“ਸਾਰੇ ਨਾਨਕਪੰਥੀ ਸਿੱਖ ਖਾਲਸੇ ਨਹੀਂ ਹੁੰਦੇ ਸਨ, ਸਿਰਫ ਚੱਲਦੇ ਸੰਘਰਸ਼ ਵਿੱਚ ਵਲੰਟੀਅਰ ਤੌਰ ’ਤੇ ...”
(16 ਜੂਨ 2023)
ਇਤਿਹਾਸਕਾਰ ਹਵਾਲਿਆਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੀ 1839 ਵਿੱਚ ਹੋਈ ਮੌਤ ਤੋਂ ਬਾਅਦ ਮਹਾਰਾਜੇ ਦੇ ਲਾਹੌਰ ਖਾਲਸਾ ਦਰਬਾਰ ਵਿੱਚ ਬੁਰਛਾ-ਗਰਦੀ ਦਾ ਜੋ ਨੰਗਾ ਨਾਚ ਹੋਇਆ, ਉਸ ਨਾਲ ਬਾਅਦ ਵਿੱਚ ਅੰਗਰੇਜ਼ਾਂ ਨੂੰ ਮਹਾਰਾਜੇ ਦਾ ਸਿੱਖ ਰਾਜ ਖਤਮ ਕਰਨ ਵਿੱਚ ਤਾਂ ਸਹਾਇਤਾ ਮਿਲ਼ੀ ਹੀ, ਪਰ ਇਸ ਕਤਲੋਗਾਰਤ ਨੇ ਮਹਾਰਾਜੇ ਦਾ ਸਾਰਾ ਪਰਿਵਾਰ ਨੇਸਤੋ ਨਬੂਦ ਕਰ ਦਿੱਤਾ, ਬਹੁਤੇ ਸਿੱਖ ਸਰਦਾਰ ਮਾਰੇ ਗਏ, ਡੋਗਰੇ ਤੇ ਮਿਸਲ ਸਰਦਾਰ ਵੀ ਮਾਰੇ ਗਏ। ਮਹਾਰਾਜੇ ਨੇ ਆਪਣੀ ਰਾਜਨੀਤਕ ਤੇ ਕੂਟਨੀਤਕ ਸਿਆਣਪ ਨਾਲ ਜਿਹੜਾ ਰਾਜ 40 ਸਾਲ ਵਿੱਚ ਸਥਾਪਤ ਕੀਤਾ ਸੀ, ਉਹ ਦੋਂਹ ਚਹੁੰ ਸਾਲਾਂ ਵਿੱਚ ਮਿੱਟੀ ਵਿੱਚ ਮਿਲ਼ ਗਿਆ।
ਸਿੱਖ ਲੀਡਰਾਂ, ਸਰਦਾਰਾਂ ਤੇ ਜਰਨੈਲਾਂ ਦੇ ਅਜਿਹੇ ਜ਼ਾਲਮਾਨਾ ਵਿਹਾਰ ਨੂੰ ਦੇਖ ਕੇ ਹੀ ਗਿਆਨੀ ਗਿਆਨ ਸਿੰਘ ਨੇ ਇਹ ਲਾਈਨਾਂ ਲਿਖੀਆਂ ਸਨ:
ਧੰਨ ਗੁਰੂ ਦੇ ਸਿੱਖ ਅਕਲ ਦੇ ਪੱਕੇ ਵੈਰੀ!
ਧੰਨ ਗੁਰੂ ਸਮਰੱਥ ਜਿਨ ਕੀਲੇ ਸੱਪ ਜ਼ਹਿਰੀ!
ਇਹ ਵਿਹਾਰ ਕੋਈ ਨਵਾਂ ਨਹੀਂ ਸੀ, ਮਿਸਲਾਂ ਦੇ ਦੌਰ ਵਿੱਚ ਵੀ ਸਿੱਖ ਸਰਦਾਰਾਂ ਦਾ ਇਹੀ ਹਾਲ ਸੀ। ਪਰ ਮਹਾਰਾਜੇ ਨੇ ਆਪਣੀ ਕੂਟਨੀਤੀ ਨਾਲ ਇਹ ਜ਼ਹਿਰੀ ਸੱਪ ਕੀਲ ਕੇ ਆਪਣੇ ਰਾਜ ਦੀ ਪਟਾਰੀ ਵਿੱਚ ਪਾ ਲਏ ਸਨ। ਜਿਨ੍ਹਾਂ ਨੂੰ ਉਸਨੇ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਖਿਤਾਬ ਦੇ ਕੇ ਆਪਣੇ ਰਾਜ ਦੇ ਵਿਸਤਾਰ ਲਈ ਵਰਤਿਆ, ਪਰ ਕਿਸੇ ਨੂੰ ਵੀ ਰਾਜ-ਭਾਗ ਦਾ ਹਿੱਸੇਦਾਰ ਨਹੀਂ ਬਣਨ ਦਿੱਤਾ। ਮਿਸਲਾਂ ਦੇ ਸਰਦਾਰ, ਡੋਗਰੇ, ਹਿੰਦੂ ਤੇ ਮੁਸਲਮਾਨ ਹੀ ਉਸਦੇ ਰਾਜ ਦਰਬਾਰ ਦੀ ਸ਼ੋਭਾ ਸਨ। ਸਿੱਖਾਂ ਵਿੱਚ ਰਾਜ-ਭਾਗ ਦੀ ਚੇਟਕ ਅੰਗਰੇਜ਼ਾਂ ਵੱਲੋਂ ਪਾਰਲੀਮਾਨੀ ਸਿਸਟਮ ਵਿੱਚ ਸਿੱਖਾਂ ਨੂੰ ਹਿੰਦੂਆਂ, ਮੁਸਲਮਾਨਾਂ ਦੇ ਬਰਾਬਰ ਤੀਜੀ ਧਿਰ ਸਵੀਕਾਰ ਕਰਨ ਤੋਂ ਬਾਅਦ ਹੀ ਲੱਗੀ ਸੀ। ਉਦੋਂ ਵੀ ਇਸ ਰਾਜ ਭਾਗ ਵਿੱਚ ਹਿੱਸੇਦਾਰੀ ਸਿਰਫ ਉਨ੍ਹਾਂ ਨੂੰ ਮਿਲ਼ੀ ਸੀ, ਜੋ ਮਿਸਲਾਂ ਤੇ ਮਹਾਰਾਜੇ ਦੇ ਰਾਜ ਵਿੱਚ ਸਿੱਖ ਸਰਦਾਰਾਂ ਦੀ ਇਲੀਟ ਕਲਾਸ (ਸਰਮਾਏਦਾਰ ਤੇ ਜਗੀਰੂ ਕਲਾਸ) ਤਿਆਰ ਹੋ ਚੁੱਕੀ ਸੀ, ਜੋ ਮਹਾਰਾਜੇ ਦੇ ਮਰਦਿਆਂ ਹੀ ਤਾਕਤ ਦੀ ਲਾਲਸਾ ਵਿੱਚ ਬੇਮੁਹਾਰੇ ਹੋ ਗਏ ਸਨ।
ਆਰਟੀਕਲ ਨਾਲ ਦਿੱਤੀ ਜਾ ਰਹੀ ਤਸਵੀਰ ਵਿੱਚ ਬੈਠੇ ਸਿੱਖ ਨੌਜਵਾਨਾਂ ਨੇ ਆਪਣੇ ਟਰੈਕਟਰ ਉੱਤੇ ਨਾਅਰਾ ਲਿਖਿਆ ਹੋਇਆ ਹੈ:
ਪਾਸੇ ਹਟ ਜਾਓ ਪੇਂਡੂ ਸ਼ਹਿਰੀ,
ਅਸੀਂ ਹਾਂ ਅਕਲ ਦੇ ਪੱਕੇ ਵੈਰੀ।
ਇਸ ਨਾਅਰੇ ਨੂੰ ਸਿਰਫ ਇਨ੍ਹਾਂ ਨੌਜਵਾਨਾਂ ਦੇ ਇੱਕ ਟਰੈਕਟਰ ਉੱਤੇ ਲਿਖਿਆ ਹੀ ਨਹੀਂ ਸਮਝਣਾ ਚਾਹੀਦਾ, ਇਹ ਨਾਅਰਾ ਸਿੱਖਾਂ ਦੇ ਵੱਡੇ ਹਿੱਸੇ ਦੀ ਮਾਨਸਿਕਤਾ ਦਾ ਪ੍ਰਤੀਕ ਹੈ। ਇਹ ਮਾਨਸਿਕਤਾ ਪੀੜ੍ਹੀ-ਦਰ-ਪੀੜ੍ਹੀ ਸਾਡੇ ਸਮਾਜ ਵਿੱਚ ਚੱਲ ਰਹੀ ਹੈ। ਇਸ ਮਾਰ-ਧਾੜ ਦੀ ਮਾਨਸਿਕਤਾ ਦੇ ਲੋਕ ਸ਼ੁਰੂ ਵਿੱਚ ਹੀ ਸਿੱਖ ਲਹਿਰ ਵਿੱਚ ਸ਼ਾਮਿਲ ਹੋ ਗਏ ਸਨ। ਇਸ ਮਾਨਸਿਕਤਾ ਦਾ ਸ਼ਿਕਾਰ ਆਮ ਪੇਂਡੂ ਜਨਤਾ ਵਾਂਗ ਹੀ ਦੇਸ਼-ਵਿਦੇਸ਼ ਵਿੱਚ ਵਸਦੇ ਡਿਗਰੀਆਂ ਪ੍ਰਾਪਤ ਪੜ੍ਹੇ-ਲਿਖੇ ਲੋਕ ਵੀ ਉੰਨੇ ਹੀ ਹਨ।
ਮਹਾਰਾਜੇ ਦਾ 1849 ਵਿੱਚ ਰਾਜ ਖ਼ਤਮ ਕਰਨ ਤੋਂ ਬਾਅਦ ਅੰਗਰੇਜ਼ਾਂ ਨੇ ਸਿੱਖਾਂ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਤੋਂ ਵੱਖਰਾ ਧਾਰਮਿਕ ਫ਼ਿਰਕਾ ਤੇ ਵੱਖਰੀ ਕੌਮ ਬਣਾਉਣ ਦੇ ਮਕਸਦ ਨਾਲ ਸਿੱਖ ਰਿਆਸਤਾਂ ਦੇ ਅਮੀਰ ਸਰਦਾਰਾਂ ਦੀ ਮਦਦ ਨਾਲ 1871 ਵਿੱਚ ‘ਸਿੰਘ ਸਭਾ ਲਹਿਰ’ ਸ਼ੁਰੂ ਕੀਤੀ। ਜਿਸਦਾ ਮਕਸਦ ਗੁਰੂਆਂ ਦੇ ‘ਸਿੱਖ ਪੰਥ ਜਾਂ ਨਾਨਕ ਪੰਥ’ ਨੂੰ ਵੱਖਰਾ ਜਥੇਬੰਦਕ ਸਿੱਖ ਧਰਮ ਅਤੇ ਹਿੰਦੂਆਂ ਮੁਸਲਮਾਨਾਂ ਦੇ ਮੁਕਾਬਲੇ ਤੀਜੀ ਵੱਖਰੀ ਧਾਰਮਿਕ ਕੌਮ ਬਣਾਉਣਾ ਸੀ। ਸ਼ਾਇਦ ਇਸੇ ਮਕਸਦ ਨਾਲ ਸਿੰਘ ਸਭਾ ਦੇ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੇ ‘ਹਮ ਹਿੰਦੂ ਨਹੀਂ’ ਕਿਤਾਬ ਲਿਖੀ। ਹੁਣ ਮਸਲਾ ਸੀ ਕਿ ਗੁਰਦੁਆਰਿਆਂ ਦਾ ਪ੍ਰਬੰਧ, ਜੋ ਦੋ ਸੌ ਸਾਲ ਸਾਲ ਤੋਂ ਨਿਰਮਲਿਆਂ ਅਤੇ ਉਦਾਸੀਆਂ ਕੋਲ ਸੀ, ਉਹ ਪੁਰਾਣੀ ਹਿੰਦੂ ਪ੍ਰੰਪਰਾ ਅਨੁਸਾਰ ਚੱਲ ਰਹੇ ਸਨ। ਇਹ ਲੋਕਾਂ ਨੂੰ ਤਿੰਨ ਕੌਮਾਂ ਹਿੰਦੂ, ਮੁਸਲਮਾਨ ਤੇ ਸਿੱਖਾਂ ਨੂੰ ਵੰਡਣ ਵਿੱਚ ਉਹ ਅੜਿੱਕਾ ਸਨ। ਇਸ ਲਈ ਉਨ੍ਹਾਂ ਤੋਂ ਗੁਰਦੁਆਰਿਆਂ ਦੇ ਕਬਜ਼ੇ ਖੋਹ ਕੇ ਅੰਗਰੇਜ਼ ਪੱਖੀ ਸਿੰਘ ਸਭੀਆਂ ਦੇ ਹਵਾਲੇ ਕਰਨੇ ਜ਼ਰੂਰੀ ਸਨ।
ਮੇਰਾ ਇਹ ਮੰਨਣਾ ਹੈ ਕਿ ਜਿੱਥੇ ਅੰਗਰੇਜ਼ਾਂ ਇੱਕ ਪਾਸੇ ਵਿਗੜੇ ਨਿਹੰਗਾਂ ਨੂੰ ਭੰਗ ਜਾਂ ਹੋਰ ਨਸ਼ੇ ਪੀਣ ਲਾ ਕੇ ਸਿੱਖ ਸਮਾਜ ਤੋਂ ਬਾਹਰ ਕਰ ਦਿੱਤਾ ਸੀ, ਉੱਥੇ ਦੂਜੇ ਪਾਸੇ ਸਿੱਖਾਂ ਫ਼ੌਜਾਂ ਨੂੰ ਆਪਣੀ ਟ੍ਰੇਂਡ ਫੌਜ ਵਿੱਚ ਭਰਤੀ ਕਰਕੇ ਆਪਣੇ ਸਾਮਰਾਜ ਨੂੰ ਵਧਾਉਣ ਲਈ ਵਰਤਣਾ ਸ਼ੁਰੂ ਕਰ ਦਿੱਤਾ ਸੀ। ਸਿੱਖ ਉਨ੍ਹਾਂ ਦੇ ਸਭ ਤੋਂ ਵਫਾਦਾਰ ਤੇ ਬਹਾਦਰ ਫ਼ੌਜੀ ਬਣ ਕੇ ਦੋਨੋਂ ਸੰਸਾਰ ਜੰਗਾਂ ਵਿੱਚ ਲੜੇ।
ਜਿਹੜੇ ਵਿਦਵਾਨ ਇਹ ਕਹਿੰਦੇ ਹਨ ਕਿ ਅੰਗਰੇਜ਼ ਸਿੱਖਾਂ ਨੂੰ ਪਾਕਿਸਤਾਨ ਵਰਗਾ ਧਰਮ ਅਧਾਰਿਤ ਖਾਲਿਸਤਾਨ ਦੇਣਾ ਚਾਹੁੰਦੇ ਸਨ, ਜੇ ਇਹ ਗੱਲ ਸਹੀ ਹੈ ਤਾਂ ਸ਼ਾਇਦ ਅੰਗਰੇਜ਼ ਭਾਰਤ ਦੇ ਧਰਮ ਅਧਾਰਿਤ ਤਿੰਨ ਟੁਕੜੇ ਕਰਨ ਦੇ ਮਕਸਦ ਨਾਲ ਹਿੰਦੂਆਂ ਲਈ ਹਿੰਦੁਸਤਾਨ, ਸਿੱਖਾਂ ਲਈ ਖਾਲਿਸਤਾਨ ਤੇ ਮੁਸਲਮਾਨਾਂ ਲਈ ਪਾਕਿਸਤਾਨ ਬਣਾ ਕੇ ਇਸ ਖ਼ਿੱਤੇ ਵਿੱਚ ਲੋਕਾਂ ਨੂੰ ਧਰਮ ਦੇ ਨਾਮ ’ਤੇ ਲੜਦੇ ਛੱਡਣਾ ਚਾਹੁੰਦੇ ਹੋਣ, ਇਸੇ ਕਰਕੇ ਹੀ ਨਵਾਂ ਸਿੱਖ ਧਰਮ ਤੇ ਨਵੀਂ ਸਿੱਖ ਕੌਮ ਬਣਾਈ ਹੋਵੇ? ਪਰ ਉਨ੍ਹਾਂ ਦੀ ਇਹ ਸਕੀਮ ਸਿਰੇ ਨਾ ਚੜ੍ਹਨ ਦੇ ਮੈਨੂੰ ਦੋ ਕਾਰਨ ਜਾਪਦੇ ਹਨ। ਇੱਕ, ਸਿੱਖਾਂ ਦੀ ਭਾਰਤ ਦੇ ਕਿਸੇ ਵੀ ਖ਼ਿੱਤੇ ਅਜਿਹੀ ਬਹੁ-ਗਿਣਤੀ ਨਹੀਂ ਸੀ, ਜਿੱਥੇ ਉਹ ਖਾਲਿਸਤਾਨ ਬਣਾ ਸਕਦੇ ਅਤੇ ਦੂਸਰਾ ਕਾਰਨ ਇਹ ਵੀ ਸੀ ਕਿ ਅੰਗਰੇਜ਼ਾਂ ਦੀਆਂ ਸਾਰੀਆਂ ਸਾਜ਼ਿਸ਼ਾਂ ਦੇ ਬਾਵਜੂਦ ਉਹ ਹਿੰਦੂਆਂ-ਸਿੱਖਾਂ ਵਿੱਚ ਵੱਡੀ ਦੁਫਾੜ ਨਹੀਂ ਪਾ ਸਕੇ ਸਨ ਅਤੇ ਸਿੱਖਾਂ ਦੇ ਵੱਡੇ ਲੀਡਰ ਵੀ ਭਾਰਤ ਵਿੱਚ ਹਿੰਦੂਆਂ ਨਾਲ ਰਹਿਣ ਨੂੰ ਹੀ ਤਰਜੀਹ ਦਿੰਦੇ ਸਨ।
ਸਰਕਾਰੀ ਦਸਤਾਵੇਜ਼ਾਂ ਅਨੁਸਾਰ ਆਮ ਸਿੱਖਾਂ ਨੇ 1851, 1861 ਤੇ 1871 ਦੀ ਮਰਦਮ ਸ਼ੁਮਾਰੀ ਵਿੱਚ ਆਪਣੇ ਆਪ ਨੂੰ ਹਿੰਦੂ ਕੌਮ ਜਾਂ ਆਪਣੀ ਜਾਤ ਨੂੰ ਕੌਮ ਲਿਖਾਇਆ ਸੀ। ਅੱਜ ਵੀ ਥਾਣਿਆਂ ਅਤੇ ਸਰਕਾਰੀ ਡਾਕੂਮੈਂਟਸ ਵਿੱਚ ਕੌਮ ਸ਼ਬਦ ਜਾਤ ਲਈ ਵਰਤਿਆ ਜਾਂਦਾ ਹੈ। ਭਾਰਤ ਦੀ ਧਾਰਮਿਕ ਪ੍ਰੰਪਰਾ ਵਿੱਚ ਜਥੇਬੰਦਕ ਧਰਮ ਦਾ ਕੋਈ ਸੰਕਲਪ ਨਹੀਂ, ਇੱਥੇ ਗੁਰੂ ਅਤੇ ਚੇਲੇ ਦੀ ਪ੍ਰੰਪਰਾ ਰਹੀ ਹੈ। ਗੁਰੂ ਦੇ ਨਾਮ ’ਤੇ ਪੰਥ ਹੁੰਦਾ ਸੀ। ਇਸੇ ਕਰਕੇ ਅੰਗਰੇਜ਼ਾਂ ਦੇ ਆਉਣ ਤਕ ਗੁਰੂ ਨਾਨਕ ਦੇ ਸਿੱਖਾਂ ਨੂੰ ‘ਨਾਨਕਪੰਥੀ’ ਕਿਹਾ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਵੱਲੋਂ ਵੀ ਵੱਖਰੀ ਖਾਲਸਾ ਕੌਮ ਨਹੀਂ, ਸਗੋਂ ਹਥਿਆਰਬੰਦ ਨੌਜਵਾਨਾਂ ਦੀ ਫੌਜ ਦਾ ‘ਖਾਲਸਾ ਪੰਥ’ ਹੀ ਬਣਾਇਆ ਗਿਆ ਸੀ।
ਸਾਰੇ ਨਾਨਕਪੰਥੀ ਸਿੱਖ ਖਾਲਸੇ ਨਹੀਂ ਹੁੰਦੇ ਸਨ, ਸਿਰਫ ਚੱਲਦੇ ਸੰਘਰਸ਼ ਵਿੱਚ ਵਲੰਟੀਅਰ ਤੌਰ ’ਤੇ ਸ਼ਾਮਿਲ ਸਿੱਖ ਹੀ ਖਾਲਸੇ ਹੁੰਦੇ ਸਨ। ਸਿੱਖ ਪਰਿਵਾਰਾਂ ਤੋਂ ਇਲਾਵਾ ਹਿੰਦੂ ਪਰਿਵਾਰਾਂ ਦੇ ਨੌਜਵਾਨ ਵੀ ਅਕਸਰ ਖਾਲਸੇ ਸਜ ਜਾਂਦੇ ਸਨ। ਖਾਲਸੇ ਉਹ ਹੀ ਸਜਦੇ ਸਨ, ਜੋ ਸਿਰ ਦੇਣ ਲਈ ਤਿਆਰ ਹੁੰਦੇ ਸਨ। ਇਹ ਗੁਰੂ ਵਾਲ਼ੇ ਬਣੋ, ਅੰਮ੍ਰਿਤ ਛਕੋ ਵਾਲੀ ਪ੍ਰੰਪਰਾ ਜ਼ਿਆਦਾ ਪੁਰਾਣੀ ਨਹੀਂ। ਗੁਰੂ ਵਾਲ਼ੇ ਤਾਂ ਉਹ ਸਾਰੇ ਹੀ ਹਨ, ਜੋ ਗੁਰੂ ਨੂੰ ਮੰਨਦੇ ਹਨ। ਖ਼ਾਸ ਕਰਮਕਾਂਡ ਕਰਨ ਜਾਂ ਕੋਈ ਬਾਹਰੀ ਦਿਖਾਵਾ ਪਹਿਰਾਵਾ ਜਾਂ ਸਰੀਰਕ ਦਿੱਖ ਵਾਲੀ ਸਿੱਖੀ ਗੁਰਬਾਣੀ ਅਨੁਕੂਲ ਨਹੀਂ।
ਤਕਰੀਬਨ ਸਾਰੇ ਇਤਿਹਾਸਕਾਰਾਂ ਅਨੁਸਾਰ ਮਿਸਲਾਂ ਦੇ ਦੌਰ ਤੋਂ ਬਾਅਦ ਹਿੰਸਕ, ਜਰਾਇਮਪੇਸ਼ਾ ਤੇ ਧਾੜਵੀ ਸੋਚ ਦੇ ਲੋਕਾਂ ਨੂੰ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਕਾਬੂ ਕਰਕੇ ਆਪਣਾ ਰਾਜ ਵਧਾਉਣ ਲਈ ਵਰਤਿਆ, ਫਿਰ ਅੰਗਰੇਜ਼ਾਂ ਨੇ ਇਨ੍ਹਾਂ ਨੂੰ ਆਪਣੇ ਸਾਮਰਾਜੀ ਰਾਜ ਦੇ ਵਿਸਤਾਰ, ਬਗਾਵਤਾਂ ਦਬਾਉਣ ਅਤੇ ਸੰਸਾਰ ਜੰਗਾਂ ਲਈ ਵਰਤਿਆ। ਪਰ ਜਦੋਂ ਦੇਸ਼ ਅਜ਼ਾਦ ਹੋ ਗਿਆ ਤਾਂ ਸਿੱਖ ਲੀਡਰਸ਼ਿੱਪ ਕੋਲ਼ ਇਨ੍ਹਾਂ ਨੂੰ ਕਾਬੂ ਕਰਨ ਦਾ ਇੱਕ ਹੀ ਤਰੀਕਾ ਸੀ ਕਿ ਇਨ੍ਹਾਂ ਨੂੰ ਆਪਣੇ ਨਾਲ ਰਲ਼ਾ ਕੇ ਵਰਤਿਆ ਜਾਵੇ। ਇਸ ਸਬੰਧੀ ਡਾ. ਗੋਪਾਲ ਸਿੰਘ ਆਪਣੀ ਕਿਤਾਬ ‘ਹਿਸਟਰੀ ਆਫ ਸਿੱਖ ਪੀਪਲਜ਼’ ਵਿੱਚ ਲਿਖਦੇ ਹਨ ਕਿ ਮਾਸਟਰ ਤਾਰਾ ਸਿੰਘ ਨੂੰ ਇੱਕ ਦਿਨ ਉਦਾਸ ਦੇਖ ਕੇ ਮੈਂ ਕਾਰਨ ਪੁੱਛਿਆ ਤਾਂ ਕਹਿੰਦੇ ਕਿ ਹੁਣ ਤਕ ਮੈਂ ਆਪਣੇ ਖਾੜਕੂ ਸਿੱਖਾਂ ਨੂੰ ਅੰਗਰੇਜ਼ਾਂ ਵਿਰੁੱਧ ਅਜ਼ਾਦੀ ਦੇ ਆਹਰੇ ਲਾਇਆ ਹੋਇਆ ਸੀ, ਹੁਣ ਦੇਸ਼ ਅਜ਼ਾਦ ਹੋ ਗਿਆ ਹੈ ਤਾਂ ਮੈਨੂੰ ਇਨ੍ਹਾਂ ਤੋਂ ਆਪਣੀ ਲੀਡਰੀ ਬਚਾ ਕੇ ਰੱਖਣੀ ਕੰਧਾਰ ਦਾ ਕਿਲਾ ਜਿੱਤਣ ਬਰਾਬਰ ਲਗਦੀ ਹੈ। ਡਾ. ਗੋਪਾਲ ਸਿੰਘ ਲਿਖਦੇ ਹਨ ਕਿ ਬਾਅਦ ਵਿੱਚ ਅਕਾਲੀਆਂ ਵੱਲੋਂ ਲਾਏ ਮੋਰਚੇ ਅਤੇ ਸਿੱਖਾਂ ਨਾਲ ਵਿਤਕਰਿਆਂ ਦੇ ਸਿਰਜੇ ਬਿਰਤਾਂਤ, ਇਨ੍ਹਾਂ ਲੋਕਾਂ ਨੂੰ ਆਹਰੇ ਲਾਈ ਰੱਖਣ ਤੋਂ ਵੱਧ ਕੁਝ ਨਹੀਂ ਲੱਗਦੇ ਸਨ।
ਅਕਾਲੀਆਂ ਵੱਲੋਂ ਅਜਿਹੇ ਲੋਕਾਂ ਨੂੰ ਆਪਣੇ ਰਾਜਸੀ ਹਿਤਾਂ ਲਈ ਵਰਤਣ ਨਾਲ ਹੌਲ਼ੀ-ਹੌਲ਼ੀ ਇਹ ਲੋਕ ਮੁੱਖ ਧਾਰਾ ਸਿੱਖੀ ਵਿੱਚ ਤਾਕਤਵਰ ਹੁੰਦੇ ਗਏ। ਪੰਜਾਬੀ ਸੂਬਾ ਬਣਨ ਬਾਅਦ ਕਾਂਗਰਸੀ ਵੀ ਅਜਿਹੇ ਅਨਸਰਾਂ ਨੂੰ ਸਿੱਖਾਂ ਵਿੱਚ ਆਪਣੀ ਥਾਂ ਬਣਾਉਣ ਲਈ ਵਰਤਣ ਲੱਗੇ, ਜਿਸਦੇ ਨਤੀਜੇ ਵਜੋਂ 84 ਵਰਗੇ ਕੁਲਹਿਣੇ ਭਾਣੇ ਵਰਤੇ।
ਜੋ ਖੇਡ ਸਿੱਖ ਲੀਡਰਸ਼ਿੱਪ ਤੇ ਬਾਅਦ ਵਿੱਚ ਕਾਂਗਰਸ ਨੇ ਸਿੱਖਾਂ ਵਿਚਲੇ ਹਿੰਸਕ, ਜਰਾਇਮਪੇਸ਼ਾ, ਧਾੜਵੀ ਬਿਰਤੀ ਵਾਲ਼ੇ ਲੋਕਾਂ ਨੂੰ ਆਪਣੇ ਸੌੜੇ ਰਾਜਸੀ ਤੇ ਫਿਰਕੂ ਹਿਤਾਂ ਲਈ ਵਰਤਣ ਦੀ 1970-994 ਤਕ ਖੇਡੀ ਸੀ, ਉਸ ਨਾਲ ਸਿੱਖ ਸਮਾਜ ਵਿੱਚ ਦੇਸ਼-ਵਿਦੇਸ਼ ਅੰਦਰ ਧੌਂਸ, ਫੁਕਰਾਪਨ, ਉਜੱਡਵਾਦ, ਗਾਲ਼ੀ-ਗਲੋਚ ਦਾ ਇੱਕ ਨਵਾਂ ਕਲਚਰ ਪੈਦਾ ਹੋਇਆ ਹੈ। ਹੁਣ ਕੋਈ ਵੀ ਘਟੀਆ ਬੰਦਾ ਧਾਰਮਿਕ ਬਾਣਾ ਪਾ ਕੇ ਸਿੱਖੀ ਦਾ ਠੇਕੇਦਾਰ ਬਣ ਜਾਂਦਾ ਹੈ ਅਤੇ ਕਿਸੇ ਉੱਤੇ ਵੀ ਆਪਣੀ ਧੌਂਸ ਜਮਾ ਸਕਦਾ ਹੈ। ਉਸ ਨੂੰ ਪੁੱਛਣ ’ਤੇ ਰੋਕਣ-ਟੋਕਣ ਵਾਲ਼ਾ ਕੋਈ ਨਹੀਂ ਅਤੇ ਜੇ ਕੋਈ ਅਜਿਹਾ ਕਰੇ ਤਾਂ ਉਹ ਪੰਥ ਦੋਖੀ, ਗੁਰੂ ਨਿੰਦਕ, ਸਿੱਖੀ ਦਾ ਵਿਰੋਧੀ ਹੈ।
ਵਿਦੇਸ਼ਾਂ ਵਿੱਚ ਅਜਿਹੀ ਬਿਰਤੀ ਵਾਲ਼ੇ ਲੋਕ 84 ਦੀ ਖਾੜਕੂ ਮੂਵਮੈਂਟ ਦੀ ਆੜ ਵਿੱਚ ਗੁਰਦੁਆਰਿਆਂ ਅਤੇ ਹੋਰ ਸਿੱਖ ਸੰਸਥਾਵਾਂ ਉੱਤੇ ਕਾਬਜ਼ ਹੋ ਗਏ ਹਨ। ਗੁਰਦੁਆਰਿਆਂ ਨੂੰ ਵਰਤ ਕੇ ਰਾਜਨੀਤਕ ਲੋਕਾਂ ਨਾਲ ਲਿੰਕ ਬਣਾਉਣੇ, ਬਿਜ਼ਨਸ ਖੜ੍ਹੇ ਕਰਨੇ, ਸਰਕਾਰੀ ਨੌਕਰੀਆਂ, ਸਰਕਾਰੀ ਗਰਾਂਟਾਂ, ਰਾਜਸੀ ਪਾਰਟੀਆਂ ਵਿੱਚ ਜਾ ਕੇ ਐੱਮ ਪੀ, ਐੱਮ ਐੱਲ ਏ, ਕੌਂਸਲਰ, ਮਨਿਸਟਰ ਬਣਨਾ ਆਦਿ ਇਨ੍ਹਾਂ ਦਾ ਮੁੱਖ ਏਜੰਡਾ ਹੈ। ਇਨ੍ਹਾਂ ਨੇ ਗੁਰਦੁਆਰਿਆਂ ਨੂੰ ਅੱਠ-ਦਸ ਬੰਦਿਆਂ ਦਾ ਟ੍ਰਸਟ ਬਣਾ ਕੇ ਧਰਮ ਨੂੰ ਬਿਜ਼ਨਸ ਬਣਾ ਲਿਆ ਗਿਆ ਹੈ ਤੇ ਜਾਅਲੀ ਚੈਰਟੀਆਂ ਬਣਾ ਕੇ ਟੈਕਸ ਚੋਰੀ ਅਤੇ ਗੋਲਕ ਦੇ ਫੰਡਾਂ ਦੀ ਦੁਰਵਰਤੋਂ ਆਮ ਵਰਤਾਰਾ ਬਣ ਚੁੱਕਾ ਹੈ। ਲੋਕ ਗੁਰੂ ਪ੍ਰਤੀ ਸ਼ਰਧਾ ਦੇ ਨਾਮ ’ਤੇ ਚੜ੍ਹਾਵੇ ਚੜ੍ਹਾਈ ਜਾਂਦੇ ਹਨ ਤੇ ਹਿਸਾਬ ਪੁੱਛਣ ਵਾਲ਼ਾ ਕੋਈ ਨਹੀਂ। ਗੋਰੇ ਰਾਜਸੀ ਲੀਡਰ ਵੀ ਫੰਡਾਂ ਅਤੇ ਵੋਟਾਂ ਦੇ ਲਾਲਚ ਵਿੱਚ ਹੋ ਰਹੀਆਂ ਜਾਅਲਸਾਜ਼ੀਆਂ ਨੂੰ ਜਾਣਦੇ ਹੋਏ ਵੀ ਨਜ਼ਰ-ਅੰਦਾਜ਼ ਕਰ ਰਹੇ ਹਨ।
ਉੱਪਰਲੀਆਂ ਵਿਚਾਰ ਅਧੀਨ ਸਤਰਾਂ ਸਿਰਫ ਕੁਝ ਅੱਖਰ ਹੀ ਨਹੀਂ, ਇਹ ਸਿੱਖ ਸਮਾਜ ਦੇ ਇੱਕ ਹਿੱਸੇ ਦੇ ਉਜੱਡਪੁਣੇ ਅਤੇ ਬੁਰਛਾਗਰਦੀ ਵਾਲੀ ਮਾਨਸਿਕਤਾ ਦੀਆਂ ਪ੍ਰਤੀਕ ਹਨ। ਅਜਿਹੀ ਮਾਨਸਿਕਤਾ ਜਿੱਥੇ ਇੱਕ ਪਾਸੇ ਪੰਜਾਬੀ ਗੀਤਾਂ ਰਾਹੀਂ ਅਤੇ ਉੱਥੇ ਦੂਜੇ ਪਾਸੇ ਧਾਰਮਿਕ ਮੁਹਾਵਰੇ ਵਿੱਚ ਪ੍ਰਗਟ ਹੁੰਦੀ ਹੈ। ਮੈਨੂੰ ਲਗਦਾ ਹੈ ਕਿ ਪੰਜਾਬੀ ਗੀਤ: ਬੰਦਾ ਮਾਰ ਕੇ ਕਸੂਰ ਪੁੱਛਦਾ, ਜੱਟ ਉਸ ਪਿੰਡ ਨੂੰ ਬੀਲੌਂਗ ਕਰਦਾ ਅਤੇ ਧੱਕੇ ਨਾਲ ਗੁਰੂਆਂ ਦੇ ਨਾਮ ਨਾਲ ਮੜ੍ਹੇ ਗਏ ਨਾਹਰੇ: ਸ਼ਸਤਰਨ ਕੇ ਅਧੀਨ ਹੈ ਰਾਜ ਜਾਂ ਬਿਨਾ ਸ਼ਸਤਰਨ ਨਰ ਭੇਡ ਜਾਨੋ, ਵਿੱਚ ਕੋਈ ਬਹੁਤਾ ਅੰਤਰ ਨਹੀਂ?
ਜਦੋਂ ਤਕ ਸਾਡੇ ਧਾਰਮਿਕ ਅਦਾਰਿਆਂ ਵਿੱਚੋਂ ਹਿੰਸਾ ਅਤੇ ਨਫ਼ਰਤ ਦਾ ਪ੍ਰਚਾਰ ਬੰਦ ਨਹੀਂ ਹੁੰਦਾ, ਹਥਿਆਰਾਂ ਦੀ ਇਸ਼ਤਿਹਾਰਬਾਜ਼ੀ ਨਹੀਂ ਰੋਕੀ ਜਾਂਦੀ, ਅਜਿਹੀ ਮਾਨਸਿਕਤਾ ਬਦਲਣੀ ਬੜੀ ਮੁਸ਼ਕਿਲ ਹੈ। ਜਦੋਂ ਤਕ ਆਮ ਲੋਕ ਧਾਰਮਿਕ ਸ਼ਰਧਾ ਅਧੀਨ ਇਨ੍ਹਾਂ ਲੋਕਾਂ ਨੂੰ ਮਾਇਕ ਸਹਾਇਤਾ ਦਿੰਦੇ ਰਹਿਣਗੇ, ਕੁਝ ਵੀ ਬਦਲਣਾ ਸੰਭਵ ਨਹੀਂ। ਪਰ ਸਿੱਖ ਪੰਥ ਦੀ ਬਦਕਿਸਮਤੀ ਇਹ ਹੈ ਕਿ ਅਜਿਹੇ ਗੰਭੀਰ ਮੁੱਦਿਆਂ ਉੱਤੇ ਕਿਤੇ ਚਰਚਾ ਨਹੀਂ ਹੋ ਰਹੀ ਤੇ ਨਾ ਹੀ ਚਰਚਾ ਲਈ ਕੋਈ ਪਲੈਟਫਾਰਮ ਹੀ ਹੈ। ਗੁਰਦੁਆਰਾ ਹੀ ਇੱਕ ਅਜਿਹਾ ਪਲੈਟਫਾਰਮ ਰਹਿ ਗਿਆ ਹੈ, ਜਿੱਥੇ ਸਿੱਖ ਇਕੱਠੇ ਹੁੰਦੇ ਹਨ, ਪਰ ਉੱਥੇ ਅਜਿਹੇ ਲੋਕ ਹੀ ਕਾਬਜ਼ ਹਨ, ਜੋ ਕੋਈ ਤਬਦੀਲੀ ਹੋਣ ਨਹੀਂ ਦੇਣਾ ਚਾਹੁੰਦੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4036)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)