“ਜਥੇਬੰਦਕ ਧਰਮਾਂ ਨੇ ਆਪਣੇ ਮਨੁੱਖਤਾ ਵਿੱਚ ਵੰਡੀਆਂ ਪਾਉਣ ਦੇ ਵਰਤਾਰੇ ਅਨੁਸਾਰ ਲੋਕਾਂ ਨੂੰ ਧਰਮਾਂ ਦੇ ਨਾਮ ’ਤੇ ਵੰਡਣ ...”
(12 ਨਵੰਬਰ 2023)
ਇਸ ਸਮੇਂ ਪਾਠਕ: 150.
ਭਾਰਤ ਸਦੀਆਂ ਤੋਂ ਬਹੁ ਭਾਸ਼ਾਈ, ਬਹੁ ਸੱਭਿਆਚਾਰੀ, ਬਹੁ ਧਰਮੀ, ਬਹੁ ਕੌਮੀ ਦੇਸ਼ ਰਿਹਾ ਹੈ। ਪੱਛਮੀ ਦੇਸ਼ਾਂ ਨੇ ਤਾਂ ਅਜੇ ਕੁਝ ਦਹਾਕੇ ਪਹਿਲਾਂ ਆਪਣੀਆਂ ਲੇਬਰ ਤੇ ਅਬਾਦੀ ਦੀਆਂ ਲੋੜਾਂ ਵਿੱਚੋਂ ਮਲਟੀ ਕਲਚਰਲਿਜ਼ਮ ਨੂੰ ਅਪਣਾਇਆ ਹੈ ਪਰ ਭਾਰਤ ਸਦੀਆਂ ਪਹਿਲਾਂ ਅਜਿਹੇ ਸਮਾਜ ਦੀ ਸਿਰਜਣਾ ਕਰ ਚੁੱਕਾ ਸੀ। ਹਜ਼ਾਰਾਂ ਸਾਲਾਂ ਤੋਂ ਵੱਖਰੇ-ਵੱਖਰੇ ਸੱਭਿਆਚਾਰਾਂ, ਬੋਲੀਆਂ, ਧਰਮਾਂ, ਵਿਸ਼ਵਾਸਾਂ ਦੇ ਲੋਕ ਭਾਈਚਾਰਿਕ ਸਾਂਝ ਨਾਲ ਰਹਿੰਦੇ ਰਹੇ ਹਨ।
ਭਾਰਤ ਵਿੱਚ ਅਨੇਕਾਂ ਅਜਿਹੇ ਤਿਉਹਾਰ ਹਨ, ਜੋ ਸਦੀਆਂ ਤੋਂ ਲੋਕ ਸਾਂਝੇ ਤੌਰ ’ਤੇ ਮਜ਼ਹਬਾਂ ਦੀ ਹੋਂਦ ਤੋਂ ਵੀ ਪਹਿਲਾਂ ਤੋਂ ਮਨਾਉਂਦੇ ਰਹੇ ਹਨ। ਦੁਨੀਆਂ ਵਿੱਚ ਹਿੰਦੂ ਧਰਮ ਦੀ ਹੀ ਇਹ ਖ਼ੂਬੀ ਰਹੀ ਹੈ ਕਿ ਉਸਨੇ ਆਪਣੇ ਆਪ ਨੂੰ ਕਦੇ ਜਥੇਬੰਦਕ ਫ਼ਿਰਕਾ ਨਹੀਂ ਬਣਾਇਆ। ਧਰਮ ਨੂੰ ਜਥੇਬੰਦ ਕਰਕੇ ਲੋਕਾਂ ਦੀ ਤਾਕਤ ਨੂੰ ਪੁਜਾਰੀਆਂ, ਸਰਮਾਏਦਾਰਾਂ ਅਤੇ ਹਾਕਮਾਂ ਵੱਲੋਂ ਵਰਤਣ ਦਾ ਰੁਝਾਨ ਪੱਛਮ ਤੋਂ ਆਇਆ ਹੈ। ਭਾਰਤੀ ਅਧਿਆਤਮਿਕ ਪ੍ਰੰਪਰਾ ਅਨੁਸਾਰ ਧਰਮ ਹਰ ਇੱਕ ਦੀ ਨਿੱਜੀ ਸਾਧਨਾ ਹੈ, ਜਿਸਦਾ ਕਿਸੇ ਫ਼ਿਰਕੇ ਨਾਲ ਕੋਈ ਸੰਬੰਧ ਨਹੀਂ। ਇਸੇ ਕਰਕੇ ਹਿੰਦੂ ਧਰਮ ਵਿੱਚ ਅੱਜ ਵੀ ਹੋਰ ਜਥੇਬੰਦਕ ਧਰਮਾਂ ਵਾਂਗ ਕੋਈ ਬੱਝਵੀਂ ਮਰਿਯਾਦਾ ਜਾਂ ਪੂਜਾ ਪਾਠ ਨਹੀਂ, ਹਰ ਇੱਕ ਨੂੰ ਆਪਣੀ ਮਰਜ਼ੀ ਅਨੁਸਾਰ ਕੁਝ ਵੀ ਕਰਨ ਦੀ ਖੁੱਲ੍ਹ ਹੈ। ਇਹੀ ਵਜਾਹ ਰਹੀ ਹੈ ਕਿ ਭਾਰਤੀ ਲੋਕ ਆਪਸੀ ਭਾਈਚਾਰੇ ਅਤੇ ਸਹਿਹੋਂਦ ਨਾਲ ਆਪਣੇ ਵੱਖਰੇ ਵਿਚਾਰਾਂ, ਵਿਸ਼ਵਾਸਾਂ, ਵਿਰੋਧਾਂ ਦੇ ਬਾਵਜੂਦ ਇਕੱਠੇ ਰਹਿੰਦੇ ਰਹੇ ਹਨ। ਭਾਰਤ ਤਕਰੀਬਨ ਇੱਕ ਹਜ਼ਾਰ ਸਾਲ ਜਾਬਰ ਲੁਟੇਰੇ ਹਾਕਮਾਂ ਅਤੇ ਜਥੇਬੰਦਕ ਧਰਮਾਂ ਦੀ ਮਾਰ ਹੇਠ ਰਿਹਾ ਹੈ। ਇਸ ਨਾਲ ਜਿੱਥੇ ਭਾਰਤੀ ਧਰਮਾਂ ਨੇ ਵੀ ਆਪਣੇ ਆਪ ਨੂੰ ਜਥੇਬੰਦ ਕਰਨ ਦੇ ਯਤਨ ਕੀਤੇ, ਉੱਥੇ ਇਨ੍ਹਾਂ ’ਤੇ ਵੀ ਵਿਦੇਸ਼ੀ ਧਰਮਾਂ ਦਾ ਭਾਰੀ ਪ੍ਰਭਾਵ ਪਿਆ।
ਮੇਰੀ ਸਮਝ ਅਨੁਸਾਰ ਬਹੁਤ ਸਾਰੇ ਭਾਰਤੀ ਲੋਕ-ਤਿਉਹਾਰ ਮੌਸਮਾਂ ਅਤੇ ਖੇਤੀ-ਬਾੜੀ ਨਾਲ ਸਬੰਧਤ ਸਨ। ਜਿਨ੍ਹਾਂ ਵਿੱਚੋਂ ਵੈਸਾਖੀ ਤੇ ਦਿਵਾਲੀ ਪ੍ਰਮੁੱਖ ਲੋਕ ਤਿਉਹਾਰ ਸਨ, ਜਿਨ੍ਹਾਂ ਨੂੰ ਲੋਕ ਆਪਣੇ ਆਪਣੇ ਇਲਾਕਿਆਂ ਵਿੱਚ ਆਪਣੇ ਰੀਤੀ ਰਿਵਾਜਾਂ ਅਤੇ ਵਿਸ਼ਵਾਸਾਂ ਨਾਲ ਮਨਾਉਂਦੇ ਸਨ। ਸਮੇਂ ਨਾਲ ਇਨ੍ਹਾਂ ਤਿਉਹਾਰਾਂ ਨਾਲ ਕਈ ਇਤਿਹਾਸਕ ਜਾਂ ਧਾਰਮਿਕ ਘਟਨਾਵਾਂ ਜੁੜ ਗਈਆਂ ਜਾਂ ਜੋੜ ਦਿੱਤੀਆਂ ਗਈਆਂ। ਫਿਰ ਹੌਲੀ ਹੌਲੀ ਜਥੇਬੰਦਕ ਧਰਮਾਂ ਨੇ ਆਪਣੇ ਮਨੁੱਖਤਾ ਵਿੱਚ ਵੰਡੀਆਂ ਪਾਉਣ ਦੇ ਵਰਤਾਰੇ ਅਨੁਸਾਰ ਲੋਕਾਂ ਨੂੰ ਧਰਮਾਂ ਦੇ ਨਾਮ ’ਤੇ ਵੰਡਣ ਦੇ ਮਨਸੂਬਿਆਂ ਤਹਿਤ ਸਾਂਝੇ ਲੋਕ ਤਿਉਹਾਰਾਂ ਨੂੰ ਆਪਣੀ ਸੌੜੀ ਮਾਨਸਿਕਤਾ ਦੀ ਵਲਗਣ ਵਿੱਚ ਲਪੇਟ ਲਿਆ। ਇਸਦਾ ਨਤੀਜਾ ਇਹ ਹੈ ਕਿ ਅੱਜ ਲੋਕ ਦੀਵਾਲੀ ਨੂੰ ਸਾਂਝੇ ਖੁਸ਼ੀਆਂ ਤੇ ਰੌਸ਼ਨੀਆਂ ਦੇ ਤਿਉਹਾਰ ਦੀ ਥਾਂ ਆਪਣੇ ਫ਼ਿਰਕੇ ਦੀ ਦੀਵਾਲੀ ਨਾਲ ਜੁੜੀਆਂ ਜਾਂ ਜੋੜੀਆਂ ਘਟਨਾਵਾਂ ਦੇ ਸੰਦਰਭ ਵਿੱਚ ਮਨਾਉਂਦੇ ਹਨ। ਇਸਦੇ ਨਾਲ ਹੀ ਜਿਸ ਤਰ੍ਹਾਂ ਸਰਮਾਏਦਾਰੀ ਢਾਂਚੇ ਨੇ ਹਰ ਚੀਜ਼ ਦਾ ਮੁਨਾਫ਼ੇ ਅਧਾਰਿਤ ਵਪਾਰੀਕਰਨ ਕਰ ਦਿੱਤਾ ਹੈ, ਉਸੇ ਤਰ੍ਹਾਂ ਇਨ੍ਹਾਂ ਤਿਉਹਾਰਾਂ ਦਾ ਵਰਗੀਕਰਨ ਤੇ ਵਪਾਰੀਕਰਨ ਹੋ ਚੁੱਕਾ ਹੈ।
ਅੱਜ ਸਿੱਖ ਮੰਦਰ ਵਿੱਚ ਜਾ ਕੇ ਦੀਵਾਲੀ ਮਨਾਉਣ ਨੂੰ ਧਰਮ ਲਈ ਖਤਰਾ ਸਮਝਦਾ ਹੈ ਤੇ ਹਿੰਦੂ ਨੂੰ ਲਗਦਾ ਹੈ ਕਿ ਇਹ ਸਾਡਾ ਤਿਉਹਾਰ ਹੈ ਤੇ ਬਾਕੀਆਂ ਨਾਲ ਇਸਦਾ ਕੋਈ ਸੰਬੰਧ ਨਹੀਂ। ਮੁਸਲਮਾਨਾਂ ਅਤੇ ਇਸਾਈਆਂ ਲਈ ਇਹ ਵਿਦੇਸ਼ੀ (ਭਾਰਤੀ) ਧਰਮਾਂ ਦਾ ਤਿਉਹਾਰ ਹੈ, ਇਸ ਲਈ ਉਨ੍ਹਾਂ ਦਾ ਇਸ ਨਾਲ ਕੋਈ ਸੰਬੰਧ ਹੋ ਨਹੀਂ ਸਕਦਾ, ਭਾਵੇਂ ਕਿ ਮੁਸਲਮਾਨ ਤੇ ਇਸਾਈ ਭਾਰਤ ਵਿੱਚ ਇੱਕ ਹਜ਼ਾਰ ਸਾਲ ਤੋਂ ਰਹਿ ਰਹੇ ਹਨ। ਭਾਰਤੀ ਮੁਸਲਮਾਨ ਕਦੇ ਵੀ ਭਾਰਤੀਅਤ ਨੂੰ ਨਹੀਂ ਆਪਣਾ ਸਕੇ, ਇਸਦੀ ਜਗ੍ਹਾ ਉਹ ਆਪਣੀਆਂ ਜੜ੍ਹਾਂ ਅਜੇ ਵੀ ਅਰਬਾਂ ਵਿੱਚੋਂ ਲੱਭਦੇ ਹਨ, ਇਹ ਹੀ ਉਨ੍ਹਾਂ ਦੀ ਤ੍ਰਾਸਦੀ ਹੈ। ਸਿੱਖ ਤਾਂ ਪੈਦਾ ਤੇ ਵਧੇ ਫੁੱਲੇ ਹੀ ਭਾਰਤੀ ਸਮਾਜ ਅਤੇ ਹਿੰਦੂਆਂ ਵਿੱਚੋਂ ਹਨ। ਉਹ ਇਸ ਭਾਰਤੀ ਸੰਸਕ੍ਰਿਤੀ ਤੋਂ ਵੱਖ ਕਿਵੇਂ ਹੋ ਸਕਦੇ ਹਨ? ਪਰ ਸਾਡੇ ਧਾਰਮਿਕ ਲੀਡਰ ਅਤੇ ਪੁਜਾਰੀ ਤਿਉਹਾਰਾਂ ਦਾ ਸਿੱਖੀਕਰਨ ਕਰਕੇ ਆਪਣੇ ਸੌੜੇ ਹਿਤਾਂ ਲਈ ਸਮਾਜ ਵਿੱਚ ਵੰਡੀਆਂ ਰਹੇ ਹਨ ਤੇ ਭਾਈਚਾਰਾ ਤੋੜ ਰਹੇ ਹਨ।
ਕਿਸੇ ਵੀ ਇਤਿਹਾਸਕਾਰ ਵੱਲੋਂ ਸਿੱਖ ਗ੍ਰੰਥ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਬੰਦੀ ਛੋੜ ਦਿਵਸ ਦਾ ਕਿਤੇ ਕੋਈ ਜ਼ਿਕਰ ਨਹੀਂ ਮਿਲਦਾ। ਗੁਰੂ ਕਾਲ ਵਿੱਚ ਵੀ ਕਿਤੇ ਅਜਿਗਾ ਜ਼ਿਕਰ ਨਹੀਂ ਕਿ ਗੁਰੂ ਹਰਿਗੋਬਿੰਦ ਸਾਹਿਬ ਦੇ ਗਵਾਲੀਅਰ ਕਿਲੇ ਤੋਂ ਰਿਹਾਈ ਬਾਅਦ ਉਹ ਅੰਮ੍ਰਿਤਸਰ ਆਏ ਤੇ ਉਸ ਦਿਨ ਦੀਵਾਲੀ ਜਾਂ ਲੋਕਾਂ ਦੀਵੇ ਜਗਾਏ। ਭੱਟ ਵਹੀਆਂ ਅਨੁਸਾਰ ਗੁਰੂ ਹਰਿਗੋਬਿੰਦ ਜੀ ਫਰਵਰੀ ਵਿੱਚ ਅੰਮ੍ਰਿਤਸਰ ਪਹੁੰਚੇ ਸਨ ਨਾ ਕਿ ਦੀਵਾਲੀ ਮੌਕੇ। 18ਵੀਂ-19ਵੀ ਸਦੀ ਦੇ ਸਾਰੇ ਸਿੱਖ ਇਤਿਹਾਸ, ਮਿਸਲਾਂ ਦੇ ਦੌਰ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਿੱਖ ਤੇ ਹਿੰਦੂ ਰਲ਼ ਕੇ ਇਹ ਤਿਉਹਾਰ ਮਨਾਉਂਦੇ ਸਨ। ਅਸੀਂ ਆਪਣੇ ਬਚਪਨ ਵਿੱਚ (3-4 ਦਹਾਕੇ ਪਹਿਲਾਂ) ਦੇਖਦੇ ਰਹੇ ਹਾਂ ਕਿ ਦੁਸਹਿਰਾ-ਦੀਵਾਲ਼ੀ ਸਭ ਲੋਕ ਰਲ਼ ਕੇ ਮਨਾਉਂਦੇ ਸਨ ਤੇ ਬੰਦੀ-ਛੋੜ ਕਦੇ ਨਹੀਂ ਸੁਣਿਆ ਸੀ। ਇਹ ਰੁਝਾਨ ਪਿਛਲੇ 20 ਕੁ ਸਾਲਾਂ ਤੋਂ ਸ਼ੁਰੂ ਹੋਇਆ ਤੇ ਦਿਨੋ ਦਿਨ ਵਧ ਰਿਹਾ ਹੈ। ਜੋ ਕਿ ਸਿੱਖਾਂ ਅਤੇ ਸਿੱਖੀ ਦੇ ਹਿਤ ਵਿੱਚ ਨਹੀਂ ਤੇ ਗੁਰੂਆਂ ਦੀ ਗੁਰਬਾਣੀ ਅਧਾਰਿਤ ਸਾਂਝੀਵਾਲਤਾ ਦੀ ਵਿਚਾਰਧਾਰਾ ਦੇ ਉਲਟ ਹੈ।
ਹੁਣ ਕੁਝ ਸਾਲਾਂ ਤੋਂ ਸਿੱਖਾਂ ਨੇ ਦੀਵਾਲੀ ਨੂੰ ਬੰਦੀ ਛੋੜ ਦਿਵਸ ਕਹਿਣਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਆਪਣੇ ਆਪ ਨੂੰ ਹਿੰਦੂਆਂ ਤੋਂ ਵੱਖਰੇ ਸਾਬਤ ਕਰ ਸਕਣ? ਹਿੰਦੂ ਪੁਜਾਰੀਆਂ ਨੇ ਹਜ਼ਾਰਾਂ ਸਾਲ ਪਹਿਲਾਂ ਦੀਵਾਲੀ ਰਾਮ ਜੀ ਦੇ ਬਨਵਾਸ ਤੋਂ ਵਾਪਸੀ ਨਾਲ ਜੋੜੀ ਸੀ ਤਾਂ ਸਿੱਖਾਂ ਨੇ ਦਿਵਾਲੀ ਪਿਛਲੇ ਕੁਝ ਦਹਾਕਿਆਂ ਤੋਂ ਜ਼ੋਰ ਸ਼ੋਰ ਨਾਲ ਬੰਦੀ ਛੋੜ ਬਣਾ ਲਈ। ਹੁਣ ਤਾਂ ਜੇ ਕੋਈ ਬੰਦੀ ਛੋੜ ਦੀ ਥਾਂ ਦੀਵਾਲ਼ੀ ਦੀਆਂ ਵਧਾਈਆਂ ਦੇਵੇ ਤਾਂ ਉਹ ਸਿੱਖ ਕਈਆਂ ਨੂੰ ਆਰ ਐੱਸ ਐੱਸ ਏਜੰਟ ਤੇ ਮੋਦੀ ਭਗਤ ਲੱਗਦਾ ਹੈ। ਸਿੱਖ ਦਿਨੋ ਦਿਨ ਹਿੰਸਾ ਅਤੇ ਨਫ਼ਰਤ ਦੀ ਰਾਜਨੀਤੀ ਕਰ ਰਹੇ ਕੁਝ ਸਿੱਖ ਧੜਿਆਂ ਦੀ ਫਿਰਕੂ ਵੰਡ ਦਾ ਸ਼ਿਕਾਰ ਹੋ ਰਹੇ ਹਨ, ਜੋ ਕਿ ਦੁਨੀਆਂ ਭਰ ਵਿੱਚ ਵਸ ਰਹੇ ਸਿੱਖ ਸਮਾਜ ਲਈ ਖਤਰਨਾਕ ਰੁਝਾਨ ਹੈ। ਧਰਮ ਅਤੇ ਤਿਉਹਾਰਾਂ ਅਧਾਰਿਤ ਨਫ਼ਰਤ ਦੁਨੀਆਂ ਭਰ ਵਿੱਚ ਵਸਦੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਕਦੇ ਹਿਤ ਵਿੱਚ ਨਹੀਂ ਹੋ ਸਕਦੀ।
ਆਓ! ਜਦੋਂ ਸਾਰਾ ਸੰਸਾਰ ਇੱਕ ਗਲੋਬਲ ਵਿਲੇਜ ਬਣ ਚੁੱਕਾ ਹੈ, ਸਾਰੇ ਰਲ ਕੇ ਸਾਰੇ ਲੋਕ-ਤਿਉਹਾਰਾਂ ਨੂੰ ਮਜ਼੍ਹਬਾਂ, ਫ਼ਿਰਕਿਆਂ, ਦੇਸ਼ਾਂ, ਕੌਮਾਂ, ਬੋਲੀਆਂ, ਵਿਸ਼ਵਾਸਾਂ ਦੀ ਵਲਗਣ ਵਿੱਚੋਂ ਨਿਕਲ ਕੇ ਮਨੁੱਖੀ ਭਾਈਚਾਰੇ ਦੇ ਸੰਦਰਭ ਵਿੱਚ ਮਨਾਈਏ। ਧਾਰਮਿਕ ਪੁਜਾਰੀਆਂ ਵੱਲੋਂ ਆਪਣੇ ਧੰਦੇ ਲਈ ਮਨੁੱਖਤਾ ਵਿੱਚ ਪਾਈ ਜਾ ਰਹੀ ਵੰਡ ਦੇ ਵਿਰੋਧ ਲਈ ਇਸ ਲੋਕ ਤਿਉਹਾਰ ਨੂੰ ਧਰਮ ਅਸਥਾਨਾਂ ਵਿੱਚੋਂ ਕੱਢ ਕੇ ਆਮ ਲੋਕਾਈ ਤਕ ਲਿਜਾਣ ਲਈ ਯਤਨਸ਼ੀਲ ਹੋਈਏ।
ਸਭ ਨੂੰ ਦੀਵਾਲੀ ਦੀ ਬਹੁਤ ਬਹੁਤ ਵਧਾਈ ਅਤੇ ਆਓ! ਮਜ਼੍ਹਬੀ ਝਗੜਿਆਂ ਅਤੇ ਵੰਡਾਂ ਤੋਂ ਉੱਪਰ ਉੱਠ ਕੇ ਆਪਣੇ ਅੰਦਰ ਗਿਆਨ ਦੇ ਦੀਵੇ ਜਗਾਈਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4473)
(ਸਰੋਕਾਰ ਨਾਲ ਸੰਪਰਕ ਲਈ: (