GurcharanNoorpur7ਕਿਸੇ ਵਿਚਾਰਕ ਨੂੰ ਇਕ ਸ਼ਖ਼ਸ ਨੇ ਪੁੱਛਿਆ, “ਜ਼ਿੰਦਗੀ ਦਾ ਜਸ਼ਨ ਕਿਸ ਦਿਨ ਮਨਾਉਣਾ ਚਾਹੀਦਾ ਹੈ? ...
(1 ਅਗਸਤ 2017)

 

ਇੱਕ ਵਾਰ ਇੱਕ ਸੰਨਿਆਸੀ ਕਿਸੇ ਪਹਾੜੀ ਰਸਤੇ ’ਤੇ ਚੱਲ ਰਿਹਾ ਸੀ। ਪਹਾੜ ਦੀ ਚੜ੍ਹਾਈ ਅਤੇ ਸਿਰ ’ਤੇ ਚੁੱਕੀਆਂ ਵਸਤਾਂ ਦੇ ਭਾਰ ਨੇ ਉਸ ਨੂੰ ਥਕਾ ਦਿੱਤਾ ਸੀ। ਉਹ ਕੁਝ ਕਦਮ ਚਲਦਾ ਤੇ ਸਾਹੋ ਸਾਹੀ ਹੋ ਕੇ ਰੁਕ ਜਾਂਦਾ। ਇਸ ਦੌਰਾਨ ਇਕ ਪਹਾੜੀ ਕੁੜੀ ਜੋ ਨਿੱਕੇ ਬੱਚੇ ਨੂੰ ਚੁੱਕੀ ਪਹਾੜ ਦੀ ਚੜ੍ਹਾਈ ਆਰਾਮ ਨਾਲ ਚੜ੍ਹ ਰਹੀ ਸੀ, ਉਸ ਦੇ ਕੋਲ ਦੀ ਲੰਘੀ। ਸੰਨਿਆਸੀ ਨੇ ਉਤਸੁਕ ਹੋ ਕੇ ਕੁੜੀ ਨੂੰ ਪੁੱਛਿਆ, ‘ਬੇਟੀ ਤੂੰ ਏਨਾ ਭਾਰ ਲੈ ਕੇ ਕਿਵੇਂ ਆਰਾਮ ਨਾਲ ਚਲਦੀ ਜਾ ਰਹੀ ਏਂ?’ ਉਹ ਕੁੜੀ ਬੋਲੀ, ‘ਤੁਹਾਨੂੰ ਦੇਖਣ ਵਿਚ ਗ਼ਲਤੀ ਲੱਗੀ ਹੈ, ਇਹ ਭਾਰ ਕਦੋਂ ਏ? ਇਹ ਤਾਂ ਮੇਰਾ ਭਰਾ ਏ, ਭਾਰ ਤਾਂ ਤੁਸੀਂ ਚੁੱਕਿਆ ਹੋਇਆ ਹੈ।’ ਜਿਊਣ ਲਈ ਜਿਸ ਦੀ ਵੱਧ ਲੋੜ ਹੁੰਦੀ ਹੈ, ਉਸ ਨੂੰ ਅਕਸਰ ਅਸੀਂ ਅਣਗੌਲਿਆ ਕਰੀ ਰੱਖਦੇ ਹਾਂ ਅਤੇ ਸਾਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਕਿੰਨੀ ਹੀ ਤਰ੍ਹਾਂ ਦੇ ਵਾਧੂ ਬੋਝ ਉਮਰ ਭਰ ਢੋਂਹਦੇ ਰਹਿੰਦੇ ਹਾਂ।

ਦੁਨੀਆ ਨੂੰ ਜਿੱਤਣ ਦਾ ਸੁਪਨਾ ਲੈ ਕੇ ਮਕਦੂਨੀਆਂ ਤੋਂ ਤੁਰੇ ਸਿਕੰਦਰ ਬਾਦਸ਼ਾਹ ਦਾ ਸਾਹਮਣਾ ਜਦੋਂ ਕਾਲਕਟ ਨਾਂਅ ਦੇ ਫ਼ਕੀਰ ਨਾਲ ਹੋਇਆ ਤਾਂ ਸਿਕੰਦਰ ਨੇ ਕਿਹਾ, ‘ਮੈਂ ਦੁਨੀਆ ਨੂੰ ਜਿੱਤਣ ਤੁਰਿਆ ਉਹ ਸਿਕੰਦਰ ਹਾਂ ਜਿਸ ਦੇ ਪੈਰਾਂ ਵਿੱਚ ਸਲਤਨਤਾਂ ਝੁਕਦੀਆਂ ਹਨ, ਤੁਹਾਨੂੰ ਮਿਲਣ ਆਇਆ ਹਾਂ, ਜੋ ਚਾਹੋ ਪਲ ਵਿਚ ਤੁਹਾਡੇ ਲਈ ਹਾਜ਼ਰ ਕਰ ਸਕਦਾ ਹਾਂ। ਉੱਠ ਕੇ ਮੇਰੇ ਨਾਲ ਵਾਰਤਾਲਾਪ ਕਰੋ।’ ਆਪਣੀ ਝੌਂਪੜੀ ਦੇ ਬਾਹਰ ਧੁੱਪ ਸੇਕ ਰਹੇ ਕਾਲਕਟ ਨੇ ਕਿਹਾ, ‘ਜੇ ਮੇਰੇ ਲਈ ਕੁਝ ਕਰ ਸਕਦੇ ਹੋ ਤਾਂ ਜ਼ਰਾ ਕੁ ਪਾਸੇ ਹੋ ਕੇ ਖੜ੍ਹੋ, ਧੁੱਪ ਆਉਣ ਦਿਓ, ਹੋਰ ਕੁਝ ਨਹੀਂ ਚਾਹੀਦਾ।’ ਬੇਪ੍ਰਵਾਹ ਕਾਲਕਟ ਸਾਹਵੇਂ ਛਿੱਥੇ ਪੈ ਕੇ ਸਿਕੰਦਰ ਨੇ ਫਿਰ ਪੁੱਛਿਆ, ‘ਇਹ ਬੇਪ੍ਰਵਾਹੀ ਕਿੱਥੋਂ ਆਈ ਹੈ?' ਤਾਂ ਕਾਲਕਟ ਨੇ ਜਵਾਬ ਦਿੱਤਾ, ‘ਇਹ ਬੇਪ੍ਰਵਾਹੀ ਉਦੋਂ ਆਉਂਦੀ ਹੈ ਜਦੋਂ ਬੰਦਾ ਅੰਦਰੋਂ ਭਰਿਆ ਹੋਇਆ ਹੁੰਦਾ ਹੈ। ਜਦੋਂ ਅੰਦਰੋਂ ਖਾਲੀ ਹੋਵੇ ਤਾਂ ਉਹ ਦੁਨੀਆ ਭਰ ਦੀ ਧਨ-ਦੌਲਤ ਨੂੰ ਇਕੱਠਾ ਕਰਨ ਲਈ ਹਰ ਹਰਬਾ ਵਰਤਦਾ ਹੈ, ਦਿਨ-ਰਾਤ ਭੱਜਦਾ ਹੈ। ਜਿੰਨਾ ਵੱਧ ਖਾਲੀ ਹੁੰਦਾ ਹੈ, ਉੰਨਾ ਵਧੇਰੇ ਭਰਨ ਦੀ ਕੋਸ਼ਿਸ਼ ਕਰਦਾ ਹੈ। ਅਗਲੇ ਪਲ ਖਲਾਅ ਹੋਰ ਵਧਦਾ ਜਾਂਦਾ ਹੈ। ਇਹ ਖਲਾਅ ਕਦੇ ਨਹੀਂ ਭਰਦਾ। ਬੰਦਾ ਸਾਰੀ ਹਯਾਤੀ ਇਸ ਨੂੰ ਭਰਨ ਦੀ ਕੋਸ਼ਿਸ਼ ਵਿਚ ਰਹਿੰਦਾ ਹੈ, ਪਰ ਖਲਾਅ ਹੋਰ ਵਧਦਾ ਜਾਂਦਾ ਹੈ।’

ਸਾਡੇ ਮਨਾਂ ਅੰਦਰਲਾ ਸਿਕੰਦਰ ਹੋਰ ਵਸਤਾਂ ਇਕੱਠੀਆਂ ਕਰਨ ਲਈ ਦਿਨ-ਰਾਤ ਭਟਕਦਾ ਹੈ। ਬਾਜ਼ਾਰ ਨੇ ਇਸ ਭਟਕਣਾ ਨੂੰ ਹਜ਼ਾਰਾਂ ਗੁਣਾ ਵਧਾ ਦਿੱਤਾ ਹੈ। ਜਿੱਥੇ ਸਮਾਜ ਦਾ ਵੱਡਾ ਵਰਗ ਆਪਣੀਆਂ ਨਿੱਤ ਦਿਨ ਦੀਆਂ ਲੋੜਾਂ ਦੀ ਪੂਰਤੀ ਲਈ ਨੱਠ-ਭੱਜ ਕਰਦਾ ਹੈ, ਉੱਥੇ ਸਾਧਨ ਸੰਪੰਨ ਲੋਕਾਂ ਦੀ ਖ਼ਰੀਦ ਸ਼ਕਤੀ ਵਧਾਉਣ ਲਈ ਨਿੱਤ ਨਵੀਆਂ ਤਰਕੀਬਾਂ ਸੋਚੀਆਂ ਜਾ ਰਹੀਆਂ ਹਨ। ਮਨੁੱਖੀ ਲੋੜਾਂ ਦੀ ਪੂਰਤੀ ਲਈ ਨਹੀਂ ਬਲਕਿ ਮਨੁੱਖ ਨੂੰ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਸਮਝ ਕੇ ਇਸ ਲਈ ਮਸਨੂਈ ਲੋੜਾਂ ਪੈਦਾ ਕਰਨ ਦੀਆਂ ਖੋਜਾਂ ਹੋ ਰਹੀਆਂ ਹਨ। ਭਾਵ ਬਜ਼ਾਰ ਸਾਨੂੰ ਉਹ ਕੁਝ ਵੀ ਖ਼ਰੀਦਣ ਲਈ ਉਕਸਾਉਂਦਾ ਹੈ, ਜਿਹਦੀ ਸਾਨੂੰ ਲੋੜ ਨਹੀਂ ਹੁੰਦੀ। ਇਸ਼ਤਿਹਾਰਬਾਜ਼ੀ ਦਾ ਤਲਿਸਮੀ ਸੰਸਾਰ ਸਾਡੇ ਅੱਗੇ ਵੱਖ-ਵੱਖ ਤਰ੍ਹਾਂ ਦੀਆਂ ਵਸਤਾਂ ਪਰੋਸ ਰਿਹਾ ਹੈ ਅਤੇ ਦੱਸ ਰਿਹਾ ਹੈ ਕਿ ਦੁਨੀਆ ਦੇ ਹਾਣ ਦੇ ਹੋਣ ਲਈ ਇਹ ਸਭ ਕੁਝ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਬਾਜ਼ਾਰ ਦੀ ਪਹੁੰਚ ਹੁਣ ਸਾਡੇ ਘਰਾਂ ਤੱਕ ਨਹੀਂ ਬਲਕਿ ਇਸ ਤੋਂ ਕਿਤੇ ਅਗਾਂਹ ਸਾਡੇ ਜ਼ਿਹਨ ਤੱਕ ਹੈ। ਬਾਜ਼ਾਰ ਦੀ ਇਹ ਸਮਰੱਥਾ ਹੈ ਕਿ ਇਹ ਇੱਕੋ ਨੁਸਖੇ ਨਾਲ ਮੋਟਿਆਂ ਨੂੰ ਪਤਲੇ ਅਤੇ ਪਤਲਿਆਂ ਨੂੰ ਮੋਟੇ ਹੋਣ ਦਾ ਦਾਅਵਾ ਕਰਕੇ ਸਫਲਤਾਪੂਰਵਕ ਆਪਣਾ ਸੌਦਾ ਵੇਚ ਸਕਦਾ ਹੈ। ਖਾਹਿਸ਼ਾਂ ਦੀ ਪੂਰਤੀ ਲਈ ਹਵਨ ਸਮੱਗਰੀਆਂ ਵੇਚੀਆਂ ਜਾ ਰਹੀਆਂ ਹਨ। ਕਰਾਮਾਤੀ ਢੰਗ ਨਾਲ ਕਿਸਮਤ ਬਦਲਣ ਦੇ ਗੁਰ ਵੇਚੇ ਜਾ ਰਹੇ ਹਨ। ਤਰੱਕੀ ਦੇ ਸ਼ਾਰਟਕੱਟ ਰਸਤੇ ਸੁਝਾਏ ਜਾ ਰਹੇ ਹਨ। ਵੱਡੇ-ਛੋਟੇ ਟੋਟਕੇ ਦੱਸ ਕੇ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਦੀਆਂ ਤਰਕੀਬਾਂ ਵੇਚੀਆਂ ਜਾ ਰਹੀਆਂ ਹਨ। ਸਕੂਲਾਂ-ਕਾਲਜਾਂ ਵਿਚ ਬੱਚਿਆਂ ਨੂੰ ਨਿੱਗਰ ਕਦਰਾਂ-ਕੀਮਤਾਂ ਨਹੀਂ ਬਲਕਿ ਵਿਸ਼ਾ ਮਾਹਿਰ ਪੈਦਾ ਕਰਨ ਦੀ ਕਵਾਇਦ ਚੱਲ ਰਹੀ ਹੈ। ਸਿੱਖਿਆ ਨੂੰ ਹੁਣ ਬੱਚਿਆਂ/ਨੌਜਵਾਨਾਂ ਵਿਚ ਗੁਣਵੱਤਾ ਪੈਦਾ ਕਰਨ ਲਈ ਨਹੀਂ ਬਲਕਿ ਪੈਸਾ ਲਾ ਕੇ ਪੈਸਾ ਕਮਾਉਣ ਦੇ ਸਾਧਨ ਵਜੋਂ ਵੇਖਿਆ ਜਾ ਰਿਹਾ ਹੈ। ਸਿੱਖਿਆ ਦੇਣ ਵਾਲੇ ਹੁਣ ਪਰਉਪਕਾਰੀ ਨਹੀਂ ਰਹੇ ਬਲਕਿ ਵਪਾਰੀ ਬਣ ਗਏ ਹਨ। ਸਿੱਖਿਆ ਲੈਣ ਵਾਲਿਆਂ ਨੂੰ ਸਿਖਿਆਰਥੀ ਨਹੀਂ ਬਲਕਿ ਇਕ ਗਾਹਕ ਵਜੋਂ ਵੇਖਿਆ ਜਾਣ ਲੱਗਿਆ ਹੈ। ਇਹੋ ਕਾਰਨ ਹੈ ਕਿ ਸਿੱਖਿਆ ਨੂੰ ਵੇਚਣ ਵਾਲਿਆਂ ਅਤੇ ਇਸ ਦੇ ਗਾਹਕਾਂ ਵਿਚ ਆਪਸੀ ਸਬੰਧ ਵਿਗੜ ਰਹੇ ਹਨ। ਨਿੱਗਰ ਕਦਰਾਂ-ਕੀਮਤਾਂ ਦੇ ਅਰਥ ਬਦਲ ਗਏ ਹਨ। ਪੈਸਾ ਅਤੇ ਚੇਨ ਚਲਾ ਕੇ ਵਸਤਾਂ ਵੇਚਣ ਵਾਲੀਆਂ ਕੰਪਨੀਆਂ ਜੋ ਆਪਣੇ ਗਾਹਕਾਂ ਨੂੰ ਵਿਕਰੇਤਾ ਵੀ ਬਣਾ ਲੈਂਦੀਆਂ ਹਨ, ਉਨ੍ਹਾਂ ਨੂੰ ਇਹੀ ਸਿਖਾਉਂਦੀਆਂ ਹਨ। ਹੁਣ ਤੱਕ ਕੋਈ ਵੀ ਬੰਦਾ ਹੱਥੀਂ ਮਿਹਨਤ ਕਰਕੇ ਅਮੀਰ ਨਹੀਂ ਹੋਇਆ ਬਲਕਿ ਅਮੀਰ ਉਹ ਬਣਦਾ ਹੈ ਜੋ ਹੱਥੀਂ ਕਿਰਤ ਕਰਨ ਦੀ ਬਜਾਏ ਦਿਮਾਗ ਤੋਂ ਕੰਮ ਲਵੇ। ਦੂਜੇ ਅਰਥਾਂ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਅਮੀਰ ਤਾਂ ਹੀ ਹੋ ਸਕਦੇ ਹੋ ਜੇਕਰ ਤੁਸੀਂ ਚਾਲਬਾਜ਼ੀਆਂ ਕਰਨੀਆਂ ਸਿੱਖ ਜਾਓਗੇ। ਹੱਥੀਂ ਮਿਹਨਤ ਕਰਨ ਦਾ ਸੰਕਲਪ ਸਮਾਜ ਵਿੱਚੋਂ ਮਨਫ਼ੀ ਹੋ ਰਿਹਾ ਹੈ ਪਰ ਬਹੁਤ ਸਾਰੀ ਵਿਅਰਥ ਨੱਠ-ਭੱਜ ਲਗਾਤਾਰ ਵਧ ਰਹੀ ਹੈ।

ਮਨ ਦੀ ਭਟਕਣਾ ਦੇ ਵਧਣ ਨਾਲ ਸਮਾਜ ਵਿਚ ਕਈ ਤਰ੍ਹਾਂ ਦੇ ਮਾਨਸਿਕ ਵਿਕਾਰ ਪੈਦਾ ਹੋ ਰਹੇ ਹਨ। ਵੱਡੀ ਗਿਣਤੀ ਵਿਚ ਲੋਕ ਨਿਰਾਸ਼ਾ ਦਾ ਸ਼ਿਕਾਰ ਬਣ ਰਹੇ ਹਨ। ਜਦੋਂ ਮਨੁੱਖ ਦੀਆਂ ਇੱਛਾਵਾਂ ਬੇਲਗਾਮ ਹੋ ਜਾਣ ਅਤੇ ਕਿਰਤ ਦੇ ਸਾਧਨ ਸੁੰਗੜ ਜਾਣ ਤਾਂ ਲੋਕ ਮਾਨਸਿਕ ਵਿਕਾਰਾਂ ਦੇ ਸ਼ਿਕਾਰ ਹੋਣ ਲਗਦੇ ਹਨ। ਜ਼ਿੰਦਗੀ ਦਾ ਸੁਹਜ ਸਵਾਦ ਲਗਾਤਾਰ ਗਵਾਚ ਰਿਹਾ ਹੈ। ਸਾਡੇ ਆਲੇ-ਦੁਆਲੇ ਵਸਤਾਂ ਦੇ ਅੰਬਾਰ ਲੱਗ ਗਏ ਹਨ। ਮਕਾਨਾਂ ਕੋਠੀਆਂ ਦੇ ਕੱਦ ਵੱਡੇ ਹੋ ਰਹੇ ਹਨ ਪਰ ਮਨੁੱਖਾਂ ਦੇ ਕਿਰਦਾਰ ਬੌਣੇ ਹੋ ਰਹੇ ਹਨ। ਸਾਡੇ ਦੁਆਰਾ ਹੰਢਾਈਆਂ/ਵਰਤੀਆਂ ਜਾਣ ਵਾਲੀਆਂ ਵਸਤਾਂ ਦੀ ਤਾਦਾਦ ਲਗਾਤਾਰ ਵਧ ਰਹੀ ਹੈ ਪਰ ਮਨਾਂ ਅੰਦਰਲਾ ਖਾਲੀਪਣ ਵੀ ਉਸੇ ਅਨੁਪਾਤ ਨਾਲ ਵਧ ਰਿਹਾ ਹੈ। ਟੀ. ਵੀ. ਚੈਨਲਾਂ ਅਤੇ ਇੰਟਰਨੈੱਟ ਦੀ ਦੁਨੀਆ ਨੇ ਬਾਜ਼ਾਰ ਦੀ ਹਰ ਵਸਤ ਨੂੰ ਸਾਡੇ ਕਰੀਬ ਕਰ ਦਿੱਤਾ ਹੈ। ਬੇਲਗਾਮ ਖਾਹਿਸ਼ਾਂ ਦਾ ਸਤਾਇਆ ਮਨੁੱਖ ਲਗਾਤਾਰ ਬੇਚੈਨੀ ਦੇ ਆਲਮ ਵਿਚ ਹੈ। ਭਾਵੇਂ ਸਮਾਜ ਦੇ ਬਹੁਤ ਸਾਰੇ ਲੋਕਾਂ ਕੋਲ ਪੈਸਾ ਹੈ, ਪਰ ਖੁਸ਼ਹਾਲੀ ਨਹੀਂ ਹੈ। ਅਮਰੀਕਾ ਵਰਗੇ ਵਿਕਸਤ ਦੇਸ਼ - ਜਿੱਥੇ ਪੈਸੇ ਦੀ ਚਮਕ-ਦਮਕ ਸਾਡੇ ਨਾਲੋਂ ਕਿਤੇ ਵੱਧ ਹੈ,  ਵੱਡੀ ਗਿਣਤੀ ਲੋਕ ਮਾਨਸਿਕ ਤਣਾਅ ਦੇ ਸ਼ਿਕਾਰ ਹਨ। ਜੀਵਨ ਦੇ ਨਿਰਬਾਹ ਲਈ ਪੈਸਾ ਜ਼ਰੂਰੀ ਹੈ ਪਰ ਮਨੁੱਖ ਦੀਆਂ ਸਭ ਸਰਗਰਮੀਆਂ ਹੀ ਪੈਸੇ ਲਈ ਹੋਣ, ਇਹ ਉਸ ਦੀ ਸੋਚ ਦਾ ਦਿਵਾਲੀਆਪਨ ਹੈ।

ਜਦੋਂ ਵੀ ਮਨੁੱਖ ਕਿਰਤ ਅਤੇ ਕੁਦਰਤ ਨਾਲੋਂ ਟੁੱਟਦਾ ਹੈ ਤਾਂ ਉਸ ਅੰਦਰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ, ਮੁਸ਼ਕਿਲਾਂ, ਸਮੱਸਿਆਵਾਂ ਅਤੇ ਵਿਕਾਰ ਪੈਦਾ ਹੁੰਦੇ ਹਨ। ਸਾਡੇ ਸਮਾਜ ਦੀ ਵੀ ਅਜਿਹੀ ਸਥਿਤੀ ਹੈ। ਅਸੀਂ ਆਪਣੇ ਖਾਸੇ ਨਾਲੋਂ ਟੁੱਟ ਕੇ ਖੋਖਲੇ ਹੋ ਰਹੇ ਹਾਂ। ਇਨ੍ਹਾਂ ਖਾਲੀ ਥਾਵਾਂ ਨੂੰ ਭਰਨ ਲਈ ਕਈ ਤਰ੍ਹਾਂ ਦੇ ਅਡੰਬਰ ਰਚਣ ਦੀ ਕੋਸ਼ਿਸ਼ ਵਿਚ ਹਾਂ। ਆਪਣੀ ਅਹਿਮੀਅਤ ਦਿਖਾਉਣ, ਆਪਣੀ ਹਉਮੈ ਨੂੰ ਪੱਠੇ ਪਾਉਣ ਦੀ ਮਨੋਬਿਰਤੀ ਸਾਡੇ ਸਮਾਜ ਵਿਚ ਲਗਾਤਾਰ ਵਧ ਰਹੀ ਹੈ। ਕਰਜ਼ੇ ਚੁੱਕ ਕੇ ਵੀ ਵਿਆਹਾਂ-ਸ਼ਾਦੀਆਂ ’ਤੇ ਵੱਡੇ ਇਕੱਠ ਕਰਨੇ, ਮਹਿੰਗੇ ਖਾਣੇ ਅਤੇ ਮਹਿੰਗੀਆਂ ਸ਼ਰਾਬਾਂ ਦਾ ਚਲਣ, ਬਰਾਤ ਵਿਚ ਆਏ ਸਾਕ-ਸਬੰਧੀਆਂ ਨੂੰ ਸੋਨੇ ਦੇ ਕੜੇ, ਮੁੰਦਰੀਆਂ ਦੇ ਥਾਲ ਭਰ ਕੇ ਪੇਸ਼ ਕਰਨੇ, ਮਰਗਾਂ ਦੇ ਭੋਗਾਂ ’ਤੇ ਵੱਡੇ ਇਕੱਠ ਕਰ ਕੇ ਬੇ-ਹਿਸਾਬਾ ਪੈਸਾ ਖ਼ਰਚ ਕਰਨਾ, ਇਹ ਸਭ ਕੁਝ ਮਨ ਦੇ ਖਾਲੀਪਨ ਨੂੰ ਭਰਨ ਦੀ ਵਿਅਰਥ ਕੋਸ਼ਿਸ਼ ਹੀ ਹੈ। ਇਕ ਬੰਦੇ ਨੇ ਜੇਕਰ ਦੋ ਮੰਜ਼ਲੀ ਕੋਠੀ ਪਾਈ ਹੈ ਤਾਂ ਵਿਤੋਂ ਵੱਧ ਪੈਸਾ ਖ਼ਰਚ ਕੇ ਉਸ ਦੇ ਬਰਾਬਰ ਜਾਂ ਉਸ ਤੋਂ ਉੱਚੀ ਕੋਠੀ ਪਾ ਕੇ ਪਿੰਡ ਵਿਚ ਆਪਣਾ ਮਾਣ-ਸਨਮਾਨ ਬਹਾਲ ਕਰਨ ਦੀ ਕੋਸ਼ਿਸ਼ ਕਰਨਾ ਇਹ ਦਰਸਾਉਂਦਾ ਹੈ ਕਿ ਅਸੀਂ ਅੰਦਰੋਂ ਭਰੇ ਹੋਏ ਨਹੀਂ ਹਾਂ, ਕਿਸੇ ਭਟਕਣਾ ਦੇ ਸ਼ਿਕਾਰ ਹਾਂ। ਜੇਕਰ ਇਹ ਵਿਚਾਰਿਆ ਜਾਵੇ ਕਿ ਪਿੰਡ ਵਿਚ ਰਹਿੰਦੇ ਚਾਲੀ-ਪੰਜਾਹ ਘਰ ਸਾਡੀ ਬਹਿਜਾ-ਬਹਿਜਾ ਨਾ ਵੀ ਕਰਨ ਤਾਂ ਕੀ ਫ਼ਰਕ ਪਵੇਗਾ? ਆਪਣੇ ਆਲੇ-ਦੁਆਲੇ ਰਹਿੰਦੇ ਲੋਕਾਂ ਵਿਚ ਸਾਡੇ ਕਰਜ਼ਾ ਚੁੱਕ ਕੇ ਪਾਏ ਘਰ ਦੀ ਚਰਚਾ ਜੇਕਰ ਨਾ ਵੀ ਹੋਵੇਗੀ ਤਾਂ ਕੀ ਅਸੀਂ ਇਸ ਨਾਲ ਛੋਟੇ ਪੈ ਜਾਵਾਂਗੇ?

ਕਿਸੇ ਸਮੇਂ ਧਰਮ ਕਰਮ ਨਾਲ ਜੁੜੀਆਂ ਸਰਗਰਮੀਆਂ ਅਤੇ ਮਾਨਵਵਾਦੀ ਸੋਚਾਂ ਵਾਲੇ ਇਨਸਾਨ ਮਨੁੱਖ ਨੂੰ ਲੋਭ, ਲਾਲਚ, ਇੱਛਾਵਾਂ, ਲਾਲਸਾਵਾਂ ਤੋਂ ਸੁਚੇਤ ਰਹਿਣ ਦੀ ਗੱਲ ਕਰਦੇ ਸਨ। ਸਾਡੀ ਲੋਕਧਾਰਾ ਕਹਿੰਦੀ ਹੈ, “ਸਾਢੇ ਤਿੰਨ ਹੱਥ ਧਰਤੀ ਤੇਰੀ, ਬਹੁਤੀਆਂ ਜਗੀਰਾਂ ਵਾਲਿਆ।” ਅਜਿਹੀਆਂ ਸਿੱਖਿਆਵਾਂ ਮਨੁੱਖ ਨੂੰ ਲੁੱਟ-ਖਸੁੱਟ ਕਰ ਕੇ ਧਨ ਇਕੱਠਾ ਕਰਨ ਤੋਂ ਸੁਚੇਤ ਕਰਦੀਆਂ ਸਨ। ਪਰ ਅੱਜ ਦੇ ਦੌਰ ਵਿਚ ਆਮ ਲੋਕਾਂ ਦੀ ਧਾਰਮਿਕ ਪੱਖੋਂ ਅਗਵਾਈ ਕਰਨ ਵਾਲੇ ਵੀ ਮਾਇਆ ਦੇ ਇਸ ਤਲਿਸਮੀ ਵਹਿਣ ਵਿਚ ਵਹਿ ਗਏ ਹਨ। ਮੋਹ ਮਾਇਆ ਤੋਂ ਸੁਚੇਤ ਰਹਿਣ ਦਾ ਹੋਕਾ ਦੇਣ ਅਤੇ ਮਾਇਆ ਨੂੰ ਨਾਗਣੀ ਦੱਸਣ ਵਾਲਿਆਂ ਨੇ ਹੀ ਸਭ ਤੋਂ ਵੱਧ ਮਾਇਆ ਇਕੱਠੀ ਕੀਤੀ ਹੈ। ਵੱਡੇ ਵੱਡੇ ਡੇਰੇ, ਮਹਿੰਗੇ ਠਾਠ-ਬਾਠ, ਮਹਿੰਗੀਆਂ ਗੱਡੀਆਂ ਅਤੇ ਵੱਡੇ-ਵੱਡੇ ਅਡੰਬਰ ਰਚਾ ਕੇ ਇਨ੍ਹਾਂ ਵਿਚ ਇਕ-ਦੂਜੇ ਤੋਂ ਵੱਧ ਮਹਿਮਾ ਕਰਾਉਣ ਦੀ ਦੌੜ ਲੱਗੀ ਹੋਈ ਹੈ। ਸ਼ਰਧਾ ਨੂੰ ਕਾਰੋਬਾਰ ਬਣਾ ਲਿਆ ਗਿਆ ਹੈ ਅਤੇ ਇਸ ਤੋਂ ਮੋਟੀਆਂ ਕਮਾਈਆਂ ਕਰ ਕੇ ਵੱਧ ਤੋਂ ਵੱਧ ਧਨ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਮਨ ਦੀ ਭਟਕਣਾ ਨੂੰ ਸ਼ਾਂਤ ਕਰਨ ਕਰਨ ਲਈ ਲਾਲਸਾਵਾਂ ਲਗਾਤਾਰ ਵਧਦੀਆਂ ਰਹਿੰਦੀਆਂ ਹਨ।

ਅਸੀਂ ਸਭ ਇਸ ਧਰਤੀ ’ਤੇ ਕੁਝ ਸਮਾਂ ਰਹਿਣ ਲਈ ਆਏ ਹਾਂ। ਅਸੀਂ ਇਸ ਮਿੱਟੀ ਤੋਂ ਪੈਦਾ ਹੋਏ ਅਤੇ ਇਕ ਨਾ ਇਕ ਦਿਨ ਇਸ ਮਿੱਟੀ ਵਿਚ ਹੀ ਸਮਾ ਜਾਣਾ ਹੈ। ਇਹ ਧਰਤੀ ਸਾਡੇ ਲਈ ਖ਼ੁਰਾਕ ਪੈਦਾ ਕਰਦੀ ਹੈ। ਇਹ ਕੁਦਰਤੀ ਖ਼ੁਰਾਕ ਅਤੇ ਕੁਦਰਤੀ ਰਹਿਣ-ਸਹਿਣ ਅਤੇ ਆਪਸੀ ਭਾਈਚਾਰਾ, ਮੋਹ, ਮੁਹੱਬਤ ਹੀ ਮਨੁੱਖ ਲਈ ਚੰਗੀ ਜ਼ਿੰਦਗੀ ਜਿਊਣ ਦੀਆਂ ਮੂਲ ਤਰਜੀਹਾਂ ਹੋਣੀਆਂ ਚਾਹੀਦੀਆਂ ਹਨ। ਅੱਜ ਬਹੁਤ ਜ਼ਰੂਰੀ ਹੈ ਕਿ ਮਨੁੱਖ ਬੇਤਹਾਸ਼ਾ ਪੈਸਾ-ਧਨ-ਦੌਲਤ ਇਕੱਠੀ ਕਰਨ ਦੀ ਬਜਾਏ ਧਰਮਾਂ, ਮਜ਼ਹਬਾਂ, ਜਾਤਾਂ-ਪਾਤਾਂ ਤੋਂ ਉੱਪਰ ਉੱਠ ਕੇ ਇਸ ਸਮਾਜ ਅਤੇ ਆਲੇ-ਦੁਆਲੇ ਨੂੰ ਚੰਗਾ ਬਣਾਉਣ ਲਈ ਯਤਨਸ਼ੀਲ ਹੋਵੇ। ਇਹ ਹੀ ਮਨੁੱਖਤਾ ਦੀ ਮੁਕਤੀ ਦਾ ਰਾਹ ਹੈ। ਕਿਸੇ ਵਿਚਾਰਕ ਨੂੰ ਇਕ ਸ਼ਖ਼ਸ ਨੇ ਪੁੱਛਿਆ, “ਜ਼ਿੰਦਗੀ ਦਾ ਜਸ਼ਨ ਕਿਸ ਦਿਨ ਮਨਾਉਣਾ ਚਾਹੀਦਾ ਹੈ?” ਵਿਚਾਰਕ ਦਾ ਜਵਾਬ ਸੀ, “ਮੌਤ ਤੋਂ ਇਕ ਦਿਨ ਪਹਿਲਾਂ।” ਸਵਾਲ ਕਰਨ ਵਾਲੇ ਨੇ ਦੁਬਾਰਾ ਪੁੱਛਿਆ, “ਮੌਤ ਦਾ ਤਾਂ ਕੋਈ ਭਰੋਸਾ ਹੀ ਨਹੀਂ ਕਦੋਂ ਵਾਪਰ ਜਾਵੇ।” ਤਾਂ ਵਿਚਾਰਕ ਨੇ ਜਵਾਬ ਦਿੱਤਾ,“ਹਾਂ, ਇਹੋ ਹੀ ਮੈਂ ਕਿਹਾ ਹੈ ਹਰ ਦਿਨ ਨੂੰ ਜਸ਼ਨ ਬਣਾ ਕੇ ਜੀਓ।”

ਆਓ ਇਸ ਸਮਾਜ ਨੂੰ ਹੋਰ ਚੰਗਾ ਬਣਾਉਣ ਲਈ ਯਤਨਸ਼ੀਲ ਹੋਈਏ।

*****

(783)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੁਰਚਰਨ ਸਿੰਘ ਨੂਰਪੁਰ

ਗੁਰਚਰਨ ਸਿੰਘ ਨੂਰਪੁਰ

Phone: (91 - 98550 - 51099)
Email:
(gurcharannoorpur@yahoo.com)

More articles from this author