SukhbirSKang7ਦੇਸ਼ ਵਿੱਚ ਪਾਏ ਜਾਂਦੇ ਨਵੇਂ ਅਤੇ ਪੁਰਾਣੇ ਵਖਰੇਵਿਆਂ ਦਾ ਪਿਛੋਕੜ ਗਹੁ ਨਾਲ ਵੇਖਣ ’ਤੇ ...
(12 ਸਤੰਬਰ 2018)

 

ਇਹ ਗੱਲ ਸਾਲ 1989 ਜਾਂ 90 ਦੀ ਹੋਵੇਗੀ ਕਿ ਮੈਂ ਅਤੇ ਮੇਰੇ ਕੁਝ ਦੋਸਤ ਕਾਲਜ ਤੋਂ ਵਾਪਸ ਘਰ ਆ ਰਹੇ ਸੀਅਸੀਂ ਆਪਣੇ ਪਿੰਡਾਂ ਨੂੰ ਜਾਣ ਵਾਲੀ ਮਿੰਨੀ ਬੱਸ ਵਿੱਚ ਸਫ਼ਰ ਕਰ ਰਹੇ ਸੀਬੱਸ ਵਿੱਚ ਕਾਫੀ ਭੀੜ ਸੀਅਸੀਂ ਆਪਸ ਵਿੱਚ ਕਾਫੀ ਫਸਕੇ ਖੜ੍ਹੇ ਸਫ਼ਰ ਕਰ ਰਹੇ ਸੀਮੇਰੇ ਦੋਵਾਂ ਦੋਸਤਾਂ ਨੇ, ਜਿਹਨਾਂ ਵਿੱਚੋਂ ਇੱਕ ਪੰਡਿਤਾਂ ਦਾ ਮੁੰਡਾ ਸੀ ਅਤੇ ਦੂਸਰਾ ਜੱਟਾਂ ਦਾ, ਆਪਣਾ ਇੱਕ-ਇੱਕ ਹੱਥ ਛੱਤ ’ਤੇ ਲੱਗੇ ਡੰਡੇ ਨੂੰ ਪਾਇਆ ਹੋਇਆ ਸੀ ਅਤੇ ਇੰਨੀ ਭੀੜ ਵਿੱਚ ਔਖੇ ਖੜ੍ਹੇ ਹੋਣ ਦੇ ਬਾਵਜੂਦ ਦੂਸਰੇ ਹੱਥ ਨਾਲ ਇੱਕ ਦੂਜੇ ਦੀਆਂ ਉਂਗਲਾਂ ਵਿੱਚ ਉਂਗਲਾਂ ਪਾ ਕੇ ਖੜ੍ਹੇ ਗੱਲਾਂ ਕਰ ਰਹੇ ਸਨਇੱਕ ਦੇ ਹੱਥ ਉੱਤੇ ੴ ਦਾ ਨਿਸ਼ਾਨ ਖੁਣਿਆ ਹੋਇਆ ਸੀ ਅਤੇ ਦੂਸਰੇ ਦੇ ਹੱਥ ’ਤੇ ਓਮਉਹਨਾਂ ਦੇ ਹੱਥਾਂ ਦੀ ਇਹ ਸਾਂਝ ਅਤੇ ਇਕਮਿਕਤਾ ਦੇਖਕੇ ਮੇਰੇ ਦਿਮਾਗ ਵਿੱਚ ਸਵੇਰੇ ਕਾਲਜ ਜਾਣ ਲਈ ਤਿਆਰ ਹੋਣ ਵੇਲੇ ਪੜ੍ਹੀ ਅਖ਼ਬਾਰ ਦੀ ਖ਼ਬਰ ਤਾਰ ਦੀ ਤਰ੍ਹਾਂ ਲਿਸ਼ਕ ਗਈ, ਜਿਸਦੀ ਸੁਰਖੀ ਸੀ, “ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੱਟੀ ਨਜ਼ਦੀਕ ਬੱਸ ਵਿੱਚੋਂ ਇੱਕ ਫਿਰਕੇ (ਹਿੰਦੂ) ਦੇ 10 ਲੋਕ ਕੱਢ ਕੇ ਮਾਰ ਦਿੱਤੇ” ਉਸੇ ਵਕਤ ਮੇਰੇ ਜ਼ਿਹਨ ਵਿੱਚ ਇੱਕ ਸਵਾਲ ਉੱਠਿਆ ਕਿ ਆਖ਼ਰ ਇਸ ਬੱਸ ਦੇ ਅੰਦਰ ਅਤੇ ਉਸ ਬੱਸ ਦੇ ਬਾਹਰਲੇ ਮਾਹੌਲ ਵਿੱਚ ਇੰਨਾ ਫਰਕ ਕਿਉਂ ਹੈ?

ਕੁਝ ਸਾਲ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆਂ ਸ਼ਹਿਰ ਤੋਂ ਪਰਤੀ ਮੇਰੀ ਇੱਕ ਬਜ਼ੁਰਗ ਰਿਸ਼ਤੇਦਾਰ ਨੇ ਮੈਨੂੰ ਇੱਕ ਗੱਲ ਸੁਣਾਈ ਕਿ ਉਹਨਾਂ ਦਾ ਬੇਟਾ ਜਿਸ ਇਲਾਕੇ ਵਿੱਚ ਰਹਿੰਦਾ ਹੈ, ਉੱਥੇ ਪੰਜਾਬੀ ਲੋਕਾਂ ਦੀ ਬਹੁਤੀ ਵਸੋਂ ਨਹੀਂ ਹੈਉਹਨਾਂ ਦੱਸਿਆ ਕਿ ਇੱਕ ਦਿਨ ਉਹਨਾਂ ਦੇ ਪੋਤੇ ਦੇ ਸਕੂਲ ਤੋਂ ਆਉਣ ਦਾ ਟਾਈਮ ਹੋ ਜਾਣ ’ਤੇ ਉਹ ਘਰ ਤੋਂ ਬਾਹਰ ਉਸਦੀ ਉਡੀਕ ਕਰਦੇ-ਕਰਦੇ ਗਲ੍ਹੀ ਦੇ ਮੋੜ ਤੱਕ ਚਲੇ ਗਏ, ਜਿਸ ਪਾਸੇ ਤੋਂ ਉਹ ਗੱਡੀ ਵਿੱਚੋਂ ਉੱਤਰਦਾ ਸੀਰਸਤੇ ਵਿੱਚ ਪੈਂਦੇ ਇੱਕ ਘਰ ਵਿੱਚੋਂ ਇੱਕ ਬਜ਼ੁਰਗ ਔਰਤ ਨੇ ਬਾਹਰ ਆ ਕੇ ਉਹਨਾਂ ਨਾਲ ਬੜੇ ਨਿੱਘੇ ਢੰਗ ਨਾਲ ਗੱਲਬਾਤ ਕੀਤੀ ਅਤੇ ਘਰ ਆਉਣ ਲਈ ਵੀ ਬੁਲਾਇਆਉਸਨੇ ਦੱਸਿਆ ਕਿ ਉਹ ਪਾਕਿਸਤਾਨ ਤੋਂ ਹੈ ਅਤੇ ਆਪਣੇ ਪੁੱਤਰ ਕੋਲ ਰਹਿੰਦੀ ਹੈਇਸੇ ਤਰ੍ਹਾਂ ਇੱਕ ਦੋਂਹ ਮੁਲਾਕਾਤਾਂ ਤੋਂ ਬਾਅਦ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਵਾਪਿਸ ਇੰਡੀਆ ਜਾ ਰਹੇ ਹਨ ਤਾਂ ਉਹ ਪਾਕਿਸਤਾਨੀ ਔਰਤ ਘਰ ਆ ਕੇ ਉਹਨਾਂ ਨੂੰ ਤੋਹਫੇ ਵਜੋਂ ਪਾਕਿਸਤਾਨੀ ਚੋਪ ਦੀ ਕਢਾਈ ਵਾਲੀ ਚੁੰਨੀ ਤੋਹਫੇ ਵਜੋਂ ਦੇ ਕੇ ਗਈਇਹ ਚੁੰਨੀ ਉਹਨਾਂ ਮੈਨੂੰ ਵੀ ਦਿਖਾਈ ਜੋ ਬਜ਼ੁਰਗ ਔਰਤ ਦੇ ਲੈਣ ਲਈ ਸੋਹਣੀ ਅਤੇ ਕਾਫੀ ਕੀਮਤੀ ਸੀ ਤਾਂ ਫਿਰ ਮੇਰੇ ਮਨ ਵਿੱਚ ਇੱਕ ਹੋਰ ਸਵਾਲ ਉੱਠਿਆ ਕਿ ਜੇਕਰ ਦੋਨਾਂ ਦੇਸ਼ਾਂ ਦੇ ਲੋਕ ਇੱਕ ਦੂਸਰੇ ਲਈ ਇੰਨਾ ਪਿਆਰ ਰੱਖਦੇ ਹਨ ਤਾਂ ਦੋਵਾਂ ਦੇਸ਼ਾਂ ਦੀ ਸਰਹੱਦ ’ਤੇ ਕੀਮਤੀ ਜਾਨਾਂ ਨਿੱਤ ਦਿਹਾੜੇ ਕਿਉਂ ਬਲੀ ਚੜ੍ਹਦੀਆਂ ਹਨ?

ਪਿਛਲੇ ਦਿਨੀਂ ਮੇਰਾ ਇੱਕ ਬਚਪਨ ਦਾ ਦੋਸਤ ਮੈਨੂੰ ਕਾਫੀ ਸਾਲਾਂ ਬਾਦ ਬੱਸ ਸਫ਼ਰ ਦੌਰਾਨ ਮਿਲਿਆਦੇਰ ਬਾਅਦ ਮਿਲਣ ਕਰਕੇ ਅਸੀਂ ਦੋਵਾਂ ਨੇ ਜਦੋਂ ਇੱਕ ਦੂਸਰੇ ਦੀ ਬਦਲੀ ਦਿੱਖ ਅਤੇ ਲਿਬਾਸ ਨੂੰ ਗੌਰ ਨਾਲ ਦੇਖਿਆ ਤਾਂ ਮੈਂ ਉਸਦੀ ਸੋਹਣੀ ਜੁੱਤੀ ਦੀ ਤਾਰੀਫ਼ ਕੀਤੀ ਤਾਂ ਉਸਨੇ ਬੜੀ ਖੁਸ਼ੀ ਨਾਲ ਦੱਸਿਆ ਕਿ ਮਨ ਵਿੱਚ ਰੀਝ ਸੀ ਕਿ ‘ਕਸੂਰ ਦੀ ਜੁੱਤੀ’ ਪਾਉਣੀ ਹੈ ਤਾਂ ਕਰਕੇ ਬੜੀ ਕੋਸ਼ਿਸ਼ ਕਰਕੇ ਮੰਗਵਾਈ ਹੈਗੱਲਾਂ ਕਰਦੇ ਕਰਦੇ ਪੰਜਾਬੀ ਗਾਇਕੀ ਦਾ ਵਿਸ਼ਾ ਛੂਹ ਬੈਠੇ ਤਾਂ ਉਹ ਵੀ ਮੇਰੇ ਵਾਂਗ ਪਾਕਿਸਤਾਨੀ ਗਾਇਕੀ ਦਾ ਮੁਰੀਦ ਨਿਕਲਿਆਉਹ ਆਪ ਤਾਂ ਆਪਣਾ ਅੱਡਾ ਆ ਜਾਣ ਤੇ ਬੱਸ ਵਿੱਚੋਂ ਉੱਤਰ ਗਿਆ ਪਰ ਮੈਂ ਬਾਕੀ ਸਾਰਾ ਸਫ਼ਰ ਇਹ ਸੋਚਦਾ ਰਿਹਾ ਕਿ ਜੇਕਰ ਅਸੀਂ ਲੋਕ ਇੱਕ ਦੂਸਰੇ ਨੂੰ ਅਤੇ ਇੱਕ ਦੂਸਰੇ ਦੀਆਂ ਬਣਾਈਆਂ ਚੀਜ਼ਾਂ ਨੂੰ ਇੰਨਾ ਪਿਆਰ ਕਰਦੇ ਅਤੇ ਆਪਸੀ ਅਪਣੱਤ ਰੱਖਦੇ ਹਾਂ ਤਾਂ ਇਹ ਦੇਸ਼ਾਂ ਦੀਆਂ ਵੰਡੀਆਂ ਕਿਉਂ ਪਈਆਂ? ਸਮਾਜ ਵਿੱਚ ਵੀ ਆਮ ਲੋਕਾਂ ਨੂੰ ਧਰਮ, ਕੌਮ ਜਾਂ ਜਾਤ ਨੂੰ ਲੈ ਕੇ ਇੱਕ ਦੂਸਰੇ ਤੋਂ ਕੋਈ ਸ਼ਿਕਾਇਤ ਨਾ ਹੋਣ ’ਤੇ ਵੀ ਸਮਾਜਿਕ ਵਖਰੇਵੇਂ ਕਿਉਂ ਹੋ ਜਾਂਦੇ ਹਨ?

ਅਜਿਹੀਆਂ ਆਪ ਬੀਤੀਆਂ ਜਾਂ ਆਮ ਦੇਖੀਆਂ-ਸੁਣੀਆਂ ਗੱਲਾਂ ਜਾਂ ਘਟਨਾਵਾਂ ਸਾਨੂੰ ਦੇਸ਼ਾਂ ਅਤੇ ਸਮਾਜਾਂ ਵਿੱਚ ਪਾਏ ਜਾਂਦੇ ਵਖਰੇਵਿਆਂ ਬਾਰੇ ਡੂੰਘੀ ਵਿਚਾਰ ਕਰਨ ਲਈ ਮਜ਼ਬੂਰ ਕਰ ਦਿੰਦੀਆਂ ਹਨਸਾਡੇ ਦੇਸ਼ ਵਿੱਚ ਪਾਏ ਜਾਂਦੇ ਅਨੇਕਾਂ ਵਖਰੇਵਿਆਂ ਬਾਰੇ ਜ਼ਿੰਮੇਵਾਰੀ ਨਾਲ ਸੋਚ ਵਿਚਾਰ ਕਰਕੇ, ਇਮਾਨਦਾਰੀ ਨਾਲ ਨਿਚੋੜ ਕੱਢ ਕੇ ਅਤੇ ਦਲੇਰੀ ਨਾਲ ਸਿੱਟਾ ਕੱਢਿਆ ਜਾਵੇ ਤਾਂ ਸਾਨੂੰ ਇਹ ਵਖਰੇਵੇਂ ਸਾਫ਼ ਤੌਰ ’ਤੇ ਸਿਆਸਤ ਦੀ ਦੇਣ ਹੀ ਜਾਪਦੇ ਹਨਦੇਸ਼ ਵਿੱਚ ਪਾਏ ਜਾਂਦੇ ਨਵੇਂ ਅਤੇ ਪੁਰਾਣੇ ਵਖਰੇਵਿਆਂ ਦਾ ਪਿਛੋਕੜ ਗਹੁ ਨਾਲ ਵੇਖਣ ’ਤੇ ਪਤਾ ਚੱਲਦਾ ਹੈ ਕਿ ਸਭ ਤੋਂ ਵੱਧ ਸਾਨੂੰ ਧਰਮ ਦੇ ਨਾਂ ’ਤੇ ਵੰਡਿਆ ਜਾਂਦਾ ਹੈਭਾਰਤ ਅਤੇ ਪਾਕਿਸਤਾਨ ਦੇ ਬਣਾਉਣ ਤੋਂ ਤਪਾਈ ਗਈ ਧਰਮ ਦੀ ਭੱਠੀ ਵਿੱਚ ਅੱਜ ਤੱਕ ਮਰਜ਼ੀ ਨਾਲ ਬਾਲਣ ਪਾ ਕੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ ਜਦਕਿ ਸਾਡੇ ਸਮਾਜ ਦੀ ਅਸਲ ਤਸਵੀਰ ਇਸ ਤੋਂ ਵੱਖਰਾ ਦ੍ਰਿਸ਼ ਪੇਸ਼ ਕਰਦੀ ਹੈ

ਸਿਆਸਤ ਧਰਮ-ਨਿਰਪੱਖਤਾ ਦੀ ਗੱਲ ਕਰਦਿਆਂ ਵੀ ਅਨੇਕਾਂ ਵਾਰ ਧਾਰਮਿਕ ਬਖੇੜਿਆਂ ਅਤੇ ਦੰਗਿਆਂ ਨੂੰ ਤੂਲ ਦਿੰਦੀ ਆਈ ਹੈਇਸੇ ਤਰ੍ਹਾਂ ਸਹੂਲਤਾਂ ਅਤੇ ਨੌਕਰੀਆਂ ਦੇਣ ਵੇਲੇ ਕੀਤਾ ਗਿਆ ਰਾਖਵਾਂਕਰਨ ਵੀ ਵੱਖ-ਵੱਖ ਵਰਗਾਂ ਵਿੱਚ ਦੂਰੀ, ਨਫ਼ਰਤ ਅਤੇ ਅਣ-ਐਲਾਨੀ ਕੜਵਾਹਟ ਦੇ ਹੀ ਬੀਜ ਬੀਜਦਾ ਹੈ ਅਤੇ ਸਮਾਜ ਵਿੱਚ ਜਾਤੀ-ਵਖਰੇਵੇਂ ਪੈਦਾ ਕਰ ਰਿਹਾ ਹੈਦੇਸ਼ ਦੇ ਵੱਖ-ਵੱਖ ਰਾਜਾਂ ਦੇ ਅਧਿਕਾਰਾਂ ਅਤੇ ਰਿਆਇਤਾਂ ਨੂੰ ਬਰਾਬਰ ਨਾ ਤੋਲਦੇ ਇੱਕ ਵਿਤਕਰੇ ਦਾ ਵਖਰੇਵਾਂ ਰਾਜਾਂ ਨੂੰ ਆਹਮੋ-ਸਾਹਮਣੇ ਲਿਆ ਕੇ ਟਕਰਾਓ ਦਾ ਕਾਰਨ ਬਣਦਾ ਹੈਵੱਖ-ਵੱਖ ਰਾਜਾਂ ਦੇ ਪਾਣੀਆਂ ਅਤੇ ਕੁਦਰਤੀ ਸੋਮਿਆਂ ਦੇ ਹੱਕਾਂ ਅਤੇ ਵੰਡ ਪ੍ਰਤੀ ਸਿਆਸਤ ਦਾ ਮਤਰੇਈ ਮਾਂ ਵਾਲਾ ਰਵੱਈਆ ਵੀ ਆਪਸੀ ਵਿਰੋਧ ਪੈਦਾ ਕਰਦਾ ਹੈ

ਔਰਤ ਦੀ ਆਜ਼ਾਦੀ ਦੀ ਗੱਲ ਕਰਦਿਆਂ ਮਰਦ ਅਤੇ ਔਰਤ ਨੂੰ ਮੁਕਾਬਲੇ ਵਿੱਚ ਖੜ੍ਹਾ ਕਰ ਲਿਆ ਜਾਂਦਾ ਹੈ, ਜਦਕਿ ਇਸ ਨਾਅਰੇ ਦੀ ਉਪਜ ਤੋਂ ਬਾਅਦ ਔਰਤ ਨੂੰ ਸੁਰੱਖਿਆ ਅਤੇ ਅਧਿਕਾਰ ਤਾਂ ਨਹੀਂ ਮਿਲ ਸਕੇ ਪਰ ਮੁਸ਼ਕਿਲਾਂ, ਪ੍ਰੇਸ਼ਾਨੀਆਂ ਅਤੇ ਬੋਝ ਹੀ ਵਧੇ ਹਨ ਤੇ ਘਰ ਵਿੱਚ ਰੰਗੀਂ ਵਸਦੀ ਔਰਤ ਨੂੰ ਨੌਕਰੀ ਅਤੇ ਘਰ - ਦੋਂਹ ਬੇੜੀਆਂ ਦੀ ਸਵਾਰ ਬਣਾ ਦਿੱਤਾ

ਦੇਸ਼ ਦੀ ਕਰੂਪ ਸਿਆਸਤ ਨੇ ਵੱਖ ਵੱਖ ਪੱਧਰ ਦੀਆਂ ਵੋਟਾਂ ਨੂੰ ਅਲੱਗ ਅਲੱਗ ਕਰਕੇ ਦੂਰ ਤੱਕ ਖਿਲਾਰ ਲਿਆ ਹੈਵਾਰ-ਵਾਰ ਆਉਂਦੀਆਂ ਚੋਣਾਂ ਵੀ ਸਮਾਜਿਕ ਵਖਰੇਵੇਂ ਅਤੇ ਵੰਡੀਆਂ ਦੀ ਸੁਲਗਦੀ ਅੱਗ ਵਿੱਚ ਝੋਕੇ ਦਾ ਕੰਮ ਕਰਦੀਆਂ ਹਨ ਅਤੇ ਅਕਸਰ ਭਾਂਬੜ ਬਲ਼ਦੇ ਦੇਖੇ ਜਾ ਰਹੇ ਹਨਅਗਰ ਸਾਰੀਆਂ ਚੋਣਾਂ ਸਾਰੇ ਦੇਸ਼ ਵਿੱਚ ਇੱਕਸਾਰ ਹੋ ਜਾਣ ਤਾਂ ਵਾਰ- ਵਾਰ ਹੁੰਦੇ ਖਰਚ, ਮਿਹਨਤ, ਨੁਕਸਾਨ ਅਤੇ ਪੈਣ ਵਾਲੀਆਂ ਵੰਡੀਆਂ ਨੂੰ ਘਟਾਇਆ ਜਾ ਸਕਦਾ ਹੈਸਰਕਾਰ ਵੱਲੋਂ ਸਮਾਜ ਦੇ ਕਿਸੇ ਵਰਗ ਨੂੰ ਦਿੱਤੀ ਜਾਣ ਵਾਲੀ ਰਿਆਇਤ ਜਾਂ ਸਹੂਲਤ ਵੀ ਸਾਜ਼ਿਸ਼ੀ ਢੰਗ ਨਾਲ ਪ੍ਰਚਾਰ ਕੇ ਪੇਸ਼ ਕੀਤੀ ਜਾਂਦੀ ਹੈਉਸ ਵਰਗ ਨੂੰ ਉਸਦਾ ਲਾਭ ਨਿਗੂਣਾ ਹੀ ਹੁੰਦਾ ਹੈ ਪਰ ਦੂਸਰੇ ਵਰਗਾਂ ਦਾ ਵਿਰੋਧ ਉਸ ਰਿਆਇਤ ਲਈ ਗਲ਼ੇ ਦੀ ਹੱਡੀ ਬਣ ਜਾਂਦਾ ਹੈ ਅਤੇ ਇੱਕ ਨਵਾਂ ਵਖਰੇਵਾਂ ਜਨਮ ਲੈ ਲੈਂਦਾ ਹੈ

ਦੇਸ਼ ਦੇ ਵੱਖ-ਵੱਖ ਰਾਜਾਂ ਨੂੰ ਭਾਸ਼ਾ, ਧਰਮ, ਕੌਮ ਆਦਿ ਨਾਲ ਜੋੜਕੇ ਦੇਖਣਾ ਅਤੇ ਪੇਸ਼ ਕਰਨਾ ਵੀ ਸਿਆਸਤ ਦਾ ਕੋਝਾ ਰੂਪ ਹੈ, ਜਿਸਦੇ ਸਿੱਟੇ ਵਜੋਂ ਅਸੀਂ ਪੰਜਾਬੀ, ਮਰਾਠੇ, ਕਸ਼ਮੀਰੀ, ਗੋਰਖੇ, ਰਾਜਪੂਤ, ਜੱਟ, ਗੁੱਜਰ ਚੌਧਰੀ, ਠਾਕੁਰ ਆਦਿ ਤਾਂ ਬਣ ਗਏ ਪਰ ਭਾਰਤੀ ਨਹੀਂ ਬਣ ਸਕੇਇਹ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਦੇਸ਼ ਦੀ ਵੰਡ ਵੇਲੇ ਹੋਏ ਇੰਨੇ ਭਿਆਨਕ ਕਤਲੇਆਮ ਅਤੇ ਮਾਲੀ ਨੁਕਸਾਨ ਤੋਂ ਬਾਅਦ ਵੀ ਦੋਵਾਂ ਪਾਸਿਆਂ ਨੂੰ ਵਫ਼ਾਦਾਰ ਅਤੇ ਬੰਨ੍ਹਕੇ ਰੱਖਣ ਵਾਲੀ ਸਿਆਸਤ ਅਜੇ ਤੱਕ ਨਹੀਂ ਮਿਲ ਸਕੀਅਸੀਂ ਅੱਜ ਵੀ ਵਖਰੇਵਿਆਂ ਦੀ ਮਾਰ ਝੱਲਦੇ ਆ ਰਹੇ ਹਾਂਇਸ ਕਰਕੇ ਸਾਨੂੰ ਇਹ ਵਿਚਾਰ ਅਤੇ ਯਤਨ ਕਰਨੇ ਪੈਣਗੇ ਕਿ ਇਹਨਾਂ ਵਖਰੇਵਿਆਂ ਨੂੰ ਕਿਵੇਂ ਠੱਲ੍ਹ ਪਾਈ ਜਾਵੇਇਹਨਾਂ ਵਖਰੇਵਿਆਂ ਦੀ ਅਸਲੀਅਤ ਬਾਰੇ ਸੁਚੇਤ ਰਹਿ ਕੇ ਅਤੇ ਢੁੱਕਵਾਂ ਨਜ਼ਰੀਆ ਬਣਾ ਕੇ ਹੀ ਇਹਨਾਂ ਤੋਂ ਨਿਜਾਤ ਪਾਈ ਜਾ ਸਕਦੀ ਹੈਇਹਨਾਂ ਵਖਰੇਵਿਆਂ ਦਾ ਸ਼ਿਕਾਰ ਹੋਣ ਦੀ ਥਾਂ ਸਾਨੂੰ ਇਹਨਾਂ ਤੋਂ ਬਣਦੀ ਦੂਰੀ ਬਣਾਈ ਰੱਖਣਾ ਜ਼ਰੂਰੀ ਹੈ ਤੇ ਇਸੇ ਵਿੱਚ ਸਾਡੀ ਆਪਣੀ, ਸਮਾਜ ਦੀ ਅਤੇ ਦੇਸ਼ ਦੀ ਭਲਾਈ ਹੈ

*****

(1302)

About the Author

ਸੁਖਵੀਰ ਸਿੰਘ ਕੰਗ

ਸੁਖਵੀਰ ਸਿੰਘ ਕੰਗ

Kotla Samashpur, Samrala, Ludhiana, Punjab, India.
Phone: (91 - 85678 - 72291)

More articles from this author