GurcharanNoorpur7ਇੱਛਾਵਾਂ, ਲਾਲਸਾਵਾਂ ਅਧੀਨ ਹੋਏ ਮਨੁੱਖ ਦੀ ਆਪਣਿਆਂ ਤੋਂ ਟੁੱਟਣ ਅਤੇ ਦੂਰ ਦਿਆਂ ਨਾਲ ਜੁੜਨ ਦਾ ਭਰਮ ਪਾਲਣ ਦੀ ਮਨੋਬਿਰਤੀ ਵਧ ਜਾਵੇਗੀ। ...
(ਜੁਲਾਈ 11, 2016)


ਹੁਣ ਉਹ ਦਿਨ ਦੂਰ ਨਹੀਂ ਜਦੋਂ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਆਪਣੇ ਅਕਾਊਂਟ ਦੇ ਨਾਲ ਨਾਲ ਆਪਣਾ ਵੈੱਬ ਚੈਨਲ ਵੀ ਸਥਾਪਿਤ ਕਰ ਲੈਣਗੇ ਅਤੇ ਹਰ ਵਿਅਕਤੀ ਦਾ ਆਪਣੀ ਗੱਲ ਕਹਿਣ ਲਈ ਆਪਣਾ ਇੱਕ ਚੈਨਲ ਹੋਵੇਗਾ। ਸੰਚਾਰ ਕਰਨ ਲਈ ਲਿਖਤੀ ਗੱਲਬਾਤ ਹੋਰ ਘਟ ਜਾਵੇਗੀ। ਸਭ ਤਰ੍ਹਾਂ ਦੇ ਟੀਵੀ ਚੈਨਲ ਸਿੱਧੇ ਮੋਬਾਈਲ ਫੋਨ ’ਤੇ ਚੱਲਣੇ ਸ਼ੁਰੂ ਹੋ ਜਾਣਗੇ। ਅੱਜ ਸਭ ਤਰ੍ਹਾਂ ਦੇ ਵਰਤਾਰਿਆਂ ਨੂੰ ਪੜ੍ਹਨ, ਸੁਣਨ ਤੇ ਲਿਖਣ ਨਾਲੋਂ ਵੇਖਣ ਦੀ ਪ੍ਰਵਿਰਤੀ ਵਧ ਰਹੀ ਹੈ, ਭਵਿੱਖ ਵਿੱਚ ਇਹ ਹੋਰ ਵਧ ਜਾਵੇਗੀ। ਸੰਚਾਰ ਦੇ ਸਾਧਨਾਂ ’ਤੇ ਅੱਜ ਵੀ ਬਾਜ਼ਾਰੂ ਤਾਕਤਾਂ ਕਾਬਜ਼ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦਾ ਗਲਬਾ ਹੋਰ ਵਧ ਜਾਵੇਗਾ। ਸਕਰੀਨ ਦੀ ਦੁਨੀਆਂ ਵਿੱਚ ਗਵਾਚ ਰਹੇ ਮਨੁੱਖ ਨੂੰ ਸੰਮੋਹਣ ਕਰਨਾ ਹੋਰ ਸੁਖਾਲਾ ਹੋ ਜਾਵੇਗਾ। ਮੋਬਾਈਲ ਫੋਨ ਦੀ ਨਿੱਕੀ ਸਕਰੀਨ ਵਿੱਚ ਦੀ ਖੁੱਲ੍ਹਿਆ ਬਾਜ਼ਾਰ ਹੋਰ ਵੀ ਵਿਸ਼ਾਲ ਰੂਪ ਅਖ਼ਤਿਆਰ ਕਰ ਲਵੇਗਾ। ਇੱਛਾਵਾਂ, ਲਾਲਸਾਵਾਂ ਅਧੀਨ ਹੋਏ ਮਨੁੱਖ ਦੀ ਆਪਣਿਆਂ ਤੋਂ ਟੁੱਟਣ ਅਤੇ ਦੂਰ ਦਿਆਂ ਨਾਲ ਜੁੜਨ ਦਾ ਭਰਮ ਪਾਲਣ ਦੀ ਮਨੋਬਿਰਤੀ ਵਧ ਜਾਵੇਗੀ।

ਕੰਪਿਊਟਰ ਅਤੇ ਮੋਬਾਈਲ ਨੇ ਦੁਨੀਆਂ ਨੂੰ ਅੱਜ ਬੇਹੱਦ ਪ੍ਰਭਾਵਿਤ ਕੀਤਾ ਹੋਇਆ ਹੈ। ਮਨੁੱਖ ਕੋਲ ਸੂਚਨਾਵਾਂ ਦਾ ਹੜ੍ਹ ਆ ਗਿਆ ਹੈ। ਮਨੁੱਖ ਨੇ ਕਿਸੇ ਇੱਕ ਮਸਲੇ ’ਤੇ ਵਿਚਾਰ ਕਰਨਾ ਸ਼ੁਰੂ ਕੀਤਾ ਹੀ ਹੁੰਦਾ ਹੈ ਕਿ ਕੋਈ ਹੋਰ ਤਰ੍ਹਾਂ ਦੀ ਸੂਚਨਾ ਉਸਦੇ ਸਾਹਮਣੇ ਆ ਜਾਂਦੀ ਹੈ। ਇਹੋ ਹਾਲ ਟੀਵੀ ਚੈਨਲਾਂ ਦਾ ਹੈ ਇੱਕ ਚੈਨਲ ’ਤੇ ਕਿਸੇ ਇੱਕ ਮਸਲੇ ਬਾਰੇ ਬੇਸ਼ੱਕ ਕਿੰਨੀ ਵੀ ਗੰਭੀਰ ਗੱਲਬਾਤ ਕਿਉਂ ਨਾ ਹੋ ਰਹੀ ਹੋਵੇ, ਉਸ ਨੂੰ ਬੰਦ ਕਰਕੇ ਇੱਕ ਦਮ ਬਰੇਕਿੰਗ ਨਿਊਜ਼ ਵਿੱਚ ਦਿਖਾਇਆ ਜਾਂਦਾ ਹੈ ਕਿ ਸਾਡੇ ਕੋਲ ਇੱਕ ਹੋਰ ਤਾਜ਼ਾ ਖ਼ਬਰ ਆ ਰਹੀ ਹੈ। ਇਸ ਤੋਂ ਇਲਾਵਾ ਕੁਝ ਮਿੰਟਾਂ ਵਿੱਚ ਵੱਧ ਤੋਂ ਵੱਧ ਖ਼ਬਰਾਂ ਦੇਣ ਦੀ ਹੋੜ ਵੀ ਚੈਨਲਾਂ ’ਤੇ ਲੱਗੀ ਹੋਈ ਹੈ ਜਿਸ ਨੂੰ ‘ਖ਼ਬਰਾਂ ਦੀ ਬੁਛਾੜ’ ਜਾਂ ‘ਸੁਪਰ ਫਾਸਟ ਨਿਊਜ਼’ ਵਰਗੇ ਨਾਮ ਦਿੱਤੇ ਜਾਂਦੇ ਹਨ। ਇਸ ਸਭ ਕੁਝ ਨੇ ਮਨੁੱਖੀ ਜ਼ਿਹਨ ਦੀ ਸਹਿਜਤਾ ਅਤੇ ਇਕਾਗਰਤਾ ਨੂੰ ਖ਼ਤਮ ਕਰਕੇ ਰੱਖ ਦਿੱਤਾ ਹੈ ਜਦੋਂਕਿ ਅੱਜ ਦੀਆਂ ਬਦਲਦੀਆਂ ਪ੍ਰਸਥਿਤੀਆਂ ਅਨੁਸਾਰ ਹਰ ਮਸਲੇ ਪ੍ਰਤੀ ਜ਼ਿਆਦਾ ਗੰਭੀਰ ਅਤੇ ਸੁਚੇਤ ਹੋਣ ਦੀ ਲੋੜ ਸੀ।

ਜਿੱਥੇ ਸੋਸ਼ਲ ਸਾਈਟਾਂ ’ਤੇ ਹਲਕੇ ਪੱਧਰ ਦੀ ਗੱਲਬਾਤ, ਵੀਡੀਓਜ਼ ਜਾਂ ਤਸਵੀਰਾਂ ਪਾ ਕੇ ਆਪਣੀ ਹਉਮੈ ਨੂੰ ਪੱਠੇ ਪਾਉਣ ਦੀ ਮਨੋਬਿਰਤੀ ਦਾ ਵਰਤਾਰਾ ਆਮ ਹੈ, ਉੱਥੇ ਇਹ ਵੀ ਸੱਚ ਹੈ ਕਿ ਹੁਣ ਸਰਕਾਰਾਂ, ਰਾਜਸੀ ਪਾਰਟੀਆਂ ਸੋਸ਼ਲ ਮੀਡੀਆ ਦੀ ਤਾਕਤ ਨੂੰ ਵਾਚਣ ਲੱਗ ਪਈਆਂ ਹਨ ਤੇ ਇਸਦੀ ਤਾਕਤ ਤੋਂ ਡਰਨ ਲੱਗ ਪਈਆਂ ਹਨ। ਇਸਦੀ ਤਾਕਤ ਨੂੰ ਕਿਸੇ ਨਾ ਕਿਸੇ ਢੰਗ ਨਾਲ ਕੰਟਰੋਲ ਕੀਤੇ ਜਾਣ ਦੀਆਂ ਤਰਕੀਬਾਂ ਸੋਚੀਆਂ ਜਾ ਰਹੀਆਂ ਹਨ। ਆਪਣੀ ਸੋਸ਼ਲ ਮੀਡੀਆ ਹੱਬ ਬਣਾ ਕੇ ਨਿੱਜੀ ਟੀਮਾਂ ਤਿਆਰ ਕਰਕੇ ਲੋਹੇ ਨੂੰ ਲੋਹੇ ਨਾਲ ਕੱਟਣ ਦੀ ਗੱਲ ਵੀ ਹੋ ਰਹੀ ਹੈ। ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਦਾ ਮੁਲ੍ਹੰਮੇ ਚਾੜ੍ਹਨ ਦੀ ਕੋਸ਼ਿਸ਼ ਹੋ ਰਹੀ ਹੈ। ਇੰਟਰਨੈੱਟ ਸਾਈਟਾਂ ਜ਼ਰੀਏ ਹਰ ਰੋਜ਼ ਕਰੋੜਾਂ ਦਾ ਕਾਰੋਬਾਰ ਹੁੰਦਾ ਹੈ। ਕਈ ਤਰ੍ਹਾਂ ਦੀ ਖ਼ਰੀਦੋ-ਫ਼ਰੋਖਤ, ਹੋਟਲ ਬੁਕਿੰਗ, ਗੱਡੀਆਂ ਤੇ ਜਹਾਜ਼ਾਂ ਦੀਆਂ ਟਿਕਟਾਂ ਦੀ ਬੁਕਿੰਗ, ਵੱਖ ਵੱਖ ਤਰ੍ਹਾਂ ਦੇ ਇਮਤਿਹਾਨਾਂ ਦੇ ਆਨਲਾਈਨ ਟੈਸਟ ਅਤੇ ਫਾਰਮ ਭਰਨ ਦੀ ਸੁਵਿਧਾ, ਇੱਥੋਂ ਤਕ ਕਿ ਜ਼ਮੀਨਾਂ ਜਾਇਦਾਦਾਂ ਸਬੰਧੀ ਦਸਤਾਵੇਜ਼ ਆਨਲਾਈਨ ਹੋ ਗਏ ਹਨ। ਅਜਿਹੀ ਸਥਿਤੀ ਵਿੱਚ ਇੰਟਰਨੈੱਟ ਨੂੰ ਸਰਕਾਰੀ ਮਰਜ਼ੀ ਨਾਲ ਬੰਦ ਕਰਨਾ ਆਮ ਲੋਕਾਂ ਦੀ ਵੱਡੀ ਖੱਜਲ-ਖੁਆਰੀ ਦਾ ਕਾਰਨ ਵੀ ਬਣ ਸਕਦਾ ਹੈ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਆਮ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਇੱਕ ਬਹੁਤ ਵੱਡਾ ਮੰਚ ਮਿਲਿਆ ਹੈ। ਦੁਨੀਆਂ ਦੇ ਇਤਿਹਾਸ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਕਿ ਕਿਸੇ ਮਸਲੇ ਜਾਂ ਮੁੱਦੇ ’ਤੇ ਲੋਕ ਇਸ ਤਰ੍ਹਾਂ ਸੌਖੇ ਢੰਗ ਰਾਹੀਂ ਆਪਣੀ ਗੱਲ ਰੱਖ ਸਕਦੇ ਹੋਣ। ਹੁਣ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਬੈਠਾ ਵਿਅਕਤੀ ਪੂਰੀ ਦੁਨੀਆਂ ਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰਵਾ ਸਕਦਾ ਹੈ। ਵਿਚਾਰਾਂ ਦੇ ਪ੍ਰਸਾਰ ਸਬੰਧੀ ਇਹ ਇੱਕ ਬਹੁਤ ਵੱਡਾ ਬਦਲਾਅ ਹੈ ਜੋ ਮੌਜੂਦਾ ਵਰਤਾਰੇ ਨੂੰ ਕੁਝ ਹੱਦ ਤਕ ਬਦਲਣ ਦੀ ਤਾਕਤ ਰੱਖਦਾ ਹੈ। ਸਰਕਾਰਾਂ ਸੋਸ਼ਲ ਮੀਡੀਆ ਦੀ ਤਾਕਤ ਨੂੰ ਭਾਂਪ ਗਈਆਂ ਹਨ ਹੁਣ ਜਦੋਂ ਵੀ ਕਿਤੇ ਕੁਝ ਗੜਬੜ ਹੋਣ ਦੇ ਆਸਾਰ ਬਣਦੇ ਹਨ ਤਾਂ ਤੁਰੰਤ ਉਸ ਇਲਾਕੇ ਵਿੱਚ ਇੰਟਰਨੈੱਟ ਦੀ ਸੇਵਾ ਬੰਦ ਕਰ ਦਿੱਤੀ ਜਾਂਦੀ ਹੈ ਇਹ ਸਭ ਕੁਝ ਦੱਸਦਾ ਹੈ ਕਿ ਬੇਸ਼ੱਕ ਅਸੀਂ ਸੋਸ਼ਲ ਮੀਡੀਆ ਨੂੰ ਲੋਕਾਂ ਦੀ ਆਜ਼ਾਦੀ ਦਾ ਵੱਡਾ ਮੰਚ ਮੰਨੀਏ ਪਰ ਇਸ ਦਾ ਅਸਲ ਕੰਟਰੋਲ ਫਿਰ ਵੀ ਸਰਕਾਰਾਂ ਦੇ ਹੱਥ ਰਹਿੰਦਾ ਹੈ।

‘ਹਟਿੰਗਟਨ ਪੋਸਟ’ ਦੀ ਇੱਕ ਰਿਪੋਟਰ ਅਨੁਸਾਰ ਪਿਛਲੇ ਦੋ ਸਾਲਾਂ ਵਿਚ ਭਾਰਤ ਦੇ ਚਾਰ ਸੂਬਿਆਂ ਵਿੱਚ 9 ਵਾਰ ਇੰਟਰਨੈੱਟ ਸੇਵਾ ਬੰਦ ਕੀਤੀ ਗਈ। ਗੁਜਰਾਤ, ਕਸ਼ਮੀਰ, ਨਾਗਲੈਂਡ ਅਤੇ ਮਨੀਪੁਰ ਸਰਕਾਰਾਂ ਨੇ ਆਪਣੀ ਲੋੜ ਅਨੁਸਾਰ ਇੰਟਰਨੈੱਟ ਬੰਦ ਕੀਤਾ। ਕੁਝ ਮਸਲਿਆਂ, ਜਿਨ੍ਹਾਂ ਲਈ ਸਰਕਾਰ ਨੂੰ ਲਗਦਾ ਹੈ ਕਿ ਹੁਣ ਲੋਕਾਂ ਦਾ ਆਪਸੀ ਤਾਲਮੇਲ ਕੱਟ ਦਿੱਤਾ ਜਾਵੇ, ਇੱਕ ਤਰ੍ਹਾਂ ਨਾਲ ਲੋਕਾਂ ਦੀ ਗੱਲ ਕਹਿਣ ਦੀ ਆਜ਼ਾਦੀ ਨੂੰ ਦਬਾਉਣ ਵਾਂਗ ਹੈ। ਚਾਹੀਦਾ ਤਾਂ ਇਹ ਹੈ ਕਿ ਇਸ ਸਬੰਧੀ ਸਰਕਾਰਾਂ ਆਪਣੀ ਗੱਲ ਨੂੰ ਆਪਣੇ ਢੰਗ ਨਾਲ ਕਹਿਣਅਜਿਹੇ ਹਾਲਾਤ ਪੈਦਾ ਹੀ ਨਾ ਹੋਣ ਦਿੱਤੇ ਜਾਣ ਕਿ ਲੋਕ ਸਮੂਹਿਕ ਤੌਰ ’ਤੇ ਕਿਸੇ ਮੁੱਦੇ ’ਤੇ ਉਤੇਜਿਤ ਹੋਣ।

ਬਿਨਾਂ ਸ਼ੱਕ ਇਸ ਨਾਲ ਦੁਨੀਆਂ ਬਦਲੀ ਹੈ। ਅੱਜ ਤੋਂ 10 ਸਾਲ ਪਹਿਲਾਂ ਵਾਲੀ ਦੁਨੀਆਂ ਹੁਣ ਨਹੀਂ ਰਹੀ ਅਤੇ ਆਉਣ ਵਾਲੇ ਕੁਝ ਹੀ ਅਰਸੇ ਦੌਰਾਨ ਕਾਫ਼ੀ ਕੁਝ ਬੜੀ ਤੇਜ਼ੀ ਨਾਲ ਬਦਲਣ ਦੀ ਸੰਭਾਵਨਾ ਹੈ। ਸਰਕਾਰਾਂ ਅਤੇ ਰਾਜਸੀ ਪਾਰਟੀਆਂ ਲਈ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਲੰਮਾ ਸਮਾਂ ਸ਼ਾਸਨ ਚਲਾਈ ਜਾਣਾ ਹੁਣ ਆਸਾਨ ਨਹੀਂ ਰਿਹਾ। ਚੋਣ ਵਾਅਦੇ ਕਰਕੇ ਫਿਰ ਉਨ੍ਹਾਂ ਨੂੰ ਵਿਸਾਰ ਦੇਣਾ ਪਹਿਲਾਂ ਜਿੰਨਾ ਆਸਾਨ ਨਹੀਂ ਰਹੇਗਾ। ਮੋਬਾਈਲ ਫੋਨ ਦੇ ਵੀਡੀਓ ਕੈਮਰੇ ਤੇ ਹਰ ਪਾਸੇ ਵਧ ਰਹੀ ਸੀਸੀਟੀ ਕੈਮਰਿਆਂ ਦੀ ਭਰਮਾਰ ਨੇ ਇੱਕ ਤਰ੍ਹਾਂ ਨਾਲ ਹਰ ਘਟਨਾ ਨੂੰ ਹੁਣ ਕਵਰੇਜ ਦਾ ਹਿੱਸਾ ਬਣਾ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਇਹ ਸਭ ਕੁਝ ਬੜੀ ਤੇਜ਼ੀ ਨਾਲ ਵਧੇਗਾ। ਇਹ ਠੀਕ ਹੈ ਇਸ ਨਾਲ ਪਾਰਦਰਸ਼ਤਾ ਵਧੇਗੀ ਪਰ ਇਹ ਸਭ ਕੁਝ ਮਨੁੱਖ ਦੇ ਨਿੱਜ ਨੂੰ ਪ੍ਰਭਾਵਿਤ ਕਰੇਗਾ। ਇਸ ਦੇ ਨਾਲ ਨਾਲ ਕੌੜਾ ਸੱਚ ਇਹ ਵੀ ਹੈ ਇਸ ਸਭ ਕੁਝ ਦਾ ਅਸਲ ਕੰਟਰੋਲ ਉਨ੍ਹਾਂ ਤਾਕਤਾਂ ਦੇ ਹੱਥ ਹੀ ਰਹੇਗਾ ਜੋ ਦੁਨੀਆਂ ਨੂੰ ਆਪਣੇ ਢੰਗ ਨਾਲ ਚਲਾਉਣ ਦੀ ਤਾਕਤ ਕੱਲ੍ਹ ਵੀ ਰੱਖਦੀਆਂ ਸਨ ਤੇ ਅੱਜ ਵੀ ਰੱਖਦੀਆਂ ਹਨ।

ਸਰਕਾਰਾਂ ਲੋਕਾਂ ਦੀ ਨਬਜ਼ ਟੋਹਣ ਲਈ ਸੋਸ਼ਲ ਮੀਡੀਆ ਨੂੰ ਕਿਸ ਢੰਗ ਨਾਲ ਵਰਤਦੀਆਂ ਹਨ ਇਸ ਦਾ ਖ਼ੁਲਾਸਾ ਪਿਛਲੇ ਸਾਲ ਆਈ ਇੱਕ ਖ਼ਬਰ ਤੋਂ ਹੁੰਦਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਸਰਕਾਰ ਦਾ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਫੇਸਬੁੱਕ, ਟਵਿੱਟਰ ਅਤੇ ਗਲੋਬਲਜ਼ ਆਦਿ ਦੇ ਰੁਝਾਨ ’ਤੇ ਤਿੱਖੀ ਨਜ਼ਰ ਰੱਖਦਾ ਹੈ। ਲੋਕਾਂ ਦਾ ਮੂਡ ਸਮਝਣ ਲਈ ਕਿਸੇ ਸਰਕਾਰ ਲਈ ਇਹ ਸ਼ਾਇਦ ਜ਼ਰੂਰੀ ਵੀ ਹੈ।

ਬੇਸ਼ੱਕ ਅੱਜ ਦੇ ਸਮਾਜ ਵਿੱਚ ਸੋਸ਼ਲ ਮੀਡੀਆ ਦੀ ਇੱਕ ਬੜੀ ਵੱਡੀ ਭੂਮਿਕਾ ਹੈ ਪਰ ਇਸ ਦੇ ਗੰਭੀਰ ਚਿੰਤਨ ਵੱਲ ਤੁਰਨਾ ਅਜੇ ਬਾਕੀ ਹੈ। ਸਾਡੀਆਂ ਅਖ਼ਬਾਰਾਂ ਹਰ ਤਰ੍ਹਾਂ ਦੇ ਮਸਲਿਆਂ ਪ੍ਰਤੀ ਗੰਭੀਰ ਚਿੰਤਨ ਦਾ ਜ਼ਰੀਆ ਰਹੀਆਂ ਹਨ। ਸਮਾਜ ਨੂੰ ਉਸਾਰੂ ਸੇਧ ਦੇਣ ਲਈ ਅਖ਼ਬਾਰਾਂ ਦਾ ਬਹੁਤ ਵੱਡਾ ਰੋਲ ਰਿਹਾ ਹੈ। ਟੈਲੀਵਿਜ਼ਨ ਦੇ ਸ਼ੁਰੂਆਤੀ ਦੌਰ ਵਿੱਚ ਸਕਰੀਨ ’ਤੇ ਕਾਫ਼ੀ ਕੁਝ ਬਿਹਤਰ ਸੀ ਪਰ ਟੀਵੀ ਚੈਨਲਾਂ ਦੀ ਭਰਮਾਰ ਹੁੰਦਿਆਂ ਹੀ ਹੁਣ ਕਿਸੇ ਵੀ ਮਸਲੇ ’ਤੇ ਹੋਣ ਵਾਲੀ ਗੰਭੀਰ ਵਿਚਾਰ ਚਰਚਾ ਨੂੰ ਤਿਲਾਂਜਲੀ ਦੇ ਕੇ ਬੇਲੋੜੇ ਮਸਲਿਆਂ ਨੂੰ ਹਵਾ ਦੇ ਕੇ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਕਵਾਇਦ ਚੱਲ ਪਈ ਹੈ। ਕੁਝ ਟੀਵੀ ਚੈਨਲ ਹੀ ਲੋਕ ਮੁੱਦਿਆਂ ਦੀ ਗੱਲ ਕਰਦੇ ਹਨ ਜਦੋਂ ਕਿ ਬਹੁਤੇ ਬਾਜ਼ਾਰ ਦੇ ਭੌਂਪੂ ਬਣ ਕੇ ਰਹਿ ਗਏ ਹਨ। ਇਹ ਬਾਜ਼ਾਰ ਭਾਵੇਂ ਰੱਬੀ ਸ਼ਕਤੀਆਂ/ਕਰਾਮਾਤਾਂ ਦਾ ਬਾਜ਼ਾਰ ਹੋਵੇ ਜਾਂ ਬੇਲੋੜੀਆਂ ਵਸਤਾਂ ਦਾ ਗੁੰਮਰਾਹਕੁੰਨ ਪ੍ਰਚਾਰ ਹੋਵੇ। ਸੋਸ਼ਲ ਮੀਡੀਆ ਵਿੱਚ ਹਰ ਵਰਗ ਅਤੇ ਵੱਖਰੀ ਵੱਖਰੀ ਵਿਚਾਰਧਾਰਾ ਰੱਖਣ ਵਾਲੇ ਲੋਕ ਹਨ। ਕਈ ਵਾਰ ਫ਼ਜੂਲ ਮੁੱਦਿਆਂ ਉੱਤੇ ਹੁੰਦੀਆਂ ਬਹਿਸਾਂ ਦੌਰਾਨ ਸਹਿਭਾਗੀ ਬੜੀ ਨੀਵੀਂ ਪੱਧਰ ’ਤੇ ਉੱਤਰ ਆਉਂਦੇ ਹਨ। ਫੇਸਬੁੱਕ ਵੈਟਸਅਪ ਆਦਿ ’ਤੇ ਲੋਕ ਵੱਖ ਵੱਖ ਗਰੁੱਪ ਬਣਾ ਕੇ ਇਸ ਵਿੱਚ ਆਪਣੇ ਵਿਚਾਰ ਰੱਖਣ ਲੱਗੇ ਹਨ। ਚਾਹੀਦਾ ਤਾਂ ਇਹ ਹੈ ਕਿ ਹਰ ਤਰ੍ਹਾਂ ਦੇ ਲੋਕ ਆਪਣੀ ਹਰ ਥਾਂ ਆਪਣੀ ਗੱਲ ਕਹਿਣ ਅਤੇ ਇਸ ’ਤੇ ਗੰਭੀਰ ਵਿਚਾਰ ਚਰਚਾ ਹੋਵੇ ਅਤੇ ਇਸ ਵਿੱਚੋਂ ਚੰਗੀਆਂ ਗੱਲਾਂ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇ।

ਅੱਜ ਤਕਨੀਕੀ ਵਿਕਾਸ ਦੇ ਨਾਲ ਨਾਲ ਬੌਧਿਕ ਵਿਕਾਸ ਦੀ ਵੀ ਲੋੜ ਹੈ ਪਰ ਇਸ ਦੇ ਉਲਟ ਸਕਰੀਨ ਦੀ ਦੁਨੀਆਂ ਵਿੱਚ ਖਚਿਤ ਮਨੁੱਖ ਅੰਦਰਲੇ ਸੰਵੇਦਨਸ਼ੀਲਤਾ, ਸਹਿਣਸ਼ੀਲਤਾ, ਸਹਿਜਤਾ ਜਿਹੇ ਮਾਨਵੀ ਗੁਣ ਪੇਤਲੇ ਪੈਣ ਲੱਗੇ ਹਨ। ਖ਼ਦਸ਼ਾ ਇਹ ਵੀ ਹੈ ਸਾਧਨ ਸੰਪੰਨ ਧਿਰਾਂ ਮਨੁੱਖੀ ਜ਼ਿਹਨ ’ਤੇ ਗਲਬਾ ਪਾਉਣ ਲਈ ਮਨੁੱਖ ਨੂੰ ਨਿੱਕੀ ਸਕਰੀਨ ’ਤੇ ਇੰਨਾ ਸੰਮੋਹਿਤ ਕਰ ਲੈਣਗੀਆਂ ਕਿ ਉਹ ਆਪਣੇ ਆਲੇ ਦੁਆਲੇ ਦੇ ਵਰਤਾਰਿਆਂ ਪ੍ਰਤੀ ਸੰਵੇਦਨਹੀਣ ਹੋ ਸਕਦੇ ਹਨ। ਇਸ ਲਈ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਅਜਿਹੇ ਪਾਠਕ੍ਰਮ ਹੋਣ ਜੋ ਬੱਚਿਆਂ ਅਤੇ ਨੌਜਵਾਨਾਂ ਨੂੰ ਸੁਚੇਤ ਕਰਨ ਅਤੇ ਸਮਾਜ ਦਾ ਭਲਾ ਚਾਹੁਣ ਵਿਦਵਾਨਾਂ, ਬੁੱਧੀਜੀਵੀਆਂ ਤੇ ਵਿਗਿਆਨੀਆਂ ਨੂੰ ਵੱਖ ਵੱਖ ਸਾਈਟਾਂ ਜ਼ਰੀਏ ਸਮੇਂ ਸਮੇਂ ਸਿਰ ਅਜਿਹੀਆਂ ਜਾਣਕਾਰੀਆਂ ਦਿੰਦੇ ਰਹਿਣਾ ਚਾਹੀਦਾ ਹੈ ਜਿਨ੍ਹਾਂ ਨਾਲ ਸਮਾਜ ਦਾ ਹਰ ਵਰਗ ਜਾਗਰੂਕ ਹੋਵੇ।

*****

(349)

ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੁਰਚਰਨ ਸਿੰਘ ਨੂਰਪੁਰ

ਗੁਰਚਰਨ ਸਿੰਘ ਨੂਰਪੁਰ

Zira, Firozpur, Punjab, India.
Phone: (91 - 98550 - 51099)
Email: (gurcharanzira@gmail.com)

More articles from this author