“ਇਹ ਲੜਾਈਆਂ ਉਦੋਂ ਤਕ ਨਹੀਂ ਮੁੱਕ ਸਕਦੀਆਂ ਜਦੋਂ ਤਕ ਅਸੀਂ ਹਿੰਸਾ ਦਾ ਰਾਹ ਛੱਡ ਕੇ ਸੰਵਾਦ ਅਤੇ ਲੋਕਤੰਤਰੀ ...”
(10 ਜਨਵਰੀ 2024)
ਇਸ ਸਮੇਂ ਪਾਠਕ: 485.
ਕੈਲਗਰੀ ਦੇ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵਿੱਚ ਦੋ ਧੜਿਆਂ ਦੀ ਲੜਾਈ ਵਿੱਚ ਕਈ ਜ਼ਖਮੀ: ਸੀ ਟੀ ਵੀ ਨਿਊਜ਼
ਕੈਲਗਰੀ ਦੇ ਪ੍ਰਮੁੱਖ ਨਿਊਜ਼ ਚੈਨਲ ਸੀ ਟੀ ਵੀ ਦੀ ਨਿਊਜ਼ ਅਨੁਸਾਰ ਲੰਘੇ ਕੱਲ੍ਹ (ਐਤਵਾਰ ਸ਼ਾਮ) ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵਿੱਚ ਦੋ ਧੜਿਆਂ ਦੀ ਲੜਾਈ ਵਿੱਚ ਹੋਈ ਬਹਿਸਬਾਜ਼ੀ, ਧੱਕਾ-ਮੁੱਕੀ ਤੇ ਕਿਰਪਾਨਬਾਜ਼ੀ ਵਿੱਚ ਕਈ ਵਿਅਕਤੀ ਜ਼ਖਮੀ ਹੋ ਗਏ। ਪੁਲਿਸ ਦੇ ਦੱਸਣ ਅਨੁਸਾਰ ਘੱਟੋ-ਘੱਟ ਚਾਰ ਵਿਅਕਤੀਆਂ ਨੂੰ ਸੱਟਾਂ ਲੱਗੀਆਂ। ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਿਛਲੇ ਦੋ ਹਫਤਿਆਂ ਤੋਂ ਇੱਕ ਗਰੁੱਪ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਸਨ ਕਿ ਕਮੇਟੀ ਦੇ ਦੋ ਮੈਂਬਰ ਸ਼ਰਾਬ ਪੀਂਦੇ ਹਨ ਅਤੇ ਉਨ੍ਹਾਂ ਨੂੰ ਕਮੇਟੀ ਵਿੱਚੋਂ ਖਾਰਿਜ ਕੀਤਾ ਜਾਵੇ। ਇਸ ਸੰਬੰਧੀ ਤਿੰਨ ਚਾਰ ਵਾਰ ਪਹਿਲਾਂ ਵੀ ਪੁਲਿਸ ਆ ਚੁੱਕੀ ਸੀ। ਦੋਨੋ ਧੜੇ ਆਪਣੀ ਆਪਣੀ ਥਾਂ ’ਤੇ ਅੜੇ ਹੋਏ ਹਨ। ਕਮੇਟੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਿਸੇ ਨੂੰ ਕੱਢਿਆ ਨਹੀਂ ਜਾ ਸਕਦਾ, ਜਨਰਲ ਬਾਡੀ ਮੀਟਿੰਗ ਵਿੱਚ ਸੰਗਤ ਫੈਸਲਾ ਕਰ ਲਵੇ। ਪਰ ਵਿਰੋਧੀ ਧੜਾ ਇਹ ਮੰਨਣ ਲਈ ਤਿਆਰ ਨਹੀਂ ਅਤੇ ਉਨ੍ਹਾਂ ਅਨੁਸਾਰ ਪੱਕਾ ਮੋਰਚਾ ਜਾਰੀ ਰਹੇਗਾ ਜਦੋਂ ਤਕ ਉਹ ਮੈਂਬਰ ਨਹੀਂ ਕੱਢੇ ਜਾਂਦੇ।
ਪਹਿਲਾਂ ਵੀ ਪੁਲਿਸ ਨੇ ਵਿਖਾਵਾਕਾਰੀਆਂ ਨੂੰ ਗੁਰਦੁਆਰੇ ਤੋਂ ਬਾਹਰ ਮੁਜ਼ਾਹਰਾ ਕਰਨ ਲਈ ਕਿਹਾ ਹੋਇਆ ਸੀ ਪਰ ਕੱਲ੍ਹ ਉਹ ਦੁਬਾਰਾ ਅੰਦਰ ਬੈਠ ਗਏ ਸਨ। ਇਸੇ ਗੱਲ ਨੇ ਇਸ ਲੜਾਈ ਦਾ ਮੁੱਢ ਬੰਨ੍ਹਿਆ। ਇਸ ਲੜਾਈ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਫਿਰ ਬਾਹਰ ਭੇਜ ਦਿੱਤਾ। ਇਸ ਲੜਾਈ ਵਿੱਚ ਕਿਸੇ ਨੂੰ ਚਾਰਜ ਕੀਤਾ ਗਿਆ ਹੋਵੇ, ਬਾਰੇ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ।
ਗੁਰਦੁਆਰੇ ਦੀ ਇਹ ਲੜਾਈ ਕੋਈ ਨਵੀਂ ਘਟਨਾ ਨਹੀਂ। ਵਿਦੇਸ਼ਾਂ ਵਿੱਚ ਸ਼ਾਇਦ ਹੀ ਕੋਈ ਅਜਿਹਾ ਪ੍ਰਮੁੱਖ ਗੁਰਦੁਆਰਾ ਹੋਵੇ, ਜਿੱਥੇ ਕਦੇ ਲੜਾਈ ਨਾ ਹੋਈ ਹੋਵੇ। ਹਾਂ, ਲੜਾਈ ਦੇ ਕਾਰਨ ਵੱਖਰੇ ਹੋ ਸਕਦੇ ਹਨ। ਸਿੱਖ ਕਮਿਉਨਿਟੀ ਦੀ ਲੀਡਰਸ਼ਿੱਪ ਦੀ ਸਮੱਸਿਆ ਇਹ ਹੈ ਕਿ ਉਹ ਅਜਿਹੇ ਵਰਤਾਰਿਆਂ ਨੂੰ ਘਟਨਾਵਾਂ ਜਾਂ ਵਿਅਕਤੀਆਂ ਦੇ ਸੰਦਰਭ ਵਿੱਚ ਦੇਖਦੇ ਹਨ, ਇਨ੍ਹਾਂ ਲੜਾਈਆਂ ਨੂੰ ਸਮੁੱਚੇ ਸੰਦਰਭ ਵਿੱਚ ਇੱਕ ਵਰਤਾਰੇ ਵਜੋਂ ਨਹੀਂ ਦੇਖਦੇ। ਇਸੇ ਕਰਕੇ ਇਹ ਲੜਾਈਆਂ ਲਗਾਤਾਰ ਜਾਰੀ ਹਨ ਅਤੇ ਜਾਰੀ ਰਹਿਣਗੀਆਂ, ਜਦੋਂ ਤਕ ਇਸ ਪਿਛਲੀ ਮਾਨਸਿਕਤਾ ਨੂੰ ਨਹੀਂ ਸਮਝਿਆ ਜਾਂਦਾ। ਇਸ ਗੁਰਦੁਆਰੇ ਵਿੱਚ ਦਰਜਨਾਂ ਵਾਰ ਲੜਾਈਆਂ ਹੋ ਚੁੱਕੀਆਂ ਹਨ।
ਮੇਰੇ ਪਿਛਲੇ 25-30 ਸਾਲ ਦੇ ਤਜਰਬੇ ਅਨੁਸਾਰ ਅਜਿਹੀਆਂ ਲੜਾਈਆਂ ਪਿੱਛੇ ਸਾਡੇ ਸਮਾਜ ਦੇ ਇੱਕ ਵੱਡੇ ਹਿੱਸੇ ਵਿਚਲੀ ਹਿੰਸਕ ਸੋਚ ਹੈ। ਅਸੀਂ ਵਿਦੇਸ਼ਾਂ ਵਿੱਚ ਆ ਕੇ ਵੀ ਲੋਕਤੰਤਰੀ ਢੰਗ ਨਹੀਂ ਆਪਣਾ ਸਕੇ। ਸਿੱਖ ਸੰਸਥਾਵਾਂ ’ਤੇ ਕਾਬਜ਼ਾ ਕਰਨ ਵਾਲ਼ੇ ਧੜਿਆਂ ਵਿੱਚ ਚੌਧਰ, ਸਵਾਰਥ, ਹਿੰਸਾ ਆਦਿ ਭਾਰੂ ਹੋਣ ਕਾਰਨ ਕੋਈ ਕਿਸੇ ਨੂੰ ਬਰਦਾਸ਼ਤ ਨਹੀਂ ਕਰਦਾ। ਸਹਿਣਸ਼ੀਲਤਾ ਦੀ ਘਾਟ, ਲੋਕਤੰਤਰੀ ਕਦਰਾਂ ਕੀਮਤਾਂ ਦੀ ਅਣਹੋਂਦ, ਚੌਧਰ ਦੀ ਭੁੱਖ, ਆਪਣੇ ਧੜੇ ਦੀ ਸੋਚ ਵਾਲੀ ਮਰਿਯਾਦਾ ਲਾਗੂ ਕਰਾਉਣ, ਆਪਣੇ ਢੰਗ ਨਾਲ ਫੰਡਾਂ ਦੀ ਵਰਤੋਂ ਕਰਨ, ਆਪਣੇ ਧੜੇ ਦੀ ਸੋਚ ਅਨੁਸਾਰ ਸਟੇਜ ਦੀ ਵਰਤੋਂ ਕਰਨ ਆਦਿ ਅਨੇਕਾਂ ਵਿਚਾਰਨ ਵਾਲ਼ੇ ਮੁੱਦੇ ਹਨ, ਜਿਨ੍ਹਾਂ ਕਾਰਨ ਇਹ ਲੜਾਈਆਂ ਲਗਾਤਾਰ ਜਾਰੀ ਹਨ। ਕੋਈ ਕਿਸੇ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ। ਸਭ ਨੂੰ ਆਪਣਾ ਧੜਾ ਅਤੇ ਸੋਚ ਹੀ ਪਿਆਰੀ ਹੈ। ਜਿਹੜਾ ਧੜਾ ਕਾਬਜ਼ ਹੋ ਜਾਂਦਾ ਹੈ, ਉਸ ਦੀਆਂ ਨਜ਼ਰਾਂ ਵਿੱਚ ਵਿਰੋਧੀ ਦੀ ਕੋਈ ਅਹਿਮੀਅਤ ਨਹੀਂ।
ਇਹ ਲੜਾਈਆਂ ਉਦੋਂ ਤਕ ਨਹੀਂ ਮੁੱਕ ਸਕਦੀਆਂ ਜਦੋਂ ਤਕ ਅਸੀਂ ਹਿੰਸਾ ਦਾ ਰਾਹ ਛੱਡ ਕੇ ਸੰਵਾਦ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨਹੀਂ ਅਪਣਾਉਂਦੇ। ਪਰ ਅਸੀਂ ਹਿੰਸਾ ਨੂੰ ਧਰਮ ਦਾ ਅੰਗ ਬਣਾਇਆ ਹੋਇਆ ਹੈ। ਸ਼ਾਂਤੀ ਅਤੇ ਪ੍ਰੇਮ ਦੀ ਗੱਲ ਕਰਨ ਵਾਲ਼ੇ ਨੂੰ ਡਰਪੋਕ ਸਮਝਿਆ ਜਾਂਦਾ ਹੈ। ਅਸੀਂ ਕਿਸੇ ਦੀ ਲੀਡਰਸ਼ਿੱਪ ਵਿੱਚ ਨਹੀਂ ਚੱਲ ਸਕਦੇ। ਅਸੀਂ ਧਰਨਿਆਂ, ਮੁਜਾਹਰਿਆਂ ਵਿੱਚ ਜਾਬਤਾ ਨਹੀਂ ਰੱਖ ਸਕਦੇ, ਝੱਟ ਹਿੰਸਕ ਹੋ ਜਾਂਦੇ ਹਾਂ। ਸਾਡੇ ਸਮਾਜ ਦੀ ਬਹੁਗਿਣਤੀ ਹਿੰਸਾ ਕਰਨ ਵਾਲਿਆਂ ਨੂੰ ਬਹਾਦਰ ਅਤੇ ਅਕਲ ਦੀ ਗੱਲ ਕਰਨ ਵਾਲਿਆਂ ਨੂੰ ਬੁਜ਼ਦਿਲ ਸਮਝਦੀ ਹੈ। ਅਸੀਂ ਗੁਰਬਾਣੀ ਦਾ ਮਾਰਗ ਬਿਲਕੁਲ ਤਿਆਗ ਚੁੱਕੇ ਹਾਂ। ਜਦੋਂ ਤਕ ਅਸੀਂ ਆਪਣੀ ਮਧਯੁਗੀ ਕਬੀਲਾ ਮਾਨਸਿਕਤਾ ਨੂੰ ਛੱਡ ਕੇ ਮਾਡਰਨ ਵਰਲਡ ਦੀਆਂ ਕਦਰਾਂ-ਕੀਮਤਾਂ ਨਹੀਂ ਅਪਣਾਉਂਦੇ, ਇਹ ਵਰਤਾਰਾ ਕਦੇ ਰੁਕਣ ਵਾਲ਼ਾ ਨਹੀਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4616)
(ਸਰੋਕਾਰ ਨਾਲ ਸੰਪਰਕ ਲਈ: (