“ਜੇ ਇਨ੍ਹਾਂ ਵਰਤਾਰਿਆਂ ਬਾਰੇ ਅਸੀਂ ਸੋਚਣਾ ਵਿਚਾਰਨਾ ਜਾਂ ਕੁਝ ਕਰਨਾ ਨਾ ਸ਼ੁਰੂ ਕੀਤਾ ਤਾਂ ਹਾਲਾਤ ਵਿਦੇਸ਼ਾਂ ਵਿੱਚ ਵੀ ...”
(13 ਮਈ 2023)
ਇਸ ਸਮੇਂ ਪਾਠਕ: 165.
ਜਿਸ ਦੇਸ਼ ਵਿੱਚ ਸਿੱਖਾਂ ਨੂੰ ਸਭ ਤੋਂ ਵੱਡੇ ਦੇਸ਼ ਭਗਤ ਤੇ ਦੇਸ਼ ਦੇ ਰਾਖੇ ਮੰਨਿਆ ਜਾਂਦਾ ਸੀ, ਜਿਸ ਕਰਕੇ ਸਾਰੇ ਦੇਸ਼ ਵਿੱਚ ਨਾ ਸਿਰਫ ਸਿੱਖਾਂ ਦੀ ਪੂਰੀ ਸਰਦਾਰੀ ਸੀ, ਸਗੋਂ ਬਾਕੀ ਦੇਸ਼ ਵਿੱਚ ਵਸਦੀਆਂ ਸਭ ਕੌਮਾਂ ਨਾਲ਼ੋਂ ਸਿੱਖ ਵੱਧ ਖੁਸ਼ਹਾਲ ਸਨ; ਅੱਜ ਉਸੇ ਦੇਸ਼ ਵਿੱਚ ਸਿੱਖ ਲੀਡਰਸ਼ਿੱਪ ਦੀ ਸੌੜੀ ਰਾਜਨੀਤੀ ਅਤੇ ਸਿੱਖਾਂ ਦੇ ਇੱਕ ਛੋਟੇ ਜਿਹੇ ਹਿੱਸੇ ਦੀ ਹਿੰਸਾ ਅਤੇ ਨਫ਼ਰਤ ਦੀ ਰਾਜਨੀਤੀ ਨੇ ਸਾਰੀ ਸਿੱਖ ਕੌਮ ਨੂੰ ਅੱਤਵਾਦੀ ਅਤੇ ਵੱਖਵਾਦੀ ਬਣਾ ਦਿੱਤਾ ਹੈ। ਅੱਜ ਸਿੱਖਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾਣ ਲੱਗਾ ਹੈ।
ਇਹੋ ਜਿਹੀ ਸੌੜੀ, ਹਿੰਸਕ ਤੇ ਨਫ਼ਰਤ ਦੀ ਰਾਜਨੀਤੀ ਵਾਲੀ ਲੀਡਰਸ਼ਿੱਪ ਨੇ ਹੁਣ ਵਿਦੇਸ਼ਾਂ ਵਿੱਚ ਵੀ ਸਿੱਖਾਂ ਨੂੰ ਸ਼ੱਕੀ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ 40-50 ਸਾਲਾਂ ਵਿੱਚ ਸਿੱਖਾਂ ਨੇ ਆਪਣੀ ਮਿਹਨਤ ਅਤੇ ਲਿਆਕਤ ਨਾਲ ਵਿਦੇਸ਼ਾਂ ਵਿੱਚ ਬੜਾ ਸਤਿਕਾਰਤ ਸਥਾਨ ਬਣਾ ਲਿਆ ਸੀ, ਜਿਸ ਉੱਤੇ ਇਹ ਲੋਕ ਆਪਣੀਆਂ ਆਪ-ਹੁਦਰੀਆਂ ਨਾਲ ਪੋਚਾ ਫੇਰਨ ’ਤੇ ਲੱਗੇ ਹੋਏ ਹਨ।
ਜੂਨ 1985 ਦੇ ਏਅਰ ਇੰਡੀਆ ਜਹਾਜ਼ ਕਾਂਡ ਨਾਲ ਸਿੱਖਾਂ ਉੱਤੇ ਲੱਗੇ ਅੱਤਵਾਦੀ ਹੋਣ ਦੇ ਧੱਬੇ ਅਜੇ ਧੋ ਨਹੀਂ ਹੋਏ ਹਨ ਕਿ ਨਿੱਤ ਗੁਰਦੁਆਰਿਆਂ ਵਿੱਚ ਚੌਧਰ ਅਤੇ ਗੋਲਕ ਉੱਤੇ ਕਬਜ਼ੇ ਦੀਆਂ ਲੜਾਈਆਂ, ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਹੁੱਲੜ੍ਹਬਾਜ਼ੀਆਂ, ਨਿੱਤ ਡਰੱਗ ਤਸਕਰੀ ਵਿੱਚ ਫੜ ਹੋ ਰਹੇ ਸਿੱਖ ਨੌਜਵਾਨ, ਗੈਂਗਵਾਰ ਵਿੱਚ ਇੱਕ ਦੂਜੇ ਦੇ ਹੋ ਰਹੇ ਕਤਲ, ਹਰ ਗ਼ੈਰ ਇਖਲਾਕੀ ਤੇ ਗੈਰ ਸੰਵਿਧਾਨਕ ਢੰਗਾਂ ਨਾਲ ਰਾਜਨੀਤੀ ਵਿੱਚ ਦਾਖਲੇ ਤੇ ਇੰਮੀਗ੍ਰੇਸ਼ਨ ਫਰਾਡ ਨਾਲ ਸਾਰੀ ਕੌਮ ਦਾ ਸਿਰ ਨੀਵਾਂ ਹੋ ਰਿਹਾ ਹੈ।
ਇਹ ਲੋਕ ਹੁਣ ਪਿਛਲੇ ਕੁਝ ਸਮੇਂ ਤੋਂ ਫਰੀਡਮ ਆਫ ਸਪੀਚ ਦੇ ਨਾਮ ’ਤੇ ਆਮ ਲੋਕਾਂ ਦੀ ਆਵਾਜ਼ ਦਬਾਅ ਰਹੇ ਹਨ। ਉਨ੍ਹਾਂ ਨੂੰ ਆਪਣੀ ਗੱਲ ਕਹਿਣ ਤੋਂ ਰੋਕਣ ਲਈ ਸੋਸ਼ਲ ਮੀਡੀਆ ’ਤੇ ਧਮਕੀਆਂ, ਅਸ਼ਲੀਲ ਸ਼ਬਦਾਵਲੀ, ਗਾਲ਼ੀ-ਗਲੋਚ, ਕਿਰਦਾਰਕੁਸ਼ੀ ਕੀਤੀ ਜਾਂਦੀ ਹੈ। ਪਿੱਛੇ ਜਿਹੇ ਸਿੱਖ ਵਿਦਵਾਨ ਅਜਮੇਰ ਸਿੰਘ ਨੇ ਆਪਣੀ ਇੱਕ ਵੀਡੀਓ ਵਿੱਚ ਦੱਸਿਆ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਸੋਸ਼ਲ ਮੌਡੀਆ ਦੀ ਟਰੌਲ ਆਰਮੀ ਦੇ ਮੋਹਰੀਆਂ ਵਿੱਚ ਸੀ, ਜੋ ਉੱਪਰ ਦੱਸੀਆਂ ਕਾਰਵਾਈਆਂ ਨਾਲ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ। ਵਿਦੇਸ਼ਾਂ ਵਿੱਚ ਮੁਜ਼ਾਹਰਿਆਂ ਦੇ ਨਾਮ ’ਤੇ ਕੀਤੀ ਜਾ ਰਹੀ ਭੰਨ-ਤੋੜ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਹਿੰਸਾ ਅਤੇ ਨਫਰਤ ਦੀ ਰਾਜਨੀਤੀ ਸਿੱਖਾਂ ਵਰਗੀ ਸਾਰੀ ਦੁਨੀਆਂ ਵਿੱਚ ਵਸਦੀ ਛੋਟੀ ਜਿਹੀ ਘੱਟ-ਗਿਣਤੀ ਦੇ ਕਦੇ ਵੀ ਹਿਤ ਵਿੱਚ ਨਹੀਂ ਹੋ ਸਕਦੀ। ਦੇਸ਼-ਵਿਦੇਸ਼ ਵਿੱਚ ਆਪਣੀ ਕਮਿਉਨਿਟੀ ਦੇ ਇਸ ਛੋਟੇ ਜਿਹੇ ਹਿੱਸੇ ਵੱਲੋਂ ਕੀਤੀਆਂ ਜਾ ਰਹੀਆਂ ਹਿੰਸਕ ਕਾਰਵਾਈਆਂ ਤੇ ਹੁੱਲੜ੍ਹਬਾਜ਼ੀ ਨੂੰ ਅਸੀਂ ਬੇਸ਼ਕ ਅੱਖੋਂ ਪਰੋਖੇ ਕਰ ਵੀ ਦੇਈਏ, ਪਰ ਸਾਰੀ ਦੁਨੀਆਂ ਮੀਡੀਆ ਰਾਹੀਂ ਸਾਡੇ ਬਾਰੇ ਜੋ ਦੇਖ ਰਹੀ ਹੈ, ਉਸ ਨਾਲ ਉਨ੍ਹਾਂ ਉੱਤੇ ਜੋ ਪ੍ਰਭਾਵ ਸਾਰੇ ਸਿੱਖਾਂ ਬਾਰੇ ਪੈ ਰਿਹਾ ਹੈ, ਉਸ ਨੂੰ ਕਿਵੇਂ ਰੋਕੋਗੇ?
ਸਤੰਬਰ 2001 ਵਿੱਚ ਅਮਰੀਕਾ ਵਿੱਚ ਇਸਲਾਮਿਕ ਅੱਤਵਾਦੀਆਂ ਵੱਲੋਂ ਕੀਤੇ ਹਮਲਿਆਂ ਤੋਂ ਬਾਅਦ ਸਿੱਖਾਂ ਉੱਤੇ ਪੱਗ ਕਾਰਨ ਕਈ ਥਾਂਵਾਂ ’ਤੇ ਨਸਲੀ ਹਮਲੇ ਹੋਏ ਸਨ ਕਿਉਂਕਿ ਜੋ ਕੁਝ ਦੁਨੀਆਂ ਪੱਗਾਂ ਵਾਲ਼ੇ ਤਾਲਿਬਾਨਾਂ ਦਾ ਦੇਖਦੀ ਸੀ, ਉਹ ਸਿੱਖਾਂ ਅਤੇ ਉਨ੍ਹਾਂ ਵਿੱਚ ਫ਼ਰਕ ਨਹੀਂ ਕਰ ਸਕੀ। ਉਹ ਸਭ ਮੀਡੀਏ ਵਿੱਚ ਮੁਸਲਿਮ ਭਾਈਚਾਰੇ ਬਾਰੇ ਜੋ ਲੋਕ ਦੇਖ ਰਹੇ ਸਨ, ਉਸਦਾ ਅਸਰ ਸੀ। ਜਿਹੜੇ ਲੋਕ ਵਿਦੇਸ਼ਾਂ ਵਿੱਚ 1980 ਤੋਂ ਪਹਿਲਾਂ ਆਏ ਸਨ, ਉਨ੍ਹਾਂ ਨੂੰ ਨਸਲੀ ਹਮਲਿਆਂ ਦਾ ਅਕਸਰ ਸਾਹਮਣਾ ਕਰਨਾ ਪੈਂਦਾ ਸੀ। ਹੌਲ਼ੀ ਹੌਲ਼ੀ ਲੋਕਾਂ ਨੇ ਮਿਹਨਤ ਨਾਲ ਆਪਣਾ ਅਕਸ ਸੁਧਾਰਿਆ ਸੀ। ਪਰ ਜਿਸ ਪਾਸੇ ਨੂੰ ਅਸੀਂ ਦੁਬਾਰਾ ਤੁਰ ਪਏ ਹਾਂ, ਉਸਦੇ ਨਤੀਜੇ ਕੋਈ ਚੰਗੇ ਨਹੀਂ ਨਿਕਣਗੇ। ਸਾਡੇ ਚੁੱਪ ਰਹਿਣ ਨਾਲ ਮਸਲੇ ਹੱਲ ਨਹੀਂ ਹੋਣਗੇ, ਸਗੋਂ ਹੋਰ ਉਲਝਣਗੇ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਜਿਹੇ ਕੰਮਾਂ ਵਿੱਚ 5-7% ਤੋਂ ਵੱਧ ਲੋਕ ਸ਼ਾਮਿਲ ਨਹੀਂ। ਪਰ ਬਹੁ-ਗਿਣਤੀ ਵੱਲੋਂ ਚੁੱਪ-ਚਾਪ ਇਨ੍ਹਾਂ ਵਰਤਾਰਿਆਂ ਨੂੰ ਦੇਖੀ ਜਾਣ ਅਤੇ ਇਨ੍ਹਾਂ ਲੋਕਾਂ ਵੱਲੋਂ ਸਿਰਜੇ ਜਾਂਦੇ ਗਲਤ ਬਿਰਤਾਂਤਾਂ ਤੋਂ ਗੁਮਰਾਹ ਹੋਣ ਨਾਲ ਸਭ ਦਾ ਨੁਕਸਾਨ ਹੋ ਰਿਹਾ ਹੈ। ਜੇ ਇਨ੍ਹਾਂ ਵਰਤਾਰਿਆਂ ਬਾਰੇ ਅਸੀਂ ਸੋਚਣਾ ਵਿਚਾਰਨਾ ਜਾਂ ਕੁਝ ਕਰਨਾ ਨਾ ਸ਼ੁਰੂ ਕੀਤਾ ਤਾਂ ਹਾਲਾਤ ਵਿਦੇਸ਼ਾਂ ਵਿੱਚ ਵੀ ਸਾਡੇ ਲਈ ਸੁਖਾਵੇਂ ਨਹੀਂ ਰਹਿਣੇ। ਇੰਡੀਆ ਵਿੱਚ ਤਾਂ ਅਸੀਂ ਆਪਣੀਆਂ ਸਾਰੀਆਂ ਸਮੱਸਿਆਵਾਂ ਦਾ ਦੋਸ਼ ਸਰਕਾਰਾਂ ਜਾਂ ਏਜੰਸੀਆਂ ਸਿਰ ਮੜ੍ਹ ਕੇ ਸੁਰਖਰੂ ਹੋ ਜਾਂਦੇ ਹਾਂ, ਵਿਦੇਸ਼ਾਂ ਵਿੱਚ ਦੋਸ਼ ਕਿਸ ਨੂੰ ਦੇਵਾਂਗੇ, ਵਿਦੇਸ਼ਾਂ ਵਿੱਚ ਕਿਹੜੀਆਂ ਏਜੰਸੀਆਂ ਸਿਰ ਭਾਂਡਾ ਭੰਨਾਂਗੇ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3968)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)