SukhbirSKang7ਇਸ ਤਰ੍ਹਾਂ ਅੰਦੋਲਨ ਦੇ ਵਹਾਅ ਦੌਰਾਨ ਅਜਿਹੇ ਬਹੁਤ ਸਾਰੇ ਸਵਾਲ ਉੱਠੇ ਅਤੇ ਮੌਕੇ ਮਿਲੇ ...
(20 ਮਾਰਚ 2021)
(ਸ਼ਬਦ: 1630)


ਸਵਾਲਾਂ ਅਤੇ ਚੁਣੌਤੀਆਂ ਦੇ ਉੱਠਦੇ ਰਹਿਣ ਨਾਲ ਘੋਲ਼ਾਂ
, ਸੰਘਰਸ਼ਾਂ ਅਤੇ ਅੰਦੋਲਨਾਂ ਨਾਲ ਸਬੰਧਤ ਧਿਰਾਂ ਦੀਆਂ ਕਿਰਿਆਵਾਂ ਤੇ ਪ੍ਰਤੀ-ਕਿਰਿਆਵਾਂ ਆਉਂਦੀਆਂ ਰਹਿੰਦੀਆਂ ਹਨ, ਜਿਹਨਾਂ ਨਾਲ ਪਿੜ ਵਿੱਚ ਤੀਬਰਤਾ ਬਣੀ ਰਹਿੰਦੀ ਹੈਜਿਸ ਤਰ੍ਹਾਂ ਸਮੁੱਚੇ ਤੌਰ ’ਤੇ ਖੇਤੀ ਦੀ ਗੱਲ ਕਰਦਿਆਂ ਇਸ ਨੂੰ ਕੇਵਲ ਫਸਲਾਂ ਤਕ ਸੀਮਤ ਨਹੀਂ ਰੱਖਿਆ ਜਾ ਸਕਦਾ ਬਲਕਿ ਖੇਤੀ ਨਾਲ ਜੁੜੇ ਹਰ ਮਸਲੇ ਨੂੰ ਇਸਦਾ ਹਿੱਸਾ ਮੰਨਿਆ ਜਾਂਦਾ ਹੈ ਬਿਲਕੁਲ ਇਸੇ ਤਰ੍ਹਾਂ ਕਿਸਾਨ ਅੰਦੋਲਨ ਦੀ ਪੂਰਨ ਤੌਰ ’ਤੇ ਗੱਲ ਕਰਦਿਆਂ ਇਸ ਨੂੰ ਕੇਵਲ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਤਕ ਸੀਮਤ ਕਰਕੇ ਨਹੀਂ ਸੰਕੋਚਿਆ ਜਾ ਸਕਦਾ ਬਲਕਿ ਇਸ ਅੰਦੋਲਨ ਨਾਲ ਜੁੜੇ ਅਤੇ ਇਸ ਵਿੱਚੋਂ ਉਪਜੇ ਹਰ ਮੁੱਦੇ ਨੂੰ ਵਾਚਿਆ ਜਾਣਾ ਜ਼ਰੂਰੀ ਹੈਇਹ ਠੀਕ ਹੈ ਕਿ ਅੰਦੋਲਨ ਖੇਤੀ ਸਬੰਧੀ ਕੇਂਦਰ ਸਰਕਾਰ ਵਲੋਂ ਲਿਆਂਦੇ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਮਕਸਦ ਲੈ ਕੇ ਆਰੰਭ ਕੀਤਾ ਗਿਆ ਅਤੇ ਇਸ ਅੰਦੋਲਨ ਦਾ ਮੁੱਖ ਮਕਸਦ ਵੀ ਤਿੰਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣਾ ਹੀ ਹੋਣਾ ਚਾਹੀਦਾ ਹੈਜਦੋਂ ਕਿਤੇ ਇਹਨਾਂ ਕਾਨੂੰਨਾਂ ਦੀ ਗੱਲ ਹੁੰਦੀ ਹੈ ਜਾਂ ਇਹਨਾਂ ਬਾਰੇ ਬਹਿਸ ਹੁੰਦੀ ਹੈ ਤਾਂ ਅਸੀਂ ਇਹਨਾਂ ਦੇ ਰਾਜਾਂ ਦੇ ਅਧਿਕਾਰ ਉਲੰਘ ਕੇ ਬਣਾਏ ਹੋਣ ਨੂੰ ਵੀ ਮੁੱਖ ਦਲੀਲ ਬਣਾਉਂਦੇ ਹਾਂ, ਇਸੇ ਤਰ੍ਹਾਂ ਕਿਸਾਨ ਅੰਦੇਲਨ ਦੀਆਂ ਸਰਗਰਮੀਆਂ ਤੇ ਪ੍ਰਾਪਤੀਆਂ ਬਾਰੇ ਗੱਲ ਕਰਦਿਆਂ ਇਸਦੀ ਸਰਕਾਰ ਤਕ ਪਹੁੰਚ, ਸਰਕਾਰ ’ਤੇ ਪੈ ਰਿਹਾ ਪ੍ਰਭਾਵ ਅਤੇ ਸਰਕਾਰ ਦੇ ਰਵੱਈਏ ਨੂੰ ਵੱਖ ਨਹੀਂ ਰੱਖਿਆ ਜਾ ਸਕਦਾਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਸਾਰੇ ਦੇਸ਼ ਦੇ ਕਿਸਾਨਾਂ ਵਲੋਂ ਬਹੁਤ ਸਾਰੇ ਹੋਰ ਵਰਗਾਂ ਦੀ ਹਮਾਇਤ ਨਾਲ ਚੱਲ ਰਹੇ ਅੰਦੋਲਨ ਦੇ ਘਟਨਾਕ੍ਰਮ ਦੌਰਾਨ ਸਰਕਾਰ ਨੂੰ ਠਿੱਬੀ ਲਾਉਣ ਦੇ ਬਹੁਤ ਮੌਕੇ ਮਿਲੇ ਪਰ ਕਿਸਾਨ ਅਗਵਾਈ ਦੀ ਆਪਸੀ ਖਿੱਚੋਤਾਣ ਕਾਰਨ ਖੁੰਝ ਗਏਸੰਘਰਸ਼ ਦੇ ਵਰਤਾਰੇ ਵਿੱਚੋਂ ਬਹੁਤ ਸਾਰੇ ਵਜ਼ਨਦਾਰ ਅਤੇ ਤਰਕਸੰਗਤ ਸਵਾਲ ਸਿਰਜੇ ਜਾ ਸਕਦੇ ਸਨ ਜਿਨ੍ਹਾਂ ਨਾਲ ਸਰਕਾਰ ਨੂੰ ਵੱਡੀ ਚੁਣੌਤੀ ਦਿੱਤੀ ਜਾ ਸਕਦੀ ਸੀਕਿਸਾਨ ਤਰਜਮਾਨੀ ਕਰਦੀਆਂ ਧਿਰਾਂ ਵਿੱਚ ਆਪਸੀ ਇੱਕਸੁਰਤਾ ਦੀ ਘਾਟ ਕਾਰਨ ਅਜਿਹਾ ਨਹੀਂ ਹੋ ਸਕਿਆਇਸ ਸੰਘਰਸ਼ ਦੌਰਾਨ, ਸੰਘਰਸ਼ ਰਾਹੀਂ ਤੇ ਸੰਘਰਸ਼ ਦੁਆਰਾ ਪੈਦਾ ਹੋਏ ਹਾਲਾਤ ਤੇ ਮਸਲਿਆਂ ਦੇ ਕਾਰਨਾਂ ਤੇ ਸਿੱਟਿਆਂ ਨੂੰ ਵਿਚਾਰਦਿਆਂ ਜਾਂ ਸਵੈ-ਪੜਚੋਲ ਕਰਦਿਆਂ ਜਿੱਥੇ ਸੁਧਾਰ ਕਰਨੇ ਜ਼ਰੂਰੀ ਹਨ, ਉੱਥੇ ਕੁਤਾਹੀ, ਵਧੀਕੀ ਜਾਂ ਗਲਤ ਨੀਤੀ ਲਈ ਸਰਕਾਰ ਨਾਲ ਨਜਿੱਠਣਾ ਵੀ ਸੰਘਰਸ਼ ਦਾ ਹੀ ਹਿੱਸਾ ਹੁੰਦਾ ਹੈਜੇਕਰ ਅਸੀਂ ਸਰਕਾਰ ਦੇ ਕੂਟਨੀਤਿਕ, ਦਮਨਕਾਰੀ, ਗੁੰਮਰਾਹਕੁੰਨ ਜਾਂ ਅਣ-ਅਧਿਕਾਰਤ ਕੰਮਾਂ ਨੂੰ ਨਹੀਂ ਉਭਾਰਦੇ ਅਤੇ ਸਵਾਲ ਖੜ੍ਹੇ ਨਹੀਂ ਕਰਦੇ ਤਾਂ ਸਰਕਾਰ ਦਾ ਭਾਰੂ ਪੈ ਜਾਣਾ ਕੁਦਰਤੀ ਹੈਘੋਲ਼ ਦੀ ਸਫ਼ਲਤਾ ਲਈ ਮੁੱਖ ਟੀਚੇ ਦੇ ਨਾਲ-ਨਾਲ ਸਰਕਾਰ ਦੇ ਗਲਤ ਰਵੱਈਏ ਅਤੇ ਨਾਜਾਇਜ਼ ਧੱਕੇਸ਼ਾਹੀ ਨੂੰ ਚੁਣੌਤੀ ਦੇ ਕੇ ਰੱਖਣਾ ਵੀ ਘੋਲ਼ ਦਾ ਹਿੱਸਾ ਹੀ ਹੁੰਦਾ ਹੈ

ਸਭ ਤੋਂ ਪਹਿਲਾਂ ਤਾਂ ਅਸੀਂ ਸਰਕਾਰ ਦੇ ਅਨੇਕਾਂ ਮੀਟਿੰਗਾਂ ਵਿੱਚ ਬਹਿਸ ਦੌਰਾਨ ਅਤੇ ਦਲੀਲਾਂ ਦੀ ਜੰਗ ਵਿੱਚ ਤਰਕਹੀਣ ਹੋ ਕੇ ਬੁਰੀ ਤਰ੍ਹਾਂ ਹਾਰ ਜਾਣ ’ਤੇ ਵੀ ਸਰਕਾਰ ਦੀ ਇਸ ਵੱਡੀ ਅਸਫ਼ਲਤਾ ਨੂੰ ਦੇਸ਼ ਵਿੱਚ ਅਤੇ ਵਿਸ਼ਵ ਪੱਧਰ ’ਤੇ ਉੰਨਾ ਨਹੀਂ ਉਭਾਰ ਸਕੇ ਜਿੰਨਾ ਉਭਾਰਨਾ ਚਾਹੀਦਾ ਸੀਆਪਣੀਆਂ ਖੋਜੀ ਦਲੀਲਾਂ ਨਾਲ ਸਰਕਾਰ ਨੂੰ ਝੁਕਾਅ ਲੈਣ ਤੋਂ ਬਾਦ ਸਵੈ-ਸਿਫ਼ਤੀ, ਨਿੱਜ ਨੂੰ ਚਮਕਾਉਣ ਅਤੇ ਦਮਗਜ਼ਿਆਂ ਦਾ ਰਸਤਾ ਅਪਨਾਉਣ ਦੀ ਥਾਂ ਜੇਕਰ ਸਰਕਾਰ ਨੂੰ ਝੁਕਾਈ ਰੱਖਣ ਲਈ ਨਵੇਂ-ਨਵੇਂ ਪੈਂਤੜਿਆਂ ਨੂੰ ਅਪਨਾਉਣ ’ਤੇ ਜ਼ੋਰ ਦਿੱਤਾ ਹੁੰਦਾ ਤਾਂ ਅੱਜ ਅੰਦੋਲਨ, ਮੋਰਚਿਆਂ ਅਤੇ ਕਿਸਾਨ ਆਗੂਆਂ ਦਾ ਰੋਅਬ ਕੁਝ ਹੋਰ ਹੋਣਾ ਸੀਦਿੱਲੀ ਦੀਆਂ ਹੱਦਾਂ ਉੱਪਰ ਮੋਰਚਿਆਂ ’ਤੇ ਡਟ ਜਾਣ ਦੇ ਜੋਸ਼ ਵਿੱਚ ਅਸੀਂ ਕੂਚ ਦੇ ਰਸਤੇ ਵਿੱਚ ਹਰਿਆਣਾ ਅਤੇ ਕੇਂਦਰ ਸਰਕਾਰ ਵਲੋਂ ਰਲ ਕੇ ਲੋਕ ਹਿਤਾਂ ਦੇ ਉਲਟ, ਸਰਕਾਰੀ ਸੰਪਤੀ ਨੂੰ ਨੁਕਸਾਨ ਕਰਕੇ ਅਤੇ ਗੈਰ-ਕਾਨੂੰਨੀ ਢੰਗ ਨਾਲ ਪਾਈਆਂ ਗਈਆਂ ਰੁਕਾਵਟਾਂ ਦੌਰਾਨ ਕੀਤੀ ਗਈ ਸਾਧਨਾਂ ਅਤੇ ਅਧਿਕਾਰਾਂ ਦੀ ਦੁਰਵਰਤੋਂ ਨੂੰ ਅੰਤਰਰਾਸ਼ਟਰੀ ਤੌਰ ’ਤੇ ਪੂਰੀ ਤਰ੍ਹਾਂ ਉਭਾਰਨ ਅਤੇ ਸਰਕਾਰ ਨੂੰ ਬਣਦੀ ਚੁਣੌਤੀ ਦੇਣ ਤੋਂ ਖੁੰਝ ਗਏਫਿਰ 26 ਜਨਵਰੀ ਦੇ ਦਿੱਲੀ ਵਿੱਚ ਕੱਢੇ ਟਰੈਕਟਰ ਮਾਰਚ ਦੌਰਾਨ ਅਤੇ ਕਿਸਾਨਾਂ ਦੇ ਲਾਲ ਕਿਲੇ ’ਤੇ ਪਹੁੰਚ ਕੇ ਝੁਲਾਏ ਗਏ ਕੇਸਰੀ ਅਤੇ ਕਿਸਾਨੀ ਦੇ ਝੰਡੇ ਦੀਆਂ ਘਟਨਾਵਾਂ ਤੋਂ ਬਾਅਦ ਇੱਕ ਦਮ ਬਹੁਤ ਸਾਰੇ ਸਵਾਲ ਖੜ੍ਹੇ ਹੋਏ, ਜੋ ਸਰਕਾਰ ਵਾਸਤੇ ਚੁਣੌਤੀ ਅਤੇ ਗਲ਼ੇ ਦੀ ਫਾਹੀ ਬਣਾਏ ਜਾ ਸਕਦੇ ਸੀਟਰੈਕਟਰ ਮਾਰਚ ਵਾਸਤੇ ਸਰਕਾਰ ਵਲੋਂ ਤੈਅ ਕੀਤੇ ਰੂਟਾਂ ਉੱਪਰ ਖੜ੍ਹੀਆਂ ਕੀਤੀਆਂ ਨਜਾਇਜ਼ ਰੁਕਾਵਟਾਂ ਦਾ ਪ੍ਰੈੱਸ ਮਿਲਣੀਆਂ ਜਾਂ ਲਾਈਵ ਵੀਡੀਓਜ਼ ਵਿੱਚ ਜ਼ਿਕਰ ਤਾਂ ਬਹੁਤ ਹੁੰਦਾ ਰਿਹਾ ਪਰ ਇਸ ਬਾਰੇ ਸਰਕਾਰ ਤੋਂ ਜਵਾਬ ਮੰਗਣ ਲਈ ਕੀਤੀ ਕੋਈ ਵਿਧੀਵਤ ਕੋਸ਼ਿਸ਼ ਨਜ਼ਰ ਨਹੀਂ ਆਈਬਹੁਤ ਸਾਰੇ ਕਿਸਾਨ ਆਗੂ ਅਤੇ ਆਮ ਕਿਸਾਨ ਅਨੇਕ ਵਾਰ ਇਹ ਜ਼ਿਕਰ ਕਰਦੇ ਸੁਣੇ ਗਏ ਕਿ ਦਿੱਲੀ ਦੀ ਪੁਲਿਸ ਜਾਣ ਬੁੱਝ ਕੇ ਉਹਨਾਂ ਨੂੰ ਦਿੱਲੀ ਦੇ ਅੰਦਰ ਵੱਲ ਮੋੜ ਰਹੀ ਸੀ ਪਰ ਕਿਸੇ ਨੇ ਵੀ ਬਣਦੇ ਢੰਗ ਨਾਲ ਇਹ ਸਵਾਲ ਪੁਲਿਸ ਅਧਿਕਾਰੀਆਂ ਜਾਂ ਸਰਕਾਰ ਅੱਗੇ ਨਹੀਂ ਰੱਖਿਆ ਕਿ ਇਸ ਵਰਤਾਰੇ ਲਈ ਆਦੇਸ਼ ਕਿਸ ਨੇ ਦਿੱਤੇ ਸਨਦਿੱਲੀ ਵਿੱਚ ਰਸਤਾ ਭਟਕੇ ਆਮ ਕਿਸਾਨਾਂ ਅਤੇ ਨੌਜਵਾਨਾਂ ਨੂੰ ਲਾਲ ਕਿਲੇ ਵੱਲ ਜਾਂਦਿਆਂ ਕਿਸੇ ਨੇ ਨਹੀਂ ਰੋਕਿਆ ਜਦ ਕਿ ਅਸਲ ਰੂਟ ਦੁਆਲੇ ਭਾਰੀ ਫੋਰਸ ਤਾਇਨਾਤ ਸੀ ਤੈਅ ਕੀਤੇ ਅਸਲ ਰੂਟ ’ਤੇ ਜਾਣ ਨਾਲੋਂ ਲਾਲ ਕਿਲੇ ਅੰਦਰ ਦਾਖਲ ਹੋਣ ਲਈ ਬਹੁਤ ਘੱਟ ਮੁਸ਼ੱਕਤ ਦੀ ਲੋੜ ਪਈ, ਇਸ ਵਰਤਾਰੇ ਵਿੱਚੋਂ ਆਉਂਦੀ ਸਾਜ਼ਿਸ਼ ਦੀ ਬੋਅ ਵੀ ਅਸੀਂ ਸਰਕਾਰ ਅਤੇ ਵਿਸ਼ਵ ਦੇ ਨੱਕ ਤਕ ਸੜਾਂਦ ਬਣਾ ਕੇ ਪਹੁੰਚਾਣ ਤੋਂ ਖੁੰਝ ਗਏ

ਟਰੈਕਟਰ ਮਾਰਚ ਦੌਰਾਨ ਸ਼ਹੀਦ ਹੋਏ ਨਵਰੀਤ ਸਿੰਘ ਦੀ ਪੋਸਟ-ਮਾਰਟਮ ਰਿਪੋਰਟ ਨੇ ਸਾਫ ਕਰ ਦਿੱਤਾ ਕਿ ਉਸ ਦੀ ਮੌਤ ਗੋਲ਼ੀ ਵੱਜਣ ਨਾਲ ਹੋਈ ਹੈ, ਇਹ ਦੁਖਦਾਈ, ਮੰਦਭਾਗੀ ਅਤੇ ਅਣ-ਮਨੁੱਖੀ ਘਟਨਾ ਵੀ ਸਰਕਾਰ ਵਾਸਤੇ ਵੱਡੀ ਵੰਗਾਰ ਬਣਾਈ ਜਾ ਸਕਦੀ ਸੀ ਪਰ ਗੱਲ ਸ਼ਰਧਾਂਜਲੀਆਂ, ਚਰਚਾਵਾਂ ਅਤੇ ਬਿਰਤਾਂਤਾਂ ਤੋਂ ਅੱਗੇ ਨਹੀਂ ਵਧ ਸਕੀਕਿਸਾਨਾਂ ਦੇ ਲਾਲ ਕਿਲੇ ਵਿੱਚ ਜਾਣ ਨੂੰ ਸਰਕਾਰ ਹਿੰਸਾ ਅਤੇ ਦੇਸ਼ ਧ੍ਰੋਹੀ ਪਰਚਾਰਦੀ ਰਹੀ ਅਤੇ ਸਾਡੇ ਆਗੂ ਠੀਕ-ਗਲਤ ਦੇ ਭੰਬਲ਼ਭੂਸੇ ਪੈਦਾ ਕਰਨ ਵਿੱਚ ਰੁੱਝ ਗਏ ਅਤੇ ਇਸ ਦਰਮਿਆਨ ਕਿਸਾਨਾਂ ਉੱਪਰ ਹੋਏ ਤਸ਼ੱਦਦ ਅਤੇ ਦਮਨ ਦੇ ਫੱਟ ਇਨਸਾਫ਼ ਦੀ ਮੱਲ੍ਹਮ ਲੈਣ ਤੋਂ ਵਾਂਝੇ ਰਹਿ ਗਏ ਅਤੇ ਸਿਰਫ ਬੇਵਸੀ ਦੇ ਕਿੱਸੇ ਬਣਨ ਲਈ ਮਜਬੂਰ ਹੋ ਗਏ ਸੜਕਾਂ ’ਤੇ ਪੈਦਲ ਜਾ ਰਹੇ ਕਿਸਾਨਾਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਬਿਨਾਂ ਕਿਸੇ ਦੋਸ਼ ਤੋਂ ਹਿਰਾਸਤ ਵਿੱਚ ਲਿਆ ਗਿਆ, ਜੇਲਾਂ ਵਿੱਚ ਡੱਕ ਦਿੱਤਾ ਗਿਆ, ਮਾਰ-ਕੁੱਟ ਕੀਤੀ ਗਈ ਅਤੇ 80 ਸਾਲ ਤੋਂ ਵੀ ਵਡੇਰੀ ਉਮਰ ਦੇ ਸਾਬਕਾ ਸੈਨਿਕ ਬਜ਼ੁਰਗਾਂ ਦੀ ਬੇਜ਼ਤੀ ਕੀਤੀ ਗਈ, ਇਸ ਸਭ ਬਾਰੇ ਵੀ ਕਿਸਾਨ ਆਗੂ ਸਰਕਾਰ ਅੱਗੇ ਕੋਈ ਸਵਾਲ ਜਾਂ ਚੁਣੌਤੀ ਖੜ੍ਹੀ ਨਹੀਂ ਕਰ ਸਕੇਇਸ ਵਿਰੁੱਧ ਵਾਵੇਲਾ ਤਾਂ ਕੀ ਖੜ੍ਹਾ ਕਰਨਾ ਸੀ ਸਗੋਂ ਇਹਨਾਂ ਬੇਕਸੂਰਾਂ ਦੀ ਰਿਹਾਈ ਲਈ ਵੀ ਕਾਫੀ ਜੱਦੋਜਹਿਦ ਕਰਨੀ ਪਈ ਜਦਕਿ ਇਹਨਾਂ ਉੱਪਰ ਜਬਰਦਸਤੀ ਥੋਪੀਆਂ ਗਈਆਂ ਜੁਰਮ ਧਾਰਾਵਾਂ ਬਾਰੇ ਸਰਕਾਰ ਨੂੰ ਘੇਰਿਆ ਜਾਣਾ ਚਾਹੀਦਾ ਸੀਕਿਸਾਨ ਅੰਦੋਲਨ ਨੂੰ ਸਮਰਪਿਤ ਪੱਤਰਕਾਰ ਮਨਦੀਪ ਪੂਨੀਆਂ ’ਤੇ ਤਸ਼ੱਦਦ ਦਾ ਮਾਮਲਾ ਅਤੇ ਉਸ ਦੁਆਰਾ ਦਲੇਰੀ ਨਾਲ ਤਿਆਰ ਕੀਤੀ ਰਿਪੋਰਟ ਵਿੱਚੋਂ ਸਰਕਾਰ ਵੱਲ ਉੱਠੀ ਉਂਗਲ ਨੂੰ ਮਜ਼ਬੂਤ ਬਣਾਉਣ ਲਈ ਵੀ ਕਿਸਾਨ ਆਗੂਆਂ ਦਾ ਕੋਈ ਯਤਨ ਨਜ਼ਰ ਨਹੀਂ ਆਇਆਫਿਰ ਕੁੰਡਲੀ ਕਿਸਾਨ ਮੋਰਚੇ ਉੱਪਰ ਬੈਠੇ ਕਿਸਾਨਾਂ ਉੱਪਰ ਗੁੰਡਿਆਂ ਅਤੇ ਪੁਲਿਸ ਵਲੋਂ ਰਲ ਕੇ ਕੀਤੇ ਹਮਲੇ, ਹਮਲੇ ਵਿੱਚ ਸ਼ਾਮਿਲ ਫੋਟੋਆਂ ਦੇ ਅਧਾਰ ’ਤੇ ਪਛਾਣੇ ਗਏ ਲੋਕਾਂ ਦੇ ਸਥਾਨਕ ਨਾ ਹੋਣ ਦੇ ਸਬੂਤਾਂ ਅਤੇ ਹਮਲੇ ਵਿੱਚ ਅਗਵਾਈ ਕਰਨ ਵਾਲੇ ਚਿਹਰਿਆਂ ਦੇ ਸਰਕਾਰ ਦੀ ਰਾਜਨੀਤਿਕ ਪਾਰਟੀ ਤੇ ਉਸਦੇ ਸਹਾਇਕ ਵਿੰਗਾਂ ਨਾਲ ਜੁੜਦੇ ਤਾਰਾਂ ਨੂੰ ਯੋਜਨਾਬੱਧ ਤਰੀਕੇ ਨਾਲ ਉਛਾਲ਼ ਕੇ ਆਪਣਾ ਪੱਖ ਮਜ਼ਬੂਤ ਬਣਾਉਣ ਤੋਂ ਕਿਸਾਨ ਨੇਤਾ ਇੱਕ ਵਾਰ ਫਿਰ ਪਿੱਛੇ ਰਹਿ ਗਏ ਜਦ ਕਿ ਸਰਕਾਰ ਅਜਿਹੇ ਹੀ ਹੱਥ-ਕੰਡੇ ਅਪਣਾ ਕੇ ਕਿਸਾਨਾਂ ਅਤੇ ਮੋਰਚਿਆਂ ’ਤੇ ਸ਼ਿਕੰਜੇ ਕੱਸਦੀ ਰਹੀਅਜਿਹੇ ਮੁੱਦਿਆਂ ਨੂੰ ਆਧਾਰ ਬਣਾ ਕੇ ਜੇਕਰ ਸਮੇਂ ਸਿਰ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੁੰਦਾ ਤਾਂ ਮੋਰਚਿਆਂ ਅਤੇ ਘਰਾਂ ਵਿੱਚ ਬੈਠੇ ਸੰਘਰਸ਼ ਨਾਲ ਜੁੜੇ ਬਹੁਤ ਸਾਰੇ ਲੋਕ ਸਰਕਾਰ ਦੇ ਤਸ਼ੱਦਦ ਅਤੇ ਧੱਕੇਸ਼ਾਹੀ ਦਾ ਸ਼ਿਕਾਰ ਸ਼ਾਇਦ ਨਾ ਹੁੰਦੇ

ਟਰੈਕਟਰ ਮਾਰਚ ਦੀ ਸਰਕਾਰ ਵਲੋਂ ਦਿੱਤੀ ਇਜਾਜ਼ਤ, ਪੁਲਿਸ ਰਾਹੀਂ ਚਲਾਕੀ ਨਾਲ ਤਜਵੀਜ਼ ਕੀਤੇ ਰੂਟ, ਤੈਅ ਹੋਏ ਰੂਟ ਤੋਂ ਕਿਸਾਨਾਂ ਨੂੰ ਭਟਕਾਉਣ ਅਤੇ ਇਸ ਸਭ ਕਾਸੇ ਪਿੱਛੇ ਛੁਪਾ ਕੇ ਸਰਕਾਰ ਵਲੋਂ ਖੇਡੀ ਗਈ ਚਾਲ ਤੇ ਸਾਜ਼ਿਸ਼ ਦਾ ਜੇਕਰ ਸਹੀ ਸਮੇਂ ਸਿਰ ਭਾਂਡਾ ਭੰਨ ਦਿੱਤਾ ਜਾਂਦਾ ਤਾਂ ਸਰਕਾਰ ਦੇ ਦਾਗੀ ਮਨਸੂਬੇ ਅਤੇ ਕਰੂਪ ਚਿਹਰਾ ਛੇਤੀ ਨੰਗਾ ਕੀਤਾ ਜਾ ਸਕਦਾ ਸੀਇਸ ਨਾਲ ਸਰਕਾਰ ਨੂੰ ਹੋਰ ਬੇਰਹਿਮ ਹਰਬੇ ਵਰਤਣ ਦਾ ਹੌਸਲਾ ਨਹੀਂ ਸੀ ਵਧਣਾ26 ਜਨਵਰੀ ਦੀ ਸ਼ਾਮ ਜੇ ਕਿਤੇ ਕਿਸਾਨ ਮੋਰਚਿਆਂ ਦੀਆਂ ਸਟੇਜਾਂ ਤੋਂ ਲਾਲ ਕਿਲੇ ਦੀ ਘਟਨਾ ਨੂੰ ਖੁਦ ਹੀ ਨਿੰਦ ਕੇ ਇਸ ਨੂੰ ਅੰਦੋਲਨ ਦੇ ਮੱਥੇ ਤੇ ਕਲੰਕ ਦੇ ਤੌਰ ’ਤੇ ਮੰਨ ਲੈਣ ਵਿੱਚ ਕਾਹਲ਼ੀ ਨਾ ਕੀਤੀ ਗਈ ਹੁੰਦੀ ਬਲਕਿ ਇਸ ਘਟਨਾ, ਵਰਤਾਰੇ ਤੇ ਸਰਕਾਰ ਦੀ ਸਾਜ਼ਿਸ਼ੀ ਭੂਮਿਕਾ ਨੂੰ ਕੁਝ ਸਮਾਂ ਡੂੰਘਾਈ ਵਿੱਚ ਘੋਖ ਲਿਆ ਜਾਂਦਾ ਅਤੇ ਕੋਈ ਕੂਟਨੀਤਿਕ ਬਿਰਤਾਂਤ ਸਿਰਜ ਕੇ ਆਪਣਾ ਪੱਖ ਮਜ਼ਬੂਤ ਕਰ ਲਿਆ ਜਾਂਦਾ ਤਾਂ ਇਸੇ ਘਟਨਾ ਨੂੰ ਅੰਦੋਲਨ ਦੇ ਸਿਰ ਦਾ ਤਾਜ਼ ਬਣਾਇਆ ਜਾ ਸਕਦਾ ਸੀ

ਵਿਸ਼ਵ ਪ੍ਰਸਿੱਧ ਹਸਤੀਆਂ ਸਮੇਤ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਤੇ ਸਰਕਾਰਾਂ ਵਲੋਂ ਦੇਸ਼ ਦੇ ਕਿਸਾਨ ਅੰਦੋਲਨ ਨੂੰ ਮਿਲੇ ਹਮਾਇਤ ਅਤੇ ਹੱਲਾਸ਼ੇਰੀ ਦੇ ਝੋਕਿਆਂ ਤੋਂ ਪੂਰਾ ਤਾਅ ਲੈ ਕੇ ਸੰਘਰਸ਼ ਨੂੰ ਹੋਰ ਕਾੜ੍ਹ ਲੈਣ ਵਿੱਚ ਵੀ ਕਿਸਾਨ ਅਗਵਾਈ ਫ਼ਾਡੀ ਰਹਿ ਗਈਦੁਨੀਆਂ ਭਰ ਤੋਂ ਮਿਲੇ ਭਰਵੇਂ ਹੁੰਗਾਰੇ ਨੂੰ ਸੰਭਾਲਣ ਅਤੇ ਲਗਾਤਾਰ ਬਣਾਈ ਰੱਖਣ ਲਈ ਯਤਨ ਤੇਜ਼ ਕਰਕੇ ਅੰਦੋਲਨ ਦੀ ਤਾਕਤ ਨੂੰ ਹੋਰ ਵਧਾਇਆ ਜਾ ਸਕਦਾ ਸੀਵਿਦੇਸ਼ੀ ਲੋਕਾਂ, ਅਹਿਮ ਹਸਤੀਆਂ, ਦੇਸ਼ਾਂ ਤੇ ਸਰਕਾਰਾਂ ਨਾਲ ਰਾਬਤਾ ਬਣਾ ਕੇ ਇਸ ਹਮਾਇਤ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਸੀ ਤਾਂ ਕਿ ਹੋਰ ਹਮਾਇਤ ਹਾਸਿਲ ਕੀਤੀ ਜਾ ਸਕਦੀ ਪਰ ਇਸ ਕਿਸਮ ਦੇ ਯਤਨਾਂ ਦੀ ਕਮੀ ਨੇ ਸਰਕਾਰ ਨੂੰ ਆਪਣੀ ਲਹਿਰ ਖੜ੍ਹੀ ਕਰਨ ਤੇ ਇਹਨਾਂ ਹਮਾਇਤੀ ਚਿਹਰਿਆਂ ਨੂੰ ਡਰਾ ਕੇ ਪਿੱਛੇ ਹਟਾਉਣ ਲਈ ਉਕਸਾਇਆ ਅਤੇ ਕੁਝ ਹੱਦ ਤਕ ਉਹ ਕਾਮਯਾਬ ਵੀ ਰਹੀਇਸ ਨਾਲ ਵਿਦੇਸ਼ੀ ਹਮਾਇਤ ਨੂੰ ਢਾਹ ਲੱਗੀਇਸ ਤਰ੍ਹਾਂ ਅੰਦੋਲਨ ਦੇ ਵਹਾਅ ਦੌਰਾਨ ਅਜਿਹੇ ਬਹੁਤ ਸਾਰੇ ਸਵਾਲ ਉੱਠੇ ਅਤੇ ਮੌਕੇ ਮਿਲੇ ਜਿਹਨਾਂ ਨੂੰ ਗੰਭੀਰਤਾ ਨਾਲ ਉਭਾਰਿਆ ਜਾਣਾ ਚਾਹੀਦਾ ਸੀ ਪਰ ਇਹ ਦੱਬ ਕੇ ਰਹਿ ਗਏਇਸ ਕਰਕੇ ਕਿਸਾਨ ਅੰਦੋਲਨ ਦੀਆਂ ਤਰੁੱਟੀਆਂ ਸਾਹਮਣੇ ਲਿਆਉਣ, ਅਣਗੌਲ਼ੇ ਤੱਥ ਜ਼ਾਹਰ ਕਰਨ ਅਤੇ ਸੁਝਾਓ ਪੇਸ਼ ਕਰਨ ਵਾਲੀ ਆਲੋਚਨਾ ਨੂੰ ਹਮੇਸ਼ਾ ਕਿਸਾਨਾਂ ਜਾਂ ਕਿਸਾਨ ਆਗੂਆਂ ਪ੍ਰਤੀ ਹੇਠੀ ਵਾਲੀ, ਵਿਰੋਧੀ ਭਾਵਨਾ ਵਾਲੀ ਅਤੇ ਵੱਖਵਾਦੀ ਸੁਰਾਂ ਵਾਲੀ ਹੀ ਨਹੀਂ ਮੰਨਿਆ ਜਾਣਾ ਚਾਹੀਦਾ ਸਗੋਂ ਅਜਿਹੇ ਸਭ ਪਾਸੇ ਤੋਂ ਆਉਣ ਵਾਲੇ ਸੁਝਾਵਾਂ ਅਤੇ ਨਿਚੋੜਾਂ ਵੱਲ ਗੌਰ ਕਰਨਾ ਚਾਹੀਦਾ ਹੈ ਅਤੇ ਪੜਚੋਲ ਕਰਨੀ ਚਾਹੀਦੀ ਹੈ ਤਾਂ ਕਿ ਭਵਿੱਖ ਵਿੱਚ ਅਜਿਹੇ ਹਾਲਾਤ ਬਣਨ ਤੇ ਦੂਰ-ਅੰਦੇਸ਼ੀ ਤੋਂ ਕੰਮ ਲੈ ਕੇ ਸਹੀ ਨਿਰਣੇ ਲਏ ਜਾ ਸਕਣਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਵੀ ਕਾਫੀ ਕੁਝ ਅਜਿਹਾ ਵਾਪਰਿਆ ਜਿਸ ਲਈ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾਉਣਾ ਜ਼ਰੂਰੀ ਸੀ ਪਰ ਕਿਸਾਨ ਅਗਵਾਈ ਇਸ ਤੋਂ ਖੁੰਝ ਕੇ ਆਪਸੀ ਖਹਿਬਾਜ਼ੀ ਦਾ ਹੀ ਸ਼ਿਕਾਰ ਬਣੀ ਹੋਈ ਦਿਖਾਈ ਦਿੰਦੀ ਰਹੀ ਹੈਅੰਦੋਲਨ ਦੇ ਮੁੱਖ ਮਕਸਦ ਤੇ ਕੇਂਦਰਤ ਰਹਿੰਦਿਆਂ ਹੋਇਆਂ, ਆਪਸੀ ਮੱਤਭੇਦਾਂ ਨੂੰ ਭੁਲਾ ਕੇ ਅਤੇ ਇੱਕ ਦੂਜੇ ਦੀ ਨਿੰਦਾ ਤੋਂ ਦੂਰ ਰਹਿ ਕੇ ਭਵਿੱਖ ਵਿੱਚ ਅੰਦੋਲਨ ਦੇ ਚੱਲ ਰਹੇ ਵਰਤਾਰੇ ਵਿੱਚੋਂ ਉਪਜੇ ਹਰ ਸਵਾਲ ਨੂੰ ਸਰਕਾਰ ਅੱਗੇ ਸ਼ਿੱਦਤ ਨਾਲ ਉਠਾਉਣਾ ਚਾਹੀਦਾ ਹੈ ਤਾਂ ਕਿ ਲੋਕ ਹਿਤਾਂ ਦੀ ਸਹੀ ਤਰਜਮਾਨੀ ਨੂੰ ਯਕੀਨੀ ਬਣਾ ਕੇ ਅੰਦੋਲਨ ਨੂੰ ਹੋਰ ਵੀ ਚੜ੍ਹਦੀ ਕਲਾ ਵੱਲ ਲਿਜਾਇਆ ਜਾ ਸਕੇ ਅਤੇ ਮੁੱਖ ਟੀਚਾ ਪ੍ਰਾਪਤ ਕੀਤਾ ਜਾ ਸਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2657)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਖਵੀਰ ਸਿੰਘ ਕੰਗ

ਸੁਖਵੀਰ ਸਿੰਘ ਕੰਗ

Kotla Samashpur, Samrala, Ludhiana, Punjab, India.
Phone: (91 - 85678 - 72291)

More articles from this author