SukhbirSKang7ਇਸ ਬਿਮਾਰੀ ਦੇ ਸੰਕਟ ਦੌਰਾਨ ਵਰਤੇ ਸੰਜਮਜ਼ਾਬਤੇਸਹਿਯੋਗਸਫਾਈ ...
(6 ਅਪਰੈਲ 2020)

 

ਦੇਸ਼ ਅਤੇ ਦੁਨੀਆਂ ਵਿੱਚ ਫੈਲੀ ਜੀਵਾਣੂ ਮਹਾਂਮਾਰੀ ਨੂੰ ਮੁੱਖ ਰੱਖਦਿਆਂ ਰਾਜ ਅਤੇ ਦੇਸ਼ ਦੀ ਸਰਕਾਰ ਵੱਲੋਂ ਜਨਤਕ ਆਵਾਜਾਈ ਅਤੇ ਗੈਰ ਜ਼ਰੂਰੀ ਬਾਹਰ ਨਿਕਲਣ ਉੱਤੇ ਲਗਾਈ ਪਾਬੰਦੀ ਦਾ ਦੂਸਰਾ ਦਿਨ ਸੀ। ਮੇਰਾ ਕੰਮ ਆਵਾਜਾਈ ਨਾਲ ਸਬੰਧਿਤ ਹੋਣ ਕਰਕੇ ਅਤੇ ਦਫਤਰ ਸੱਤਰ ਕਿਲੋਮੀਟਰ ਦੂਰ ਹੋਣ ਕਾਰਨ ਮੈਂ ਘਰ ਵਿੱਚ ਹੀ ਬੈਠਣ ਲਈ ਮਜਬੂਰ ਸੀ। ਹਫ਼ਤੇ ਦੇ ਸੱਤੇ ਦਿਨ ਕੰਮ ਕਰਨ ਵਾਲੇ ਹੱਥਾਂ ਨੂੰ ਅਤੇ ਸਵਖ਼ਤੇ ਉੱਠ ਕੇ ਦੇਰ ਰਾਤ ਮੰਜੇ ਨਾਲ ਲੱਗਣ ਵਾਲੀ ਪਿੱਠ ਨੂੰ ਨਿਠੱਲੇ ਹੋ ਕੇ ਬੈਠਣਾ ਔਖਾ ਲੱਗ ਰਿਹਾ ਸੀ। ਕੁਝ ਪੜ੍ਹਨ ਜਾਂ ਲਿਖਣ ਦੀ ਇਕਾਗਰਤਾ ਵੀ ਬਣ ਨਹੀਂ ਰਹੀ ਸੀ। ਕਾਫੀ ਸਾਲਾਂ ਤੋਂ ਜ਼ਿਆਦਾ ਸਮਾਂ ਨੌਕਰੀ ਨੂੰ ਹੀ ਦਿੰਦੇ ਰਹਿਣ ਕਾਰਨ ਖੂਨ ਵਿੱਚ ਦੱਬੀ ਬੈਠੀ ਕਿਸਾਨੀ ਦੀ ਲਗਨ ਨੇ ਅੰਗੜਾਈ ਲੈਂਦਿਆਂ ਸਰੀਰ ਨੂੰ ਹਲੂਣਾ ਮਾਰਿਆ ਅਤੇ ਮੈਂ ਖੁਰਪਾ ਚੁੱਕ ਕੇ ਘਰ ਦੇ ਵਿਹੜੇ ਵਿੱਚ ਹੀ ਬਣਾਈ ਘਰੇਲੂ ਸਬਜ਼ੀਆਂ ਵਾਲੀ ਬਗੀਚੀ ਦੀ ਸਫਾਈ ਅਤੇ ਗੁਡਾਈ ਕਰਨ ਲੱਗ ਪਿਆ। ਦੇਰ ਬਾਅਦ ਧਰਤੀ ਮਾਤਾ ਦੀ ਨੇੜਤਾ ਨੂੰ ਮਾਨਣਾ ਮੈਂਨੂੰ ਚੰਗਾ ਲੱਗਾ। ਪਾਲਕ, ਮੇਥੇ, ਧਨੀਆਂ ਤੇ ਮੇਥੀ ਦੀਆਂ ਕਿਆਰੀਆਂ ਦੀ ਸਫਾਈ ਕਰਕੇ ਮਿਰਚ, ਬਤਾਊਂ, ਟਮਾਟਰ, ਲਸਣ ਅਤੇ ਪਿਆਜ਼ ਦੀਆਂ ਕਿਆਰੀਆਂ ਦੀ ਗੁਡਾਈ ਕਰਦਿਆਂ ਮੇਰੇ ਪੈਰਾਂ ਹੇਠ ਕੁਝ ਪਿਆਜ਼ ਮਿੱਧੇ ਗਏ, ਜਿਸਦਾ ਮੈਂਨੂੰ ਦੁੱਖ ਲੱਗਾ। ਫਿਰ ਅਚਾਨਕ ਮੈਂਨੂੰ ਕਿਤੋਂ ਪੜ੍ਹੀ ਗੱਲ ਯਾਦ ਆਈ ਕਿ ‘ਮਾਲੀ ਦੇ ਪੈਰਾਂ ਦਾ ਬਗੀਚੇ ਨੂੰ ਕਦੇ ਨੁਕਸਾਨ ਨਹੀਂ ਹੁੰਦਾ।’ ਇਹ ਸੋਚਕੇ ਮੇਰੇ ਮਨ ਨੂੰ ਕੁਝ ਧਰਵਾਸ ਮਿਲਿਆ। ਫਿਰ ਮੈਂ ਘਰੇਲੂ ਬਗੀਚੀ ਤੋਂ ਬਾਅਦ ਘਰ ਦੇ ਨਾਲ ਹੀ ਲਗਾਏ ਵਿਰਾਸਤੀ ਰੁੱਖਾਂ ਅਤੇ ਪੌਦਿਆਂ ਦੇ ਬਗੀਚੇ ਦੀਆਂ ਕਿਆਰੀਆਂ ਦੀ ਗੁਡਾਈ ਕਰਨ ਲੱਗ ਗਿਆ, ਜਿੱਥੇ ਜੰਡ, ਢੱਕ, ਕਦੰਬ ਆਦਿ ਦਸ ਕੁ ਵੱਡੇ ਰੁੱਖ ਅਤੇ ਪਰਿਜਾਤ, ਬੋਤਲ-ਬੁਰਸ਼, ਕਨੇਰ ਆਦਿ ਵੀਹ ਕੁ ਪੌਦੇ ਲਗਾਏ ਹੋਏ ਹਨ। ਇਨ੍ਹਾਂ ਦੀ ਉਮਰ ਹਾਲੇ ਦੋ ਜਾਂ ਤਿੰਨ ਸਾਲ ਹੈ। ਇੱਥੇ ਗੁਡਾਈ ਕਰਦਿਆਂ ਵੀ ਮੇਰੇ ਤੋਂ ਅਮਲਤਾਸ ਦੇ ਬੂਟੇ ਦੇ ਤਣੇ ਨੂੰ ਖੁਰਪੇ ਨਾਲ ਟੱਕ ਵੱਜ ਗਿਆ ਤਾਂ ਇਸਦਾ ਮੈਂਨੂੰ ਜ਼ਿਆਦਾ ਦੁੱਖ ਲੱਗਾ ਕਿਉਂਕਿ ਇਹ ਮੇਰੀ ਅਣਗਹਿਲੀ ਜਾਂ ਕਹਿ ਲਓ ਮਨੁੱਖੀ ਗਲਤੀ ਦਾ ਨਤੀਜਾ ਸੀ।

ਅਗਲੀ ਸਵੇਰ ਉੱਠਦਿਆਂ ਹੀ ਮੈਂ ਚਾਹ ਪੀ ਕੇ ਕੱਲ੍ਹ ਦੇ ਨੁਕਸਾਨੇ ਪੌਦਿਆਂ ਨੂੰ ਦੇਖਣ ਗਿਆ ਤਾਂ ਪਾਇਆ ਕਿ ਪੈਰਾਂ ਨਾਲ ਮਿੱਧੇ ਗਏ ਪਿਆਜ਼ ਤਾਂ ਨੁਕਸਾਨ ਤੋਂ ਉੱਭਰ ਕੇ ਟਹਿਕ ਰਹੇ ਸਨ ਜਦਕਿ ਅਮਲਤਾਸ ਦੇ ਤਣੇ ਦਾ ਟੱਕ ਹੋਰ ਖੁੱਲ੍ਹ ਗਿਆ ਸੀ ਅਤੇ ਉਸ ਵਿੱਚੋਂ ਪਾਣੀ ਰਿਸ ਰਿਹਾ ਸੀ। ਉਸਦਾ ਦਰਦ ਘਟਾਉਣ ਜਾਂ ਲੁਕੋਣ ਲਈ ਮੈਂ ਕੁਝ ਸਾਫ਼ ਮਿੱਟੀ ਗਿੱਲੀ ਕਰਕੇ ਉਸਦਾ ਲੇਪ ਕਰ ਦਿੱਤਾ।ਇੰਝ ਕਰਨ ਨਾਲ ਮੈਂਨੂੰ ਉਸਦੀ ਰਖਵਾਲੀ ਕੁਦਰਤ ਨੂੰ ਸੌਂਪ ਦੇਣ ਵਰਗਾ ਅਹਿਸਾਸ ਹੋ ਰਿਹਾ ਸੀ।

ਬਗੀਚੇ ਵਿੱਚ ਟਹਿਲਦਿਆਂ ਅਤੇ ਪੌਦਿਆਂ ਨੂੰ ਪਲ਼ੋਸਦਿਆਂ ਮੈਂਨੂੰ ਮਾਲੀ ਦੇ ਪੈਰ ਕੁਦਰਤ ਵਰਗੇ ਜਾਪੇ ਅਤੇ ਖੁਰਪਾ ਵਿਗਿਆਨ ਵਰਗਾ ਜਾਪਿਆ। ਮੈਂ ਸੋਚਣ ਲੱਗਾ ਕਿ ਕੁਦਰਤ ਦੀਆਂ ਰੁੱਤਾਂ, ਮੀਂਹ, ਹਨੇਰੀ, ਝੱਖੜ ਅਤੇ ਸਮੁੰਦਰੀ ਹਿੱਲਜੁਲ ਮਾਲੀ ਦੇ ਪੈਰਾਂ ਵਾਂਗ ਹੀ ਹੈ ਜਿਸਦਾ ਮਨੁੱਖਾਂ, ਜੀਵਾਂ ਅਤੇ ਬਨਸਪਤੀ ਨੂੰ ਬਹੁਤਾ ਨੁਕਸਾਨ ਨਹੀਂ ਹੁੰਦਾ। ਬਲਕਿ ਇਹਨਾਂ ਨਾਲ ਪ੍ਰਫੁੱਲਤਾ ਦਾ ਨਵਾਂ ਦੌਰ ਉਪਜਦਾ ਹੈ ਅਤੇ ਇਹਨਾਂ ਵਾਂਗ ਹੀ ਮਾਲੀ ਦੇ ਤੁਰਨ ਫਿਰਨ ਨਾਲ ਹੀ ਬਗੀਚਾ ਸੋਹਣੀ ਰੰਗਤ ਪੇਸ਼ ਕਰ ਸਕਦਾ ਹੈ। ਮੈਂਨੂੰ ਖੁਰਪਾ ਵਿਗਿਆਨ ਵਰਗਾ ਇਸ ਕਰਕੇ ਲੱਗਿਆ ਕਿ ਇਹ ਜੇਕਰ ਨਿਪੁੰਨ, ਜ਼ਿੰਮੇਵਾਰ, ਇਮਾਨਦਾਰ ਅਤੇ ਦਿਆਲੂ ਹੱਥਾਂ ਵਿੱਚ ਚੱਲੇ ਤਾਂ ਬਗੀਚੇ ਲਈ ਵਰਦਾਨ ਹੈ ਅਤੇ ਜੇ ਇਹ ਅਣਗਹਿਲੀ ਨਾਲ ਵਰਤਿਆ ਜਾਵੇ ਜਾਂ ਬੇਕਾਬੂ ਹੋ ਜਾਵੇ ਤਾਂ ਇਹ ਘਾਤਕ ਹੈ। ਖੁਰਪੇ ਜਾਂ ਵਿਗਿਆਨ ਦੀ ਵਰਤੋਂ ਵਿੱਚ ਕੀਤੀ ਮਾਮੂਲੀ ਜਿਹੀ ਉਕਾਈ, ਗਲਤੀ ਜਾਂ ਅਣਗਹਿਲੀ ਵੱਡਾ ਨੁਕਸਾਨ ਕਰ ਸਕਦੀ ਹੈ। ਮੈਂਨੂੰ ਮਹਿਸੂਸ ਹੋ ਰਿਹਾ ਸੀ ਕਿ ਅੱਜ ਦੁਨੀਆਂ ਭਰ ਦੇ ਲੋਕਾਂ ਨੂੰ ਘਰ ਵਿੱਚ ਦੁਬਕ ਕੇ ਬੈਠਣ ਲਈ ਮਜਬੂਰ ਕਰਨ ਵਾਲ਼ਾ ਖਤਰਨਾਕ ਵਾਇਰਸ ਵੀ ਵਿਗਿਆਨ ਦੀ ਗੈਰ ਜ਼ਿੰਮੇਵਾਰ ਵਰਤੋਂ ਅਤੇ ਕੁਦਰਤ ਵਿਰੋਧੀ ਹਰਕਤ ਦਾ ਹੀ ਨਤੀਜਾ ਹੈ। ਇਹ ਕੋਈ ਕੁਦਰਤ ਦੀ ਮਾਰ ਨਹੀਂ ਹੈ ਬਲਕਿ ਮਨੁੱਖੀ ਗਲਤੀ, ਵਿਗਿਆਨ ਦੀ ਦੁਰਵਰਤੋਂ, ਤਾਕਤ ਦੀ ਲਾਲਸਾ ਅਤੇ ਕੁਦਰਤ ਨਾਲ ਟਕਰਾਓ ਦੇ ਯਤਨਾਂ ਦੀ ਦੇਣ ਹੈ। ਸੰਸਾਰ ਦੇ ਇਤਿਹਾਸ ਦੀਆਂ ਵੱਡੀਆਂ ਆਫ਼ਤਾਵਾਂ ਦਾ ਜੇਕਰ ਪਿਛੋਕੜ ਫਰੋਲਿਆ ਜਾਵੇ ਤਾਂ ਇਹਨਾਂ ਦੀ ਵਜ੍ਹਾ ਮਨੁੱਖੀ ਗਲਤੀ, ਅਣਗਹਿਲੀ ਜਾਂ ਲਾਲਸਾ ਹੀ ਬਣਦੀ ਆਈ ਹੈ।

ਆਓ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਕਰਨੀ ਪਈ ਵਿਆਪਕ ਤਾਲਾ ਬੰਦੀ ਅਤੇ ਕਰਫਿਊ ਦੇ ਹਾਲਾਤ ਤੋਂ ਸਬਕ ਸਿੱਖੀਏ ਕਿ ਕੁਦਰਤ ਨਾਲ ਮਿਲ ਕੇ ਚੱਲਣ ਵਿੱਚ ਹੀ ਸਭ ਦੀ ਭਲਾਈ ਹੈ ਅਤੇ ਕੁਦਰਤ ਨਾਲ ਟਕਰਾਓ ਦੇ ਨਤੀਜੇ ਹਮੇਸ਼ਾ ਭਿਆਨਕ ਹੀ ਹੁੰਦੇ ਹਨ। ਇਸ ਬਿਮਾਰੀ ਦੇ ਸੰਕਟ ਦੌਰਾਨ ਵਰਤੇ ਸੰਜਮ, ਜ਼ਾਬਤੇ, ਸਹਿਯੋਗ, ਸਫਾਈ ਅਤੇ ਸੰਜੀਦਗੀ ਨੂੰ ਜੇਕਰ ਸਦਾ ਲਈ ਅਪਣਾ ਲਈਏ ਤਾਂ ਜ਼ਿੰਦਗੀ ਅਤੇ ਦੁਨੀਆਂ ਬਹੁਤ ਸੋਹਣੀ ਬਣ ਸਕਦੀ ਹੈ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2042)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਸੁਖਵੀਰ ਸਿੰਘ ਕੰਗ

ਸੁਖਵੀਰ ਸਿੰਘ ਕੰਗ

Kotla Samashpur, Samrala, Ludhiana, Punjab, India.
Phone: (91 - 85678 - 72291)

More articles from this author