GurcharanNoorpur7“ਇਹ ਬਣਾ ਦਿੱਤੀ ਗਈ ਹੈ ਕਿ ਉਹਨਾਂ ਕੋਲ ਆਪਣੇ ਬੱਚਿਆਂ ਦਾ ਇਲਾਜ ਕਰਾਉਣ ਲਈ ਵੀ ਪੈਸੇ ਨਹੀਂ ਹਨ ..."
(ਜੂਨ 9, 2015)

 

ਮਲਿਕ ਭਾਗੋ ਜੋ ਗਰੀਬ ਲੋਕਾਂ ਦਾ ਸ਼ੋਸ਼ਣ ਕਰਕੇ ਧਨਾਢ ਹੋਇਆ ਸੀ, ਦੇ ਘਰ ਜਾ ਕੇ ਗੁਰੂ ਨਾਨਕ ਦੇਵ ਜੀ ਨੇ ਉਸ ਦੇ ਛੱਤੀ ਤਰ੍ਹਾਂ ਦੇ ਪਦਾਰਥਾਂ ਨੂੰ ਖਾਣ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਇਹਨਾਂ ਵਿੱਚ ਗਰੀਬ ਲੋਕਾਂ ਦਾ ਖੂਨ ਹੈ। ਕਹਿੰਦੇ ਹਨ ਕਿ ਮਲਿਕ ਭਾਗੋ ਨੇ ਗੁਰੂ ਜੀ ਨੂੰ ਕਿਹਾਕਿ ਮੈਂਨੂੰ ਤਾਂ ਇਹਨਾਂ ਖਾਣਿਆਂ ਵਿੱਚ ਖੂਨ ਕਿਤੇ ਨਜ਼ਰ ਨਹੀਂ ਆਉਂਦਾ? ਤਾਂ ਗੁਰੂ ਜੀ ਨੇ ਉਸ ਨੂੰ ਕਿਹਾ ਤੇਰੀਆਂ ਅੱਖਾਂ ’ਤੇ ਲੋਭ ਲਾਲਚ ਅਤੇ ਹੰਕਾਰ ਦੀ ਪੱਟੀ ਬੱਝੀ ਹੋਈ ਹੈ। ਉਹਨਾਂ ਕਿਹਾ ਕਿ ਆਪਣੇ ਨੌਕਰਾਂ ਚਾਕਰਾਂ ਨੂੰ ਬੁਲਾ। ਜਦੋਂ ਅਜਿਹਾ ਕੀਤਾ ਗਿਆ ਤਾਂ ਗੁਰੂ ਜੀ ਨੇ ਮਲਿਕ ਭਾਗੋ ਨੂੰ ਕਿਹਾ ਇਹਨਾਂ ਲੋਕਾਂ ਦੇ ਤਨ ਦੀਆਂ ਲੀਰਾਂ ਵਿੱਚੋਂ ਝਾਕਦੇ ਇਹਨਾਂ ਦੇ ਪਿੰਜਰ ਵੇਖ, ਰੱਤਹੀਣ ਪੀਲੇ ਪੈ ਗਏ ਇਹਨਾਂ ਦੇ ਚਿਹਰੇ ਵੇਖ, ਤੈਨੂੰ ਸਮਝ ਆਏਗੀ ਕਿ ਇਹਨਾਂ ਦੇ ਵਜੂਦ ਵਿੱਚੋਂ ਖੂਨ ਕਿੱਧਰ ਗਿਆ? ਤੂੰ ਆਪਣਾ ਲਾਲੋ ਲਾਲ ਚਿਹਰਾ ਵੀ ਸ਼ੀਸ਼ੇ ਵਿੱਚ ਵੇਖ ਤੈਨੂੰ ਸਮਝ ਆਏਗੀ ਕਿ ਇਹਨਾਂ ਦਾ ਖੂਨ ਕੌਣ ਪੀ ਰਿਹਾ ਹੈ? ਗੁਰੂ ਜੀ ਦਾ ਦਲੀਲ ਪੂਰਨ ਉੱਤਰ ਸੁਣ ਕੇ ਮਲਿਕ ਭਾਗੋ ਦਾ ਸਿਰ ਸ਼ਰਮ ਨਾਲ ਝੁਕ ਗਿਆ।

ਮਨੁੱਖੀ ਸਭਿਅਤਾ ਦਾ ਇਤਿਹਾਸ ਦੱਸਦਾ ਹੈ ਕਿ ਜਦੋਂ ਤੋਂ ਮਨੁੱਖ ਕੋਲ ਕੁਝ ਸਾਧਨ ਆਉਣ ਲੱਗੇ ਕਾਣੀ ਵੰਡ ਦਾ ਅਮਲ ਵੀ ਉਦੋਂ ਤੋਂ ਹੀ ਸ਼ੁਰੂ ਹੋ ਗਿਆ। ਔਰਤਾਂ, ਗੁਲਾਮਾਂ, ਪਸ਼ੂਆਂ ਦੀ ਲੁੱਟ ਕਰਨ ਲਈ ਜੰਗਲੀ ਕਬੀਲੇ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਸਨ। ਫਿਰ ਵੱਖ ਵੱਖ ਖਿੱਤਿਆਂ ਦੇ ਸ਼ਾਸਕ ਦੂਜੀਆਂ ਧਰਤੀਆਂ ਜਿੱਤ ਕੇ ਲੋਕਾਂ ਨੂੰ ਗੁਲਾਮ ਬਣਾਉਂਦੇ, ਉਹਨਾਂ ਦੇ ਸਾਧਨਾਂ ਦੀ ਲੁੱਟ ਕਰਦੇ। ਅੱਜ ਅਜਿਹਾ ਕੁਝ ਭਾਵੇਂ ਨਹੀਂ ਹੈ ਪਰ ਅੱਜ ਦੀ ਲੁੱਟ ਪਹਿਲਾਂ ਵਾਲੀ ਲੁੱਟ ਨਾਲੋਂ ਕਈ ਗੁਣਾਂ ਜ਼ਿਆਦਾ ਖਤਰਨਾਕ ਹੈ। ਅੱਜ ਆਮ ਲੋਕਾਂ ਦੀ ਲੁੱਟ ਦਾ ਅਮਲ ਇੰਨਾ ਤੇਜ ਹੈ ਕਿ ਇਸ ਨੇ ਬਹੁਤ ਤੇਜੀ ਨਾਲ ਬਹੁਗਿਣਤੀ ਸਮਾਜ ਨੂੰ ਸਾਧਨਹੀਣ ਕਰਕੇ ਹਾਸ਼ੀਏ ਤੇ ਲਿਆ ਖੜ੍ਹਾ ਕੀਤਾ ਹੈ। ਗਰੀਬੀ, ਮੰਦਹਾਲੀ ਦੇ ਸਤਾਏ ਲੋਕ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਹੋ ਰਹੇ ਹਨ। ਬਹੁਗਿਣਤੀ ਲੋਕਾਂ ਦੀ ਹਾਲਤ ਇਹ ਬਣਾ ਦਿੱਤੀ ਗਈ ਹੈ ਕਿ ਉਹਨਾਂ ਕੋਲ ਆਪਣੇ ਬੱਚਿਆਂ ਦਾ ਇਲਾਜ ਕਰਾਉਣ ਲਈ ਵੀ ਪੈਸੇ ਨਹੀਂ ਹਨ। ਉਹ ਛੋਟੀਆਂ ਮੋਟੀਆਂ ਬਿਮਾਰੀਆਂ ਲਈ ਦਰ-ਬ-ਦਰ ਭਟਕਦੇ ਹਨ। ਭਿਆਨਕ ਬਿਮਾਰੀਆਂ ਨਾਲ ਮਰ ਰਹੇ ਹਨ। ਦੂਜੇ ਪਾਸੇ ਅਰਬਾਂ ਰੁਪਏ ਹਨ, ਜੋ ਕਾਲੇ ਧਨ ਦੇ ਰੂਪ ਵਿੱਚ ਬਾਹਰਲੇ ਮੁਲਕਾਂ ਵਿੱਚ ਸੁਰੱਖਿਅਤ ਪਏ ਹਨ। ਦੇਸ਼ ਦੇ ਹਰ ਤਰ੍ਹਾਂ ਦੇ ਸਾਧਨਾਂ ਦੀ ਲੁੱਟ ਬੰਦ ਕਰਕੇ ਅਤੇ ਕਿਸੇ ਵੀ ਰੂਪ ਵਿੱਚ ਪਏ ਕਾਲੇ ਧੰਨ ਦੀ ਸੁਯੋਗ ਵਰਤੋਂ ਕਰਕੇ ਹਰ ਇੱਕ ਨੂੰ ਚੰਗਾ ਰੋਜ਼ਗਾਰ, ਸਿੱਖਿਆ ਅਤੇ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ। ਪਰ ਮੁਲਕ ਵਿੱਚ ਵਿਆਪਕ ਹੋ ਗਈ ’ਮਲਿਕ ਭਾਗੋ ਵਾਲੀ ਨੀਤੀ’ ਇਸ ਵਿੱਚ ਬੜਾ ਵੱਡਾ ਅੜਿਕਾ ਹੈ।

ਦੁਨੀਆਂ ਭਰ ਦਾ ਇਤਿਹਾਸ ਇਹ ਦੱਸਦਾ ਹੈ ਦੁਨੀਆਂ ਦੇ ਜਿਹੜੇ ਖਿੱਤਿਆਂ ਵਿਚ ਲੋਕਾਂ ਨੂੰ ਚੰਗੇ ਸਾਸਕ ਮਿਲਦੇ ਰਹੇ, ਉੱਥੋਂ ਦੇ ਸਮਾਜ ਤਰੱਕੀ ਕਰਦੇ ਰਹੇ। ਆਮ ਲੋਕਾਂ ਦਾ ਉੱਥੇ ਵਿਕਾਸ ਹੋਇਆ। ਇਸ ਦੇ ਉਲਟ ਜਿਹੜੇ ਖਿੱਤਿਆਂ/ਦੇਸ਼ਾਂ ਵਿੱਚ ਰਾਜ ਪ੍ਰਬੰਧ ਕਰਨ ਵਾਲੇ ਆਪਣੇ ਲੋਭਾਂ ਲਾਲਚਾਂ ਵਿੱਚ ਫਸੇ ਰਹੇ, ਉਹਨਾਂ ਦੇਸ਼ਾਂ/ਸਮਾਜਾਂ ਵਿੱਚ ਭ੍ਰਿਸ਼ਟਾਚਾਰ ਵੀ ਪਨਪਦੇ ਰਹੇ ਅਤੇ ਲੋਕਾਂ ਦੀ ਜਿਊਣ ਹਾਲਤਾਂ ਵੀ ਬਦ ਤੋਂ ਬਦਤਰ ਹੁੰਦੀਆਂ ਗਈਆਂ।

ਅੱਜ ਅਸੀਂ ਜਿਸ ਤਰੱਕੀ ਅਤੇ ਵਿਕਾਸ ਦੇ ਅਖੌਤੀ ਦੌਰ ਵਿੱਚ ਪ੍ਰਵੇਸ਼ ਕੀਤਾ ਹੈ, ਅਸੀਂ ਇੱਕ ਸਭਿਅਕ ਸਮਾਜ ਦੇ ਚੰਗੇ ਸ਼ਹਿਰੀ ਹੋਣ ਦਾ ਮਾਣ ਹਾਸਲ ਕੀਤਾ ਹੈਅਸੀਂ ਪੜ੍ਹ ਲਿਖ ਕੇ ਇੱਕ ਤਹਿਜ਼ੀਬ ਹਾਸਲ ਕਰਕੇ ਚੰਗੇ ਇਨਸਾਨ ਬਣੇ ਹਾਂ। ਅੱਜ ਦੇ ਇਸ ਅਖੌਤੀ ਵਿਕਾਸ ਦੇ ਦੌਰ ਵਿੱਚ ਦੂਜਿਆਂ ਦੀ ਆਰਥਿਕ ਲੁੱਟ ਕਰਕੇ ਧਨਾਢ ਬਣਿਆ ਹਰ ਵਿਆਕਤੀ ਸਨਮਾਨਯੋਗ ਹੈ। ਸਮਾਜ ਦੀ ਬਹੁਗਿਣਤੀ ਉਹਨਾਂ ਸਭ ਵਰਤਾਰਿਆਂ ਨੂੰ ਸਮਝਣ ਤੋਂ ਅਸਮਰੱਥ ਰਹੀ ਜੋ ਅਮੀਰ ਨੂੰ ਹੋਰ ਅਮੀਰ ਅਤੇ ਗਰੀਬ ਨੂੰ ਹੋਰ ਗਰੀਬ ਬਣਾਉਣ ਵਿੱਚ ਮਹੱਤਵਪੂਰਨ ਭੁਮਿਕਾ ਨਿਭਾਉਂਦੇ ਹਨ। ਇੱਥੇ 1992 ਤੋਂ ਸ਼ੁਰੂ ਹੋਈਆਂ ਨਿੱਜੀਕਰਨ, ਵਿਸ਼ਵੀਕਰਨ ਅਤੇ ਉਦਾਰਵਾਦੀ ਨੀਤੀਆਂ ਨੇ ਭਾਈ ਲਾਲੋਆਂ ਦੀ ਜਮਾਤ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਬੇਸ਼ੁਮਾਰ ਵਾਧਾ ਕਰ ਦਿੱਤਾ ਹੈ। ਦੂਜੇ ਪਾਸੇ ਮਾਇਆ ਦੇ ਅੰਬਾਰ ਕੁਝ ਕੁ ਗਿਣਤੀ ਦੇ ਲੋਕਾਂ ਕੋਲ ਲਗਾਤਾਰ ਇਕੱਠੇ ਹੋਣ ਲੱਗ ਪਏ ਹਨ। ਅਮੀਰੀ ਗਰੀਬੀ ਦਾ ਪਾੜਾ ਨਿਰੰਤਰ ਵਧ ਰਿਹਾ ਹੈ। ਧਨਾਢ ਸਮੁੰਦਰੀ ਜੂਹਾਂ, ਬੀਚਾਂ ’ਤੇ ਬੰਗਲੇ ਉਸਾਰ ਰਹੇ ਹਨ, ਠੰਢੀਆਂ ਪਹਾੜੀ ਥਾਵਾਂ ’ਤੇ ਪਹਾੜਾਂ ਨੂੰ ਪੱਧਰੇ ਕਰਕੇ ਰੈਣ ਬਸੇਰੇ ਅਤੇ ਪੰਜ ਤਾਰਾ ਹੋਟਲ ਬਣਾ ਰਹੇ ਹਨ। ਉਹ ਲੋਕ ਜਿਹਨਾਂ ਦੀਆਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਸੱਤਾ ਵਿੱਚ ਹਿੱਸੇਦਾਰੀਆਂ ਰਹੀਆਂ ਹਨ, ਉਹ ਵੱਡੇ ਵੱਡੇ ਹੋਟਲ, ਸ਼ਾਪਿੰਗ ਮਾਲਜ਼ ਅਤੇ ਟਰਾਂਸਪੋਰਟ ਵਰਗੇ ਕਾਰੋਬਾਰਾਂ ਤੇ ਕਾਬਜ਼ ਹੋ ਗਏ ਹਨ। ਦੂਜੇ ਪਾਸੇ ਆਮ ਲੋਕਾਂ ਦੀ ਹਾਲਤ ਇੰਨੀ ਪਤਲੀ ਅਤੇ ਤਰਸਯੋਗ ਹੈ ਕਿ ਉਹ ਨਿਗੁਣੀ ਦੋ ਤਿੰਨ ਸੌ ਪ੍ਰਤੀ ਰੁਪਏ ਮਹੀਨਾ ਬੁਢੇਪਾ ਪੈਨਸ਼ਨ ਨਾ ਮਿਲਣ ’ਤੇ ਵੀ ਆਤਮ ਹੱਤਿਆ ਕਰ ਲੈਂਦੇ ਹਨ। ਨਿੱਜੀਕਰਨ ਦੀਆਂ ਨੀਤੀਆਂ ਨਾਲ ਆਰਥਿਕ ਪਾੜਾ ਬੜੀ ਤੇਜ਼ੀ ਨਾਲ ਵਧਣ ਲੱਗ ਪਿਆ ਹੈ। ਦੁਨੀਆਂ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ ਕਿ ਦੁਨੀਆਂ ਦੇ ਕੁਲ ਸਰਮਾਏ ਦਾ ਵੱਡਾ ਹਿੱਸਾ ਕੁਝ ਕੁ ਗਿਣਤੀ ਦੇ ਹੱਥਾਂ ਤੱਕ ਸੀਮਤ ਹੋ ਜਾਵੇ ਅਤੇ ਬਾਕੀ ਦੁਨੀਆਂ ਦੇ ਲੋਕ ਰੋਟੀ ਦੀ ਬੁਰਕੀ ਦੇ ਵੀ ਮੁਥਾਜ ਹੋ ਜਾਣ।

ਸਾਡੇ ਮੁਲਕ ਵਿੱਚ ਰਾਜ ਕਰਦੀਆਂ ਸ਼ਕਤੀਆਂ ਵੱਲੋਂ ਭਰਮ ਭਾਵੇਂ ਇਹ ਸਿਰਜਿਆ ਜਾਂਦਾ ਹੈ ਕਿ ਮੁਲਕ ਤਰੱਕੀ ਕਰ ਰਿਹਾ ਹੈ ਪਰ ਹਾਲਾਤ ਇਸ ਤੋਂ ਉਲਟ ਹਨ। ਹਾਲਾਤ ਇਹ ਹਨ ਕਿ ਹਰ ਰੋਜ਼ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ। ਇਹ ਅਮਲ ਤੇਜ਼ੀ ਨਾਲ ਵਧ ਰਿਹਾ ਹੈ। ਹਾਲਾਤ ਦਾ ਤਕਾਜ਼ਾ ਵੇਖੋ ਇੱਕ ਪਾਸੇ ਹਰ ਰੋਜ਼ ਬੇਰੋਜ਼ਗਾਰ ਰੋਜ਼ਗਾਰ ਦੀ ਪ੍ਰਾਪਤੀ ਲਈ ਨਿੱਕੇ ਨਿੱਕੇ ਗੁਰੱਪਾਂ ਵਿੱਚ ਲੜ ਰਹੇ ਹਨ। ਖਾਲੀ ਅਸਾਮੀਆਂ ਹੋਣ ਦੇ ਬਾਵਜੂਦ ਵੀ ਸਰਕਾਰਾਂ ਇਹਨਾਂ ਦਾ ਸਵਾਗਤ ਡਾਗਾਂ ਸੋਟਿਆਂ ਨਾਲ ਕਰਦੀਆਂ ਹਨ। ਦੂਜੇ ਪਾਸੇ ਪੂੰਜੀਵਾਦੀ ਉਹ ਤਾਕਤਾਂ ਹਨ ਜਿਹਨਾਂ ਨੂੰ ਸਰਕਾਰਾਂ ਹੱਥੀ ਛਾਵਾਂ ਕਰਦੀਆਂ ਹਨ ਕਿ ਸਾਡੇ ਮੁਲਕ ਵਿੱਚ ਆਪਣਾ ਸਰਮਾਇਆ ਲਗਾਓ, ਅਸੀਂ ਤੁਹਾਨੂੰ ਹਰ ਸਹੂਲਤ ਦੇਣ ਲਈ ਤਿਆਰ ਹਾਂ। ਇਹਨਾਂ ਨੂੰ ਸਸਤੀ ਬਿਜਲੀ, ਸਸਤੇ ਕਰਜ਼ੇ ਅਤੇ ਸਬਸਿਡੀਆਂ ਦੇ ਕੇ ਨਵਾਜੇ ਜਾਣ ਲਈ ਹਰ ਸਮੇਂ ਤਿਆਰ ਹਨ। ਪਿਛਲੇ ਕੁਝ ਅਰਸੇ ਤੋਂ ਧਨਾਢ ਕੰਪਨੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ, ਇਹਨਾਂ ਵਿੱਚ ਰਾਜਸੀ ਨੇਤਾਵਾਂ ਦੀਆਂ ਹਿੱਸੇਦਾਰੀਆਂ ਵੀ ਵਧੀਆਂ ਹਨ। ਕੇਂਦਰ ਦੀ ਬੀ ਜੇ ਪੀ ਸਰਕਾਰ ਨੇ ਇਹ ਪੂਰਾ ਤਾਣ ਲਾਇਆ ਕਿ ਭੂਮੀ ਅਧਿਗ੍ਰਹਿਣ ਬਿੱਲ ਕਿਵੇਂ ਨਾ ਕਿਵੇਂ ਪਾਸ ਹੋ ਜਾਵੇ। ਇਹ ਸਾਰਾ ਕੁਝ ਦੱਸਦਾ ਹੈ ਕਿ ਦੇਸ਼ ਵਿੱਚ ਭਾਈ ਲਾਲੋ ਦੇ ਵਾਰਸਾਂ ਦੀ ਹਾਲਤ ਪਤਲੀ ਤੋਂ ਹੋਰ ਪਤਲੀ ਹੋਣ ਜਾ ਰਹੀ ਹੈ, ਅਮੀਰੀ ਗਰੀਬੀ ਦੇ ਪਾੜੇ ਦੇ ਅਜੇ ਹੋਰ ਲੰਗਾਰ ਲੱਥਣੇ ਬਾਕੀ ਹਨ।

ਅੱਜ ਦੇ ਸੰਸਾਰ ਨੂੰ ਸੰਚਾਲਤ ਕਰਨ ਵਾਲੇ ਕਾਰਪੋਰੇਟਰ, ਜੋ ਮਨੁੱਖ ਦੇ ਜੰਗਲਾਂ, ਖਣਿਜਾਂ, ਪੀਣ ਵਾਲੇ ਪਾਣੀਦਵਾਈਆਂ, ਕੱਪੜਿਆਂ, ਪੈਟਰੋਲ, ਡੀਜ਼ਲ ਅਤੇ ਬਿਜਲੀ ਤੱਕ ਦੇ ਕਾਰੋਬਾਰ ਤੇ ਕਾਬਜ਼ ਹਨ ਤੋਂ ਹੁਣ ਆਮ ਲੋਕਾਂ ਨੂੰ ਇਹ ਆਸ ਬੰਨ੍ਹਾਈ ਜਾ ਰਹੀ ਹੈ ਕਿ ਇਹ ਲੋਕ ਦੇਸ਼ ਦੇ ਲੋਕਾਂ ਦਾ ਕਲਿਆਣ ਕਰਨਗੇ। ਇਹਨਾਂ ਸਭ ਵਰਤਾਰਿਆਂ ਦੀ ਆਮ ਲੋਕਾਂ ਨੂੰ ਜਿਸ ਧਿਰ ਨੇ ਸਮਝ ਦੇਣੀ ਹੁੰਦੀ ਹੈ, ਲੋਕਤੰਤਰ ਦੇ ਚੌਥਾ ਥੰਮ੍ਹ ਮੀਡੀਆ ਦਾ ਵੱਡਾ ਹਿੱਸਾ (ਖਾਸ ਕਰਕੇ ਬਿਜਲਈ ਮੀਡੀਆ), ਉਹ ਵੀ ਹੁਣ ਧਨਾਢ ਕੰਪਨੀਆਂ ਦੇ ਜਾਂ ਤਾਂ ਕਬਜ਼ੇ ਵਿੱਚ ਹੈ ਜਾਂ ਉਹਨਾਂ ਦਾ ਹੱਥਠੋਕਾ ਬਣਦਾ ਜਾ ਰਿਹਾ ਹੈ। ਮੀਡੀਆ ਚੈਨਲਾਂ ’ਤੇ ਲੋਕ-ਮੁੱਦਿਆਂ ਦੀ ਬਜਾਏ ਸਮਾਜ ਵਿੱਚ ਪਾੜੇ ਪਾਉਣ ਲਈ ਧਾਰਮਿਕ ਮੁੱਦਿਆਂ ਨੂੰ ਵੱਧ ਤਰਜੀਹ ਨਾਲ ਪੇਸ਼ ਕੀਤਾ ਜਾਂਦਾ ਹੈ। ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਸਮੱਸਿਆਵਾਂ ਦੀ ਗੱਲ ਹੋਣੀ ਚਾਹੀਦੀ ਸੀ, ਉੱਥੇ ਕੁਝ ਕੁ ਨੇਤਾਵਾਂ ਦੀਆਂ ਫਿਰਕੂ ਬਿਆਨਬਾਜੀ ’ਤੇ ਘੰਟਿਆ ਬੱਧੀ ਬਹਿਸਾਂ ਹੋਣੀਆਂ ਆਮ ਹੋ ਗਿਆ ਹੈ। ਆਮ ਇਨਸਾਨ ਉਹਨਾਂ ਸਭ ਵਰਤਾਰਿਆਂ, ਜੋ ਗਰੀਬ ਨੂੰ ਹੋਰ ਗਰੀਬ ਅਤੇ ਧਨਾਢ ਨੂੰ ਹੋਰ ਧਨਾਢ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ, ਦੀ ਸਮਝ ਲਵੇ ਤਾਂ ਕਿੱਥੋਂ ਲਵੇ? ਅਜਿਹੀ ਸਥਿਤੀ ਵਿੱਚ ਆਮ ਲੋਕਾਂ ਦੇ ਚੰਗੇ ਦਿਨ ਆਉਣ ਦੀ ਆਸ ਬੱਝਦੀ ਕਿਤੇ ਦਿਖਾਈ ਨਹੀਂ ਦਿੰਦੀ।

ਅੱਜ ਦੁਨੀਆਂ ਬੜੀ ਤੇਜ਼ੀ ਨਾਲ ਇੱਕ ਅਜਿਹੀ ਸਥਿਤੀ ਵਿੱਚ ਪ੍ਰਵੇਸ਼ ਕਰ ਰਹੀ ਹੈ ਕਿ ਇਸ ਨੂੰ ਸੰਚਾਲਤ ਕਰਨ ਵਾਲੇ ਕੁਝ ਕੁ ਕਾਰਪੋਰੇਟ ਕੰਪਨੀਆਂ ਦੇ ਮਾਲਕ ਬਣ ਜਾਣਗੇ। ਬਾਕੀ ਦੁਨੀਆਂ ਦੇ ਲੋਕ ਜਾਂ ਤਾਂ ਉਹਨਾਂ ਦੇ ਕਰਿੰਦੇ ਬਣਕੇ ਰਹਿ ਜਾਣਗੇ ਜਾਂ ਉਹਨਾਂ ਦੇ ਰਹਿਮੋ-ਕਰਮ ’ਤੇ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਗੇ। ਇਹ ਸਥਿਤੀ ਅੱਜ ਵੀ ਵੇਖੀ ਜਾ ਸਕਦੀ ਹੈ। ਅੱਜ ਦੇ ਸੰਸਾਰ ਨੂੰ ਸੰਚਾਲਤ ਕਰਨ ਵਾਲੀਆਂ ਤਾਕਤਾਂ ਵੱਖ ਵੱਖ ਵਿਸ਼ਿਆਂ ਦੇ ਮਾਹਰ, ਹੁਨਰਮੰਦ, ਵਿਗਿਆਨੀਆਂ ਆਦਿ ਦੇ ਹੁਨਰ ਨੂੰ ਖਰੀਦ ਕੇ ਆਪਣੀਆਂ ਨਿੱਜੀ ਸੰਪਤੀਆਂ ਵਧਾਉਣ ਲਈ ਵਰਤ ਰਹੀਆਂ ਹਨ। ਸਰਕਾਰਾਂ ਨੇ ਜਾਣਬੁੱਝ ਕੇ ਹੁਨਰਮੰਦ ਵਿਆਕਤੀਆਂ ਨੂੰ ਅਣਗੌਲਿਆਂ ਕਰਨਾ ਸ਼ੁਰੂ ਕਰ ਦਿੱਤਾ ਹੈ। ਸਾਡੀ ਅੱਜ ਦੀ ਦੁਨੀਆ ਇੱਕ ਅਜਿਹੀ ਦੁਨੀਆਂ ਬਣਨ ਜਾ ਰਹੀ ਹੈ ਜਿਸ ਵਿੱਚ ਧਨਾਢ ਕੰਪਨੀਆਂ ਇਸ ਨੂੰ ਆਪਣੇ ਢੰਗ ਨਾਲ ਚਲਾਉਣਗੀਆਂ ਅਤੇ ਅਜਿਹੀ ਸਥਿਤੀ ਵਿੱਚ ਸਾਡਾ ਮੌਜੂਦਾ ਲੋਕਤੰਤਰ ਪ੍ਰਬੰਧ ਇੱਕ ਤਰ੍ਹਾਂ ਦਾ ਵਿਖਾਵਾ ਮਾਤਰ ਬਣ ਕੇ ਰਹਿ ਜਾਵੇਗਾ।

ਅੱਜ ਅਤਿ ਦੀ ਮਹਿੰਗਾਈ ਅਤੇ ਹਰ ਪਾਸੇ ਮੰਦੀ ਦਾ ਆਲਮ ਸਮਾਜ ਨੂੰ ਲਗਾਤਾਰ ਨਿਰਾਸ਼ਾ ਵੱਲ ਲਿਜਾ ਰਿਹਾ ਹੈ। ਗਰੀਬੀ ਅਮੀਰੀ ਦੇ ਵਧ ਰਹੇ ਪਾੜੇ ਨੇ ਇੱਕ ਅਜਿਹੀ ਸਥਿਤੀ ਪੈਦਾ ਕੀਤੀ ਹੈ ਜਿਸ ਵਿੱਚ ਸਮਾਜ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਘਿਰਿਆ ਨਜ਼ਰ ਆਉਂਦਾ ਹੈ। ਅੱਜ ਲੋੜ ਹੈ ਕਿ ਵੋਟਾਂ ਨੇੜੇ ਆਉਣ ’ਤੇ ਆਮ ਲੋਕਾਂ ਦੀ ਝੋਲੀ ਵਿੱਚ ਨਿੱਕੀਆਂ ਨਿੱਕੀਆਂ ਖੈਰਾਂ ਨਾ ਪਾਈਆਂ ਜਾਣ, ਬਲਕਿ ਲੋਕਾਂ ਦੇ ਭਵਿੱਖ ਨਾਲ ਜੁੜੀਆਂ ਵੱਡੀਆਂ ਯੋਜਨਾਵਾਂ ਉਲੀਕੀਆਂ ਜਾਣ। ਚੀਨੀ ਦਾਰਸ਼ਨਿਕ ਕਨਫਿਊਸ਼ੀਅਸ ਦਾ ਮੰਨਣਾ ਸੀ ਕਿ ਸਿੱਖਿਆ ਅਤੇ ਧਰਮ ਦੀਆਂ ਗਤੀਵਿਧੀਆਂ ਹੀ ਮਨੁੱਖ ਨੂੰ ਪੂਰਨ ਇਨਸਾਨ ਨਹੀਂ ਬਣਾ ਸਕਦੀਆਂ, ਕਿਸੇ ਵੀ ਮਨੁੱਖ ਦਾ ਪੂਰਨ ਮਨੁੱਖ ਬਣਨ ਲਈ ਉਸ ਨੂੰ ਕਿਰਤ ਨਾਲ ਵੀ ਜੋੜਿਆ ਜਾਣਾ ਜਰੂਰੀ ਹੈ। ਅਜਿਹੇ ਪ੍ਰੋਗਰਾਮ ਉਲੀਕੇ ਜਾਣ ਜਿਸ ਨਾਲ ਸਾਡੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਨਾਲ ਜੋੜਿਆ ਜਾਵੇ। ਉਹਨਾਂ ਲਈ ਚੰਗੀਆਂ ਨੌਕਰੀਆਂ ਦੇ ਪ੍ਰਬੰਧ ਕੀਤੇ ਜਾਣ। ਅੱਜ ਜਿੱਥੇ ਸਾਡੀ ਵਸੋਂ ਵਧੀ ਹੈ, ਮਨੁੱਖ ਦੀਆਂ ਰੋਜ਼ਮਰਾ ਦੀ ਜਿੰਦਗੀ ਨਾਲ ਜੁੜੀਆਂ ਗਤੀਵਿਧੀਆਂ ਵੀ ਵਧੀਆਂ ਹਨ, ਇਸ ਲਈ ਮੁਲਕ ਨੂੰ ਇੱਕ ਚੰਗੇ ਵਧੀਆ ਪ੍ਰਸ਼ਾਸਨਿਕ ਪ੍ਰਬੰਧ ਅਤੇ ਕੁਸ਼ਲ ਸ਼ਾਸਨ ਦੀ ਬੜੀ ਵੱਡੀ ਜ਼ਰੂਰਤ ਹੈ। ਇਸ ਲਈ ਦੇਸ਼ ਦੇ ਨੌਜਵਾਨ ਸਭ ਤੋਂ ਵੱਡੀ ਭਮਿਕਾ ਨਿਭਾ ਸਕਦੇ ਹਨ। ਉਹਨਾਂ ਨੂੰ ਸਰਕਾਰੀ ਨੌਕਰੀਆਂ ’ਤੇ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਹਰ ਉਹ ਨੌਜੁਆਨ ਜੋ ਆਪਣੀ ਨਿਸ਼ਚਿਤ ਪੜ੍ਹਾਈ ਪੂਰੀ ਕਰ ਲੈਂਦਾ ਹੈ, ਨੂੰ ਫੌਰਨ ਨੌਕਰੀ ਦੇਣੀ ਸਰਕਾਰ ਦਾ ਫਰਜ਼ ਹੋਣਾ ਚਾਹੀਦਾ ਹੈ। ਹਾਲਾਤ ਇਸ ਤੋਂ ਉਲਟ ਇਹ ਹਨ ਕਿ ਸਰਕਾਰੀ ਅਦਾਰਿਆਂ ਵਿੱਚੋਂ ਮੁਲਾਜ਼ਮਾਂ ਨੂੰ ਫਾਰਗ ਤਾਂ ਕੀਤਾ ਜਾ ਰਿਹਾ ਹੈ ਪਰ ਉਹਨਾਂ ਦੀ ਥਾਂ ਨਵਿਆਂ ਦੀ ਭਰਤੀ ਨਹੀਂ ਹੋ ਰਹੀ। ਸਗੋਂ ਸਰਕਾਰੀ ਕੰਮਾਂ ਤੋਂ ਮੁਨਾਫੇ ਕਮਾਉਣ ਲਈ ਵੱਖ ਵੱਖ ਵਿਭਾਗਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ। ਅੱਜ ਲੋਕਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਸਰਕਾਰਾਂ ਨੇ ਸਾਰੇ ਅਦਾਰਿਆਂ ਨੂੰ ਕੇਵਲ ਕਮਾਈ ਕਰਨ ਲਈ ਹੀ ਨਹੀਂ ਚਲਾਉਣਾ ਹੁੰਦਾ, ਸਗੋਂ ਇਹ ਲੋਕਾਂ ਨੂੰ ਸਹੂਲਤ ਦੇਣ ਲਈ ਵੀ ਹੁੰਦੇ ਹਨ ਅਤੇ ਹੋਣੇ ਚਾਹੀਦੇ ਹਨ। ਪਰ ਅੱਜ ਹਾਲਾਤ ਇਹ ਬਣ ਗਏ ਹਨ ਕਿ ਸਰਕਾਰਾਂ ਲੋਕਾਂ ਨੂੰ ਸੇਵਾਵਾਂ ਦੇਣ ਦੀ ਬਜਾਏ ਹਰ ਅਦਾਰੇ ਤੋਂ ਮੁਨਾਫਾ ਮੁੱਖ ਰੱਖ ਕੇ ਕੰਮ ਕਰਨ ਲੱਗੀਆਂ ਹਨ। ਸਰਕਾਰੀ ਅਦਾਰਿਆਂ ਪ੍ਰਤੀ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਇਹਦੀ ਸੁਣਵਾਈ ਛੇਤੀ ਕੀਤਿਆਂ ਕਿਤੇ ਨਹੀਂ ਹੁੰਦੀ। ਇਹਦੇ ਉਲਟ ਜੇਕਰ ਪ੍ਰਾਈਵੇਟ ਅਦਾਰਿਆਂ ਵਿੱਚ ਕਿਸੇ ਨੂੰ ਕੋਈ ਪ੍ਰੇਸ਼ਾਨੀ ਪੇਸ਼ ਆਉਂਦੀ ਹੈ ਤਾਂ ਸਬੰਧਤ ਸ਼ਿਕਾਇਤ ਦਾ ਹੱਲ ਤੁਰੰਤ ਹੁੰਦਾ ਹੈ। ਅਜਿਹੀਆਂ ਨੀਤੀਆਂ ਨੂੰ ਜਾਣਬੁੱਝ ਕੇ ਵਧਾਇਆ ਜਾਂਦਾ ਹੈ ਤਾਂ ਕਿ ਲੋਕਾਂ ਵਿੱਚ ਨਿੱਜੀ ਅਦਾਰਿਆਂ ਲਈ ਆਕ੍ਰਸ਼ਣ ਅਤੇ ਸਰਕਾਰੀ ਅਦਾਰਿਆਂ ਪ੍ਰਤੀ ਉਦਾਸੀਨਤਾ ਪੈਦਾ ਹੋਵੇ।

ਅਮੀਰੀ ਗਰੀਬੀ ਦਾ ਪਾੜਾ ਨਿਰੰਤਰ ਵਧ ਰਿਹਾ ਹੈ। ਇਸ ਸਾਰੀ ਸਥਿਤੀ ਦਾ ਸਭ ਤੋਂ ਦੁਖਦਾਈ ਪੱਖ ਇਹ ਹੈ ਕਿ ਬਹੁਗਿਣਤੀ ਲੋਕ ਇਸ ਪ੍ਰਤੀ ਸੰਵੇਦਨਹੀਣ ਹਨ ਜਾਂ ਦੂਜੇ ਸ਼ਬਦਾਂ ਵਿੱਚ ਇਹ ਕਿਹਾ ਜਾਵੇ ਕਿ ਕਰ ਦਿੱਤੇ ਗਏ ਹਨ। ਇੱਕ ਸਾਜ਼ਿਸ਼ੀ ਢੰਗ ਨਾਲ ਅਵਾਮ ਦੁਆਲੇ ਮੁਨਾਫਾ ਬਟੋਰੂ ਜਾਲ ਨੂੰ ਇਸ ਢੰਗ ਨਾਲ ਵਿਛਾਇਆ ਜਾਂਦਾ ਹੈ ਕਿ ਲੋਕਾਂ ਨੂੰ ਉਹਨਾਂ ਸਭ ਤਰਜੀਹਾਂ ਦੀ ਭਿਣਕ ਤੱਕ ਨਹੀਂ ਪੈਂਦੀ ਜੋ ਉਹਨਾਂ ਲਈ ਤਬਾਹਕੁਨ ਸਾਬਤ ਹੋਣੀਆਂ ਹੁੰਦੀਆਂ ਹਨ।

ਅੱਜ ਲੋੜ ਹੈ ਕਿ ਉਹਨਾਂ ਸਭ ਵਰਤਾਰਿਆਂ ਦੀ ਸ਼ਨਾਖਤ ਕੀਤੀ ਜਾਵੇ ਜੋ ਅਵਾਮ ਦੇ ਲਹੂ ਪਸੀਨੇ ਨੂੰ ਨਿਚੋੜ ਕੇ ਮਲਿਕ ਭਾਗੋ ਦੇ ਹੱਕ ਵਿੱਚ ਭੁਗਤ ਰਹੇ ਹਨ।

*****

(313)

ਇਸ ਵਿਸ਼ੇ ਬਾਰੇ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੁਰਚਰਨ ਸਿੰਘ ਨੂਰਪੁਰ

ਗੁਰਚਰਨ ਸਿੰਘ ਨੂਰਪੁਰ

Phone: (91 - 98550 - 51099)
Email:
(gurcharannoorpur@yahoo.com)

More articles from this author