SukhbirSKang7““ਕਹਾਂ ਸੇ ਆ ਰਹੇ ਹੋ ਇਤਨੀ ਰਾਤ ਮੇਂ? ਪਤਾ ਨਹੀਂ ਹਾਲਾਤ ਕੈਸੇ ਹੈਂ?” ਇਹ ਆਰਮੀ ਦਾ ...
(6 ਮਈ 2021)

 

ਕਈ ਵਾਰ ਵਰ੍ਹਿਆਂ ਤੱਕ ਕਿਸੇ ਦੇ ਨਾਲ ਚੱਲਣ ’ਤੇ ਵੀ ਕੋਈ ਅਜਨਬੀ ਹੀ ਰਹਿੰਦਾ ਹੈ ਅਤੇ ਕਈ ਵਾਰ ਕੁਝ ਪਲਾਂ ਦੀ ਮੁਲਾਕਾਤ ਉਮਰਾਂ ਦੀ ਯਾਦ ਬਣ ਜਾਂਦੀ ਹੈ। ਅੱਜ ਤੋਂ ਕੋਈ ਪੈਂਤੀ ਕੁ ਵਰ੍ਹੇ ਪਹਿਲਾਂ ਦੂਰਦਰਸ਼ਨ ਜਲੰਧਰ ਤੋਂ ਸੁਣਿਆ ਕਿਸੇ ਪੰਜਾਬੀ ਗੀਤ ਦਾ ਇੱਕ ਟੱਪਾ, ਬਿਨਾਂ ਕਿਤੋਂ ਲਿਖੇ ਜਾਂ ਪੜ੍ਹੇ, ਸਿਰਫ ਇੱਕ ਵਾਰ ਸੁਣ ਕੇ ਅਜਿਹਾ ਯਾਦ ਹੋਇਆ ਕਿ ਮੈਂ ਜਦੋਂ ਵੀ ਕਿਤੇ ਇਕੱਲਾ ਹੋਵਾਂ ਤਾਂ ਆਪਣੇ ਆਪ ਬੁੱਲ੍ਹਾਂ ’ਤੇ ਆ ਜਾਂਦਾ ਹੈ। ਹੁਣ ਵੀ ਜਦੋਂ ਮੈਂ ਇਕੱਲਾ ਗੱਡੀ ਜਾਂ ਬਾਈਕ ਚਲਾ ਰਿਹਾ ਹੋਵਾਂ ਜਾਂ ਖੇਤ ਵਿੱਚ ਇਕੱਲਾ ਬੈਠਾ ਹੋਵਾਂ ਤਾਂ ਆਪ ਮੁਹਾਰੇ ਹੀ ਇਸ ਨੂੰ ਗੁਣ-ਗੁਣਾਉਣ ਲਗਦਾ ਹਾਂ। ਇਸ ਦਾ ਇਕ ਹੋਰ ਕਾਰਨ ਵੀ ਹੈ ਕਿ ਇਸ ਨਾਲ ਇੱਕ ਬੜੀ ਡਰਾਉਣੀ ਪਰ ਦਿਲਚਸਪ ਯਾਦ ਵੀ ਜੁੜੀ ਹੋਈ ਹੈ। ਇਹ ਯਾਦ ਅੱਸੀ ਦੇ ਦਹਾਕੇ ਦੇ ਪਿਛਲੇ ਸਾਲਾਂ ਦੀ ਹੈ ਜਦੋਂ ਪੰਜਾਬ ਵਿੱਚ ਸਿੱਖ ਖਾੜਕੂ ਲਹਿਰ ਚੱਲ ਰਹੀ ਸੀ, ਜਿਸ ਕਾਰਨ ਲੋਕ ਦਹਿਸ਼ਤ ਦੇ ਸਾਏ ਹੇਠ ਜੀਅ ਰਹੇ ਸਨਸੂਰਜ ਢਲਦਿਆਂ ਹੀ ਪਿੰਡਾਂ ਦੇ ਲੋਕ ਘਰਾਂ ਵਿੱਚ ਦੁਬਕ ਜਾਂਦੇ ਸਨ ਅਤੇ ਰਸਤੇ ਸੁੰਨੇ ਹੋ ਜਾਂਦੇ ਸਨ। ਪੰਜਾਬ ਦੇ ਸਾਰੇ ਪਿੰਡਾਂ ਅਤੇ ਸਹਿਰਾਂ ਦੀਆਂ ਰਾਤਾਂ ਅਨਿਸਚਿਤਤਾ ਤੇ ਦਹਿਸ਼ਤ ਦੇ ਸਾਏ ਹੇਠ ਬੀਤਦੀਆਂ ਸਨ।

ਸਾਡਾ ਪਿੰਡ ਲੁਧਿਆਣਾ-ਚੰਡੀਗੜ੍ਹ ਮਾਰਗ ਦੇ ਐਨ ਉੱਪਰ ਸੜਕ ਦੇ ਦੋਨੋ ਪਾਸੇ ਵਸਿਆ ਹੋਇਆ ਹੈ। ਪਿਛਲੇ ਲਗਭਗ ਚਾਰ ਦਹਾਕਿਆਂ ਤੋਂ ਲਗਾਤਾਰ ਸਾਡੇ ਪਿੰਡ ਵਿੱਚ ਹੋਲੇ-ਮਹੱਲੇ ਦੇ ਪੁਰਬ ਮਨਾਉਣ ਲਈ ਪਿੰਡ ਵਿੱਚੋਂ ਗੁਜਰਦੀ ਸੜਕ ਉੱਪਰੋਂ ਅਨੰਦਪੁਰ ਸਾਹਿਬ ਨੂੰ ਲੰਘਣ ਵਾਲੀ ਸੰਗਤ ਦੀ ਸੇਵਾ ਵਾਸਤੇ ਤਿੰਨ ਦਿਨ ਲਈ ਲੰਗਰ ਲਗਾਇਆ ਜਾਂਦਾ ਹੈ। ਇਹ ਲੰਗਰ ਪਿੰਡ ਦੀ ਨੌਜਵਾਨ ਸਭਾ ਵਲੋਂ ਸਮੁੱਚੇ ਪਿੰਡ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ। ਉਸ ਦਿਨ ਵੀ ਅਸੀਂ ਹਰ ਸਾਲ ਦੀ ਤਰ੍ਹਾਂ ਲੰਗਰ ਤੋਂ ਇੱਕ ਦਿਨ ਪਹਿਲਾਂ ਪਿੰਡ ਦੇ ਸੜਕ ਕਿਨਾਰੇ ਬਣੇ ਪੰਚਾਇਤ ਘਰ ਦੀ ਪਾਠ ਰਖਾਉਣ ਲਈ ਸਫਾਈ ਕਰਵਾ ਕੇ, ਆਲਾ ਦੁਆਲਾ ਸਾਫ ਕਰਕੇ, ਪੰਡਾਲ ਦਾ ਟੈਂਟ ਵਗੈਰਾ ਲਗਵਾ ਕੇ, ਮੈਂਬਰਾਂ ਦੀਆਂ ਡਿਊਟੀਆਂ ਤੈਅ ਕਰਕੇ ਅਤੇ ਸਭ ਤਿਆਰੀਆਂ ਮੁਕੰਮਲ ਕਰਕੇ ਵਿਹਲੇ ਹੋਏ ਤਾਂ ਸਵੇਰੇ ਲੰਗਰ ਸੁਵਖਤੇ ਅਰੰਭ ਕਰ ਦੇਣ ਦੇ ਮਕਸਦ ਨਾਲ ਸ਼ਾਮ ਵੇਲੇ ਹੀ ਸਬਜੀਆਂ ਕੱਟਣ ਬੈਠ ਗਏ। ਸਾਨੂੰ ਸਾਰੇ ਨੌਜਵਾਨ ਸਭਾ ਮੈਂਬਰਾਂ ਨੂੰ ਇਹਨਾਂ ਦਿਨਾਂ ਵਿੱਚ ਸੇਵਾ ਕਰਨ, ਇਕੱਠੇ ਹੋ ਕੇ ਕੰਮ ਕਰਨ ਅਤੇ ਮਿਲ ਬੈਠਣ ਦਾ ਬੜਾ ਚਾਅ ਹੁੰਦਾ ਸੀ। ਸਮਾਗਮ ਦੀਆਂ ਵਿਓਂਤਬੰਦੀਆਂ ਕਰਦਿਆਂ ਅਤੇ ਗੱਲਾਂ ਵਿੱਚ ਰੁੱਝਿਆਂ ਨੂੰ ਸਬਜ਼ੀਆਂ ਕੱਟਦਿਆਂ ਸਾਨੂੰ ਕਾਫੀ ਹਨੇਰਾ ਹੋ ਗਿਆ। ਪੂਰੀ ਤਰ੍ਹਾਂ ਤਾਂ ਯਾਦ ਨਹੀਂ ਪਰ ਸ਼ਾਇਦ ਉਹਨਾਂ ਦਿਨਾਂ ਵਿੱਚ ਚੱਲ ਰਹੀ ਖਾੜਕੂ ਲਹਿਰ ਕਾਰਨ ਕੋਈ ਖਾਸ ਓਪਰੇਸ਼ਨ ਚੱਲ ਰਿਹਾ ਸੀ ਅਤੇ ਪੂਰੇ ਪੰਜਾਬ ਵਿੱਚ ਆਰਮੀ, ਬੀ.ਐਸ.ਐੱਫ. ਅਤੇ ਸੀ.ਆਰ. ਪੀ. ਬਹੁਤ ਲੱਗੀ ਹੋਈ ਸੀ। ਸਬਜ਼ੀਆਂ ਕੱਟਦਿਆਂ ਹੀ ਪੰਚਾਇਤ ਘਰ ਵਿੱਚ ਪਏ ਸਮਾਨ ਦੀ ਰਾਖੀ ਲਈ ਰਾਤ ਰਹਿਣ ਵਾਲੇ ਤਿੰਨ ਜਣਿਆਂ ਵਿੱਚ ਮੇਰੀ ਵੀ ਡਿਊਟੀ ਲੱਗ ਗਈ। ਸਮਾਗਮ ਦੇ ਮੁੱਢਲੇ ਸੇਵਕ ਹੋਣ ਦੇ ਨਾਤੇ ਸਾਡੀ ਦਸ ਕੁ ਸਾਥੀਆਂ ਦੀ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਸੀ ਅਤੇ ਅਸੀਂ ਕੰਮ, ਜ਼ਿੰਮੇਵਾਰੀ ਅਤੇ ਚੁਣੌਤੀ ਨੂੰ ਦੇਖ ਕੇ ਭੱਜਦੇ ਨਹੀਂ ਸੀ ਬਲਕਿ ਸਾਂਝੇ ਕੰਮ ਕਰਨ ਨੂੰ ਚਾਅ ਅਤੇ ਖੁਸ਼ੀ ਨਾਲ ਸਵੀਕਾਰਦੇ ਸੀ। ਬਾਕੀ ਸਾਥੀ ਕਹਿਣ ਲੱਗੇ ਕਿ ਅਸੀਂ ਹਾਲੇ ਸਬਜ਼ੀਆਂ ਕੱਟਦੇ ਇੱਥੇ ਹੀ ਬੈਠੇ ਹਾਂ, ਓਨੀ ਦੇਰ ਤੁਸੀਂ ਰਾਤ ਰਹਿਣ ਵਾਲੇ ਤਿੰਨੋ ਜਣੇ ਘਰ ਜਾ ਕੇ ਰੋਟੀ ਖਾ ਆਓ।

ਮੇਰੇ ਦੋ ਸਾਥੀਆਂ ਦਾ ਘਰ ਤਾਂ ਪਿੰਡ ਵਿੱਚ ਸੀ, ਉਹ ਤਾਂ ਪਿੰਡ ਵੱਲ ਚੱਲ ਪਏ ਪਰ ਸਾਡਾ ਘਰ ਖੇਤਾਂ ਵਿੱਚ ਸੀ। ਮੈਂ ਪੰਚਾਇਤ ਘਰ ਦੇ ਨਾਲ ਲੱਗਦੇ ਸਕੂਲ ਦੇ ਗਰਾਊਂਡ ਵਿੱਚੋਂ ਹੋ ਕੇ ਸਕੂਲ ਦੀ ਚਾਰ ਕੁ ਫੁੱਟ ਉੱਚੀ ਚਾਰਦੀਵਾਰੀ ਦੀ ਕੰਧ ਟੱਪ ਕੇ ਨੇੜੇ ਦੀ ਘਰ ਜਾ ਸਕਦਾ ਸੀ ਜਾਂ ਫਿਰ ਸਕੂਲ ਉਪਰੋਂ ਦੀ ਘੁੰਮ ਕੇ ਮੁੱਖ ਸੜਕ ਤੋਂ ਹੋ ਕੇ ਖੇਤਾਂ ਵਾਲੇ ਰਸਤੇ ਰਾਹੀਂ ਜਾ ਸਕਦਾ ਸੀ। ਉਦੋਂ ਸੜਕਾਂ ਉੱਪਰ ਰਾਤ ਸਮੇਂ ਥਾਵਾਂ ਬਦਲ-ਬਦਲ ਕੇ ਅਕਸਰ ਪੁਲਿਸ ਜਾਂ ਦੂਜੀਆਂ ਫੋਰਸਾਂ ਦੇ ਨਾਕੇ ਆਮ ਹੀ ਲੱਗਦੇ ਰਹਿੰਦੇ ਸਨ। ਮੁੱਖ ਸੜਕ ਤੋਂ ਗੱਡੀਆਂ ਦੇ ਰੁਕ ਕੇ ਜਾਂ ਹੌਲੀ ਹੋ ਕੇ ਲੰਘਣ ਦੀ ਆਵਾਜ਼ ਤੋਂ ਅੰਦਾਜਾ ਹੋ ਜਾਂਦਾ ਸੀ ਕਿ ਮੁੱਖ ਸੜਕ ’ਤੇ ਨਾਕਾ ਲੱਗਿਆ ਹੋਇਆ ਹੈ। ਉਸ ਦਿਨ ਵੀ ਅਜਿਹਾ ਹੀ ਹੋ ਰਿਹਾ ਸੀ। ਜਦੋਂ ਮੈਂ ਸਕੂਲ ਦੇ ਗਰਾਊਂਡ ਵਿੱਚੋਂ ਲੰਘਣ ਲਈ ਸਕੂਲ ਦੀ ਇਮਾਰਤ ਲੰਘ ਕੇ ਗਰਾਊੰਡ ਵਿੱਚੋਂ ਦਿਸਦੇ ਸਾਡੇ ਘਰ ਨੂੰ ਸੜਕ ਤੋਂ ਮੁੜਦੇ ਮੋੜ ਵੱਲ ਨਿਗਾਹ ਮਾਰੀ ਤਾਂ ਗੱਡੀਆਂ ਦੀ ਲਾਈਟ ਵਿੱਚ ਦੇਖਿਆ ਕਿ ਮੋੜ ’ਤੇ ਜਬਰਦਸਤ ਨਾਕਾ ਲੱਗਿਆ ਹੋਇਆ ਸੀ ਤਾਂ ਮੈਂ ਉਸ ਪਾਸੇ ਨਾ ਗਿਆ ਅਤੇ ਸੋਚਿਆ ਕਿ ਨਾਕੇ ਦੇ ਇੰਨੇ ਨੇੜੇ ਤੋਂ ਸਕੂਲ ਦੀ ਗਰਾਊਂਡ ਦੀ ਕੰਧ ਟੱਪਣਾ ਠੀਕ ਨਹੀਂ ਹੋਵੇਗਾ ਕਿਉਂਕਿ ਉਹਨਾਂ ਦਹਿਸ਼ਤ ਵਾਲੇ ਦਿਨਾਂ ਵਿੱਚ ਪੁਲਿਸ ਫੋਰਸਾਂ ਕੋਲ ਅਧਿਕਾਰ ਬਹੁਤ ਸਨ ਉਹ ਗੋਲ਼ੀ ਵੀ ਚਲਾ ਸਕਦੇ ਸਨ। ਪਹਿਲਾਂ ਮੈਂ ਵਾਪਸ ਸਾਥੀਆਂ ਕੋਲ ਜਾਣ ਬਾਰੇ ਸੋਚਿਆ ਪਰ ਰਾਤ ਪੰਚਾਇਤ ਘਰ ਵਿੱਚ ਰਹਿਣ ਬਾਰੇ ਘਰ ਦੱਸਣਾ ਵੀ ਜਰੂਰੀ ਸੀ। ਉਦੋਂ ਕਿਹੜਾ ਫੋਨ ਹੁੰਦੇ ਸਨ, ਪੂਰੇ ਪਿੰਡ ਵਿੱਚ ਉਦੋਂ ਲੈਂਡ ਲਾਈਨ ਵਾਲੇ ਸਿਰਫ ਤਿੰਨ ਫੋਨ ਹੀ ਹੁੰਦੇ ਸਨ, ਇਸ ਕਰਕੇ ਮੈਂ ਦਲੇਰੀ ਕਰਕੇ ਸੜਕ ਵਾਲੇ ਪਾਸੇ ਤੋਂ ਹੋ ਕੇ ਬਕਾਇਦਾ ਨਾਕੇ ਵਿੱਚੋਂ ਦੀ ਹੋ ਕੇ ਲੰਘਣ ਦਾ ਫੈਸਲਾ ਕੀਤਾ। ਜਾਂਦਿਆਂ ਹੋਇਆਂ ਸਾਥੀਆਂ ਨੂੰ ਵੀ ਬੜ੍ਹਕ ਮਾਰ ਆਇਆ, ਬਈ ਖਿਆਲ ਰੱਖਿਓ, ਜੇ ਕੁੱਝ ਰੌਲਾ-ਖੜਕਾ ਸੁਣਿਆ ਤਾਂ ਦੇਖ ਲਿਓ। ਉਸ ਉਮਰ ਵਿੱਚ ਖਤਰੇ ਮੁੱਲ ਲੈਣਾ ਭਾਵੇਂ ਸ਼ੁਗਲ ਹੁੰਦਾ ਹੈ ਪਰ ਕੁੱਝ ਸਹਿਮ ਤਾਂ ਹੁੰਦਾ ਹੀ ਹੈ। ਮੈਂ ਨਾਕੇ ਵੱਲ ਚੱਲ ਪਿਆ।

ਸਰਦੀ ਦੇ ਦਿਨ ਸਨ, ਮੈਂ ਕਾਲੀ-ਚਿੱਟੀ ਡੱਬੀ ਵਾਲੇ ਕੁੱਲੂ ਤੋਂ ਲਿਆਂਦੇ ਉਦੋਂ ਦੇ ਮਸਹੂਰ ਪੱਟੂ ਕੰਬਲ ਦੀ ਬੁੱਕਲ ਮਾਰੀ ਹੋਈ ਸੀ। ਮੈਂ ਜਿਓਂ-ਜਿਓਂ ਨਾਕੇ ਦੇ ਨੇੜੇ ਜਾ ਰਿਹਾ ਸੀ, ਦਿਲ ਦੀ ਧੜਕਣ ਤੇਜ ਹੋ ਰਹੀ ਸੀ ਉਹਨਾਂ ਦਿਨਾਂ ਵਿੱਚ ਹਾਲਾਤ ਹੀ ਅਜਿਹੇ ਸਨ ਕਿ ਕੁੱਝ ਵੀ ਹੋ ਸਕਦਾ ਸੀ। ਨੇੜੇ ਪਹੁੰਚਦਿਆਂ ਮੈਨੂੰ ਅਚਾਨਕ ਖਿਆਲ ਆਇਆ ਕਿ ਮੈਨੂੰ ਕੁੱਝ ਅਜਿਹਾ ਕਰਨਾ ਚਾਹੀਦਾ ਹੈ ਕਿ ਨਾਕੇ ਵਾਲੀ ਫੋਰਸ ਨੂੰ ਲੱਗੇ ਕਿ ਮੈਂ ਚੋਰੀ ਨਹੀਂ ਆ ਰਿਹਾ ਬਲਕਿ ਸਹਿਜ ਸੁਭਾਅ ਆ ਰਿਹਾ ਹਾਂ। ਉਸੇ ਵਕਤ ਮੇਰੇ ਬੁੱਲ੍ਹਾਂ ’ਤੇ ਉਹੀ ਰਟਿਆ ਹੋਇਆ ਗੀਤ ਦਾ ਟੱਪਾ ਆ ਗਿਆ:

ਮੈਂ ਤੇ ਮਾਹੀ ਦੋ ਜਣੇ, ਤੇ ਚੰਨ ਚਾਨਣੀ ਰਾਤ ਵੇ
ਬੈਠ ਹੁੰਗਾਰਾ ਮੈਂ ਭਰਾਂ
, ਮੇਰਾ ਮਾਹੀ ਪਾਵੇ ਬਾਤ ਵੇ

ਚਾਰ ਵਿੱਚੋਂ ਹਾਲੇ ਦੋ ਸਤਰਾਂ ਹੀ ਗਾਈਆਂ ਸਨ ਕਿ ਇੱਕ ਗਰਜਵੀਂ ਆਵਾਜ਼ ਆਈ ,“ਹੈਂਡਸ ਅੱਪ!”

ਬਿਨਾਂ ਗੁਨਾਹ ਬਾਹਾਂ ਖੜ੍ਹੀਆਂ ਕਰਨਾ ਦਿਲ ਨੂੰ ਗਵਾਰਾ ਨਾ ਹੋਇਆ ਅਤੇ ਮੈਂ ਆਪਣੇ ਹੱਥ ਕੰਬਲ ਵਿੱਚੋਂ ਕੱਢ ਕੇ ਬਾਹਰ ਵੱਲ ਕਰ ਲਏ। ਦਿਲ ਤਾਂ ਹਾਲੇ ਵੀ ਤੇਜ਼ ਧੜਕ ਰਿਹਾ ਸੀ ਪਰ ਮੇਰਾ ਹੌਸਲਾ ਸਥਿਰ ਹੋ ਗਿਆ ਸੀ ਕਿ ਮੈਂ ਕਿਸੇ ਭੁਲੇਖੇ ਵਿੱਚ ਉਪਜਣ ਵਾਲੇ ਖਤਰੇ ਤੋਂ ਬਚਣ ਲਈ ਬਣਾਈ ਆਪਣੀ ਵਿਓਂਤ ਵਿੱਚ ਕਾਮਯਾਬ ਹੋ ਗਿਆ ਸੀ। ਉਹਨਾਂ ਨੇ ਮੇਰੀ ਤਲਾਸ਼ੀ ਲਈ ਅਤੇ ਪੁੱਛਿਆ, “ਕਹਾਂ ਸੇ ਆ ਰਹੇ ਹੋ ਇਤਨੀ ਰਾਤ ਮੇਂ? ਪਤਾ ਨਹੀਂ ਹਾਲਾਤ ਕੈਸੇ ਹੈਂ?” ਇਹ ਆਰਮੀ ਦਾ ਨਾਕਾ ਸੀ ਉਹਨਾਂ ਦਾ ਅਫ਼ਸਰ ਅਤੇ ਜ਼ਿਆਦਾ ਸਾਥੀ ਹੈ ਤਾਂ ਸਰਦਾਰ ਸਨ ਪਰ ਬੋਲ ਹਿੰਦੀ ਵਿੱਚ ਰਹੇ ਸਨ। ਉਹਨਾਂ ਦਾ ਠੀਕ ਵਤੀਰਾ ਦੇਖ ਕੇ ਮੈਂ ਸਾਹਮਣੇ ਆਪਣੇ ਘਰ ਦੀ ਜਗਦੀ ਬੱਤੀ ਵੱਲ ਹੱਥ ਕਰਕੇ ਬੜੇ ਆਰਾਮ ਨਾਲ ਦੱਸਿਆ ਕਿ ਉਹ ਮੇਰਾ ਘਰ ਹੈ ਅਤੇ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਟੈਂਟ ਲੱਗਿਆ ਹੋਇਆ ਹੈ ਉੱਥੇ ਅਸੀਂ ਕੱਲ੍ਹ ਲੰਗਰ ਲਗਾਉਣਾ ਹੈ, ਇਸ ਕਰਕੇ ਅਸੀ ਉੱਥੇ ਸਬਜ਼ੀਆਂ ਕੱਟ ਰਹੇ ਸੀਮੈਂ ਉੱਥੋਂ ਘਰ ਆ ਰਿਹਾ ਹਾਂ। ਉਹਨਾਂ ਦੇ ਅਫਸਰ ਦੀ ਮੇਰੀ ਗੱਲ ਨਾਲ ਤਸੱਲੀ ਹੋ ਗਈ ਪਰ ਪਿੱਛੇ ਖੜ੍ਹੇ ਇਕ ਫੌਜੀ ਜੁਆਨ ਨੇ ਸਕੂਲ ਦੀ ਇਮਾਰਤ ਵੱਲ ਇਸ਼ਾਰਾ ਕਰਕੇ ਸੁਆਲ ਕੀਤਾ, “ਉਸ ਬਿਲਡਿੰਗ ਕੇ ਪੀਛੇ ਸੇ ਦੇਖ ਕਰ ਕੋਈ ਵਾਪਿਸ ਭੀ ਮੁੜਾ ਥਾ, ਵੋ ਕੌਨ ਥਾ?”

ਮੈਂ ਸਪਸ਼ਟ ਦੱਸ ਦਿੱਤਾ ਕਿ ਉਹ ਮੈਂ ਹੀ ਸੀ ਮੈਂ ਤੁਹਾਨੂੰ ਦੇਖ ਲਿਆ ਸੀ, ਇਸ ਕਰਕੇ ਮੈਨੂੰ ਉਸ ਲੁਕਵੇਂ ਰਸਤੇ ਰਾਹੀਂ ਆਉਣਾ ਠੀਕ ਨਹੀਂ ਲੱਗਿਆ ਤੇ ਮੈਂ ਸਿੱਧੇ ਰਸਤੇ ਆਉਣਾ ਹੀ ਸਹੀ ਸਮਝਿਆ। ਇੰਨੇ ਨੂੰ ਨਾਲ ਲੱਗਦੇ ਬੱਲੀਆਂ ’ਤੇ ਪਹੁੰਚੀ ਕਣਕ ਦੇ ਖੇਤ ਵਿੱਚ ਅਸਲੇ ਸਮੇਤ ਪੁਜੀਸ਼ਨਾਂ ਲੈ ਕੇ ਲੰਮੇ ਪਏ ਦੋ ਫੌਜੀ ਹੋਰ ਉੱਠ ਕੇ ਖੜ੍ਹੇ ਹੋ ਗਏਮੈਂ ਇੱਕ ਵਾਰ ਫਿਰ ਤ੍ਰਬਕ ਗਿਆ। ਸਭ ਨੇ ਇਕੱਠੇ ਹੋ ਕੇ ਮੇਰੇ ਤੋਂ ਲਗਾਏ ਜਾਣ ਵਾਲੇ ਲੰਗਰ ਬਾਰੇ ਪੂਰੀ ਪੁੱਛਗਿੱਛ ਕੀਤੀ ਅਤੇ ਮੈਨੂੰ ਘਰ ਜਾਣ ਦੀ ਇਜਾਜ਼ਤ ਦੇ ਦਿੱਤੀਮੈਂ ਉਹਨਾਂ ਨੂੰ ਆਪਣੇ ਮੁੜ ਕੇ ਵਾਪਸ ਆਉਣ ਅਤੇ ਉੱਥੇ ਪਏ ਸਮਾਨ ਦੀ ਰਾਖੀ ਲਈ ਤਿੰਨ ਜਣਿਆਂ ਸਮੇਤ ਉੱਥੇ ਹੀ ਸੌਣ ਬਾਰੇ ਦੱਸਣਾ ਵੀ ਜਰੂਰੀ ਸਮਝਿਆ ਤਾਂ ਮੇਰੀ ਗੱਲ ਸੁਣ ਕੇ ਉਹਨਾਂ ਦਾ ਇੰਚਾਰਜ ਸਰਦਾਰ ਅਫਸਰ ਮੇਰੇ ਮੋਢੇ ’ਤੇ ਹੱਥ ਰੱਖ ਕੇ ਹੱਸਦਿਆਂ ਕਹਿਣ ਲੱਗਾ, “ਐਸੇ ਹੀ ਦੂਰ ਸੇ ਆਵਾਜ਼ ਦੇ ਦੇਨਾ, ਅੱਛਾ ਤਰੀਕਾ ਹੈ।”

ਮੈਂ ਘਰ ਜਾ ਕੇ ਚੁੱਪ-ਚਾਪ ਰੋਟੀ ਖਾਧੀ ਅਤੇ ਘਰ ਵਾਲਿਆਂ ਨੂੰ ਵਾਪਸ ਪੰਚਾਇਤ ਘਰ ਜਾ ਕੇ ਸੌਣ ਬਾਰੇ ਤਾਂ ਦੱਸ ਦਿੱਤਾ ਪਰ ਇਸ ਘਟਨਾ ਬਾਰੇ ਨਾ ਦੱਸਿਆ ਕਿ ਕਿਤੇ ਘਰ ਵਾਲੇ ਡਰ ਕਾਰਨ ਜਾਣ ਤੋਂ ਮਨ੍ਹਾਂ ਹੀ ਨਾ ਕਰ ਦੇਣ ਅਤੇ ਮੈਂ ਸਾਥੀਆਂ ਨਾਲ ਰਾਤ ਭਰ ਗੱਲਾਂ ਮਾਰਨ ਤੋਂ ਵਾਂਝਾ ਰਹਿ ਜਾਵਾਂ।

ਮੈਂ ਜਦੋਂ ਰੋਟੀ ਖਾ ਕੇ ਵਾਪਸ ਆਇਆ ਤਾਂ ‘ਦੂਰ ਸੇ ਆਵਾਜ਼’ ਦੇਣ ਦੀ ਲੋੜ ਹੀ ਨਹੀਂ ਪਈ, ਹੁਣ ਤੱਕ ਉਹ ਨਾਕਾ ਹਟਾ ਕੇ ਜਾ ਚੁੱਕੇ ਸਨ ਅਤੇ ਮੈਂ ਪੰਚਾਇਤ ਘਰ ਜਾ ਕੇ ਇਹ ਦਹਿਸ਼ਤ ਦੇ ਸਾਏ ਹੇਠ ਵਾਪਰੀ ਸਾਰੀ ਘਟਨਾ ਸਾਥੀਆਂ ਨੂੰ ਬੜੇ ਫਖ਼ਰ ਨਾਲ ਚਟਕਾਰੇ ਲੈ ਕੇ ਸੁਣਾਈਪਰ ਘਰ ਵਾਲਿਆਂ ਨੂੰ ਇਸ ਬਾਰੇ ਅਗਲੇ ਦਿਨ ਹੀ ਦੱਸਿਆ। ਇਸ ਤਰ੍ਹਾਂ ਗਾਣੇ ਦੀਆਂ ਇਹ ਸਤਰਾਂ ਇਸ ਘਟਨਾ ਨਾਲ ਇੱਕ-ਮਿੱਕ ਹੋ ਕੇ ਮੇਰੇ ਲਈ ਸਦਾ ਵਾਸਤੇ ਇੱਕ ਅਭੁੱਲ ਯਾਦ ਵੀ ਬਣ ਗਈਆਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2756)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਖਵੀਰ ਸਿੰਘ ਕੰਗ

ਸੁਖਵੀਰ ਸਿੰਘ ਕੰਗ

Kotla Samashpur, Samrala, Ludhiana, Punjab, India.
Phone: (91 - 85678 - 72291)

More articles from this author