HarcharanSParhar7ਟਰਾਂਟੋ ਏਰੀਏ ਵਿੱਚ ਇੱਕ ਲੱਖ ਤੋਂ ਵੱਧ ਵਰਕ ਪਰਮਿਟਇੰਟਰਨੈਸ਼ਨਲ ਸਟੂਡੈਂਟਸ ਤੇ ਰਿਫਊਜੀ ਸਟੇਟਸ ਵਾਲ਼ੇ ...
(5 ਫਰਵਰੀ 2024)

 

ਕਨੇਡਾ ਵਿੱਚ ਪੰਜਾਬੀਆਂ ਨੇ ਇੱਕ ਹੋਰ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਟਰਾਂਟੋ ਸੰਨ ਦੀ ਰਿਪੋਰਟ ਅਨੁਸਾਰ ਇੱਕ ਘਰ ਦੀ ਗੈਰਕਨੂੰਨੀ ਬੇਸਮੈਂਟ ਵਿੱਚ ਗੈਰਕਨੂੰਨੀ ਢੰਗ ਨਾਲ਼ 25 ਇੰਟਰਨੈਸ਼ਨਲ ਸਟੂਡੈਂਟ ਰੱਖੇ ਹੋਏ ਸਨ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਦੇ ਦੱਸਣ ਅਨੁਸਾਰ ਟਰਾਂਟੋ ਏਰੀਏ ਵਿੱਚ ਇੱਕ ਲੱਖ ਤੋਂ ਵੱਧ ਵਰਕ ਪਰਮਿਟ, ਇੰਟਰਨੈਸ਼ਨਲ ਸਟੂਡੈਂਟਸ ਤੇ ਰਿਫਊਜੀ ਸਟੇਟਸ ਵਾਲ਼ੇ ਗੈਰ ਕਨੂੰਨੀ ਬੇਸਮੈਂਟਾਂ ਆਦਿ ਵਿੱਚ ਬਹੁਤ ਹੀ ਖਤਰਨਾਕ ਹਾਲਤਾਂ ਵਿੱਚ ਰਹਿ ਰਹੇ ਹਨ। ਮੇਅਰ ਅਨੁਸਾਰ ਬਰੈਂਪਟਨ ਵਿੱਚ ਵੱਡੀ ਗਿਣਤੀ ਵਿੱਚ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਹਾਲਾਤ ਥਰਡ ਵਰਲਡ ਦੇਸ਼ਾਂ ਦੇ ਲੋਕਾਂ ਤੋਂ ਵੀ ਭੈੜੇ ਹਨ। ਮੇਅਰ ਅਨੁਸਾਰ ਇਸ ਸ਼ਹਿਰ ਵਿੱਚ 16 ਹਜ਼ਾਰ ਗੈਰਕਨੂੰਨੀ ਬੇਸਮੈਂਟਾਂ ਹਨ, ਜਿੱਥੇ ਸੇਫਟੀ ਅਤੇ ਸਫ਼ਾਈ ਪੱਖੋਂ ਹਾਲਾਤ ਬਹੁਤ ਹੀ ਬਦਤਰ ਹਨ।

ਸਾਡੇ ਲੋਕ ਆਪ ਤਾਂ ਦੂਜੇ ਭਾਈਚਾਰਿਆਂ, ਸਰਕਾਰਾਂ ਉੱਤੇ ਮਾੜੀ ਮਾੜੀ ਗੱਲ ਲਈ ਧੱਕੇਸ਼ਾਹੀਆਂ, ਬੇਇਨਸਾਫੀਆਂ, ਗ਼ੁਲਾਮੀ ਦੇ ਇਲਜ਼ਾਮ ਲਗਾ ਕੇ ਧਰਨੇ ਮੁਜ਼ਾਹਰੇ ਮੋਰਚੇ ਲਾਈ ਰੱਖਦੇ ਹਨ ਪਰ ਜਿੱਥੇ ਉਨ੍ਹਾਂ ਕੋਲ਼ ਆਪ ਥੋੜ੍ਹੀ ਜਿਹੀ ਵੀ ਪਾਵਰ ਹੁੰਦੀ ਹੈ, ਉੱਥੇ ਦੂਜਿਆਂ ਨੂੰ ਤਾਂ ਛੱਡੋ, ਆਪਣੇ ਪੰਜਾਬੀ ਸਿੱਖ ਬੱਚਿਆਂ, ਭਰਾਵਾਂ ਨਾਲ਼ ਦੁਰ ਵਿਵਹਾਰ ਕਰਨ, ਲੁੱਟਣ ਵਿੱਚ ਕੋਈ ਕਸਰ ਨਹੀ ਛੱਡਦੇ। ਸਵਾਰਥ ਅਤੇ ਲਾਲਚ ਸਾਡੀ ਬਹੁ-ਗਿਣਤੀ ਵਿੱਚ ਇੰਨਾ ਭਾਰੂ ਹੈ ਕਿ ਨੈਤਿਕ ਗਿਰਾਵਟ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ। ਸਾਡੀ ਨੌਜਵਾਨੀ ਦਾ ਨਸ਼ਿਆਂ ਵਿੱਚ ਗ਼ਲਤਾਨ ਹੋਣਾ, ਡਰੱਗ ਸਮਗਲਿੰਗ ਵਿੱਚ ਸ਼ਾਮਿਲ ਹੋਣਾ, ਗੈਂਗਵਾਰ, ਫਿਰੌਤੀਆਂ, ਚੋਰੀਆਂ, ਡਾਕਿਆਂ ਆਦਿ ਵਿੱਚ ਭਾਰੀ ਗਿਣਤੀ ਵਿੱਚ ‘ਨਾਮਣਾ ਖੱਟਣਾ’, ਸਾਡੇ ਸਮਾਜ ਦੀ ਦਿਨੋ ਦਿਨ ਵਧ ਰਹੀ ਨੈਤਿਕ ਗਿਰਵਾਟ ਦਾ ਨਿਸ਼ਾਨੀ ਹੈ। ਪਰ ਅਸੀਂ ਲੰਗਰਾਂ, ਨਗਰ ਕੀਰਤਨਾਂ, ਰੈਫਰੈਂਡਮਾਂ, ਕਬੱਡੀ ਟੂਰਨਾਮੈਂਟਾਂ, ਗਿੱਧਿਆਂ-ਭੰਗੜਿਆਂ ਰਾਹੀਂ ਆਪਣੀ ਨੈਤਿਕਤਾ ਦਾ ਨੰਗ ਢਕਣਾ ਚਾਹੁੰਦੇ ਹਾਂ।

ਜੇ ਸਾਡੀ ਲੀਡਰਸ਼ਿਪ ਥੋੜ੍ਹੀ ਜਿਹੀ ਇਮਾਨਦਾਰ ਵੀ ਹੋਵੇ ਤਾਂ ਸਭ ਕੁਝ ਛੱਡ ਕੇ ਕੌਮ ਦੀ ਰੁੜ੍ਹ ਰਹੀ ਨੌਜਵਾਨੀ ਨੂੰ ਸੰਭਾਲਣ ਲਈ ਸੰਜੀਦਾ ਯਤਨ ਕਰਨ। ਪਰ ਫਿਲਹਾਲ ਆਸ ਦੀ ਕਿਰਨ ਕਿਸੇ ਪਾਸੇ ਨਜ਼ਰ ਨਹੀਂ ਅਉਂਦੀ

*****

About the Author

ਹਰਚਰਨ ਸਿੰਘ ਪਰਹਾਰ

ਹਰਚਰਨ ਸਿੰਘ ਪਰਹਾਰ

Editor: Sikh Virsa.
Calgary, Alberta, Canada.
Tel: (403 - 681 - 8689)
Email: (hparharwriter@gmail.com)

 

More articles from this author