਫੁੱਲਤ ਕਰਨ ਲਈ ਸਮਰਪਿਤ ਹੋ ਜਾਂਦਾ। ਪਰ ਐੱਸ.ਐੱਸ. ਛੀਨਾ ਅਜਿਹੀ ਤੰਗ ਸੋਚ ਅਤੇ ਘਟੀਆ ਅਤੇ ਅਧੀਨਗੀ ਵਿੱਚ ਰੱਖਣ ਵਾਲੇ ਮਾਹੌਲ ਵਿੱਚ ਭਲਾ ਕਿੱਥੇ ਟਿਕਣ ਵਾਲਾ ਸੀ। ਉਹ ਤਾਂ ਆਕਾਸ਼ ਵਿੱਚ ਉਚੇਰੀਆਂ ਅਤੇ ਲੰਮੇਰੀਆਂ ਉਡਾਣਾਂ ਭਰਨ ਵਾਲਾ ਪੰਛੀ ਸੀ।

ਬੰਬਈ ਵਿੱਚ ਰਹਿ ਕੇ ਉਸ ਨੇ ਰਾਜਨੀਤਕ, ਸੱਭਿਆਚਾਰਕ ਅਤੇ ਬਾਲੀਵੁੱਡ ਹਸਤੀਆਂ ਨਾਲ ਉੱਚ ਪੱਧਰ ਉੱਤੇ ਨਾਤੇ ਗੰਢੇ। ਬਲਰਾਜ ਸਾਹਨੀ ਵਰਗੇ ਮਹਾਨ ਅਭਿਨੇਤਾ ਨਾਲ ਨਿੱਘੀਆਂ ਦੋਸਤੀਆਂ ਮਾਣੀਆਂ। ਇੰਦਰਾ ਗਾਂਧੀ ਦੇ ਬਹੁਤ ਹੀ ਨੇੜਲੇ ਕਾਂਗਰਸੀ ਆਗੂ ਰਜਨੀ ਪਟੇਲ ਉਹਦਾ ਯਾਰ ਸੀ। ਇੱਕ ਵਾਰ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੂੰ ਭਿਣਕ ਪਈ ਜਿਵੇਂ ਉਹਦੇ ਨਾਲ ਇੰਦਰਾ ਗਾਂਧੀ ਨਾਰਾਜ਼ ਹੈ। ਗਿਆਨੀ ਜ਼ੈਲ ਸਿੰਘ ਐੱਸ.ਐੱਸ. ਛੀਨੇ ਰਾਹੀਂ ਰਜਨੀ ਪਟੇਲ ਨੂੰ ਮਿਲਿਆ ਤਾਂਕਿ ਉਹ ਵਿੱਚ ਪੈ ਕੇ ਇੰਦਰਾ ਗਾਂਧੀ ਤੋਂ ਮਸਲਾ ਹੱਲ ਕਰਵਾ ਦੇਵੇ। ਤੇ ਮਸਲਾ ਹੱਲ ਹੋਇਆ ਵੀ।

ਭਾਰਤ ਦੇ ਪ੍ਰਧਾਨ ਮੰਤਰੀ ਰਹੇ ਇੰਦਰ ਕੁਮਾਰ ਗੁਜਰਾਲ ਤਾਂ ਜਿਵੇਂ ਐੱਸ.ਐੱਸ. ਛੀਨੇ ਦੇ ਲੰਗੋਟੀਏ ਯਾਰ ਹੀ ਸਨ। ਇਸੇ ਕਰਕੇ ਕਹਿੰਦੇ ਕਹਾਉਂਦੇ ਬੰਦੇ ਛੀਨਾ ਸਾਹਿਬ ਦੇ ਅੱਗੇ ਪਿੱਛੇ ਫਿਰਦੇ। ਉਂਜ ਵੀ ਉਹ ਖਾਣ ਪਿਲਾਉਣ ਵਿੱਚ ਦਿਲ ਦਾ ਖੁੱਲ੍ਹਾ ਸੀ। ਪਾਰਟੀਆਂ ਕਰਨਾ ਉਹਦਾ ਸ਼ੌਕ ਸੀ, ਚਾਹੇ ਬੰਬਈ ਹੋਵੇ, ਚਾਹੇ ਚੰਡੀਗੜ੍ਹ। ਚੰਡੀਗੜ੍ਹ ਉਹ ਆਪਣੀ ਦੋ ਕਨਾਲ ਦੀ ਕੋਠੀ ਵਿੱਚ ਪਾਰਟੀਆਂ ਕਰਦਾ। ਉਹਦੀ ਪਾਰਟੀ ਵਿੱਚ ਜੱਜ, ਵਕੀਲ, ਪ੍ਰੋਫੈਸਰ, ਲੇਖਕ, ਆਈ.ਏ.ਐੱਸ.ਅਫਸਰ, ਪੁਲੀਸ ਅਫਸਰ, ਨਾਟਕਕਾਰ, ਐਕਟਰ ਆਦਿ ਹੁੰਦੇ। ਸਮਝੋ ਕੋਈ ਬੰਦਾ ਅਜਿਹਾ ਨਹੀਂ ਸੀ ਜਿਹੜਾ ਅੱਧੇ ਬੋਲ ਉੱਤੇ ਉਹਦੇ ਕੋਲ ਹਾਜ਼ਿਰ ਨਾ ਹੋ ਜਾਵੇ। ਪਾਰਟੀ ਦੇ ਖਾਣ-ਪੀਣ ਦੀਆਂ ਚੀਜ਼ਾਂ ਜਿਵੇਂ ਮੱਛੀ ਦੇ ਪਕੌੜੇ, ਮਟਨ ਅਤੇ ਚਿਕਨ ਦੇ ਰੋਸਟਡ ਸਨੈਕਸ ਵੇਟਰ ਬੜੇ ਹੀ ਸਲੀਕੇ ਨਾਲ ਵਰਤਾਉਂਦੇ। ਫਲ਼ ਵੀ ਬੜੇ ਹੀ ਸਲੀਕੇ ਨਾਲ ਕੱਟੇ ਹੁੰਦੇ। ਨਾਲ ਕਾਂਟੇ ਪਏ ਹੁੰਦੇ। ਸੰਗਤਰੇ ਦੀਆਂ ਫਾੜੀਆਂ ਵਿੱਚੋਂ ਬੀਜ ਕੱਢਕੇ ਪਲੇਟਾਂ ਵਿੱਚ ਵੇਟਰ ਪੋਲੇ ਜਿਹੇ ਹੱਥਾਂ ਵਿੱਚ ਲਈ ਫਿਰਦੇ। ਮਤੇ ਬੀਜ ਕੱਢਣ ਲੱਗਿਆਂ ਮਹਿਮਾਨਾਂ ਦੇ ਹੱਥ ਨਾ ਲਿਬੜਨ। ਕਿੰਨਾ ਸਲੀਕਾ ਸੀ ਛੀਨੇ ਦੀਆਂ ਪਾਰਟੀਆਂ ਵਿਚ, ਅਜਿਹੀਆਂ ਗੱਲਾਂ ਕਰਕੇ ਸੁਰਜਨ ਸਿੰਘ ਛੀਨੇ ਦੇ ਅੱਗੇ ਜਿਵੇਂ ਸਾਰਿਆਂ ਦੇ ਸਿਰ ਝੁਕਦੇ। ਇਸ ਸਭ ਕਾਸੇ ਵਿੱਚ ਛੀਨੇ ਦੀ ਸ਼ਖਸੀਅਤ ਵੀ ਝਲਕਦੀ ਹੁੰਦੀ।

ਆਮ ਤੌਰ ’ਤੇ ਉਹ ਪਾਰਟੀ ਕੁਰਸੀਆਂ ਨੂੰ ਗੋਲ ਦਾਇਰੇ ਵਿੱਚ ਲਾ ਕੇ ਕਰਦਾ। ਪੈੱਗ ਟੇਬਲ ਹਰ ਕੁਰਸੀ ਦੇ ਅੱਗੇ ਹੁੰਦਾ। ਵਿਸਕੀ ਸਰਵ ਹੁੰਦੀ। ਅਗਲੇ ਆਪਣੀ ਲੋੜ ਮੁਤਾਬਿਕ ਗਿਲਾਸ ਚੁੱਕੀ ਜਾਂਦੇ। ਜਦੋਂ ਪਾਰਟੀ ਤਰਾਰੇ ਵਿੱਚ ਆ ਜਾਂਦੀ ਤਾਂ ਬਹਿਸ ਭਖ਼ ਜਾਂਦੀ। ਕਿਉਂਕਿ ਸਾਰੇ ਵੱਖੋ ਵੱਖ ਵਿਚਾਰਧਾਰਾਵਾਂ ਦੇ ਹੁੰਦੇ, ਇਸ ਲਈ ਕੋਈ ਗੱਲ ਕਿਸੇ ਦੀ ਕਿਸੇ ਨੂੰ ਸਮਝ ਨਾ ਪੈਂਦੀ। ਨਾ ਹੀ ਬਹਿਸ ਕਿਸੇ ਬੰਨੇ ਲਗਦੀ। ਪਰ ਸਾਰੇ ਜਿਵੇਂ ਐੱਸ.ਐੱਸ. ਛੀਨੇ ਦੀ ਖ਼ੁਸ਼ਾਮਦ ਜਿਹੀ ਵਿੱਚ ਗੱਲ ਕਰਦੇ। ਘੁੰਮ-ਘੁਮਾ ਕੇ ਛੀਨੇ ਦੀ ਤਾਰੀਫ਼ ਹੋਣ ਲਗਦੀ। ਵੱਡੇ ਵੱਡੇ ਸਿਆਸੀ ਆਗੂ, ਵੱਡੇ ਵੱਡੇ ਲੇਖਕ, ਵੱਡੇ ਵੱਡੇ ਅਫਸਰ, ਜੱਜ ਜਿਵੇਂ ਛੀਨਾ ਸਾਹਿਬ ਛੀਨਾ ਸਾਹਿਬ ਹੀ ਕਹੀ ਜਾਂਦੇ।

ਪਾਰਟੀ ਵੇਲੇ ਬਹੁਤੇ ਆਪਣੇ ਕੰਮ ਵੀ ਛੀਨੇ ਨੂੰ ਦੱਸਦੇ। ਜਾਂ ਕੰਮ ਨਾ ਹੋਣ ਦੇ ਉਲਾਂਭੇ ਦਿੰਦੇ। ਇੱਕ ਰੰਗਮੰਚ ਦੀ ਜੋੜੀ ਛੀਨਾ ਸਾਹਿਬ ਨੂੰ ਉਲਾਂਭੇ ਹੀ ਦਿੰਦੀ ਰਹਿੰਦੀ ਸੀ। ਜਦੋਂ ਅਤੇ ਜਿੱਥੇ ਮਿਲਦੇ ਉਹਨਾਂ ਦੇ ਉਲਾਂਭੇ ਅਤੇ ਸ਼ਿਕਾਇਤਾਂ ਹੀ ਨਹੀਂ ਸਨ ਮੁਕਣ ਵਿੱਚ ਆਉਂਦੀਆਂ। ਪਤੀ ਘੱਟ ਬੋਲਦਾ। ਪਰ ਪਤਨੀ ਤਾਂ ਜਿਵੇਂ ਪਿਲਚ ਹੀ ਜਾਂਦੀ। ਅੱਜ ਵੀ ਚੱਲ ਰਹੀ ਪਾਰਟੀ ਵਿੱਚ ਉਹ ਜਿਉਂ ਪਿਲਚੀ, ਛੀਨੇ ਨੂੰ ਖਹਿੜਾ ਛਡਾਉਣਾ ਔਖਾ ਹੋ ਰਿਹਾ ਸੀ। ਉਹ ਕਹਿ ਰਹੀ ਸੀ, “ਛੀਨਾ ਸਾਹਿਬ, ਤੁਸੀਂ ਬੰਬਈ ਗਿਆਂ ਨੂੰ ਸਾਨੂੰ ਪੁੱਛਿਆ ਤਕ ਨਹੀਂ, ਸਾਡੇ ਵੱਲ ਧਿਆਨ ਹੀ ਨਹੀਂ ਦਿੱਤਾ। ਤੁਸੀਂ ਦੂਜਿਆਂ ਦੇ ਨਾਟਕ ਬਹੁਤੇ ਕਰਵਾਏ, ਉਹਨਾਂ ਦੇ ਰਹਿਣ ਦੇ ਉੱਚੇਚੇ ਪ੍ਰਬੰਧ ਕੀਤੇ, ਪਰ ਅਸੀਂ ਤਾਂ ਜਿਵੇਂ ਜਿਹੋ ਜਿਹੇ ਹੋਏ ਜਿਹੋ ਜਿਹੇ ਨਾ ਹੋਏ …।”

ਪਰ ਛੀਨਾ ਚੁੱਪ ਕਰਕੇ ਸੁਣੀ ਜਾਂਦਾ। ਹਾਂ ਹੂੰ ਕਰੀ ਜਾਂਦਾ। ਉਹ ਇਸ ਤਰ੍ਹਾਂ ਬੋਲਦਾ ਸੀ ਕਿ ਕੋਲ ਬੈਠੇ ਨੂੰ ਵੀ ਮਸੀਂ ਗੱਲ ਸੁਣਦੀ। ਇਸ ਤਰ੍ਹਾਂ ਨਾਲ ਹੁੰਦੀਆਂ ਗੱਲਾਂ-ਬਾਤਾਂ ਵਿੱਚ ਜਿਵੇਂ ਮਾਹੌਲ ਘਰੋਗੀ ਬਣ ਜਾਂਦਾ। ਮਾਹੌਲ ਵਿੱਚ ਇੱਕ ਅਣਪੱਤ ਹੁੰਦੀ। ਮਾਹੌਲ ਰੌਚਕ ਬਣ ਜਾਂਦਾ।

ਪਰ ਕੁਝ ਸਮੇਂ ਤੋਂ ਐੱਸ.ਐੱਸ. ਛੀਨੇ ਦਾ ਕਾਰੋਬਾਰ ਪਿੱਛੇ ਹੀ ਪਿੱਛੇ ਜਾ ਰਿਹਾ ਸੀ। ਉਹਦੇ ਲੜਕਿਆਂ ਨੇ ਇਕੱਠੇ ਹੋ ਕੇ ਬੱਝਵੇਂ ਢੰਗ ਨਾਲ ਕੰਮ ਨੂੰ ਤੋਰਨ ਦੀ ਬਜਾਏ ਆਪੋ ਧਾਪੀ ਵੱਲ ਵੱਧ ਧਿਆਨ ਦਿੱਤਾ। ਉਹਨੇ ਆਪਣੇ ਲੜਕਿਆਂ ਲਈ ਬੰਬਈ ਦੇ ਪੌਸ਼ ਏਰੀਏ ਵਿੱਚ ਵੱਖਰੇ ਵੱਖਰੇ ਫਲੈਟ ਖਰੀਦ ਕੇ ਦਿੱਤੇ ਤਾਂਕਿ ਪਰਿਵਾਰ ਵੱਖਰੇ ਵੱਖਰੇ ਸੁਖੀ ਰਹਿ ਸਕਣ। ਪਰ ਕੋਈ ਵੀ ਆਪਣੇ ਬਾਪ ਦੀ ਸਲਾਹ ਨਾਲ ਨਹੀਂ ਸੀ ਚੱਲਦਾ। ਨਾ ਹੀ ਉਸ ਦੀ ਕੋਈ ਪ੍ਰਵਾਹ ਹੀ ਕਰਦਾ। ਹਾਂ, ਛੋਟਾ ਲੜਕਾ ਉਹਦੇ ਨਾਲ ਰਹਿ ਰਿਹਾ ਸੀ। ਉਹ ਸਦਾ ਆਪਣੇ ਬਾਪ ਨਾਲ ਤੁਰਦਾ ਫਿਰਦਾ ਰਹਿੰਦਾ ਸੀ। ਸ਼ਰਾਬ ਬਹੁਤ ਪੀਂਦਾ ਸੀ। ਜਦੋਂ ਕਿਸੇ ਕੋਲ ਉਹ ਜਾਂਦੇ ਤਾਂ ਅਗਲਾ ਛੀਨੇ ਹੋਰਾਂ ਦੀ ਬਹੁਤ ਸੇਵਾ ਕਰਦਾ। ਆਪਣੇ ਵਿੱਤ ਤੋਂ ਵੱਧ ਉਹ ਉਹਨਾਂ ਦੀ ਆਓ ਭਗਤ ਕਰਦਾ। ਅਗਲੇ ਦੇ ਘਰ ਬੈਠਿਆਂ ਜਦੋਂ ਸ਼ਰਾਬ ਦਾ ਨਸ਼ਾ ਹੋ ਜਾਂਦਾ ਤਾਂ ਛੀਨਾ ਹੁੱਬ ਕੇ ਆਪਣੇ ਲੜਕੇ ਬਾਰੇ ਕਹਿੰਦਾ, “ਨੀਤੀ ਤਾਂ ਜਨਾਬ ਅਜਿਹੀ ਪੂਰੀ ਬੌਟਲ ਪੀ ਲੈਂਦੈ …।”

ਅਗਲਾ ਹੈਰਾਨ ਹੋਇਆ ਨੀਤੀ ਵੱਲ ਦੇਖਦਾ ਰਹਿੰਦਾ। ਨੀਤੀ ਹੈ ਵੀ ਬਹੁਤ ਮੋਟਾ ਸੀ। ਜਿੱਥੇ ਛੀਨਾ ਆਪ ਸੁਹਣਾ ਸੁੰਦਰ, ਸਰੀਰ ਦਾ ਛੀਂਟਵਾਂ ਸੀ, ਉੱਥੇ ਉਹਦੇ ਸਾਰੇ ਲੜਕੇ ਬਹੁਤ ਮੋਟੇ ਅਤੇ ਪੱਕੇ ਰੰਗਾਂ ਦੇ ਸਨ। ਅਸਲ ਵਿੱਚ ਉਹਦੇ ਸਾਰੇ ਲੜਕੇ ਆਪਣੀ ਮਾਂ ਵਰਗੇ ਸਨ। ਤਕੜੇ, ਮੋਟੇ, ਠੁੱਲ੍ਹੇ।

ਛੀਨਾ ਹੁਣ ਚਾਰੇ ਪਾਸਿਉਂ ਉਲਝਿਆ ਹੋਇਆ ਸੀ। ਮੁਹਾਲੀ ਬਲੈਕ ਅਤੇ ਵ੍ਹਾਈਟ ਟੈਲੀਵੀਜ਼ਨ ਦੀ ਫੈਕਟਰੀ ਕਦੋਂ ਦੀ ਬੰਦ ਹੋ ਚੁੱਕੀ ਸੀ। ਸਾਰੀ ਫੈਕਟਰੀ ਹਿੱਸਿਆਂ ਵਿੱਚ ਕਿਰਾਏ ਉੱਤੇ ਦਿੱਤੀ ਹੋਈ ਸੀ। ਕਿਰਾਏਦਾਰਾਂ ਨਾਲ ਰੌਲੇ ਪੈਂਦੇ ਰਹਿੰਦੇ। ਉਹਨਾਂ ਨਾਲ ਝਗੜਿਆਂ ਵਿੱਚ ਇਕੱਲਾ ਛੀਨਾ ਹੀ ਨਿੱਬੜਦਾ, ਲੜਕੇ ਤਾਂ ਨੇੜੇ ਨਹੀਂ ਸਨ ਖੜ੍ਹਦੇ। ਬੰਬਈ ਦੀ ਫੈਕਟਰੀ ਵੀ ਵਿਕ ਰਹੀ ਸੀ। ਉਹਦੇ ਵੀ ਹਿੱਸਿਆਂ ਅਤੇ ਟੋਟਿਆਂ ਵਿੱਚ ਸੌਦੇ ਹੋ ਰਹੇ ਸਨ। ਉਮਰ ਵੀ ਛੀਨੇ ਦੀ ਹੁਣ ਅੱਸੀਆਂ ਤੋਂ ਟੱਪ ਗਈ ਸੀ। ਇਸ ਉਮਰ ਵਿੱਚ ਬੰਦੇ ਨੂੰ ਪੂਰਾ ਸੁਖ ਚਾਹੀਦਾ ਹੁੰਦਾ ਹੈ। ਪਰ ਉਹ ਤਾਂ ਚਾਰੇ ਪਾਸਿਓਂ ਝਗੜਿਆਂ, ਰੌਲਿਆਂ ਅਤੇ ਮੁਕੱਦਮਿਆਂ ਵਿੱਚ ਉਲਝਿਆ ਹੋਇਆ ਸੀ। ਸ਼ਰਾਬ ਦੀਆਂ ਪਾਰਟੀਆਂ ਵਿੱਚ ਆਉਣ ਵਾਲੇ ਵੱਡੇ ਵੱਡੇ ਲੀਡਰਾਂ, ਜੱਜਾਂ, ਵਕੀਲਾਂ, ਲੇਖਕਾਂ, ਰੰਗ ਕਰਮੀਆਂ, ਅਫਸਰਾਂ ਵਿੱਚੋਂ ਕਿਸੇ ਨੂੰ ਜਦੋਂ ਛੀਨਾ ਆਪਣੀ ਸਹਾਇਤਾ ਕਰਨ ਲਈ ਕਹਿੰਦਾ ਤਾਂ ਕੋਈ ਕੰਨ ਨਹੀਂ ਸੀ ਧਰਦਾ। ਕਈ ਤਾਂ ਆਪ ਵੀ ਹੁਣ ਬੁਢਾਪੇ ਵਿੱਚ ਪਹੁੰਚ ਗਏ ਸਨ। ਨਾਲੇ ਜਦੋਂ ਮੁਸੀਬਤ ਪੈਂਦੀ ਹੈ ਕੌਣ ਨੇੜੇ ਖੜ੍ਹਦਾ ਹੈ।

ਛੀਨਾ ਨੇ ਇੱਕ ਦਿਨ ਸੋਚਿਆ ਕਿ ਕਿਉਂ ਨਾ ਉਹ ਇੱਕ ਉਸ ਲੇਖਕ ਨਾਲ ਗੱਲ ਕਰੇ ਜਿਹੜਾ ਬਹੁਤ ਇਮਾਨਦਾਰ ਅਤੇ ਸੁਹਿਰਦ ਮੰਨਿਆ ਜਾਂਦਾ ਸੀ। ਉਹ ਲੇਖਕ ਕਿਸੇ ਵੇਲੇ ਉਹਨੂੰ ਚੰਡੀਗੜ੍ਹ ਉਹਦੀ ਕੋਠੀ ਮਿਲਣ ਆਇਆ ਸੀ, ਆਪਣੇ ਲੜਕੇ ਨੂੰ ਟੀ.ਵੀ. ਮਕੈਨਿਕ ਦਾ ਕੰਮ ਸਿਖਾਉਣ ਲਈ। ਭਾਵੇਂ ਉਸ ਲੇਖਕ ਨੂੰ ਐੱਸ. ਐੱਸ.ਛੀਨਾ ਨੂੰ ਮਿਲਣ ਲਈ ਉਹਦੀ ਕੋਠੀ ਦੇ ਵਰਾਂਢੇ ਵਿੱਚ ਇੱਕ ਘੰਟਾ ਉਡੀਕ ਕਰਨੀ ਪਈ ਸੀ ਪਰ ਲੜਕਾ ਉਹਦਾ ਰੱਖ ਲਿਆ ਗਿਆ ਸੀ। ਇੱਕ ਲੇਖਕ ਦਾ ਪੁੱਤਰ ਹੋਣ ਕਾਰਨ ਉਹਦੇ ਪੁੱਤਰ ਨੂੰ ਛੀਨੇ ਨੇ ਪਿਆਰ ਨਾਲ ਕਿਹਾ ਸੀ, “ਦੇਖ ਬੇਟੇ, ਮਿਹਨਤ ਤੇ ਲਗਨ ਨਾਲ ਕੰਮ ਸਿੱਖ । ਸਿੱਖਦੇ ਸਿੱਖਦੇ ਜੇ ਕੋਈ ਪੁਰਜ਼ਾ ਖਰਾਬ ਹੋ ਜਾਵੇ ਜਾਂ ਟੁੱਟ ਜਾਵੇ, ਫਿਕਰ ਨਾ ਕਰੀਂ, ਤੂੰ ਗੁਰਦੇਵ ਸਿੰਘ ਦੇਵ ਇੱਕ ਵੱਡੇ ਲੇਖਕ ਦਾ ਲੜਕਾ ਏਂ।”

ਲੇਖਕ ਗੁਰਦੇਵ ਸਿੰਘ ਦੇਵ ਦਾ ਛੋਟਾ ਭਰਾ ਹਰਬਚਨ ਵੀ ਨਾਲ ਆਇਆ ਸੀ। ਪਰ ਐੱਸ.ਐੱਸ. ਛੀਨੇ ਨੇ ਉਸ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ। ਛੀਨਾ ਸੰਖੇਪ ਅਤੇ ਤੋਲਵੀਂ ਗੱਲ ਕਰਦਾ ਸੀ। ਘੋਖ ਘੋਖ ਕੇ ਗੱਲਾਂ ਕਰਨਾ ਜਾਂ ਵਾਧੂ ਪੁੱਛਾਂ ਪੁੱਛਣੀਆਂ ਉਹਦੇ ਸੁਭਾਅ ਦਾ ਹਿੱਸਾ ਨਹੀਂ ਸੀ।

ਮਗਰੋਂ ਕੁਝ ਕੁ ਸਾਲਾਂ ਪਿੱਛੋਂ ਐੱਸ.ਐੱਸ. ਛੀਨੇ ਨੇ ਗੁਰਦੇਵ ਸਿੰਘ ਦੇਵ ਦੀ ਲੇਖਕਾਂ ਦੀ ਕਾਨਫਰੰਸ ਕਰਨ ਲਈ ਫੰਡ ਇਕੱਠਾ ਕਰਨ ਦੀ ਬੜੀ ਸਹਾਇਤਾ ਕੀਤੀ ਸੀ, ਜਿਹਨਾਂ ਦਾ ਉਹ ਪ੍ਰਧਾਨ ਸੀ। ਨਾਲ ਉਹਨਾਂ ਦੇ ਇੱਕ ਹੋਟਲ ਦੀ ਮਾਲਿਕ ਇਸਤਰੀ ਕਾਰਕੁਨ ਸੀ। ਦੋਵਾਂ ਨੇ ਰਾਤਾਂ ਨੂੰ ਜਾ ਜਾ ਕੇ ਫੰਡ ਇਕੱਠਾ ਕਰਨ ਵਿੱਚ ਬੜੀ ਸਹਾਇਤਾ ਕੀਤੀ। ਨਾਲ ਗੱਡੀ ਵਿੱਚ ਫਿਰ ਗੁਰਦੇਵ ਸਿੰਘ ਦੇਵ ਦਾ ਭਰਾ ਹਰਬਚਨ ਵੀ ਹੁੰਦਾਜਾਂ ਗੁਰਦੇਵ ਸਿੰਘ ਦੇਵ ਦੇ ਭਤੀਜੇ। ਐੱਸ.ਐੱਸ. ਛੀਨੇ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਦੇਵ ਦਾ ਭਰਾ ਅਤੇ ਉਹਦਾ ਭਤੀਜਾ ਹਾਈ ਕੋਰਟ ਵਿੱਚ ਵਕੀਲ ਹਨ। ਇਸੇ ਲਈ ਉਹਨੇ ਸੋਚਣ ਮਗਰੋਂ ਇੱਕ ਦਿਨ ਮੁਹਾਲੀ ਜਾ ਕੇ ਗੁਰਦੇਵ ਸਿੰਘ ਦੇਵ ਨੂੰ ਆਖਿਆ, “ਦੇਵ ਜੀ, ਅੱਜ ਕੱਲ੍ਹ ਮੈਂ ਉਲਝਿਆ ਪਿਆ ਹਾਂ, ਮੈਂ ਤੁਹਾਡੀ ਮਦਦ ਚਾਹੁੰਦਾ ਹਾਂ …।”

ਗੁਰਦੇਵ ਸਿੰਘ ਦੇਵ ਐੱਸ.ਐੱਸ. ਛੀਨੇ ਦੇ ਮੂੰਹੋਂ ਇਹ ਸੁਣ ਕੇ ਅਵਾਕ ਰਹਿ ਗਿਆ। ਹੈਂ! ਐਡਾ ਵੱਡਾ ਬੰਦਾ, ਜਿਸਦੇ ਜਾਣਕਾਰ ਵੱਡੇ ਵੱਡੇ ਲੋਕ ਹਨ, ਜਿਹੜਾ ਜਿਸ ਨੂੰ ਹੁਕਮ ਕਰੇ, ਉਹ ਤੁਰੰਤ ਹਾਜ਼ਿਰ ਹੋ ਜਾਵੇ, ਅੱਜ ਉਸ ਨੂੰ ਇਹ ਕੀ ਕਹਿ ਰਿਹਾ ਹੈ? ਦੇਵ ਬੋਲਿਆ, “ਛੀਨਾ ਸਾਹਿਬ, ਮੈਂ ਅੱਜ ਬਹੁਤ ਭਾਗਾਂ ਵਾਲਾ ਹਾਂ ਕਿ ਤੁਸੀਂ ਮੇਰੇ ਘਰ ਆਏ ਹੋ। ਮੈਂਨੂੰ ਤਾਂ ਤੁਸੀਂ ਹੁਕਮ ਕਰਦੇ, ਮੈਂ ਆਪ ਤੁਹਾਡੇ ਕੋਲ ਚੱਲ ਕੇ ਆਉਂਦਾ। ਹੁਕਮ ਕਰੋ ਮੈਂ ਕੀ ਕਰਨ ਜੋਗਾ ਹਾਂ …।”

“ਮੈਂ ਕਈ ਕੇਸਾਂ ਵਿੱਚ ਉਲਝਿਆ ਹੋਇਆ ਹਾਂ … ਹਾਈਕੋਰਟ, ਸੁਪਰੀਮ ਕੋਰਟ, ਲੋਅਰ ਕੋਰਟਾਂ ਵਿੱਚ। ਤੁਹਾਡਾ ਭਰਾ ਹਰਬਚਨ ਅਤੇ ਭਤੀਜਾ ਹਾਈ ਕੋਰਟ ਵਿੱਚ ਵਕੀਲ ਹਨ। ਜੇ ਉਹ ਮੇਰੀ ਸਹਾਇਤਾ ਕਰ ਸਕਣ ਤਾਂ ਬੜੀ ਮਿਹਰਬਾਨੀ ਹੋਵੇਗੀ। ਅੱਜ ਕੱਲ੍ਹ ਮੈਂ ਵਕੀਲਾਂ ਦੀਆਂ ਫੀਸਾਂ ਵੀ ਦੇਣ ਤੋਂ ਅਸਮਰੱਥ ਹਾਂ।”

“ਚਿੰਤਾ ਨਾ ਕਰੋ ਛੀਨਾ ਸਾਹਿਬ, … ਤੁਸੀਂ ਬਿਲਕੁਲ ਫਿਕਰ ਨਾ ਕਰਨਾ। ਮੇਰਾ ਭਰਾ ਹਰਬਚਨ ਅਤੇ ਭਤੀਜਾ ਪ੍ਰੀਤ, ਜਿਵੇਂ ਤੁਸੀਂ ਕਹੋਗੇ, ਕਰਨਗੇ। ਜੇ ਕਹੋ ਮੈਂ ਹੁਣੇ ਬੁਲਾ ਲੈਂਦਾ ਹਾਂ ਉਹਨਾਂ ਨੂੰ। ... ਜਾ ਬਈ ਬੰਤ, ਜਾ ਬੁਲਾ ਕੇ ਲਿਆ ਆਪਣੇ ਚਾਚੇ ਅਤੇ ਪ੍ਰੀਤ ਨੂੰ। ਕਹਿਣਾ, ਐੱਸ.ਐੱਸ. ਛੀਨਾ ਸਾਹਿਬ ਆਏ ਹੋਏ ਨੇ। ਜ਼ਰੂਰੀ ਗੱਲ ਕਰਨੀ ਐ …।” ਗੁਰਦੇਵ ਸਿੰਘ ਦੇਵ ਨੇ ਆਪਣੇ ਲੜਕੇ ਨੂੰ ਕਿਹਾ।

“ਦੇਵ ਜੀ, ਕੀ ਉਹ ਇੱਥੇ ਨੇੜੇ ਹੀ ਰਹਿੰਦੇ ਨੇ ਕਿਤੇ?”

“ਹਾਂ, ਹਾਂ, ਛੀਨਾ ਸਾਹਿਬ, ਇਸੇ ਫੇਜ਼ ਵਿੱਚ ਨੇ …। ਅਸੀਂ ਇੱਧਰ ਚੰਡੀਗੜ੍ਹ ਵਾਲੇ ਪਾਸੇ ਹਾਂ, ਉਹ ਉੱਧਰ ਨਾਈਪਰ ਵਾਲੇ ਪਾਸੇ। … ਕੁੰਬੜੇ ਵੱਲ।”

“ਦੇਵ ਸਾਹਿਬ, ਇੱਕ ਗੱਲੋਂ ਤੁਸੀਂ ਬਹੁਤ ਖ਼ੁਸ਼ਕਿਸਮਤ ਹੋ, ਤੁਹਾਨੂੰ ਭਰਾ ਬਹੁਤ ਚੰਗਾ ਮਿਲਿਆ ਹੈ, ਨਾਲੇ ਭਤੀਜੇ ਵੀ ਤੁਹਾਡੇ ਬੜੇ ਫਰਮਾਂਬਰਦਾਰ ਨੇ। ... ਮੈਂ ਤਾਂ ਦੇਵ ਸਾਹਿਬ ਕਾਨਫਰੰਸ ਵੇਲੇ ਵੇਖਿਐ, ਸਾਰੀ ਕਾਨਫਰੰਸ ਸਮਝੋ ਤੁਹਾਡੇ ਭਰਾ ਅਤੇ ਭਤੀਜਿਆਂ ਨੇ ਹੀ ਸੰਭਾਲੀ ਐ … ਸਿਆਣੇ ਵੀ ਨੇ, ਲੱਠਮਾਰ ਵੀ ਨੇ।”

“ਆਹ ਲਓ ਦੇਵ ਸਾਹਿਬ, ਦੇਖੋ ਓੁਹ ਆ ਵੀ ਗਏ।”

“ਵਾਹ ਬਈ ਵਾਹ, ਹੁਣ ਮੇਰਾ ਵੀ ਫਿਕਰ ਘਟ ਗਿਆ। ਚੰਗੇ ਥਾਂ ਆ ਗਿਆ ਮੈਂ …।” ਐੱਸ.ਐੱਸ.ਛੀਨਾ ਬੜੀ ਤਸੱਲੀ ਨਾਲ ਬੋਲੀ ਜਾ ਰਿਹਾ ਸੀ।

ਗੁਰਦੇਵ ਸਿੰਘ ਦੇਵ ਦਾ ਭਰਾ ਹਰਬਚਨ ਅਤੇ ਉਹਦਾ ਲੜਕਾ ਪ੍ਰੀਤ ਆਪਣੀ ਗੱਡੀ ਵਿੱਚੋਂ ਉੱਤਰ ਕੇ ਆ ਰਹੇ ਸਨ। ਪ੍ਰੀਤ ਨੇ ਐੱਸ.ਐੱਸ. ਛੀਨੇ ਦੇ ਪੈਰੀਂ ਹੱਥ ਲਾਏ ਅਤੇ ਇਸ ਤਰ੍ਹਾਂ ਬੈਠ ਗਏ ਜਿਵੇਂ ਉਹ ਅਗਲਾ ਹੁਕਮ ਉਡੀਕ ਰਹੇ ਹੋਣ।

ਐੱਸ.ਐੱਸ. ਛੀਨੇ ਨੇ ਆਪਣੇ ਕੇਸਾਂ ਦਾ ਵੇਰਵਾ ਦੱਸਿਆ। ਕਿਸੇ ਕੇਸ ਵਿੱਚੋਂ ਉਸ ਦੀ ਜ਼ਮਾਨਤ ਕਰਵਾਉਣੀ ਸੀ। ਕਿਸੇ ਕੇਸ ਵਿੱਚ ਉਹਦਾ ਪਾਸਪੋਰਟ ਹਾਈ ਕੋਰਟ ਤੋਂ ਰਲੀਜ਼ ਕਰਵਾਉਣਾ ਸੀ। ਸੁਪਰੀਮ ਕੋਰਟ ਵਿੱਚ ਵੀ ਬੰਬਈ ਕਾਰਖਾਨੇ ਦੇ ਕੇਸ ਚਲਦੇ ਸਨ। ਉਹਨਾਂ ਦੀ ਪੈਰਵੀ ਵੀ ਕਰਨੀ ਸੀ। ਦੇਵ ਦੇ ਭਤੀਜੇ ਨੇ ਸੰਖੇਪ ਵਿੱਚ ਸਾਰੀਆਂ ਗੱਲਾਂ ਸਮਝਕੇ ਛੀਨੇ ਨੂੰ ਕਿਹਾ, “ਅੰਕਲ, ਤੁਸੀਂ ਕਿਸੇ ਦਿਨ ਸਾਰੇ ਕਾਗਜ਼ ਲੈ ਕੇ ਮੇਰੇ ਕੋਲ ਘਰ ਆ ਜਾਵੋ, ਕਾਗਜ਼ ਪੱਤਰ ਦੇਖ ਕੇ ਹੀ ਮੈਂ ਤੁਹਾਨੂੰ ਦੱਸ ਸਕਾਂਗਾ ਕਿ ਆਪਾਂ ਕਿੱਥੇ ਖੜ੍ਹੇ ਹਾਂ। ਤੁਹਾਡੇ ਸਾਰੇ ਕੇਸਾਂ ਬਾਰੇ ਮੈਂ ਕਾਗਜ਼ ਦੇਖ ਕੀ ਹੀ ਆਪਣੀ ਰਾਏ ਦੇ ਸਕਾਂਗਾ …।”

ਐੱਸ.ਐੱਸ. ਛੀਨੇ ਨੂੰ ਬੜੀ ਤਸੱਲੀ ਹੋਈ। ਦੇਵ ਦੇ ਭਤੀਜੇ ਦੇ ਲੀਗਲ ਕੇਸਾਂ ਬਾਰੇ ਪਕੜ ਅਤੇ ਸਮਝ ਦੇਖ ਕੇ ਜਿੱਥੇ ਉਹ ਬੜਾ ਖ਼ੁਸ਼ ਹੋਇਆ, ਉੱਥੇ ਬੜਾ ਹੈਰਾਨ ਵੀ ਹੋਇਆ। ਉਹਨੇ ਪਤਾ ਨਹੀਂ ਕਿੰਨੇ ਵਕੀਲ ਦੇਖੇ ਸਨ, ਕਿੰਨੇ ਜੱਜਾਂ ਨਾਲ ਪਾਰਟੀਆਂ ਵਿੱਚ ਬੈਠਿਆ ਸੀ ਪਰ ਆਹ ਲੜਕਾ! ਫਿਰ ਛੋਟੀ ਉਮਰ ਦਾ। ਕਿੰਨੀਆਂ ਸਾਫ਼ ਸੁਥਰੀਆਂ ਗੱਲਾਂ ਕਰਦਾ ਹੈ। ਕਾਨੂੰਨ ਦੀ ਕਿੰਨੀ ਸਮਝ ਹੈ।” ਉਹਨੂੰ ਤਸੱਲੀ ਸੀ ਕਿ ਉਹ ਬੜੀ ਠੀਕ ਥਾਂ ਉੱਤੇ ਪਹੁੰਚ ਗਿਆ।

ਐੱਸ.ਐੱਸ. ਛੀਨੇ ਲਈ ਇੱਕੀਵੀਂ ਸਦੀ ਬੜੀ ਭਾਰੀ ਪੈਂਦੀ ਲਗਦੀ ਸੀ। ਅਜੇ ਸਾਲ ਦੋ ਹਜ਼ਾਰ ਖਤਮ ਨਹੀਂ ਸੀ ਹੋਇਆ ਕਿ ਉਹਦੇ ਉੱਤੇ ਮੁਸੀਬਤਾਂ ਦੇ ਪਹਾੜ ਟੁੱਟਣੇ ਸ਼ੁਰੂ ਹੋ ਗਏ। ਬੰਬਈ ਵਾਲਾ ਉਹ ਫਲੈਟ ਜਿਹੜਾ ਉਹਦੀ ਪਤਨੀ ਦੇ ਨਾਂ ਸੀ, ਉਹਦੀ ਇੱਕ ਨੂੰਹ ਨੇ ਧੋਖੇ ਨਾਲ ਆਪਣੀ ਸੱਸ ਦੇ ਦਸਤਖ਼ਤ ਕਰਵਾਕੇ ਆਪਣੇ ਨਾਂ ਕਰਵਾ ਲਿਆ ਸੀ ਅਤੇ ਉਸ ਫਲੈਟ ਵਿੱਚੋਂ ਆਪਣੇ ਸੱਸ ਸਹੁਰੇ ਨੂੰ ਬੜੇ ਬੇਇੱਜ਼ਤ ਕਰਕੇ ਕੱਢਿਆ ਸੀ। ਇੱਧਰ ਚੰਡੀਗੜ੍ਹ ਛੋਟਾ ਲੜਕਾ ਵੀ ਆਈ-ਗਈ ਨਹੀਂ ਸੀ ਦੇ ਰਿਹਾ। ਉਹ ਕਰਦਾ ਕੁਝ ਸੀ, ਦੱਸਦਾ ਕੁਝ ਸੀ। ਜਾਂਦਾ ਕਿਤੇ ਸੀ, ਦੱਸਦਾ ਕਿਤੇ ਸੀ। ਉਹੀ ਤਾਂ ਸਦਾ ਐੱਸ.ਐੱਸ. ਛੀਨੇ ਦੇ ਨਾਲ ਰਹਿੰਦਾ ਸੀ। ਗੱਡੀ ਵੀ ਉਹੀ ਚਲਾਉਂਦਾ ਸੀ। ਕੋਰਟਾਂ ਦੇ ਕਾਗਜ਼ ਪੱਤਰ ਵੀ ਉਹੀ ਸੰਭਾਲਦਾ ਸੀ। ਦਸਤਖ਼ਤ ਵੀ ਆਪਣੇ ਭਾਪੇ ਦੇ ਅਤੇ ਮੰਮੀ ਦੇ ਉਹੀ ਕਰਵਾਉਂਦਾ ਸੀ। ਪੁੱਤ ਤੋਂ ਨੇੜੇ ਹੋਰ ਕੋਣ ਹੋ ਸਕਦਾ ਹੁੰਦਾ ਹੈ? ਬੁਢੇਪੇ ਵਿੱਚ ਪੁੱਤ-ਧੀਆਂ ਹੀ ਸੰਭਾਲਦੇ ਹੁੰਦੇ ਨੇ ਆਪਣੇ ਮਾਪਿਆਂ ਨੂੰ।

ਹੁਣ ਐੱਸ.ਐੱਸ. ਛੀਨਾ ਕਈ ਵਾਰ ਦੇਵ ਦੇ ਭਰਾ ਹਰਬਚਨ ਦੇ ਘਰ ਆਉਂਦਾ। ਨਾਲ ਸਦਾ ਉਹਦਾ ਛੋਟਾ ਲੜਕਾ ਹੁੰਦਾ। ਚਾਹ ਵੇਲੇ ਚਾਹ। ਲੰਚ ਵੇਲੇ ਲੰਚ। ਅਤੇ ਡਿਨਰ ਵੇਲੇ ਡਿਨਰ। ਹਰਬਚਨ ਹੋਰੀਂ ਬੜੇ ਚਾਅ ਨਾਲ ਛੀਨੇ ਤੇ ਉਹਦੇ ਲੜਕੇ ਦੀ ਸੇਵਾ ਕਰਦੇ। ਉਹ ਚਾਹੁੰਦੇ ਸਨ ਕਿ ਜਿਹੜਾ ਬੰਦਾ ਹੁਣ ਤਕ ਆਪ ਸਾਰਿਆਂ ਨੂੰ ਬੁਲਾ ਬੁਲਾ ਕੇ ਪਾਰਟੀਆਂ ਕਰਦਾ ਸੀ, ਜੇ ਹੁਣ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹ ਵੀ ਉਸੇ ਤਰ੍ਹਾਂ ਛੀਨੇ ਦੀ ਸੇਵਾ ਕਰਨ। ਉਂਜ ਵੀ ਹਰਬਚਨ ਦਾ ਪਰਿਵਾਰ ਆਏ-ਗਏ ਦੀ ਸੇਵਾ ਕਰਕੇ ਖ਼ੁਸ਼ ਹੁੰਦਾ ਸੀ।

ਦੋ ਤਿੰਨ ਵਾਰ ਹਰਬਚਨ ਅਤੇ ਉਹਦਾ ਲੜਕਾ ਪ੍ਰੀਤ ਦਿੱਲੀ ਸੁਪਰੀਮ ਕੋਰਟ ਵੀ ਗਏ ਜਿੱਥੇ ਐੱਸ.ਐੱਸ. ਛੀਨੇ ਦਾ ਬੰਬਈ ਦੀ ਫ਼ੈਕਟਰੀ ਦਾ ਕੇਸ ਚਲਦਾ ਸੀ। ਤੀਜੀ ਪੇਸ਼ੀ ਵਿੱਚ ਜੱਜ ਨੇ ਬੰਬਈ ਦੀ ਹੇਠਲੀ ਅਦਾਲਤ ਨੂੰ ਕੇਸ ਵਾਪਸ ਰੀਮਾਂਡ ਬੈਕ ਕਰ ਦਿੱਤਾ। ਛੀਨਾ ਇਹੋ ਚਾਹੁੰਦਾ ਸੀ। ਕੋਰਟ ਤੋਂ ਬਾਹਿਰ ਆ ਕੇ ਛੀਨੇ ਨੇ ਪ੍ਰੀਤ ਨੂੰ ਸ਼ਾਬਾਸ਼ ਦਿੱਤੀ, “ਹਰਬਚਨ ਜੀ, ਪ੍ਰੀਤ ਤੁਹਾਡਾ ਲੜਕਾ ਬੜਾ ਸੰਜੀਦਾ ਵਕੀਲ ਹੈ। ਬੜੇ ਹੀ ਤਹੱਮਲ ਨਾਲ ਜੱਜ ਨੂੰ ਸਾਰੀ ਗੱਲ ਸਮਝਾਈ। ਰੀਮਾਂਡ ਬੈਕ ਹੋਣ ਨਾਲ ਮੈਂਨੂੰ ਬੜਾ ਫਾਇਦਾ ਹੋਣਾ ਹੈ। ਹੁਣ ਮੇਰਾ ਵਿਰੋਧੀ ਆਪੇ ਮੇਰੇ ਨਾਲ ਸਮਝੌਤਾ ਕਰੇਗਾ। ਮੈਂਨੂੰ ਹੁਣ ਉਹ ਮੇਰੇ ਕਹਿਣ ਮੁਤਾਬਿਕ ਪੱਚੀ ਲੱਖ ਦੇ ਕੇ ਸਮਝੌਤਾ ਕਰੇਗਾ …।”

ਮੁਹਾਲੀ ਦੀ ਹੇਠਲੀ ਅਦਾਲਤ ਵਿੱਚ ਇੱਕ ਝਗੜੇ ਕਾਰਨ ਐੱਸ.ਐੱਸ. ਛੀਨੇ ਦਾ ਪਾਸਪੋਰਟ ਸਰੰਡਰ ਹੋ ਗਿਆ ਸੀ। ਹਾਈ ਕੋਰਟ ਵੱਲੋਂ ਦਿੱਤੀ ਗਈ ਜ਼ਮਾਨਤ ਦੀ ਸ਼ਰਤ ਮੁਤਾਬਿਕ ਪਾਸਪੋਰਟ ਸਰੰਡਰ ਕਰਨਾ ਪੈਣਾ ਸੀ। ਪਰ ਹੁਣ ਐੱਸ.ਐੱਸ. ਛੀਨਾ ਚੰਡੀਗੜ੍ਹ ਵਿੱਚ ਬਣੇ ਸਭਿਆਚਾਰਕ ਮੰਚ ਵੱਲੋਂ ਬਤੌਰ ਸੈਕਟਰੀ ਜਨਰਲ ਦੇ ਇੱਕ ਲੇਖਕਾਂ ਦਾ ਵਫ਼ਦ ਪਾਕਿਸਤਾਨ ਲੈ ਕੇ ਜਾ ਰਿਹਾ ਸੀ। ਪਰ ਪਾਸਪੋਰਟ ਹੁਣ ਹਾਈ ਕੋਰਟ ਦੇ ਦਖ਼ਲ ਤੋਨ ਬਿਨਾਂ ਮਿਲ ਨਹੀਂ ਸੀ ਸਕਣਾਜਿਸ ਦਿਨ ਪੇਸ਼ੀ ਸੀ, ਉਸ ਦਿਨ ਹਰਬਚਨ ਦੇ ਭਰਾ ਦੇਵ ਦਾ ਫ਼ੋਨ ਆਇਆ, ”ਹਰਬਚਨ ਭਾਈ, ਤੇਰੀ ਭਾਬੀ ਹੱਥਾਂ ਵਿੱਚ ਆ ਗਈ ਹੈ, ਤੁਸੀਂ ਛੇਤੀ ਆਓ …।”

ਹਰਬਚਨ, ਉਹਦੀ ਪਤਨੀ, ਵੱਡਾ ਲੜਕਾ ਬਿਕਰਮ ਅਤੇ ਪ੍ਰੀਤ ਸਾਰੇ ਫਟਾਫਟ ਪਹੁੰਚ ਗਏ। ਹਰਬਚਨ ਤੇ ਪ੍ਰੀਤ ਤਾਂ ਹਾਈ ਕੋਰਟ ਜਾਣ ਲਈ ਕਾਲਾ ਕੋਟ ਪਾਈ ਤੇ ਬੈਂਡ ਆਦਿ ਲਾਈ ਖੜ੍ਹੇ ਹੀ ਸਨ। ਜਦੋਂ ਹਰਬਚਨ ਨੇ ਆਪਣੀ ਭਾਬੀ ਨੂੰ ਔਖੇ ਔਖੇ ਸਾਹ ਲੈਂਦਿਆਂ ਦੇਖਿਆ ਤਾਂ ਉਹਨੇ ਪ੍ਰੀਤ ਨੂੰ ਬਾਹਿਰ ਬੁਲਾ ਕੇ ਕਿਹਾ, “ਪ੍ਰੀਤ ਤੂੰ ਹਾਈਕੋਰਟ ਚੱਲ … ਛੀਨਾ ਸਾਹਿਬ ਦਾ ਪਾਸਪੋਰਟ ਦਾ ਜ਼ਰੂਰੀ ਕੇਸ ਲੱਗਿਆ ਹੋਇਆ ਹੈ, ਜੇ ਨਾ ਗਿਆ ਤਾਂ ਛੀਨਾ ਸਾਹਿਬ ਦਾ ਕੇਸ ਖਰਾਬ ਹੋ ਜਾਵੇਗਾ। ਅਸੀਂ ਹੈਗੇ ਸਾਰੇ ਇੱਥੇ, ਉਂਝ ਵੀ ਵਕਾਲਤ ਦੀ ਨੈਤਿਕਤਾ ਵੀ ਇਹੋ ਕਹਿੰਦੀ ਹੈ …।”

ਪ੍ਰੀਤ ਅਜੇ ਹਾਈ ਕੋਰਟ ਪਹੁੰਚਿਆ ਨਹੀਂ ਹੋਣਾ ਕਿ ਹਰਬਚਨ ਦੀ ਭਾਬੀ ਦੀ ਡੈੱਥ ਹੋ ਗਈ। ਘਰ ਵਿੱਚ ਪਿੱਟ-ਸਿਆਪਾ ਸ਼ੁਰੂ ਹੋ ਗਿਆ। ਪਰ ਹਰਬਚਨ ਨੇ ਪ੍ਰੀਤ ਨੂੰ ਫ਼ੋਨ ਉੱਤੇ ਨਹੀਂ ਦੱਸਿਆ ਕਿ ਉਹਦੀ ਤਾਈ ਚਲੀ ਗਈ ਹੈ ਤਾਂਕਿ ਕੇਸ ਲੜਨ ਲੱਗਿਆਂ ਉਹ ਡਿਸਟਰਬ ਨਾ ਹੋ ਜਾਵੇ। ਹਾਈ ਕੋਰਟ ਨੇ ਪੰਦਰਾਂ ਦਿਨਾਂ ਲਈ ਪਾਸਪੋਰਟ ਰਲੀਜ਼ ਕਰ ਦਿੱਤਾ ਸੀ। ਸ਼ਰਤ ਸੀ ਕਿ ਪਾਕਿਸਤਾਨੋਂ ਆ ਕੇ ਫਿਰ ਪਾਸਪੋਰਟ ਸਰੰਡਰ ਕਰਨਾ ਪਵੇਗਾ।

ਮੁਹਾਲੀ ਦੀ ਟੀ.ਵੀ.ਫੈਕਟਰੀ ਦੇ ਕਿਸੇ ਰੀਟਾਇਰਡ ਫੌਜੀ ਅਫਸਰ ਨਾਲ ਕਈ ਕੇਸ ਚਲਦੇ ਸਨ। ਕਿਸੇ ਗੱਲ ਉੱਤੇ ਐੱਸ.ਐੱਸ. ਛੀਨੇ ਨੇ ਕੇਸ ਕੀਤਾ ਹੋਇਆ ਹੁੰਦਾ ਸੀ ਅਤੇ ਕਿਤੇ ਗੱਲ ਉੱਤੇ ਰੀਟਾਇਰਡ ਅਫਸਰ ਨੇ ਛੀਨੇ ਉੱਤੇ। ਦੋਵਾਂ ਦੀਆਂ ਹੇਠਲੀਆਂ ਅਦਾਲਤਾਂ ਵਿੱਚ ਪੇਸ਼ੀਆਂ ਹੁੰਦੀਆਂ ਹੀ ਰਹਿੰਦੀਆਂ ਸਨ।

ਇਸੇ ਤਰ੍ਹਾਂ ਦੇ ਇੱਕ ਕੇਸ ਵਿੱਚ ਹਰਬਚਨ ਹੋਰਾਂ ਨੇ ਉਸ ਰੀਟਾਇਰਡ ਅਫਸਰ ਨੂੰ ਹਾਈ ਕੋਰਟ ਵਿੱਚ ਕੰਨਟੈਂਪਟ ਪਾ ਕੇ ਉਸ ਨੂੰ ਦੋਸ਼ੀ ਸਿੱਧ ਕਰਵਾ ਦਿੱਤਾ, ਜਿਸ ਨਾਲ ਦੋਸ਼ੀ ਨੂੰ ਤਿੰਨ ਮਹੀਨੇ ਦੀ ਕੈਦ ਜਾਂ ਦੋ ਹਜ਼ਾਰ ਰੁਪਏ ਜੁਰਮਾਨਾ ਦੀ ਸਜ਼ਾ ਹੋਈਇਸ ਗੱਲੋਂ ਐੱਸ.ਐੱਸ. ਛੀਨੇ ਦੀ ਚੜ੍ਹਤ ਹੋ ਗਈ ਸੀ।

ਇੱਕ ਦਿਨ ਹਰਬਚਨ ਅਤੇ ਛੀਨਾ ਹਾਈ ਕੋਰਟ ਦੇ ਲਾਅਨ ਵਿੱਚ ਬੈਠੇ ਸਨ। ਪ੍ਰੀਤ ਕਿਸੇ ਕੋਰਟ ਵਿੱਚ ਕੇਸ ਕਰਨ ਗਿਆ ਹੋਇਆ ਸੀ। ਛੀਨਾ ਹਰਬਚਨ ਦੇ ਪੱਟ ਉੱਤੇ ਹੱਥ ਰੱਖਕੇ ਕਹਿੰਦਾ, “ਹਰਬਚਨ ਜੀ, ਮੈਂ ਅੱਜ ਕੱਲ੍ਹ ਤੁਹਾਨੂੰ ਫੀਸ ਨਹੀਂ ਦੇ ਸਕਦਾ। ਮੈਂ ਪੈਸੇ ਵੱਲੋਂ ਔਖਾ ਹਾਂ …

“ਛੀਨਾ ਸਾਹਿਬ, ਤੁਸੀਂ ਵੀਰ ਗੁਰਦੇਵ ਸਿੰਘ ਦੇਵ ਦੇ ਦੋਸਤ ਹੋ ਕਿ ਨਹੀਂ?”

“ਹਾਂ, ਦੋਸਤ ਹਾਂ।”

“ਜੇ ਤੁਸੀਂ ਉਹਨਾਂ ਦੇ ਦੋਸਤ ਹੋ ਤਾਂ ਮੈਂਨੂੰ ਕਦੇ ਫੀਸ ਬਾਰੇ ਗੱਲ ਨਹੀਂ ਕਰਨੀ। ਜੇ ਕਰੋਗੇ ਤਾਂ ਅਸੀਂ ਤੁਹਾਡਾ ਕੋਈ ਕੇਸ ਨਹੀਂ ਕਰਨਾ ਅੱਗੋਂ …।”

ਹੁਣ ਐੱਸ.ਐੱਸ. ਛੀਨਾ ਬੜੇ ਪਿਆਰ ਤੇ ਮੋਹ ਨਾਲ ਹਰਬਚਨ ਦਾ ਪੱਟ ਥਪ-ਥਪਾ ਰਿਹਾ ਸੀ। ਹਰਬਚਨ ਦੀ ਸੁਹਿਰਦਤਾ ਦੇਖ ਕੇ।

ਸਭ ਤੋਂ ਵੱਧ ਜਿਸ ਗੱਲ ਨੇ ਐੱਸ.ਐੱਸ. ਛੀਨੇ ਦਾ ਲੱਕ ਤੋੜਿਆ, ਉਹ ਭੈਜਲ ਸੀ ਜਿਹੜਾ ਉਹਦੇ ਸਭ ਤੋਂ ਪਿਆਰੇ ਅਤੇ ਛੋਟੇ ਲੜਕੇ ਨੇ ਉਸ ਉੱਤੇ ਡੇਗਿਆ। ਸਰਦੀ ਦੀ ਇੱਕ ਰਾਤ ਨੂੰ ਪੰਦਰਾਂ ਵੀਹ ਬੰਦੇ ਦੰਨਦਨਾਉਂਦੇ ਆਏ ਅਤੇ ਕੋਠੀ ਦੇ ਤਖ਼ਤੇ ਭੰਨਣ ਲੱਗ ਪਏ। ਪਤੀ ਪਤਨੀ ਬੌਂਦਲੇ ਬੌਂਦਲੇ ਬਾਹਰ ਗਏ। ਉਹਨਾਂ ਬੰਦਿਆਂ ਨੇ ਬੌਂਦਿਲਆਂ ਨੂੰ ਹੀ ਫੜ ਕੇ ਬਾਹਿਰ ਸੜਕ ਉੱਤੇ ਸੁੱਟ ਦਿੱਤਾ ਅਤੇ ਲੱਗ ਗਏ ਟਰੱਕਾਂ ਵਿੱਚ ਸਮਾਨ ਲੱਦਣ।

ਇਹ ਕੋਠੀ ਐੱਸ.ਐੱਸ. ਛੀਨੇ ਦੀ ਪਤਨੀ ਅਤੇ ਇਸਦੇ ਸਭ ਤੋਂ ਛੋਟੇ ਪੁੱਤਰ ਨੀਤੀ ਦੇ ਨਾਂਅ ਸੀ। ਨੀਤੀ ਨੇ ਪਤਾ ਨੀ ਕਦ ਕੀਹਦੇ ਨਾਲ ਗੱਲ ਕਰਕੇ ਕੋਠੀ ਵੇਚ ਦਿੱਤੀ। ਆਪਣੀ ਮੰਮੀ ਤੋਂ ਵੀ ਕਾਗਜ਼ ਪੱਤਰਾਂ ਉੱਤੇ ਉਹੀ ਦਸਖ਼ਤ ਕਰਵਾਉਂਦਾ ਸੀ। ਕੋਠੀ ਖਰੀਦਣ ਵਾਲੇ ਨਾਲ ਐਗਰੀਮੈਂਟ ਕਰਨ, ਪੈਸਿਆਂ ਦਾ ਲੈਣ-ਦੇਣ ਕਰਨ ਬਾਰੇ ਨੀਤੀ ਨੇ ਕੰਨੋ-ਕੰਨ ਖ਼ਬਰ ਨਹੀਂ ਸੀ ਹੋਣ ਦਿੱਤੀ। ਛੀਨੇ ਨੂੰ ਵੀ ਉਸੇ ਵੇਲੇ ਪਤਾ ਚੱਲਿਆ ਜਦੋਂ ਉਸ ਨੂੰ ਕੋਠੀ ਖ਼ਾਲੀ ਕਰਨ ਦਾ ਨੋਟਿਸ ਆਇਆ। ਉਹ ਹੈਰਾਨ ਪ੍ਰੇਸ਼ਾਨ ਸੀ।

ਹੈਂ! ਕੋਠੀ ਵਿਕ ਗਈ ਹੈ! ਉਹ ਡੌਰ-ਭੌਰ ਸੀ। ਉਸੇ ਵੇਲੇ ਪਤਾ ਚੱਲਿਆ ਜਦੋਂ ਅੱਧੀ ਰਾਤ ਨੂੰ ਉਹਨਾਂ ਨੂੰ ਧੂਹ ਕੇ ਬਾਹਰ ਸੜਕ ਉੱਤੇ ਸੁੱਟਿਆ ਗਿਆ।

ਐੱਸ.ਐੱਸ. ਛੀਨੇ ਨੇ ਪੁਲਿਸ ਨੂੰ ਫ਼ੋਨ ਕੀਤਾ। ਪਰ ਕੋਈ ਪੁਲੀਸ ਵਾਲਾ ਨਾ ਪਹੁੰਚਿਆ। ਕਈ ਸਿਆਸੀ ਆਗੂਆਂ ਨੂੰ ਫ਼ੋਨ ਕੀਤੇ, ਉਹ ਨਾ ਬਹੁੜੇ। ਅੰਤ ਗੁਆਂਢੀਆਂ ਨੇ ਰਾਤ ਨੂੰ ਆਪਣੇ ਕੋਲ ਰੱਖਿਆ। ਦੋਵੇਂ ਪਤੀ ਪਤਨੀ ਦਸੰਬਰ ਦੀ ਸਰਦੀ ਵਿੱਚ ਤਿੰਨਾਂ ਕੱਪੜਿਆਂ ਵਿੱਚ ਠੁਰ ਠੁਰ ਕਰ ਰਹੇ ਸਨ।

ਦੂਜੇ ਦਿਨ ਵੀ ਐੱਸ.ਐੱਸ. ਛੀਨੇ ਨੇ ਬਥੇਰੇ ਹੱਥ ਪੈਰ ਮਾਰੇ। ਨਾ ਪੁਲੀਸ ਨੇ ਐਫ਼ ਆਈ. ਆਰ. ਦਰਜ ਕੀਤੀ, ਨਾ ਕੋਈ ਹੋਰ ਅਧਿਕਾਰੀ ਗੱਲ ਸੁਣੇ। ਲਗਦਾ ਸੀ ਜਿਵੇਂ ਸਾਰਿਆਂ ਨੂੰ ਚੜ੍ਹਾਵਾ ਚੜ੍ਹਾਇਆ ਗਿਆ ਹੁੰਦਾ ਹੈ। ਛੀਨੇ ਉੱਤੇ ਦਬਾਓ ਪਾ ਕੇ ਸਮਝੌਤਾ ਕਰਵਾਇਆ ਗਿਆ। ਕੋਠੀ ਦੀ ਬਹੁਤ ਹੀ ਘੱਟ ਕੀਮਤ ਪਾ ਕੇ ਉਹਨੂੰ ਕੁਲ ਤੀਹ ਚਾਲੀ ਲੱਖ ਕਿਸ਼ਤਾਂ ਵਿੱਚ ਦਿੱਤਾ ਗਿਆ। ਹੁਣ ਛੀਨਾ ਇੱਧਰ-ਉੱਧਰ ਕਿਰਾਏ ਉੱਤੇ ਰਹਿੰਦਾ ਰਿਹਾ।

ਅਖ਼ੀਰ ਐੱਸ.ਐੱਸ. ਛੀਨਾ ਇੱਕ ਅਨੈਕਸੀ ਵਿੱਚ ਰਹਿਣ ਲੱਗ ਪਿਆ। ਇਹ ਕਨਾਲ ਦੀ ਕੋਠੀ ਉਹਦੇ ਇੱਕ ਦੋਸਤ ਦੀ ਸੀ। ਉਹਨੇ ਇੱਕ ਦਿਨ ਕਿਹਾ, “ਛੀਨਾ ਸਾਹਿਬ, ਕਿਉਂ ਤੁਸੀਂ ਵਾਧੂ ਕਿਰਾਇਆ ਭਰਦੇ ਹੋ, ਮੇਰੀ ਕੋਠੀ ਦੇ ਉੱਪਰ ਅਨੈਕਸੀ ਵਿਹਲੀ ਪਈ ਹੈ, ਰਹੀ ਜਾਓ। ਗੁਸਲਖਾਨਾ, ਟਾਇਲਟ ਆਦਿ ਸਭ ਕੁਝ ਹੈ …।”

ਐੱਸ.ਐੱਸ. ਛੀਨੇ ਦੇ ਇੱਕ ਲੜਕੇ ਨੇ ਉਹਨੂੰ ਆਪਣਾ ਇੱਕ ਨੌਕਰ ਦੇ ਦਿੱਤਾ ਜਿਹੜਾ ਉਹਦੀ ਫੈਕਟਰੀ ਵਿੱਚ ਕੰਮ ਕਰਦਾ ਸੀ। ਉਹ ਵੀ ਆਪਣੇ ਪਰਿਵਾਰ ਸਮੇਤ ਅਨੈਕਸੀ ਦੇ ਨਾਲ ਅੱਧ ਬਣੇ ਕਮਰੇ ਅਤੇ ਵਰਾਂਡੇ ਵਿੱਚ ਰਹਿ ਰਿਹਾ ਸੀ। ਜਦੋਂ ਐੱਸ.ਐੱਸ.ਛੀਨਾ ਉਹਨੂੰ ਹਾਕ ਮਰਦਾ ਉਹ ਅੱਗੋਂ ਬੜੇ ਆਦਰ ਨਾਲ ਕਹਿੰਦਾ, “ਆਇਆ ਵੱਡੇ ਪਾਪਾ ਜੀ …।”

ਹੁਣ ਇਹੋ ਨੇਪਾਲੀ ਲੜਕਾ ਐੱਸ.ਐੱਸ. ਛੀਨੇ ਨੂੰ ਆਪਣੇ ਸਕੂਟਰ ਦੇ ਪਿੱਛੇ ਬਿਠਾ ਕੇ ਕੰਮਾਂ ਕਾਰਾਂ ਖਾਤਰ ਲੈ ਕੇ ਜਾਂਦਾ।

ਐੱਸ.ਐੱਸ. ਛੀਨਾ ਨੱਬਿਆਂ ਤੋਂ ਉੱਪਰ ਹੋ ਚੱਲਿਆ ਸੀ। ਪਰ ਜਾਪਦਾ ਸੀ ਕਿ ਮੁਸੀਬਤਾਂ ਉਹਦੇ ਖਹਿੜੇ ਹੀ ਪਈਆਂ ਹੋਈਆਂ ਹਨ। ਉਹਨੂੰ ਬੈਂਕ ਤੋਂ ਇੱਕ ਨੋਟਿਸ ਆਇਆ ਕਿ ਉਹਨੂੰ ਫਰੀਡਮ ਫਾਈਟਰ ਵਾਲੀ ਸਿਰਫ਼ ਇੱਕੋ ਪੈਨਸ਼ਨ ਮਿਲੇਗੀ। ਕੇਂਦਰ ਵਾਲੀ ਜਾਂ ਸਟੇਟ ਵਾਲੀ ਵਿੱਚੋਂ ਸਿਰਫ਼ ਇੱਕ। ਨਾਲ ਉਹਨਾਂ ਡੀ.ਏ. ਵੀ ਕੱਟ ਦਿੱਤਾ ਸੀ। ਅਖੇ ਫਰੀਡਮ ਫਾਈਟਰ ਵਾਲੀ ਪੈਨਸ਼ਨ ਉੱਤੇ ਡੀ.ਏ. ਨਹੀਂ ਮਿਲਦਾ ਹੁੰਦਾ। ਛੀਨੇ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਹਨੇ ਉਸੇ ਵੇਲੇ ਹਰਬਚਨ ਅਤੇ ਪ੍ਰੀਤ ਨੂੰ ਫ਼ੋਨ ਕੀਤਾ। ਉਹਨਾਂ ਨੇ ਛੀਨੇ ਨੂੰ ਪੈਨਸ਼ਨ ਨਾਲ ਸਬੰਧਤ ਸਾਰੇ ਕਾਗਜ਼ ਪੱਤਰ ਚੁੱਕ ਲਿਆਉਣ ਲਈ ਕਿਹਾ।

ਪ੍ਰੀਤ ਨੇ ਕਾਗਜ਼ਾਂ ਦੀ ਘੋਖ ਕੀਤੀ। ਫਰੀਡਮ ਫਾਈਟਰਜ਼ ਦੇ ਸਟੇਟ ਅਤੇ ਸੈਂਟਰ ਦੇ ਪੈਨਸ਼ਨ ਰੂਲਜ਼ ਲੱਭੇ। ਸਭ ਕੁਝ ਦੇਖ ਕੇ ਪ੍ਰੀਤ ਨੇ ਕਿਹਾ, “ਛੀਨਾ ਅੰਕਲ, ਬਿਲਕੁਲ ਫਿਕਰ ਨਾ ਕਰਨਾ। ਬਿਲਕੁਲ ਬੈਂਕ ਨਹੀਂ ਜਾਣਾ। ਜੇ ਜਾ ਕੇ ਮਿੰਨਤਾ ਕਰੋਗੇ, ਉਹ ਚਾਂਭਲਣਗੇ …। ਮੈਂ ਦਿੰਨਾ ਇਹਨਾਂ ਨੂੰ ਲੀਗਲ ਨੋਟਿਸ ਪੰਦਰਾਂ ਦਿਨਾਂ ਦਾ। ਪੰਦਰਾਂ ਦਿਨਾਂ ਮਗਰੋਂ ਆਪਾਂ ਰਿਟ ਪਾ ਦਿਆਂਗੇ, ਫ਼ਿਕਰ ਨਾ ਕਰਨਾ, ਭੱਜੇ ਫਿਰਨਗੇ …।”

ਅੱਜ ਹਰਬਚਨ ਹੋਰਾਂ ਨੇ ਐੱਸ.ਐੱਸ. ਛੀਨੇ ਲਈ ਚਿਕਨ ਬਣਾਇਆ। ਸਕਾਚ ਦਾ ਪੈੱਗ ਬਣਾ ਕੇ ਦਿੱਤਾ। ਪਰ ਹੁਣ ਛੀਨੇ ਦੇ ਹੱਥ ਕੰਬ ਰਹੇ ਸਨ। ਉੱਠਣਾ ਬੈਠਣਾ ਮੁਸ਼ਕਲ ਸੀ। ਕੰਬਦੇ ਕੰਬਦੇ ਹੱਥਾਂ ਨਾਲ ਹੀ ਉਹ ਘੁੱਟ ਭਰ ਲੈਂਦਾ। ਦੋਵਾਂ ਹੱਥਾਂ ਨਾਲ ਗਿਲਾਸ ਚੁੱਕਦਾ। ਖਾਣਾ ਖਾਣ ਮਗਰੋਂ ਹਰਬਚਨ ਨੇ ਆਪਣੇ ਲੜਕਿਆਂ ਨੂੰ ਕਿਹਾ, “ਐਂ ਕਰੋ, ਗੱਡੀ ਕੱਢੋ, ਛੀਨੇ ਅੰਕਲ ਨੂੰ ਛੱਡ ਕੇ ਆਓ, ਸਕੂਟਰ ਪਿੱਛੇ ਤੰਗ ਹੋਣਗੇ। ਅਰਜਨ ਸਕੂਟਰ ਉੱਤੇ ਆ ਜਾਵੇਗਾ …।”

ਬਿਕਰਮ ਤੇ ਪ੍ਰੀਤ ਨੇ ਗੱਡੀ ਕੱਢੀ। ਛੀਨੇ ਅੰਕਲ ਨੂੰ ਬੜੇ ਪਿਆਰ ਨਾਲ ਪਿੱਛੇ ਬਿਠਾਇਆ। ਖੂੰਢੀ ਉਹਨਾਂ ਦੀ ਸੰਭਾਲ ਕੇ ਉਹਨਾਂ ਦੇ ਪੈਰਾਂ ਨੇੜੇ ਰੱਖ ਦਿੱਤੀ। ਕੋਠੀ ਜਾ ਕੇ ਆਪ ਐੱਸ.ਐੱਸ. ਛੀਨੇ ਨੂੰ ਸੰਭਾਲ ਸੰਭਾਲ ਕੇ ਪੋੜੀਆਂ ਚੜ੍ਹਾ ਕੇ ਉਹਨਾਂ ਦੇ ਬੈੱਡ ਉੱਤੇ ਬਿਠਾ ਕੇ ਆਏ। ਐਨੇ ਵਿੱਚ ਅਰਜਨ ਵੀ ਸਕੂਟਰ ਉੱਤੇ ਪਹੁੰਚ ਗਿਆ ਸੀ।

ਹੁਣ ਇਸ ਉਮਰ ਵਿੱਚ ਸਾਰਾ ਦਿਨ ਐੱਸ.ਐੱਸ. ਛੀਨਾ ਆਪਣੇ ਬੈੱਡ ਉੱਤੇ ਪਿਆ ਅਤੀਤ ਵਿੱਚ ਚਲਿਆ ਜਾਂਦਾ। ਅਤੀਤ ਵਿੱਚ ਖਿਆਲਾਂ-ਖਿਆਲਾਂ ਵਿੱਚ ਕਿਤੇ ਤੋਂ ਕਿਤੇ ਪਹੁੰਚ ਜਾਂਦਾ। ਉਹ ਸੋਚਦਾ, ਕੋਈ ਸਮਾਂ ਸੀ ਜਦੋਂ ਅਸਾਮ ਵਿੱਚ ਕੋਹੀਮਾ ਕੋਰਟ ਨੇ ਤਿਰੰਗਾ ਝੰਡਾ ਝੁਲਾਉਣ, ਬਗਾਵਤ ਕਰਨ ਦੇ ਕੇਸ ਵਿੱਚ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਕਿਵੇਂ ਉਹ ਹਰਕਿਆਈ ਦੇ ਕੇ ਜੇਲ੍ਹੋਂ ਫਰਾਰ ਹੋਇਆ ਸੀ। ਕਿਵੇਂ ਲਾਲ ਕਿਲੇ ਵਿੱਚ ਉਹਦੇ ਉੱਤੇ ਤਸ਼ੱਦਦ ਕੀਤਾ ਗਿਆ ਸੀ। ਜ਼ਾਲਿਮ ਪੁਲੀਸ ਅਫਸਰ ਕਿਵੇਂ ਉਹਦੇ ਹੱਥਾਂ ਨੂੰ ਆਪਣੇ ਪਲੰਘ ਦੇ ਪਾਵਿਆਂ ਹੇਠ ਦੇ ਕੇ ਆਪ ਉੱਪਰ ਬੈਠਾ ਹੁੱਕਾ ਪੀਈ ਜਾਂਦਾ ਸੀ ਅਤੇ ਉਹਦੀਆਂ ਚੀਕਾਂ ਸੁਣ ਸੁਣ ਖ਼ੁ਼ਸ਼ ਹੁੰਦਾ ਸੀ। ਆਪਣੀ ਜ਼ਿੰਦਗੀ ਦੇ ਉਤਰਾਵਾਂ-ਚੜ੍ਹਾਵਾਂ ਨੂੰ ਯਾਦ ਕਰ ਕਰ ਉਹਦਾ ਮਨ ਲੱਗਿਆ ਰਹਿੰਦਾ। ਅਤੀਤ ਦੀ ਜ਼ਿੰਦਗੀ ਜਿਵੇਂ ਉਹਨੂੰ ਅੱਜ ਬੜੀ ਹੀ ਰੁਮਾਂਚਿਕ ਲਗਦੀ। ਕਈ ਵਾਰ ਜਿੱਥੇ ਐੱਸ.ਐੱਸ. ਛੀਨਾ ਉਦਾਸ ਹੋ ਜਾਂਦਾ, ਉੱਥੇ ਕਈ ਵਾਰ ਇਕੱਲਾ ਬੈਠਾ ਬੜਾ ਹੀ ਖ਼ੁਸ਼ ਹੋ ਜਾਂਦਾ। ਦਿਨ ਵਿੱਚ ਉਹਦੀਆਂ ਭਾਵਨਾਵਾਂ ਵਿੱਚ ਕਈ ਉਤਰਾਅ-ਚੜ੍ਹਾ ਆਉਂਦੇ।

ਅੱਜ ਵੀ ਐੱਸ.ਐੱਸ. ਛੀਨਾ ਬੜਾ ਖੁ਼ਸ਼ ਸੀ। ਉਸ ਨੇ ਅਰਜਨ ਨੂੰ ਹਾਕ ਮਾਰੀ, “ਅਰਜਨ ਬੇਟੇ ਆਈਂ ਜ਼ਰਾ …।”

“ਆਇਆ ਵੱਡੇ ਭਾਪਾ ਜੀ, ਹੁਣੇ ਆਇਆ।” ਉਸ ਦਾ ਸਦਾ ਇਹੋ ਜਵਾਬ ਦੇਣ ਦਾ ਲਹਿਜ਼ਾ ਹੁੰਦਾ ਸੀ।

“ਬੇਟੇ ਅਰਜਨ, ਦੇਖ ਆਪਣਾ ਬੈਂਕ ਦਾ ਕਿੰਨਾ ਵਧੀਆ ਕੰਮ ਹੋ ਗਿਆ ਹੈ … ਦੇਖਿਐ ਪ੍ਰੀਤ ਦੇ ਨੋਟਿਸ ਨੇ ਬੈਂਕ ਵਾਲਿਆਂ ਦੀਆਂ ਛਾਲ਼ਾਂ ਚੁਕਾ ਦਿੱਤੀਆਂ। ਨਾਲੇ ਤਾਂ ਦੋਵੇਂ ਪੈਨਸ਼ਨਾਂ ਲਾਈਆਂ, ਨਾਲੇ ਕੱਟਿਆ ਹੋਇਆ ਡੀ.ਏ. ਨਾਲ ਲਾਇਆ। ਨਾਲ ਸਾਲਿਆਂ ਨੇ ਪਿਛਲਾ ਕੱਟਿਆ ਨੌਂ ਲੱਖ ਜਮ੍ਹਾਂ ਕੀਤਾ … ਆਪਾਂ ਨੂੰ ਦਿੰਦੇ ਸੀ ਕਦੇ ਆਈ-ਗਈ … ਮੈਂ ਵੀ ਸੋਚਦਾ ਸੀ ਕਿ ਮੈਂਨੂੰ ਪੈਨਸ਼ਨ ਘੱਟ ਕਿਉਂ ਮਿਲਦੀ ਹੈ?” ਐੱਸ.ਐੱਸ. ਛੀਨਾ ਅੱਜ ਬੜਾ ਹੀ ਖ਼ੁਸ਼ ਸੀ।

“ਅਰਜਨ ਬੇਟੇ … ਆਪਾਂ ਕੱਲ੍ਹ ਨੂੰ ਪ੍ਰੀਤ ਹੋਰਾਂ ਨੂੰ ਡਿਨਰ ਉੱਤੇ ਬੁਲਾਵਾਂਗੇ। ਦੋ ਕਿਲੋ ਲੈੱਗ-ਚੈੱਸਟ, ਇੱਕ ਬੋਟਲ ਵਿਸਕੀ, ਸੋਡਾ ਆਦਿ ਲੈ ਆਵੀਂ। ਮੱਛੀ ਅਤੇ ਮਟਨ ਦੇ ਸਨੈਕਸ ਘਰ ਤਿਆਰ ਕਰੀਂ ਆਪੇ ਵਧੀਆ।” ਐੱਸ.ਐੱਸ. ਛੀਨੇ ਨੇ ਸਾਰੀ ਗੱਲ ਸਮਝਾਈ।

ਐੱਸ.ਐੱਸ. ਛੀਨੇ ਨੇ ਹਰਬਚਨ ਨੂੰ ਫੋ਼ਨ ਕੀਤਾ, “ਹਰਬਚਨ ਜੀ, ਕੱਲ੍ਹ ਨੂੰ ਤੁਸੀਂ ਮੇਰੇ ਕੋਲ ਡਿਨਰ ਕਰਨਾ ਹੈ … ਸੱਤ ਕੁ ਵੱਜੇ ਪਹੁੰਚ ਜਾਣਾ। ਪ੍ਰੀਤ ਬਿਕਰਮ ਸਾਰੇ ਆਇਓ … ਸਮਝੇ …।”

“ਛੀਨਾ ਜੀ, ਕਿਉਂ ਤਕਲੀਫ਼ ਕਰਦੇ ਓ … ਅਸੀਂ ਤੁਹਾਨੂੰ ਇੱਕ ਦਿਨ ਆਪਣੇ ਕੋਲ ਹੀ ਲੈ ਆਵਾਂਗੇ, ਜੇ ਬੈਠਣਾ ਹੀ ਹੈ ਗੱਲਾਂ-ਬਾਤਾਂ ਕਰਨ।”

“ਬਿਲਕੁਲ ਨਹੀਂ, ਇਹ ਹਰਬਚਨ ਜੀ ਮੇਰਾ ਛੋਟੇ ਭਰਾ ਨੂੰ ਹੁਕਮ ਹੈ, ਜਿਵੇਂ ਤੁਹਾਨੂੰ ਦੇਵ ਜੀ ਹੁਕਮ ਕਰਦੇ ਸਨ, ਉਵੇਂ ਹੀ ਮੈਂ ਕਰਦਾ ਹਾਂ …। ਦੇਵ ਜੀ ਤਾਂ ਹੁਣ ਹਨ ਨਹੀਂ ਇਸ ਸੰਸਾਰ ਵਿੱਚ ਨਹੀਂ ਉਹਨਾਂ ਨੇ ਹੋਣਾ ਸੀ ਨਾਲ।” ਐੱਸ.ਐੱਸ. ਛੀਨੇ ਨੇ ਬੜੇ ਹੀ ਮੋਹ ਭਿੱਜੇ ਸ਼ਬਦਾਂ ਨਾਲ ਕਿਹਾ।

ਦੂਜੇ ਦਿਨ ਸ਼ਾਮ ਨੂੰ ਤਿੰਨੋ ਜਣੇ ਐੱਸ.ਐੱਸ. ਛੀਨੇ ਦੀ ਕੋਠੀ ਪਹੁੰਚ ਗਏ। ਲਗਦਾ ਸੀ ਜਿਵੇਂ ਬੜੀ ਪੁਰਾਣੀ ਬਣੀ ਹੋਈ ਕੋਠੀ ਹੋਵੇ। ਪੁਰਾਣਾ ਡੀਜ਼ਾਇਨ। ਖ਼ਸਤਾ ਹਾਲਤ। ਵੀਰਾਨ ਜਿਹੀ। ਲਗਦਾ ਸੀ ਜਿਵੇਂ ਇਸ ਵਿੱਚ ਕੋਈ ਰਹਿੰਦਾ ਨਾ ਹੋਵੇ। ਚਾਨਣਾ ਵੀ ਇੱਕ ਅੱਧ ਕਮਰੇ ਵਿੱਚ ਥੋੜ੍ਹਾ ਥੋੜ੍ਹਾ ਦਿਸਦਾ ਸੀ। ਪੌੜੀਆਂ ਵਿੱਚ ਹਨ੍ਹੇਰਾ ਸੀ। ਉਹ ਸੰਭਲ ਸੰਭਲ ਪੌੜੀਆਂ ਚੜ੍ਹ ਰਹੇ ਸਨ। ਪੌੜੀਆਂ ਵਿੱਚ ਖੜਕਾ ਸੁਣ ਕੇ ਅਰਜਨ ਮੂਹਰੇ ਆ ਗਿਆ ਅਤੇ ਤਿੰਨਾਂ ਨੂੰ ਐੱਸ.ਐੱਸ. ਛੀਨੇ ਕੋਲ ਅਨੈਕਸੀ ਵਿੱਚ ਲੈ ਗਿਆ।

ਅੱਜ ਲੰਮੇ ਸਮੇਂ ਮਗਰੋਂ ਹਰਬਚਨ ਹੋਰਾਂ ਨੂੰ ਐੱਸ.ਐੱਸ. ਛੀਨਾ ਬੜਾ ਖੁ਼ਸ਼ ਅਤੇ ਖਿੜਿਆ ਖਿੜਿਆ ਲੱਗਿਆ। ਬੈੱਡ ਤੋਂ ਮਸਾਂ ਉੱਠਣ ਉੱਠਣ ਕਰ ਰਿਹਾ ਸੀ। ਜਿਵੇਂ ਤਿੰਨਾਂ ਨੂੰ ਇਕੱਠੇ ਗਲਵੱਕੜੀ ਵਿੱਚ ਲੈ ਲੈਣਾ ਚਾਹੁੰਦਾ ਹੋਵੇ। ਪਰ ਉਹ ਤਿੰਨੋਂ ਐੱਸ.ਐੱਸ. ਛੀਨੇ ਵੱਲ ਆਪ ਲਪਕੇ ਅਤੇ ਗਲਵਕੜੀ ਪਾਉਣ ਵਾਂਗ ਉਸ ਵੱਲ ਬੱਧੇ। ਕੁਰਸੀ, ਸਟੂਲ ਜਿੱਥੇ ਵੀ ਥਾਂ ਮਿਲਿਆ, ਬੈਠ ਗਏ। ਅੱਜ ਭਾਵੇਂ ਐੱਸ.ਐੱਸ. ਛੀਨੇ ਦੀ ਵੱਡੀ ਕੋਠੀ ਦਾ ਲਾਅਨ ਨਹੀਂ ਸੀ ਪਰ ਜਿਹੜਾ ਇਸ ਅਨੈਕਸੀ ਵਿੱਚ ਆ ਕੇ ਤਿੰਨਾਂ ਪਿਓ-ਪੁੱਤਰਾਂ ਨੂੰ ਆਨੰਦ ਮਿਲ ਰਿਹਾ ਸੀ, ਉਹਦਾ ਕੋਈ ਜਵਾਬ ਨਹੀਂ ਸੀ।

ਅਰਜਨ ਨੇੜੇ ਖੜ੍ਹਾ ਹੁਕਮ ਉਡੀਕ ਰਿਹਾ ਸੀ। ਉਹਦੀ ਪਤਨੀ ਅਤੇ ਬੱਚਾ ਵੀ ਜਿਵੇਂ ਮਹਿਮਾਨਾਂ ਦੇ ਸਵਾਗਤ ਲਈ ਆਪੇ ਆ ਗਏ ਹੋਣ।

ਐੱਸ.ਐੱਸ. ਛੀਨੇ ਨੇ ਕਿਹਾ, “ਅਰਜਨ ਬੇਟਾ ਔਹ ਬੌਟਲ ਮੇਜ਼ ਉੱਤੇ ਰੱਖਦੇ। ਨਾਲ ਸੋਡਾ, ਬਰਫ਼, ਪਾਣੀ ਵੀ …।”

ਪ੍ਰੀਤ ਆਪਣੇ ਆਪ ਬੋਤਲ ਖੋਲ੍ਹ ਕੇ ਵਿਸਕੀ, ਸੋਡਾ, ਪਾਣੀ ਪਾ ਕੇ ਸਾਰਿਆਂ ਨੂੰ ਫੜਾ ਰਿਹਾ ਸੀ।

ਜਦੋਂ ਸਾਰਿਆਂ ਇੱਕ ਇੱਕ, ਦੋ ਦੋ ਪੈੱਗ ਪੀਤੇ ਤਾਂ ਗੱਲਾਂ-ਬਾਤਾਂ ਖੁੱਲ੍ਹ ਕੇ ਹੋਣ ਲੱਗੀਆਂ। ਐੱਸ.ਐੱਸ. ਛੀਨਾ ਬੜਾ ਖ਼ੁਸ਼ ਸੀ, ਬੜਾ ਹੀ ਖ਼ੁਸ਼।

“ਦੇਖੋ ਹਰਬਚਨ ਜੀ, ਮੈਂ ਜ਼ਿੰਦਗੀ ਤੋਂ ਬੜਾ ਕੁਝ ਸਿੱਖਿਆ …। ਮੈਂਨੂੰ ਜ਼ਿੰਦਗੀ ਤੋਂ ਬੜਾ ਕੁਝ ਮਿਲਿਆ। ਮੈਂ ਬੜਾ ਕੁਝ ਹੰਢਾਇਆ … ਮੈਂ ਬੜਾ ਕੁਝ ਕਮਾਇਆ, ਬੜਾ ਕੁਝ ਗੁਆਇਆ …। ਹਰਬਚਨ ਜੀ, ਤੁਸੀਂ ਮੇਰੀ ਕਮਾਈ ਹੋ … ਆਹ ਪ੍ਰੀਤ … ਆਹ ਬਿਕਰਮ, ਮੇਰੇ ਭਤੀਜੇ ਜਿੱਥੇ ਖੜ੍ਹ ਜਾਣ, ਸਮਝੋ ਕੰਮ ਫ਼ਤਿਹ। ਆਹ ਮੇਰਾ ਪੁੱਤਰ ਅਰਜਨ, ਛਾਂ ਵਾਂਗ ਮੇਰੇ ਨਾਲ ਰਹਿੰਦੈ। ਮੈਂ ਕਿੰਨਾ ਅਮੀਰ ਹਾਂ, ਕਿੰਨਾ ਖ਼ੁਸ਼ਕਿਸਮਤ …। ਮੈਂ ਬਾਦਸ਼ਾਹ ਹਾਂ … ਬਾਦਸ਼ਾਹ।” ਛੀਨੇ ਦੀਆਂ ਚਮਕਦੀਆਂ ਅੱਖਾਂ ਨਮ ਹੋ ਗਈਆਂ।

ਐੱਸ.ਐੱਸ. ਛੀਨਾ ਹੁਣ ਪੂਰੀ ਚੜ੍ਹਦੀ ਕਲਾ ਵਿੱਚ ਸੀਜਾਪਦਾ ਸੀ ਜਿਵੇਂ ਇੱਕ ਬਾਦਸ਼ਾਹ ਤਖ਼ਤੇ-ਤਾਊਸ ਉੱਤੇ ਬੈਠਾ ਆਪਣੇ ਅਹਿਲਕਾਰਾਂ ਨੂੰ ਸੰਬੋਧਨ ਹੋ ਰਿਹਾ ਹੋਵੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3160)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਿਪੁਦਮਨ ਸਿੰਘ ਰੂਪ

ਰਿਪੁਦਮਨ ਸਿੰਘ ਰੂਪ

Mohali, Punjab, India.
Email: (ranjivansingh@gmail.com)

More articles from this author