“ਪਿਛਲੇ ਕੁਝ ਹਫ਼ਤਿਆਂ ਤੋਂ ਚਮਕੀਲਾ ਫਿਲਮ ਦੀ ਬਹੁਤ ਚਰਚਾ ਹੈ। ਇਹ ਫਿਲਮ ਦੇਖਣ ਤੋਂ ਬਾਅਦ ਇਵੇਂ ਮਹਿਸੂਸ ...”
(13 ਮਈ 2024)
ਇਸ ਸਮੇਂ ਪਾਠਕ: 200.
ਪਿਛਲੇ ਕੁਝ ਹਫ਼ਤਿਆਂ ਤੋਂ ਚਮਕੀਲਾ ਫਿਲਮ ਦੀ ਬਹੁਤ ਚਰਚਾ ਹੈ। ਇਹ ਫਿਲਮ ਦੇਖਣ ਤੋਂ ਬਾਅਦ ਇਵੇਂ ਮਹਿਸੂਸ ਹੋਇਆ ਕਿ ਇਹ ਫਿਲਮ ਚਮਕੀਲੇ ਦੇ ਕਤਲ ਨਾਲ ਸੰਬੰਧਿਤ ਕਈ ਮੁੱਦੇ ਉਭਾਰਨ ਵਿੱਚ ਸਫਲ ਰਹੀ ਹੈ। ਪਰ ਵੱਡਾ ਮੁੱਦਾ ਚਮਕੀਲੇ ਦੀ ਅਸ਼ਲੀਲ ਅਤੇ ਅਸੱਭਿਅਕ ਗਾਇਕੀ ਦਾ ਹੀ ਭਾਰੂ ਰਿਹਾ। ਇਸੇ ਵਿਸ਼ੇ ’ਤੇ ਬਣੀਆਂ ਪਹਿਲੀਆਂ ਦੋ ਫਿਲਮਾਂ ਵਾਂਗ ਚਮਕੀਲੇ ਦੇ ਕਾਤਲਾਂ ਨੂੰ ਇਸ ਫਿਲਮ ਵਿੱਚ ਵੀ ਸ਼ੱਕ ਦੇ ਘੇਰੇ ਵਿੱਚ ਰੱਖਿਆ ਗਿਆ ਹੈ। ਚਮਕੀਲੇ ਦੇ ਕਾਤਲਾਂ ਵਿੱਚ ਇੱਕ ਪਾਸੇ ਸਮਕਾਲੀ ਗਾਇਕਾਂ, ਦੂਜੇ ਪਾਸੇ ਖਾੜਕੂਆਂ ਅਤੇ ਤੀਜੇ ਪਾਸੇ ਚਮਕੀਲੇ ਅਤੇ ਅਮਰਜੋਤ ਦੇ ਪਰਿਵਾਰਾਂ ਵੱਲ ਸ਼ੱਕ ਦੀ ਸੂਈ ਘੁਮਾਈ ਗਈ ਹੈ ਪਰ ਨਤੀਜਾ ਕੋਈ ਨਹੀਂ ਕੱਢਿਆ ਗਿਆ। ਅਸਲੀਅਤ ਇਹ ਹੈ ਕਿ ਉਦੋਂ ਉਸ ਇਲਾਕੇ ਦੇ ਲੋਕਾਂ ਅਤੇ ਪੁਲਿਸ ਨੂੰ ਇੱਕ ਦੋਂਹ ਦਿਨਾਂ ਵਿੱਚ ਹੀ ਕਤਲ ਕਰਨ ਵਾਲੇ ਖਾੜਕੂਆਂ ਦਾ ਪਤਾ ਲੱਗ ਗਿਆ ਸੀ। ਮੈਨੂੰ ਯਾਦ ਹੈ, ਅਸੀਂ ਉਸ ਵਕਤ ਫਗਵਾੜੇ ਪੜ੍ਹਦੇ ਸੀ। ਉੱਥੇ ਅਗਲੇ ਦਿਨ ਹੀ ਪਤਾ ਲੱਗ ਗਿਆ ਸੀ ਕਿ ਦੀਪਾ ਹੇਰਾਂ ਤੇ ਗੁਰਨੇਕ ਸਿੰਘ ਨੇਕਾ ਦੇ ਕਮਾਂਡੋ ਫੋਰਸ ਗਰੁੱਪ ਨੇ ਇਹ ਕਾਰਾ ਕੀਤਾ ਸੀ। ਸ਼ਾਇਦ ਦੋ ਕੁ ਮਹੀਨਿਆਂ ਵਿੱਚ ਹੀ ਪੁਲਿਸ ਨੇ ਤਿੰਨ ਖਾੜਕੂਆਂ ਦੀਪਾ ਹੇਰਾਂ, ਬਾਬਾ ਨੇਕਾ ਤੇ ਸੁਖਦੇਵ ਸੋਢੀ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਫਿਰ ਵੀ ਪਤਾ ਨਹੀਂ ਕਿਉਂ ਇਹ ਫਿਲਮ ਬਣਾਉਣ ਵਾਲੇ ਨੇ ਇਸ ਕਤਲ ਨੂੰ ਸ਼ੱਕੀ ਬਣਾ ਕੇ ਪੇਸ਼ ਕੀਤਾ ਹੈ?
ਅਸ਼ਲੀਲ ਅਤੇ ਸਮਾਜ ਦੀਆਂ ਕਦਰਾਂ ਕੀਮਤਾਂ ਦੇ ਮਿਆਰ ਤੋਂ ਨੀਵੇਂ ਗੀਤ ਤਾਂ ਅਨੇਕਾਂ ਦੋ-ਗਾਣੇ ਗੀਤ ਗਾਉਣ ਵਾਲੇ ਅਨੇਕਾਂ ਗਾਇਕ ਥੋੜ੍ਹੇ ਬਹੁਤੇ ਫ਼ਰਕ ਨਾਲ ਪਹਿਲਾਂ ਤੋਂ ਗਾਉਂਦੇ ਆਏ ਹਨ ਅਤੇ ਅੱਜ ਵੀ ਗਾ ਰਹੇ ਹਨ। ਮੇਰੇ ਵਿਚਾਰ ਅਨੁਸਾਰ ਸਿੱਖ ਸਮਾਜ ਲਈ ਅਸ਼ਲੀਲਤਾ ਨਾਲ਼ੋਂ ਵੱਧ ਵਿਚਾਰਨ ਵਾਲਾ ਮਸਲਾ ਉਸ ਵਕਤ ਵੀ ਅਤੇ ਅੱਜ ਵੀ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਕਦੋਂ ਤਕ 17-18ਵੀਂ ਸਦੀ ਦੀ ਮਾਨਸਿਕਤਾ ਅਤੇ ਤਰੀਕਿਆਂ ਨਾਲ ਆਪਣੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਮਸਲੇ ਹਥਿਆਰਾਂ ਜਾਂ ਸੋਧਿਆਂ ਰਾਹੀਂ ਹੱਲ ਕਰਦੇ ਰਹਾਂਗੇ? ਚਮਕੀਲਾ ਫਿਲਮ ਲੱਗਣ ਤੋਂ ਪਹਿਲਾਂ ਅਤੇ ਹੁਣ ਫਿਲਮ ਲੱਗਣ ਤੋਂ ਬਾਅਦ ਚਮਕੀਲੇ, ਉਸਦੀ ਗਰਭਵਤੀ ਪਤਨੀ ਅਮਰਜੋਤ ਤੇ ਉਨ੍ਹਾਂ ਦੇ ਸਾਥੀਆਂ ਦੇ ਕਤਲ ਕਰਨ ਵਾਲੇ ਖਾੜਕੂਆਂ ਦੇ ਇੰਗਲੈਂਡ ਰਹਿੰਦੇ ਸਾਥੀ ਲਸ਼ਵਿੰਦਰ ਡੱਲੇਵਾਲ਼ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਖਾਲਿਸਤਾਨ ਕਮਾਂਡੋ ਫੋਰਸ ਨੇ ਇਹ ਸੋਧੇ ਲਾਏ ਸਨ।
ਚਮਕੀਲਾ ਤਾਂ ਚਲੋ ਅਸ਼ਲੀਲ ਗੀਤ ਗਾਉਂਦਾ ਸੀ, ਉਸ ਨੂੰ ਤਾਂ ਮਾਰਨਾ ਜ਼ਰੂਰੀ ਸੀ, ਕੀ ਖਾੜਕੂ ਲਹਿਰ ਦੌਰਾਨ 4-5 ਸੌ ਕਾਮਰੇਡ ਇਸ ਕਰਕੇ ਕਤਲ ਨਹੀਂ ਕਰ ਦਿੱਤੇ ਗਏ ਸਨ ਕਿ ਉਹ ਬੇਗੁਨਾਹਾਂ ਦੇ ਕਤਲਾਂ ਦਾ ਵਿਚਾਰਧਾਕ ਵਿਰੋਧ ਕਰਦੇ ਸਨ? ਕੀ ਇਹ ਵੀ ਸੱਚ ਨਹੀਂ ਕਿ ਸੈਂਕੜੇ ਆਮ ਬੇਗੁਨਾਹ ਤੇ ਨਿਹੱਥੇ ਨਿਰੰਕਾਰੀ ਇਸ ਲਈ ਕਤਲ ਕਰ ਦਿੱਤੇ ਗਏ ਸਨ ਕਿ ਉਹ ਨਿਰੰਕਾਰੀ ਸਨ? ਕੀ ਬੱਸਾਂ ਟਰੇਨਾਂ ਵਿੱਚ ਮਰਨ ਵਾਲੇ ਬੇਗੁਨਾਹ ਲੋਕਾਂ ਦਾ ਕਸੂਰ ਇੰਨਾ ਹੀ ਨਹੀਂ ਸੀ ਕਿ ਉਹ ਹਿੰਦੂ ਸਨ? ਅਸੀਂ ਕਦੋਂ ਇਹ ਸਮਝਾਂਗੇ ਕਿ ਹਿੰਸਾ ਅਤੇ ਨਫਰਤ ਦੀ ਰਾਜਨੀਤੀ ਸਿੱਖਾਂ ਵਰਗੀ ਇੱਕ ਛੋਟੀ ਜਿਹੀ ਘੱਟ-ਗਿਣਤੀ ਲਈ ਘਾਤਕ ਰਾਹ ਹੈ। ਸਾਡੀਆਂ ਅਜਿਹੀਆਂ ਨੀਤੀਆਂ ਬਹੁ-ਗਿਣਤੀ ਨੂੰ ਗੁਮਰਾਹ ਕਰਕੇ ਰਾਜ ਕਰ ਰਹੀਆਂ ਧਿਰਾਂ ਦੇ ਹੱਕ ਵਿੱਚ ਹੀ ਭੁਗਤਦੀਆਂ ਹਨ। ਲੋਕ ਕਦੋਂ ਪੰਥ ਦੇ ਵਾਰਿਸਾਂ ਤੋਂ ਸਵਾਲ ਪੁੱਛਣਗੇ ਕਿ ਧਰਮ ਦੇ ਨਾਮ ’ਤੇ ਬੇਗੁਨਾਹਾਂ ਦੇ ਕਤਲ ਕਦੋਂ ਬੰਦ ਹੋਣਗੇ?
ਬੇਸ਼ਕ ਆਮ ਲੋਕ ਅਜਿਹੇ ਕਤਲਾਂ ਦੇ ਹੱਕ ਵਿੱਚ ਨਹੀਂ ਹੁੰਦੇ, ਪਰ ਜਦੋਂ ਸਰਕਾਰਾਂ ਅਜਿਹੇ ਅਨਸਰਾਂ ਉੱਤੇ ਕਾਰਵਾਈ ਕਰਦੀਆਂ ਹਨ ਤਾਂ ਇਨ੍ਹਾਂ ਧਿਰਾਂ ਵੱਲੋਂ ਸਿਰਜੇ ਜਾਂਦੇ, ਸਿੱਖਾਂ ਖਿਲਾਫ ਵਿਤਕਰਿਆਂ ਅਤੇ ਗ਼ੁਲਾਮੀ ਦੇ ਝੂਠੇ ਬਿਰਤਾਂਤਾਂ ਤੋਂ ਗੁਮਰਾਹ ਹੋ ਕੇ ਇਨ੍ਹਾਂ ਧਿਰਾਂ ਦੇ ਹੱਕ ਵਿੱਚ ਭੁਗਤ ਜਾਂਦੇ ਹਨ, ਜਿਸ ਨਾਲ ਸਿੱਖ ਕਮਿਉਨਿਟੀ ਲੰਬੇ ਸਮੇਂ ਤੋਂ ਵਾਰ-ਵਾਰ ਨੁਕਸਾਨ ਉਠਾ ਰਹੀ ਹੈ।
ਚਮਕੀਲਾ ਮੂਵੀ ਦੇ ਹੇਠਾਂ ਦਿੱਤੇ ਜਾ ਰਹੇ ਇੱਕ ਕਲਿੱਪ ਦਾ ਡਾਇਲਾਗ ਸਾਡੇ ਸਭ ਦੇ ਸੋਚਣ ਵਿਚਾਰਨ ਲਈ ਹੈ: ਜਿਉਂਦੇ ਜੀ, ਮਰ ਜਾਈਏ ਜਾਂ ਮਰ ਕੇ ਜ਼ਿੰਦਾ ਰਹੀਏ?
ਇਸ ਬਾਰੇ ਅਸੀਂ ਸੋਚਣਾ ਹੈ ਕਿ ਕੁਝ ਸਵਾਰਥੀ ਲੀਡਰਾਂ, ਵਿਦਵਾਨਾਂ ਅਤੇ ਪ੍ਰਚਾਰਕਾਂ ਦੀਆਂ ਮੌਕਾਪ੍ਰਸਤ ਨੀਤੀਆਂ ਨੂੰ ਕਦੋਂ ਤਕ ਮੂਕ ਦਰਸ਼ਕ ਬਣ ਕੇ ਦੇਖਦੇ ਰਹਿਣਾ ਹੈ?
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4963)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)