“ਸਵਰਾਜਬੀਰ ਕਿਸੇ ਗਰਮ ਜਾਂ ਨਰਮ ਸਿੱਖ ਰਾਜਨੀਤੀ ਨੂੰ ਨਹੀਂ, ਸਗੋਂ ‘ਆਦਮ-ਬੋ - ਆਦਮ-ਬੋ’ ਕਰਦੀ ਕਾਲ਼ੀ ਬੋਲ਼ੀ ...”
(25 ਜਨਵਰੀ 2025)
ਇਸ ਸਮੇਂ ਪਾਠਕ: 360.
ਪੰਜਾਬ ਗਏ ਹੋਏ ਇੱਕ ਮਿੱਤਰ ਦਾ ਅਚਾਨਕ ਸਵੇਰੇ ਸਵੇਰੇ ਫੋਨ ਆਇਆ ਤਾਂ ਉਹ ਕਹਿਣ ਲੱਗੇ ਕਿ ਬੜੀ ਮਾੜੀ ਗੱਲ ਹੋਈ, ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਅਸਤੀਫਾ ਦੇ ਗਿਆ ਜਾਂ ਅਗਲਿਆਂ ਨੇ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ ਹੈ, ਜੋ ਵੀ ਹੋਇਆ, ਪੰਜਾਬੀਆਂ ਲਈ ਇਹ ਬੜੀ ਮਨਹੂਸ ਖ਼ਬਰ ਹੈ। ਫਿਰ ਉਹ ਕਹਿਣ ਲੱਗੇ ਕਿ ਅਜੇ ਇੱਕ ਦਿਨ ਪਹਿਲਾਂ ਹੀ ਪੰਜਾਬੀ ਟ੍ਰਿਬਿਊਨ ਨਾਲ ਜੁੜੇ ਇੱਕ ਦੋਸਤ ਨੇ ਉੱਥੇ ਦਫਤਰ ਅੰਦਰ ਚੱਲ ਰਹੀ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਦੀ ਇੰਟਰਵਿਊ ਬਾਰੇ ਚੁੰਝ ਚਰਚਾ ਦਾ ਜ਼ਿਕਰ ਕੀਤਾ ਸੀ ਤੇ ਦੱਸਿਆ ਸੀ ਕਿ ਸੰਪਾਦਕ ਅਤੇ ਮੁੱਖ ਸੰਪਾਦਕ ਬਾਰੇ ਤਣਾ-ਤਣੀ ਕਾਫੀ ਵਧੀ ਹੋਈ ਹੈ। ਵਰਨਣਯੋਗ ਹੈ ਕਿ 15 ਮਾਰਚ, 2018 ਨੂੰ ਵੀ ਟ੍ਰਿਬਿਊਨ ਦੇ ਉਸ ਵਕਤ ਦੇ ਐਡੀਟਰ-ਇਨ-ਚੀਫ ਹਰੀਸ਼ ਖਰੇ ਨੂੰ ਵੀ ਅਚਾਨਕ ਅਸਤੀਫਾ ਦੇ ਕੇ ਜਾਣਾ ਪਿਆ ਸੀ, ਜਦੋਂ ਉਸਨੇ ‘ਡੈਟਾ ਬਰੀਚ’ ਬਾਰੇ ਮੋਦੀ ਸਰਕਾਰ ਦਾ ਭਾਂਡਾ ਚੁਰਾਹੇ ਵਿੱਚ ਭੰਨ ਦਿੱਤਾ ਸੀ। ਅਸਲ ਵਿੱਚ ਸਵਰਾਜਬੀਰ ਨੇ ਜਦੋਂ ਤੋਂ ਸੰਪਾਦਕ ਦਾ ਅਹੁਦਾ ਸੰਭਾਲ਼ਿਆ ਸੀ, ਉਸੇ ਦਿਨ ਤੋਂ ਹੀ ਦਿੱਲੀ ਤਖਤ ’ਤੇ ਕਾਬਿਜ਼ ਭਾਜਪਾ ਦੀ ਫਿਰਕੂ ਤੰਗ-ਨਜ਼ਰ ਅਤੇ ਧਾਕੜ-ਤਾਨਾਸ਼ਾਹ ਰਾਜਨੀਤੀ ਵਿਰੁੱਧ ਤਿੱਖੀ ਧਾਰ ਅਪਣਾਈ ਹੋਈ ਸੀ। ਪਾਰਲੀਮਾਨੀ ਚੋਣਾਂ ਸਿਰ ’ਤੇ ਹਨ, ਅਗਲਿਆਂ ਦੀ ਸਿਰ-ਧੜ ਦੀ ਬਾਜ਼ੀ ਲੱਗੀ ਹੋਈ ਹੈ, ਅਜਿਹੇ ਵਿੱਚ ਮਾਣਮੱਤੇ ਸੰਪਾਦਕ ਨੂੰ ਉਨ੍ਹਾਂ ਕਿੱਥੇ ਸਹਿਣ ਕਰਨਾ ਸੀ।
ਮੈਂ ਮਿੱਤਰ ਨਾਲ ਗੱਲ ਮੁਕਾ ਕੇ ਅਜੇ ਚਾਹ ਹੀ ਪੀਣ ਲੱਗਾ ਸੀ ਕਿ ਮੇਰੇ ਇੱਕ ਹੋਰ ਮਿੱਤਰ ਹਜ਼ਾਰਾ ਸਿੰਘ ਮਿਸੀਸਾਗਾ ਦਾ ਫੋਨ ਆ ਗਿਆ। ਉਹ ਕਹਿਣ ਲੱਗੇ, “ਸਵਰਾਜਬੀਰ ਵਾਲੀ ਖ਼ਬਰ ਸੁਣ ਲਈ ਹੈ, ਟ੍ਰਿਬਿਊਨ ਦੇ ਟਰੱਸਟੀਆਂ ਨੇ ਮਰਦ ਦੇ ਬੱਚੇ ਨੂੰ ਅਚਾਨਕ ਘਰੇ ਤੋਰ ਕੇ ਲਗਦਾ ਹੈ ਕਿ ਸਿੱਖ ਚਿੰਤਕਾਂ ਲਈ ਤਾਂ ਈਦ ਹੀ ਬਣਾ ਦਿੱਤੀ ਹੈ। ... ਕਰਮਜੀਤ ਦੀ ਫੇਸਬੁੱਕ ਪੋਸਟ ਪੜ੍ਹ ਲਈ ਹੈ? ਇੰਨਾ ਖੁਸ਼ ਉਹ ਕਦੇ ਸ਼ਾਇਦ ਹੀ ਨਜ਼ਰ ਆਇਆ ਹੋਵੇ। ... ਪੰਜਾਬੀ ਦੇ ਵੱਡੇ ਸ਼ਾਇਰ ਵਾਰਿਸ ਸ਼ਾਹ ਨੇ ਠੀਕ ਹੀ ਲਿਖਿਆ ਸੀ: ‘ਜਦੋਂ ਸੁਬ੍ਹਾ ਦੀ ਕਜ਼ਾ ਨਮਾਜ ਹੋਵੇ, ਖੁਸ਼ੀ ਹੋਏ ‘ਇਬਲੀਸ’ ਵੀ ਨੱਚਦਾ ਏ!’ ਕਰਮਜੀਤ ਸਿੰਘ, ਗੁਰਬਚਨ ਸਿੰਘ ਆਦਿ ਵਰਗੇ ਕੁਝ ਸਿੱਖ ਵਿਦਵਾਨਾਂ ਤੋਂ ਬਿਨਾਂ ਸ਼ਾਇਦ ਹੀ ਕਿਸੇ ‘ਤੰਦਰੁਸਤ ਸੋਚ’ ਇਨਸਾਨ ਨੂੰ ਸਵਰਾਜਬੀਰ ਦੇ ਅਸਤੀਫੇ ਦੀ ਇੰਨੀ ਖੁਸ਼ੀ ਹੋਈ ਹੋਵੇ।”
ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਹੋਰਾਂ ਦੀ ਆਪਣੀ ਫੇਸਬੁੱਕ ’ਤੇ ਸਵਰਾਜਬੀਰ ਦੇ ਅਸਤੀਫੇ ਬਾਰੇ “ਪੰਜਾਬ ਦੀ ਪੀੜ ਤੋਂ ‘ਸੱਖਣੇ ਅਤੇ ਅਣਜਾਣ’ ਸੰਪਾਦਕ ਨੂੰ ਅਲਵਿਦਾ” ਨਾਮ ਦੀ ਪੋਸਟ ਤੋਂ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਨੂੰ ਉਸਦੇ ਕੱਢੇ ਜਾਣ ’ਤੇ ਸੱਚਮੁੱਚ ਹੀ ਬੇਹੱਦ ਖੁਸ਼ੀ ਹੋਈ ਹੈ ਕਿਉਂਕਿ ਉਨ੍ਹਾਂ ਅਨੁਸਾਰ ਸਬਰਾਜਬੀਰ, ਸਿੱਖ ਮਸਲਿਆਂ ਪ੍ਰਤੀ ਬੜੀ ਬੇਰੁਖੀ ਵਾਲੀ ਭਾਵਨਾ ਰੱਖਦਾ ਸੀ ਅਤੇ ਰਵਾਇਤੀ ਮਾਰਕਸਵਾਦ ਦੇ ਟੇਟੇ ਚੜ੍ਹਿਆ ਹੋਇਆ ਸੀ। ਉਸਨੇ ‘ਗੁਰਾਂ ਦੇ ਨਾਮ ’ਤੇ ਵਸਦੇ ਪੰਜਾਬ’ ਦੇ ਵਾਰਿਸਾਂ ਦਾ ਦਰਦ ਕਦੇ ਨਹੀਂ ਪਛਾਣਿਆ ਸੀ। ਸ. ਕਰਮਜੀਤ ਸਿੰਘ ਵਰਗੇ ਹੰਢੇ ਵਰਤੇ ਸੀਨੀਅਰ ਪੱਤਰਕਾਰ ਅਤੇ ‘ਖਾਲਿਸਤਾਨੀ’ ਦੀ ਸੋਚ ਨੂੰ ਪਰਨਾਏ ਹੋਏ ਸਿੱਖ ਵਿਦਵਾਨ ਨੂੰ ਇਹ ਸਵਾਲ ਕਰਨ ਦੀ ਗੁਸਤਾਖੀ ਤਾਂ ਕੀਤੀ ਹੀ ਜਾ ਸਕਦੀ ਹੈ ਕਿ ਕਦੇ ਉਨ੍ਹਾਂ ਇਹ ਵਿਚਾਰਿਆ ਹੈ ਕਿ ਸਬਰਾਜਬੀਰ ਹੀ ਨਹੀਂ, ਉਨ੍ਹਾਂ ਵਰਗੇ ਹਜ਼ਾਰਾਂ ਪੱਤਰਕਾਰ, ਲੇਖਕ, ਬੁੱਧੀਜੀਵੀ, ਦਾਨਸ਼ਵਰ ਵਿਅਕਤੀ, ਉਨ੍ਹਾਂ ਵਾਲ਼ੇ ‘ਖਾਲਿਸਤਾਨ’ ਦੀ ਤਾਂਘ ਕਿਉਂ ਮਹਿਸੂਸ ਨਹੀਂ ਕਰਦੇ? ਉਨ੍ਹਾਂ ਨੂੰ ਕਿਉਂ ‘ਗੁਰਾਂ ਦੇ ਨਾਮ ’ਤੇ ਵਸਦੇ ਪੰਜਾਬ’ ਦੇ ਵਾਰਿਸਾਂ ਦਾ ਦਰਦ ਮਹਿਸੂਸ ਨਹੀਂ ਹੁੰਦਾ? ਆਖਿਰ ਸਾਰੇ ਤਾਂ ਨਾ ਪੰਥ ਦੋਖੀ ਹੋ ਸਕਦੇ ਹਨ, ਨਾ ਭਾਰਤੀ ਸਟੇਟ ਦੇ ਸੰਦ, ਨਾ ਹੀ ਇੰਨੇ ਬੁਜ਼ਦਿਲ ਹੋ ਸਕਦੇ ਹਨ ਕਿ ਸਟੇਟ ਦੇ ਭੈਅ ਹੇਠ ਸਿੱਖ ਪੰਥ ਦੇ ਹੱਕ ਵਿੱਚ ਦੋ ਸ਼ਬਦ ਲਿਖ ਜਾਂ ਬੋਲ ਨਾ ਸਕਣ?
ਕਰਮਜੀਤ ਸਿੰਘ ਅਤੇ ਉਸਦੇ ਸਾਥੀ ਚਿੰਤਕ, ਲਗਦਾ ਹੈ ਪਹਿਲੇ ਦਿਨ ਤੋਂ ਹੀ ਸਵਰਾਜਬੀਰ ਸਿੰਘ ਦੀ ਸੋਚ ਅਤੇ ਸ਼ੈਲੀ ਤੋਂ ਕੁਝ ਜ਼ਿਆਦਾ ਹੀ ਖਫ਼ਾ ਸਨ। ਇਸ ਸੰਬੰਧੀ ਅਜੇ ਮਹੀਨਾ ਕੁ ਪਹਿਲਾਂ 18 ਦਸੰਬਰ, 2023 ਦੀ ਸਵਰਾਜਬੀਰ ਬਾਰੇ ਮਰਹੂਮ ਸਿੱਖ ਵਿਦਵਾਨ ਗੁਰਬਚਨ ਸਿੰਘ ਦੀ ਫੇਸਬੁੱਕ ਪੋਸਟ “ਡੀ. ਜੀ. ਪੀ. ਸਵਰਾਜਬੀਰ ਵੱਲੋਂ ਸਿੱਖੀ ਦਾ ਵਿਰੋਧ ਕਰਨ ਲਈ ਗੁਰਮਤਿ ਦੀ ਗਲਤ ਵਿਆਖਿਆ ਤੇ ਦੁਰਵਰਤੋਂ’ ਯਾਦ ਆਉਂਦੀ ਹੈ, ਜਿਸ ਵਿੱਚ ਉਹ ਲਿਖਦੇ ਹਨ: ‘ਸਾਬਕਾ ਡੀ. ਜੀ. ਪੀ. ਸਵਰਾਜਬੀਰ, ਜਿਸ ਦਿਨ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਬਣਿਆ ਸੀ, ਮੈਂ ਉਸੇ ਦਿਨ ਸੀਨੀਅਰ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਨੂੰ ਟੈਲੀਫੋਨ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਇਸ ਨੂੰ ਪੰਜਾਬ ਵਿੱਚੋਂ ਸਿੱਖ (ਪੰਥਕ) ਬ੍ਰਿਤਾਂਤ ਨੂੰ ਹਾਸ਼ੀਏ ’ਤੇ ਧੱਕਣ ਲਈ ਖਾਸ ਜ਼ਿੰਮੇਵਾਰੀ ਦੇ ਕੇ ਭੇਜਿਆ ਗਿਆ ਹੈ।”
ਇਸੇ ਲਿਖਤ ਵਿੱਚ ਗੁਰਬਚਨ ਸਿੰਘ ਜੀ ਸਵਰਾਜਬੀਰ ਦੀ ਪੰਜਾਬੀ ਟ੍ਰਿਬਿਊਨ ਵਿੱਚ 17 ਦਸੰਬਰ, 2023 ਨੂੰ ਛਪੀ ਸੰਪਾਦਕੀ ‘ਆਸਾ ਅੰਦੇਸਾ ਦੁਇ ਪਟ ਜੜੇ॥’ ਬਾਰੇ ਇਵੇਂ ਲਿਖਦੇ ਹਨ: “ਇਹ ਸੰਪਾਦਕੀ ਲਿਖਣ ਦਾ ਮੰਤਵ ਵੀ ਬੜਾ ਸਪਸ਼ਟ ਹੈ।” ਸਵਰਾਜਬੀਰ ਅਨੁਸਾਰ ਵੱਡਾ ਮਸਲਾ ਇਹ ਹੈ ਕਿ ਉਨ੍ਹਾਂ ਲੋਕ-ਸਮੂਹਾਂ, ਜਿਨ੍ਹਾਂ ਤੋਂ ਸਿਆਸੀ ਚੇਤੰਨਤਾ ਖੋਹ ਕੇ, ਉਨ੍ਹਾਂ ਦੇ ਮਨਾਂ ਵਿੱਚ ਧਾਰਮਿਕ ਕੱਟੜਤਾ ਤੇ ਸੌੜਾਪਣ ਭਰਿਆ ਜਾ ਰਿਹਾ ਹੋਵੇ, ਵਿੱਚ ਜਮਹੂਰੀ, ਧਰਮ ਨਿਰਪੱਖ ਤੇ ਅਗਾਂਹਵਧੂ ਸੋਚ ਕਿਵੇਂ ਸੰਚਾਰਿਤ ਕੀਤੀ ਜਾਵੇ? “ਹੁਣ ਇਹ ਕਿਹੜੇ ਲੋਕ ਸਮੂਹ ਨੇ ਜਿਨ੍ਹਾਂ ਤੋਂ ‘ਸਿਆਸੀ ਚੇਤੰਨਤਾ ਖੋਹ ਕੇ ਉਨ੍ਹਾਂ ਦੇ ਮਨਾਂ ਵਿੱਚ ਧਾਰਮਿਕ ਕੱਟੜਤਾ ਦਾ ਸੌੜਾਪਣ ਭਰਿਆ ਜਾ ਰਿਹਾ ਹੈ?” ਤੇ ਜਮਹੂਰੀ, ਧਰਮ ਨਿਰਪੱਖ ਤੇ ਅਗਾਂਹਵਧੂ ਸੋਚ ਕਿਹੜੀ ਹੈ? ਫਿਰ ਅੱਗੇ ਲੰਬੇ ਚੌੜੇ ਲੇਖ ਵਿੱਚ ਗੁਰਬਚਨ ਸਿੰਘ ਜੀ, ਮਾਰਕਸ, ਏਂਗਲਜ਼, ਲੈਨਿਨ, ਮਾਓ ਆਦਿ ਦੀਆਂ ਲਿਖਤਾਂ ਦੇ ਹਵਾਲੇ ਦੇ ਕੇ ਆਪ ਹੀ ਉਲਝ ਜਾਂਦੇ ਹਨ, ਪਰ ਕਿਤੇ ਵੀ ਸਪਸ਼ਟ ਨਹੀਂ ਕਰ ਪਾਉਂਦੇ ਕਿ ਉੱਪਰਲੀਆਂ ਚਾਰ ਲਾਈਨਾਂ ਵਿੱਚ ਸਿੱਖ ਧਰਮ ਜਾਂ ਸਿੱਖੀ ਦੇ ਵਾਰਿਸਾਂ ਬਾਰੇ ਕੀ ਗਲਤ ਬਿਆਨੀ ਹੈ, ਜਿਸ ਬਾਰੇ ਉਹ ਜਸਪਾਲ ਸਿੰਘ ਸਿੱਧੂ ਹੋਰਾਂ ਨੂੰ ਕਹਿੰਦੇ ਸਨ ਕਿ ਸਵਰਾਜਬੀਰ ਨੂੰ ਭਾਰਤੀ ਸਟੇਟ ਨੇ ਸਿੱਖੀ ਦਾ ਵਿਰੋਧ ਕਰਨ ਤੇ ਪੰਥਕ ਏਜੰਡੇ ਨੂੰ ਹਾਸ਼ੀਏ ’ਤੇ ਧੱਕਣ ਲਈ ਟ੍ਰਿਬਿਊਨ ਦਾ ਸੰਪਾਦਕ ਬਣਾ ਕੇ ਭੇਜਿਆ ਸੀ।
ਆਉ ਜ਼ਰਾ ਸਵਰਾਜਬੀਰ ਦੀ ਉਸ ਸੰਪਾਦਕੀ ‘ਆਸਾ ਅੰਦੇਸਾ ਦੁਇ ਪਟ ਜੜੇ॥’ (ਗੁਰੂ ਨਾਨਕ, ਪੰਨਾ: 877) ਵਿੱਚੋਂ ਉਨ੍ਹਾਂ ਦਾ ਨਜ਼ਰੀਆ ਜਾਨਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਇਸ ਸੰਪਾਦਕੀ ਵਿੱਚ ਲਿਖਦੇ ਹਨ: ਇਹ ਦਲੀਲ ਆਮ ਦਿੱਤੀ ਜਾਂਦੀ ਰਹੀ ਹੈ ਕਿ ਉਸ ਜਮਹੂਰੀ ਜ਼ਮੀਨ ਦਾ ਕੀ ਫ਼ਾਇਦਾ, ਜਿਸ ’ਤੇ ਸਿਆਸਤ ਕਰਕੇ ਬੁਨਿਆਦੀ ਤਬਦੀਲੀਆਂ ਨਹੀਂ ਲਿਆਂਦੀਆਂ ਜਾ ਸਕਦੀਆਂ ਅਤੇ ਇਹ ਦਲੀਲ ਵੀ ਦਿੱਤੀ ਜਾਂਦੀ ਸੀ/ਹੈ ਕਿ ਜਮਹੂਰੀ ਜ਼ਮੀਨ ਮੁਹਈਆ ਕਰਨ ਦੀ ਸਿਆਸਤ ਜਮਾਤੀ ਚੇਤਨਾ ਨੂੰ ਖੁੰਢਿਆਂ ਹੀ ਕਰਦੀ ਹੈ।” ਆਸ਼ਾ-ਨਿਰਾਸ਼ਾ ਤੇ ਉਦਾਸੀ ਦੀ ਸਿਆਸਤ ਦਾ ਜਮਹੂਰੀ ਜ਼ਮੀਨ ਨੂੰ ਕਾਇਮ ਰੱਖਣ ਦੀ ਸਿਆਸਤ ਨਾਲ ਡੂੰਘਾ ਸੰਬੰਧ ਹੈ। ਜੇ ਜਮਹੂਰੀ ਜ਼ਮੀਨ ਥੋੜ੍ਹੀ ਮੋਕਲੀ/ਖੁੱਲ੍ਹੀ ਹੋਵੇ ਤਾਂ ਵਿਦਵਾਨਾਂ, ਪੱਤਰਕਾਰਾਂ, ਸਿਰਜਕਾਂ, ਚਿੰਤਕਾਂ ਅਤੇ ਕਲਾਕਾਰਾਂ ਨੂੰ ਵਿਚਾਰ-ਵਟਾਂਦਰੇ ਲਈ ਜ਼ਿਆਦਾ ਖੁੱਲ੍ਹ ਤੇ ਅਜ਼ਾਦੀ ਦੇ ਮੌਕੇ ਮਿਲਦੇ ਹਨ। ਅਜਿਹਾ ਮਾਹੌਲ ਆਸਾਂ-ਉਮੀਦਾਂ ਦੀ ਸਿਆਸਤ ਦੇ ਸੰਸਾਰ ਨੂੰ ਜਨਮ ਦਿੰਦਾ, ਸੰਘਰਸ਼ ਵਿੱਚ ਯਕੀਨ ਰੱਖਣ ਵਾਲੇ ਸਾਹਿਤ ਅਤੇ ਕਲਾ ਦੀ ਸਿਰਜਣ-ਭੋਏਂ ਬਣਦਾ, ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ ਅਤੇ ਉਨ੍ਹਾਂ ਨੂੰ ਹਾਂਦਰੂ ਸੋਚ ਅਤੇ ਸਿਆਸਤ ਦੇ ਭਾਈਵਾਲ ਬਣਾਉਂਦਾ ਹੈ। ਅਜਿਹੇ ਮਾਹੌਲ ਦੇ ਖੋਹੇ ਜਾਣ ਨਾਲ ਨਿਰਾਸ਼ਾ ਉਪਜਦੀ ਹੈ।
ਇਸ ਨਿਰਾਸ਼ਾ ਵਿਰੁੱਧ ਕਿਵੇਂ ਲੜਿਆ ਜਾਵੇ? ਗ਼ੈਰ-ਜਮਹੂਰੀ ਦਿਸ਼ਾ ਵੱਲ ਵਧ ਰਹੀ ਸਿਆਸਤ ਦੇ ਦੌਰ ਵਿੱਚ ਜਮਹੂਰੀ ਤੇ ਲੋਕ-ਪੱਖੀ ਸਿਆਸਤ ਨੂੰ ਕਿਵੇਂ ਕਾਇਮ ਰੱਖਿਆ ਜਾਵੇ? ਉਨ੍ਹਾਂ ਲੋਕ-ਸਮੂਹਾਂ, ਜਿਨ੍ਹਾਂ ਤੋਂ ਸਿਆਸੀ ਚੇਤੰਨਤਾ ਖੋਹ ਕੇ, ਉਨ੍ਹਾਂ ਦੇ ਮਨਾਂ ਵਿੱਚ ਧਾਰਮਿਕ ਕੱਟੜਤਾ ਅਤੇ ਸੌੜਾਪਣ ਭਰਿਆ ਜਾ ਰਿਹਾ ਹੋਵੇ, ਵਿੱਚ ਜਮਹੂਰੀ, ਧਰਮ ਨਿਰਪੱਖ ਤੇ ਅਗਾਂਹਵਧੂ ਸੋਚ ਕਿਵੇਂ ਸੰਚਾਰਿਤ ਕੀਤੀ ਜਾਵੇ? ਕੀ ਕੀਤਾ ਜਾਵੇ, ਜਦੋਂ ਮਜ਼ਦੂਰਾਂ ਤੇ ਕਿਸਾਨਾਂ ਦੇ ਵੱਡੇ ਹਿੱਸੇ ਅਸੰਗਠਿਤ ਹੋਣ ਅਤੇ ਉਨ੍ਹਾਂ ਦੇ ਮਨਾਂ ਵਿੱਚ ਇਹ ਭਾਵਨਾ ਪੈਦਾ ਕਰ ਦਿੱਤੀ ਗਈ ਹੋਵੇ ਕਿ ਜਥੇਬੰਦ ਹੋਣ ਦਾ ਕੋਈ ਫ਼ਾਇਦਾ ਨਹੀਂ, ਜਦੋਂ ਇਸ ਸੋਚ ਦਾ ਪਸਾਰ ਵਧ ਰਿਹਾ ਹੋਵੇ ਕਿ ਨਿੱਜੀ ਆਰਥਿਕ ਸੁਰੱਖਿਆ ਤੋਂ ਵੱਧ ਇਸ ਦੁਨੀਆਂ ਵਿੱਚ ਹੋਰ ਕੋਈ ਚੀਜ਼ ਨਹੀਂ? ਅੱਜ ਇਹ ਸਵਾਲ ਲੋਕ-ਪੱਖੀ ਸਿਆਸਤਦਾਨਾਂ, ਸਿਰਜਕਾਂ, ਕਲਾਕਾਰਾਂ, ਸਮਾਜਿਕ ਕਾਰਕੁੰਨਾਂ,ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਦੇ ਰੂਬਰੂ ਹਨ।”
ਕੀ ਇਹ ਸੰਪਾਦਕੀ ਪੜ੍ਹਦਿਆਂ ਪਾਠਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਸਵਰਾਜਬੀਰ ਕਿਸੇ ਗਰਮ ਜਾਂ ਨਰਮ ਸਿੱਖ ਰਾਜਨੀਤੀ ਨੂੰ ਨਹੀਂ, ਸਗੋਂ ‘ਆਦਮ-ਬੋ - ਆਦਮ-ਬੋ’ ਕਰਦੀ ਕਾਲ਼ੀ ਬੋਲ਼ੀ ਹਨ੍ਹੇਰੀ ਵਾਂਗ ਚੜ੍ਹੀ ਆ ਰਹੀ ਫਿਰਕੂ ਭਾਜਪਈ ਰਾਜਨੀਤੀ ਨੂੰ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾ ਰਿਹਾ ਸੀ? ਪਰ ਪਤਾ ਨਹੀਂ ਕਿਵੇਂ ਗੁਰਬਚਨ ਸਿੰਘ ਵਰਗੇ ਸਿੱਖ ਵਿਦਵਾਨ ਧੱਕੇ ਨਾਲ ਸਭ ਕੁਝ ਨੂੰ ਸਿੱਖਾਂ ਨਾਲ ਜੋੜ ਲੈਂਦੇ ਹਨ ਅਤੇ ਅਜਿਹੀ ਮਨੋ-ਕਲਪਿਤ ਮਿੱਥ ਨੂੰ ਲੈ ਕੇ ਫਿਰ ਰਹੇ ਹਨ ਕਿ ਸਾਰੀ ਦੁਨੀਆਂ ਸਿੱਖਾਂ ਨੂੰ ਬਰਬਾਦ ਕਰਨ ’ਤੇ ਹੀ ਲੱਗੀ ਹੋਈ ਹੈ। ਉਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਪੰਜਾਬ ਦੀ ਸਿੱਖ ਸਿਆਸਤ ਦਾ ਭਾਰਤ ਜਾਂ ਅੰਤਰਰਾਸ਼ਟਰੀ ਸਿਆਸਤ ਵਿੱਚ ਕੋਈ ਅਜਿਹਾ ਰੋਲ ਨਹੀਂ, ਜਿਸ ਤੋਂ ਦੁਨੀਆਂ ਡਰ ਕੇ ਸਿੱਖਾਂ ਖਿਲਾਫ ਹੀ ਸਾਜ਼ਿਸ਼ਾਂ ਕਰਨ ਲੱਗ ਜਾਵੇ।
ਸਵਰਾਜਬੀਰ ਤਾਂ ਸਗੋਂ ਆਪਣੀ ਇਸੇ ਲਿਖਤ ਵਿੱਚ ਗੁਰੂ ਨਾਨਕ ਸਾਹਿਬ ਦੇ ਹਵਾਲੇ ਨਾਲ ਇਵੇਂ ਲਿਖਦੇ ਹਨ: ‘ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜ਼ਿੰਦਗੀ ਦੇ ਇਨ੍ਹਾਂ ਪਹਿਲੂਆਂ ਅਤੇ ਰੋਹ/ਸੰਘਰਸ਼ ਦੇ ਮਹੱਤਵ ਬਾਰੇ ਇਹ ਦੱਸਿਆ ਹੈ, “ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ॥” ਲੋਕ-ਰੋਹ ਨੇ ਹੀ ਲੋਕਾਂ ਦੇ ਰਖਵਾਲੇ ਬਣਨਾ ਹੈ। ਉਸ ਰੋਹ ਦੇ ਪਨਪਣ ਲਈ ਜਮਹੂਰੀ ਜ਼ਮੀਨ ਨੂੰ ਕਾਇਮ ਰੱਖਣਾ ਅਤਿਅੰਤ ਜ਼ਰੂਰੀ ਹੈ ਅਤੇ ਇਸ ਨੂੰ ਕਾਇਮ ਰੱਖਣ ਦੀ ਲੜਾਈ ਮਜ਼ਦੂਰ-ਕਿਸਾਨ ਜਥੇਬੰਦੀਆਂ ਦੇ ਆਗੂਆਂ, ਚਿੰਤਕਾਂ, ਵਿਦਵਾਨਾਂ, ਕਲਾਕਾਰਾਂ ਅਤੇ ਲੋਕ-ਸਮੂਹਾਂ ਨੂੰ ਇਕੱਠੇ ਹੋ ਕੇ ਲੜਨੀ ਪੈਣੀ ਹੈ; ਉਸ ਲਈ ਅਜਿਹੀ ਸੋਚ ਦੀ ਲੋੜ ਹੈ, ਜੋ ਲੋਕ-ਸੰਘਰਸ਼ਾਂ ਵਿੱਚ ਜਿੱਤਾਂ ਦਾ ਤਸੱਵਰ ਪੇਸ਼ ਕਰਨ ਦੇ ਨਾਲ-ਨਾਲ ਇਨ੍ਹਾਂ ਸੰਘਰਸ਼ਾਂ ਵਿੱਚ ਹੋਣ ਵਾਲੀਆਂ ਹਾਰਾਂ ਨੂੰ ਵੀ ਜੀਵਨ-ਚਿੰਤਨ ਦਾ ਹਿੱਸਾ ਬਣਾ ਸਕੇ। ਵਿਦਵਾਨ ਡਰੂਸਿਲਾ ਕੋਰਨਲ ਅਨੁਸਾਰ, “ਅਸੀਂ ਹਾਰਾਂ ਬਾਰੇ ਅਗਾਊਂ ਨਹੀਂ ਜਾਣ ਸਕਦੇ। ਅਸੀਂ ਇਹ ਵੀ ਨਹੀਂ ਜਾਣ ਸਕਦੇ ਕਿ ਕਿਸੇ ਸੰਘਰਸ਼ ਵਿੱਚੋਂ ਕਿਹੋ ਜਿਹੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ। ਅਸੀਂ ਸਿਰਫ਼ ਇਸ ਲਈ ਹੀ ਸੰਘਰਸ਼ ਨਹੀਂ ਕਰਦੇ ਕਿ ਅਸੀਂ ਜਿੱਤ ਜਾਈਏ ਜਾਂ ਸਾਨੂੰ ਜਿੱਤ ਦੀ ਆਸ ਹੈ; ਅਸੀਂ ਇਸ ਲਈ ਵੀ ਸੰਘਰਸ਼ ਕਰਦੇ ਹਾਂ ਕਿ ਅਸੀਂ ਅਜਿਹੀ ਜ਼ਿੰਦਗੀ ਜਿਊਣਾ ਚਾਹੁੰਦੇ ਹਾਂ, ਜਿਹੜੀ ਇਨਸਾਨੀਅਤ ’ਤੇ ਆਧਾਰਿਤ ਹੋਵੇ ਅਤੇ ਜਿਸ ਨਾਲ ਅਸੀਂ ਹੋਰਨਾਂ ਨਾਲ ਸਾਂਝ ਪਾ ਕੇ ਕੁਝ ਨਵਾਂ ਸੰਸਾਰ ਸਿਰਜ ਸਕੀਏ।’
ਪਾਠਕ ਹੀ ਅੰਦਾਜ਼ਾ ਲਗਾਉਣ, ਸਾਡੀ ਤਾਂ ਸਮਝ ਤੋਂ ਬਾਹਰ ਹੈ ਕਿ ਕਰਮਜੀਤ ਸਿੰਘ, ਗੁਰਬਚਨ ਸਿੰਘ, ਅਜਮੇਰ ਸਿੰਘ ਵਰਗੇ ਸਿੱਖ ਚਿੰਤਕਾਂ ਨੂੰ ਸਵਰਾਜਬੀਰ ਦੀਆਂ ਲਿਖਤਾਂ ਵਿੱਚੋਂ ਕਿਵੇਂ ਉਸਦੇ ‘ਸਿੱਖ ਵਿਰੋਧੀ’ ਹੋਣ ਦੀ ‘ਸੋਅ’ ਆ ਜਾਂਦੀ ਹੈ। ਪਤਾ ਨਹੀਂ ਸਾਡੇ ਇਹ ਮਹਾਨ ਵਿਦਵਾਨ ਕਿਵੇਂ ਆਪਣੀ ਦਿੱਬ-ਦ੍ਰਿਸ਼ਟੀ ਨਾਲ ਜਾਣ ਲੈਂਦੇ ਹਨ ਕਿ ਸਵਰਾਜਬੀਰ ਵਰਗਿਆਂ ਨੂੰ ਭਾਰਤੀ ਸਟੇਟ ਪੰਜਾਬ ਵਿੱਚੋਂ ਸਿੱਖ (ਪੰਥਕ) ਬ੍ਰਿਤਾਂਤ ਨੂੰ ਹਾਸ਼ੀਏ ਉੱਤੇ ਧੱਕਣ ਲਈ ਖਾਸ ਜ਼ਿੰਮੇਵਾਰੀ ਦੇ ਕੇ ਭੇਜਦੀ ਹੈ? ਹੁਣ ਕੀ ਇਹ ਵਿਦਵਾਨ ਦੱਸ ਸਕਦੇ ਹਨ ਕਿ ਜੇ ਸਵਰਾਜਬੀਰ ਵਰਗੇ ਪੰਜਾਬ ਤੇ ਲੋਕ ਹਿਤੈਸ਼ੀ ਵਿਅਕਤੀ, ਸਟੇਟ ਲਈ ਸਿੱਖ ਵਿਰੋਧੀ ਏਜੰਡੇ ’ਤੇ ਕੰਮ ਕਰ ਰਹੇ ਸਨ, ਫਿਰ ਉਨ੍ਹਾਂ ਨੂੰ ਬੜੀ ਬੇਰੁਖੀ ਨਾਲ ਕਿਉਂ ਰੁਖਸਤ ਕੀਤਾ ਗਿਆ? ਕੀ ਇਸ ਤੋਂ ਇਹ ਮਹਿਸੂਸ ਨਹੀਂ ਹੁੰਦਾ ਕਿ ਭਾਰਤੀ ਸਟੇਟ ਨੇ ਸਵਰਾਜਬੀਰ ਨੂੰ ਘਰੇ ਭੇਜ ਕੇ ਸਾਡੇ ਇਨ੍ਹਾਂ ਸਿਰਮੌਰ ਵਿਦਵਾਨਾਂ ਦੀ ਇੱਛਾ ਪੂਰਤੀ ਕੀਤੀ ਹੈ? ਇਉਂ ਨਹੀਂ ਭਾਸ ਰਿਹਾ ਕਿ ਜਿਵੇਂ ਭਾਰਤੀ ਸਟੇਟ ਸਿੱਖ ਵਿਦਵਾਨਾਂ ਦੇ ਇਸ਼ਾਰੇ ’ਤੇ ਚਲਦੀ ਹੋਵੇ, ਜਿਸ ਨੂੰ ਇਹ ਸਿੱਖ ਵਿਰੋਧੀ ਗਰਦਾਨ ਦੇਣ, ਉਨ੍ਹਾਂ ਦਾ ਹਸ਼ਰ ਹਰੀਸ਼ ਖਰੇ, ਸਵਰਾਜਬੀਰ ਆਦਿ ਵਰਗਾ ਹੁੰਦਾ ਹੈ।
ਇਸ ਸੰਬੰਧੀ ਕੁਝ ਹੋਰ ਸਿੱਖ ਵਿਦਵਾਨਾਂ ਦੀਆਂ ਫੇਸਬੁੱਕ ਪੋਸਟਾਂ ਅਨੁਸਾਰ ਸਵਰਾਜਬੀਰ ਨਾ ਪੱਤਰਕਾਰ ਸੀ, ਨਾ ਉਸ ਕੋਲ਼ ਮੀਡੀਏ ਦਾ ਤਜਰਬਾ ਸੀ, ਪਰ ਉਸ ਨੂੰ ਫਿਰ ਵੀ ਪੰਜਾਬੀ ਟ੍ਰਿਬਿਊਨ ਵਰਗੇ ਨਾਮਵਰ ਅਖਬਾਰ ਦੀ ਜ਼ਿੰਮੇਵਾਰੀ ਕਿਉਂ ਦਿੱਤੀ ਗਈ, ਇਹ ਵੱਡਾ ਸਵਾਲ ਹੈ? ਅਜਿਹੇ ਵਿਦਵਾਨਾਂ ਦੀਆਂ ਜੇ ਸਾਰੀਆਂ ਗੱਲਾਂ ਨੂੰ ਸੱਚ ਮੰਨ ਲਈਏ ਤਾਂ ਇਹ ਗੱਲ ਤਾਂ ਸਪਸ਼ਟ ਹੈ ਕਿ ਸਵਰਾਜਬੀਰ ਨੇ ਅਖੌਤੀ ਸਿੱਖ ਵਿਰੋਧੀ ਲੇਖਕਾਂ ਨੂੰ ਪ੍ਰਮੋਟ ਕੀਤਾ, ਉਸਨੇ ਕਮਿਉਨਿਸਟਾਂ ਦੀ ਬੱਲੇ-ਬੱਲੇ ਕਰਾਈ। ਜੇ ਉਹ ਅਜਿਹਾ ਕਰ ਰਿਹਾ ਸੀ ਤਾਂ ਇਸਦਾ ਨੁਕਸਾਨ ਕਿਸ ਨੂੰ ਹੋ ਰਿਹਾ ਸੀ? ਕੀ ਟ੍ਰਿਬਿਊਨ ਦੇ ਟ੍ਰਸਟੀ ਪੰਥਕ ਸੋਚ ਵਾਲ਼ੇ ਹਨ ਕਿ ਉਨ੍ਹਾਂ ਨੇ ਸਵਰਾਜਬੀਰ ਦੀ ਅਖੌਤੀ ਸਿੱਖ ਵਿਰੋਧੀ ਸੋਚ ਕਾਰਨ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ? ਜੇ ਇਹ ਸੱਚ ਹੈ ਤਾਂ ਇਹ ਵਿਦਵਾਨ ਆਪ ਹੀ ਝੂਠੇ ਪੈਂਦੇ ਹਨ, ਜਦੋਂ ਕਹਿੰਦੇ ਹਨ ਕਿ ਉਸ ਨੂੰ ਲਿਆਂਦਾ ਹੀ ‘ਗੁਰਬਾਣੀ ਦੇ ਇਨਕਲਾਬ ਨੂੰ ਮੇਟਣ ਲਈ ਸੀ ਤਾਂ ਕਿ ਗੁਰਾਂ ਦੇ ਨਾਮ ’ਤੇ ਵਸਦੇ ਪੰਜਾਬ ਵਿੱਚ ਮਾਰਕਸ-ਲੈਨਿਨ ਦਾ ਇਨਕਲਾਬ ਲਿਆਂਦਾ ਜਾ ਸਕੇ।’ ਕੀ ਸਾਡੇ ਬਹੁਤ ਹੀ ਸਤਿਕਾਰਯੋਗ ਅਤੇ ਸੂਝਵਾਨ ਵਿਦਵਾਨ ਦੱਸ ਸਕਦੇ ਹਨ ਕਿ ਟ੍ਰਿਬਿਊਨ ਦੇ ਟ੍ਰਸਟੀ ਕਦੋਂ ਪੰਥ ਵਿਰੋਧੀ ਤੋਂ ਪੰਥਕ ਹੋ ਗਏ ਸਨ?
ਜਿਹੜੇ ਲੋਕ ਅਜਿਹੇ ਦਾਅਵੇ ਕਰਦੇ ਹਨ ਕਿ ਸਵਰਾਜਬੀਰ ਨੂੰ ਪੰਜਾਬ ਵਿੱਚੋਂ ਸਿੱਖੀ ਨੂੰ ਹਾਸ਼ੀਏ ’ਤੇ ਧੱਕਣ ਲਈ ਲਿਆਂਦਾ ਗਿਆ ਸੀ, ਉਨ੍ਹਾਂ ਨੂੰ ਸਵਰਾਜਬੀਰ ਦਾ ਕੁਝ ਸਮਾਂ ਪਹਿਲਾਂ ਲਿਖਿਆ ਸੰਪਾਦਕੀ ‘ਲੋਕ-ਪੱਖੀ ਸਿਆਸਤ ਦੀ ਸਿਰਜਣਾ’ ਪੜ੍ਹਨਾ ਚਾਹੀਦਾ ਹੈ, ਜਿਸ ਵਿੱਚ ਉਸਨੇ ਸਾਫ ਕਿਹਾ ਹੈ, “ਅਜੋਕਾ ਭਾਰਤੀ ਸਟੇਟ ਪ੍ਰਬੰਧ ਗੰਭੀਰ ਆਰਥਿਕ ਸੰਕਟ ਪੈਦਾ ਕਰ ਰਿਹਾ ਹੈ ਅਤੇ ਇਹ ਸੰਕਟ ਲੋਕ-ਪੱਖੀ ਤਾਕਤਾਂ ਪੈਦਾ ਕਰਨ ਵਾਲੀ ਜ਼ਰਖ਼ੇਜ਼ ਜ਼ਮੀਨ ਹੈ। ਲੋਕ-ਪੱਖੀ ਸ਼ਕਤੀਆਂ ਦਾ ਨਿਰਮਾਣ ਕਿਵੇਂ ਹੋਵੇ ਅਤੇ ਇਸ ਲਈ ਕਿੰਨਾ ਸਮਾਂ ਲੱਗੇਗਾ? ਇਨ੍ਹਾਂ ਸਵਾਲਾਂ ਦੇ ਜਵਾਬ ਅਸਾਨ ਨਹੀਂ। ਅਜਿਹੀਆਂ ਤਾਕਤਾਂ ਦੇ ਨਿਰਮਾਣ ਲਈ ਅਜਿਹੀ ਵਿਚਾਰਧਾਰਾ ਦੀ ਜ਼ਰੂਰਤ ਹੈ, ਜੋ ਭਾਜਪਾ ਦੇ ਵਿਚਾਰਧਾਰਕ ਪ੍ਰਮੁੱਖਤਾ ਦੇ ਕਿਲੇ ਨੂੰ ਤੋੜ ਕੇ ਹਿੰਦੂ ਭਾਈਚਾਰੇ ਦੇ ਉਸ ਵਰਗ ਨਾਲ ਸੰਵਾਦ ਰਚਾ ਸਕੇ, ਜਿਸ ਨੂੰ ਭਾਜਪਾ ਦੀ ਵਿਚਾਰਧਾਰਾ ਨੇ ਕੀਲ ਰੱਖਿਆ ਹੈ; ਲੋਕ-ਪੱਖੀ ਵਿਚਾਰਧਾਰਾ ਲਗਾਤਾਰ ਲੋਕ-ਪੱਖੀ ਸਿਆਸੀ ਕਾਰਜਾਂ ਰਾਹੀਂ ਹੀ ਨਿਰਮਤ ਹੋਣੀ ਹੈ; ਅੱਜ ਗ਼ੈਰ-ਭਾਜਪਾ ਪਾਰਟੀਆਂ ਅਜਿਹੇ ਸਿਆਸੀ ਕਾਰਜਾਂ ਤੋਂ ਦੂਰੀ ਬਣਾ ਕੇ ਰੱਖ ਰਹੀਆਂ ਹਨ। ਲੋਕ-ਪੱਖੀ ਸਿਆਸੀ ਅੰਦੋਲਨਾਂ ਅਤੇ ਕਾਰਜਾਂ ਦੀ ਸਿਰਜਣਾ ਇਸ ਸਮੇਂ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਹਨ।”
ਸਵਰਾਜਬੀਰ ਦਾ ਇਹ ਸਵਾਲ ਪੰਥਕ ਸਿੱਖ ਲੀਡਰਸ਼ਿੱਪ ਅਤੇ ਸਿੱਖ ਚਿੰਤਕਾਂ ਲਈ ਵੀ ਉੰਨਾ ਹੀ ਸਾਰਥਕ ਹੈ ਕਿ ਕੀ ਉਹ ਕਦੇ ਸੋਚਣਗੇ ਕਿ ਪੰਜਾਬ ਦੇ ਗੈਰ ਸਿੱਖਾਂ ਨੂੰ ਤਾਂ ਛੱਡੋ, ਪੰਜਾਬ ਦੇ ਦੇਸ਼-ਵਿਦੇਸ਼ ਵਿੱਚ ਵਸਦੇ ਆਮ ਸਿੱਖ ਵੀ ਉਨ੍ਹਾਂ ਦੇ ਭਾਰਤ ਤੋਂ ਵੱਖਰੇ ਦੇਸ਼ ਖਾਲਿਸਤਾਨ ਜਾਂ ਪੰਥਕ ਏਜੰਡੇ ਨੂੰ ਕਿਉਂ ਨਹੀਂ ਅਪਣਾ ਰਹੇ? ਵਾਰ-ਵਾਰ ਉਨ੍ਹਾਂ ਨੂੰ ਕਿਉਂ ਨਕਾਰ ਰਹੇ ਹਨ?
ਸਵਰਾਜਬੀਰ ਦੀ ਪੰਜਾਬੀ ਬੋਲੀ ਅਤੇ ਸੱਭਿਆਚਾਰ ਬਾਰੇ ਪ੍ਰਤੀਬੱਧਤਾ ਦੀ ਇੱਕ ਹੋਰ ਮਿਸਾਲ ਦੇਖੋ। ਉਸਨੇ ਪਿਛਲੇ ਸਾਲ ਮਾਂ-ਬੋਲੀ ਪੰਜਾਬੀ ਦਾ ਜ਼ਸ਼ਨ ਮਨਾਉਣ ਲਈ ਪੰਜਾਬੀ ਯੂਨੀਵਰਸਿਟੀ ਵਿੱਚ ‘ਪੰਜਾਬੀ ਭਾਸ਼ਾ ਦੀ ਸਮੱਸਿਆ ਨੂੰ ਸਮਝਣ ਲਈ ਕੁਝ ਨੁਕਤੇ’ ਸਿਰਲੇਖ ਹੇਠਲੇ ਆਪਣੇ ਭਾਸ਼ਨ ਵਿੱਚ ਕਿਹਾ ਸੀ, “ਮੇਰੇ ਸਾਹਮਣੇ ਜੇ ਕੋਈ ਪੰਜਾਬੀ ਕਿਸੇ, ਹੋਰ ਭਾਸ਼ਾ ਵਿੱਚ ਗੱਲ ਕਰੇ ਜਾਂ ਕਿਸੇ ਹੋਰ ਭਾਸ਼ਾ ਵਿੱਚ ਲਿਖੇ ਤਾਂ ਮੈਨੂੰ ਵੱਟ ਚੜ੍ਹ ਜਾਂਦਾ ਹੈ, ਮੈਨੂੰ ਉਹ ਬੰਦਾ ਜ਼ਹਿਰ ਲਗਦਾ ਹੈ। ਮੈਂ ਅੰਦਰੋ-ਅੰਦਰ ਵਿਸ ਘੋਲ਼ਦਾ ਹਾਂ ਕਿ ਉਹ ਪੰਜਾਬੀ ਵਿੱਚ ਕਿਉਂ ਬੋਲ ਤੇ ਲਿਖ ਨਹੀਂ ਰਿਹਾ। ਕਈ ਵਾਰ ਮੈਂ ਅਜਿਹੇ ਬੰਦਿਆਂ ਨਾਲ ਲੜ ਵੀ ਪੈਂਦਾ ਹਾਂ। ਲੜਨ ਤੋਂ ਬਾਅਦ ਮੈਂ ਆਪਣੇ ਆਪ ਨੂੰ ਇਹ ਕਹਿ ਕਿ ਧਰਵਾਸ ਦਿੰਦਾ ਹਾਂ ਕਿ ਆਪਣੀ ਮਾਂ ਬੋਲੀ ਵਿੱਚ ਨਾ ਲਿਖਣ ਜਾਂ ਬੋਲਣ ਵਾਲ਼ਾ ਬੰਦਾ ਰੂਹਾਨੀ ਤੇ ਸੱਭਿਆਚਾਰਕ ਪੱਖ ਤੋਂ ਲਿੱਸਾ ਤੇ ਬੌਣਾ ਹੁੰਦਾ ਹੈ।”
ਸਵਰਾਜਬੀਰ ਦੀ ਕਹਿਣੀ ਤੇ ਕਥਨੀ ਵਿੱਚ ਸਾਨੂੰ ਤਾਂ ਕੋਈ ਫਰਕ ਨਜ਼ਰ ਨਹੀਂ ਆਇਆ ਪਰ ਜਿਹੜੇ ਸਿੱਖ ਚਿੰਤਕ ਉਸ ਨੂੰ ਪੰਜਾਬੀ ਟ੍ਰਿਬਿਊਨ ਤੋਂ ਕੱਢੇ ਜਾਣ ’ਤੇ ਖੜਕਿੱਲੀ ਪਾ ਰਹੇ ਹਨ, ਉਨ੍ਹਾਂ ਦੀ ਕਹਿਣੀ ਤੇ ਕਰਨੀ ਦਾ ਰੱਬ ਹੀ ਰਾਖਾ ਹੈ! ਉਹ ਪੰਜਾਬ ਦੇ ਹਿੰਦੂਆਂ ਅਤੇ ਦਲਿਤਾਂ ਦੀ ਵੱਡੀ ਵਸੋਂ ਤਾਂ ਪਾਸੇ ਰਹੀ, ਆਮ ਸਧਾਰਨ ਸਿੱਖ ਕਿਰਸਾਨੀ ਨੂੰ ਭਰੋਸੇ ਵਿੱਚ ਲਏ ਬਗੈਰ ਦੇਸ਼-ਵਿਦੇਸ਼ ਵਿੱਚ ਖਾਲਿਸਤਾਨ ਦਾ ਜਿਸ ਕਿਸਮ ਦਾ ਪ੍ਰਵਚਨ ਸਿਰਜ ਰਹੇ ਹਨ, ਉਨ੍ਹਾਂ ਨੇ ਕਦੇ ਇਹ ਗੱਲ ਵਿਚਾਰੀ ਹੀ ਨਹੀਂ ਹੈ ਕਿ ਉਹਨਾਂ ਦੀ ‘ਅੰਨ੍ਹੇ ਨਿਸ਼ਾਨਚੀਆਂ’ ਵਾਲੀ 40-50 ਸਾਲਾਂ ਦੀ ਰਾਜਨੀਤੀ ਨੇ ਕਿੰਨੇ ਨੌਜਵਾਨਾਂ ਨੂੰ ਗੁਮਰਾਹ ਕਰਕੇ ਬਰਬਾਦੀ ਦੇ ਰਸਤੇ ਤੋਰਿਆ। ਇਹ ਲੋਕ ਆਪਣੀ ਕੌਮ ਦਾ ਕਿੰਨਾ ਨੁਕਸਾਨ ਕਰੀ ਬੈਠੇ ਹਨ, ਇਨ੍ਹਾਂ ਬਾਰੇ ਕਹਿਣ ਨੂੰ ਦਿਲ ਤਾਂ ਨਹੀਂ ਕਰਦਾ, ਪਰ ਕਹੇ ਬਿਨਾਂ ਰਿਹਾ ਵੀ ਨਹੀਂ ਜਾਂਦਾ ਕਿ ਇਨ੍ਹਾਂ ਸੱਜਣਾ ਨੇ ਕੀ ਕਦੇ ਸੋਚਿਆ ਹੈ ਕਿ ਇਨ੍ਹਾਂ ਦੇ ਸੁਪਨਿਆਂ ਦੇ ਖਾਲਿਸਤਾਨ ਦਾ ਨਕਸ਼ਾ ਕੀ ਹੋਵੇਗਾ? ਅਜਿਹੇ ਰਾਜ ਦੀ ਘੱਟ ਗਿਣਤੀਆਂ ਬਾਰੇ ਨੀਤੀ ਕੀ ਹੋਵੇਗੀ? ਉਸ ਦੇਸ਼ ਦੀ ਆਰਥਿਕ ਨੀਤੀ ਕੀ ਹੋਵੇਗੀ? ਸਾਡੇ ਇਹ ਮਹਾਂਰਥੀ ਪੰਜਾਬ ਦੇ ਲੋਕਾਂ ਨੂੰ ਬੇਗਮਪੁਰੇ ਵਰਗੀ ਜੰਨਤ ਵਿੱਚ ਕਿਵੇਂ ਲੈ ਕੇ ਜਾਣਗੇ? ਧਰਮ ਅਧਾਰਿਤ ਇਜ਼ਰਾਈਲ, ਪਾਕਿਸਤਾਨ, ਇਰਾਨ, ਅਫਗਾਨਿਸਤਾਨ ਵਰਗੇ ਦੇਸ਼ਾਂ ਵਿੱਚ ਲੋਕਾਂ ਦਾ ਹਸ਼ਰ ਕੀ ਇਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ? ਲਗਦਾ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਬਲ਼ਦੀ ਦੇ ਭੂਥੇ ਦੇਈ ਰੱਖਣਾ ਹੀ ਇਨ੍ਹਾਂ ਦਾ ਮੁੱਖ ਏਜੰਡਾ ਹੈ।
ਸ. ਕਰਮਜੀਤ ਸਿੰਘ ਨੂੰ ਸਵਰਾਜਬੀਰ ਵਰਗੇ ਇਨਸਾਨ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਦਾ ਇਖਲਾਕੀ ਹੱਕ ਹੈ? ਫਿਰ ਵੀ ਉਨ੍ਹਾਂ ਨੇ ਜੇ ਇੰਝ ਕਰਨ ਤੋਂ ਨਹੀਂ ਹਟਣਾ ਤਾਂ ਪਹਿਲਾਂ ਉਨ੍ਹਾਂ ਨੂੰ ਘਰ ਦੇ ਭੇਤੀ ਮਾਲਵਿੰਦਰ ਸਿੰਘ ਮਾਲੀ ਦੇ ਇਲਜ਼ਾਮਾਂ ਦਾ ਜਵਾਬ ਤਾਂ ਜ਼ਰੂਰ ਹੀ ਦੇਣਾ ਚਾਹੀਦਾ ਹੈ, ਜੋ ਉਨ੍ਹਾਂ ਕਈ ਵਾਰ ਆਪਣੀਆਂ ਲਿਖਤਾਂ ਵਿੱਚ ਲਗਾਏ ਹਨ।
ਸ. ਕਰਮਜੀਤ ਸਿੰਘ ਜੀ ਦਾ ਸਵਰਾਜਬੀਰ ਪ੍ਰਤੀ ਸਭ ਤੋਂ ਵੱਡਾ ਸ਼ਿਕਵਾ ਤਾਂ ਇਹੀ ਹੈ ਕਿ ਉਸਨੇ ਬੰਦੀ ਸਿੱਖ ਨੌਜਵਾਨਾਂ ਦੀ ਰਿਹਾਈ ਬਾਰੇ ਅਵਾਜ਼ ਕਿਉਂ ਨਹੀਂ ਉਠਾਈ? ਕੀ ਉਨ੍ਹਾਂ ਨੂੰ ਕੋਈ ਸ਼ੱਕ ਹੈ ਕਿ ਸਵਰਾਜਬੀਰ ਤਾਂ ਅਜਿਹੇ ਸਿੱਖ ਲੀਡਰਾਂ ਦੀ ਪੰਥਕ ਰਾਜਨੀਤੀ ਨਾਲ ਕਦੇ ਸਹਿਮਤ ਹੀ ਨਹੀਂ ਸੀ? ਕੀ ਉਨ੍ਹਾਂ ਨੂੰ ਕਰਮਜੀਤ ਸਿੰਘ ਵੱਲੋਂ ਅਜਿਹਾ ਕੋਈ ਮਿਹਣਾ ਮਾਰਨਾ ਬਣਦਾ ਹੈ? ਜਿਹੜੀ ਰਾਜਨੀਤੀ ਨਾਲ ਸਵਰਾਜਬੀਰ ਸਹਿਮਤ ਹੀ ਨਹੀਂ ਹੈ, ਉਸਦੀ ਆਲੋਚਨਾ ਕਰਨਾ ਤਾਂ ਛੱਡੋ, ਕੀ ਉਸ ਨੂੰ ਚੁੱਪ ਰਹਿਣ ਦਾ ਵੀ ਅਧਿਕਾਰ ਨਹੀਂ ਹੈ? ਗੁਰੂ ਸਾਹਿਬ ਦੇ ਮਹਾਂਵਾਕ ‘ਸਭੇ ਸਾਝੀਵਾਲ ਸਦਾਇਨਿ’ ਵਰਗੇ ਸੱਦੇ ਦੀ ਗੂੰਜ, ਸਵਰਾਜਬੀਰ ਦੇ ਹਰ ਪੰਜਾਬੀ ਟ੍ਰਿਬਿਊਨ ਵਿੱਚ ਪਿਛਲੇ 5 ਸਾਲ ਤੋਂ ਛਪਦੇ ਆ ਰਹੇ ਹਰ ਲੇਖ ਵਿੱਚ ਸਮੋਈ ਹੋਈ ਸੀ। ਇਸ ਪ੍ਰਥਾਏ ‘ਸ਼ਾਇਰ ਦੇਸ਼ ਪੰਜਾਬ ਦਾ, ਅਹਿਮਦ ਉਸਦਾ ਨਾਮ’, ‘ਸ਼ਹੀਦ ਭਗਤਸਿੰਘਪੁਰਾ ਦੇ ਵਾਸੀ’, ‘ਲੋਕਪੱਖੀ ਸਿਆਸਤ ਦੀ ਸਿਰਜਣਾ’, ‘ਇਕੱਲ ਦੇ ਬੁੱਤ’, ‘ਵਰਕੇ ਖੁੱਲ੍ਹੇ ਤੇਰੇ ਪੰਜਾਬ ਦੇ’, ‘ਪੰਜਾਬੀ ਲੋਕਮਨ ਤੇ ਰਾਮ ਕਥਾ’, ‘ਇੱਕ ਸ਼ਾਇਰਾ ਦਾ ਇਨਕਾਰ’, ਆਦਿ ਉਸਦੇ ਲੇਖ ਸਭ ਨੂੰ ਪੜ੍ਹਨੇ ਚਾਹੀਦੇ ਹਨ ਤਾਂ ਕਿ ਸਵਰਾਜਬੀਰ ਦੀ ਪੰਜਾਬ ਅਤੇ ਲੋਕ ਪੱਖੀ ਸੋਚ ਦਾ ਪਤਾ ਲੱਗ ਸਕੇ।
‘ਸ਼ਾਇਰ ਦੇਸ਼ ਪੰਜਾਬ ਦਾ, ਅਹਿਮਦ ਸਲੀਮ ਉਸਦਾ ਨਾਮ’ ਦੇ ਸਿਰਲੇਖ ਹੇਠਲੇ ਲੇਖ ਦੀਆਂ ਕੁਝ ਸਤਰਾਂ ਮੈਨੂੰ ਯਾਦ ਆ ਰਹੀਆਂ ਹਨ: ‘ਅਹਿਮਦ ਸਲੀਮ ਨੇ ‘ਮਿਆਣਾ ਗੋਂਦਲ ਦਾ ਢੋਲਾ’ ਜਿਹੀ ਯਾਦਗਾਰੀ ਨਜ਼ਮ ਲਿਖੀ, ਜਿਸ ਵਿੱਚ ਮਾਸੀ ਜਨਤੇ ਲੁਕ-ਲੁਕ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੀ ਕਰਦੀ ਬੁੱਢੀ ਹੋ ਜਾਂਦੀ ਹੈ ਅਤੇ ਉਸਨੇ ਦੇਸ ਪੰਜਾਬ ਦੀ ‘ਵਾਰ’ ਲਿਖੀ, ਜਿਸਦੇ ‘ਵੀਰ’ ਬੰਗਲਾ ਦੇਸ਼ ਨੂੰ ਮਧੋਲਣ ਲਈ ਚੜ੍ਹਦੇ ਨੇ। … ਤੇ ਅੰਮ੍ਰਿਤਾ ਪ੍ਰੀਤਮ ਲਈ ਲਿਖੀ ਨਜ਼ਮ ਵਿੱਚ ਲਿਖਿਆ:
ਕਦੋਂ ਵਿੱਥਾਂ ਨੂੰ ਇਸ਼ਕ ਦੀ ਸਾਰ ਹੁੰਦੀ,
ਕਿਸੇ ਕੰਧ ਨੂੰ ਹੁਸਨ ਦੀ ਪੀੜ ਕਿੱਥੇ।
ਪਾਟੀ ਚੁੰਨੀ ਦੇ ਵਾਂਗ ਹੈ ਦੁੱਖ ਸਾਡਾ,
ਇੱਕ ਲੀਰ ਇੱਥੇ, ਦੂਜੀ ਲੀਰ ਕਿੱਥੇ?
ਅਹਿਮਦ ਸਲੀਮ ਨੇ ਨਿਜ਼ਾਮ ਤੇ ਸਮਾਜ ਵਿੱਚੋਂ ਉਪਜੀ ਬੇਗ਼ਾਨਗੀ ਹੰਢਾਈ ਤੇ ਲਿਖਿਆ:
ਨਜ਼ਮ ਦੇ ਅੰਗ ਮੁਰਝਾਂਦੇ ਪਏ,
ਦੋਸਤੀ ਦਾ ਕਾਅਬਾ ਮੇਰੀ ਪਨਾਹ ਨਹੀਂ ਬਣਿਆ।
ਹੰਝੂਆਂ ਨੇ ਕਿਹੋ ਜਿਹਾ ਮੇਲ ਕਰਾਇਆ ਸੀ,
ਮੈਨੂੰ ਆਪਣੇ ਘਰ ਦਾ ਰਾਹ ਭੁੱਲ ਗਿਆ ਏ।
ਸਵਰਾਜਬੀਰ ਦੇ ਪ੍ਰਸ਼ੰਸਕ ਸੁਮੇਲ ਸਿੱਧੂ ਨੇ ਉਨ੍ਹਾਂ ਦੇ ਰਾਜਨੀਤਕ ਨਾਟਕ ‘ਮੱਸਿਆ ਦੀ ਰਾਤ’ ਨੂੰ ਸਾਹਿਤ ਅਕਾਡਮੀ ਐਵਾਰਡ ਮਿਲਣ ’ਤੇ ਆਪਣੀ ਇੱਕ ਫੇਸਬੁੱਕ ਪੋਸਟ ਵਿੱਚ ਉਸ ਬਾਰੇ ਇਵੇਂ ਕਿਹਾ (ਸਾਡੀ ਵੀ ਇਸ ਨਾਲ ਪੂਰਨ ਸਹਿਮਤੀ ਹੈ): ਪੰਜਾਬ ਦਾ ਸੱਭਿਆਚਾਰਕ ਪਛੜੇਵਾਂ ਇਸਦੀ ਰਾਜਨੀਤਕ ਤ੍ਰਾਸਦੀ ਦੀਆਂ ਜੜ੍ਹਾਂ ਵਿੱਚ ਬੈਠਾ ਹੈ। ਇਸ ‘ਮੱਸਿਆ ਦੀ ਰਾਤ’ ਦੇ ਖਾਤਮੇ ਲਈ ਸਵਰਾਜਬੀਰ ਵਰਗੀਆਂ ਕਲਮਾਂ ਦੀ ਵਿਵੇਕਵਾਨ ਲੋਅ ਦੀ ਸਾਰੇ ਪੰਜਾਬੀ ਜਗਤ ਨੂੰ ਸ਼ਦੀਦ ਜ਼ਰੂਰਤ ਹੈ। ਸਵਰਾਜਬੀਰ ਦੇ ਅੰਦਰ ਵਹਿੰਦੇ ਸੰਵੇਦਨਾ-ਚਿੰਤਨ-ਸੁਹਜ-ਵਿਦਰੋਹ ਦੇ ਪਾਣੀ ਰਵਾਂ ਰਹਿਣ, ਮੇਰੀ ਦੁਆ ਹੈ। ਬਾਬਾ ਵਾਰਿਸ ਸ਼ਾਹ ਜਿਵੇਂ ਸਵਰਾਜਬੀਰ ਬਾਰੇ ਹੀ ਕਹਿੰਦਾ ਹੋਵੇ:
ਅਸਾਂ ਮੰਗ ਦਰਗਾਹ ਥੀਂ ਲਿਆ ਰਾਂਝਾ,
ਸਿਦਕ ਸੱਚ ਜ਼ਬਾਨ ਸਭ ਬੋਲਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4669)
(ਸਰੋਕਾਰ ਨਾਲ ਸੰਪਰਕ ਲਈ: (