RipudamanRoop7“ਇਹਨਾਂ ਨੂੰ ਕਿਉਂ ਤਕਲੀਫ਼ ਦੇਣੀ ਐਂ ਪ੍ਰਿੰਸੀਪਲ ਸਾਹਿਬ? ਅਸੀਂ ਦੋਵਾਂ ਨੇ ...”
(16 ਸਤੰਬਰ 2020)

 

ਗੁਰਦੇਵ ਸਿੰਘ ਆਪਣੀ ਰਿਟਾਇਰਮੈਂਟ ਦੇ ਮਗਰੋਂ ਸਾਰੇ ਕੰਮ ਛੱਡ-ਛੱਡਾ ਕੇ ਬੜੇ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਸੀਬਹੁਤਾ ਕਰ ਲਿਆ, ਪੋਤੇ ਪੋਤੀਆਂ ਨੂੰ ਵੇਲੇ-ਕੁਵੇਲੇ ਸਕੂਲ ਛੱਡ ਆਇਆਪੈਨਸ਼ਨਰਜ਼ ਯੂਨੀਅਨ ਜਾਂ ਸਿਟੀਜ਼ਨ ਵੈੱਲਫੇਅਰ ਕੌਂਸਲ ਦੀਆਂ ਮੀਟਿੰਗਾਂ ਵਿੱਚ ਜਾ ਆਇਆਲਾਇਬਰੇਰੀ ਜਾ ਆਇਆ ਉੱਥੋਂ ਕੋਈ ਕਿਤਾਬ ਕੱਢਵਾ ਲਿਆਇਆਸਵੇਰੇ ਸ਼ਾਮ ਸੈਰ ਕਰ ਲਈਅਜਿਹੇ ਰੁਝੇਵਿਆਂ ਨਾਲ ਉਹ ਆਪਣਾ ਸਮਾਂ ਚੰਗਾ ਲੰਘਾ ਰਿਹਾ ਸੀ

ਇੱਕ ਦਿਨ ਅਚਾਨਕ ਗੁਰਦੇਵ ਸਿੰਘ ਨੂੰ ਦੋ ਜਣੇ ਮਿਲਣ ਆਏਦੋਵੇਂ ਪਤੀ ਪਤਨੀ ਸਨਪਤਨੀ ਸਕੂਲ ਸਿੱਖਿਆ ਬੋਰਡ ਵਿੱਚ ਅਫਸਰ ਸੀਪਤੀ ਸੈਕਟਰੀਏਟ ਵਿੱਚ ਕਿਸੇ ਵਿਭਾਗ ਵਿੱਚ ਡਿਪਟੀ ਸੈਕਟਰੀਇਹ ਜੋੜੀ ਪਹਿਲੋਂ ਵੀ ਗੁਰਦੇਵ ਸਿੰਘ ਨੂੰ ਅਤੇ ਉਹਦੇ ਪਰਿਵਾਰ ਦੇ ਬਾਕੀ ਜੀਆਂ ਨੂੰ ਮਿਲਦੀ ਮਿਲਾਉਂਦੀ ਰਹਿੰਦੀ ਸੀ ਪਰ ਅੱਜ ਚਾਹ ਪਾਣੀ ਪੀਂਦਿਆਂ ਉਸ ਜੋੜੀ ਨੇ ਗੁਰਦੇਵ ਸਿੰਘ ਨਾਲ ਉਸ ਦੀ ਵਿਹਲ ਬਾਰੇ ਗੱਲਾਂ ਸ਼ੁਰੂ ਕਰ ਲਈਆਂਪਤਨੀ ਨੇ ਪੁੱਛਿਆ, “ਅੰਕਲ ਤੁਸੀਂ ਅੱਜ ਕੱਲ੍ਹ ਹੋਰ ਕੀ ਕਰਦੇ ਹੁੰਦੇ ਓ, ... ਰੀਟਾਇਰਮੈਂਟ ਮਗਰੋਂ, ਵਿਹਲੇ ਸਮੇਂ ਵਿਚ ... ?”

“ਬੀਬੀ, ਬੱਸ ਕਿਤਾਬਾਂ-ਕਤੂਬਾਂ ਪੜ੍ਹ ਲਈਦੀਆਂ ਨੇ ... ਲਾਇਬਰੇਰੀ ਜਾ ਆਈਦੈਅਖ਼ਬਾਰ ਦੇਖ ਲਈਦੇ ਨੇ ...ਸੈਰ ਕਰ ਲਈਦੀ ਹੈ ... ਬੱਸ ਲੰਘੀ ਜਾਂਦਾ ਹੈ ਸਮਾਂ ...

“ਅੰਕਲ ਤੁਸੀਂ ਕਿਹੜੀ ਪੋਸਟ ਤੋਂ ਰਿਟਾਇਰ ਹੋਏ ਸੀ ਭਲਾ ...।” ਪਤੀ ਨੇ ਪੁੱਛਿਆ

“ਮੈਂ ਬੇਟਾ ਲੈਕਚਰਾਰ ਸੀ ਪੰਜਾਬੀ ਦਾ, ਸੀਨੀਅਰ ਸੈਕੰਡਰੀ ਸਕੂਲ ਵਿਚ।”

“ਅੱਛਿਆ, ਸਾਨੂੰ ਨਹੀਂ ਸੀ ਪਤਾ ... ਫੇਰ ਤਾਂ ਤੁਸੀਂ ਐੱਮ.ਏ. ਪਾਸ ਹੋ।” ਪਤਨੀ ਬੋਲੀ

“ਮੈਂ ਬੀਬਾ ਜੀ ਐੱਮ.ਏ. ਐੱਮ.ਐਡ. ਪਾਸ ਕੀਤੀ ਹੋਈ ਹੈਬਹੁਤ ਚਿਰ ਪਹਿਲਾਂ ਮੈਂ ਗਿਆਨੀ ਪਾਸ ਕਰ ਲਈ ਸੀ ... ਜਦੋਂ ਮੈਂ ਜੇ.ਬੀ.ਟੀ. ਸਾਂਮੇਰੀ ਭਾਈ ਨੌਕਰੀ ਉਨਤਾਲੀ ਸਾਲ ਦੋ ਮਹੀਨੇ ਦੀ ਹੈਮੈਂ ਦਸਵੀਂ ਪਾਸ ਅਨਟਰੇਂਡ ਪ੍ਰਾਇਮਰੀ ਅਧਿਆਪਕ ਲੱਗਿਆ ਸਾਂ 1955 ’ਚਸਾਰੀ ਪੜ੍ਹਾਈ ਮੈਂ ਸਰਵਿਸ ਦੌਰਾਨ ਹੀ ਕੀਤੀ ਹੈਪ੍ਰਾਰਈਵੇਟਹਾਂ ... ਬੀ.ਐੱਡ ਜ਼ਰੂਰ ਦਾਖਿਲ ਹੋ ਕੇ ਪਟਿਆਲੇ ਕੀਤੀ ਸੀ ਐੱਮ.ਐੱਡ ਡਾਕ ਰਾਹੀਂ ਸ਼ਿਮਲਾ ਯੂਨੀਵਰਸਿਟੀ ਤੋਂ ਕੀਤੀ ਸੀ।” ਪਤੀ ਪਤਨੀ ਦੇ ਘੋਖ ਘੋਖ ਪੁੱਛਣ ਉੱਤੇ ਜਿਵੇਂ ਉਹਨੇ ਇੱਕੋ ਵਾਰ ਗੱਲ ਮੁਕਾ ਦਿੱਤੀ ਹੋਵੇ

“ਧੰਨ ਹੋ ਤੁਸੀਂ ਅੰਕਲ, ਤੁਸੀਂ ਯੂਨੀਅਨਾਂ ਵਿੱਚ ਵੀ ਕੰਮ ਕਰਦੇ ਰਹੇ ... ਜੇਲਾਂ-ਜੂਲਾਂ ਵਿੱਚ ਵੀ ਜਾਂਦੇ ਰਹੇਫੇਰ ਵੀ ਇੰਨਾ ਪੜ੍ਹ ਗਏ ...।” ਪਤੀ ਹੈਰਾਨ ਸੀ

“ਭਾਈ ਸਾਰੇ ਕੰਮ ਵਿੱਚੇ ਚੱਲੀ ਜਾਂਦੇ ਹੁੰਦੇ ਨੇ, ਬੰਦੇ ਦਾ ਇਰਾਦਾ ਹੋਵੇ ਬੱਸ ... ਸਭ ਕੰਮ ਹੋਈ ਜਾਂਦੇ ਨੇ ...।”

ਪਤਨੀ ਨੇ ਹੁਣ ਗੰਭੀਰ ਹੋ ਕੇ ਗੱਲ ਕਰਨੀ ਸ਼ੁਰੂ ਕੀਤੀ, “ਅੰਕਲ ਜੀ ਮੈਂ ... ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦੀ ਹਾਂ ਕਿ ਤੁਸੀਂ ਸਕੂਲ ਬੋਰਡ ਵੱਲੋਂ ਕਰਵਾਏ ਜਾਂਦੇ ਸਕੂਲਾਂ ਦੇ ਮੁਕਾਬਲਿਆਂ ਵਿੱਚ ਜੱਜ ਨਿਯੁਕਤ ਹੋ ਜਾਇਆ ਕਰੋ। ਵਿਸ਼ੇਸ਼ ਤੌਰ ’ਤੇ ਪੰਜਾਬ ਪੱਧਰ ਦੇ ਮੁਕਾਬਲਿਆਂ ਦੇ ...।”

“ਮੇਰੀ ਬੀਬਾ ਇਹਨਾਂ ਕੰਮਾਂ ਵਿੱਚ ਦਿਲਚਸਪੀ ਨਹੀਂ। ਦਰਅਸਲ ਮੈਂ ਕਈਆਂ ਦੇ ਕਹਿਣ-ਕਹਾਉਣ ਉੱਤੇ ਪਰਚੇ ਵੀ ਚੈੱਕ ਕੀਤੇ ਹਨ, ਇਮਤਿਹਾਨਾਂ ਵਿੱਚ ਦੋ ਚਾਰ ਵਾਰ ਸੁਪਰਟੈਂਡੈਂਟ ਵੀ ਲੱਗਿਆ ਹਾਂ ਪਰ ਮੈਂਨੂੰ ਇਹ ਕੰਮ ਚੰਗੇ ਨਹੀਂ ਲਗਦੇ। ਐਵੇਂ ਵਾਧੂ ਜਿਹੇ ਕੰਮ ਨੇ ਇਹ ...।” ਗੁਰਦੇਵ ਸਿੰਘ ਨੇ ਬੇਵਸੀ ਜ਼ਾਹਿਰ ਕੀਤੀ

ਅਸਲ ਵਿੱਚ ਗੁਰਦੇਵ ਸਿੰਘ ਨੂੰ ਇਹਨਾਂ ਕੰਮਾਂ ਦੇ ਬੜੇ ਕੌੜੇ ਤਜਰਬੇ ਸਨਇੱਕ ਵਾਰ ਜਦੋਂ ਉਸ ਨੂੰ ਅੱਸਵਿਆਂ ਵਿੱਚ ਅਤਿਵਾਦ ਦੇ ਦੌਰ ਵਿੱਚ ਇਸ ਸ਼ਹਿਰ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਿੱਖਿਆ ਬੋਰਡ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਬੇਨਤੀ ਕਰਕੇ ਸੁਪਰਟੈਂਡੈਂਟ ਲਾਇਆ ਗਿਆ ਸੀ ਤਾਂ ਔਖੇ ਵੇਲੇ ਕੋਈ ਨੇੜੇ ਨਹੀਂ ਸੀ ਖੜ੍ਹਿਆਉਸ ਵੇਲੇ ਉਸ ਇਕੱਲੇ ਨੇ ਹੀ ਅਤਿਵਾਦੀਆਂ ਨਾਲ ਨਿਪਟਿਆ ਸੀ ਤੇ ਮਸਾਂ ਕੰਮ ਸਿਰੇ ਲਾਇਆ ਸੀਇਸੇ ਤਰ੍ਹਾਂ ਇੱਕ ਹੋਰ ਪ੍ਰਾਈਵੇਟ ਸਕੂਲ ਵਾਲਿਆਂ ਨੂੰ ਇਮਤਿਹਾਨਾਂ ਵਿੱਚ ਡਿਊਟੀ ਕਰ ਰਹੇ ਸਟਾਫ ਨੂੰ ਪਾਰਟੀਆਂ ਕਰਨ ਤੋਂ ਮਸੀਨ ਵਰਜਿਆ ਸੀ ਤੇ ਸਟਾਫ ਉਸ ਤੋਂ ਅੱਡ ਔਖਾ ਹੋਇਆ ਪਿਆ ਸੀ

ਗੁਰਦੇਵ ਸਿੰਘ ਨੂੰ ਸੋਚੀਂ ਪਿਆ ਦੇਖ ਕੇ ਪਤਨੀ ਬੋਲੀ, “ਚਲੋ ਅੰਕਲ ਜੀ, ਐਂ ਕਰੋ, ਮੇਰੇ ਕਹੇ ਤੋਂ ਤੁਸੀਂ ਪੰਜਾਬ ਪੱਧਰ ਦੇ ਲਿਖਣ, ਗਿੱਧੇ, ਭੰਗੜੇ, ਨਾਟਕਾਂ ਆਦਿ ਦੇ ਜੱਜ ਬਣ ਜਾਇਆ ਕਰੋ। ਸਾਨੂੰ ਤੁਹਾਡੇ ਵਰਗੇ ਸਤਿਕਾਰਯੋਗ ਬੰਦਿਆਂ ਦੀ ਬਹੁਤ ਲੋੜ ਹੈ। ਸਾਡੇ ਕੋਲ ਤਾਂ ਉੱਪਰੋਂ ਲੋਕ ਸਿਫ਼ਾਰਸ਼ਾਂ ਪਵਾਉਂਦੇ ਨੇ ਇਹਨਾਂ ਕੰਮਾਂ ਲਈ।” ਪਤਨੀ ਨੇ ਜਿਵੇਂ ਅੰਕਲ ਨੂੰ ਅਰਜੋਈ ਕੀਤੀ ਹੋਵੇ

“ਚੰਗਾ ਭਾਈ, ਜਿਵੇਂ ਤੁਸੀਂ ਕਹਿੰਦੇ ਹੋ, ਇਹ ਵੀ ਕਰਕੇ ਦੇਖ ਲਵਾਂਗਾ ... ਪਰ ਰੱਖਿਓ ਮੈਂਨੂੰ ਆਪਣੇ ਸ਼ਹਿਰ ਵਿੱਚ ਹੀ, ਬਾਹਰ ਨਹੀਂ ਮੈਂ ਕਿਤੇ ਜਾ ਸਕਦਾ ...।” ਗੁਰਦੇਵ ਸਿੰਘ ਮੰਨ ਗਿਆ

ਛੇ ਕੁ ਮਹੀਨੇ ਮਗਰੋਂ ਗੁਰਦੇਵ ਸਿੰਘ ਨੂੰ ਇੱਕ ਪਬਲਿਕ ਸਕੂਲ ਵਿੱਚ ਲੇਖ ਲਿਖਣ ਦੇ ਮੁਕਾਬਲਿਆਂ ਦਾ ਜੱਜ ਨਿਯੁਕਤ ਕੀਤਾ ਗਿਆਗੁਰਦੇਵ ਸਿੰਘ ਸਮੇਂ ਸਿਰ ਸਕੂਲ ਪਹੁੰਚ ਗਿਆਉੱਥੋਂ ਦਾ ਪ੍ਰਿੰਸੀਪਲ ਗੁਰਦੇਵ ਸਿੰਘ ਨੂੰ ਝੁਕ ਝੁਕ ਮਿਲੇਸਾਰੇ ਸਟਾਫ ਨੂੰ ਮਿਲਾਵੇਇੱਕ ਹੋਰ ਜੱਜ ਆਇਆ ਬੈਠਾ ਸੀ, ਜਿਸ ਨੂੰ ਗੁਰਦੇਵ ਸਿੰਘ ਪਹਿਲੋਂ ਹੀ ਜਾਣਦਾ ਸੀਇਹ ਇੱਕ ਲੇਖਕ ਸੀ, ਕਹਾਣੀਆਂ ਨਾਵਲ ਲਿਖਦਾ ਸੀਪ੍ਰਿੰਸੀਪਲ ਦੇ ਇਸ਼ਾਰੇ ਉੱਤੇ ਸਟਾਫ ਉਹਨਾਂ ਦੋਵਾਂ ਦੀ ਆਓ ਭਗਤ ਕਰ ਰਿਹਾ ਸੀ, ਡਰਾਈ ਫਰੂਟ, ਬਰਫ਼ੀ, ਪਕੌੜਿਆਂ ਆਦਿ ਨਾਲ

ਪੰਜਾਬ ਪੱਧਰ ਦੇ ਸਕੂਲਾਂ ਵਿੱਚੋਂ ਚੁਣ ਕੇ ਆਏ ਵਿਦਿਆਰਥੀਆਂ ਨਾਲ ਉਹਨਾਂ ਦੇ ਸਕੂਲਾਂ ਦੇ ਅਧਿਆਪਕ ਵੀ ਸਨਉਹ ਵੀ ਦੂਰੋਂ ਹੱਥ ਜੋੜ ਕੇ ਉਹਨਾਂ ਦਾ ਸਤਿਕਾਰ ਕਰ ਰਹੇ ਸਨ

ਬਲੈਕ ਬੋਰਡ ਉੱਤੇ ਲੇਖ ਦੇ ਵਿਸ਼ੇ ਬਾਰੇ ਲਿਖਿਆ ਗਿਆ, ਜਿਸ ਬਾਰੇ ਲੇਖ ਲਿਖਿਆ ਜਾਣਾ ਸੀਬੱਚੇ ਬੜੇ ਹੌਸਲੇ ਨਾਲ ਲੇਖ ਲਿਖ ਰਹੇ ਸਨ ਵਿਸ਼ੇ ਉੱਤੇ ਲੇਖ ਲਿਖਣ ਮਗਰੋਂ ਦੋਵਾਂ ਜੱਜਾਂ ਨੇ ਪੇਪਰ ਚੈੱਕ ਕੀਤੇਪ੍ਰਿੰਸੀਪਲ ਨੇ ਕਿਹਾ, “ਸਰ, ਸਕੂਲ ਬੋਰਡ ਵੱਲੋਂ ਇਹ ਸਰ ਆਏ ਹਨ, ਇਹੋ ਤੁਹਾਡੇ ਲਾਏ ਨੰਬਰਾਂ ਦੀ ਔਸਤ ਕੱਢ ਕੇ ਨਤੀਜਾ ਸੁਣਾਉਣਗੇ, ਫਸਟ, ਸੈਕਿੰਡ ਅਤੇ ਥਰਡ।” ਦੋਵਾਂ ਨੇ ਪ੍ਰਿੰਸੀਪਲ ਦੇ ਕਹੇ ਅਨੁਸਾਰ ਉਸ ਨੂੰ ਪੇਪਰ ਅਤੇ ਲਿਸਟਾਂ ਫੜਾ ਦਿੱਤੀਆਂ

ਅੱਧੇ ਕੁ ਘੰਟੇ ਮਗਰੋਂ ਬੋਰਡ ਵੱਲੋਂ ਆਏ ਵਿਅਕਤੀ ਨੇ ਪੇਪਰਾਂ ਤੇ ਨੰਬਰਾਂ ਦੀ ਘੋਖ ਕਰਨ ਮਗਰੋਂ ਨਤੀਜਾ ਐਲਾਨ ਦਿੱਤਾਜਿਸ ਸਕੂਲ ਵਿੱਚ ਮੁਕਾਬਲਾ ਹੋ ਰਿਹਾ ਸੀ, ਉਸੇ ਸਕੂਲ ਦਾ ਵਿਦਿਆਰਥੀ ਫਸਟ ਆਇਆ ਸੀਸੈਕਿੰਡ ਅਤੇ ਥਰਡ ਵੀ ਇਸੇ ਸ਼ਹਿਰ ਦੇ ਦੋ ਪਬਲਿਕ ਸਕੂਲਾਂ ਦੇ ਵਿਦਿਆਰਥੀ ਸਨ

ਗੁਰਦੇਵ ਸਿੰਘ ਨੂੰ ਗੱਲ ਜਚ ਨਹੀਂ ਰਹੀ ਸੀਦੋਵਾਂ ਜੱਜਾਂ ਨੂੰ ਆਪ ਹੀ ਸਲਾਹ ਕਰਕੇ ਨਤੀਜਾ ਕੱਢਣਾ ਚਾਹੀਦਾ ਸੀਇਹ ਬੋਰਡ ਦਾ ਬੰਦਾ ਕਿੱਥੋਂ ਆ ਗਿਆ? ਪਰ ਹੁਣ ਕੀ ਕੀਤਾ ਜਾਵੇਨਤੀਜਾ ਤਾਂ ਐਲਾਨਿਆ ਜਾ ਚੁੱਕਾ ਸੀ ਪਰ ਇਸ ਸਾਰੇ ਕਾਸੇ ਵਿੱਚ ਗੁਰਦੇਵ ਸਿੰਘ ਨੂੰ ਘਾਲਾ-ਮਾਲਾ ਲੱਗ ਰਿਹਾ ਸੀ

ਅਗਲੇ ਸਾਲ ਫਿਰ ਗੁਰਦੇਵ ਸਿੰਘ ਨੂੰ ਕਿਸੇ ਹੋਰ ਪਬਲਿਕ ਸਕੂਲ ਵਿੱਚ ਸੂਬਾ ਪੱਧਰੀ ਮੁਕਾਬਲਿਆਂ ਲਈ ਨਿਯੁਕਤੀ ਪੱਤਰ ਆ ਗਿਆਐਤਕੀਂ ਉਸ ਨੇ ਗਿੱਧਾ, ਭੰਗੜਾ ਅਤੇ ਨਾਟਕ ਆਦਿ ਦੀ ਜਜਮੈਂਟ ਕਰਨੀ ਸੀਭਾਵ ਇਹ ਸੱਭਿਆਚਾਰਕ ਪ੍ਰੋਗਰਾਮਾਂ ਦੇ ਮੁਕਾਬਲੇ ਸਨਇਹ ਮੁਕਾਬਲੇ ਦੋ ਦਿਨ ਚਲਣੇ ਸਨ

ਜਦੋਂ ਗੁਰਦੇਵ ਸਿੰਘ ਪਹਿਲੇ ਦਿਨ ਉਸ ਸਕੂਲ ਵਿੱਚ ਪਹੁੰਚਿਆ ਤਾਂ ਗੇਟ ਤੋਂ ਸਕੂਲ ਦਾ ਵਾਈਸ ਪ੍ਰਿੰਸੀਪਲ ਆਪ ਲੈ ਕੇ ਗਿਆਪ੍ਰਿੰਸੀਪਲ ਦੇ ਦਫਤਰ ਵਿੱਚ ਗਿਆ ਤਾਂ ਪ੍ਰਿੰਸੀਪਲ ਚੀਮਾ ਗੁਰਦੇਵ ਸਿੰਘ ਨੂੰ ਦੇਖਦੇ ਸਾਰ ਹੱਥ ਜੋੜ ਕੇ ਉੱਠ ਕੇ ਮਿਲਿਆਦੂਜਾ ਜੱਜ ਪਹਿਲੋਂ ਹੀ ਉੱਥੇ ਆਇਆ ਬੈਠਾ ਸੀਦੂਜੇ ਜੱਜ ਨੂੰ ਗੁਰਦੇਵ ਸਿੰਘ ਪਹਿਲੋਂ ਹੀ ਜਾਣਦਾ ਸੀਪ੍ਰਿੰਸੀਪਲ ਨੇ ਗੁਰਦੇਵ ਸਿੰਘ ਅੱਗੇ ਡਰਾਈ ਫਰੂਟ ਕੀਤੇਬਦਾਮ, ਕਾਜੂ, ਸੌਗੀ, ਪਿਸਤਾਗੁਰਦੇਵ ਸਿੰਘ ਨੇ ਸ਼ਿਸ਼ਟਾਚਾਰ ਵਜੋਂ ਇੱਕ ਕਾਜੂ ਮੂੰਹ ਵਿੱਚ ਪਾ ਲਿਆਹੁਣ ਪ੍ਰਿੰਸੀਪਲ ਦੋਵਾਂ ਜੱਜਾਂ ਨੂੰ ਆਪਣਾ ਸਕੂਲ ਦਿਖਾਉਣ ਨਾਲ ਲੈ ਤੁਰਿਆਤਿੰਨ ਚਾਰ ਮੰਜ਼ਲਾਂ ਵਿੱਚ ਕਮਰੇ ਸਨ, ਅਰਧ-ਗੋਲ ਚੱਕਰ ਵਿੱਚਫੇਰ ਪ੍ਰਿੰਸੀਪਲ ਗੁਰਦੇਵ ਸਿੰਘ ਹੋਰਾਂ ਨੂੰ ਲਿਫਟ ਰਾਹੀਂ ਉੱਪਰ ਬਣੇ ਹਾਲ ਵਿੱਚ ਲੈ ਗਿਆਬਹੁਤ ਖੁੱਲ੍ਹਾ-ਡੁੱਲ੍ਹਾ ਹਾਲ ਸੀਬੜੀ ਵਧੀਆ ਸਟੇਜ, ਲਾਈਟਾਂ,ਸਾਊਂਡ ਸਿਸਟਮਪੰਜ ਸੌ ਕੁਰਸੀਆਂ ਲੱਗੀਆਂ ਹੋਈਆਂ ਸਨਪ੍ਰਿੰਸੀਪਲ ਨੂੰ ਇੱਕ ਫ਼ੋਨ ਆਇਆਉਹ ਫੋ਼ਨ ਉੱਤੇ ਕਹਿ ਰਹੇ ਸਨ, “ਫ਼ਿਕਰ ਨਾ ਕਰੋ, ਜੱਜ ਸਾਹਿਬਾਨ ਮੇਰੇ ਨਾਲ ਹਨਇਹਨਾਂ ਨੂੰ ਸਕੂਲ ਦਾ ਚੱਕਰ ਮਰਵਾ ਰਿਹਾ ਹਾਂ, ਫ਼ਿਕਰ ਨਾ ਕਰੋ ... ਅਸੀਂ ਹੁਣੇ ਆ ਰਹੇ ਹਾਂਤੁਸੀਂ ਸਾਰੀ ਤਿਆਰੀ ਕਰ ਲਵੋਸਾਊਂਡ ਸਿਸਟਮ ਫਿੱਟ ਕਰ ਲਵੋ ... ਅਸੀਂ ਬੱਸ ਸਮਝੋ ਆ ਰਹੇ ਹਾਂ।”

ਗੁਰਦੇਵ ਸਿੰਘ ਅਤੇ ਦੂਜਾ ਜੱਜ, ਪ੍ਰਿੰਸੀਪਲ ਚੀਮਾ ਦੇ ਨਾਲ ਨਾਲ ਤੁਰੇ ਜਾ ਰਹੇ ਸਨ, ਉਸ ਖੁੱਲ੍ਹੀ ਸਟੇਜ ਵੱਲ ਜਿੱਥੇ ਸਭਿਆਚਾਰਕ ਮੁਕਾਬਲੇ ਹੋਣੇ ਸਨਅੱਗੇ ਮੈਡਮਾਂ ਹੱਥਾਂ ਵਿੱਚ ਬੁੱਕੇ ਲਈ ਖੜ੍ਹੀਆਂ ਸਨ, ਜੱਜਾਂ ਦੇ ਸਤਿਕਾਰ ਲਈਪ੍ਰਿੰਸੀਪਲ ਨੇ ਮਾਈਕ ਫੜਕੇ ਦੋਵਾਂ ਜੱਜਾਂ ਦੀ ਤਾਰੀਫ਼ ਕੀਤੀਵਿਸ਼ੇਸ਼ ਕਰਕੇ ਗੁਰਦੇਵ ਸਿੰਘ ਨੂੰ ਸ਼ਹਿਰ ਦੇ ਉੱਘੇ ਅਤੇ ਸਤਿਕਾਰਯੋਗ ਵਿਅਕਤੀ ਦੱਸਿਆਫੇਰ ਉਹਨਾਂ ਦੋਵਾਂ ਜੱਜਾਂ ਨੂੰ ਅੱਡ ਅੱਡ ਬਿਠਾਇਆ ਗਿਆ, ਦੂਰ ਦੂਰਗੁਰਦੇਵ ਸਿੰਘ ਨੂੰ ਇੱਕ ਕੰਧ ਨਾਲਦੂਜੇ ਜੱਜ ਨੂੰ ਵੀ ਇੱਕ ਹੋਰ ਪਰੇ ਸੋਫ਼ੇ ਉੱਤੇਆਲੇ-ਦੁਆਲੇ ਵਿਦਿਆਰਥੀ, ਵਿਦਿਆਰਥਣਾਂ ਬੈਠੀਆਂ ਸਨਬੱਚੇ ਉੱਚੀ ਉੱਚੀ ਗੱਲੀਂ ਲੱਗੇ ਹੋਏ ਸਨਉਹਨਾਂ ਦੀ ਆਵਾਜਾਂ ਦੀ ਭਿਨਭਿਨਾਹਟ ਚਾਰੇ ਪਾਸੇ ਫੈਲੀ ਹੋਈ ਸੀਮਾਹੌਲ ਵਿੱਚ ਗਰਮਜੋਸ਼ੀ ਅਤੇ ਉਤਸ਼ਾਹ ਡੁੱਲ੍ਹ-ਡੁੱਲ੍ਹ ਪੈ ਰਿਹਾ ਸੀਜੱਜਾਂ ਦੀ ਸੇਵਾ ਵਿੱਚ ਮੈਡਮਾਂ ਅਤੇ ਪੀਅਨ ਲੱਗੇ ਹੋਏ ਸਨਉਹਨਾਂ ਅੱਗੇ ਡਰਾਈ ਫਰੂਟ, ਚਾਹ, ਕਾਫ਼ੀ, ਪਨੀਰ ਪਕੌੜੇ ਆਦਿ ਰੱਖ ਰਹੇ ਸਨ

ਅੱਜ ਪਹਿਲੇ ਦਿਨ ਭੰਗੜੇ ਦਾ ਮੁਕਾਬਲਾ ਹੋਣ ਜਾ ਰਿਹਾ ਸੀਸਾਰੇ ਪੰਜਾਬ ਦੇ ਜ਼ਿਲ੍ਹਿਆਂ ਅਤੇ ਜ਼ੋਨਾਂ ਵਿੱਚੋਂ ਚੁਣ ਕੇ ਟੀਮਾਂ ਆਈਆਂ ਹੋਈਆਂ ਸਨਪਰ ਗੁਰਦੇਵ ਸਿੰਘ ਬਹੁਤ ਪ੍ਰੇਸ਼ਾਨ ਸੀਇਹ ਕੀ ਹੋ ਰਿਹਾ ਹੈ? ਜੱਜ ਸਦਾ ਦੂਰ ਦੂਰ ਕਿਉਂ ਬਿਠਾਏ ਜਾਂਦੇ ਹਨ? ਜੱਜ ਤਾਂ ਇਕੱਠੇ ਬਿਠਾਏ ਜਾਂਦੇ ਹਨ ਤਾਂਕਿ ਉਹ ਸਲਾਹ ਮਸ਼ਵਰਾ ਕਰ ਸਕਣਗੁਰਦੇਵ ਸਿੰਘ ਨੂੰ ਪ੍ਰਿੰਸੀਪਲ ਨੇ ਦੋ ਬੰਦਿਆਂ ਨੂੰ ਮਿਲਾਉਂਦਿਆਂ ਕਿਹਾ, “ਜਨਾਬ, ਇਹ ਸੱਜਣ ਬੋਰਡ ਵੱਲੋਂ ਆਏ ਹਨਨਿਗਰਾਨੀ ਲਈ ...।”

“ਨਿਗਰਾਨੀ? ਨਿਗਰਾਨੀ ਕਾਹਦੀ? ਜੱਜਾਂ ਉੱਤੇ ਨਿਗਰਾਨੀ? ਮੈਂ ਸਮਝਿਆ ਨਹੀਂ?” ਗੁਰਦੇਵ ਸਿੰਘ ਨੇ ਜਿਵੇਂ ਕੋਰਾ ਹੁੰਦਿਆਂ ਪੁੱਛਿਆ

“ਇਹ ਇਸੇ ਤਰ੍ਹਾਂ ਹੀ ਹੁੰਦਾ ਹੈ ਜੀ।” ਦੋਵੇਂ ਸੱਜਣ ਇਕੱਠੇ ਬੋਲੇ

“ਦਿਖਾਓ ਆਪਣੇ ਨਿਯੁਕਤੀ ਪੱਤਰ? ਇਹ ਤਾਂ ਮੈਂ ਪਹਿਲੀ ਵਾਰ ਦੇਖਿਐ, ਜੱਜਾਂ ਉੱਤੇ ਨਿਗਰਾਨੀ?” ਅੱਜ ਗੁਰਦੇਵ ਸਿੰਘ ਜਿਵੇਂ ਆਪਣੀ ਆਈ ਉੱਤੇ ਆਇਆ ਹੋਇਆ ਸੀਅਸਲ ਵਿੱਚ ਉਸ ਨੂੰ ਜਿਵੇਂ ਪਹਿਲੋਂ ਹੀ ਖਟਕ ਗਈ ਹੋਵੇ

“ਦੇਖੋ ਸਰ, ਸਾਨੂੰ ਬੋਰਡ ਵੱਲੋਂ ਹੀ ਭੇਜਿਆ ਗਿਆ ਹੈ। ਐਵੇਂ ਥੋੜੋ ਅਸੀਂ ਆ ਸਕਦੇ ਹਾਂ? ਆਪਣੀ ਡਿਊਟੀ ਛੱਡ ਕੇ?” ਉਹ ਦੋਵੇਂ ਜਿਵੇਂ ਇਕੱਠੇ ਹੀ ਬੋਲੇ ਹੋਣ

ਪ੍ਰਿੰਸੀਪਲ ਚੀਮਾ ਨੇ ਢੰਗ ਨਾਲ ਗੱਲ ਬੋਚਦਿਆਂ ਕਿਹਾ, “ਗੁਰਦੇਵ ਸਿੰਘ ਜੀ ਇਹ ਦੋਵੇਂ ਪੀ.ਐੱਚ.ਡੀ. ਹਨਬੋਰਡ ਵਿੱਚ ਦੋਵੇਂ ਵਿਸ਼ਾ ਮਾਹਿਰ ਲੱਗੇ ਹੋਏ ਹਨ, ਜ਼ਿੰਮੇਵਾਰ ਬੰਦੇ ਨੇ ... ਤੁਸੀਂ ਫ਼ਿਕਰ ਨਾ ਕਰੋ, ਇਹਨਾਂ ਦੀ ਜ਼ਿੰਮੇਵਾਰੀ ਮੇਰੀ ਹੈ, ਬੱਸ ...।”

“ਅਸੀਂ ਜੀ, ਤੁਹਾਨੂੰ ਬਹੁਤ ਚਿਰ ਤੋਂ ਜਾਣਦੇ ਹਾਂ ਗੁਰਦੇਵ ਜੀ ... ਤੁਸੀਂ ਕਈ ਵਾਰ ਬੋਰਡ ਦੇ ਕਰਮਚਾਰੀਆਂ ਦੀ ਰੈਲੀਆਂ ਨੂੰ ਸੰਬੋਧਨ ਕਰਕੇ ਗਏ ਹੋਸਾਡੇ ਪਿੰਡ ਵੀ ਦੋਵਾਂ ਦੇ ਇੱਥੋਂ ਨੇੜੇ ਹੀ ਹਨ ਜੀ ... ਇਹਨਾਂ ਦਾ ਮਨੌਲੀ, ਮੇਰਾ ਚੁੰਨ੍ਹੀ ਕਲਾਂ ...।” ਉਹਨਾਂ ਵਿੱਚੋਂ ਇੱਕ ਜਣਾ ਬੋਲ ਰਿਹਾ ਸੀ

“ਕੋਈ ਨੀ, ਕੋਈ ਨੀ, ... ਫਿਰੋ ਤੁਰੋ ਤੁਸੀਂ ਵੀ ਐਥੇ ... ਸਾਨੂੰ ਕੋਈ ਇਤਰਾਜ਼ ਨਹੀਂ ... ਦੇਖੋ ਤੁਸੀਂ ਮੁਕਾਬਲੇ ਹੁੰਦੇ।” ਗੁਰਦੇਵ ਸਿੰਘ ਨੇ ਗੱਲ ਮੁਕਾਉਂਦਿਆਂ ਕਿਹਾ

ਦੂਜਾ ਜੱਜ ਵੀ ਗੱਲਾਂ ਹੁੰਦੀਆਂ ਦੇਖ ਕੇ ਕੋਲ ਆ ਗਿਆਉਸ ਨੇ ਗੁਰਦੇਵ ਸਿੰਘ ਦੀ ਗੱਲ ਦੀ ਹਾਮੀ ਭਰੀਗੁਰਦੇਵ ਸਿੰਘ ਅਤੇ ਇਸ ਜੱਜ ਨੇ ਪਟਿਆਲੇ ਇਕੱਠਿਆਂ ਬੀ.ਐੱਡ. ਕੀਤੀ ਸੀਗੁਰਦੇਵ ਸਿੰਘ ਕਾਲਜ ਵਿੱਚ ਬਣੀ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਸੀ ਅਤੇ ਇਹ ਜੱਜ ਸ਼ਮਸ਼ੇਰ ਸਿੰਘ ਉਸ ਦੀ ਐਗਜ਼ੈਕਟਿਵ ਦਾ ਮੈਂਬਰਉਹਨੇ ਕਾਲਜ ਵਿੱਚ ਵੀ ਦੇਖਿਆ ਸੀ ਕਿ ਗੁਰਦੇਵ ਸਿੰਘ ਆਪਣੇ ਅਸੂਲਾਂ ਤੋਂ ਮੁੜਨ ਵਾਲਾ ਨਹੀਂ ਹੈਸ਼ਮਸ਼ੇਰ ਸਿੰਘ ਸਾਊ, ਧੀਮਾ ਬੋਲਣ ਵਾਲਾ ਸੀਅੱਜ ਕੱਲ੍ਹ ਇਹਦੀਆਂ ਲਿਖਤਾਂ ਪੰਜਾਬੀ ਦੇ ਰਿਸਾਲਿਆਂ ਅਤੇ ਅਖ਼ਬਾਰਾਂ ਵਿੱਚ ਛਪਦੀਆਂ ਸਨਉਹ ਭਾਵੇਂ ਧੀਮੇ ਮਿਜਾਜ਼ ਦਾ ਸੀ ਪਰ ਸੱਚ ਨਾਲ ਡਟ ਕੇ ਖੜ੍ਹ ਜਾਂਦਾ ਸੀ

ਇੱਕ ਮੈਡਮ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਾਈਕ ਉੱਤੇ ਅਨਾਉਂਸ ਕੀਤਾ ਕਿ ਭੰਗੜੇ ਦੀ ਟੀਮ ਸਟੇਜ ਉੱਤੇ ਆ ਜਾਵੇਢੋਲ ਦਾ ਡੱਗਾ ਵੱਜਿਆਭੰਗੜੇ ਦੇ ਕਲਾਕਾਰਾਂ ਨੇ ਹੱਥਾਂ ਵਿੱਚ ਡਾਂਗਾਂ ਫੜੀਆਂ ਹੋਈਆਂ ਸਨ ਅਤੇ ਲੱਗੇ ਹੁਣ ਵਾਰੋ ਵਾਰੀ ਉਹ ਆਪਣੇ ਕਰਤਵ ਦਿਖਾਉਣ

ਮੈਡਮਾਂ ਦੋਵਾਂ ਜੱਜਾਂ ਅੱਗੇ ਡਰਾਈ ਫਰੂਟ ਅਤੇ ਪਕੌੜੇ ਆਦਿ ਰੱਖ ਰਹੀਆਂ ਸਨਇੱਕ ਪਲੇਟ ਵਿੱਚ ਕਾਜੂ ਬਰਫ਼ੀ ਵੀ ਆ ਗਈ ਸੀਕਾਫ਼ੀ ਦਾ ਕੱਪ ਜੱਜਾਂ ਕੋਲ ਪਿਆ ਹੀ ਰਹਿੰਦਾ ਸੀਕਦੇ ਕਦੇ ਉਹ ਮੂੰਹ ਹਿਲਾਉਣ ਖ਼ਾਤਰ ਭੁੱਜੇ ਹੋਏ ਕਾਜੂ ਦਾ ਦਾਣਾ ਚੁੱਕ ਕੇ ਮੂੰਹ ਵਿੱਚ ਪਾ ਲੈਂਦੇ ਜਾਂ ਕਾਫ਼ੀ ਦੀਆਂ ਚੁਸਕੀਆਂ ਲੈਂਦੇਹੁਣ ਸਾਰਾ ਮਾਹੌਲ ਹੀ ਬਹੁਤ ਰੰਗੀਨ ਬਣਿਆ ਹੋਇਆ ਸੀਢੋਲ ਦੇ ਡੱਗੇ ਉੱਤੇ ਜਵਾਨ ਨੱਚ ਰਹੇ ਸਨਮੁੰਡੇ ਕੁੜੀਆਂ ਤਾੜੀਆਂ ਮਾਰ ਮਾਰ ਭੰਗੜੇ ਵਾਲਿਆਂ ਦਾ ਹੌਸਲਾ ਵਧਾ ਰਹੇ ਸਨ

ਇੱਕ ਪੀ.ਐੱਚ.ਡੀ. ਪਾਸ ਵਿਸ਼ਾ ਮਾਹਿਰ ਗੁਰਦੇਵ ਸਿੰਘ ਕੋਲ ਆ ਕੇ ਕੰਨ ਵਿੱਚ ਕਹਿਣ ਲੱਗਾ, “ਸਰ, ਪ੍ਰਿੰਸੀਪਲ ਸਾਹਿਬ ਨੇ ਕਿਹੈ ਕਿ ਤੁਸੀਂ ਸ਼ਾਮ ਨੂੰ ਸੱਤ ਕੁ ਵਜੇ ਤਾਜ ਹੋਟਲ ਵਿੱਚ ਪਹੁੰਚ ਜਾਣਾ, ਉੱਥੇ ਆਪਾਂ ਬੈਠਾਂਗੇਆਪਣੇ ਨਾਲ ਆਪਣਾ ਕੋਈ ਦੋਸਤ-ਮਿੱਤਰ ਵੀ ਲੈਂਦੇ ਆਉਣਾ।”

ਗੁਰਦੇਵ ਸਿੰਘ ਨੇ ਉੇਸ ਵੱਲ ਦੇਖਕੇ ਮੁਸਕਰਾਉਂਦਿਆਂ ਕਿਹਾ, “ਕੋਈ ਨੀ, ... ਦੇਖਾਂਗੇ ਡਾਕਟਰ ਸਾਹਿਬ। ਪਹਿਲਾਂ ਆਹ ਕੰਮ ਨਿਪਟਾ ਲਈਏ।”

ਹੁਣ ਸਾਰੇ ਜ਼ੋਨਾਂ ਵਿੱਚੋਂ ਆਈਆਂ ਟੀਮਾਂ ਦੇ ਭੰਗੜੇ ਖ਼ਤਮ ਹੋ ਚੁੱਕੇ ਸਨਇਸ ਸ਼ਹਿਰ ਦੇ ਜ਼ੋਨ ਦੀ ਪ੍ਰਤੀਨਿਧਤਾ ਇਸੇ ਸਕੂਲ ਦੀ ਭੰਗੜੇ ਦੀ ਟੀਮ ਕਰ ਰਹੀ ਸੀਹੁਣ ਸਾਰਾ ਮਾਹੌਲ ਹੀ ਨਤੀਜਾ ਉਡੀਕ ਰਿਹਾ ਸੀਘੁਸਰ-ਮੁਸਰ ਹੋ ਰਹੀ ਸੀਦੋਵੇਂ ਜੱਜ ਨਤੀਜਾ ਕੱਢਣ ਲਈ ਨੇੜੇ-ਨੇੜੇ ਆਏਉੇਸੇ ਵੇਲੇ ਪ੍ਰਿੰਸੀਪਲ ਚੀਮਾ ਅਤੇ ਸਿੱਖਿਆ ਬੋਰਡ ਦੇ ਦੋਵੇਂ ਕਰਮਚਾਰੀ ਵੀ ਨੇੜੇ ਆ ਗਏਪ੍ਰਿੰਸੀਪਲ ਨੇ ਕਿਹਾ, “ਗੁਰਦੇਵ ਸਿੰਘ ਜੀ, ਲਿਆਓ ਤੁਸੀਂ ਆਪਣੇ ਆਪਣੇ ਲਾਏ ਨੰਬਰਾਂ ਦੀ ਕਾਪੀ। ਆਪਾਂ ਇਹ ਬੋਰਡ ਵਾਲਿਆਂ ਨੂੰ ਦੇ ਦੇਈਏ ਤਾਂਕਿ ਇਹ ਨਤੀਜਾ ਕੱਢ ਦੇਣ।" ਪ੍ਰਿੰਸੀਪਲ ਬੜੇ ਹੀ ਸਲੀਕੇ ਨਾਲ ਗੱਲ ਕਰ ਰਿਹਾ ਸੀ

ਗੁਰਦੇਵ ਸਿੰਘ ਬੋਲਿਆ, “ਆਪਾਂ ਨੇ ਇਹਨਾਂ ਨੂੰ ਕਿਉਂ ਤਕਲੀਫ਼ ਦੇਣੀ ਐਂ ਪ੍ਰਿੰਸੀਪਲ ਸਾਹਿਬ? ਅਸੀਂ ਦੋਵਾਂ ਨੇ ਪਰੇ ਸੋਫ਼ੇ ਉੱਤੇ ਬੈਠ ਕੇ ਨਤੀਜਾ ਕੱਢ ਦੇਣੈਅਨਾਉਂਸ ਵੀ ਅਸੀਂ ਆਪ ਹੀ ਕਰ ਦੇਵਾਂਗੇ। ...ਠੀਕ ਐ ਨਾ ਪ੍ਰਿੰਸੀਪਲ ਸਾਹਿਬ।”

“ਅਨਾਊਂਸ ... ਅਨਾਊਂਸ ਤਾਂ ...” ਪ੍ਰਿੰਸੀਪਲ ਥਿੜਕ ਥਿੜਕ ਬੋਲ ਰਿਹਾ ਸੀਅਸਲ ਵਿੱਚ ਉਸ ਨੂੰ ਪਤਾ ਸੀ ਕਿ ਗੁਰਦੇਵ ਸਿੰਘ ਛੇਤੀ ਮੰਨਣ ਵਾਲਾ ਨਹੀਂ ਹੈ

“ਹਾਂ, ਹਾਂ, ਚੀਮਾ ਸਾਹਿਬ ... ਅਨਾਉਂਸ ਵੀ ਅਸੀਂ ਕਰ ਦਿਆਂਗੇ। ਜੱਜ ਹੀ ਅਨਾਉਂਸ ਕਰਦੇ ਸ਼ੋਭਦੇ ਨੇ ...।” ਗੁਰਦੇਵ ਸਿੰਘ ਨੇ ਜਿਵੇਂ ਠੋਕ ਕੇ ਗੱਲ ਕੀਤੀ ਹੋਵੇ

ਕੋਈ ਚਾਰਾ ਚਲਦਾ ਨਾ ਦੇਖ ਕੇ ਪ੍ਰਿੰਸੀਪਲ ਚੀਮਾ ਅਤੇ ਦੋਵੇਂ ਉਹ ਪੀ.ਐੱਚ.ਡੀ. ਕਰਮਚਾਰੀ ਪੈਰ ਮਲਦੇ ਮਲਦੇ ਪਰੇ ਨੂੰ ਚਲੇ ਗਏ ਅਤੇ ਇੱਕ ਵੱਖਰੇ ਰੱਖੇ ਸੋਫ਼ੇ ਉੱਤੇ ਬੈਠ ਗਏ

ਦੋਵੇਂ ਜੱਜ ਇੱਕ ਸੁਰ ਸਨਗੁਰਦੇਵ ਸਿੰਘ ਇਹਨਾਂ ਪ੍ਰਾਈਵੇਟ ਸਕੂਲ ਵਾਲਿਆਂ ਦੀਆਂ ਆਪਹੁਦਰੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀਪਿੱਛੇ ਜਿਹੇ ਇਸੇ ਸਕੂਲ ਬਾਰੇ ਖ਼ਬਰ ਛਪੀ ਸੀ ਕਿ ਇੱਕ ਵਿਦਿਆਰਥੀ ਨੂੰ ਦੋ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਅਖੇ ਇਸ ਨੇ ਮੋਟਰ ਸਾਈਕਲ ਚਲਾਉਣ ਵੇਲੇ ਹੈਲਮੈਟ ਕਿਉਂ ਨਹੀਂ ਪਾਈ ਸੀ? ਭਲਾ ਹੈਲਮਟ ਨਾ ਪਾਉਣ ਦਾ ਚਲਾਨ ਪੁਲਿਸ ਨੇ ਕਰਨਾ ਹੁੰਦਾ ਹੈ ਕਿ ਸਕੂਲ ਦੇ ਪ੍ਰਿੰਸੀਪਲ ਨੇ? ਬਹਾਨੇ ਬਹਾਨੇ ਬੱਚਿਆਂ ਤੋਂ ਪੈਸੇ ਬਟੋਰੇ ਜਾਂਦੇ ਸਨਐਵੇਂ ਤਾਂ ਨਹੀਂ ਕਨਾਲ ਦੀ ਕੋਠੀ ਵਿੱਚ ਕਿਰਾਏ ਉੱਤੇ ਚਲਦਾ ਸਕੂਲ ਐਡੇ ਵੱਡੇ ਸਕੂਲ ਦੇ ਰੂਪ ਵਿੱਚ ਬਦਲ ਗਿਆ ਸੀ?

ਦੋਵਾਂ ਜੱਜਾਂ ਨੇ ਨਤੀਜਾ ਕੱਢਿਆਗੁਰਦੇਵ ਸਿੰਘ ਨੇ ਨਾਲ ਦੇ ਜੱਜ ਸ਼ਮਸ਼ੇਰ ਸਿੰਘ ਨੂੰ ਕਿਹਾ, “ਲਓ ਸ਼ਮਸ਼ੇਰ ਜੀ, ਤੁਸੀਂ ਸੁਣਾਓ ਨਤੀਜਾ ... ਜਾਓ ਸਟੇਜ ਉੱਤੇ ...।”

“ਓ ਨਹੀਂ ਜੀ ... ਨਹੀਂ ... ਭਲਾ ਮੈਂ ਥੋਡੇ ਹੁੰਦਿਆਂ ਨਤੀਜਾ ਕੱਢ ਸਕਦਾ ਹਾਂ? ਤੁਸੀਂ ਹੀ ਸਜਦੇ ਹੋ ਅਨਾਊਂਸ ਕਰਦੇ ... ਉਂਝ ਵੀ ਤੁਸੀਂ ਸਾਡੇ ਲੀਡਰ ਹੋ।” ਸ਼ਮਸ਼ੇਰ ਸਿੰਘ ਨੇ ਗੁਰਦੇਵ ਸਿੰਘ ਨੂੰ ਬਾਂਹ ਤੋਂ ਫੜਕੇ ਸਟੇਜ ਵੱਲ ਕੀਤਾ

ਗੁਰਦੇਵ ਸਿੰਘ ਨਤੀਜਾ ਲੈ ਕੇ ਮਾਈਕ ਸਾਹਮਣੇ ਚਲਾ ਗਿਆਸਾਰੇ ਮਾਹੌਲ ਵਿੱਚ ਹਿਲਜੁਲ ਹੋਈਸਾਰਾ ਸਟਾਫ ਅਤੇ ਵਿਦਿਆਰਥੀ ਸਾਹ ਰੋਕੀ ਨਤੀਜਾ ਉਡੀਕ ਰਹੇ ਸਨ

ਸਭ ਤੋਂ ਪਹਿਲਾਂ ਗੁਰਦੇਵ ਸਿੰਘ ਨੇ ਪ੍ਰਿੰਸੀਪਲ ਅਤੇ ਸਟਾਫ ਦਾ ਧੰਨਵਾਦ ਕੀਤਾ, ਚੰਗਾ ਬੰਦੋਬਸਤ ਕਰਨ ਲਈਫਿਰ ਉਸ ਨੇ ਪ੍ਰਿੰਸੀਪਲ ਚੀਮਾ ਨੂੰ ਆਪਣੇ ਕੋਲ ਸਟੇਜ ਉੱਤੇ ਬੁਲਾਇਆਪ੍ਰਿੰਸੀਪਲ ਚੀਮਾ ਦੇ ਮੋਢੇ ਉੱਤੇ ਹੱਥ ਰੱਖ ਕੇ ਕਿਹਾ ਕਿ ਕਿਵੇਂ ਇਹਨਾਂ ਸਖ਼ਤ ਮਿਹਨਤ ਅਤੇ ਲਗਨ ਨਾਲ ਸਕੂਲ ਨੂੰ ਇੱਥੋਂ ਤਕ ਪਹੁੰਚਾਇਆ ਹੈਜਿਉਂ ਜਿਉਂ ਗੁਰਦੇਵ ਸਿੰਘ ਪ੍ਰਿੰਸੀਪਲ ਦੀਆਂ ਸਿਫ਼ਤਾਂ ਕਰ ਰਿਹਾ ਸੀ, ਉਵੇਂ ਉਵੇਂ ਪ੍ਰਿੰਸੀਪਲ ਦਾ ਚਿਹਰਾ ਹੋਰ ਸਾਊ ਅਤੇ ਸੰਜੀਦਾ ਬਣਦਾ ਜਾ ਰਿਹਾ ਸੀ ਪਰ ਨਾਲ ਹੀ ਚਿਹਰੇ ਉੱਪਰ ਹਲਕੀ ਤ੍ਰੇਲੀ ਵੀ ਝਲਕ ਰਹੀ ਸੀਹੁਣ ਗੁਰਦੇਵ ਨੇ ਆਪਣੇ ਸਾਥੀ ਜੱਜ ਸ਼ਮਸ਼ੇਰ ਸਿੰਘ ਦੀ ਤਾਰੀਫ਼ ਕੀਤੀਉਸ ਬਾਰੇ ਦੱਸਿਆ ਕਿ ਇਹ ਪੰਜਾਬੀ ਵਾਰਤਕ ਦੇ ਪ੍ਰਸਿੱਧ ਲੇਖਕ ਹਨਅਖ਼ਬਾਰਾਂ ਰਿਸਾਲਿਆਂ ਵਿੱਚ ਛਪਦੇ ਨੇਇਹਨਾਂ ਦੀ ਸ਼ੈਲੀ ਬਿਲਕੁਲ ਪੰਜਾਬੀ ਦੇ ਸਿਰਮੌਰ ਲੇਖਕ ਗੁਰਬਖ਼ਸ ਸਿੰਘ ਪ੍ਰਤੀਲੜੀ ਵਰਗੀ ਹੈਜਦੋਂ ਸਾਰਾ ਮਾਹੌਲ ਗੁਰਦੇਵ ਸਿੰਘ ਨੇ ਬੰਨ੍ਹ ਲਿਆ ਤਾਂ ਉਸ ਨੇ ਪ੍ਰਿੰਸੀਪਲ ਨੂੰ ਆਪਣੀ ਥਾਂ ਬੈਠਣ ਲਈ ਕਿਹਾ

ਹੁਣ ਗੁਰਦੇਵ ਸਿੰਘ ਬੜੇ ਹੀ ਵਿਸ਼ਵਾਸ ਨਾਲ ਨਤੀਜਾ ਅਨਾਊਂਸ ਕਰਨ ਲੱਗਾ ਸਭ ਤੋਂ ਪਹਿਲਾਂ ਗੁਰਦੇਵ ਸਿੰਘ ਨੇ ਤੀਜੇ ਨੰਬਰ ਉੱਤੇ ਆਈ ਟੀਮ ਦਾ ਨਾਂ ਬੋਲਿਆਤੀਜੇ ਨੰਬਰ ਉੱਤੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੀ ਟੀਮ ਦੇ ਆਉਣ ਬਾਰੇ ਦੱਸਿਆਹੇਠੋਂ ਤਾੜੀ ਵੱਜੀਪਰ ਬਹੁਤੀ ਨਹੀਂ

ਦੂਜੇ ਨੰਬਰ ਉੱਤੇ ਆਈ ਟੀਮ ਜ਼ਿਲ੍ਹਾ ਮਾਨਸਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਪੁਰ ਦਾ ਨਾਂ ਬੋਲਿਆ ਗਿਆਹੁਣ ਵੀ ਤਾੜੀ ਬਹੁਤੀ ਨਹੀਂ ਵੱਜੀਲਗਦਾ ਸੀ ਜਿਵੇਂ ਬਾਹਰੋਂ ਆਈਆਂ ਟੀਮਾਂ ਨੇ ਹੀ ਤਾੜੀਆਂ ਮਾਰੀਆਂ ਹੋਣ

ਹੁਣ ਫਸਟ ਆਈ ਟੀਮ ਬਾਰੇ ਜਾਨਣ ਲਈ ਸਭ ਉਤਾਵਲੇ ਸਨਸਾਰੇ ਸਟਾਫ ਅਤੇ ਪ੍ਰਿੰਸੀਪਲ ਦੇ ਚਿਹਰਿਆਂ ਉੱਤੇ ਬੇਚੈਨੀ ਸਾਫ਼ ਦਿਸ ਰਹੀ ਸੀਪਹਿਲੇ ਅਨਾਊਂਸ ਕੀਤੇ ਦੋ ਨਤੀਜਿਆਂ ਨੂੰ ਦੇਖਣ ਨਾਲ ਉਹਨਾਂ ਦੇ ਦਿਲ ਬੈਠ ਰਹੇ ਸਨਗੁਰਦੇਵ ਸਿੰਘ ਨੇ ਇੱਕ ਉਤੇਜਿਤ ਮਾਹੌਲ ਸਿਰਜਣ ਮਗਰੋਂ ਹੌਲੀ ਜਿਹੀ ਬੋਲਿਆ, “ਅੱਜ ਦੇ ਭੰਗੜੇ ਦੇ ਹੋਏ ਮੁਕਾਬਲਿਆਂ ਵਿੱਚ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲਾਣਾ ਦੀ ਟੀਮ ਫਸਟ ਆਈ ਹੈਮੈਂ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੰਦਾ ਹਾਂ ... ਇਹ ਨਾ ਸਮਝਣਾ ਕਿ ਬਾਕੀ ਟੀਮਾਂ ਨੇ ਭੰਗੜਾ ਚੰਗਾ ਨਹੀਂ ਪਾਇਆਸਾਰੀਆਂ ਟੀਮਾਂ ਹੀ ਇੱਕ ਤੋਂ ਇੱਕ ਵੱਧ ਸਨ ...ਪ੍ਰਿੰਸੀਪਲ ਸਾਹਿਬ ਅਤੇ ਸਾਰੇ ਸਟਾਫ ਮੈਂਬਰਾਂ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਹਿਯੋਗ ਦੇਣ ਲਈ ਅਸੀਂ ਬਹੁਤ ਰਿਣੀ ਹਾਂ ...।”

ਬਾਹਰੋਂ ਆਈਆਂ ਟੀਮਾਂ ਨੇ ਜ਼ੋਰਦਾਰ ਤਾੜੀਆਂ ਮਾਰੀਆਂਪਰ ਇਸ ਸਕੂਲ ਦੇ ਵਿਦਿਆਰਥੀ ਅਤੇ ਸਟਾਫ ਘੁਸਰ-ਮੁਸਰ ਕਰ ਰਹੇ ਸਨਉਹ ਵੀ ਚੁੱਪ-ਚਾਪ ਉੱਠ ਕੇ ਜਾ ਰਹੇ ਸਨਫਸਟ ਆਈ ਟੀਮ ਦੇ ਮੈਂਬਰ ਅਤੇ ਉਹਨਾਂ ਦੇ ਨਾਲ ਆਏ ਅਧਿਆਪਕ ਬੜੇ ਹੀ ਗਰਮਜੋਸ਼ੀ ਅਤੇ ਚੜ੍ਹਦੀ ਕਲਾ ਵਿੱਚ ਸਨਉਹ ਉੱਚੀ-ਉੱਚੀ ਬੋਲ ਰਹੇ ਸਨ, “ਜੱਜ ਸਾਹਿਬਾਨ ਬਹੁਤ ਸ਼ੁਕਰੀਆ ... ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਬਾਹਰਲੇ ਸਕੂਲ ਦੀ ਟੀਮ ਫਸਟ ਆਈ ਹੈ, ਨਹੀਂ ਤਾਂ ਹੁਣ ਤਕ ਇਸੇ ਸ਼ਹਿਰ ਦੇ ਜਿਸ ਸਕੂਲ ਵਿੱਚ ਮੁਕਾਬਲੇ ਹੁੰਦੇ ਹਨ, ਉਸੇ ਸਕੂਲ ਦੀ ਟੀਮ ਫਸਟ ਆਉਂਦੀ ਰਹੀ ਹੈ।”

ਬਾਹਰਲੀਆਂ ਟੀਮਾਂ ਛਾਲਾਂ ਮਾਰਦੀਆਂ ਜਾ ਰਹੀਆਂ ਸਨ ਜਿਵੇਂ ਉਹਨਾਂ ਅੱਜ ਕੋਈ ਮਾਅਰਕਾ ਮਾਰ ਲਿਆ ਹੁੰਦਾ ਹੈਪੰਡਾਲ ਲਗਭਗ ਖਾਲੀ ਹੋ ਚੁੱਕਾ ਸੀਸਾਊਂਡ ਅਤੇ ਟੈਂਟ ਵਾਲੇ ਦੋ ਚਾਰ ਬੰਦੇ ਆਪਣਾ ਆਪਣਾ ਸਾਜ਼ੋ ਸਾਮਾਨ ਸੰਭਾਲ ਰਹੇ ਸਨ

ਗੁਰਦੇਵ ਸਿੰਘ ਨੂੰ ਨਾ ਤਾਂ ਗੇਟ ਤਕ ਛੱਡਣ ਲਈ ਕੋਈ ਆਇਆ ਤੇ ਨਾ ਸ਼ਾਮ ਨੂੰ ਤਾਜ ਵਿੱਚ ਬੈਠਣ ਦੀ ਦਾਅਵਤ ਦਾ ਸੱਦਾ ਦੇਣ ਵਾਲਾ ਸੱਜਣ ਹੀ ਕਿਧਰੇ ਨਜ਼ਰੀਂ ਪਿਆਨਾ ਹੀ ਆਪਣੀ ਗੱਡੀ ਵਿੱਚ ਘਰ ਛੱਡ ਆਉਣ ਦਾ ਵਾਅਦਾ ਕਰਨ ਵਾਲੇ ਪ੍ਰਿੰਸੀਪਲ ਚੀਮਾ ਦਾ ਕੋਈ ਸੁਨੇਹਾ ਆਇਆਹੁਣ ਗੁਰਦੇਵ ਸਿੰਘ ਆਪੇ ਸਕੂਲ ਦਾ ਗੇਟ ਖੋਲ੍ਹ ਮੇਨ ਰੋਡ ’ਤੇ ਪੁੱਜਾ ਅਤੇ ਉੱਥੋਂ ਆਟੋ ਵਿੱਚ ਬੈਠ ਆਪਣੇ ਘਰ ਵਲ ਨੂੰ ਚੱਲ ਪਿਆ ਦੂਜਾ ਜੱਜ ਪਹਿਲੋਂ ਹੀ ਜਾ ਚੁੱਕਾ ਸੀ

ਦੂਜੇ ਦਿਨ ਗਿੱਧੇ ਦੀਆਂ ਟੀਮਾਂ ਦੇ ਮੁਕਾਬਲੇ ਹੋਣੇ ਸਨਸਮੇਂ ਸਿਰ ਗੁਰਦੇਵ ਸਿੰਘ ਅਤੇ ਸ਼ਮਸ਼ੇਰ ਸਿੰਘ ਸਕੂਲ ਪਹੁੰਚ ਗਏਗੇਟ ਉੱਪਰ ਸਕਿਉਰਿਟੀ ਗਾਰਡ ਨੇ ਉਨ੍ਹਾਂ ਨੂੰ ਰੋਕ ਕੇ ਕੰਮ ਪੁੱਛਿਆ ਤਾਂ ਉਨ੍ਹਾਂ ਦੱਸਿਆ ਉਹ ਸਕੂਲ ਵਿੱਚ ਹੋ ਰਹੇ ਮੁਕਾਬਲਿਆਂ ਦੇ ਜੱਜ ਹਨਗਾਰਡ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕਰਦਿਆਂ ਅੰਦਰ ਫ਼ੋਨ ਮਿਲਾਇਆ ਤੇ ਅੰਦਰੋਂ ਹਾਮੀ ਹੋਣ ਮਗਰੋਂ ਉਹਨਾਂ ਨੂੰ ਛੋਟੇ ਗੇਟ ਰਾਹੀਂ ਅੰਦਰ ਆਉਣ ਦਾ ਇਸ਼ਾਰਾ ਕੀਤਾ

“ਕੀ ਗੱਲ ਕਾਕਾ ਐਨੀ ਛੇਤੀ ਭੁੱਲ ਗਿਆ ਸਾਨੂੰ? ਹਾਲੇ ਕੱਲ੍ਹ ਤਾਂ ਆਏ ਸੀ ਅਸੀਂਵਾਈਸ ਪ੍ਰਿੰਸੀਪਲ ਸਾਨੂੰ ਆਪ ਲੈ ਕੇ ਗਏ ਸਨ ਗੇਟ ਤੋਂ ...।” ਗੁਰਦੇਵ ਸਿੰਘ ਨੇ ਕਿਹਾ

“ਪਛਾਣ ਤਾਂ ਲਿਆ ਸੀ, ਪਰ ਕੀ ਕਰਾਂ ... ਸਾਡੀ ਡਿਉਟੀ ਹੈ ਜੀ, ਤੁਸੀਂ ਆਓ ਅੰਦਰ।” ਗਾਰਡ ਥੋੜ੍ਹਾ ਕੱਚਾ ਜਿਹਾ ਸੀ

ਅੱਜ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਵਿੱਚੋਂ ਕੋਈ ਵੀ ਉਹਨਾਂ ਦੇ ਨੇੜੇ ਨਹੀਂ ਸੀ ਆ ਰਿਹਾਗੁਰਦੇਵ ਸਿੰਘ ਨੇ ਹੀ ਪ੍ਰਿੰਸੀਪਲ ਚੀਮਾ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈਬਾਕੀ ਸਟਾਫ ਨੂੰ ਵੀ ਦੋਵੇਂ ਜੱਜ ਆਪ ਜਾ ਜਾ ਮਿਲ ਰਹੇ ਸਨਅੱਜ ਸਕੂਲ ਦੇ ਸਟਾਫ ਵਿੱਚ ਕੱਲ੍ਹ ਵਰਗਾ ਉਤਸ਼ਾਹ ਨਹੀਂ ਸੀਬੱਸ ਉਹਨਾਂ ਦਾ ਜ਼ਿੰਮਾ ਜਿਵੇਂ ਸਿਰਫ ਸਟੇਜ ਅਤੇ ਮਾਈਕ ਦੇਣਾ ਹੀ ਹੋਵੇ

ਪੰਡਾਲ ਵਿੱਚ ਸਕੂਲ ਦੇ ਵਿਦਿਆਰਥੀ ਅਤੇ ਸਟਾਫ ਕੱਲ੍ਹ ਵਾਂਗ ਹੀ ਬੈਠੇ ਸਨਪ੍ਰਿੰਸੀਪਲ ਚੀਮਾ ਵੀ ਇੱਕ ਸੋਫ਼ੇ ਉੱਤੇ ਬੈਠਾ ਸੀਗੁਰਦੇਵ ਸਿੰਘ ਅਤੇ ਸ਼ਮਸ਼ੇਰ ਸਿੰਘ ਕੱਲ੍ਹ ਵਾਂਗ ਆਪ ਹੀ ਆਪਣੀ ਆਪਣੀ ਥਾਂ ਉੱਤੇ ਬੈਠ ਗਏ

ਗਿੱਧੇ ਦੀਆਂ ਟੀਮਾਂ ਦੇ ਮੁਕਾਬਲੇ ਸ਼ੁਰੂ ਹੋਏਬਾਹਰੋਂ ਆਈਆਂ ਟੀਮਾਂ ਦੇ ਨਾਲ ਆਏ ਅਧਿਆਪਕ ਅਤੇ ਮੈਡਮਾਂ ਜਿਵੇਂ ਆਪਣੇ ਆਪ ਸਾਰਾ ਕੰਮ ਸੰਭਾਲ ਰਹੇ ਸਨਇਸ ਸਕੂਲ ਦੇ ਗਿੱਧੇ ਦੀ ਟੀਮ ਦੀ ਇੰਚਾਰਜ ਅਧਿਆਪਕਾ ਆਪਣੀ ਟੀਮ ਦੇ ਨਾਲ ਬੈਠੀ ਸੀ

ਅੱਜ ਜੱਜਾਂ ਕੋਲ ਡਰਾਈ ਫਰੂਟ, ਪਨੀਰ ਪਕੌੜੇ, ਚਾਹ ਜਾਂ ਕਾਫ਼ੀ ਤਾਂ ਕੀ ਆਉਣੀ ਸੀ, ਉਹਨਾਂ ਨੂੰ ਕੋਈ ਪਾਣੀ ਵੀ ਨਹੀਂ ਸੀ ਪੁੱਛ ਰਿਹਾਕੋਈ ਚਪੜਾਸੀ ਵੀ ਨੇੜੇ ਨਹੀਂ ਆਇਆਗੁਰਦੇਵ ਸਿੰਘ ਅੰਦਰੋਂ ਬਹੁਤ ਖੁ਼ਸ਼ ਸੀਮਨ ਹੀ ਮਨ ਵਿੱਚ ਹੱਸ ਰਿਹਾ ਸੀਅੱਜ ਸਕੂਲ ਬੋਰਡ ਦੇ ਦੋ ਪੀ.ਐੱਚ.ਡੀ. ਅਧਿਕਾਰੀ ਵੀ ਕਿਧਰੇ ਨਹੀਂ ਸਨ ਨਜ਼ਰ ਆ ਰਹੇ

ਸਟੇਜ ਉੱਤੇ ਕੁੜੀਆਂ ਗਿੱਧਾ ਪਾ ਰਹੀਆਂ ਸਨਦੂਰ ਤਕ ਚਾਰ ਚੁਫ਼ੇਰੇ ਗਿੱਧੇ ਦੀਆਂ ਧਮਾਲਾਂ ਸੁਣ ਰਹੀਆਂ ਸਨਕੁੜੀਆਂ ਇੱਕ ਤੋਂ ਇੱਕ ਵੱਧ ਚੜ੍ਹ ਕੇ ਬੋਲੀਆਂ ਪਾ ਰਹੀਆਂ ਸਨਸਕੂਲ ਦੇ ਨੇੜੇ ਕੋਠੀਆਂ ਦੀਆਂ ਬਾਲਕੋਨੀਆਂ ਵਿੱਚ ਖੜ੍ਹੇ ਔਰਤ ਮਰਦ ਗਿੱਧਾ ਦੇਖ ਰਹੇ ਸਨ

ਘੰਟੇ ਕੁ ਮਗਰੋਂ ਗੁਰਦੇਵ ਸਿੰਘ ਨੂੰ ਪਿਆਸ ਲੱਗੀਭਾਵੇਂ ਦਸੰਬਰ ਦਾ ਮਹੀਨਾ ਸੀ, ਪਰ ਧੁੱਪ ਤਿੱਖੀ ਸੀਉਹਦਾ ਪਾਣੀ ਪੀਣ ਨੂੰ ਜੀਅ ਕੀਤਾਉਹਨੇ ਆਲੇ-ਦੁਆਲੇ ਬੈਠੇ ਬੱਚਿਆਂ ਨੂੰ ਪਾਣੀ ਪਿਲਾਉਣ ਲਈ ਆਖਿਆਪਰ ਉਹ ਸਾਰੇ ਗਿੱਧਾ ਦੇਖਣ ਵਿੱਚ ਗਲਤਾਨ ਸਨਗੁਰਦੇਵ ਸਿੰਘ ਨੂੰ ਇੱਕ ਚਪੜਾਸੀ ਨਜ਼ਰੀਂ ਪਿਆਉਹਦੀ ਅੱਖ ਗੁਰਦੇਵ ਸਿੰਘ ਨਾਲ ਮਿਲੀਉਹਨੇ ਚਪੜਾਸੀ ਨੂੰ ਹੱਥ ਨਾਲ ਇਸ਼ਾਰਾ ਕਰਕੇ ਕੋਲ ਬੁਲਾਇਆਚਪੜਾਸੀ ਪੈਰ ਮਲਦਾ-ਮਲਦਾ ਆ ਰਿਹਾ ਸੀਜਿਵੇਂ ਆਉਣਾ ਨਾ ਚਾਹੁੰਦਾ ਹੋਵੇਗੁਰਦੇਵ ਸਿੰਘ ਨੇ ਕਿਹਾ, “ਯਾਰ ਪਾਣੀ ਤਾਂ ਪਿਲਾ ਜ਼ਰਾ ... ਪਿਆਸ ਲੱਗੀ ਹੈ ਬਹੁਤ ...” ਚਪੜਾਸੀ ਬਿਨਾਂ ਜਵਾਬ ਦਿੱਤੇ ਵਾਪਸ ਚਲਾ ਗਿਆਬਿੰਦ ਕੁ ਮਗਰੋਂ ਉਹ ਇੱਕ ਜੱਗ ਵਿੱਚ ਪਾਣੀ ਅਤੇ ਗਿਲਾਸ ਲੈ ਆਇਆਗੁਰਦੇਵ ਸਿੰਘ ਨੇ ਉਹਦਾ ਧੰਨਵਾਦ ਕਰਦਿਆਂ ਕਿਹਾ, “ਸ਼ੁਕਰੀਆ ਜਨਾਬ, ਹੁਣ ਤੁਸੀਂ ਐਂ ਕਰੋ, ਆਹ ਜੱਗ ਤੇ ਗਿਲਾਸ ਰੱਖ ਜਾਓ ਮੇਜ਼ ਉੱਤੇ ...।” ਚਪੜਾਸੀ ਚੁੱਪ-ਚਾਪ ਜੱਗ ਅਤੇ ਗਿਲਾਸ ਮੇਜ਼ ਉੱਤੇ ਰੱਖ ਗਿਆਗੁਰਦੇਵ ਸਿੰਘ ਨੇ ਮਹਿਸੂਸ ਕੀਤਾ ਕਿ ਅਸਲੀ ਸਤਿਕਾਰ ਉਹਨਾਂ ਦਾ ਅੱਜ ਹੋ ਰਿਹਾ ਸੀ

ਗੁਰਦੇਵ ਸਿੰਘ ਵੱਲੋਂ ਨਤੀਜਾ ਐਲਾਨਣ ਮਗਰੋਂ ਮੁਕਾਬਲੇ ਸਮਾਪਤ ਹੋ ਗਏ ਸਨਅੱਜ ਇਸ ਸ਼ਹਿਰ ਦੇ ਕਿਸੇ ਵੀ ਸਕੂਲ ਦੀ ਗਿੱਧੇ ਦੀ ਟੀਮ ਪਹਿਲੀਆਂ ਦੋ ਥਾਵਾਂ ਉੱਤੇ ਨਾ ਆ ਸਕੀਆਂ

ਗੁਰਦੇਵ ਸਿੰਘ ਨੂੰ ਮੁੜ ਕਦੇ ਸਕੂਲ ਸਿੱਖਿਆ ਬੋਰਡ ਵੱਲੋਂ ਜੱਜ ਬਣਨ ਲਈ ਸੱਦਾ ਨਹੀਂ ਆਇਆਨਾ ਹੀ ਕਦੇ ਉਹ ਬੀਬੀ ਮਿਲਣ ਆਈ ਜਿਹੜੀ ਗੁਰਦੇਵ ਸਿੰਘ ਨੂੰ ਬਹੁਤ ਸਤਿਕਾਰਯੋਗ ਸਮਝਦੀ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2340)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਰਿਪੁਦਮਨ ਸਿੰਘ ਰੂਪ

ਰਿਪੁਦਮਨ ਸਿੰਘ ਰੂਪ

Mohali, Punjab, India.
Email: (ranjivansingh@gmail.com)

More articles from this author