SukhbirSKang7ਇਹ ਮੱਝ ਵਾਲਾ ਬੰਦਾ ਪਹਿਲਾਂ ਤਾਂ ਧਾਗੇ-ਤਵੀਤਾਂ ਵਾਲਿਆਂ ਜਾਂ ਨੀਮ ਹਕੀਮਾਂ ...
(19 ਜੂਨ 2020)

 

ਕਿਸੇ ਕੰਮ ਜਾਂ ਕਿੱਤੇ ਨੂੰ ਲੰਬੇ ਸਮੇਂ ਤਕ ਰੂਹ ਅਤੇ ਤਨਦੇਹੀ ਨਾਲ ਕਰਦੇ ਰਹਿਣ ਤੋਂ ਹਾਸਲ ਹੋਈ ਨਿਪੁੰਨਤਾ ਦੇ ਆਤਮ ਵਿਸ਼ਵਾਸ ਨਾਲ ਕਹੀ ਗੱਲ ਪਹਿਲਾਂ ਤਾਂ ਸਾਨੂੰ ਮਾਣ ਜਾ ਘੁਮੰਡ ਵਰਗੀ ਲਗਦੀ ਹੈ ਪਰ ਪੂਰੀ ਹੋ ਜਾਣ ’ਤੇ ਹੁਨਰ ਦਾ ਭਰੋਸਾ ਸਾਬਤ ਹੁੰਦੀ ਹੈਇਹ ਘਟਨਾ ਕੋਈ ਪੈਂਤੀ ਸਾਲ ਪੁਰਾਣੀ ਹੈਮੇਰੇ ਪਿਤਾ ਜੀ ਸਾਡੇ ਇਲਾਕੇ ਵਿੱਚ ਡੰਗਰਾਂ ਦੇ ਮਸ਼ਹੂਰ ਡਾਕਟਰ ਸਨਉਹਨਾਂ ਦਾ ਇਸ ਕਿੱਤੇ ਵਿੱਚ ਕਾਫੀ ਤਜਰਬਾ ਹੋ ਚੁੱਕਾ ਸੀਉਹਨਾਂ ਦੇ ਸਾਦੇ ਅਤੇ ਖੁੱਲ੍ਹੇ ਸੁਭਾਅ ਕਰਕੇ, ਆਪਣੇ ਕੰਮ ਵਿੱਚ ਨਿਪੁੰਨ ਹੋਣ ਕਰਕੇ ਅਤੇ ਉਹਨਾਂ ਦੇ ਇਲਾਜ ਉੱਪਰ ਲਾਲਚ ਦਾ ਪ੍ਰਛਾਵਾਂ ਨਾ ਹੋਣ ਕਾਰਨ ਲੋਕ ਉਹਨਾਂ ਦੀ ਕਦਰ ਕਰਦੇ ਸਨਡੰਗਰ ਨੂੰ ਕਾਬੂ ਕਰਨ ਵੇਲੇ ਲੋਕਾਂ ਦੀਆਂ ਹੋ ਜਾਣ ਵਾਲੀਆਂ ਗਲਤੀਆਂ ਜਾਂ ਅਣਗਹਿਲੀਆਂ ’ਤੇ ਉਹਨਾਂ ਦੇ ਸਖ਼ਤ ਸ਼ਬਦਾਂ ਜਾਂ ਚੁੱਕੇ ਹੱਥ ਦਾ ਵੀ ਲੋਕ ਗੁੱਸਾ ਨਹੀਂ ਸਨ ਕਰਦੇ

ਮੈਂ ਉਦੋਂ ਪਿੰਡ ਦੇ ਹਾਈ ਸਕੂਲ ਵਿੱਚ ਪੜ੍ਹਦਾ ਸੀਸ਼ਾਮ ਵੇਲੇ ਅਸੀਂ ਪਿੰਡ ਦੇ ਕਾਫ਼ੀ ਮੁੰਡੇ ਹਰ ਰੋਜ਼ ਸਕੂਲ ਦੇ ਗਰਾਊਂਡ ਵਿੱਚ ਫੁੱਟਬਾਲ ਖੇਡ੍ਹਿਆ ਕਰਦੇ ਸੀਸਕੂਲ ਸਾਡੇ ਘਰ ਦੇ ਬਿਲਕੁਲ ਸਾਹਮਣੇ ਹੋਣ ਕਰਕੇ ਖੇਡ੍ਹਣ ਤੋਂ ਬਾਅਦ ਬਾਲ ਸਾਡੇ ਘਰ ਹੀ ਰੱਖੀ ਜਾਂਦੀ ਸੀਸਕੂਲ ਦਾ ਕੰਮ ਮੁਕਾ ਕੇ ਮੇਰੀ ਨਿਗ੍ਹਾ ਵੀ ਗਰਾਊਂਡ ਵੱਲ ਹੀ ਰਹਿੰਦੀ ਸੀ ਕਿ ਕਦੋਂ ਦੋ ਜਣੇ ਆਉਣ ਅਤੇ ਬਾਲ ਲਿਜਾ ਕੇ ਖੇਡਣਾ ਸ਼ੁਰੂ ਕਰੀਏਇੱਕ ਦਿਨ ਮੈਂ ਬਾਲ ਲੈ ਕੇ ਗੇਟ ਤੋਂ ਬਾਹਰ ਨਿਕਲਿਆ ਤਾਂ ਦੇਖਿਆ ਕਿ ਨਾਲ ਦੇ ਪਿੰਡ ਦਾ ਪਿਤਾ ਜੀ ਦਾ ਫੌਜੀ ਦੋਸਤ ਆਪਣੇ ਪਿੰਡ ਦੇ ਇੱਕ ਹੋਰ ਬੰਦੇ ਨਾਲ ਘਰ ਮੂਹਰੇ ਖੜ੍ਹਾ, ਉਸ ਬੰਦੇ ਦੀ ਸਿਫ਼ਾਰਸ਼ ਕਰਦਿਆਂ ਪਿਤਾ ਜੀ ਨੂੰ ਕਹਿ ਰਿਹਾ ਸੀ, “ਡਾਕਟਰ, ਇਹਦੀ ਮੱਝ ਸੂਣ ’ਤੇ ਐ, ਦੋ-ਤਿੰਨ ਨੇ ਜ਼ੋਰ ਲਾ ਕੇ ਦੇਖ ਲਿਆ। ਇਹ ਪੁਰਾਣੀਆਂ ਗਲਤੀਆਂ ਕਰਕੇ ਆਉਣ ਤੋਂ ਡਰਦਾ ਸੀਮੈਂ ਈ ਇਹਨੂੰ ਲੈ ਕੇ ਆਇਆਂ, ਇਹਦੀ ਮੱਝ ਮਰ ਜਾਊ, ਮੇਰੇ ਨਾਲ ਚੱਲ।” ਉਸ ਦੀ ਤਾਕੀਦ ਮੰਨ ਕੇ ਪਿਤਾ ਜੀ ਨੇ ਮੈਂਨੂੰ ਅੰਦਰੋਂ ਦਵਾਈਆਂ ਵਾਲਾ ਬੈਗ ਲਿਆਉਣ ਲਈ ਕਿਹਾ ਤਾਂ ਮੈਂ ਹੱਥ ਵਿੱਚ ਫੜੀ ਬਾਲ ਗਰਾਊਂਡ ਵਿੱਚ ਸਾਥੀਆਂ ਵੱਲ ਸੁੱਟ ਦਿੱਤੀਮੇਰੇ ਤੋਂ ਫੜ ਕੇ ਬੈਗ ਮੋਟਰ ਸਾਈਕਲ ਦੀ ਸਾਈਡ ਵਾਲੀ ਟੋਕਰੀ ਵਿੱਚ ਰੱਖਦਿਆਂ ਪਿਤਾ ਜੀ ਨੇ ਮੈਂਨੂੰ ਵੀ ਨਾਲ ਚੱਲਣ ਲਈ ਕਿਹਾ ਤਾਂ ਮੈਂ ਵੀ ਪਿੱਛੇ ਬੈਠ ਗਿਆ

ਰਸਤੇ ਵਿੱਚ ਪਿਤਾ ਜੀ ਨੇ ਦੱਸਿਆ ਕਿ ਇਹ ਮੱਝ ਵਾਲਾ ਬੰਦਾ ਪਹਿਲਾਂ ਤਾਂ ਧਾਗੇ-ਤਵੀਤਾਂ ਵਾਲਿਆਂ ਜਾਂ ਨੀਮ ਹਕੀਮਾਂ ਦੇ ਪਿੱਛੇ ਲੱਗ ਕੇ ਬਿਮਾਰੀ ਵਧਾ ਲੈਂਦਾ ਹੈ ਅਤੇ ਪੈਸਾ ਪੱਟ ਕੇ ਫਿਰ ਮੇਰੇ ਕੋਲ ਆ ਜਾਂਦਾ ਹੈਪਿਛਲੀ ਵਾਰ ਵੀ ਇਸਨੇ ਮੱਝ ਦੀ ਅਗਲੀ ਲੱਤ ਦਾ ਫਰ ਉੱਤਰ ਜਾਣ ’ਤੇ ਕਿਸੇ ਤੋਂ ਧਾਗਾ ਕਰਾ ਕੇ ਅੱਕ ਦੇ ਦੁੱਧ ਵਿੱਚ ਭਿਓਂ ਕੇ ਮੱਝ ਦੀ ਉਸ ਲੱਤ ਦੇ ਗਿੱਟੇ ਨੂੰ ਬੰਨ੍ਹ ਦਿੱਤਾ ਅਤੇ ਜਦੋਂ ਅੱਕ ਦੇ ਦੁੱਧ ਨੇ ਜਖ਼ਮ ਵੀ ਕਰ ਦਿੱਤਾ ਤਾਂ ਮੇਰੇ ਕੋਲ ਆ ਗਿਆ। ਉਦੋਂ ਮੈਂ ਇਸ ਨੂੰ ਝਿੜਕ ਦਿੱਤਾ ਸੀ ਕਿ ਬਿਮਾਰੀ ਵਧਾ ਕੇ ਤੇ ਛਿੱਲ ਲੁਹਾ ਕੇ ਮੇਰੇ ਕੋਲ ਨਾ ਆਇਆ ਕਰ। ਇਸ ਕਰਕੇ ਇਹ ਡਰਦਾ ਮੇਰੇ ਕੋਲ ਨਹੀਂ ਆ ਰਿਹਾ ਸੀ

ਪਿੰਡ ਦੀ ਤੰਗ ਜਿਹੀ ਗਲੀ ਲੰਘ ਕੇ ਉਸ ਬੰਦੇ ਦੇ ਘਰ ਪਹੁੰਚ ਕੇ ਅਸੀਂ ਦੇਖਿਆ ਕਿ ਵਿਹੜੇ ਵਿੱਚ ਵੀਹ-ਪੱਚੀ ਬੰਦਿਆਂ ਦਾ ਇਕੱਠ ਸੀਇੱਕ ਨਵਾਂ ਡਾਕਟਰ ਖੜ੍ਹਾ ਸੀ ਪਰ ਨੀਮ ਹਕੀਮ ਖਿਸਕ ਗਏ ਸਨਸਭ ਪਿਤਾ ਜੀ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ ਕਿਓਂਕਿ ਉਹਨਾਂ ਵਿੱਚੋਂ ਕਈ ਪਿਤਾ ਜੀ ਦੇ ਹੁਨਰ ਨੂੰ ਪਹਿਲਾਂ ਵੀ ਦੇਖ, ਸੁਣ ਜਾਂ ਅਜ਼ਮਾ ਚੁੱਕੇ ਸਨ

ਪਿਤਾ ਜੀ ਕੁੜਤਾ-ਪਜਾਮਾ ਹੀ ਪਹਿਨਦੇ ਸਨਉਹਨਾਂ ਨੇ ਛੇਤੀ ਨਾਲ ਕੁੜਤੇ ਦੀਆਂ ਬਾਹਾਂ ਉੱਪਰ ਚੜ੍ਹਾ ਕੇ ਮੱਝ ਦੇ ਸਰੀਰ ਅੰਦਰ ਕਟੜੂ ਦੀ ਸਥਿਤੀ ਨੂੰ ਚੈੱਕ ਕੀਤਾ ਤਾਂ ਇੱਕ ਦਮ ਮੱਝ ਵਾਲੇ ਅਤੇ ਖੜ੍ਹੇ ਲੋਕਾਂ ਨੂੰ ਸਵਾਲ ਕੱਢ ਮਾਰਿਆ, “ਕੈ ਮਿੰਟ ਲਾਵਾਂ ਬਈ?

ਸਭ ਚੁੱਪ ਸਨ ਮੈਂਨੂੰ ਵੀ ਬੜਾ ਅਜੀਬ ਜਿਹਾ ਲੱਗਿਆਫਿਰ ਉਹਨਾਂ ਨੇ ਮੈਂਨੂੰ ਕਟੜੂ ਖਿੱਚਣ ਵਾਲੀ ਕੁੰਡੀ ਇੱਕ ਪਾਸੇ ਰੱਖ ਕੇ ਛੇਤੀ ਨਾਲ ਮੱਝ ਦੇ ਦੋ ਦੁੱਧ ਲਾਹੁਣ ਵਾਲੇ ਟੀਕੇ ਲਾਉਣ ਲਈ ਕਿਹਾ ਤਾਂ ਕਿ ਮੱਝ ਸਰੀਰ ਢਿੱਲਾ ਛੱਡ ਦੇਵੇਉਦੋਂ ਇਹ ਟੀਕੇ ਗੱਤੇ ਦੇ ਡੱਬੇ ਵਿੱਚ ਕੱਚ ਦੀ ਇੱਕ ਮਿਲੀ ਲਿਟਰ ਦੀ ਪੈਕਿੰਗ ਵਿੱਚ ਆਉਂਦੇ ਸਨਪਿਤਾ ਜੀ ਨੇ ਇੱਕ ਸਣ ਦੀ ਰੱਸੀ ਅਤੇ ਇੱਕ ਲੱਜ ਮੰਗਵਾਈਉਹਨਾਂ ਨੇ ਮੱਝ ਨੂੰ ਪਾਸੇ ਭਾਰ ਕਰਕੇ ਉਸ ਦੀਆਂ ਅਗਲੀਆਂ ਲੱਤਾਂ ਨੂੰ ਆਪਸ ਵਿੱਚ ਇੱਕ ਥਾਂ ਅਤੇ ਪਿਛਲੀਆਂ ਲੱਤਾਂ ਨੂੰ ਆਪਸ ਵਿੱਚ ਦੂਜੀ ਥਾਂ ਬੰਨ੍ਹ ਕੇ ਦੋ-ਦੋ ਬੰਦਿਆਂ ਨੂੰ ਰੱਸਾ ਫੜ ਕੇ ਖੜ੍ਹਾ ਕਰ ਦਿੱਤਾਫਿਰ ਕਟੜੂ ਦੀ ਬੂਥੀ ਦੇ ਹੇਠਲੇ ਜਬਾੜੇ ਨੂੰ ਰੱਸੀ ਪਾ ਕੇ ਮੈਂਨੂੰ ਫੜਾ ਕੇ ਕਹਿ ਦਿੱਤਾ ਕਿ ਜਦੋਂ ਮੈਂ ਕਹਾਂਗਾ ਤਾਂ ਇੱਕ ਦਮ ਖਿੱਚ ਲਈਂ ਮੈਂਨੂੰ ਇਹ ਡਿਊਟੀ ਇਸ ਕਰਕੇ ਦਿੱਤੀ ਗਈ ਕਿ ਇੱਕ ਤਾਂ ਮੈਂ ਅਜਿਹੇ ਕੇਸਾਂ ਵਿੱਚ ਉਹਨਾਂ ਦੇ ਨਾਲ ਜਾਂਦਾ ਰਹਿੰਦਾ ਸੀ, ਦੂਸਰੇ ਮੈਂ ਉਹਨਾਂ ਦੇ ਸੁਭਾਅ ਦਾ ਵਾਕਿਫ਼ ਹੋਣ ਕਰਕੇ ਵਧੇਰੇ ਚੌਕਸ ਰਹਿੰਦਾ ਸੀ। ਕਿਓਂਕਿ ਮੇਰੇ ਗਲਤੀ ਕਰਨ ’ਤੇ ਸਖ਼ਤ ਸ਼ਬਦਾਂ ਦੀ ਥਾਂ ਹੱਥ ਹੌਲ਼ਾ ਹੋਣ ਦੇ ਅਸਾਰ ਵਧੇਰੇ ਹੁੰਦੇ ਸਨਮੈਂ ਸਤਰਕ ਹੋ ਕੇ ਰੱਸੀ ਫੜ ਕੇ ਬੈਠ ਗਿਆਪਿਤਾ ਜੀ ਨੇ ਮੱਝ ਦੇ ਸਰੀਰ ਅੰਦਰ ਕਟੜੂ ਦੀ ਸਥਿਤੀ ਨੂੰ ਸੰਭਵ ਹੱਦ ਤਕ ਸਹੀ ਕੀਤਾਇਹ ਕਾਫੀ ਜ਼ੋਰ ਦਾ ਕੰਮ ਸੀਇਹ ਸਭ ਕੁਝ ਉਹ ਤੇਜ਼ੀ ਨਾਲ ਕਰ ਰਹੇ ਸਨਉਹਨਾਂ ਨੇ ਮੱਝ ਦੀਆਂ ਲੱਤਾਂ ਵਾਲੇ ਰੱਸੇ ਫੜੀ ਖੜ੍ਹੇ ਬੰਦਿਆਂ ਨੂੰ ਚੌਕਸ ਰਹਿਣ ਲਈ ਕਿਹਾ ਕਿ ਮੇਰੇ ਕਹਿਣ ਤੇ ਇੱਕ ਦਮ ਮੱਝ ਨੂੰ ਦੂਜੇ ਪਾਸੇ ਪਲਟੀ ਮਾਰ ਦਿਓਉਹਨਾਂ ਨੇ ਕਟੜੂ ਨੂੰ ਨਾਲ ਘੁੰਮ ਜਾਣ ਤੋਂ ਰੋਕਣ ਲਈ ਹੱਥ ਦੀ ਰੁਕਾਵਟ ਦੀ ਤਾਕਤ ਬਣਾ ਕੇ ਮੱਝ ਨੂੰ ਪਲਟ ਦੇਣ ਦਾ ਇਸ਼ਾਰਾ ਕੀਤਾ ਅਤੇ ਪਲਟੀ ਵੱਜਦਿਆਂ ਹੀ ਮੈਂਨੂੰ ਜ਼ੋਰ ਨਾਲ ਰੱਸੀ ਖਿੱਚਣ ਲਈ ਕਿਹਾ

ਇੱਕ ਦਮ ਰੱਸੀ ਖਿੱਚਣ ਨਾਲ ਮੈਂ ਡਿੱਗ ਤਾਂ ਪਿਆ ਪਰ ਕਟੜੂ ਬਾਹਰ ਆ ਗਿਆਪਿਤਾ ਜੀ ਦੇ ਕਹਿਣ ’ਤੇ ਮੈਂ ਉਸਦੀ ਬੂਥੀ ਅਤੇ ਨਾਸਾਂ ਨੂੰ ਪੂੰਝ ਕੇ ਉਸਦੇ ਸਿਰ ਪਿੱਛੇ ਦੋ-ਤਿੰਨ ਹਲਕੀਆਂ ਮੁੱਕੀਆਂ ਮਾਰੀਆਂ ਤਾਂ ਉਸਨੇ ਅੱਖਾਂ ਖੋਲ੍ਹ ਲਈਆਂਫਿਰ ਦੋਹਾਂ ਦੇ ਇਲਾਜ ਦੀਆਂ ਜ਼ਰੂਰੀ ਕਿਰਿਆਵਾਂ ਪੂਰੀਆਂ ਕੀਤੀਆਂ ਅਤੇ ਕਟੜੂ ਦੀਆਂ ਹਰਕਤਾਂ ਠੀਕ ਹੋ ਜਾਣ ’ਤੇ ਉਸ ਨੂੰ ਮੱਝ ਦੇ ਮੂਹਰੇ ਮੱਝ ਦੇ ਚੱਟਣ ਵਾਸਤੇ ਰੱਖ ਦਿੱਤਾ

ਇਸ ਵਰਤਾਰੇ ਨੂੰ ਵੀਹ ਕੁ ਮਿੰਟ ਲੱਗੇ ਹੋਣਗੇ ਅਤੇ ਪਿੰਡਾਂ ਦੀ ਫਿਤਰਤ ਅਨੁਸਾਰ ਹੁਣ ਤਕ ਇਕੱਠ ਹੋਰ ਵਧ ਚੁੱਕਾ ਸੀਮੱਝ ਨੂੰ ਪਲਟੀ ਦੇਣ ਵੇਲੇ ਜਿਹਨਾਂ ਲੋਕਾਂ ਦੇ ਮੂੰਹ ਅੱਡੇ ਹੋਏ ਸਨ ਉਹਨਾਂ ਦੇ ਚਿਹਰੇ ’ਤੇ ਹੁਣ ਤਸੱਲੀ ਦੇ ਭਾਵ ਸਨਇਹ ਤਾਂ ਰੱਬ ਹੀ ਜਾਣਦਾ ਸੀ ਕਿ ਇਹ ਕੁਦਰਤ ਦਾ ਕ੍ਰਿਸ਼ਮਾ ਸੀ, ਮੱਝ ਵਾਲੇ ਦੀ ਕਿਸਮਤ ਸੀ ਜਾਂ ਕੁੰਡੀ ਨਾ ਵਰਤਣ ਦਾ ਪਿਤਾ ਜੀ ਦਾ ਹੁਨਰ ਤੇ ਭਰੋਸਾ ਸੀ ਕਿ ਕਟੜੂ ਮਟਿਆਂਡੀ ਦੇ ਫਟ ਜਾਣ ਤੋਂ ਇੰਨੇ ਚਿਰ ਬਾਅਦ ਵੀ ਬਚ ਗਿਆ ਸੀ ਕੁਝ ਵੀ ਸੀ, ਦੋ ਜੀਵਾਂ ਦੀ ਜਾਨ ਬਚ ਜਾਣ ਦਾ ਸਕੂਨ ਸਭ ਨੂੰ ਸੀ

ਪਿਤਾ ਜੀ ਤਾਂ ਅਜਿਹੇ ਮੌਕਿਆਂ ਦਾ ਸਾਹਮਣਾ ਅਕਸਰ ਹੀ ਕਰਦੇ ਰਹਿੰਦੇ ਸਨ ਪਰ ਇਸ ਸਫ਼ਲ ਕਾਰਜ ਦਾ ਹਿੱਸਾ ਹੋਣ ਦਾ ਅਹਿਸਾਸ ਅਤੇ ਪਿਤਾ ਜੀ ਨੂੰ ਮਿਲੇ ਸਤਿਕਾਰ ਨੂੰ ਮੈਂ ਉਹਨਾਂ ਦੇ ਦੁਨੀਆਂ ਤੋਂ ਤੁਰ ਜਾਣ ਤੋਂ ਵੀਹ ਸਾਲ ਬਾਅਦ ਵੀ ਭੁਲਾ ਨਹੀਂ ਸਕਿਆਮੈਂ ਮਹਿਸੂਸ ਕਰਦਾ ਹਾਂ ਕਿ ਉਹਨਾਂ ਦੇ  “ਕੈ ਮਿੰਟ ਲਾਵਾਂ ਬਈ?” ਵਾਲੇ ਪ੍ਰਸ਼ਨ ਪਿੱਛੇ ਉਹਨਾਂ ਦਾ ਮਾਣ ਨਹੀਂ ਬਲਕਿ ਆਪਣੇ ਹੁਨਰ ਦਾ ਭਰੋਸਾ ਬੋਲ ਰਿਹਾ ਸੀ

ਅੱਜ ਦੇ ਦਿਨ (19 ਜੂਨ) ਪਿਤਾ ਜੀ ਚਲਾਣਾ ਕਰ ਗਏ ਸਨ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2203) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਖਵੀਰ ਸਿੰਘ ਕੰਗ

ਸੁਖਵੀਰ ਸਿੰਘ ਕੰਗ

Kotla Samashpur, Samrala, Ludhiana, Punjab, India.
Phone: (91 - 85678 - 72291)

More articles from this author