SukhbirSKang7ਕੱਲ੍ਹ ਜਦੋਂ ਇਸ ਚੌਂਤਰੇ ਦੀਆਂ ਇੱਟਾਂ ਨੂੰ ਉਧੇੜਿਆ ਜਾਣ ਲੱਗਾ ਤਾਂ ਦਿਲ ਵਿੱਚੋਂ ...
(22 ਅਗਸਤ 2017)

 

ਲੁਧਿਆਣੇ ਤੋਂ ਚੰਡੀਗੜ੍ਹ ਜਾਣ ਵਾਲੀ ਸੜਕ ਉੱਪਰ ਸਮਰਾਲੇ ਤੋਂ ਖਮਾਣੋ ਵੱਲ ਜਾਂਦਿਆਂ ਠੀਕ ਛੇਵੇਂ ਕਿਲੋਮੀਟਰ ਉੱਪਰ ਸਥਿਤ ਹੈ ਮੇਰਾ ਪਿੰਡ - ਕੋਟਲਾ ਸਮਸ਼ਪੁਰ। ਪਿੰਡ ਦੇ ਵਿਚਕਾਰੋਂ ਹੋ ਕੇ ਲੰਘਦੀ ਨੈਸ਼ਨਲ ਹਾਈਵੇ -95 ਨੂੰ ਹੁਣ ਚੌੜੀ ਕੀਤਾ ਜਾ ਰਿਹਾ ਹੈ। ਇਸ ਨੂੰ ਵਧਾ ਕੇ ਛੇ ਮਾਰਗੀ ਕਰਨ ਦਾ ਕੰਮ ਅੱਜ-ਕੱਲ੍ਹ ਪੂਰੇ ਜ਼ੋਰਾਂ ’ਤੇ ਹੈ। ਇਸ ਸੜਕ ਦੇ ਚੌੜਿਆਂ ਹੋਣ ਨੂੰ, ਸਾਡੇ ਪਿੰਡ ਸਮੇਤ ਸਾਰਾ ਇਲਾਕਾ ਚਿਰਾਂ ਤੋਂ ਉਡੀਕ ਰਿਹਾ ਸੀ ਅਤੇ ਨਿੱਤ ਦਿਨ ਵਧਦੀ ਆਵਾਜਾਈ ਕਾਰਨ ਇਸਦੀ ਸਮਰੱਥਾ ਵਧਾਉਣਾ ਜ਼ਰੂਰੀ ਵੀ ਹੋ ਗਿਆ ਸੀ। ਜਿਵੇਂ ਕਿ ਹਰ ਵਿਕਾਸ ਅਤੇ ਨਵੀਂ ਪੁਲਾਂਘ ਦੇ ਚੰਗੇ ਨਤੀਜਿਆਂ ਦੇ ਨਾਲ ਕੁਝ ਕੌੜੀਆਂ ਯਾਦਾਂ ਵੀ ਜੁੜ ਜਾਂਦੀਆਂ ਹਨ, ਮੇਰੇ ਪਿੰਡ ਨੂੰ ਵੀ ਇਸ ਸੜਕ ਦੀ ਚੌੜਾਈ ਵਧਾਉਣ ਵਾਸਤੇ ਇਸਦੇ ਕਿਨਾਰੇ ਖੜ੍ਹੇ ਬਹੁਤ ਪੁਰਾਣੇ ਅਤੇ ਵਿਸ਼ਾਲ ਪਿੱਪਲ ਦੇ ਦਰਖਤ ਦੀ ਕੁਰਬਾਨੀ ਦੇਣੀ ਪਵੇਗੀ। ਇਹ ਪਿੱਪਲ ਮੇਰੇ ਪਿੰਡ ਵਾਸਤੇ ਮਹਿਜ਼ ਇੱਕ ਦਰਖਤ ਨਹੀਂ ਬਲਕਿ ਪਿੰਡ ਦੀ ਪੁਰਾਤਨ ਧਰੋਹਰ ਹੈ, ਜਿਸ ਨੂੰ ਗੁਆ ਲੈਣ ਦੀ ਚੀਸ ਮੇਰੇ ਪਿੰਡ ਵਾਸੀਆਂ ਦੇ ਦਿਲ ਵਿੱਚ ਲੰਬੇ ਸਮੇਂ ਤੱਕ ਪੈਂਦੀ ਰਹੇਗੀ।

ਇਸ ਪਿੱਪਲ ਨਾਲ ਮੇਰੇ ਪਿੰਡ ਦੇ ਹਰ ਛੋਟੇ-ਵੱਡੇ ਵਸਨੀਕ ਦੀਆਂ ਯਾਦਾਂ ਅਤੇ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਹ ਮੇਰੇ ਪਿੰਡ ਦੀ ਬਦਲੀ ਰੂਪ-ਰੇਖਾ ਅਤੇ ਪਿਛਲੇ ਲਗਭਗ ਦਸ ਦਹਾਕਿਆਂ ਦੌਰਾਨ ਵਾਪਰੀ ਹਰ ਚੰਗੀ-ਮਾੜੀ ਘਟਨਾ ਦਾ ਚਸ਼ਮਦੀਦ ਗਵਾਹ ਰਿਹਾ ਹੈ। ਲੰਬੇ ਸਮੇਂ ਤੋਂ ਇਸੇ ਪਿੱਪਲ ਦੀ ਛਾਵੇਂ ਠੰਢੇ-ਮਿੱਠੇ ਪਾਣੀ ਦੀਆਂ ਛਬੀਲਾਂ ਹਰ ਸਾਲ ਲੱਗਦੀਆਂ ਆ ਰਹੀਆਂ ਹਨ ਅਤੇ ਇਸ ਦੀ ਛਤਰ-ਛਾਇਆ ਹੇਠ ਅਤੇ ਨਿੱਘੀ ਗੋਦ ਵਿੱਚ ਪਿਛਲੇ ਤੀਹ ਸਾਲ ਤੋਂ ਹੋਲੇ-ਮਹੱਲੇ ’ਤੇ ਜਾਣ ਵਾਲੀ ਸੰਗਤ ਵਾਸਤੇ ਲੰਗਰ ਲੱਗਦੇ ਆ ਰਹੇ ਹਨ। ਹਰ ਸਾਂਝੇ ਸਮਾਗਮ ਵਿੱਚ ਇਸ ਪਿੱਪਲ ਦੀ ਹੋਂਦ ਇੱਕ ਸੂਝਵਾਨ ਬਜ਼ੁਰਗ ਤੋਂ ਘੱਟ ਨਹੀਂ ਸੀ ਹੁੰਦੀ ਅਤੇ ਇਸਦੇ ਥੱਲੇ ਬੈਠਣਾ ਅਸ਼ੀਰਵਾਦ ਮਿਲਣ ਵਾਂਗ ਜਾਪਦਾ ਰਿਹਾ ਹੈ।

ਇਸ ਪਿੱਪਲ ਦੇ ਪੁੱਟੇ ਜਾਣ ਬਾਰੇ ਸੋਚ ਕੇ ਇਉਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਮੇਰੇ ਪਿੰਡ ਦੀ ਪਹਿਚਾਣ ਅਤੇ ਨੂਰ ਹੀ ਖੋਹ ਲਿਆ ਜਾਣ ਵਾਲਾ ਹੋਵੇ। ਮੈਂ ਆਪਣੇ ਬਚਪਨ ਅਤੇ ਜਵਾਨੀ ਦੀਆਂ ਜਿਆਦਾਤਰ ਸ਼ਾਮਾਂ ਆਪਣੇ ਹਾਣੀਆਂ ਨਾਲ ਇਸ ਪਿੱਪਲ ਹੇਠ ਸਵਾਰੀਆਂ ਦੇ ਬੈਠਣ ਲਈ ਬਣੀਆਂ ‘ਚੌਂਕੜੀਆਂ’ ’ਤੇ ਬੈਠ ਕੇ ਬਿਤਾਈਆਂ ਹਨ। ਕਦੇ ਇੱਕ ਦੂਸਰੇ ਦਾ ਸਾਈਕਲ ਲੁਕੋ ਦੇਣਾ, ਕਦੇ ਜੁੱਤੀ ਗਾਇਬ ਕਰ ਦੇਣੀ, ਕਦੇ ਅਚਾਨਕ ਧੱਕਾ ਮਾਰ ਕੇ ਬਰਾਬਰ ਬੈਠਿਆਂ ਨੂੰ ਚੌਂਕੜੀ ਤੋਂ ਥੱਲੇ ਸੁੱਟ ਦੇਣਾ ਲੜਾਈਆਂ ਵੀ ਹੋ ਜਾਣੀਆਂ ਪਰ ਛੇਤੀ ਹੀ ਫਿਰ ਇੱਕਮਿੱਕ ਹੋ ਜਾਣਾ ਪੜ੍ਹਾਈ ਨਾਲ ਸਬੰਧਤ ਯਾਦਾਂ ਅਤੇ ਤਜ਼ਰਬੇ ਸਾਂਝੇ ਕਰਨਾ। ਕਾਲਜ ਦੀ ਪੜ੍ਹਾਈ ਦੇ ਸਾਲਾਂ ਦੌਰਾਨ ਇਹ ਆਲਮ ਸੀ ਕਿ ਅਗਰ ਸ਼ਾਮ ਨੂੰ ਕੁਝ ਪਲ ਇੱਥੇ ਹਾਜ਼ਰੀ ਨਹੀਂ ਭਰਦੇ ਸੀ ਤਾਂ ਰਾਤ ਨੂੰ ਨੀਂਦ ਔਖੀ ਆਉਂਦੀ ਸੀ ਅਤੇ ਇੱਕ ਘਾਟ ਰੜਕਦੀ ਰਹਿੰਦੀ ਸੀ ਕਿ ਅੱਜ ਦੋਸਤਾਂ ਸੰਗ ਰਲਕੇ ਇਸ ਪਿੱਪਲ ਥੱਲੇ ਨਹੀਂ ਬੈਠੇ। ਅਸੀਂ ਅੱਠ-ਦਸ ਹਮ ਉਮਰ ਦੋਸਤਾਂ ਨੇ ਅਨੇਕਾਂ ਰੁੱਤਾਂ ਦੀਆਂ ਸ਼ਾਮਾਂ ਇਸੇ ਪਿੱਪਲ ਦੇ ਸੰਗ ਮਾਣੀਆਂ ਹਨ। ਮੈਂ ਅਤੇ ਮੇਰੀ ਉਮਰ ਦੇ ਮੇਰੇ ਪਿੰਡ ਦੇ ਸਾਥੀ ਇਸ ਨਾਲ ਇੱਕ ਭਾਵਨਾਤਮਕ ਸਾਂਝ ਮਹਿਸੂਸ ਕਰਦੇ ਹਾਂ, ਭਾਵੇਂ ਕਿ ਕੁਝ ਸਾਥੀ ਪਿੰਡ ਛੱਡ ਦੂਰ ਜਾਂ ਵਿਦੇਸ਼ ਜਾ ਵਸੇ ਹਨ, ਪਰ ਜਦੋਂ ਵੀ ਕਦੇ ਰੂਬਰੂ ਜਾਂ ਫੋਨ ’ਤੇ ਗੱਲ ਹੁੰਦੀ ਹੈ ਤਾਂ ਉਹਨਾਂ ਸ਼ਾਮ ਦੀਆਂ ਢਾਣੀਆਂ ਦੀ ਗੱਲ ਜ਼ਰੂਰ ਕਰਦੇ ਹਾਂ।

ਇਸ ਪਿੱਪਲ ਦੁਆਲੇ ਬਣੇ ਚੌਂਤਰੇ ’ਤੇ ਪਿੰਡ ਵਾਸੀਆਂ ਨੇ ਅਨੇਕਾਂ ਰੰਗ ਮਾਣੇ ਅਤੇ ਹੰਢਾਏ ਹਨ। ਕੱਲ੍ਹ ਜਦੋਂ ਇਸ ਚੌਂਤਰੇ ਦੀਆਂ ਇੱਟਾਂ ਨੂੰ ਉਧੇੜਿਆ ਜਾਣ ਲੱਗਾ ਤਾਂ ਦਿਲ ਵਿੱਚੋਂ ਰੁੱਗ ਭਰਿਆ ਗਿਆ ਤੇ ਅੱਖਾਂ ਨਮ ਹੋ ਗਈਆਂ। ਜਿਵੇਂ ਕੋਈ ਉਮਰਾਂ ਦਾ ਸਾਥੀ ਕਦੇ ਨਾ ਮੁੜਨ ਦਾ ਨਹੋਰਾ ਦੇ ਕੇ ਤੁਰ ਚੱਲਿਆ ਹੋਵੇ। ਸੱਚੀਂ ਇਸ ਪਿੱਪਲ ਦੀ ਕਮੀ ਮੈਨੂੰ ਅਤੇ ਮੇਰੇ ਪਿੰਡ ਵਾਸੀਆਂ ਨੂੰ ਤਾਂ ਸਾਰੀ ਉਮਰ ਰੜਕਦੀ ਰਹੇਗੀ।

*****

(805)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੁਖਵੀਰ ਸਿੰਘ ਕੰਗ

ਸੁਖਵੀਰ ਸਿੰਘ ਕੰਗ

Kotla Samashpur, Samrala, Ludhiana, Punjab, India.
Phone: (91 - 85678 - 72291)

More articles from this author