RipudamanRoop7ਬਾਪੂ ਚੱਲ ਉੱਠ ... ਆਪਾਂ ਨੀ ਇਹਨਾਂ ਦੇ ਕੰਮ ਕਰਨਾ ... ਨਾਲੇ ਇਹਨਾਂ ਦੀਆਂ ਚਾਕਰੀਆਂ ਕਰੀਏ, ਨਾਲੇ ...?
(10 ਅਕਤੂਬਰ 2021)

1. ਮੈਂ ਹੀ ਮੈਂ

ਅੱਗ ਬੁਝਾਓ ਨਾ
ਹੋਰ ਮਚਾਓ
ਹੋਰ ਭੜਕਾਓ।
ਬੁਝਣ ਲੱਗੇ
ਤੇਲ ਪਾਓ
ਤੇਲ ਮੁੱਕੇ
ਪਟਰੌਲ ਪਾਓ।
ਅੱਗ ਨਾ ਬੁਝੇ
ਪਲ ਵੀ
ਭਾਂਬੜ ਵਾਲੋ
ਲਾਟਾਂ ਜਾਣ ਅਸਮਾਨੀਂ।
ਸਾੜਨਾ ਹੈ ਸੁਭ ਕੁਝ
ਕਰਨਾ ਹੈ ਸੁਆਹ
ਜੋ ਦਿਸਦੈ
ਧਰਤੀ ਉੱਤੇ
ਸਮੁੰਦਰ ਵਿਚ
ਅਸਮਾਨ ਉੱਤੇ
ਸਭ ਕਰਨੈ ਤਬਾਹ।

ਪਿੱਛੇ ਦੇਖੋ
ਬਹੁਤ ਪਿੱਛੇ
ਬਹੁਤ ਪਿੱਛੇ
ਪੱਥਰ ਯੁਗ ਤੋਂ ਵੀ ਪਿੱਛੇ।

ਤਰਨਾ ਹੈ ਕੱਛੂ ਦੀ ਚਾਲ
ਰੀਂਘਣਾ ਹੈ ਸੱਪ ਵਾਂਗ
ਫਿਰਨਾ ਹੈ ਨੰਗ-ਧੜੰਗੇ
ਪਹਿਲਾਂ ਵਾਂਗ।

ਇਹ ਲਿਖਣਾ ਪੜ੍ਹਨਾ
ਇਹ ਗਿਆਨ ਵਿਗਿਆਨ
ਨਾ ਆਉਂਦੈ ਕਿਸੇ ਕੰਮ।

ਸੁੱਟੋ ਸਮੁੰਦਰ ਵਿਚ
ਇਹ ਵੇਦ ਕਤੇਬ
ਇਹ ਕਿਤਾਬਾਂ।

ਮੇਰੇ ਵੱਲ ਦੇਖੋ
ਮੇਰੇ ਵੱਲ
ਸਿੱਧਾ ਮੇਰੇ ਵੱਲ
ਇੱਧਰ ਉੱਧਰ ਨਾ ਝਾਕੋ।

ਮੇਰੇ ਵਾਂਗ ਸੋਚੋ
ਮੇਰੇ ਵਾਂਗ ਵਿਚਰੋ
ਮੇਰੇ ਵਾਂਗ।

ਮੈਂ ਹਾਂ
ਬੱਸ ਮੈਂ
ਮੈਂ ਹੀ ਮੈਂ
ਮੈਂ ਹੀ ਮੈਂ।

***

2. ਜਿੰਨ

ਚਿਰਾਂ ਮਗਰੋਂ
ਬਹੁਤ ਲੰਮੇਂ ਸਮੇਂ ਮਗਰੋਂ
ਪੂੰਜੀ ਨੇ ਬੋਤਲ ਚੁੱਕੀ
ਜਿੰਨ ਵਾਲੀ ਬੋਤਲ।

ਪੂੰਜੀ ਨੇ ਬੜੇ ਠਾਠ ਨਾਲ
ਬੋਤਲ ਦਾ ਡੱਟ ਖੋਲ੍ਹਿਆ
ਡੱਟ ਖੁੱਲ੍ਹਦੇ ਸਾਰ
ਜਿੰਨ ਬਾਹਿਰ ਆਉਣ ਲੱਗਾ।

ਜਿੰਨ ਬਾਹਰ ਆਇਆ
ਬਹੁਤ ਵੱਡਾ ਕੱਦ-ਕਾਠ
ਲੰਮਾ-ਚੌੜਾ ਕੱਦ-ਕਾਠ
ਹੱਥ ਜੋੜ ਬੋਲਿਆ:

ਮੇਰੇ ਮਾਲਿਕ, ਮੇਰੇ ਆਕਾ
ਆਦੇਸ਼ ਦੇਵੋ, ਕੀ ਕਰਾਂ?
ਲੋੜ ਕੀ ਪੈ ਗਈ ਮੇਰੀ?
ਹੁਕਮ ਕਰੋ ਮੇਰੇ ਆਕਾ।

ਪੂੰਜੀ ਬੋਲੀ, ਸੰਸਾਰ ਪੂੰਜੀ
ਮੇਰਾ ਹਾਲ ਬਹੁਤ ਬੁਰਾ
ਚਾਰੇ ਪਾਸੇ ਮੇਰੇ ਵਿਰੁੱਧ
ਬਗ਼ਾਵਤਾਂ ਹੀ ਬਗ਼ਾਵਤਾਂ।

ਫਿਕਰ ਨਾ ਕਰੋ ਮੇਰੇ ਆਕਾ
ਦੱਸੋ ਮੈਂ ਕੀ ਕਰਾਂ?
ਕੀਹਨੂੰ ਖਾਵਾਂ, ਕੀਹਨੂੰ ਛੱਡਾਂ?
ਕੀਹਨੂੰ ਕਰਾਂ ਮਲੀਆਮੇਟ?

ਸੁਨਾਮੀ ਲਿਆਵਾਂ ਮੇਰੇ ਆਕਾ?
ਹੜ੍ਹਾਂ ਵਿੱਚ ਡੋਬਾਂ ਸੰਸਾਰ?
ਔੜ ਲਿਆਵਾਂ ਮੇਰੇ ਆਕਾ?
ਭੁੱਖਮਰੀ ਨਾਲ ਮਰੇ ਸੰਸਾਰ?

ਜੰਗਾਂ ਲਾਵਾਂ, ਅੱਗ ਵਰ੍ਹਾਵਾਂ?
ਲਪਟਾਂ ਵਿਚ ਸੜੇ ਸੰਸਾਰ?
ਜਾਤਾਂ-ਧਰਮਾਂ ਦੀਆਂ ਵੰਡੀਆਂ ਪਾਵਾਂ?
ਆਪਸ-ਵਿੱਚ ਲੜ ਮਰੇ ਸੰਸਾਰ?

ਪੂੰਜੀ ਪੂੰਜੀ ਕਰਨ ਸਾਰੇ
ਸਾਰੇ ਮੰਨਣ ਮੈਨੂੰ ਸਿਰਦਾਰ
ਸਾਰੇ ਝੁਕਣ ਮੇਰੇ ਅੱਗੇ
ਉੱਚਾ ਹੋਵੇ ਮੇਰਾ ਕਿਰਦਾਰ।

ਉੱਚਾ ਕਰਦੈਂ ਤੁਹਾਡਾ ਕੱਦ
ਥੋੜ੍ਹਾ ਉਡੀਕੋ ਮੇਰੀ ਸਰਕਾਰ
ਹਾਹਾਕਾਰ ਮਚਾ ਕੇ ਆਉਨੈ
ਆ ਕੇ ਦੱਸਦੈਂ ਮੇਰੀ ਸਰਕਾਰ

ਦੂਰੋਂ ਦਿਸਦੈ ਆਉਂਦਾ ਜਿੰਨ
ਲਗਦੈ ਜਿਵੇਂ ਬੜਾ ਪ੍ਰਸੰਨ
ਹੱਥ ਜੋੜਕੇ ਬੋਲਿਆ ਜਿੰਨ
ਕਰ’ਤਾ ਸਰਕਾਰ ਤੁਹਾਡਾ ਕੰਮ।

ਹਾਹਾਕਾਰ ਮਚਾ ਦਿੱਤੀ ਹੈ
ਤੜਪ ਰਿਹਾ ਹੈ ਕੁੱਲ ਸੰਸਾਰ
ਰੋਣ-ਪਿੱਟਣ ਚਾਰੇ ਪਾਸੇ
ਜੱਗ ਬਣਿਆ ਇੱਕ ਮਸਾਣ।

ਦਰਿਆਵਾਂ ਦੇ ਵਿਚ ਰੁੜ੍ਹਦੀਆਂ ਲਾਸ਼ਾਂ
ਗਿਰਝਾਂ ਕੁੱਤੇ ਜਿਹਨਾਂ ਨੂੰ ਖਾਣ
ਕਹਿੰਦੇ ‘ਬੰਦੇ ਦਾ ਬੰਦਾ ਦਾਰੂ’
ਝੂਠਾ ਕਰ’ਤਾ ਇਹ ਅਖਾਣ।

ਕੰਮਕਾਰ ਸਭ ਬੰਦ ਕਰ ਦਿੱਤੇ
ਭੁੱਖਮਰੀ ਲਏ ਪੈਰ ਪਸਾਰ।
ਬੱਚੇ ਰੁਲਦੇ ਪੈਰਾਂ ਦੇ ਵਿੱਚ
ਹਰ ਕੋਈ ਸਾਂਭੇ ਆਪਣੀ ਜਾਨ।

ਖੁੱਲ੍ਹਾ ਪਿਐ ਸਾਰਾ ਮੈਦਾਨ
ਸਾਂਭ ਲੈ ਹੁਣ ਮੇਰੀ ਸਰਕਾਰ
ਸੰਸਾਰ ਨੂੰ ਕਰ ਮੁੱਠੀ ਦੇ ਵਿੱਚ
ਬਣ ਦੁਨੀਆਂ ਦੀ ਤੂੰ ਸਿਰਦਾਰ।

***

ਮਿੰਨੀ ਕਹਾਣੀ: ਚਿੱਚੜ

ਪ੍ਰੇਮ ਸਿੰਘ ਆਪਣੇ ਵੱਡੇ ਭਰਾਵਾਂ ਵਰਗੇ ਪਰਮ ਮਿੱਤਰ ਨਿਰਮਲ ਸਿੰਘ ਦਾ ਬਹੁਤ ਸਤਿਕਾਰ ਕਰਦਾ ਸੀ ਕਿਉਂਕਿ ਨਿਰਮਲ ਸਿੰਘ ਫਿਲਮੀ ਜਗਤ ਦਾ ਵੱਡਾ ਨਾਂ ਸੀ। ਪਿਛਲੇ ਕੁਝ ਕੁ ਸਾਲਾਂ ਤੋਂ ਪ੍ਰੇਮ ਸਿੰਘ ਕੈਨੇਡਾ ਵਸ ਗਿਆ ਸੀ। ਇਸ ਵਾਰ ਇੰਡੀਆ ਆਉਣ ਵੇਲੇ ਉਹਨੇ ਸੋਚਿਆ ਕਿ ਆਪਣੇ ਪਰਮ ਮਿੱਤਰ ਲਈ ਕੋਈ ਗਿਫਟ ਲੈ ਕੇ ਆਵੇ।

ਇੰਡੀਆ ਪਹੁੰਚ ਕੇ ਇੱਕ ਦਿਨ ਉਹ ਆਪਣੇ ਮਿੱਤਰ ਨਿਰਮਲ ਸਿੰਘ ਨੂੰ ਮਿਲਣ ਗਿਆ। ਅੱਗੋਂ ਨਿਰਮਲ ਸਿੰਘ ਕੋਲ ਉਹਦਾ ਗੁਆਂਢੀ ਕਿਦਾਰ ਨਾਥ ਬੈਠਾ ਸੀ ਜੋ ਰਾਮ ਲੀਲਾ ਵਿੱਚ ਰੋਲ ਕਰਦਾ ਰਹਿੰਦਾ ਸੀ ਅਤੇ ਨਿਰਮਲ ਸਿੰਘ ਉਸ ਨੂੰ ਫਿਲਮਾਂ ਅਤੇ ਸੀਰੀਅਲਾਂ ਵਿੱਚ ਮਾੜੇ-ਮੋਟੇ ਰੋਲ ਦਿਵਾ ਦਿੰਦਾ ਸੀ। ਕਿਦਾਰ ਨਾਥ ਲਗਭਗ ਰੋਜ਼ ਹੀ ਸ਼ਾਮ ਨੂੰ ਨਿਰਮਲ ਸਿੰਘ ਕੋਲ ਆ ਬੈਠਦਾ ਸੀ, ਕਿਉਂਕਿ ਉਸ ਕੋਲ ਵੱਡੇ ਵੱਡੇ ਡਾਇਰੈਕਟਰ ਅਤੇ ਪ੍ਰੋਡਿਊਸਰ ਅਕਸਰ ਹੀ ਆਉਂਦੇ-ਜਾਂਦੇ ਰਹਿੰਦੇ ਸਨਕਿਦਾਰ ਨਾਥ ਜਤਾਉਣਾ ਚਾਹੁੰਦਾ ਸੀ ਕਿ ਉਹ ਨਿਰਮਲ ਸਿੰਘ ਦੇ ਜਿਵੇਂ ਘਰ ਦਾ ਹੀ ਬੰਦਾ ਹੋਵੇ। ਅੱਜ ਪ੍ਰੇਮ ਸਿੰਘ ਦੇ ਆਉਣ ਮਗਰੋਂ ਵੀ ਕਿਦਾਰ ਨਾਥ ਉੱਠਣ ਦਾ ਨਾਂਅ ਹੀ ਨਹੀਂ ਸੀ ਲੈ ਰਿਹਾ। ਪ੍ਰੇਮ ਸਿੰਘ ਗਿਫ਼ਟ ਤਾਂ ਨਿਰਮਲ ਸਿੰਘ ਇਕੱਲੇ ਹੁੰਦੇ ਨੂੰ ਹੀ ਦੇਣਾ ਚਾਹੁੰਦਾ ਸੀ ਪਰ ਕਿਦਾਰ ਨਾਥ ਤਾਂ ਜਿਵੇਂ ਚਿੱਚੜ ਹੀ ਬਣਿਆ ਬੈਠਾ ਸੀ ਅਤੇ ਹਰ ਗੱਲ ਵਿੱਚ ਦਖ਼ਲ ਦੇ ਰਿਹਾ ਸੀ। ਕੁਝ ਸਮੇਂ ਮਗਰੋਂ ਕਿਦਾਰ ਨਾਥ ਦਾ ਪੁੱਤਰ ਉਸ ਨੂੰ ਉਠਾਲ ਕੇ ਲੈ ਗਿਆ ਕਿਉਂਕਿ ਘਰ ਉਸ ਨੂੰ ਕੋਈ ਮਿਲਣ ਆਇਆ ਸੀ।

ਉਸ ਦੇ ਜਾਣ ਮਗਰੋਂ ਪ੍ਰੇਮ ਸਿੰਘ ਨੇ ਬੜੇ ਪ੍ਰੇਮ ਨਾਲ ਆਪਣੇ ਬੈਗ ਵਿੱਚੋਂ ਕੈਨੇਡਾ ਤੋਂ ਲਿਆਂਦੀ ਬਰਾਂਡੀ ਕੱਢੀ ਅਤੇ ਬੜੇ ਹੀ ਅਦਬ ਨਾਲ ਨਿਰਮਲ ਸਿੰਘ ਨੂੰ ਭੇਂਟ ਕਰਦਿਆਂ ਕਿਹਾ, “ਭਾਅ ਜੀ, ਇਹ ਕੈਨੇਡਾ ਦੀ ਸਭ ਤੋਂ ਵਧੀਆ ਬਰਾਂਡੀ ਹੈ। ਇਹਨੂੰ ਕਦੇ ਕਦੇ ਬਹੁਤੀ ਠੰਢ ਵਿੱਚ ਲੈਣਾ, ਐਵੇਂ ਦਵਾਈ ਵਾਂਗ ਕੋਸੇ ਪਾਣੀ ਨਾਲ ...ਬਹੁਤ ਗਰਮ ਹੈ, ਐਤਕੀਂ ਤੁਹਾਡਾ ਸਿਆਲ ਕਢਵਾ ਦੇਵੇਗੀ …

ਕੁਝ ਕੁ ਦਿਨਾਂ ਮਗਰੋਂ ਪ੍ਰੇਮ ਸਿੰਘ ਇੱਕ ਵਾਰ ਫਿਰ ਨਿਰਮਲ ਸਿੰਘ ਨੂੰ ਮਿਲਣ ਗਿਆ। ਨਿਰਮਲ ਸਿੰਘ ਅਤੇ ਕਿਦਾਰ ਨਾਥ ਬੈਠੇ ਬਰਾਂਡੀ ਪੀ ਰਹੇ ਹਨ। ਬੋਤਲ ਵਿੱਚ ਸਿਰਫ ਪਊਆ ਹੀ ਬਚਿਆ ਦੇਖ ਨਿਰਮਲ ਸਿੰਘ ਅਵਾਕ ਰਹਿ ਗਿਆ, “ਹੈਂ! ਐਨੀ ਗਰਮ ਬਰਾਂਡੀ ਦਿਨਾਂ ਵਿੱਚ ਹੀ ਨਿਪਟਾ ਦਿੱਤੀ।” ਕਿਦਾਰ ਨਾਥ ਚਾਂਬਲ ਚਾਂਬਲ ਤੁਤਲਾ ਰਿਹਾ ਸੀ, “ਪ੍ਰੇਮ ਸਿੰਘ … ਬਈ ਬਹੁਤ ਕਮਾਲ ਦੀ ਹੈ, ਤੁਹਾਡੀ ਆਹ ਕੈਨੇਡਾ ਵਾਲੀ ਬਰਾਂਡੀ … ਅਜਿਹੀ ਚੀਜ਼ ਲਿਆਇਆ ਕਰੋ ਕੈਨੇਡਾ ਤੋਂ। ਇੱਕ ਅੱਧੀ ਮੇਰੇ ਲਈ ਵੀ ਲਿਆਇਆ ਕਰੋ …

ਪ੍ਰੇਮ ਸਿੰਘ ਜਾਣਦਾ ਸੀ ਕਿ ਨਿਰਮਲ ਸਿੰਘ ਤਾਂ ਬਹੁਤ ਥੋੜ੍ਹੀ ਪੀਣ ਵਾਲਾ ਹੈ ਤੇ ਇਹ ਸਮਝਦਿਆਂ ਉਸ ਨੂੰ ਦੇਰ ਨਾ ਲੱਗੀ ਕਿ ਲਗਭਗ ਸਾਰੀ ਬਰਾਂਡੀ ਕਿਦਾਰ ਨਾਥ ਹੀ ਡਕਾਰ ਗਿਆ ਸੀ। ਅੱਜ ਪ੍ਰੇਮ ਸਿੰਘ ਆਪਣੇ ਨਾਲ ਇੱਕ ਵਧੀਆ ਰਮ ਦੀ ਬੋਤਲ ਨਿਰਮਲ ਸਿੰਘ ਨੂੰ ਦੇਣ ਲਈ ਲਿਆਇਆ ਸੀ। ਪਰ ਉਹਨੇ ਇਹ ਬੋਤਲ ਨਿਰਮਲ ਸਿੰਘ ਨੂੰ ਨਹੀਂ ਦਿੱਤੀ ਕਿਉਂਕਿ ਉਹ ਜਾਣ ਗਿਆ ਸੀ ਕਿ ਚਿੱਚੜ ਨਿਰਮਲ ਸਿੰਘ ਨੂੰ ਹਰ ਸ਼ਾਮ ਹੀ ਚਿੰਬੜ ਜਾਂਦਾ ਹੈ ਅਤੇ ਇਹ ਰਮ ਵੀ ਸੁੜ੍ਹਾਕ ਜਾਵੇਗਾ।

***

ਮਿੰਨੀ ਕਹਾਣੀ: ਖੁਰਪਾ

ਜਾਗਰ ਦਾ ਪਰਿਵਾਰ ਤਿੰਨ-ਚਾਰ ਪੁਸ਼ਤਾਂ ਤੋਂ ਜਸਵੰਤ ਸਿੰਘ ਦੇ ਖੇਤਾਂ ਵਿਚ ਕੰਮ ਕਰਵਾਉਂਦਾ ਆ ਰਿਹਾ ਸੀ। ਲਗਭਗ ਖੇਤੀ ਦਾ ਸਾਰਾ ਕੰਮ ਉਹੀ ਕਰਦੇ ਸਨ। ਬੀਜਣ ਤੋਂ ਲੈ ਕੇ ਵੱਢਣ ਤੱਕ ਜਾਗਰ ਹੋਰਾਂ ਦੀ ਜ਼ਿੰਮੇਵਾਰੀ ਸੀ। ਡੰਗਰਾਂ ਨੂੰ ਸੰਭਾਲਣਾ, ਕੱਖ-ਕੰਡਾ ਪਾਉਣਾ, ਮੱਝਾਂ ਨੂੰ ਨੁਹਾਉਣਾ, ਸਭ ਕੁਝ ਜਾਗਰ ਦਾ ਪਰਿਵਾਰ ਹੀ ਕਰਦਾ ਸੀ। ਜਾਗਰ ਦੀ ਮਾਂ, ਜਾਗਰ ਦੀ ਭਰਜਾਈ ਜਸਵੰਤ ਸਿੰਘ ਦੀਆਂ ਘਰ ਦੀਆਂ ਔਰਤਾਂ ਨਾਲ ਕੰਮ ਕਰਵਾਉਂਦੀਆਂ ਸਨ।

ਅੱਜ ਵੀ ਜਾਗਰ ਆਪਣੇ ਬਾਪੂ ਨਾਲ ਜਸਵੰਤ ਹੋਰਾਂ ਦੀ ਮੱਕੀ ਗੁੱਡ ਰਿਹਾ ਸੀ। ਜਸਵੰਤ ਸਿੰਘ ਐਧਰ-ਓਧਰ ਫਿਰਦਾ ਘੜੀ-ਮੁੜੀ ਗੁੱਡਦਿਆਂ ਦੀ ਨਿਗਰਾਨੀ ਕਰਨਾ ਆ ਜਾਂਦਾ ਸੀ। ਜਾਗਰ ਤੋਂ ਗੁੱਡਦਿਆਂ ਗੁੱਡਦਿਆਂ ਕਿਤੇ ਮੱਕੀ ਦਾ ਬੂਟਾ ਵੱਢਿਆ ਗਿਆ। ਜਸਵੰਤ ਸਿੰਘ ਸਿਰ ਉੱਤੇ ਖੜ੍ਹਾ ਸੀ। ਉਹ ਜਾਗਰ ਨੂੰ ਗਾਹਲਾਂ ਕੱਢਣ ਲੱਗ ਪਿਆ। ਜਾਗਰ ਨੇ ਕਿਹਾ, “ਚਾਚਾ ਜੀ, ਗ਼ਲਤੀ ਨਾਲ ਬੂਟਾ ਕੱਟਿਆ ਗਿਆ ... ਮੈਂ ਦੇਖਿਆ ਨਹੀਂ ਸੀ।”

ਪਰ ਜਸਵੰਤ ਸਿੰਘ ਅਬਾ-ਤਬਾ ਬੋਲੀ ਗਿਆ। ਬਾਰ੍ਹਾਂ ਤੇਰ੍ਹਾਂ ਸਾਲਾਂ ਦੇ ਜਾਗਰ ਨੂੰ ਗੁੱਸਾ ਆਉਣ ਲੱਗਿਆ। ਉਸ ਤੋਂ ਹੁਣ ਜਸਵੰਤ ਸਿੰਘ ਦੀਆਂ ਗਾਲ੍ਹਾਂ ਬਰਦਾਸ਼ਤ ਨਹੀਂ ਹੋ ਰਹੀਆਂ ਸਨ।

“ਚੱਕ ਆਪਣਾ ਖੁਰਪਾ ...” ਜਾਗਰ ਨੇ ਗੁੱਸੇ ਵਿਚ ਖੁਰਪਾ ਵਗਾਹ ਕੇ ਪਰੇ ਮਾਰਿਆ। ਖੁਰਪਾ ਬੁੜ੍ਹਕ ਕੇ ਦੂਰ ਜਾ ਪਿਆ। ਜਾਗਰ ਉੱਠਿਆ, “ਬਾਪੂ ਚੱਲ ਉੱਠ ... ਆਪਾਂ ਨੀ ਇਹਨਾਂ ਦੇ ਕੰਮ ਕਰਨਾ ... ਨਾਲੇ ਇਹਨਾਂ ਦੀਆਂ ਚਾਕਰੀਆਂ ਕਰੀਏ, ਨਾਲੇ ਗਾਲ੍ਹਾਂ ਖਾਈਏ? ... ਚੱਲ ਉੱਠ ਬਾਪੂ ... ਚੱਲ ਚੱਲੀਏ

ਜਸਵੰਤ ਸਿੰਘ ਡੌਰ-ਭੌਰ ਹੋਇਆ ਐੇਧਰ-ਓਧਰ ਝਾਕਣ ਲੱਗਾ। ਦੂਰ ਪਿਆ ਖੁਰਪਾ ਜਿਵੇਂ ਜਸਵੰਤ ਸਿੰਘ ਨੂੰ ਵੰਗਾਰ ਰਿਹਾ ਸੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3070)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਰਿਪੁਦਮਨ ਸਿੰਘ ਰੂਪ

ਰਿਪੁਦਮਨ ਸਿੰਘ ਰੂਪ

Mohali, Punjab, India.
Email: (ranjivansingh@gmail.com)

More articles from this author