“ਦਿਨ ਲੰਘਦੇ ਗਏ ਅਤੇ ਇੱਕ ਦਿਨ ਉਸ ਔਰਤ ਨੂੰ ਤੜਕਸਾਰ ਉਲਟੀਆਂ ਲੱਗ ਗਈਆਂ। ਪਿੱਤਾ ...”
(19 ਨਵੰਬਰ 2025)
ਅੰਧਵਿਸ਼ਵਾਸ ਅਜਿਹੀ ਹਨੇਰੀ ਰਾਤ ਹੈ ਜਿਸ ਦੇ ਹਨੇਰੇ ਵਿੱਚ ਮਨੁੱਖ ਦੀ ਸੋਚਣ ਵਿਚਾਰਨ ਦੀ ਸ਼ਕਤੀ ਗਵਾਚ ਜਾਂਦੀ ਹੈ ਅਤੇ ਉਸ ਦਾ ਜੀਵਨ ਲੀਹੋਂ ਲੱਥ ਜਾਂਦਾ ਹੈ। ਆਦਿ ਜੁਗਾਦ ਤੋਂ ਮਾਨਵਜਾਤ ਬਿਮਾਰੀਆਂ, ਦੁਸ਼ਵਾਰੀਆਂ ਅਤੇ ਮਹਾਂਮਾਰੀਆਂ ਨਾਲ ਦੋ ਚਾਰ ਹੁੰਦੀ ਆਈ ਹੈ। ਬਹੁਤ ਸਾਰੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੀ ਜਦੋਂ ਮਨੁੱਖ ਨੂੰ ਸਮਝ ਨਹੀਂ ਸੀ ਤਾਂ ਬਿਮਾਰੀ ਨੂੰ ਕਿਸੇ ਗੈਬੀ ਤਾਕਤ ਦੀ ਕਰੋਪੀ ਮੰਨਿਆ ਜਾਂਦਾ ਸੀ। ਮਾਨਸਿਕ ਰੋਗੀ ਹੋ ਗਏ ਮਰੀਜ ਬਾਰੇ ਸਮਝਿਆ ਜਾਂਦਾ ਸੀ ਕਿ ਇਸ ਨੂੰ ਭੂਤ-ਪ੍ਰੇਤ, ਚੁੜੇਲ, ਕਚੀਲ ਜਾਂ ਕਿਸੇ ਬੁਰੀ ਆਤਮਾ ਦਾ ਸਾਇਆ ਚਿੰਬੜ ਗਿਆ ਹੈ। ਇਸ ਲਈ ਬੁਰੀਆਂ ਆਤਮਾਵਾਂ ਤੋਂ ਰੋਗੀਆਂ ਨੂੰ ਨਿਜਾਤ ਦਿਵਾਉਣ ਲਈ ਜੰਤਰ-ਮੰਤਰ, ਝਾੜ-ਫੂਕ ਅਤੇ ਜਾਨਵਰਾਂ ਪਸ਼ੂਆਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਸਨ। ਜਿਵੇਂ ਜਿਵੇਂ ਮਨੁੱਖ ਦੀ ਸਮਝ ਵਧੀ ਮਨੋਵਿਗਿਆਨ ਦੇ ਖੇਤਰ ਵਿੱਚ ਕੁਝ ਨਵੀਆਂ ਖੋਜਾਂ ਹੋਈਆਂ ਤਾਂ ਮਨੁੱਖ ਦੀਆਂ ਮਾਨਸਿਕ ਬਿਮਾਰੀਆਂ ਜਿਵੇਂ ਹਿਸਟੇਰੀਆ, ਐਂਗਜ਼ਾਇਟੀ, ਬਾਈਪੋਲਰ ਡਿਸਆਰਡਰ, ਡਿਪਰੈਸ਼ਨ, ਡਿਮੈਨਸ਼ੀਆ, ਸਕੀਜ਼ੋਫਰੇਨੀਆਂ ਆਦਿ ਬਿਮਾਰੀਆਂ ਦੇ ਰੂਪ ਵਿੱਚ ਮਾਨਸਿਕ ਰੋਗੀਆਂ ਦੇ ਲੱਛਣ ਨੂੰ ਸਮਝਿਆ ਗਿਆ। ਇਹਨਾਂ ਦਾ ਇਲਾਜ ਸੰਭਵ ਹੋ ਸਕਿਆ। ਇਹਨਾਂ ਬਿਮਾਰੀਆਂ ਵਿੱਚ ਮਾਨਸਿਕ ਰੋਗੀ ਘੋਰ-ਨਿਰਾਸ਼ਾਵਾਦੀ ਬਿਰਤੀ ਧਾਰਨ ਕਰ ਲੈਂਦੇ ਹਨ, ਗੁੱਸੇ ਵਿੱਚ ਆ ਕੇ ਉੱਚੀ-ਉੱਚੀ ਆਵਾਜ ਵਿੱਚ ਅਵਾਤਵਾ ਬੋਲਣ ਲਗਦੇ ਹਨ। ਕੁਝ ਸਿਰ ਮਾਰ ਮਾਰ ਕੇ ਖੇਡਦੇ ਹਨ, ਚੀਕਾਂ ਕੂਕਾਂ ਮਾਰਦੇ ਹਨ ਜਾਂ ਉਹਨਾਂ ਦਾ ਵਿਹਾਰ ਕੁਝ ਸਮੇਂ ਲਈ ਬਦਲ ਜਾਂਦਾ ਹੈ। ਅਜਿਹੀਆਂ ਅਨੇਕਾਂ ਮਾਨਸਿਕ ਬਿਮਾਰੀਆਂ ਹਨ। ਅੱਜ ਦੀ ਤੇਜ਼-ਰਫਤਾਰ ਜਿੰਦਗੀ ਜਿੱਥੇ ਅਸੀਂ ਜੀਵਨ ਦਾ ਸਹਿਜ ਸਬਰ ਹਰ ਦਿਨ ਗਵਾ ਰਹੇ ਹਾਂ, ਦੁਨੀਆਂ ਭਰ ਵਿੱਚ ਮਾਨਸਿਕ ਰੋਗੀ ਹਰ ਦਿਨ ਵਧ ਰਹੇ ਹਨ। ਅਫਸੋਸ ਦੀ ਗੱਲ ਇਹ ਹੈ ਕਿ ਅੰਧਵਿਸ਼ਵਾਸ ਮਨੋਬਿਰਤੀ ਤਹਿਤ ਅੱਜ ਵੀ ਲੋਕ ਇਹਨਾਂ ਬਿਮਾਰੀਆਂ ਨੂੰ ਕਿਸੇ ਕੀਤੇ ਕਰਾਏ ਦਾ ਕਾਰਨ ਸਮਝ ਕੇ ਇਹਨਾਂ ਦਾ ਸਹੀ ਇਲਾਜ ਕਰਾਉਣ ਦੀ ਬਜਾਏ ਭੇਖਾਧਾਰੀ ਲੋਕਾਂ ਦੇ ਚੁੰਗਲ ਵਿੱਚ ਫਸ ਜਾਂਦੇ ਹਨ ਅਤੇ ਆਪਣੀ ਲੁੱਟ ਕਰਵਾਉਂਦੇ ਹਨ।
ਮਨੁੱਖੀ ਸੱਭਿਅਤਾ ਦੇ ਇਤਿਹਾਸ ਨੂੰ ਪੜ੍ਹ ਕੇ ਅਸੀਂ ਸਮਝ ਸਕਦੇ ਹਾਂ ਕਿ ਮਨੁੱਖ ਦੀ ਸੋਚਣ ਵਿਚਾਰਨ ਦੀ ਤਾਕਤ ਨੇ ਇਸ ਨੂੰ ਦੂਜੇ ਜਾਨਵਰਾਂ ਤੋਂ ਵੱਖਰਾ ਕੀਤਾ ਅਤੇ ਇਹ ਆਪਣੀ ਸੱਭਿਅਤਾ ਦੇ ਰਾਹ ਪੈ ਗਿਆ। ਦੁਨੀਆਂ ਭਰ ਵਿੱਚ ਜਿੱਥੇ ਜਿੱਥੇ ਮਨੁੱਖ ਨੂੰ ਸੋਚਣ ਵਿਚਾਰਨ ਦੀ ਖੁੱਲ੍ਹ ਮਿਲੀ, ਉੱਥੇ ਉੱਥੇ ਇਸ ਨੇ ਨਵੇਂ ਤੋਂ ਨਵੇਂ ਕੀਰਤੀਮਾਨ ਸਥਾਪਤ ਕੀਤੇ ਅਤੇ ਜੀਵਨ ਵਿੱਚ ਸੁਹੱਪਣ ਭਰਿਆ। ਧਰਤੀ ਦੇ ਜਿਹੜੇ ਖਿੱਤਿਆਂ ਵਿੱਚ ਲੋਕਾਂ ਨੂੰ ਸੋਚਣ-ਵਿਚਾਰਨ ਅਤੇ ਆਪਣੇ ਵਿਚਾਰਾਂ ਨੂੰ ਬੋਲਣ ਲਿਖਣ ਦੀ ਖੁੱਲ੍ਹ ਸੀ, ਉੱਥੇ ਵੱਡੀਆਂ ਖੋਜਾਂ ਹੋਈਆਂ, ਵੱਡੇ ਵਿਗਿਆਨੀ ਅਤੇ ਸਾਇੰਸਦਾਨ ਇਹਨਾਂ ਖਿੱਤਿਆ ਵਿੱਚ ਪੈਦਾ ਹੋਏ। ਦਾਨਿਸ਼ਵਰ, ਫਿਲਾਸਫਰ, ਲੇਖਕ ਅਤੇ ਵਿਦਵਾਨ ਪੈਦਾ ਹੋਏ, ਜਿਹਨਾਂ ਨੇ ਹਰ ਖੇਤਰ ਵਿੱਚ ਨਵੀਆਂ ਖੋਜਾਂ ਅਤੇ ਸੋਚਾਂ ਨਾਲ ਇਸ ਦੁਨੀਆਂ ਨੂੰ ਨਿਵਾਜਿਆ, ਜਿਸ ਨਾਲ ਪੂਰੀ ਦੁਨੀਆਂ ਦੇ ਲੋਕ ਮਾਨਵ ਸਰੀਰ, ਆਪਣੇ ਜੀਵਨ ਅਤੇ ਆਲੇ ਦੁਆਲੇ ਨੂੰ ਸਮਝਣ ਪਰਖਣ ਦੇ ਸਮਰੱਥ ਹੋਏ।
ਅਫਸੋਸ ਦੀ ਗੱਲ ਇਹ ਹੈ ਕਿ ਆਧੁਨਿਕ ਦੌਰ ਵਿੱਚ ਵੀ ਗਿਆਨ ਵਿਗਿਆਨ ਤੋਂ ਦੂਰ ਭੇਖਾਧਾਰੀ, ਪਖੰਡੀ ਲੋਕ ਧਰਮ-ਕਰਮ, ਰੂਹਾਂ-ਬਦਰੂਹਾਂ, ਆਤਮਾਵਾਂ, ਅਗਲੇ ਪਿਛਲੇ ਜਨਮਾਂ ਕਰਮਾਂ ਦਾ ਫਲ, ਬੂਰੀਆਂ ਆਤਮਾਵਾਂ ਤੋਂ ਛੁਟਕਾਰੇ ਦਿਵਾਉਣ, ਸ਼ੈਤਾਨੀ ਤਾਕਤਾਂ ਅਤੇ ਅਜਿਹੇ ਹੋਰ ਕਈ ਤਰ੍ਹਾਂ ਦੇ ਅੰਧਵਿਸ਼ਵਾਸ ਫੈਲਾ ਕੇ ਦੁਨੀਆਂ ਨੂੰ ਗੁੰਮਰਾਹ ਕਰ ਰਹੇ ਹਨ। ਅੰਧਵਿਸ਼ਵਾਸ ਦਾ ਪ੍ਰਚਾਰ ਕਰਨ ਲਈ ਗਲੀਆਂ-ਬਜ਼ਾਰਾਂ ਚੌਕਾਂ ਉੱਤੇ ਲੱਗੇ ਵੱਡੇ-ਵੱਡੇ ਅੰਧਵਿਸ਼ਵਾਸ ਨੂੰ ਬਲ ਦੇਣ ਵਾਲੇ ਹੋਰਡਿੰਗ ਬੋਰਡ, ਟੀ ਵੀ ਚੈਨਲਾਂ ਅਤੇ ਸੋਸ਼ਲ ਮੀਡੀਆ ’ਤੇ ਇਹਨਾਂ ਦੇ ਪ੍ਰਚਾਰ ਅਸੀਂ ਆਮ ਵੇਖ ਰਹੇ ਹਾਂ। ਇਹਨਾਂ ਵਰਤਾਰਿਆਂ ਨੂੰ ਵੇਖ ਕੇ ਦੁੱਖਾਂ-ਤਖਲੀਫਾਂ, ਨਸ਼ਿਆਂ, ਘਰਾਂ ਦੇ ਕਲੇਸਾਂ, ਬਿਮਾਰੀਆਂ ਅਤੇ ਘਰਾਂ ਦੀਆਂ ਗਰੀਬੀਆਂ, ਮੰਦਹਾਲੀਆਂ ਝੰਬੇ ਲੋਕ ਅਕਸਰ ਇਹਨਾਂ ਦੇ ਜਾਲ਼ ਵਿੱਚ ਫਸ ਜਾਂਦੇ ਹਨ। ਆਪਣੇ ਜੀਵਨ ਦੀਆਂ ਮੁਸ਼ਕਲਾਂ ਦੇ ਕਾਰਨਾਂ ਨੂੰ ਸਮਝਣ ਅਤੇ ਇਹਨਾਂ ਨੂੰ ਦੂਰ ਕਰਨ ਦੀ ਬਜਾਏ ਲੋਕ ਇਹਨਾਂ ਦੇ ਪ੍ਰਵਚਨ ਸੁਣਨ, ਇਹਨਾਂ ਤੋਂ ਆਪਣੇ ਪਰਿਵਾਰ ਅਤੇ ਘਰਾਂ ਲਈ ਬੰਦਗੀਆਂ ਕਰਾਉਣ, ਬੁਰੀਆਂ ਆਤਮਾਵਾਂ ਤੋਂ ਛੁਟਕਾਰੇ ਦਿਵਾਉਣ ਲਈ ਇਹਨਾਂ ਦੇ ਦਰਾਂ ’ਤੇ ਮੱਥੇ ਰਗੜਦੇ ਹਨ। ਇਹਨਾਂ ਨੂੰ ਚੜ੍ਹਾਵੇ ਚੜ੍ਹਾਉਂਦੇ ਹਨ। ਇਹਨਾਂ ਦੇ ਡੇਰਿਆਂ ’ਤੇ ਸੁੱਖਣਾ ਸੁੱਖਦੇ ਹਨ। ਜੀਵਨ ਦੇ ਮਨੋਰਥ ਅਤੇ ਸੋਚ ਵਿਚਾਰ ਕਰਕੇ ਆਪਣੇ ਜੀਵਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਰਾਹ ਤੋਂ ਭਟਕੇ ਲੋਕ ਹਰ ਹਫਤੇ ਜਾਂ ਕੁਝ ਖਾਸ ਦਿਨਾਂ ’ਤੇ ਇਹਨਾਂ ਦੀ ਚੌਕੀਆਂ ਭਰਦੇ ਹਨ। ਧਰਮ ਅਸਥਾਨਾਂ ’ਤੇ ਕੁਝ ਖਾਸ ਦਿਨਾਂ, ਵਾਰਾਂ ’ਤੇ ਜਾ ਕੇ ਮੱਥੇ ਰਗੜਨੇ, ਇੱਕ ਜਗਾਹ ਬੈਠ ਕੇ ਲਗਾਤਾਰ ਪਾਠ ਕਰਨੇ, ਇਹ ਵਰਤਾਰੇ ਸਾਡੇ ਸਮਾਜ ਵਿੱਚ ਆਮ ਹੋ ਗਏ ਹਨ। ਸਾਡੇ ਸਿਸਟਮ ਦੀ ਨਾਕਾਮੀ ਤੋਂ ਪੈਦਾ ਹੋਈਆਂ ਮੁਸ਼ਕਲਾਂ, ਸਮੱਸਿਆਵਾਂ ਦਾ ਸੰਤਾਪ ਭੋਗਦੇ ਲੋਕ ਇਹਨਾਂ ਅਖੌਤੀ ਰਹਿਨੁਮਾਵਾਂ ਤੋਂ ਜੀਵਨ ਦੀ ਭੀਖ ਮੰਗਦੇ ਹਨ। ਬਿਮਾਰੀਆਂ ਤੋਂ ਛੁਟਕਾਰੇ ਭਾਲਦੇ ਹਨ, ਘਰਾਂ ਦੀ ਗਰੀਬੀ ਅਤੇ ਦੁੱਖਾਂ ਕਲੇਸ਼ਾਂ ਤੋਂ ਨਿਜਾਤ ਲੋੜਦੇ ਹਨ। ਧਰਮ ਅਸਥਾਨਾਂ, ਡੇਰਿਆਂ, ਮਜ਼ਾਰਾਂ ਉੱਤੇ ਹਾਜ਼ਰੀਆਂ ਭਰਨ ਵਾਲੇ ਦੁੱਖਾਂ ਦੇ ਮਾਰੇ ਲੋਕਾਂ ਦੇ ਹੱਥ ਧੰਨ ਦੀ ਬਰਬਾਦੀ ਕਰਾ ਕੇ ਵੀ ਨਿਰਾਸ਼ਾ ਤੋਂ ਬਿਨਾਂ ਕੁਝ ਨਹੀਂ ਲਗਦਾ। ਦੂਜੇ ਪਾਸੇ ਇਹਨਾਂ ਨੂੰ ਦੁੱਖਾਂ-ਮੁਸੀਬਤਾਂ ਤੋਂ ਨਿਜਾਤ ਦਿਵਾਉਣ ਵਾਲੇ ਅਖੌਤੀ ਸਾਧ-ਸੰਤ ਵਾਲੇ ਮਾਲਾਮਾਲ ਹੁੰਦੇ ਹਨ। ਇਹ ਆਪਣੇ ਕੋਲ ਦੂਜਿਆਂ ਤੇ’ ਰੋਹਬ ਜਮਾਉਣ ਲਈ ਆਪਣੇ ਨਿੱਜੀ ਬਾਡੀਗਾਰਡ, ਮਹਿੰਗੀਆਂ ਗੱਡੀਆਂ ਰੱਖਦੇ ਹਨ ਅਤੇ ਦਿਨਾਂ ਵਿੱਚ ਹੀ ਅੰਧਵਿਸ਼ਵਾਸ ਦਾ ਸੌਦਾ ਵੇਚ ਕੇ ਮਾਲਾਮਾਲ ਹੋ ਜਾਂਦੇ ਹਨ।
ਦੁੱਖਾਂ, ਸੰਕਟਾਂ, ਪਰਿਵਾਰਕ ਕਲੇਸ਼ਾਂ, ਗਰੀਬੀ, ਮੰਦਹਾਲੀ ਦੇ ਸਤਾਏ ਲੋਕ, ਜਿਹੜੇ ਇਹਨਾਂ ਡੇਰਿਆਂ ਦੇ ਸ਼ਰਧਾਲੂ ਬਣਦੇ ਹਨ, ਇਹਨਾਂ ਦੇ ਘਰਾਂ ਦੀ ਗਰੀਬੀ, ਮੰਦਹਾਲੀ ਇੱਥੇ ਜਾ ਕੇ ਮੁਕਦੀ ਨਹੀਂ ਬਲਕਿ ਇਹ ਹੋਰ ਕਈ ਤਰ੍ਹਾਂ ਦੇ ਸੰਕਟਾਂ ਦੇ ਸ਼ਿਕਾਰ ਬਣਦੇ ਹਨ। ਇੱਕ ਗਰੀਬ ਔਰਤ, ਜਿਸਦੇ ਪਿੱਤੇ ਵਿੱਚ ਪੱਥਰੀਆਂ ਸਨ ਅਤੇ ਡਾਕਟਰਾਂ ਨੇ ਉਸ ਨੂੰ ਜਲਦੀ ਅਪਰੇਸ਼ਨ ਕਰਾਉਣ ਦੀ ਸਲਾਹ ਦਿੱਤੀ ਹੋਈ ਸੀ, ਉਪਰੇਸ਼ਨ ਕਰਾਉਣ ਅਤੇ ਇਸ ਦੇ ਖਰਚ ਤੋਂ ਡਰ ਕੇ ਇੱਕ ਗੈਬੀ ਸ਼ਕਤੀ ਨਾਲ ਇਲਾਜ ਕਰਨ ਵਾਲੇ ਦੇ ਢਹੇ ਚੜ੍ਹ ਗਈ। ਉਹ ਹਰ ਹਫਤੇ ਸੰਗਤ ਕਰਦਾ ਸੀ। ਕੁਝ ਜਾਪ ਕਰਨ ਮਗਰੋਂ ਉਹ ਉੱਚੀ ਅਵਾਜ਼ ਵਿੱਚ ਆਖਦਾ, “ਜਿਹਨਾਂ ਨੂੰ ਗੁਰਦੇ ਦੀ ਪੱਥਰੀ ਦੀ ਦਰਦ ਹੁੰਦੀ ਹੈ, ਉੱਥੇ ਹੱਥ ਰੱਖੋ।” ਗੁਰਦੇ ਦੀ ਪੱਥਰੀ ਵਾਲੇ ਲੋਕ ਸਰੀਰ ’ਤੇ ਦਰਦ ਵਾਲੀ ਥਾਂ ’ਤੇ ਹੱਥ ਰੱਖਦੇ ਤੇ ਉਹ ਉਹਨਾਂ ਲਈ ਦੁਆ ਕਰਦਾ। ਫਿਰ ਉਹ ਬੋਲਦਾ, “ਜਿਹਨਾਂ ਨੂੰ ਡਾਕਟਰਾਂ ਨੇ ਹਾਰਟ ਅਟੈਕ ਦੀ ਸ਼ਿਕਾਇਤ ਦੱਸੀ ਹੈ, ਆਪਣੇ ਹਾਰਟ ’ਤੇ ਹੱਥ ਰੱਖੋ, ਜਿਹਨਾਂ ਨੂੰ ਪਿੱਤੇ ਦੀ ਪੱਥਰੀ ਦੀ ਦਰਦ ਹੈ, ਦਰਦ ਵਾਲੀ ਥਾਂ ’ਤੇ ਹੱਥ ਰੱਖੋ।”
ਲੋਕ ਹੱਥ ਰੱਖਦੇ ਤੇ ਉਹ ਮੰਤਰ ਉਚਾਰਦਾ ਅਤੇ ਬੜੇ ਵਿਸ਼ਵਾਸ ਨਾਲ ਆਖਦਾ, “ਜਾਓ, ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ। ਕਰ ਦਿੱਤਾ ਹੱਲ।”
ਉਹ ਔਰਤ, ਜਿਸ ਦਾ ਪਿੱਤਾ ਪਥਰੀਆਂ ਨਾਲ ਖਰਾਬ ਹੋ ਗਿਆ ਸੀ, ਇਸ ਤੋਂ ਇਸੇ ਤਰ੍ਹਾ ਗੈਬੀ ਸ਼ਕਤੀ ਨਾਲ ਬੜੇ ਵਿਸ਼ਵਾਸ ਨਾਲ ਇਲਾਜ ਕਰਾਉਂਦੀ ਰਹੀ। ਉਹਨਾਂ ਲੋਕਾਂ ਨੂੰ ਵੀ ਸੁਣਦੀ ਰਹੀ, ਜਿਹਨਾਂ ਦੇ ਪੱਥਰੀਆਂ ਸਨ, ਹਾਰਟ ਅਟੈਕ, ਕੈਂਸਰ ਤੇ ਹੋਰ ਬਿਮਾਰੀਆਂ ਸਨ ਤੇ ਉਹਨਾਂ ਦੀਆਂ ਠੀਕ ਹੋ ਗਈਆਂ ਸਨ। ਇਸੇ ਤਰ੍ਹਾਂ ਇਸ ਔਰਤ ਤੋਂ ਵੀ ਭਰੀ ਸਭਾ ਵਿੱਚ ਕਈ ਵਾਰ ਬੁਲਵਾਇਆ ਗਿਆ ਕਿ ਮੇਰੇ ਪਿੱਤੇ ਦੀ ਪੱਥਰੀ ਸੀ, ਹੁਣ ਮੈਂ ਦੁਆ ਕਰਨ ਨਾਲ ਠੀਕ ਹੋ ਗਈ ਹਾਂ। ਅਪਰੇਸ਼ਨ ਦੀ ਲੋੜ ਨਹੀਂ ਰਹੀ। ਦਿਨ ਲੰਘਦੇ ਗਏ ਅਤੇ ਇੱਕ ਦਿਨ ਉਸ ਔਰਤ ਨੂੰ ਤੜਕਸਾਰ ਉਲਟੀਆਂ ਲੱਗ ਗਈਆਂ। ਪਿੱਤਾ ਅੰਦਰ ਫਟ ਗਿਆ ਤੇ ਉਸ ਦੀ ਮੌਤ ਹੋ ਗਈ। ਉਸ ਵਿਚਾਰੀ ਦੀ ਮਰਨ ਦੀ ਉਮਰ ਨਹੀਂ ਸੀ ਪਰ ਅੰਧਵਿਸ਼ਵਾਸ ਨੇ ਉਸ ਦੀ ਜਾਨ ਲੈ ਲਈ। ਉਸ ਦੇ ਬੱਚੇ, ਧੀਆਂ ਪੁੱਤਰ ਮਾਂ ਦੀ ਛਤਰ ਛਾਇਆ ਤੋਂ ਵਾਂਝੇ ਹੋ ਗਏ। ਦੂਜੇ ਪਾਸੇ ਡੇਰੇ ’ਤੇ ਇਸ ਮੌਤ ਦੇ ਬਾਵਜੂਦ ਵੀ ਭੀੜ ਵਧਦੀ ਰਹੀ। ਕਿਉਂ? ਕਿਉਂਕਿ ਕਿਸੇ ਨੇ ਭਰੀ ਸਭਾ ਵਿੱਚ ਜਾ ਕਦੇ ਇਹ ਕਹਿਣਾ ਨਹੀਂ ਕਿ ਤੁਹਾਡੇ ਗੁਮਰਾਹਕੁੰਨ ਪ੍ਰਚਾਰ ਨਾਲ ਸਾਡੇ ਪਰਿਵਾਰ ਦਾ ਇੱਕ ਜੀਅ ਚਲਾ ਗਿਆ, ਹੁਣ ਹੋਰ ਲੋਕਾਂ ਨੂੰ ਗੁਮਰਾਹ ਨਾ ਕਰੋ। ਉੱਥੇ ਗੁਮਰਾਹ ਹੋਣ ਵਾਲੇ ਤਾਂ ਉਹਨਾਂ ਲੋਕਾਂ ਨੂੰ ਸੁਣ ਰਹੇ ਹਨ ਜਿਹੜੇ ਬੋਲ ਰਹੇ ਕਿ ਅਸੀਂ ਇੱਥੋਂ ਠੀਕ ਹੋ ਗਏ ਹਾਂ। ਇਸ ਤਰ੍ਹਾਂ ਅੰਧਵਿਸ਼ਵਾਸ ਦਾ ਇਹ ਕਾਰੋਬਾਰ ਲੋਕਾਂ ਦੀਆਂ ਜਾਨਾਂ ਵੀ ਲੈਂਦਾ ਹੈ ਅਤੇ ਵਧਦਾ ਫੁੱਲਦਾ ਵੀ ਰਹਿੰਦਾ ਹੈ। ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਕਹਾਣੀਆਂ ਹਨ, ਜਿਹਨਾਂ ਦੀ ਖੋਜ ਕੀਤੀ ਜਾਵੇ ਤਾਂ ਹਜ਼ਾਰਾਂ ਲੋਕ ਅਜਿਹੇ ਮਿਲ ਜਾਣਗੇ, ਜਿਹਨਾਂ ਦੇ ਪਰਿਵਾਰ ਦੇ ਜੀਆਂ ਦਾ ਸਮੇਂ ਸਿਰ ਸਹੀ ਇਲਾਜ ਨਹੀਂ ਹੋ ਸਕਿਆ ਤੇ ਉਹ ਇਸ ਅੰਧਵਿਸ਼ਵਾਸਸ ਦੀ ਬਦੌਲਤ ਜਹਾਨ ਤੋਂ ਤੁਰ ਗਏ। ਹਾਲਾਂਕਿ ਸਮੇਂ ਸਿਰ ਠੀਕ ਇਲਾਜ ਕਰਵਾ ਕੇ ਉਹਨਾਂ ਨੂੰ ਠੀਕ ਕੀਤਾ ਜਾ ਸਕਦਾ ਸੀ। ਭੋਲੇ ਭਾਲੇ ਗਰੀਬੀਆਂ, ਮੰਦਹਾਲੀਆਂ ਦੇ ਸਤਾਏ ਲੋਕ ਲਗਾਤਾਰ ਇਹਨਾਂ ਦਾ ਸ਼ਿਕਾਰ ਬਣ ਰਹੇ ਹਨ ਪਰ ਕਿਸੇ ਅਦਾਰੇ, ਕਿਸੇ ਪ੍ਰਸ਼ਾਸਨ ਦਾ ਇਸ ਪਾਸੇ ਧਿਆਨ ਨਹੀਂ।
ਅੰਧਵਿਸ਼ਵਾਸ ਦੀ ਦਲਦਲ ਵਿੱਚ ਫਸੇ ਰਹਿਣਾ ਅਤੇ ਸੋਚ ਵਿਚਾਰ ਕਰਨ ਦੀ ਸ਼ਕਤੀ ਨੂੰ ਵਿਸਾਰ ਛੱਡਣਾ, ਇਸ ਦਾ ਨੁਕਸਾਨ ਕੇਵਲ ਸਾਨੂੰ ਅਤੇ ਸਾਡੇ ਪਰਿਵਾਰ ਜਾਂ ਸਾਡੇ ਕਾਰੋਬਾਰ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ ਬਲਕਿ ਇਸ ਦਾ ਅਸਰ ਸਾਡੀਆਂ ਆਉਣ ਵਾਲੀਆਂ ਨਸਲਾਂ ਤੱਕ ਵੀ ਹੁੰਦਾ ਹੈ। ਅਸੀਂ ਅਜਿਹੇ ਸਮਾਜ ਦੀ ਸਿਰਜਣਾ ਕਰ ਰਹੇ ਹੁੰਦੇ ਹਾਂ ਜਿਸ ਵਿੱਚ ਸੋਚ ਵਿਚਾਰ ਤੋਂ ਹੀਣੀ ਸਾਡੀ ਔਲਾਦ ਪੈਦਾ ਹੋਵੇਗੀ। ਉਹਨਾਂ ਕੋਲ ਵਿਵੇਕ ਨਹੀਂ ਹੋਵੇਗਾ, ਜੀਵਨ ਦੀ ਸਮਝ ਨਹੀਂ ਹੋਵੇਗੀ। ਵਿਕਾਸ ਅਤੇ ਤਰੱਕੀ ਕਰਨ ਦੀ ਜੁਗਤ ਨਹੀਂ ਹੋਵੇਗੀ। ਅਜਿਹੇ ਸਮਾਜ ਵਿੱਚ ਚੰਗੇ ਡਾਕਟਰ, ਵਿਗਿਆਨੀ, ਵਿਦਵਾਨ ਅਤੇ ਫਿਲਾਸਫਰ ਜ਼ਹੀਨ ਪ੍ਰਸ਼ਾਸ਼ਨਿਕ ਅਧਿਕਾਰੀ ਪੈਦਾ ਨਹੀਂ ਹੋਣਗੇ। ਅੰਧਵਿਸ਼ਵਾਸ ਦੀ ਬਦੌਲਤ ਟੈਪੂਆਂ, ਟਰਾਲੀਆਂ ’ਤੇ ਝੰਡੇ ਲਾ ਕੇ ਨਾਮ ਦੇ ਜਹਾਜ਼ ਦੇ ਜੈਕਾਰ ਛੱਡਦੇ ਲੋਕ ਹੋਣਗੇ, ਜਿਹੜੇ ਇੱਕ ਡੇਰੇ ਤੋਂ ਦੂਜੇ ਤੇ ਦੂਜੇ ਤੋਂ ਤੀਜੇ ਕਿਸੇ ਹੋਰ ਧਰਮ ਅਸਥਾਨ ਲਈ ਯਾਤਰਾ ਲਈ ਤੁਰੇ ਰਹਿਣਗੇ।
ਮਨੁੱਖ ਨੇ ਆਪਣੀ ਅਕਲ ਨਾਲ ਹਨੇਰੀਆਂ ਰਾਤਾਂ ਨੂੰ ਬਿਜਲੀ ਦੀ ਰੌਸ਼ਨੀ ਵਿੱਚ ਤਬਦੀਲ ਕੀਤਾ। ਇਲਾਜ ਦੇ ਖੇਤਰ ਵਿੱਚ ਵੱਡੇ ਕੀਰਤੀਮਾਨ ਸਥਾਪਤ ਕੀਤੇ। ਸਦੀਆਂ ਤੋਂ ਚੱਲੀਆਂ ਆ ਰਹੀਆਂ ਬਿਮਾਰੀਆਂ, ਮਹਾਂਮਾਰੀਆਂ ਨੂੰ ਰੋਕਣ ਦਾ ਹੀਲਾ ਕੀਤਾ। ਪੋਲੀਓ ਵਰਗੀਆਂ ਭਿਆਨਕ ਬਿਮਾਰੀਆਂ ਦੇ ਇਲਾਜ ਲੱਭੇ। ਇਹ ਕਿਸੇ ਭੇਖਾਧਾਰੀ ਨੇ ਕਿਸੇ ਗ੍ਰੰਥ ਸ਼ਾਸ਼ਤਰ ਦੀਆਂ ਕਿਤਾਬਾਂ ਨੂੰ ਫਰੋਲ ਕੇ ਨਹੀਂ ਲੱਭੇ ਬਲਕਿ ਉਹਨਾਂ ਲੋਕਾਂ ਨੇ ਇਸ ਦੀ ਖੋਜ ਕੀਤੀ, ਜਿਹਨਾਂ ਨੇ ਅੰਧਵਿਸ਼ਵਾਸ ਨੂੰ ਤਿਆਗਕੇ ਸੋਚ ਵਿਚਾਰ ਅਤੇ ਖੋਜ ਕਰਨ ਨੂੰ ਤਰਜੀਹ ਦਿੱਤੀ ਇਸ ਲਈ ਸਾਨੂੰ ਚਾਹੀਦਾ ਹੈ ਅਸੀਂ ਆਪਣੇ ਬੱਚਿਆਂ ਨੂੰ ਸਵਾਲ ਕਰਨ ਦੀ ਆਦਤ ਪਾਈਏ। ਉਹਨਾਂ ਨੂੰ ਪੁਜਾਰੀਆਂ ਦੇ ਪੂਜਕ ਅਤੇ ਸ਼ਰਧਾਲੂ ਨਾ ਬਣਾਈਏ, ਸਗੋਂ ਸੋਚ ਵਿਚਾਰ ਕਰਨ ਵਾਲੇ ਤਰਕਸ਼ੀਲ ਅਤੇ ਵਿਵੇਕਸ਼ੀਲ ਇਨਸਾਨ ਬਣਾਈਏ। ਮਨੁੱਖੀ ਇਤਿਹਾਸ ਗਵਾਹ ਹੈ ਕਿ ਅੰਧਵਿਸ਼ਵਾਸ ਦੀ ਦਲਦਲ ਵਿੱਚ ਫਸ ਕੇ ਸੋਚ ਵਿਚਾਰ ਕਰਨ ਦੀ ਸ਼ਕਤੀ ਗਵਾ ਲੈਣ ਵਾਲੇ ਸਮਾਜ ਕਈ ਤਰ੍ਹਾਂ ਦੀਆਂ ਮੁਸ਼ਕਲਾਂ, ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਦੂਜੇ ਪਾਸੇ ਵਿਚਾਰਾਂ ਦੀ ਅਜ਼ਾਦੀ ਮਨੁੱਖ ਸਮਾਜ ਨੂੰ ਬਿਹਤਰ ਤੋਂ ਹੋਰ ਬਿਹਤਰ ਬਣਾਉਣ ਵਿੱਚ ਵੱਡਾ ਰੋਲ ਅਦਾ ਕਰਦੀ ਹੈ। ਇਸ ਲਈ ਆਓ ਅੰਧਵਿਸ਼ਵਾਸ ਦੀ ਦਲਦਲ ਵਿੱਚੋਂ ਨਿਕਲ ਕੇ ਚੰਗੀਆਂ ਕਿਤਾਬਾਂ ਪੜ੍ਹੀਏ, ਉਸਾਰੂ ਸਾਹਿਤ ਪੜ੍ਹੀਏ ਅਤੇ ਆਪਣੇ ਮਨ ਮਸਤਕ ਵਿੱਚ ਗਿਆਨ ਵਿਗਿਆਨ ਦੇ ਦੀਵੇ ਬਾਲ ਕੇ ਇਹਨਾਂ ਦੀ ਰੌਸ਼ਨੀ ਵਿੱਚ ਆਪਣੇ ਦੌਰ ਦੀਆਂ ਮੁਸ਼ਕਲਾਂ, ਸਮੱਸਿਅਵਾਂ ਹੱਲ ਕਰੀਏ ਅਤੇ ਸਮਾਜਿਕ ਵਰਤਾਰਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (