SukhbirSKang7ਹਰ ਵਾਰ ਜੰਗੀ ਹਥਿਆਰਾਂ ਦੀ ਥਾਂ ਮਜ਼ਬੂਤ ਸਿਹਤ ਸੇਵਾਵਾਂ ਹੀ ...
(21 ਅਪਰੈਲ 2020)

 

ਪਿਛਲੇ ਕੁਝ ਮਹੀਨਿਆਂ ਤੋਂ ਲਗਭਗ ਸਾਰੀ ਦੁਨੀਆਂ ਵਿੱਚ ਫੈਲੀ ਕੋਵਿਡ-19 ਦੀ ਮਹਾਂਮਾਰੀ ਜਿੱਥੇ ਸੰਤਾਪ ਅਤੇ ਅਨੇਕ ਸੰਕਟ ਪੈਦਾ ਕਰ ਰਹੀ ਹੈ ਉੱਥੇ ਇਹ ਬਹੁਤ ਸਾਰੀਆਂ ਚੁਣੌਤੀਆਂ ਅਤੇ ਸਬਕ ਵੀ ਦੇ ਕੇ ਜਾਵੇਗੀ। ਇਸ ਮਹਾਂਮਾਰੀ ਦੇ ਕਾਰਨਾਂ ਅਤੇ ਸਿੱਟਿਆਂ ਬਾਰੇ ਹਰ ਮਨੁੱਖ ਅਤੇ ਹਰ ਦੇਸ਼ ਨੂੰ ਗੰਭੀਰਤਾ ਨਾਲ ਚਿੰਤਨ ਕਰਨਾ ਹੋਵੇਗਾ ਅਤੇ ਸੰਜੀਦਗੀ ਨਾਲ ਆਪਣੇ ਤੌਰ-ਤਰੀਕਿਆਂ, ਜਿਊਣ-ਢੰਗ, ਗਤੀਵਿਧੀਆਂ ਅਤੇ ਨੀਤੀਆਂ ਦੀ ਪੜਚੋਲ ਕਰਨੀ ਹੋਵੇਗੀ।

ਇਸ ਤੋਂ ਉਪਜੀ ਭਵਿੱਖ ਦੀਆਂ ਜੰਗਾਂ ਦੇ ਰੂਪ ਦੀ ਸੰਭਾਵਿਤ ਤਸਵੀਰ ਬਹੁਤ ਡਰਾਉਣੀ ਅਤੇ ਭਿਆਨਕ ਜਾਪਣ ਲੱਗੀ ਹੈ ਕਿਓਂਕਿ ਹੁਣ ਤੱਕ ਦੇਸ਼ਾਂ ਦੀਆਂ ਆਪਸੀ ਜੰਗਾਂ ਜਾਂ ਸੰਸਾਰ ਯੁੱਧ ਦੌਰਾਨ ਦੁਸ਼ਮਣ ਸਾਹਮਣੇ ਹੁੰਦਾ ਸੀ, ਭਾਵ ਉਹ ਦਿਖਾਈ ਦਿੰਦਾ ਸੀ ਜਿਸ ਉੱਪਰ ਬੰਦੂਕਾਂ, ਤੋਪਾਂ, ਮਿਜ਼ਾਈਲਾਂ, ਟੈਂਕਾਂ, ਹਵਾਈ ਜਹਾਜ਼ਾਂ ਨਾਲ ਹਮਲਾ ਕੀਤਾ ਜਾਂਦਾ ਸੀ। ਮੁਕਾਬਲਾ ਅੱਖਾਂ ਨਾਲ ਦੇਖੇ ਜਾ ਸਕਣ ਵਾਲੇ ਦੁਸ਼ਮਣ ਨਾਲ ਹੁੰਦਾ ਸੀ। ਅੱਜ ਕੱਲ੍ਹ ਡਰੋਨਾਂ ਅਤੇ ਹੋਰ ਸਵੈ-ਚਾਲਿਤ ਜਾਂ ਦੂਰ ਤੋਂ ਕੰਟਰੋਲ ਹੋਣ ਵਾਲੇ ਮਾਰੂ ਹਥਿਆਰਾਂ ਦੀ ਵਰਤੋਂ ਦੇ ਨਾਲ ਨਾਲ ਰੋਬੌਟ ਫੌਜ ਦੀਆਂ ਗੱਲਾਂ ਵੀ ਹੋਣ ਲੱਗੀਆਂ ਸਨ। ਪ੍ਰੰਤੂ ਅੱਜ ਸੰਸਾਰ ਦੇ ਵੱਡੇ-ਵੱਡੇ ਦੇਸ਼ਾਂ ਲਈ ਚੁਣੌਤੀ ਬਣੇ ਇਸ ਵਿਸ਼ਾਣੂ ਮੂਹਰੇ ਇਹ ਸਭ ਹਥਿਆਰ ਬੇਕਾਰ ਹੋ ਗਏ ਹਨ, ਕਿਉਂਕਿ ਦੁਸ਼ਮਣ ਅਦ੍ਰਿਸ਼ ਹੈ। ਸੰਸਾਰ ਦੇ ਮੋਹਰੀ ਦੇਸ਼ਾਂ ਤੱਕ ਵਰਤੇ ਇਸ ਕਹਿਰ ਦਾ ਤੋੜ ਤਾਂ ਹਾਲੇ ਤੱਕ ਨਹੀਂ ਲੱਭਾ ਪਰ ਇਸ ਤੋਂ ਸਾਨੂੰ ਸਬਕ ਬਹੁਤ ਮਿਲੇ ਹਨ।

ਭਾਵੇਂ ਕਿ ਇਹ ਕਹਿਰ ਹਾਲੇ ਨਿਰੰਤਰ ਜਾਰੀ ਹੈ ਅਤੇ ਇਸਦੇ ਅਸਲ ਕਾਰਨ ਅਜੇ ਸਪਸ਼ਟ ਨਹੀਂ ਹੋ ਸਕੇ ਫਿਰ ਵੀ ਇਸ ਵਰਤਾਰੇ ਤੋਂ ਸਭ ਤੋਂ ਵੱਡਾ ਸਬਕ ਇਹ ਮਿਲਦਾ ਹੈ ਕਿ ਧਰਤੀ ਉੱਤੇ ਮਨੁੱਖੀ ਜੀਵਨ ਨੂੰ ਬਚਾਈ ਰੱਖਣ ਲਈ ਸਾਨੂੰ ਕੁਦਰਤ ਦੇ ਨਾਲ ਮਿਲ ਕੇ ਚੱਲਣਾ ਹੋਵੇਗਾ। ਜਿੱਥੇ ਸਾਨੂੰ ਬਨਸਪਤੀ ਅਤੇ ਜੀਵਾਂ ਪ੍ਰਤੀ ਬੇਰੁਖੀ, ਬੇਪ੍ਰਵਾਹੀ ਅਤੇ ਬੇਦਰਦੀ ਛੱਡਣੀ ਹੋਵੇਗੀ, ਉੱਥੇ ਕੁਦਰਤ ਦੀ ਦੁਰਵਰਤੋਂ ਵੀ ਰੋਕਣੀ ਹੋਵੇਗੀ। ਭਵਿੱਖ ਵਿੱਚ ਅਜਿਹੇ ਜੀਵਾਣੂਆਂ ਜਾਂ ਵਿਸ਼ਾਣੂਆਂ ਦੀ ਹਥਿਆਰ ਵਜੋਂ ਵਰਤੋਂ ਦੀਆਂ ਸੰਭਾਵਨਾਵਾਂ ਨੂੰ ਰੋਕਣ ਲਈ ਪ੍ਰਭਾਵੀ ਕਦਮ ਚੁੱਕੇ ਜਾਣ ਦੀ ਲੋੜ ਮਹਿਸੂਸ ਹੋਣ ਲੱਗੀ ਹੈ।

ਮਨੁੱਖੀ ਜੀਵਨ ਦੀ ਸੁਰੱਖਿਆ ਨੂੰ ਵਿਸ਼ਵ ਪੱਧਰੀ ਸੰਸਥਾ ਯੂ ਐੱਨ ਦਾ ਸਰਵੋਤਮ ਮੰਤਵ ਬਣਾਇਆ ਜਾਵੇ। ਇਸ ਸੰਸਥਾ ਨੂੰ ਮੁੱਠੀ ਭਰ ਦੇਸ਼ਾਂ ਦੇ ਪ੍ਰਭਾਵ ਤੋਂ ਮੁਕਤ ਕੀਤਾ ਜਾਵੇ। ਇਸ ਨੂੰ ਨਵੇਂ ਸਿਰੇ ਤੋਂ ਸੰਗਠਿਤ ਕੀਤਾ ਜਾਵੇ ਅਤੇ ਇਸਦੇ ਚਾਰਟਰ ਅਤੇ ਸੰਵਿਧਾਨ ਵਿੱਚ ਜ਼ਰੂਰੀ ਸੋਧਾਂ ਕਰਕੇ ਇਸਦੇ ਕਾਰਜ ਖੇਤਰ ਨੂੰ ਹੋਰ ਸਪਸ਼ਟ, ਕਾਰਗਰ ਅਤੇ ਨਿਰਪੱਖ ਬਣਾਇਆ ਜਾਵੇ। ਸੁਰੱਖਿਆ ਕੌਂਸਲ ਦੀਆਂ ਸੰਕੇਤਕ ਸ਼ਕਤੀਆਂ ਨੂੰ ਅਸਲ ਰੂਪ ਦਿੱਤਾ ਜਾਵੇ ਤਾਂ ਕਿ ਇਹ ਮਨੁੱਖਤਾ ਦੇ ਭਲੇ ਲਈ ਜ਼ਰੂਰੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਾ ਸਕੇ ਅਤੇ ਦੋਸ਼ੀ ਦੇਸ਼ਾਂ ਖਿਲਾਫ਼ ਕਾਰਵਾਈ ਵੀ ਕਰ ਸਕੇ।

ਅਗਲਾ ਸਬਕ ਇਹ ਮਿਲਦਾ ਹੈ ਕਿ ਸਭ ਦੇਸ਼ਾਂ ਨੂੰ ਆਪਣੇ ਰੱਖਿਆ ਬੱਜਟ ਨੂੰ ਘਟਾ ਕੇ ਸਿਹਤ ਸੇਵਾਵਾਂ ਦੇ ਬੱਜਟ ਨੂੰ ਵਧਾਉਣਾ ਹੋਵੇਗਾ ਕਿਉਂਕਿ ਭਵਿੱਖ ਵਿੱਚ ਅਜਿਹੇ ਕਹਿਰ ਵਾਪਰਨ ਦਾ ਖਦਸ਼ਾ ਵਧ ਗਿਆ ਹੈ। ਹਰੇਕ ਦੇਸ਼ ਨੂੰ ਆਪਣੀ ਸੁਰੱਖਿਆ ਯਕੀਨੀ ਬਣਾਈ ਰੱਖਣ ਲਈ ਸੈਨਿਕ ਸਮਰਥਾ ਦੇ ਨਾਲ ਨਾਲ ਮੈਡੀਕਲ ਸਮਰਥਾ ’ਤੇ ਵੀ ਜ਼ੋਰ ਦੇਣਾ ਹੋਵੇਗਾ। ਇਤਿਹਾਸ ਵਿੱਚ ਅਨੇਕਾਂ ਵਾਰ ਮਹਾਂਮਾਰੀਆਂ ਫੈਲੀਆਂ ਜਿਹਨਾਂ ਨੇ ਲੱਖਾਂ ਲੋਕਾਂ ਦੀਆਂ ਜਾਨਾਂ ਲਈਆਂ। ਭਾਵੇਂ ਉਹਨਾਂ ਪਿੱਛੇ ਕਿਸੇ ਮਨੁੱਖੀ ਸਾਜਿਸ਼ ਦੇ ਸੰਕੇਤ ਨਹੀਂ ਮਿਲੇ ਫਿਰ ਵੀ ਹਰ ਵਾਰ ਜੰਗੀ ਹਥਿਆਰਾਂ ਦੀ ਥਾਂ ਮਜ਼ਬੂਤ ਸਿਹਤ ਸੇਵਾਵਾਂ ਹੀ ਸਹਾਈ ਹੋਈਆਂ। ਸਾਨੂੰ ਸਿਹਤ ਸਹੂਲਤਾਂ ਅਤੇ ਇਲਾਜ ਪ੍ਰਣਾਲੀ ਨੂੰ ਵਧੇਰੇ ਮਜ਼ਬੂਤ ਬਣਾਉਣਾ ਹੋਵੇਗਾ ਅਤੇ ਇਹਨਾਂ ਦੇ ਨਿੱਜੀਕਰਨ ਨੂੰ ਠੱਲ੍ਹ ਪਾਉਣੀ ਪਵੇਗੀ ਜਾਂ ਇਹਨਾਂ ਦਾ ਕੇਂਦਰੀਕਰਨ ਕਰਨਾ ਹੋਵੇਗਾ।

ਅਗਲੀ ਧਿਆਨ ਖਿੱਚਦੀ ਚੀਜ਼ ਹੈ ਸਾਡੀ ਸਰੀਰਕ ਰੱਖਿਆ ਪ੍ਰਣਾਲੀ (ਇਮਿਊਨ ਸਿਸਟਮ), ਜਿਸ ਬਾਰੇ ਸਾਨੂੰ ਬਹੁਤ ਸੁਚੇਤ ਹੋਣ ਦੀ ਲੋੜ ਮਹਿਸੂਸ ਹੋਣ ਲੱਗੀ ਹੈ। ਜਿਹਨਾਂ ਦੇਸ਼ਾਂ, ਖਿੱਤਿਆਂ ਅਤੇ ਲੋਕ-ਸਮੂਹਾਂ ਜਾਂ ਕੌਮਾਂ ਵਿੱਚ ਇਹ ਬਿਮਾਰੀ ਘੱਟ ਫੈਲੀ ਹੈ ਸਾਨੂੰ ਉਹਨਾਂ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਜਿਊਣ-ਢੰਗ ਦੀ ਖੋਜ ਪੜਤਾਲ ਕਰਨੀ ਹੋਵੇਗੀ। ਇਸ ਤੋਂ ਨਿੱਕਲਣ ਵਾਲੇ ਨਤੀਜਿਆਂ ਅਤੇ ਚੰਗੇ ਸਿੱਟੇ ਦੇ ਸਕਣ ਵਾਲੀਆਂ ਚੀਜ਼ਾਂ ਅਤੇ ਆਦਤਾਂ ਨੂੰ ਅਪਣਾਉਣਾ ਹੋਵੇਗਾ। ਇਸੇ ਤਰ੍ਹਾਂ ਜਿਹਨਾਂ ਆਦਤਾਂ, ਖਾਣ-ਪੀਣ ਅਤੇ ਰਹਿਣ-ਸਹਿਣ ਕਾਰਨ ਇਹ ਬਿਮਾਰੀ ਜ਼ਿਆਦਾ ਫੈਲੀ, ਉਹਨਾਂ ਨੂੰ ਛੱਡ ਦੇਣਾ ਵੀ ਜ਼ਰੂਰੀ ਹੋ ਜਾਵੇਗਾ।

ਅਸੀਂ ਇੰਨੇ ਲੰਬੇ ਸਮੇਂ ਦੀ ਤਾਲਾਬੰਦੀ ਅਤੇ ਘਰ ਵਿੱਚ ਇਕਾਂਤਵਾਸ ਪਹਿਲਾਂ ਕਦੇ ਨਹੀਂ ਸੀ ਦੇਖਿਆ, ਇਸ ਕਰਕੇ ਇਹ ਵੀ ਬਹੁਤ ਕੁਝ ਸਿਖਾ ਗਿਆ। ਇਸਨੇ ਜਿੱਥੇ ਸਾਨੂੰ ਘਰ, ਪਰਿਵਾਰ ਅਤੇ ਸੁਖਾਵੇਂ ਘਰੇਲੂ ਸਬੰਧਾਂ ਦੀ ਅਹਿਮੀਅਤ ਦਰਸਾਈ, ਉੱਥੇ ਸੰਜਮ, ਸੰਕੋਚ, ਸਫਾਈ ਅਤੇ ਜ਼ਾਬਤੇ ਤੋਂ ਵੀ ਜਾਣੂ ਕਰਾਇਆ। ਸਾਨੂੰ ਬੱਚਤ ਦੀ ਆਦਤ ਦੇ ਫਾਇਦੇ ਅਤੇ ਫਜੂਲਖਰਚੀ ਦੇ ਨੁਕਸਾਨ ਦਾ ਅੰਦਾਜ਼ਾ ਹੋ ਗਿਆ ਕਿਓਂਕਿ ਜਿਸ ਦੇਸ਼ ਦੇ ਲੋਕਾਂ ਨੂੰ ਕਮਾਈ ਹਫ਼ਤੇ ਦੇ ਅੰਤ ’ਤੇ ਖਰਚ ਦੇਣ ਦੀ ਆਦਤ ਸੀ, ਉਹ ਲੋਕ ਸਬੰਧਤ ਸਰਕਾਰ ਵਾਸਤੇ ਵਧੇਰੇ ਬੋਝ ਬਣੇ। ਸਰੀਰਕ ਰੱਖਿਆ ਪ੍ਰਣਾਲੀ (ਇਮਿਊਨ ਸਿਸਟਮ) ਅਤੇ ਨਿੱਜੀ ਰੱਖਿਆ ਨਾਲ ਸਾਡੀ ਨਵੇਂ ਸਿਰੇ ਤੋਂ ਜਾਣ ਪਹਿਚਾਣ ਹੋਈ, ਜਿਸਨੇ ਸਾਨੂੰ ਆਪਣੀ ਰੋਜ਼ਾਨਾ ਖੁਰਾਕ, ਅਰਾਮ, ਡੂੰਘੀ ਨੀਂਦ, ਕਸਰਤ ਅਤੇ ਰਹਿਣ ਸਹਿਣ ਦੀਆਂ ਆਦਤਾਂ ਆਦਿ ਬਾਰੇ ਸੁਚੇਤ ਹੋਣ ਦਾ ਸੰਦੇਸ਼ ਦਿੱਤਾ। ਇਸ ਆਫ਼ਤ ਨੇ ਸਾਨੂੰ ਸਰੀਰ, ਘਰ, ਪਰਿਵਾਰ, ਜ਼ਿੰਦਗੀ, ਕੁਦਰਤ ਅਤੇ ਰੱਬ ਦੇ ਨੇੜੇ ਲੈ ਆਂਦਾ। ਜ਼ਿੰਦਗੀ ਦੀ ਦੌੜ-ਭੱਜ ਅਤੇ ਕੰਮਾਂ-ਕਾਰਾਂ ਦੇ ਕਦੇ ਨਾ ਮੁੱਕਣ ਵਾਲੇ ਰੁਝੇਵਿਆਂ ਵਿੱਚ ਉੱਡੇ ਫਿਰਦਿਆਂ ਨੂੰ ਇੱਕ ਦਮ ਜ਼ਮੀਨ ’ਤੇ ਲੈ ਆਂਦਾ। ਤੇਜ਼ ਗਤੀ ਨਾਲ ਚਲਦੀ ਜ਼ਿੰਦਗੀ ਨੂੰ ਅਚਾਨਕ ਮਿਲਿਆ ਇਹ ਵਿਰਾਮ ਵੀ ਅਜੀਬ ਤਜਰਬਾ ਸਿੱਧ ਹੋ ਰਿਹਾ ਹੈ।

ਭਾਵੇਂ ਕਿ ਕੋਰੋਨਾ ਨਾਂ ਦਾ ਵਿਸ਼ਾਣੂ ਪਰਿਵਾਰ ਪਹਿਲਾਂ ਤੋਂ ਪਛਾਣਿਆ ਹੋਇਆ ਸੀ ਪਰ ਇਹ 2019 ਦੇ ਦਸੰਬਰ ਤੋਂ ਪਹਿਲਾਂ ਇੰਨੇ ਵਿਕਰਾਲ ਰੂਪ ਵਿੱਚ ਘਾਤਕ ਨਹੀਂ ਹੋਇਆ ਸੀ। ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਇਹ ਸੰਕਰਮਣ ਕੁਝ ਹਫ਼ਤਿਆਂ ਵਿੱਚ ਹੀ ਕਾਫੀ ਦੇਸ਼ਾਂ ਵਿੱਚ ਫੈਲ ਗਿਆ। ਇਹ ਤਾਂ ਹਾਲੇ ਸਮਾਂ ਹੀ ਦੱਸੇਗਾ ਕਿ ਇਹ ਵੂਹਾਨ ਸ਼ਹਿਰ ਨਜ਼ਦੀਕ ਲਗਦੀ ਜੰਗਲੀ ਜਾਨਵਰਾਂ ਦੀ ਮਹਾਂ ਮੰਡੀ ਦੀ ਦੇਣ ਹੈ, ਜਾਂ ਇਹ ਚੀਨ ਤੋਂ ਜੈਵਿਕ ਹਥਿਆਰ ਬਣਾਉਣ ਦੀ ਪ੍ਰਕਿਰਿਆ ਦੌਰਾਨ ਬੇਕਾਬੂ ਹੋ ਗਿਆ, ਜਾਂ ਇਹ ਅਮਰੀਕਾ ਦੀ ਅੰਤਰਰਾਸ਼ਟਰੀ ਵਪਾਰ ’ਤੇ ਕਬਜ਼ਾ ਬਣਾਈ ਰੱਖਣ ਦੀ ਵਿਓਂਤਬੱਧ ਖੇਡ ਹੈ, ਜਾਂ ਇਹ ਚੀਨ ਦੇ ਵਿਦੇਸ਼ੀ ਨਿਵੇਸ਼ ਹੜੱਪ ਲੈਣ ਦੀ ਸਾਜਿਸ਼ ਹੈ। ਕੁਝ ਵੀ ਹੋਵੇ, ਇਹ ਕੁਦਰਤ ਦੀ ਮਾਰ ਨਹੀਂ ਲਗਦੀ ਬਲਕਿ ਸ਼ੱਕ ਦੀ ਸੂਈ ਕਿਸੇ ਰਾਜਨੀਤਿਕ ਲਾਲਸਾ ਅਤੇ ਤਾਕਤ ਲਈ ਅਪਣਾਈ ਸਾਜ਼ਿਸ਼ ਵੱਲ ਹੀ ਜਾ ਰਹੀ ਹੈ। ਇਸ ਕੋਰੋਨਾ ਵਿਸ਼ਾਣੂ ਤੋਂ ਪੈਦਾ ਹੋਏ ਹਾਲਾਤ ਵੀ ਸੰਸਾਰ ਯੁੱਧ ਵਰਗੇ ਨਤੀਜੇ ਦੇਣਗੇ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2072)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਸੁਖਵੀਰ ਸਿੰਘ ਕੰਗ

ਸੁਖਵੀਰ ਸਿੰਘ ਕੰਗ

Kotla Samashpur, Samrala, Ludhiana, Punjab, India.
Phone: (91 - 85678 - 72291)