RipudamanRoop7“ਬਾਕੀ ਕਲਾਕਾਰ ਮੁੰਡੇ ਕੁੜੀਆਂ ਹੁਣ ਹੀਰੇ ਦੁਆਲੇ ਇਕੱਠੇ ...”

(ਅਪਰੈਲ 16, 2016)


ਜਵੰਦਾ ਸਿੰਘ ਦਾ ਥੀਏਟਰ ਗਰੁੱਪ ‘ਲੋਕ ਕਲਾ ਮੰਚ’ ਪੂਰੇ ਪੰਜਾਬ ਵਿੱਚ ਛਾਇਆ ਹੋਇਆ ਸੀ। ਪੰਜਾਬ ਦਾ ਕੋਈ ਕੋਨਾ ਅਜਿਹਾ ਨਹੀਂ ਸੀ ਜਿੱਥੇ ਜਵੰਦਾ ਸਿੰਘ ਦੇ ਇਸ ਥੀਏਟਰ ਗਰੁੱਪ ਨੇ ਨਾਟਕ ਨਾ ਕੀਤੇ ਹੋਣ। ਲੋਕਾਂ ਲਈ ਜਵੰਦਾ ਸਿੰਘ ਭਾਵੇਂ ਕੁਝ ਵੀ ਸੀ, ਪਰ ਰੰਗਮੰਚੀ ਰਵਾਇਤ ਮੁਤਾਬਿਕ ਉਹ ਆਪਣੇ ਕਲਾਕਾਰਾਂ ਲਈ ਭਾਅ ਜੀ ਸੀ। ਸਾਰੇ ਕਲਾਕਾਰ ਉਸ ਨੂੰ ਭਾਅ ਜੀ ਕਹਿੰਦੇ ਸਨ; ਜਿਵੇਂ ਹੋਰ ਥੀਏਟਰ ਗਰੁੱਪਾਂ ਦੇ ਕਲਾਕਾਰ ਆਪਣੇ ਮਰਦ ਨਿਰਦੇਸ਼ਕਾਂ ਨੂੰ ਭਾਅ ਜੀ ਅਤੇ ਮਹਿਲਾ ਨਿਰਦੇਸ਼ਕਾਂ ਨੂੰ ਦੀਦੀ ਕਹਿੰਦੇ ਸਨ।

ਉਹਦੇ ਨਾਲ ਕੰਮ ਕਰਨ ਵਾਲੇ ਕਲਾਕਾਰ ਵੀ ਉਹਦੇ ਵਾਂਗ ਹੀ ਬੜੇ ਸੁਹਿਰਦ ਸਨ ਅਤੇ ਲੋਕ ਪੱਖੀ ਵਿਚਾਰਧਾਰਾ ਦੇ ਧਾਰਨੀ ਹੁੰਦੇ। ਜਿਹੜੇ ਇਸ ਵਿਚਾਰਧਾਰਾ ਪੱਖੋਂ ਕੱਚੇ-ਪਿੱਲੇ ਜਾਂ ਕੱਚਘਰੜ ਹੁੰਦੇ, ਉਨ੍ਹਾਂ ਉੱਤੇ ਵੀ ਲੋਕ ਹਿਤੈਸ਼ੀ ਵਿਚਾਰਧਾਰਾ ਦਾ ਰੰਗ ਚੜ੍ਹਨ ਲੱਗਦਾ। ਕਈ ਤਾਂ ਪਹਿਲਿਆਂ ਨਾਲੋਂ ਵੀ ਵੱਧ ਸੂਝਵਾਨ ਬਣ ਜਾਂਦੇ ਅਤੇ ਆਪਣੇ ਆਸ਼ੇ ਨੂੰ ਸਿਰੇ ਚੜ੍ਹਾਉਣ ਲਈ ਭੁੱਖਾਂ-ਦੁੱਖਾਂ ਨੂੰ ਵੀ ਸਿਰ ਮੱਥੇ ਝੱਲਦੇ। ਜਵੰਦਾ ਸਿੰਘ ਅਕਸਰ ਆਪਣੇ ਕਲਾਕਾਰਾਂ ਨੂੰ ਕਹਿੰਦਾ, “ਇਨਕਲਾਬੀ ਯੋਧਿਆਂ ਦੇ ਕਿਰਦਾਰਾਂ ਨੂੰ ਅਸੀਂ ਕੇਵਲ ਮੰਚ ਉੱਤੇ ਹੀ ਸਾਕਾਰ ਨਹੀਂ ਕਰਨਾ ਸਗੋਂ ਆਪਣੇ ਜੀਵਨ ਵਿੱਚ ਵੀ ਉਨ੍ਹਾਂ ਵਰਗਾ ਬਣਨਾ ਹੈ ਤਾਂ ਹੀ ਅਸੀਂ ਅਸਲ ਕਲਾਕਾਰ ਤੇ ਚੰਗੇ ਮਨੁੱਖ ਬਣ ਸਕਾਂਗੇ।”

ਜਵੰਦਾ ਸਿੰਘ ਦੇ ਥੀਏਟਰ ਗਰੁੱਪ ਵਿੱਚ ਇੱਕ ਸਿਫ਼ਤ ਇਹ ਵੀ ਸੀ ਕਿ ਨਾਟਕ ਕਰਨ ਲਈ ਉਨ੍ਹਾਂ ਨੂੰ ਆਪਣੇ ਨਾਲ ਬਹੁਤਾ ਸਾਮਾਨ ਨਹੀਂ ਸੀ ਚੁੱਕਣਾ ਪੈਂਦਾ। ਪਿੰਡ ਦੇ ਦਰਵਾਜ਼ੇ ਜਾਂ ਕਿਸੇ ਚੌਂਤਰੇ ਉੱਤੇ ਮਾੜਾ-ਮੋਟਾ ਜੁਗਾੜ ਕਰ ਕੇ ਸੈੱਟ ਲਾ ਲੈਂਦੇ। ਨਾਟਕ ਖੇਡਣ ਲਈ ਲਾਈਟਾਂ, ਮੇਕਅੱਪ ਦਾ ਵੀ ਬਹੁਤਾ ਅਡੰਬਰ ਨਹੀਂ ਸੀ ਕਰਦੇ। ਕਈ ਵਾਰ ਤਾਂ ਗੱਡੇ ਉੱਤੇ ਖੜ੍ਹ ਕੇ ਹੀ ਨਾਟਕ ਪੇਸ਼ ਕਰ ਆਉਂਦਾ, ਜਵੰਦਾ ਸਿੰਘ ਦਾ ਲੋਕ ਕਲਾ ਮੰਚ।

ਪੰਜਾਬ ਦੇ ਕਾਲੇ ਦਿਨਾਂ ਦੌਰਾਨ ਉਸ ਨੂੰ ਧਮਕੀਆਂ ਮਿਲਣ ਲੱਗ ਪਈਆਂ ਸਨ। ਕੁਝ ਧਿਰਾਂ ਨੂੰ ਜਵੰਦਾ ਸਿੰਘ ਦੀ ਵਿਗਿਆਨਕ ਸੋਚ, ਕਰਮ ਕਾਂਡਾਂ ਅਤੇ ਪਖੰਡਾਂ ਵਿਰੁੱਧ ਖੇਡੇ ਜਾ ਰਹੇ ਨਾਟਕ ਚੰਗੇ ਨਹੀਂ ਸਨ ਲੱਗਦੇ। ਜਿੱਥੇ ਅਤਿਵਾਦੀਆਂ ਨੇ ਅਗਾਂਹਵਧੂ ਅਤੇ ਧਰਮ ਨਿਰਪੱਖ ਲੋਕ-ਪੱਖੀ ਸੋਚ ਰੱਖਣ ਵਾਲੇ ਲੀਡਰਾਂ ਅਤੇ ਵਰਕਰਾਂ ਨੂੰ ਚੁਣ ਚੁਣ ਕੇ ਕਤਲ ਕੀਤਾ ਸੀ, ਉੱਥੇ ਜਵੰਦਾ ਸਿੰਘ ਨੂੰ ਇੱਕ ਕਲਾਕਾਰ ਹੋਣ ਕਾਰਨ ਜਾਂ ਉਸ ਵੱਲੋਂ ਸਿੱਖ ਗੁਰੂਆਂ ਅਤੇ ਸਿੱਖ ਯੋਧਿਆਂ ਬਾਰੇ ਕੀਤੇ ਨਾਟਕਾਂ ਕਰਕੇ ਸਮਝੋ ਬਖ਼ਸ਼ਿਆ ਜਾ ਰਿਹਾ ਸੀ।

ਇੱਕ ਹੋਰ ਗੱਲੋਂ ਵੀ ਜਵੰਦਾ ਸਿੰਘ ਦਾ ਲੋਕ ਕਲਾ ਮੰਚ ਨਿਵੇਕਲਾ ਸੀ ਕਿ ਨਵੇਂ ਮੁੰਡੇ ਕੁੜੀਆਂ ਉਹਦੇ ਥੀਏਟਰ ਗਰੁੱਪ ਵਿੱਚ ਕੰਮ ਕਰਨਾ ਮਾਣ ਦੀ ਗੱਲ ਸਮਝਦੇ ਸਨ। ਭਾਵੇਂ ਉਨ੍ਹਾਂ ਨੂੰ ਭੁੱਖਾ ਹੀ ਕਿਉਂ ਨਾ ਮਰਨਾ ਪੈਂਦਾ ਹੋਵੇ। ਇਸ ਗਰੁੱਪ ਵਿੱਚ ਇਸਤਰੀ ਕਲਾਕਾਰਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਨਵੇਂ ਮੁੰਡੇ ਕੁੜੀਆਂ ਨੂੰ ਚੰਗੀ ਸਿੱਖਿਆ ਮਿਲਦੀ। ਜਵੰਦਾ ਸਿੰਘ ਕਿਸੇ ਕਲਾਕਾਰ ਨੂੰ ਸ਼ਰਾਬ ਜਾਂ ਹੋਰ ਕੋਈ ਨਸ਼ਾ ਬਿਲਕੁਲ ਨਹੀਂ ਸੀ ਕਰਨ ਦਿੰਦਾ। ਉਹ ਅਨੁਸ਼ਾਸਨ ਦਾ ਬਹੁਤ ਪੱਕਾ ਸੀ। ਇਸੇ ਲਈ ਕੁੜੀਆਂ ਦੇ ਮਾਪੇ ਜਵੰਦਾ ਸਿੰਘ ਨਾਲ ਆਪਣੀਆਂ ਕੁੜੀਆਂ ਦੇ ਕੰਮ ਕਰਨ ਨੂੰ ਤਰਜੀਹ ਦਿੰਦੇ ਸਨ। ਕਿਉਂਕਿ ਸਭ ਨੂੰ ਪਤਾ ਸੀ ਕਿ ਇਸਤਰੀ ਕਲਾਕਾਰਾਂ ਨਾਲ ਦੂਜੇ ਬਹੁਤੇ ਗਰੁੱਪਾਂ ਵਿੱਚ ਕਿਵੇਂ ਸਲੂਕ ਕੀਤਾ ਜਾਂਦਾ ਸੀ। ਨਿਰਦੇਸ਼ਕ ਵਰਗੇ ਜ਼ਿੰਮੇਵਾਰ ਵੀ ਕਿਵੇਂ ਨਵੀਆਂ ਅੱਲ੍ਹੜ ਕੁੜੀਆਂ ਉੱਤੇ ਅੱਖ ਰੱਖਣ ਲੱਗ ਜਾਂਦੇ ਸਨ। ਜਵੰਦਾ ਸਿੰਘ ਵਿੱਚ ਇੱਕ ਸਿਫ਼ਤ ਹੋਰ ਸੀ। ਉਹ ਆਪਣੇ ਕਲਾਕਾਰਾਂ ਨੂੰ ਬਹੁਤ ਮੋਹ ਕਰਦਾ ਸੀ। ਕਈ ਮੁੰਡਿਆਂ ਕੁੜੀਆਂ ਨੂੰ ਤਾਂ ਉਹ ਆਪਣੇ ਪੁੱਤਾਂ-ਧੀਆਂ ਵਾਂਗ ਹੀ ਸਮਝਦਾ ਸੀ। ਉਹ ਜਿਵੇਂ ਝਿੜਕਦਾ, ਉਵੇਂ ਹੀ ਪਿਆਰ ਕਰਦਾ। ਕਲਾਕਾਰ ਵੀ ਉਸ ਨੂੰ ਆਪਣਾ ਮਾਂ-ਬਾਪ ਸਮਝਦੇ। ਉਹਦੇ ਗੁੱਸੇ ਜਾਂ ਝਿੜਕਣ ਦਾ ਭੋਰਾ ਮਲਾਲ ਨਾ ਕਰਦੇ।

ਕਈ ਵਾਰ ਜਦੋਂ ਉਹ ਨਾਟਕ ਦੀ ਸਟੇਜ ਉੱਤੇ ਹੁੰਦਾ ਅਤੇ ਉਹਨੂੰ ਲੱਗਦਾ ਕਿ ਕੋਈ ਗ਼ਲਤ ਗੱਲ ਹੋ ਰਹੀ ਹੈ, ਕਲਾਕਾਰ ਡਾਇਲਾਗ ਭੁੱਲ ਰਹੇ ਹਨ ਜਾਂ ਸਮੇਂ ਸਿਰ ਕਲਾਕਾਰ ਦੀ ਐਂਟਰੀ ਨਹੀਂ ਹੋ ਰਹੀ ਤਾਂ ਉਹ ਸ਼ੇਰ ਵਾਂਗ ਦਹਾੜਦਾ: “ਕੀ ਹੋ ਗਿਆ ...? ਕਿੱਥੇ ਹੈ ਬਲਬੀਰ ...? ਅੱਛਿਆ ...! ਅਜੇ ਕੱਪੜੇ ਨਹੀਂ ਬਦਲੇ ...? ਬਲਬੀਰ ਆ ... ਉਵੇਂ ਹੀ ਜਿਵੇਂ ਤੂੰ ਹੈਂ ... ਆ ਸਟੇਜ ਉੱਤੇ ... ਹੋ ਲੋਕਾਂ ਸਾਹਮਣੇ ... ਦੇ ਨਾਟਕ ਦਾ ਸੁਨੇਹਾ ... ਕਾਸਟਿਉਮ, ਮੇਕਅੱਪ ਵਿੱਚ ਹੀ ਉਲਝੇ ਰਹਿੰਦੇ ਹੋ ...।” ਉਹ ਗੁੱਸੇ ਵਿੱਚ ਜਿਵੇਂ ਗਰਜਣ ਲੱਗ ਜਾਂਦਾ ਹੋਵੇ।

ਹੇਠਾਂ ਬੈਠੇ ਦਰਸ਼ਕ ਹੈਰਾਨ ਹੋ ਜਾਂਦੇ, ਪਰ ਉਨ੍ਹਾਂ ਨੂੰ ਜਵੰਦਾ ਸਿੰਘ ਦੀ ਮਾਨਤਾ ਦਾ ਪਤਾ ਹੁੰਦਾ। ਇਸੇ ਲਈ ਉਹ ਚੁੱਪ-ਚਾਪ ਬੈਠੇ ਦੇਖੀ-ਸੁਣੀ ਜਾਂਦੇ। ਜਿੱਥੇ ਜਵੰਦਾ ਸਿੰਘ ਦਾ ਸੁਭਾਅ ਬਾਹਰੋਂ ਸਖ਼ਤ ਅਤੇ ਖਰ੍ਹਵਾ ਲੱਗਦਾ ਸੀ, ਉੱਥੇ ਉਸ ਦਾ ਮਨ ਬਹੁਤ ਹੀ ਕੋਮਲ ਸੀ। ਨਾਟਕ ਦੀ ਸਮਾਪਤੀ ਮਗਰੋਂ ਆਪਣੇ ਕਲਾਕਾਰਾਂ ਨੂੰ ਦਰਸ਼ਕਾਂ ਦੇ ਰੂ-ਬ-ਰੂ ਕਰਦਿਆਂ ਜਵੰਦਾ ਸਿੰਘ ਕਹਿੰਦਾ: “ਜ਼ੈਲਦਾਰ ਦੇ ਰੋਲ ਵਿੱਚ ਤੁਸੀਂ ਵੇਖਿਆ ਮੇਰੇ ਪੁੱਤਰ ਕਰਨੈਲ ਸਿੰਘ ਨੂੰ, ਜੀਤੋ ਦੀ ਭੂਮਿਕਾ ਵਿੱਚ ਸੀ ਮੇਰੀ ਧੀ ਜਪੁਜੀ ਕੌਰ ਤੇ ਬਦਮਾਸ਼ ਦੇ ਰੋਲ ਵਿੱਚ ਤੁਸੀਂ ਦੇਖਿਆ ਮੇਰੇ ਨਿਖੱਟੂ ਪਰ ਲਾਡਲੇ ਪੁੱਤਰ ਬਲਬੀਰ ਨੂੰ ...।” ਇਉਂ ਕਹਿੰਦਿਆਂ ਜਵੰਦਾ ਸਿੰਘ ਮੰਚ ਉੱਤੇ ਹੀ ਆਪਣੇ ਕਲਾਕਾਰਾਂ ਨੂੰ ਜੱਫੀ ਵਿੱਚ ਲੈ ਲੈਂਦਾ। ਦਰਸ਼ਕ ਹੈਰਾਨ ਅਤੇ ਖ਼ੁਸ਼ ਹੁੰਦੇ।

ਪਿੱਛੇ ਜਿਹੇ ਜਵੰਦਾ ਸਿੰਘ ਦੇ ਲੋਕ ਕਲਾ ਮੰਚ ਵਿੱਚ ਇੱਕ ਲੜਕਾ ਹੀਰਾ ਅਤੇ ਲੜਕੀ ਨੂਰੀ ਕਲਾਕਾਰਾਂ ਵਜੋਂ ਕੰਮ ਕਰਨ ਲੱਗੇ। ਦੋਵੇਂ ਹੀ ਅੱਲ੍ਹੜ ਜਿਹੀ ਉਮਰ ਦੇ ਸਨ। ਹੋਣਗੇ ਕੋਈ ਅਠਾਰਾਂ ਉੱਨੀ ਕੁ ਸਾਲਾਂ ਦੇ। ਦੋਵੇਂ ਅਜੇ ਕੁਆਰੇ ਸਨ। ਦੋਵੇਂ ਹੀ ਬਹੁਤ ਖ਼ੂਬਸੂਰਤ ਸਨ। ਸੁੱਘੜ ਅਤੇ ਸਾਊ ਜਿਹੇ। ਭੋਲੇ ਅਤੇ ਨਿਰਛਲ। ਉਹ ਦੋਵੇਂ ਬੜੀ ਨਿਸ਼ਠਾ ਅਤੇ ਹਲੀਮੀ ਨਾਲ ਆਪਣਾ ਕੰਮ ਕਰਦੇ। ਵਿਚਾਰਧਾਰਾ ਪੱਖੋਂ ਵੀ ਸਿਆਣੇ ਸਨ। ਜ਼ਹੀਨ। ਵਿਹਲੇ ਵੇਲੇ ਸਦਾ ਕੋਈ ਨਾ ਕੋਈ ਕਿਤਾਬ ਜਾਂ ਰਸਾਲਾ ਪੜ੍ਹਦੇ ਰਹਿੰਦੇ। ਉਨ੍ਹਾਂ ਦੇ ਹੱਥਾਂ ਵਿੱਚ ਮਿਆਰੀ ਸਾਹਿਤਕ ਪੁਸਤਕਾਂ ਦੇਖ ਕੇ ਜਵੰਦਾ ਸਿੰਘ ਬਹੁਤ ਖ਼ੁਸ਼ ਹੁੰਦਾ। ਮਨ ਹੀ ਮਨ ਜਵੰਦਾ ਸਿੰਘ ਨੇ ਜਿਵੇਂ ਉਨ੍ਹਾਂ ਨੂੰ ਆਪਣੇ ਪੁੱਤਰ ਅਤੇ ਆਪਣੀ ਧੀ ਚਿਤਵ ਲਿਆ ਹੋਵੇ।

ਥੀਏਟਰ ਦੇ ਬਾਕੀ ਕਲਾਕਾਰਾਂ ਨੂੰ ਮਹਿਸੂਸ ਹੋਣ ਲੱਗਾ ਜਿਵੇਂ ਜਵੰਦਾ ਸਿੰਘ ਹੀਰੇ ਅਤੇ ਨੂਰੀ ਨਾਲ ਇੱਕ ਵੱਖਰੀ ਤਰ੍ਹਾਂ ਪੇਸ਼ ਆਉਂਦਾ ਹੋਵੇ। ਵਿਸ਼ੇਸ਼ ਮੋਹ ਅਤੇ ਅਪਣੱਤ ਨਾਲ।

ਕਈ ਵਾਰ ਜਵੰਦਾ ਸਿੰਘ ਬੜੇ ਹੀ ਮੋਹ ਨਾਲ ਲੜਕੀ ਨੂੰ ਹਾਕ ਮਾਰਦਾ, “ਮੇਰੀ ਧੀ ਨੂਰੇ ... ਕੀ ਕਰਦੀ ਐਂ ਬੇਟਾ ...”

“ਭਾਪਾ ਜੀ ... ਮੈਂ ਕਿਤਾਬ ਪੜ੍ਹਦੀ ਆਂ ... ਦੱਸੋ ...?”

“ਬੇਟਾ ਨੂਰੇ ... ਨਾਟਕ ਦੀ ਤਿਆਰੀ ਕਰੋ ... ਰਿਹਰਸਲ ਤਾਂ ਹੁਣ ਤੁਹਾਡੀ ਮੁੱਕ ਗਈ ... ਜਾ ਹੀਰੇ ਨੂੰ ਕਹਿ ... ਉਹ ਪਿੰਡ ਵਿੱਚੋਂ ਸੈੱਟ ਦਾ ਸਾਮਾਨ ਇਕੱਠਾ ਕਰ ਲਵੇ ... ਬੱਸ ਬੇਟਾ ਇੱਕ ਮੰਜਾ ਚਾਹੀਦਾ ਹੈ ... ਵਾਣ ਦਾ ... ਇੱਕ ਘੜਾ ... ਕੁਝ ਭਾਂਡੇ ... ਗੜਵੀ ਗਿਲਾਸ ... ਆਪਾਂ ਕਿਹੜਾ ਬਹੁਤਾ ਅਡੰਬਰ ਕਰਨੈ ...।”

ਨੂਰੀ, ਹੀਰੇ ਨੂੰ ਸਾਰੀ ਗੱਲ ਦੱਸਦੀ ਅਤੇ ਦੋਵੇਂ ਜਣੇ ਬਾਕੀ ਕਲਾਕਾਰਾਂ ਨੂੰ ਨਾਲ ਲੈ ਕੇ ਜਵੰਦਾ ਸਿੰਘ ਦੇ ਕਹੇ ਮੁਤਾਬਿਕ ਪਿੰਡ ਵਿੱਚੋਂ ਸਾਮਾਨ ਇੱਕਠਾ ਕਰਨ ਲੱਗ ਜਾਂਦੇ।

ਨਵੇਂ ਵਰ੍ਹੇ ਦੀ ਆਮਦ ਮੌਕੇ ਰਾਜਧਾਨੀ ਵਿੱਚ ਸੂਬਾ ਪੱਧਰੀ ਸਮਾਗਮ ਵਿੱਚ ਲੋਕ ਕਲਾ ਮੰਚ ਵੱਲੋਂ ਵੀ ਨਾਟਕ ਕੀਤਾ ਜਾ ਰਿਹਾ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਸ ਦੇ ਨਾਟਕ ਦੇਖਣ ਆਏ। ਸਟੇਜ ਸਾਹਮਣੇ ਬਣੀ ਤਿਰਛੀ ਗੋਲ ਦਰਸ਼ਕ ਗੈਲਰੀ ਵਿੱਚ ਲੋਕ ਬੈਠੇ ਸਨ। ਇਸ ਦਿਨ ਜਵੰਦਾ ਸਿੰਘ ਨੇ ਤਿੰਨ ਨਾਟਕ ਕੀਤੇ। ਜ਼ੋਸੀਲੇ, ਇਨਕਲਾਬੀ। ਉਸ ਦੀ ਗਰਜਵੀਂ ਉੱਚੀ ਆਵਾਜ਼ ਸਮਝੋ ਸਾਰੇ ਸ਼ਹਿਰ ਵਿੱਚ ਹੀ ਗੂੰਜ ਰਹੀ ਸੀ। ਮੰਤਰ-ਮੁਗਧ ਬੈਠੇ ਲੋਕ ਅੱਧੀ ਰਾਤ ਦੇ ਮਗਰੋਂ ਤਕ ਵੀ ਨਾਟਕ ਦੇਖ ਰਹੇ ਸਨ। ਸਮਾਗਮ ਵਿਸ਼ਾਲ ਭਵਨ ਦੇ ਖੁੱਲ੍ਹੇ ਰੰਗਮੰਚ ਉੱਪਰ ਹੋ ਰਿਹਾ ਸੀ। ਅਖਰੀਲੇ ਨਾਟਕ ਦੇ ਅੰਤ ਵਿੱਚ ਨਾਇਕ ਦੀ ਭੂਮਿਕਾ ਨਿਭਾ ਰਿਹਾ ਹੀਰਾ ਪੁਲੀਸ ਦੀਆਂ ਵਧੀਕੀਆਂ ਵਿਰੁੱਧ ਬੋਲ ਰਿਹਾ ਸੀ, “ਇਨ੍ਹਾਂ ਖਾਕੀ ਕੁੱਤਿਆਂ ਨੇ ਪੰਜਾਬ ਦੀ ਨੌਜਵਾਨੀ ਦਾ ਬੇੜਾ ਗਰਕ ਕਰ ਦਿੱਤਾ ਹੈ ... ਆਓ ਠੱਲ੍ਹੀਏ ਇਨ੍ਹਾਂ ਨੂੰ ...” ਜੋਸ਼ੀਲਾ ਡਾਇਲਾਗ ਬੋਲਦਿਆਂ ਹੀਰਾ ਆਪਣੀ ਅਦਾਕਾਰੀ ਦੇ ਸਿਖਰ ਉੱਪਰ ਪਹੁੰਚ ਗਿਆ ਸੀ।

ਦਰਸ਼ਕ ਵੀ ਜੋਸ਼ ਵਿੱਚ ਆ ਕੇ ਪੁਲੀਸ ਵਿਰੁੱਧ ਨਾਅਰੇ ਮਾਰਨ ਲੱਗੇ। ਭਵਨ ਵਿੱਚ ਤਾਇਨਾਤ ਪੁਲੀਸ ਵਾਲਿਆਂ ਵਿੱਚ ਹਿਲਜੁਲ ਹੋਣ ਲੱਗੀ। ਪੁਲੀਸ ਅਫਸਰ ਘੁਸਰ ਮੁਸਰ ਕਰਨ ਲੱਗੇ। ਨਾਟਕ ਖ਼ਤਮ ਹੋਇਆ। ਲੋਕ ਬੜੇ ਉਤਸ਼ਾਹ ਅਤੇ ਜੋਸ਼ ਨਾਲ ਵਿਛੜਣ ਲੱਗੇ। ਜਦੋਂ ਇੱਕਾ ਦੁੱਕਾ ਪ੍ਰਬੰਧਕ ਵੀ ਜਾ ਚੁੱਕੇ ਸਨ ਤਾਂ ਇੰਸਪੈਕਟਰ ਨੇ ਪਛਾਣ ਕੇ ਹੀਰੇ ਦਾ ਮੋਢਾ ਹਲੂਣਿਆ, “ਦੱਸ ਓਏ ... ਵੱਡਿਆ ਕਲਾਕਾਰਾ! ਤੂੰ ਸਾਨੂੰ ਕੁੱਤੇ ਕਿਵੇਂ ਕਹਿੰਦੈਂ ... ਅਸੀਂ ਕੁੱਤੇ ਹਾਂ? ... ਜਾਨ ਤਲੀ ’ਤੇ ਧਰਕੇ ਅੱਤਵਾਦ ਖ਼ਤਮ ਕਰਨ ਲੱਗੇ ਹੋਏ ਆਂ। ਤੁਸੀਂ ਸਾਨੂੰ ਕੁੱਤੇ ਕਹਿੰਦੇ ਓ ...।”

“ਮੈਂ ਤਾਂ ਜੀ ... ਮੈਂ ... ਤਾਂ ਜੀ,” ਹੀਰਾ ਭਮੱਤਰਿਆ ਜਿਹਾ ਆਲਾ-ਦੁਆਲਾ ਦੇਖਣ ਲੱਗਾ।

“ਲੱਗਦਾ ਮੈਂ ਤਾਂ ਜੀ, ਮੈਂ ਤਾਂ ਜੀ ਦਾ। ਦੱਸ ਓਏ ... ਤੂੰ ਕੁੱਤਾ ਕਿਵੇਂ ਕਿਹਾ ਸਾਨੂੰ?” ਇੱਕ ਹੋਰ ਪੁਲੀਸ ਵਾਲੇ ਨੇ ਹੀਰੇ ਦੇ ਢਿੱਡ ਵਿੱਚ ਡਾਂਗ ਦੀ ਹੁੱਝ ਮਾਰਦਿਆਂ ਕਿਹਾ। ਨਾਇਕ ਦਾ ਰੋਲ ਕਰਨ ਅਤੇ ਪੁਲੀਸ ਵਿਰੋਧੀ ਡਾਇਲਾਗ ਬੋਲਣ ਕਰਕੇ ਸਾਰੀ ਗੱਲ ਹੀਰੇ ਦੇ ਸਿਰ ਉੱਤੇ ਆ ਰਹੀ ਸੀ। ਬਾਕੀ ਕਲਾਕਾਰ ਮੁੰਡੇ ਕੁੜੀਆਂ ਹੁਣ ਹੀਰੇ ਦੁਆਲੇ ਇਕੱਠੇ ਹੋ ਰਹੇ ਸਨ। ਨੂਰਾਂ ਡੌਰ-ਭੌਰ ਖੜ੍ਹੀ ਸਭ ਕੁਝ ਦੇਖ ਰਹੀ ਸੀ। ਉਹ ਠਠੰਬਰੀ ਖੜ੍ਹੀ ਸੀ। ਇਹੋ ਜਿਹੀ ਗੱਲ ਤਾਂ ਉਨ੍ਹਾਂ ਨਾਲ ਪਹਿਲੀ ਵਾਰ ਵਾਪਰੀ ਸੀ।

“ਲਿਜਾਓ ਇਹਨੂੰ ਥਾਣੇ ... ਟੰਗੋ ਇਹਨੂੰ ਪੁੱਠਾ ... ਦੱਸੀਏ ਇਹਨੂੰ ਕੁੱਤੇ ਕਹਿਣ ਦਾ ਮਤਲਬ ...,” ਪੁਲੀਸ ਹੀਰੇ ਨੂੰ ਘੜੀਸ ਕੇ ਆਪਣੀਆਂ ਗੱਡੀਆਂ ਵੱਲ ਲਿਜਾਣ ਲੱਗੀ।

ਹੀਰਾ ਪੁਲੀਸ ਅੱਗੇ ਸਫ਼ਾਈ ਦੇਣ ਲੱਗਾ, “ਇਹਦੇ ਵਿੱਚ ਮੇਰਾ ਕੀ ਕਸੂਰ ਹੈ ਜੀ ... ਮੈਂ ਤਾਂ ਜਿਵੇਂ ਸਕ੍ਰਿਪਟ ਵਿੱਚ ਲਿਖਿਆ ... ਓੁਵੇਂ ਬੋਲਿਆ ... ਇਹਦੇ ਬਾਰੇ ਭਾਅ ਜੀ ਤੋਂ ਪੁੱਛੋ ਜੀ।” ਹੀਰੇ ਨੇ ਜਵੰਦਾ ਸਿੰਘ ਵੱਲ ਦੇਖ ਕੇ ਕਿਹਾ।

“ਹਾਂ ਬਾਬਾ, ਤੂੰ ਲਿਖਿਐ ਨਾਟਕ?” ਇੰਸਪੈਕਟਰ ਜਵੰਦਾ ਸਿੰਘ ਵੱਲ ਦੇਖ ਕੇ ਕੜਕਿਆ।

“ਨਹੀਂ ਨਹੀਂ ... ਮੈਂ ਨ੍ਹੀਂ ਲਿਖਿਆ ਇਸ ਤਰ੍ਹਾਂ ... ਇਹ ਗੱਲਾਂ ਹੀਰੇ ਨੇ ... ਆਪ ਹੀ ਕੋਲੋਂ ਬੋਲੀਆਂ ਨੇ ... ਇਹ ਡਾਇਲਾਗ ਮੇਰੇ ਲਿਖੇ ਹੋਏ ਨਹੀਂ ... ਇੰਸਪੈਕਟਰ ਸਾਹਿਬ!” ਜਵੰਦਾ ਸਿੰਘ ਦੀ ਜ਼ੁਬਾਨ ਥਿੜਕਣ ਲੱਗੀ। ਪੁਲੀਸ ਵਾਲੇ ਹੋਰ ਭੜਕ ਗਏ ਤੇ ਹੀਰੇ ਦੀ ਧੂਹ ਘੜੀਸ ਕਰਨ ਲੱਗੇ। ਨੂਰੀ ਹੀਰੇ ਨੂੰ ਬਾਂਹ ਤੋਂ ਫੜ ਕੇ ਆਪਣੇ ਵੱਲ ਖਿੱਚ ਰਹੀ ਸੀ। ਸਾਰੇ ਕਲਾਕਾਰ ਚਟਾਨ ਵਾਂਗ ਹੀਰੇ ਦੇ ਨਾਲ ਖੜ੍ਹੇ ਸਨ ਅਤੇ ਉਸ ਦੇ ਬੇਕਸੂਰ ਹੋਣ ਦੇ ਵਾਸਤੇ ਪਾ ਰਹੇ ਸਨ।

ਅੱਧੀ ਰਾਤ ਅਜਿਹੀ ਕਸ਼ਮਕਸ਼ ਹੁੰਦੀ ਦੇਖ ਕੇ ਡੀਐੱਸਪੀ ਬੋਲਿਆ, “ਚੱਲ ਛੱਡੋ ... ਬਥੇਰੀ ਹੋਗੀ ਇਨ੍ਹਾਂ ਨਾਲ ...। ਸੁਣ ਓਏ ਵੱਡਿਆ ਕਲਾਕਾਰਾ ... ਅਗਾਹਾਂ ਨੂੰ ਨਾ ਬੋਲੀਂ ਅਵਾ-ਤਵਾ ਪੁਲੀਸ ਵਾਲਿਆਂ ਵਿਰੁੱਧ ... ਅੱਜ ਤੈਨੂੰ ਛੱਡ ’ਤਾ ...।”

ਪੁਲੀਸ ਦੀਆਂ ਗੱਡੀਆਂ ਧੂੜਾਂ ਪੁੱਟਦੀਆਂ ਮੁੱਖ ਸੜਕ ਉੱਤੇ ਚੜ੍ਹ ਰਹੀਆਂ ਸਨ। ਜਨਵਰੀ ਦੀ ਕੜਕਦੀ ਸਰਦੀ ਸੀ। ਜਾਣ ਦਾ ਕੋਈ ਵਸੀਲਾ ਨਹੀਂ ਸੀ ਰਾਤ ਨੂੰ। ਮੰਚ ਉੱਤੇ ਹੀ ਸਭ ਨੇ ਸੌਣਾ ਸੀ। ਪ੍ਰਬੰਧਕ ਆਪੋ ਆਪਣੇ ਘਰਾਂ ਨੂੰ ਜਾ ਚੁੱਕੇ ਸਨ।

ਸਾਰੇ ਆਪਣੇ ਕੰਬਲਾਂ ਵਿੱਚ ਵੜ ਰਹੇ ਸਨ। ਚੁੱਪ-ਚਾਪ। ਬਿਨਾਂ ਬੋਲੇ। ਜਿਵੇਂ ਉਨ੍ਹਾਂ ਨੂੰ ਅੱਜ ਜਵੰਦਾ ਸਿੰਘ ਨਾਲ ਰੋਸਾ ਹੋਵੇ।
ਅਜੇ ਸਾਰੇ ਨੀਂਦ ਦੇ ਝੂਟੇ ਲੈ ਹੀ ਰਹੇ ਸਨ ਕਿ ਪੁਲੀਸ ਫਿਰ ਡੰਡਾ ਖੜਕਾਉਂਦੀ ਪਹੁੰਚ ਗਈ। ਦਗੜ ਦਗੜ ਕਰਦੀ ਪੁਲੀਸ ਸਟੇਜ ਉੱਤੇ ਫਿਰ ਰਹੀ ਸੀ।

“ਉੱਠੋ ਉੱਠੋ ... ਕੌਣ ਹੋ ਤੁਸੀਂ? ਸਟੇਜ ਖਾਲੀ ਕਰੋ।”

ਜਵੰਦਾ ਸਿੰਘ ਅਤੇ ਕਲਾਕਾਰ ਮੁੰਡੇ ਕੁੜੀਆਂ ਠਠੰਬਰ ਗਏ। ਇਹ ਕੀ! ਅੱਜ ਉਨ੍ਹਾਂ ਲਈ ਕਿਹੋ ਜਿਹਾ ਦਿਨ ਚੜ੍ਹਿਆ ਹੈ। ਅਜੇ ਗੂੜ੍ਹੀ ਨੀਂਦ ਵਿੱਚੋਂ ਉੱਠ ਕੇ ਅੱਖਾਂ ਮਲ ਹੀ ਰਹੇ ਸਨ ਕਿ ਪੁਲੀਸ ਵਾਲੇ ਫੇਰ ਕੜਕੇ, “ਉੱਠੋ ਛੇਤੀ ... ਸਟੇਜ ਖਾਲੀ ਕਰੋ ... ਇੱਥੇ ਸਵੇਰੇ ਮੁੱਖ ਮੰਤਰੀ ਨੇ ਆਉਣਾ ਹੈ।” ਜਵੰਦਾ ਸਿੰਘ ਨੇ ਪੁਲੀਸ ਨੂੰ ਬੇਨਤੀ ਦੇ ਲਹਿਜੇ ਵਿੱਚ ਕਿਹਾ, “ਦੇਖੋ ਜਨਾਬ, ਅਸੀਂ ਇੱਥੇ ਨਾਟਕ ਕੀਤੇ ਸਨ ਰਾਤ ... ਹੁਣ ਅਸੀਂ ਕਿੱਥੇ ਜਾਈਏ ਸਰਦੀ ਵਿੱਚ ਇਸ ਵੇਲੇ? ਦਿਨ ਚੜ੍ਹੇ ਚਲੇ ਜਾਵਾਂਗੇ ...।”

“ਨਹੀਂ ਨਹੀਂ ਬਾਬਾ ... ਹੁਣੇ ਉੱਠਣਾ ਪਵੇਗਾ। ਸਾਰੇ ਭਵਨ ਵਿੱਚ ਅਸੀਂ ਚਿੜੀ ਵੀ ਨਹੀਂ ਫੜਕਣ ਦੇਣੀ ...।”

“ਮੈਂ ਜਵੰਦਾ ਸਿੰਘ ਹਾਂ ... ਨਾਟਕਕਾਰ ...। ਮੁੱਖ ਮੰਤਰੀ ਸਾਹਿਬ ਮੈਨੂੰ ਜਾਣਦੇ ਨੇ ... ਉਹ ਵੀ ਅਤਿਵਾਦ ਵਿਰੁੱਧ ਲੜਦੇ ਨੇ ... ਅਸੀਂ ਵੀ ਅਤਿਵਾਦੀਆਂ ਵਿਰੁੱਧ ਨਾਟਕ ਕਰਦੇ ਆਂ ...।”

“ਅਸੀਂ ਨ੍ਹੀਂ ਜਾਣਦੇ ਕਿਸੇ ਜਵੰਦਾ ਜੁਵੰਦਾ ਸਿੰਘ ਨੂੰ ... ਤੁਸੀਂ ਚਲੋ ... ਛੇਤੀ ਖ਼ਾਲੀ ਕਰੋ ਸਟੇਜ ... ਉੱਪਰੋਂ ਹੁਕਮ ਹੈ ... ਹੁਣੇ ਖ਼ਾਲੀ ਕਰੋ ਇਹ ਥਾਂ।” ਪੁਲੀਸ ਵਾਲੇ ਕੁਝ ਵੀ ਸੁਣਨ ਲਈ ਤਿਆਰ ਨਹੀਂ ਸਨ। ਅਸਲ ਵਿੱਚ ਪੁਲੀਸ ਵਾਲੇ ਵੀ ਸੱਚੇ ਸਨ। ਇਸ ਮੁੱਖ ਮੰਤਰੀ ਨੇ ਪੁਲੀਸ ਦੇ ਡੀਜੀਪੀ ਨੂੰ ਅਤਿਵਾਦੀਆਂ ਨੂੰ ਖ਼ਤਮ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਸੀ। ਇਹ ਮੁੱਖ ਮੰਤਰੀ ਅਤਿਵਾਦੀਆਂ ਹੱਥੋਂ ਲੋਕਾਂ ਦੇ ਬੇਕਿਰਕ ਕਤਲਾਂ ਤੋਂ ਬਹੁਤ ਦੁਖੀ ਸੀ। ਸਰਹੱਦੀ ਇਲਾਕੇ ਵਿੱਚ ਤਾਂ ਅਤਿਵਾਦੀਆਂ ਹੱਥੋਂ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਦੀਆਂ ਕੁਰਲਾਹਟਾਂ ਉਸ ਦਾ ਦਿਲ ਹਲੂਣ ਰਹੀਆਂ ਸਨ। ਘਰ ਘਰ ਸੱਥਰ ਵਿਛੇ ਹੋਏ ਸਨ। ਸ਼ਾਮ ਢਲਦਿਆਂ ਹੀ ਸਾਰਾ ਪੰਜਾਬ ਘਰਾਂ ਅੰਦਰ ਦੁਬਕ ਜਾਂਦਾ ਸੀ। ਜਿਵੇਂ ਪੂਰਾ ਪੰਜਾਬ ਕਰਫਿਊ ਵਿੱਚ ਜਕੜਿਆ ਹੋਵੇ। ਇਸੇ ਲਈ ਪੁਲੀਸ ਵਾਲੇ ਆਪਣੀ ਥਾਂ ਸੱਚੇ ਸਨ। ਏਧਰ ਜਵੰਦਾ ਸਿੰਘ ਦੇ ਥੀਏਟਰ ਗਰੁੱਪ ਦੇ ਇਹ ਕਲਾਕਾਰ ਵੀ ਸੱਚੇ ਸਨ। ਅਜੇ ਥੋੜ੍ਹੀ ਦੇਰ ਪਹਿਲਾਂ ਪੁਲੀਸ ਵਾਲਿਆਂ ਤੋਂ ਮਸਾਂ ਛੁਟਕਾਰਾ ਹੋਇਆ ਸੀ। ਹੁਣ ਇਹ ਨਵੀਂ ਬਿਪਤਾ ਗਲ਼ ਆ ਪਈ। ਸਾਰੇ ਕਲਾਕਾਰ ਡੌਰ-ਭੌਰ ਸਨ। ਪੁਲੀਸ ਵਾਲਿਆਂ ਦੇ ਤੌਰ ਦੇਖ ਕੇ ਜਵੰਦਾ ਸਿੰਘ ਨੇ ਫਿਰ ਕਿਹਾ, “ਸਾਨੂੰ ਪਏ ਰਹਿਣ ਦਿਓ ... ਦੋ ਤਿੰਨ ਘੰਟਿਆਂ ਨੂੰ ਦਿਨ ਚੜ੍ਹ ਜਾਣਾ ਹੈ। ਅਸੀਂ ਚਲੇ ਹੀ ਜਾਣਾ ਹੈ।”

“ਨਹੀਂ ਨਹੀਂ, ਬਿਲਕੁਲ ਨਹੀਂ ... ਖਾਲੀ ਕਰੋ ਤੁਰੰਤ ਸਟੇਜ ... ਅਸੀਂ ਸਾਰਾ ਭਵਨ ਕਬਜ਼ੇ ਵਿੱਚ ਲੈਣਾ ਹੈ।”

“ਦੇਖੋ ਜਨਾਬ! ਮੇਰੀ ਉਮਰ ਵੱਲ ਤਾਂ ਦੇਖੋ! ਮੇਰੀ ਅਵਸਥਾ ਵੱਲ ਤਾਂ ਝਾਕੋ ... ਇਸ ਉਮਰ ਵਿੱਚ ਤਾਂ ਨਾ ਖੁਆਰ ਕਰੋ ...।”

“ਚੰਗਾ ਤੂੰ ਪਿਆ ਰਹਿ ਬਾਬਾ ... ਬਾਕੀ ਸਭ ਜਾਣ ਇੱਥੋਂ ...” ਡੀਐੱਸਪੀ ਨੇ ਹੁਕਮ ਦਿੱਤਾ।

“ਪਰ ਜੀ ... ਅਸੀਂ ਕਿੱਥੇ ਜਾਵਾਂਗੇ ... ਇੰਨੀ ਸਰਦੀ ਵਿੱਚ ਰਾਤ ਨੂੰ ... ਫਿਰ ਸਾਡੇ ਨਾਲ ਇਹ ਲੜਕੀਆਂ ਵੀ ਨੇ ...।” ਹੁਣ ਸਾਰੇ ਕਲਾਕਾਰਾਂ ਵਿੱਚ ਰੋਹ ਆਪਣੇ ਭਾਅ ਜੀ ਜਵੰਦਾ ਸਿੰਘ ਵਿਰੁੱਧ ਉਤਪੰਨ ਹੋ ਰਿਹਾ ਸੀ। ਉਨ੍ਹਾਂ ਨੂੰ ਪਹਿਲਾਂ ਆਏ ਪੁਲੀਸ ਵਾਲਿਆਂ ਦੀ ਧੱਕੇਸ਼ਾਹੀ ਦਾ ਵੀ ਗੁੱਸਾ ਸੀ।

“ਭਾਅ ਜੀ ਤੁਸੀਂ ਕਰੋ ਕੁਝ ... ਅਸੀਂ ਕਿੱਥੇ ਜਾਵਾਂਗੇ ਹੁਣ?” ਕਲਾਕਾਰ ਹੁਣ ਜਵੰਦਾ ਸਿੰਘ ਨੂੰ ਮੁਖਾਤਬ ਸਨ।

“ਬਈ ਤੁਸੀਂ ਚਲੇ ਜਾਓ ਔਖੇ ਸੌਖੇ ... ਸਵੇਰੇ ਘਰੇ ਆ ਜਾਇਓ, ਕੱਲ੍ਹ ਆਪਾਂ ਖਟਕੜ ਕਲਾਂ ਜਾਣਾ ਭਗਤ ਸਿੰਘ ਬਾਰੇ ਨਾਟਕ ਕਰਨ ...।”

‘‘ਤੁਰੰਤ ਚੱਲੋ ਬਈ ਚੱਲੋ ਇੱਥੋਂ ... ਬਾਬਾ ਪਿਆ ਰਹੇ ਬਸ ...” ਪੁਲੀਸ ਵਾਲੇ ਹੁਣ ਕਲਾਕਾਰਾਂ ਨੂੰ ਸਟੇਜ ਉੱਤੋਂ ਉਤਾਰਨ ਲਈ ਹੇਠਾਂ ਵੱਲ ਧੱਕ ਰਹੇ ਸਨ। ਹੁਣ ਹੀਰੇ ਨੂੰ ਗੁੱਸਾ ਆਇਆ। ਉਸ ਦੇ ਅੰਦਰੋਂ ਪੁਲੀਸ ਵਾਲਿਆਂ ਅਤੇ ਜਵੰਦਾ ਸਿੰਘ ਵਿਰੁੱਧ ਜਿਵੇਂ ਬਗ਼ਾਵਤ ਜਾਗੀ। ਉਹ ਉੱਚੀ ਬੋਲਿਆ, “ਅਸੀਂ ਸਾਰੇ ਭਾਅ ਜੀ ਦੇ ਕਲਾਕਾਰ ਹਾਂ ... ਅਸੀਂ ਉੱਥੇ ਸੌਵਾਂਗੇ, ਜਿੱਥੇ ਭਾਅ ਜੀ ਸੌਣਗੇ ... ਜੇ ਉਸ ਤੋਂ ਖ਼ਤਰਾ ਨਹੀਂ ਤਾਂ ਸਾਥੋਂ ਕਿਉਂ ...?”

ਨੂਰਾਂ ਅਤੇ ਹੋਰ ਕਲਾਕਾਰ ਵੀ ਹੀਰੇ ਦੀ ਦ੍ਰਿੜ੍ਹਤਾ ਦੇਖ ਕੇ ਜਿਵੇਂ ਸਕਤੇ ਵਿੱਚ ਆ ਗਏ।

“ਬਜ਼ੁਰਗੋ ... ਫਿਰ ਤੁਸੀਂ ਵੀ ਚੱਲੋ ਇਨ੍ਹਾਂ ਨਾਲ ... ਜੇ ਇਹ ਇੰਨੀ ਹੀ ਅੜੀ ਕਰਦੇ ਨੇ ...” ਡੀਐੱਸਪੀ ਨੇ ਜਵੰਦਾ ਸਿੰਘ ਨੂੰ ਕਿਹਾ। ਜਵੰਦਾ ਸਿੰਘ ਆਪਣੀ ਆਦਤ ਅਨੁਸਾਰ ਦੋਵੇਂ ਬਾਹਵਾਂ ਉਲਾਰ ਕੇ ਬੋਲਣ ਲੱਗਾ, “ਮੈਂ ਨ੍ਹੀਂ ਜੀ ਇਨ੍ਹਾਂ ਨਾਲ ਜਾ ਸਕਦਾ ... ਮੈਂ ਇੱਥੇ ਹੀ ਪਵਾਂਗਾ ... ਇੰਨੀ ਠੰਢ ਵਿੱਚ ਕਿੱਥੇ ਜਾਵਾਂਗਾ ...। ਇਹ ਥੀਏਟਰ ਕਲਾਕਾਰ ਹਨ, ਕੁਝ ਨ੍ਹੀਂ ਹੁੰਦਾ ਇਨ੍ਹਾਂ ਨੂੰ ...।”

ਹੁਣ ਸਾਰੇ ਕਲਾਕਾਰਾਂ ਦੇ ਦਿਲਾਂ ਵਿੱਚ ਅੱਗ ਬਲਣ ਲੱਗੀ, ਜਵੰਦਾ ਸਿੰਘ ਦੀ ਕਹਿਣੀ ਅਤੇ ਕਰਨੀ ਵੱਲ ਦੇਖ ਕੇ। ਕੀ ਭਾਅ ਜੀ ਥੀਏਟਰ ਦੇ ਕਲਾਕਾਰ ਨਹੀਂ? ਪਹਿਲੋਂ ਡਾਇਲਾਗ ਬੋਲਣ ਦੇ ਰੌਲੇ ਵੇਲੇ ਅਤੇ ਹੁਣ ਸਟੇਜ ਉੱਤੇ ਸੌਣ ਬਾਰੇ ਜਿਵੇਂ ਦੋਹਰੇ ਮਾਪਦੰਡਾਂ ਨਾਲ ਜਵੰਦਾ ਸਿੰਘ ਆਪਣੇ ਕਲਾਕਾਰਾਂ ਨਾਲ ਪੇਸ਼ ਆ ਰਿਹਾ ਸੀ, ਉਹ ਸਾਰੇ ਲੜਕੇ ਲੜਕੀਆਂ ਨੂੰ ਅਜੀਬ ਲੱਗ ਰਿਹਾ ਸੀ। ਕਈ ਵਾਰ ਪਹਿਲੋਂ ਵੀ ਆਪਣੇ ਕਲਾਕਾਰ ਮੁੰਡੇ ਕੁੜੀਆਂ ਨਾਲ ਨਾਟਕ ਕਰਨ ਵੇਲੇ ਬੇਲਿਹਾਜ਼ ਹੋ ਜਾਂਦਾ ਸੀ, ਉਸ ਵੇਲੇ ਜਵੰਦਾ ਸਿੰਘ ਨਾਟਕ ਨੂੰ ਸਮਰਪਿਤ ਸ਼ਖ਼ਸੀਅਤ ਸਮਝੀ ਜਾ ਰਹੀ ਹੁੰਦੀ ਸੀ, ਪਰ ਅੱਜ ਜਿਵੇਂ ਉਨ੍ਹਾਂ ਸਾਰਿਆਂ ਨੂੰ ਆਪਣੇ ਮਹਿਬੂਬ ਗੁਰੂ ਦੀ ਬਿਲਕੁਲ ਹੀ ਉਲਟ ਤਸਵੀਰ ਨਜ਼ਰ ਆ ਰਹੀ ਹੋਵੇ। ਪੁਲੀਸ ਜਵੰਦਾ ਸਿੰਘ ਦੀ ਗੱਲ ਸੁਣ ਕੇ ਹੋਰ ਬਿਫ਼ਰ ਗਈ। ਲੱਗੇ ਉਹ ਕਲਾਕਾਰਾਂ ਨੂੰ ਧੱਕੇ ਮਾਰਨ, “ਚੱਲੋ ਬੈਠੋ ... ਸਾਡੀਆਂ ਗੱਡੀਆਂ ਵਿੱਚ ... ਛੱਡ ਕੇ ਆਉਣੈ ਤੁਹਾਨੂੰ ਸਟੇਸ਼ਨ ਉੱਤੇ ... ਰੱਖੋ ਆਪਣਾ ਸਾਮਾਨ ਗੱਡੀਆਂ ਵਿੱਚ ...।”

ਜਦੋਂ ਜਵੰਦਾ ਸਿੰਘ ਹੀ ਸਾਥ ਛੱਡ ਗਿਆ, ਫਿਰ ਹੁਣ ਕਲਾਕਾਰ ਕੀ ਕਰ ਸਕਦੇ ਸਨ? ਉਨ੍ਹਾਂ ਆਪੋ ਆਪਣਾ ਸਾਮਾਨ ਚੁੱਕਿਆ ਅਤੇ ਬੜੇ ਰੋਹ ਅਤੇ ਹਰਖ ਨਾਲ ਜਾਣ ਲੱਗੇ। ਉਨ੍ਹਾਂ ਦੇ ਮੱਥਿਆਂ ਉੱਤੇ ਤਿਊੜੀਆਂ ਉੱਭਰ ਆਈਆਂ ਸਨ। ਉਹ ਬੋਲੇ, “ਪੁਲੀਸ ਵਾਲਿਓ! ਸਾਨੂੰ ਤੁਹਾਡੀਆਂ ਗੱਡੀਆਂ ਦੀ ਲੋੜ ਨਹੀਂ ... ਅਸੀਂ ਚਲੇ ਜਾਵਾਂਗੇ ... ਜਿੱਥੇ ਮਰਜ਼ੀ ਜਾਈਏ ... ਤੁਹਾਨੂੰ ਸਾਡਾ ਫ਼ਿਕਰ ਕਰਨ ਦੀ ਲੋੜ ਨਹੀਂ ...।”

ਜਾਣ ਲੱਗਿਆਂ ਉਨ੍ਹਾਂ ਦੀ ਗੁੱਸੇ ਭਰੀ ਨਿਗ੍ਹਾ ਜਵੰਦਾ ਸਿੰਘ ਵੱਲ ਗਈ। ਜਵੰਦਾ ਸਿੰਘ ਜਿਵੇਂ ਬੇਲਿਹਾਜ਼ ਹੋਈ ਉਨ੍ਹਾਂ ਵੱਲ ਦੇਖ ਰਿਹਾ ਸੀ। ਹੀਰਾ ਸਾਰੇ ਕਲਾਕਾਰਾਂ ਦੇ ਅੱਗੇ ਅੱਗੇ ਉੱਚੀ ਉੱਚੀ ਬੋਲਦਾ ਜਾ ਰਿਹਾ ਸੀ, “ਅਸੀਂ ਨਾਟਕ ਕਰ ਰਹੇ ਹਾਂ ... ਜ਼ਿੰਦਗੀ ਵਿੱਚ ਵੀ ਨਾਟਕ ... ਸਟੇਜ ਉੱਤੇ ਵੀ ਨਾਟਕ ... ਜ਼ਿੰਦਗੀ ਵਿੱਚ ਵੀ ਨਾਟਕ ... ਸਟੇਜ ਉੱਤੇ ਵੀ ਨਾਟਕ ...।” ਹੁਣ ਹੀਰੇ ਦਾ ਸਾਥ ਨੂਰਾਂ ਅਤੇ ਹੋਰ ਕਲਾਕਾਰ ਲੜਕੇ ਲੜਕੀਆਂ ਵੀ ਦੇ ਰਹੇ ਸਨ। ਬੜੇ ਹੀ ਜਾਹੋ-ਜਲਾਲ ਨਾਲ ਧਰਤੀ ਉੱਤੇ ਪੈਰ ਮਾਰਦੇ ਉਹ ਪੁਲੀਸ ਵਾਲਿਆਂ ਕੋਲੋਂ ਲੰਘ ਰਹੇ ਸਨ। ਉਨ੍ਹਾਂ ਦੀਆਂ ਆਵਾਜ਼ਾਂ ਚੌਕ ਤਕ ਸੁਣਾਈ ਦੇ ਰਹੀਆਂ ਸਨ, “ਸਟੇਜ ਉੱਤੇ ਵੀ ਨਾਟਕ ... ਜ਼ਿੰਦਗੀ ਵਿੱਚ ਵੀ ਨਾਟਕ ... ਸਟੇਜ ਉੱਤੇ ਵੀ ਨਾਟਕ ... ਜ਼ਿੰਦਗੀ ਵਿੱਚ ਵੀ ਨਾਟਕ ...।”

ਕਲਾਕਾਰਾਂ ਦੀਆਂ ਆਵਾਜ਼ਾਂ ਅਤੇ ਨਾਅਰੇ ਜਵੰਦਾ ਸਿੰਘ ਨੂੰ ਪ੍ਰੇਸ਼ਾਨ ਕਰਨ ਲੱਗੇ। ਇਹ ਨਾਅਰੇ ਉਸਦੀ ਬਰਦਾਸ਼ਤ ਤੋਂ ਬਾਹਰ ਸਨ। ਉਹ ਉੱਠਿਆ। ਕੰਬਲ ਵਲ੍ਹੇਟਿਆ। ਬੈਗ ਮੋਢੇ ਟੰਗਿਆ। ਛੇਤੀ ਛੇਤੀ ਸਟੇਜ ਦੀਆਂ ਪੌੜੀਆਂ ਉਤਰਨ ਲੱਗਿਆ। ਹੇਠਾਂ ਉੱਤਰਦੇ ਸਾਰ ਉਹ ਕਾਹਲੀ ਕਾਹਲੀ ਆਪਣੇ ਕਲਾਕਾਰਾਂ ਦੇ ਮਗਰ ਜਾਣ ਲੱਗਾ। ਉਹ ਹਾਕਾਂ ਮਾਰ ਰਿਹਾ ਸੀ, “ਹੀਰੇ ਬੇਟੇ ... ਠਹਿਰੋ ... ਮੈਂ ਆ ਰਿਹਾਂ ... ਨੂਰਾਂ ਪੁੱਤਰ ... ਮੈਂ ਆਇਆ ...।” ਪੁਲੀਸ ਵਾਲੇ ਹੈਰਾਨ ਹੋ ਕੇ ਜਵੰਦਾ ਸਿੰਘ ਵੱਲ ਦੇਖ ਰਹੇ ਸਨ। ਭਵਨ ਦਾ ਲਾਅਨ ਲੰਘ ਕੇ ਜਵੰਦਾ ਸਿੰਘ ਛੇਤੀ ਛੇਤੀ ਗੇਟ ਟੱਪ ਗਿਆ। ਲੱਗਾ ਜ਼ੋਰ ਜ਼ੋਰ ਦੀ ਹਾਕਾਂ ਮਾਰਨ, “ਹੀਰੇ ... ਓ ਹੀਰੇ ... ਜਪੁਜੀ ਬੇਟੇ ... ਬਲਬੀਰ ... ਓ ਬਲਬੀਰ ... ਨੂਰਾਂ ਪੁੱਤਰ ਮੈਂ ਆ ਰਿਹਾਂ ...।”

ਨੂਰਾਂ ਨੇ ਪਿੱਛੇ ਦੇਖਿਆ ਅਤੇ ਸਾਰਿਆਂ ਨੂੰ ਰੁਕਣ ਲਈ ਕਿਹਾ। ਸਾਰੇ ਹੈਰਾਨ ਹੋ ਰਹੇ ਸਨ। ਜਵੰਦਾ ਸਿੰਘ ਲੜਖੜਾਉਂਦਾ ਕਾਹਲੀ ਕਾਹਲੀ ਉਨ੍ਹਾਂ ਵੱਲ ਆ ਰਿਹਾ ਸੀ। ਅੱਗੇ ਹੋ ਕੇ ਹੀਰੇ ਨੇ ਜਵੰਦਾ ਸਿੰਘ ਤੋਂ ਕੰਬਲ ਫੜਿਆ। ਬਲਬੀਰ ਨੇ ਮੋਢੇ ਤੋਂ ਬੈਗ ਲਾਹਿਆ। ਜਵੰਦਾ ਸਿੰਘ ਨੇ ਸਾਰਿਆਂ ਨੂੰ ਕਲਾਵੇ ਵਿੱਚ ਲੈਂਦਿਆਂ ਕਿਹਾ, “ਬੱਚਿਓ ... ਮੈਂ ਕਿਵੇਂ ਰਹਿ ਸਕਦਾ ਸਾਂ ਤੁਹਾਡੇ ਬਿਨਾਂ ... ਤੁਸੀਂ ਠੀਕ ਮੇਰੇ ਨਾਟਕਾਂ ਦਾ ਅਸਰ ਕਬੂਲਿਆ ... ਠੀਕ ਮੇਰੇ ਨਾਟਕਾਂ ਦਾ ਸੁਨੇਹਾ ਅਪਣਾਇਆ ... ਸਾਬਾਸ਼ ਬੱਚਿਓ ...।”

ਹੁਣ ਸਾਰੇ ਕਲਾਕਾਰ ਆਪਣੇ ਪਿਆਰੇ ਭਾਅ ਜੀ ਨਾਲ ਲਿਪਟੇ ਹੋਏ ਸਨ। ਸਭ ਦੀਆਂ ਅੱਖਾਂ ਨਮ ਸਨ। ਜਵੰਦਾ ਸਿੰਘ ਦੇ ਅੱਥਰੂਆਂ ਨਾਲ ਉਸ ਦੀ ਚਾਂਦੀ ਰੰਗੀ ਦਾੜ੍ਹੀ ਭਿੱਜ ਗਈ ਸੀ। ਆਖ਼ਰ ਤਾਂ ਜਵੰਦਾ ਸਿੰਘ ਬਹੁਤ ਕੋਮਲ ਮਨ ਵਾਲਾ ਸੀ।

ਸਾਰੇ ਇਸ ਕਾਲੀ, ਕਕਰੀਲੀ ਅਤੇ ਦਰਦੀਲੀ ਰਾਤ ਵਿੱਚ ਇੱਕ ਦੂਜੇ ਤੋਂ ਨਿੱਘ ਲੈ ਰਹੇ ਸਨ। ਦੂਰ ਪੂਰਬ ਦੀ ਕੁੱਖ ਵਿੱਚ ਪਹੁ-ਫੁਟਾਲਾ ਹੋ ਰਿਹਾ ਸੀ।

*****

(256)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਰਿਪੁਦਮਨ ਸਿੰਘ ਰੂਪ

ਰਿਪੁਦਮਨ ਸਿੰਘ ਰੂਪ

Mohali, Punjab, India.
Email: (ranjivansingh@gmail.com)

More articles from this author