RipudamanRoop7ਅੱਜ ਸਵੇਰੇ ... ਕਹਿੰਦੇ ਹਾਰਟ ਅਟੈਕ ਹੋਇਆ ਸੀ ... ਉਹ ਤਾਂ ਰੋਟੀ ਦਾ ਡੱਬਾ ਲੈ ਕੇ ...
(22 ਜਨਵਰੀ 2021)
(ਸ਼ਬਦ: 2060)

 

“ਗੋਭੀ, ਮਟਰ, ਗਾਜਰਾਂ, ਸ਼ਲਗਮ, ਮੂਲੀਆਂ, ਟਮਾਟਰ ...।”

“ਘੀਆ, ਪੇਠਾ, ਚੱਪਣ-ਕੱਦੂ, ਆਲੂ, ਪਿਆਜ਼ ...।”

ਗਰਮੀਆਂ ਸਰਦੀਆਂ ਵਿੱਚ ਪਾਲਾ ਸਬਜ਼ੀ ਵਾਲਾ ਉੱਚੀ ਦੇਣੀ ਬੱਸ ਇਹੋ ਹੋਕਾ ਮਾਰਦਾਉਹ ਕੋਈ ਵਿਸ਼ਲੇਸ਼ਣ ਜਾਂ ਆਵਾਜ਼ ਦਾ ਸਟਾਈਲ ਬਦਲ ਕੇ, ਵਿਸਲ ਜਾਂ ਸੀਟੀ ਵਜਾ ਕੇ ਜਾਂ ਵਿੰਗੀ ਟੇਢੀ ਆਵਾਜ਼ ਬਣਾ ਕੇ ਹੋਕਾ ਨਾ ਮਾਰਦਾ ਜਿਵੇਂ ਆਮ ਤੌਰ ’ਤੇ ਹੋਰ ਸਬਜ਼ੀ ਦੀਆਂ ਰੇਹੜੀਆਂ ਵਾਲੇ ਕਰਦੇ ਹੁੰਦੇ ਸਨਉਹ ਤਾਂ ਬੱਸ ਮੋਟੀ-ਠੁੱਲੀ, ਸਿੱਧੀ-ਸਾਦੀ ਆਵਾਜ਼ ਵਿੱਚ ਉੱਚੀ ਹੋਕਾ ਮਾਰਦਾ

ਉਹ ਆਪ ਵੀ ਬੜਾ ਸਿੱਧਾ-ਸਾਦਾ ਬਿਨਾਂ ਵਲ-ਛਲ ਤੋਂ ਸੀਖੁੱਲ੍ਹੀ ਜਿਹੀ ਕਮੀਜ਼, ਖੁੱਲਾ ਜਿਹਾ ਪਜਾਮਾ, ਪੈਰ ਚੱਪਲਾਂ ਜਾਂ ਸਰਦੀਆਂ ਵਿੱਚ ਬੜੀ ਹੱਦ ਕੋਈ ਸਾਧਾਰਨ ਜਿਹੇ ਬੂਟਪੱਗ ਵੀ ਉਹਦੀ ਬੜੀ ਸਾਧਾਰਨ ਜਿਹੀ ਬੰਨ੍ਹੀ ਹੁੰਦੀਗੋਲ-ਮਟੋਲਲਾਪ੍ਰਵਾਹੀ ਜਿਹੀ ਨਾਲਰੰਗ ਕਦੇ ਲਾਲ ਹੁੰਦਾ, ਕਦੇ ਨੀਲਾ, ਕਦੇ ਸਫੈ਼ਦ

ਪਾਲੇ ਦੀ ਆਵਾਜ਼ ਸੁਣ ਕੇ ਔਰਤਾਂ ਘਰਾਂ ਦੇ ਸਾਰੇ ਕੰਮ ਛੱਡ ਕੇ ਬਾਹਰ ਆ ਜਾਂਦੀਆਂਉਹਦੀ ਰੇਹੜੀ ਦੇ ਆਲੇ-ਦੁਆਲੇ ਭੀੜ ਜੁੜ ਜਾਂਦੀਨਵੀਆਂ ਵਹੁਟੀਆਂ, ਬਜ਼ੁਰਗ ਇਸਤਰੀਆਂ ਦੇ ਪੈਰੀਂ ਹੱਥ ਲਾਉਂਦੀਆਂਉਹ ਜੱਫੀ ਵਿੱਚ ਲੈ ਕੇ ਅਸੀਸਾਂ ਦਿੰਦੀਆਂਮੁਹੱਲੇ ਦੀ ਕੁੜੀ ਨਮਸਕਾਰ, ਸਤਿ ਸ੍ਰੀ ਅਕਾਲ ਕਹਿੰਦੀਪੁਰਾਣੇ ਸਮਿਆਂ ਵਿੱਚ ਜਿਵੇਂ ਪਿੰਡ ਦਾ ਖੂਹ ਔਰਤਾਂ ਦੇ ਮਿਲਣ ਦਾ ਸਬੱਬ ਹੁੰਦਾ ਸੀ, ਸਮਝੋ ਇਸੇ ਤਰ੍ਹਾਂ ਇਸ ਮੁਹੱਲੇ ਦੀਆਂ ਔਰਤਾਂ ਦੇ ਮਿਲਣ ਦਾ ਸਬੱਬ ਪਾਲੇ ਦੀ ਰੇਹੜੀ ਹੁੰਦੀ

ਮੁਹੱਲੇ ਦੇ ਮਰਦਾਂ ਨੂੰ ਇਹ ਸਮਝ ਨਹੀਂ ਸੀ ਪੈਂਦੀ ਕਿ ਆਖ਼ਿਰ ਪਾਲੇ ਦੀ ਹੀ ਰੇਹੜੀ ਉੱਤੇ ਔਰਤਾਂ ਕਿਉਂ ਝੁਰਮਟ ਪਾ ਕੇ ਖੜ੍ਹ ਜਾਂਦੀਆਂ ਹਨ? ਹੋਰ ਕਿਸੇ ਦੀ ਰੇਹੜੀ ਉੱਤੇ ਤਾਂ ਇਸ ਤਰ੍ਹਾਂ ਨਹੀਂ ਸਨ ਖੜ੍ਹਦੀਆਂ ਔਰਤਾਂ ਪਾਲੇ ਤੋਂ ਸਬਜ਼ੀ ਦਾ ਬਹੁਤਾ ਰੇਟ-ਰੂਟ ਨਹੀਂ ਵੀ ਸਨ ਪੁੱਛਦੀਆਂਬੱਸ ਰੇਹੜੀ ਉੱਤੇ ਆ ਕੇ ਸਬਜ਼ੀ ਛਾਂਟਣ ਲੱਗ ਜਾਂਦੀਆਂਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ ਕਿ ਅਗਲੀ ਚੰਗੀ ਸਬਜ਼ੀ ਛਾਂਟੇਪਾਲਾ ਵੀ ਕਿਸੇ ਨੂੰ ਸਬਜ਼ੀ ਛਾਂਟਣ ਤੋਂ ਨਹੀਂ ਸੀ ਰੋਕਦਾਪਾਲਾ ਆਪ ਵੀ ਸਬਜ਼ੀ ਛਾਂਟਣ ਲੱਗ ਜਾਂਦਾ ਸੀਹਰ ਇੱਕ ਔਰਤ ਨੂੰ ਇਸ ਤਰ੍ਹਾਂ ਲਗਦਾ ਸੀ ਕਿ ਜਿਵੇਂ ਸਬਜ਼ੀ ਦੀ ਰੇਹੜੀ ਉਹਦੀ ਆਪਣੀ ਹੀ ਹੁੰਦੀ ਹੈ

ਔਰਤਾਂ ਘਰਾਂ ਵਿੱਚੋਂ ਨਿਕਲਦੀਆਂ, ਰੇਹੜੀ ਕੋਲ ਜਾ ਕੇ ਕਹਿੰਦੀਆਂ, “ਪਾਲੇ ਲਿਆਇਐਂ ਭਾਈ ਸਬਜ਼ੀ ... ਕਿਹੜੀ ਸਬਜ਼ੀ ਲਿਆਇਐਂ ਅੱਜ? ਉਹ ਤਾਂ ਬੱਸ ਸਹਿਵਨ ਪੁੱਛਦੀਆਂਉਹ ਤਾਂ ਆਉਂਦੀਆਂ ਸਾਰ ਸਬਜ਼ੀ ਚੁਗਣ ਲੱਗ ਜਾਂਦੀਆਂਨਾਲ ਨਾਲ ਮਲਕ ਮਲਕ ਰੇਟ ਵੀ ਪੁੱਛੀ ਜਾਂਦੀਆਂ

“ਪਿਆਜ਼ ਸੌ ਰੁਪਏ ਦੇ ਸੱਤ ਕਿਲੋ, ਟਮਾਟਰ ਪੱਚੀ ਰੁਪਏ, ਗੋਭੀ ਵੀਹ ਰੁਪਏ ...।”

“ਅਤੇ ਮਟਰ ਪਾਲੇ ...?”

“ਚਲੋ ਮਟਰ ਅੱਜ ਸੌ ਰੁਪਏ ਦੇ ਛੇ ਕਿਲੋ ਲੈ ਲਵੋ ... ਹੈ ਤਾਂ ਰੇਟ ਵੈਸੇ ਵੀਹ ਰੁਪਏ ਕਿਲੋ ...।”

“ਨਹੀਂ ਪਾਲੇ ਸੌ ਦੇ ਸੱਤ ਕਿਲੋ ਲਾ ... ਅਸੀਂ ਸਾਰੀਆਂ ਸੱਤ ਸੱਤ ਕਿਲੋ ਲੈ ਲਵਾਂਗੀਆਂ ...

“ਚਲੋ ਆਂਟੀ ਲੈ ਲਵੋ ... ਸੱਤੇ ਲੈ ਲਵੋ ...।” ਉਹ ਝੱਟ ਮੰਨ ਜਾਂਦਾ

ਪਰ ਮੁਹੱਲੇ ਦੀਆਂ ਔਰਤਾਂ ਦੇ ਘਰਵਾਲੇ ਕਈ ਵਾਰ ਬਹੁਤ ਤੰਗ ਹੁੰਦੇ ਸਨਉਹ ਸਵੇਰੇ ਸਵੇਰੇ ਦਫਤਰਾਂ ਨੂੰ ਜਾਣ ਲਈ ਤਿਆਰ ਹੁੰਦੇ ਪਰ ਅਗਲੀਆਂ ਪਾਲੇ ਦੀ ਆਵਾਜ਼ ਸੁਣ ਕੇ ਰੋਟੀ ਪਕਾਉਂਦੀਆਂ ਪਕਾਉਂਦੀਆਂ ਛੱਡ ਕੇ ਪਾਲੇ ਦੀ ਰੇਹੜੀ ਦੁਆਲੇ ਜੁੜਨ ਲੱਗ ਜਾਂਦੀਆਂਅਗਲੇ ਕਲਪਦੇ ਹੀ ਰਹਿ ਜਾਂਦੇਰੋਟੀ ਦੇ ਡੱਬਿਆਂ ਵਿੱਚ ਆਪ ਦਾਲ ਸਬਜ਼ੀ ਪਾ ਕੇ ਤਿਆਰ ਕਰਦੇ

ਕਈ ਵਾਰ ਪਾਲਾ ਮੁਹੱਲੇ ਦੀ ਦੂਜੀ ਨੁੱਕਰ ਉੱਤੇ ਪਹਿਲਾਂ ਚਲਿਆ ਜਾਂਦਾਜਦ ਉਹ ਘੁੰਮ ਘੁੰਮਾ ਕੇ ਇਸ ਮੁਹੱਲੇ ਵਿੱਚ ਆਉਂਦਾ ਤਾਂ ਸਾਰੀਆਂ ਔਰਤਾਂ ਉਲਾਂਭਾ ਦੇਣ ਲਗਦੀਆਂ, “ਪਾਲੇ ਹੁਣ ਕੀ ਰਹਿ ਗਿਆ ਪਿੱਛੇ ... ਬਚੀ-ਖੁਚੀ ਸਬਜ਼ੀ ... ਚੰਗੀ ਚੰਗੀ ਤਾਂ ਉੱਧਰ ਦੇ ਆਇਐਂ ... ਦੱਸ ਅਸੀਂ ਹੁਣ ਇਸ ਵਿੱਚੋਂ ਕੀ ਛਾਂਟੀਏ?”

“ਕੀ ਕਰਾਂ ਬੀਬੀ ... ਉੱਧਰ ਬੀਬੀਆਂ ਨੇ ਛਾਂਟ ਲਈ ...”

“ਪਹਿਲਾਂ ਇੱਧਰ ਆਇਆ ਕਰ ... ਸਾਡੇ ਵੱਲ ...।”

ਪਰ ਉਹ ਇਸ ਗੱਲ ਦਾ ਕੋਈ ਉੱਤਰ ਨਹੀਂ ਸੀ ਦਿੰਦਾਉਹਨੂੰ ਪਤਾ ਸੀ ਕਿ ਹਰ ਲੇਨ ਵਿੱਚ ਹੀ ਇਹ ਗੱਲ ਸਾਰੀਆਂ ਉਸ ਨੂੰ ਕਹਿੰਦੀਆਂ ਸਨ ਪਰ ਫਿਰ ਵੀ ਉਹ ਬਚੀਆਂ-ਖੁਚੀਆਂ ਸਬਜ਼ੀਆਂ ਵਿੱਚੋਂ ਛਾਂਟ ਰਹੀਆਂ ਹੁੰਦੀਆਂਕੋਈ ਟਮਾਟਰ ਛਾਂਟ ਰਹੀ ਹੁੰਦੀ, ਕੋਈ ਪਿਆਜ਼ ਅਤੇ ਕੋਈ ਆਲੂ ਜਦੋਂ ਪਿੱਛੇ ਜਮਾ ਹੀ ਭੋਰਾ-ਚੂਰਾ ਬਚ ਜਾਂਦਾ ਤਾਂ ਔਰਤਾਂ ਪੁੱਛਦੀਆਂ, “ਪਾਲੇ ਇਸ ਭੋਰੇ ਚੂਰੇ ਦਾ ਕੀ ਕਰੇਂਗਾ ... ਕੀ ਇਹਨੂੰ ਸੁੱਟ ਦਵੇਂਗਾ?

“ਕਿਉਂ ਬੀਬੀ, ਸੁੱਟਣਾ ਕਿਉਂ ਹੈ? ਇਹ ਵੀ ਕਿਸੇ ਨੇ ਲੈ ਲੈਣਾ ...।”

“ਕੌਣ ਲਊ ਵੇ ਪਾਲੇ ਇਸ ਰਹਿੰਦ-ਖੂੰਦ ਨੂੰ ... ਕਿਹੜਾ ਖਾਊ ਇਸ ਨੂੰ?” ਔਰਤਾਂ ਹੱਸਣ ਲੱਗਦੀਆਂ

“ਬੀਬੀ ਜੀ ... ਲੈਣਗੇ ਨਹੀਂ ... ਖਾਣਗੇ ... ਚਟਕਾਰੇ ਮਾਰ ਮਾਰ ਖਾਣਗੇ ਇਹਨਾਂ ਨੂੰ ...।”

“ਕੌਣ ਖਾਣਗੇ ਵੇ ...।”

“ਜਿਹੜੇ ਦਾਰੂ ਪੀ ਕੇ ਦਸ ਗਿਆਰਾਂ ਵਜੇ ਹੋਟਲਾਂ ਢਾਬਿਆਂ ਉੱਤੇ ਰੋਟੀ ਖਾਣ ਜਾਂਦੇ ਨੇ, ਉਹ ਖਾਂਦੇ ਨੇ ਆਂਟੀ ਜੀਓ ...” ਪਾਲਾ ਬੜੇ ਵਿਸ਼ਵਾਸ ਨਾਲ ਕਹਿੰਦਾ “ਨਾਲੇ ਆਂਟੀ ਗੱਲ ਸੁਣੋ ਹੋਰ ... ਜਦੋਂ ਤੁਹਾਡੇ ਬੱਚੇ ਬਾਹਰ ਡਿਨਰ ਕਰਨ ਨੂੰ ਜ਼ੋਰ ਲਾਉਣ ਨਾ ਤੁਹਾਨੂੰ ... ਤਾਂ ਤੁਸੀਂ ਆਪ ਵੀ ਇਹਨਾਂ ਨੂੰ ਬੜੇ ਸੁਆਦ ਲਾ ਲਾ ਖਾਨੇ ਓਂ ...।”

ਔਰਤਾਂ ਚਿੱਥੀਆਂ ਜਿਹੀਆਂ ਹੋ ਕੇ ਕਹਿੰਦੀਆਂ, “ਅੱਛਾ ਤਾਂ ਫਿਰ ਤੂੰ ਇਹਨਾਂ ਬਚੀਆਂ-ਖੁਚੀਆਂ ਨੂੰ ਹੋਟਲਾਂ-ਢਾਬਿਆਂ ਉੱਤੇ ਵੇਚ ਕੇ ਆਉਨੈ ...।”

“ਹੋਰ ਕੀ ਕਰੀਏ ਆਂਟੀ ... ਜਦ ਵਿਕਦੀਆਂ ਨੇ ਤਾਂ ਸੁੱਟਣੀਆਂ ਥੋੜੋ ਹੁੰਦੀਆਂ ਨੇ ...” ਪਾਲਾ ਭੋਲੇ ਭਾਅ ਕਹੀ ਜਾਂਦਾ

ਰੇੜੀ ਉੱਤੇ ਖੜ੍ਹੀਆਂ ਔਰਤਾਂ ਪਾਲੇ ਦੀਆਂ ਖਰੀਆਂ ਖਰੀਆਂ ਗੱਲਾਂ ਸੁਣ ਕੇ ਹੈਰਾਨ ਹੁੰਦੀਆਂਉਹ ਸੋਚਦੀਆਂ, ‘ਇਹ ਵੀ ਕਿੰਨਾ ਭੋਲਾ ਹੈ ... ਕੋਈ ਗੱਲ ਲੁਕੋਂਦਾ ਹੀ ਨਹੀਂ

ਪਰ ਮੁਹੱਲੇ ਦੀਆਂ ਇਹਨਾਂ ਔਰਤਾਂ ਅਤੇ ਉਹਨਾਂ ਦੇ ਮਰਦਾਂ ਵਿੱਚ ਬੋਲ-ਬੁਲਾਰਾ ਹੁੰਦਾ ਹੀ ਰਹਿੰਦਾਆਦਮੀ ਆਪਣੀ ਪਤਨੀ ਨੂੰ ਕਹਿੰਦਾ, “ਭਲੀਏ ਮਾਣਸੇ ... ਅੱਜ ਸ਼ੁੱਕਰਵਾਰ ਐ ... ਆਪਣੇ ਨੇੜੇ ਨੌਂ ਫੇਜ਼ ਵਿੱਚ ਕਿਸਾਨ ਮੰਡੀ ਲਗਣੀ ਐ ... ਆਪਾਂ ਨੂੰ ਉੱਥੋਂ ਸਾਰਾ ਕੁਝ ਮਿਲਜੂਗਾ ... ਨਾਲੇ ਸਸਤੀ ਨਾਲੇ ਚੰਗੀ ...ਹੁਣ ਪਾਲੇ ਤੋਂ ਨਾ ਲੈਣ ਜਾ ਸਬਜ਼ੀ ...।”

ਪਰ ਪਤਨੀ ਭਲਾ ਕਿੱਥੇ ਆਪਣੇ ਆਦਮੀ ਦੀ ਗੱਲ ਸੁਣਦੀ ਸੀਉਹ ਚੁੰਨੀ ਚੁੱਕ ਕੇ ਫਟਾਫੱਟ ਪਾਲੇ ਦੀ ਰੇਹੜੀ ਵੱਲ ਜਾਂਦਿਆਂ ਕਹਿੰਦੀ, “ਚੱਲ ਕੋਈ ਨਹੀਂ ... ਜਿਹੜੀ ਇਹਦੇ ਕੋਲੋਂ ਮਿਲਜੂ ਉਹ ਨਹੀਂ ਲਵਾਂਗੇ ਉੱਥੋਂ ...।”

ਕਈ ਵਾਰ ਘਰ ਵਾਲੇ ਨੇ ਕਹਿਣਾ, “ਦੇਖ ਉਹਦੇ ਕੋਲ ਹੁਣ ਨਹੀਂ ਬਚੀ ਸਬਜ਼ੀ ... ਪਿਛਲੀ ਗਲੀ ਵਾਲਿਆਂ ਛਾਂਟ ਛਾਂਟ ਲੈ ਲਈ ਸਾਰੀ ... ਦੱਸ ਭਲਾ ਇਹਦੇ ਕੋਲ ਹੁਣ ਕੀ ਛਾਂਟੇਂਗੀ ... ਨਿਰੀ ਰਹਿੰਦ-ਖੂੰਦ ਵਿੱਚੋਂ ...।”

“ਕੋਈ ਨੀ, ਕੋਈ ਨੀ ...” ਇਹ ਕਹਿ ਕੇ ਅਗਲੀ ਔਹ ਜਾਂਦੀ, ਔਹ ਜਾਂਦੀ

ਕਦੇ ਕਦੇ ਪਾਲਾ ਕਈ ਕਈ ਦਿਨ ਆਪਣੀ ਰੇਹੜੀ ਲੈ ਕੇ ਨਾ ਆਉਂਦਾਔਰਤਾਂ ਉਹਨੂੰ ਉਡੀਕ ਉਡੀਕ ਅਖ਼ੀਰ ਮੰਡੀ ਤੋਂ ਸਬਜ਼ੀ ਲਿਆਉਣ ਲਈ ਘਰਦਿਆਂ ਨੂੰ ਕਹਿੰਦੀਆਂਪਰ ਘਰ ਵਾਲੇ ਜਿਵੇਂ ਸਾਰੇ ਆਕੜ ਜਾਂਦੇਦਾਦੀ ਆਪਣੇ ਪੋਤੇ ਨੂੰ ਕਹਿੰਦੀ, “ਹਰਮਨ ਬੇਟੇ, ਜਾ ਗੱਡੀ ਲੈ ਜਾ, ਗਿਆਰਾਂ ਫੇਜ਼ ਦੀ ਮੰਡੀ ਵਿੱਚੋਂ ਸਬਜ਼ੀ ਲੈ ਆ ... ਅੱਜ ਬੁੱਧਵਾਰ ਐ ... ਉੱਥੇ ਸਬਜ਼ੀ ਮੰਡੀ ਲੱਗੀ ਹੋਊ ...।”

“ਮੈਂ ਕਿਉਂ ਜਾਵਾਂ ... ਪਾਲੇ ਤੋਂ ਲਓ ਸਬਜ਼ੀ ਦਾਦੀ ਅੰਮਾਂ ... ਜਦੋਂ ਪਾਪਾ ਕਹਿੰਦਾ ਏ ਕਿ ਸਬਜ਼ੀ ਲਿਆਈਏ ਸਬਜ਼ੀ ਮੰਡੀ ਵਿੱਚੋਂ ... ਕਹਿ ਦਿੰਨੇ ਓ ਰਹਿਣ ਦੇ ... ਪਾਲੇ ਤੋਂ ਲੈ ਲਵਾਂਗੇ ... ਪਾਲਾ ਆਉਣ ਹੀ ਵਾਲਾ ਹੋਊ ...।” ਪੋਤਾ ਕੜਾਕ ਦੇ ਕੇ ਜਵਾਬ ਦਿੰਦਾ

ਜਦੋਂ ਕਈ ਦਿਨਾਂ ਮਗਰੋਂ ਪਾਲਾ ਆਉਂਦਾ ਤਾਂ ਮੁਹੱਲੇ ਦੀਆਂ ਔਰਤਾਂ ਉਲਾਂਭਾ ਦਿੰਦੀਆਂ, “ਵੇ ਪਾਲਿਆ, ... ਅਸੀਂ ਤਾਂ ਸਬਜ਼ੀ ਨੀ ਬਣਾਈ ਕਈ ਦਿਨਾਂ ਤੋਂਕਿੱਥੇ ਗੁੰਮ ਗਿਆ ਸੀ ਤੂੰ ...।”

“ਗੁੰਮਣਾ ਮੈਂ ਕਿੱਥੇ ਸੀ ਬੀਬੀ ... ਨੌ ਫੇਜ਼ ਅਚਾਰੀ ਅੰਬ ਵੇਚਣ ਗਿਆ ਸੀ ...” ਪਾਲਾ ਸਹਿਜ ਸੁਭਾਅ ਕਹਿੰਦਾ

“ਅਸੀਂ ਵੀ ਤਾਂ ਲੈਣੇ ਸੀ ਅਚਾਰੀ ਅੰਬ ... ਸਾਨੂੰ ਵੀ ਲਿਆ ਕੇ ਦੇ ...।”

“ਬੀਬੀ ਕਿੰਨੇ ਦਿਨ ਮੈਂ ਇੱਧਰ ਹੀ ਵੇਚਦਾ ਰਿਹਾਂ ... ਸਾਰੀਆਂ ਪਰਲੀਆਂ ਬੀਬੀਆਂ ਨੇ ਲੈ ਨੇ ...।”

“ਤੂੰ ਪਾਲੇ ਬੈੱਲ ਮਾਰ ਦੇਣੀ ਸੀ ਮੈਨੂੰ ... ਮੈਂ ਲੈ ਲੈਂਦੀ ਅਚਾਰੀ ਅੰਬ ...” ਅਗਲੀ ਅੱਗੋਂ ਕਹਿੰਦੀ

ਪਰ ਪਾਲਾ ਇਸਦਾ ਕੋਈ ਜਵਾਬ ਨਹੀਂ ਸੀ ਦਿੰਦਾਅਜਿਹੇ ਉਲਾਂਭਿਆਂ ਵਰਗੇ ਸਵਾਲ ਉਹਨੂੰ ਆਮ ਤੌਰ ਉੱਤੇ ਹੁੰਦੇ ਹੀ ਰਹਿੰਦੇ ਸਨਪਰ ਉਹ ਤਾਂ ਬੱਸ ਆਪਣੇ ਕੰਮ ਨਾਲ ਮਤਲਬ ਰੱਖਦਾ

ਕਈ ਵਾਰ ਸਬਜ਼ੀ ਮੰਡੀ ਵਿੱਚੋਂ ਆਦਮੀਆਂ ਨੇ ਸਬਜ਼ੀ ਲੈਣ ਜਾਣਾ ਤਾਂ ਉਨ੍ਹਾਂ ਨਾਲ ਸਾਗ, ਪਾਲਕ, ਮੇਥੀ ਵੀ ਚੁੱਕ ਲਿਆਉਣੀਕਿਸੇ ਪੰਜ ਗੁੱਛੀਆਂ ਸਾਗ ਦੀਆਂ, ਕਿਸੇ ਸੱਤ ਜਾਂ ਅੱਠਘਰ ਰੌਲਾ ਪੈ ਜਾਣਾਔਰਤਾਂ ਨੇ ਸਾਗ ਬਣਾਉਣ ਤੇ ਮੱਕੀ ਦੀਆਂ ਰੋਟੀਆਂ ਪਕਾਉਣ ਤੋਂ ਕਣਤਾਉਣਾਨਾ ਨੂੰਹਾਂ ਸਾਗ, ਮੱਕੀ ਦੀ ਰੋਟੀ ਬਣਾਉਣ ਨੂੰ ਤਿਆਰ, ਨਾ ਧੀਆਂਜੇ ਭਲਾ ਪਕਾਉਣੀਆਂ ਹੀ ਪੈ ਜਾਂਦੀਆਂ ਤਾਂ ਥੱਪ ਥੱਪ ਦੀ ਆਵਾਜ਼ ਸਾਰੀ ਕੋਠੀ ਵਿੱਚ ਸੁਣਦੀਥੱਪ ਥੱਪ ਤੋਂ ਹੀ ਪਤਾ ਲਗਦਾ ਕਿ ਵਿਚਾਰੀ ਨੂੰ ਬੰਨ੍ਹੀ-ਰੁੰਨ੍ਹੀ ਨੂੰ ਰੋਟੀ ਪਕਾਉਣੀ ਦੁੱਭਰ ਹੋਈ ਪਈ ਹੈ

ਸਾਗ ਵੀ ਮਸੀਂ ਬਣਦਾ ਸੀਇੱਕ ਪੱਤਾ ਪੱਤਾ ਸਾਫ਼ ਕਰਕੇ ਚੀਰ ਦਿੰਦੀਦੂਜੀ ਕੁੱਕਰ ਵਿੱਚ ਪਾ ਕੇ ਗੈਸ ਉੱਤੇ ਬਣਨਾ ਰੱਖ ਦਿੰਦੀਤੀਜੀ ਦੀ ਡਿਊਟੀ ਆਲਣ ਪਾ ਕੇ ਘੋਟਣ ਦੀ ਹੁੰਦੀਤਾਂ ਕਿਤੇ ਜਾ ਕੇ ਸਾਗ ਮੱਕੀ ਦੀ ਰੋਟੀ ਖਾਣ ਨੂੰ ਮਿਲਦੀਉਹ ਵੀ ਤੀਵੀਆਂ ਦੇ ਨੱਕ-ਬੁੱਲ੍ਹ ਮਾਰਨ ਪਿੱਛੋਂ

ਪਰ ਜਦੋਂ ਕਦੇ ਪਾਲਾ ਸਾਗ, ਪਾਲਕ, ਮੇਥੀ, ਧਨੀਆਂ, ਮੂਲੀਆਂ ਦੀ ਰੇੜੀ ਭਰ ਕੇ ਲਿਆਉਂਦਾ ਤਾਂ ਗਲੀ ਦੀਆਂ ਔਰਤਾਂ ਖੁਸ਼ ਹੋ ਜਾਂਦੀਆਂ, “ਵਾਹ ਬਈ ਵਾਹ ਪਾਲੇ, ਅੱਜ ਤਾਂ ਕਮਾਲ ਕਰਤੀ ... ਸਾਗ ਲਿਆਇਐਂ।” ਹੁਣ ਉਹ ਸਾਰੀਆਂ ਸਾਗ, ਪਾਲਕ ਦੀਆਂ ਪੰਜ ਪੰਜ ਸੱਤ ਸੱਤ ਗੁੱਛੀਆਂ ਲੈ ਲੈਂਦੀਆਂਮੁਹੱਲੇ ਵਿੱਚ ਸਾਗ ਬਣਨ ਦੀ ਖ਼ੁਸ਼ਬੋ ਚਾਰੇ ਪਾਸੇ ਫੈਲ ਜਾਂਦੀ

ਮਰਦ ਬਾਹਰੋਂ ਆਉਂਦੇਉਹ ਹੱਸਦੇਟਿੱਚਰਾਂ ਕਰਦੇ “ਅੱਜ ਪਾਲਾ ਲਿਆਇਐ ਹੋਣਾ ਹੈ ਸਾਗ ... ਤਾਹੀਂ ਬਿਨਾਂ ਰੌਲੇ ਰੱਪੇ ਤੋਂ ਸਾਗ ਬਣ ਰਿਹੈ ...।”

“ਨਹੀਂ ਸਾਗ ਚੰਗਾ ਸੀ ... ਸਾਰੀਆਂ ਨੇ ਲਿਆ ਏ ਸਾਗ ... ਗੰਦਲਾਂ ਵਧੀਆ ਸੀਗੀਆ ... ਐਨ ਸਾਫ਼ ਸੁੱਥਰੀਆਂ ... ਬਿਲਕੁਲ ਵੀ ਗੰਦਾ ਪੱਤਾ ਨਹੀਂ ਨਿਕਲਿਆ ਵਿੱਚੋਂ ...।”

ਕਈ ਵਾਰ ਮਰਦ ਜਦ ਪਾਲੇ ਦੀ ਰੇੜੀ ਕੋਲੋਂ ਲੰਘਦੇ ਤਾਂ ਉਹ ਹੱਸਦੇ ਹਸਦੇ ਕਹਿੰਦੇ, “ਪਾਲੇ ਯਾਰ ਸਾਗ ਲਿਆਇਆ ਕਰ ਹਫ਼ਤੇ ਵਿੱਚ ਇੱਕ ਵਾਰਸਾਗ ਤਾਂ ਖਾ ਲਿਆ ਕਰੀਏ ...।”

“ਚੰਗਾ ਅੰਕਲ, ਲਿਆਇਆ ਕਰੂੰ ...” ਰੇਹੜੀ ਉੱਤੇ ਖੜ੍ਹੀਆਂ ਔਰਤਾਂ ਮੁਸਕੜੀਏਂ ਹੱਸਣ ਲੱਗਦੀਆਂ ...

ਇੱਕ ਦਿਨ ਸੋਲਾਂ ਨੰਬਰ ਵਾਲੀ ਆਪਣੀ ਕੋਠੀ ਅੱਗੇ ਖੜ੍ਹੀ ਪਾਲੇ ਨੂੰ ਉਡੀਕ ਰਹੀ ਸੀਉਹਨੂੰ ਟਮਾਟਰਾਂ ਦੀ ਸਮਝੋ ਐਮਰਜੈਂਸੀ ਸੀਇੱਕ ਰੇਹੜੀ ਵਾਲਾ ਆਇਆ ਤਾਂ ਉਹਨੇ ਭਾਅ ਪੁੱਛ ਕੇ ਫਟਾ ਫਟਾ ਦੋ ਕਿਲੋ ਟਮਾਟਰ ਤੁਲਵਾ ਕੇ ਪੈਸੇ ਦੇ ਦਿੱਤੇਉਹਦੇ ਕੋਲ ਗੋਭੀ ਵੀ ਵਧੀਆ ਪਈ ਸੀਉਹਨੇ ਗੋਭੀ ਦਾ ਰੇਟ ਪੁੱਛਿਆਵੀਹ ਰੁਪਏ ਕਿਲੋ ਰੇਟ ਬਣਾ ਉਹ ਗੋਭੀ ਦੇ ਫੁੱਲ ਛਾਂਟ ਕੇ ਤੱਕੜੀ ਵਿੱਚ ਪਾਉਣ ਲੱਗੀਉਸੇ ਵੇਲੇ ਪਾਲੇ ਦੀ ਰੇੜੀ ਆ ਗਈਪਾਲੇ ਦੀ ਰੇੜੀ ਉੱਤੇ ਗੋਭੀ ਦਾ ਢੇਰ ਪਿਆ ਦੇਖ ਕੇ ਉਸ ਨੇ ਰੇਹੜੀ ਵਾਲੇ ਨੂੰ ਕਿਹਾ, “ਭਾਈ ਗੋਭੀ ਰਹਿਣ ਦੇ, ਪਾਲਾ ਆ ਗਿਆ ... ਹੁਣ ਮੈਂ ਪਾਲੇ ਤੋਂ ਲੈ ਲਵਾਂਗੀ ...” ਉਹ ਫਟਾਫਟ ਪਾਲੇ ਦੀ ਰੇਹੜੀ ਵਲ ਚਲੀ ਗਈਰੇਹੜੀ ਵਾਲਾ ਤੱਕੜੀ ਵਿੱਚ ਗੋਭੀ ਤੋਲਦਾ ਹੀ ਰਹਿ ਗਿਆ

ਇੱਕ ਦਿਨ ਪਾਲਾ ਜਦੋਂ ਸਬਜ਼ੀ ਦੀ ਰੇਹੜੀ ਲੈ ਕੇ ਆਇਆ ਤਾਂ ਇੱਕ ਗਲੀ ਵਾਲਿਆਂ ਕਿਹਾ, “ਪਾਲੇ ਉਸ ਗਲੀ ਵਿੱਚ ਅੱਜ ਇੱਕ ਮੌਤ ਹੋ ਗਈ ਹੈ ... ਸਾਰੀ ਗਲੀ ਉਹਨਾਂ ਦੇ ਹੀ ਘਰ ਅੱਗੇ ਖੜ੍ਹੀ ਹੈ ...।”

“ਕੀਹਦੀ ਆਂਟੀ ... ਕੀਹਦੀ ਮੌਤ ਹੋਈ ਹੈ ...? ਪਾਲੇ ਨੇ ਉਤਸੁਕਤਾ ਨਾਲ ਪੁੱਛਿਆ

“ਉਹ ਭਾਈ ਬਾਰਾਂ ਨੰਬਰ ਵਾਲਿਆਂ ਦੇ ਬੀਰੇ ਦੇ ਭਾਪੇ ਦੀ ਡੈੱਥ ਹੋ ਗਈ ... ਅੱਜ ਸਵੇਰੇ ... ਕਹਿੰਦੇ ਹਾਰਟ ਅਟੈਕ ਹੋਇਆ ਸੀ ... ਉਹ ਤਾਂ ਰੋਟੀ ਦਾ ਡੱਬਾ ਲੈ ਕੇ ਦਫਤਰ ਜਾਣ ਲੱਗਿਆ ਸੀ ... ਬੱਸ ਕਹਿੰਦੇ ਡੱਬਾ ਹੱਥ ਵਿੱਚ ਰਹਿ ਗਿਆ ... ਫੜਿਆ ਫੜਾਇਆ।”

ਪਾਲੇ ਨੇ ਰੇੜੀ ਇੱਕ ਪਾਸੇ ਲਾਈਸਾਰੀ ਰੇੜੀ ਨੂੰ ਤਰਪਾਲ ਪਾ ਕੇ ਚੰਗੀ ਤਰ੍ਹਾਂ ਢਕ ਦਿੱਤਾਉਹ ਹੌਲੀ ਹੌਲੀ ਗਲੀ ਦਾ ਮੌੜ ਮੁੜ ਕੇ ਬਾਰਾਂ ਨੰਬਰ ਵੱਲ ਤੁਰ ਪਿਆ

ਪਾਲਾ ਬਾਰਾਂ ਨੰਬਰ ਵਾਲੇ ਹਰਿੰਦਰ ਸਿੰਘ ਅੰਕਲ ਨੂੰ ਚੰਗੀ ਤਰ੍ਹਾਂ ਜਾਣਦਾ ਸੀਹਰਿੰਦਰ ਸਿੰਘ ਪਾਲੇ ਨੂੰ ਬੜੇ ਪਿਆਰ ਨਾਲ ਬੁਲਾਉਂਦਾ ਹੁੰਦਾ ਸੀਕਈ ਵਾਰ ਉਸ ਨੂੰ ਜ਼ਬਰਦਸਤੀ ਚਾਹ ਪਾਣੀ ਪਿਲਾ ਦਿੰਦਾਪਾਲੇ ਦਾ ਇਸ ਸਾਰੀ ਗਲੀ ਵਿੱਚ ਬੜਾ ਆਦਰ ਮਾਣ ਹੁੰਦਾ ਸੀਭਾਵੇਂ ਸਾਰੇ ਹੀ ਬਲਾਕ ਦੀਆਂ ਗਲੀਆਂ ਵਾਲੇ ਉਹਦਾ ਆਦਰ ਮਾਣ ਕਰਦੇ ਸਨ ਪਰ ਇਸ ਗਲੀ ਵਾਲਿਆਂ ਨਾਲ ਤਾਂ ਉਹਦਾ ਨਾਤਾ ਜਿਵੇਂ ਧੁਰੋਂ ਹੀ ਲਿਖਿਆ ਹੋਵੇ

ਹੁਣ ਪਾਲਾ ਸਾਰੇ ਲੋਕਾਂ ਵਿੱਚ ਬਾਰਾਂ ਨੰਬਰ ਮੂਹਰੇ ਖੜ੍ਹਾ ਸੀਉਹਨੇ ਦੋਵੇਂ ਹੱਥ ਜੋੜ ਕੇ ਹੇਠਾਂ ਨੂੰ ਕੀਤੇ ਹੋਏ ਸਨ

ਰੋਣ ਪਿੱਟਣ ... ਕੀਰਨੇ ... ਧਾਹਾਂ ... ਦੂਰ ਤਕ ਸੁਣ ਰਹੀਆਂ ਸਨਸਾਰਾ ਮੁਹੱਲਾ ਸੋਗ ਵਿੱਚ ਡੁੱਬਿਆ ਹੋਇਆ ਸੀ ਇੱਕ ਬੀਬੀ ਨੇ ਪਾਲੇ ਦੇ ਲਾਗੇ ਹੋ ਕੇ ਹੌਲੀ ਦੇਣੀ ਜਿਵੇਂ ਕੰਨ ਵਿੱਚ ਪੁੱਛਿਆ ਹੋਵੇ, “ਪਾਲੇ ਸਬਜ਼ੀ ਲਿਆਂਦੀ ਐ ...।”

ਪਾਲੇ ਨੇ ਪਲ ਦੀ ਪਲ ਉਸ ਬੀਬੀ ਵੱਲ ਦੇਖਿਆ, ਉਹ ਜਿਵੇਂ ‘ਨਹੀਂ’ ਕਹਿ ਰਿਹਾ ਹੋਵੇਉਸਦੀਆਂ ਅੱਖਾਂ ਨਮ ਸਨ

ਹੁਣ ਕਈ ਲੋਕ ਹਿੱਲਣ ਜੁੱਲਣ ਲੱਗੇਗਿਆਰਾਂ ਨੰਬਰ ਵਾਲਿਆਂ ਦਾ ਲੜਕਾ ਆਪਣਾ ਸਕੂਟਰ ਸਟਾਰਟ ਕਰਕੇ ਚਲਾ ਗਿਆਉਹ ਦਫ਼ਤਰੋਂ ਲੇਟ ਹੋ ਰਿਹਾ ਸੀਇਸੇ ਤਰ੍ਹਾਂ ਇੱਕ ਇਸਤਰੀ ਕਾਰ ਲੈ ਕੇ ਚਲੀ ਗਈਕਈ ਇਹ ਸਮਝਦੇ ਸਨ ਕਿ ਘਰ ਦਾ ਇੱਕ ਜੀਅ ਹੀ ਕਾਫ਼ੀ ਹੈਘਰ ਦੀ ਨੁਮਾਇੰਦਗੀ ਹੀ ਹੋਣੀ ਚਾਹੀਦੀ ਹੈ

ਰੋਣ ਧੋਣ, ਚੀਕ ਚਿਹਾੜੇ ਵਿੱਚ ਹੀ ਅਰਥੀ ਚੁੱਕੀ ਗਈਅਰਥੀ ਪਿੱਛੇ ਮਜਲ ਹੌਲੀ ਹੌਲੀ ਤੁਰ ਰਹੀ ਸੀਮਜਲ ਦੇ ਵਿਚਕਾਰ ਪਾਲਾ ਸਬਜ਼ੀ ਵਾਲਾ ਸਿਰ ਸੁੱਟੀਂ ਜਾ ਰਿਹਾ ਸੀਜਿਵੇਂ ਉਹਦਾ ਕੋਈ ਬਹੁਤ ਹੀ ਨੇੜਲਾ ਇਸ ਸੰਸਾਰ ਤੋਂ ਜਾ ਰਿਹਾ ਹੋਵੇ

ਦੋ ਤਿੰਨ ਦਿਨਾਂ ਮਗਰੋਂ ਪਾਲੇ ਦਾ ਹੋਕਾ ਸੁਣਾਈ ਦਿੱਤਾ, “ਮਟਰ, ਗੋਭੀ, ਗਾਜਰ, ਮੂਲੀ, ਸਾਗ ...।”

ਪਰ ਅੱਜ ਪਾਲੇ ਦਾ ਹੋਕਾ ਧੀਮਾ ਸੀਮੱਧਮਸੁਣਦਾ ਸੀ, ਨਹੀਂ ਵੀ ਸੀ ਸੁਣਦਾ

ਹੌਲੀ ਹੌਲੀ ਮੁਹੱਲੇ ਦੀਆਂ ਔਰਤਾਂ ਰੇਹੜੀ ਦੁਆਲੇ ਇਕੱਠੀਆਂ ਹੋਣ ਲੱਗੀਆਂਸਾਰੀਆਂ ਚੁੱਪ-ਚਾਪ ਅਤੇ ਗਹਿਰ ਗੰਭੀਰਇੱਕ ਦੂਜੀ ਨਾਲ ਹੌਲੀ ਹੌਲੀ ਬੋਲਦੀਆਂ

ਬਾਰਾਂ ਨੰਬਰ ਵਾਲੀ ਸਿਰ ’ਤੇ ਚਿੱਟੀ ਚੁੰਨੀ ਲਈਂ ਰੇਹੜੀ ਦੇ ਨੇੜੇ ਆਈਉਸ ਦੀਆਂ ਅੱਖਾਂ ਥੱਕੀਆਂ ਥੱਕੀਆਂ ਸਨਸਾਰੀਆਂ ਨੇ ਉਸ ਨੂੰ ਪਹਿਲੋਂ ਸਬਜ਼ੀ ਲੈਣ ਲਈ ਅੱਗੇ ਕੀਤਾਹੁਣ ਉਹ ਹੌਲੀ ਹੌਲੀ ਅੱਧੇ ਜਿਹੇ ਮਨ ਨਾਲ ਮਟਰ ਛਾਂਟ ਰਹੀ ਸੀਅੱਜ ਰੇਟ ਵੀ ਕਿਸੇ ਨੇ ਨਹੀਂ ਪੁੱਛਿਆਇਸ ਮਹੱਲੇ ਦੇ ਕਈ ਮਰਦ ਵੀ ਹੌਲੀ ਹੌਲੀ ਘਰਾਂ ਵਿੱਚੋਂ ਬਾਹਿਰ ਆ ਰਹੇ ਸਨ

ਬਾਰਾਂ ਨੰਬਰ ਵਾਲੀ ਨੇ ਸਬਜ਼ੀ ਦੇ ਸੌ ਰੁਪਏ ਪਾਲੇ ਵੱਲ ਵਧਾਏਪਰ ਪਾਲੇ ਨੇ ਨਾ ਫੜੇਉਸਦੇ ਬੁੱਲ੍ਹ ਫਰਕਣ ਲੱਗੇ, ਘਿੱਗੀ ਬੱਝ ਗਈ ਹੋਵੇ ਜਿਵੇਂਪਾਲੇ ਦੀਆਂ ਅੱਖਾਂ ਵਿੱਚੋਂ ਹੁਣ ਹੰਝੂ ਵਗ ਤੁਰੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2539)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਿਪੁਦਮਨ ਸਿੰਘ ਰੂਪ

ਰਿਪੁਦਮਨ ਸਿੰਘ ਰੂਪ

Mohali, Punjab, India.
Email: (ranjivansingh@gmail.com)

More articles from this author