“ਪਿੰਡ ਵਿੱਚੋਂ ਨਿਕਲਦਿਆਂ ਹੀ ‘ਮਹਾਤਮਾ ਗਾਂਧੀ’ ਵਰਗਾ ਇੱਕ ‘ਬਾਪੂ’ ਇੰਨੇ ਸਾਲਾਂ ਤੋਂ ਮੈਨੂੰ ਲਗਭਗ ਨਿੱਤ ਹੀ ਬਲਦਾਂ ਵਾਲੇ ...”
(20 ਅਪਰੈਲ 2024)
ਇਸ ਸਮੇਂ ਪਾਠਕ: 360.
ਕਈ ਬੰਦੇ ਤੁਹਾਡੇ ਰਿਸ਼ਤੇਦਾਰ, ਸੱਜਣ-ਮਿੱਤਰ ਜਾਂ ਜਾਣਕਾਰ ਤਾਂ ਨਹੀਂ ਹੁੰਦੇ ਪਰ ਤੁਸੀਂ ਫਿਰ ਵੀ ਉਹਨਾਂ ਨੂੰ ਨਿੱਤ ਨੇੜੇ ਤੋਂ ਦੇਖਦੇ ਹੋ ਕਿ ਆਪਣੇ-ਆਪ ਹੀ ਜਾਣਨ ਲੱਗ ਜਾਂਦੇ ਹੋ। ਮੈਂ ਪਿਛਲੇ ਗਿਆਰਾਂ ਕੁ ਸਾਲਾਂ ਤੋਂ ਰੋਜ਼ ਆਪਣੀ ਕਰਮਭੂਮੀ ਪਿੰਡ ‘ਚੱਕ ਪੱਖੀ’ ਦੇ ਸਕੂਲ ਨੂੰ ਜਾਂਦਾ ਰਸਤੇ ਵਿੱਚ ਆਉਂਦੇ ਪਿੰਡ ‘ਖਿਓ ਵਾਲਾ ਬੋਦਲਾ’ ਵਿੱਚ ਦੀ ਲੰਘਦਾ ਹਾਂ। ਇਸ ਪਿੰਡ ਦੀ ਖਾਸੀਅਤ ਇਹ ਹੈ ਕਿ ਪਿੰਡ ਦੇ ਵਿੱਚੋਂ ਸ਼ਹਿਰ ਜਲਾਲਾਬਾਦ ਨੂੰ ਜਾਂਦੀ ਬੇਹੱਦ ਚੌੜੀ ਸੜਕ ਇਸ ਪਿੰਡ ਦੀ ਫਿਰਨੀ ਹੈ। ਪਰ ਇਸ ਫਿਰਨੀ ਨੂੰ ਕੁਝ ਪਿੰਡ ਵਾਲਿਆਂ ਦੀ ਇੰਨੀ ਮੁਹੱਬਤ ਹਾਸਲ ਹੈ ਕਿ ਉਹ ਇਸ ਨੂੰ ਆਪਣੇ ਨਿੱਜੀ ਵਿਹੜੇ ਵਾਂਗ ਵਰਤਦੇ ਹਨ, ਜਿਸ ਕਰਕੇ ਪਿੰਡ ਵਿੱਚੋਂ ਆਪਣੇ ਚਾਰ ਪਹੀਆ ਸਾਧਨ ’ਤੇ ਬੇਹੱਦ ਪਰਪੱਕ ਤੇ ਸਹਿਣਸ਼ੀਲ ਸੁਭਾਅ ਦਾ ਡਰਾਈਵਰ ਹੀ ਰਾਜ਼ੀ-ਖੁਸ਼ੀ ਨਿਕਲ ਸਕਦਾ ਹੈ। ਚਲੋ ਉਹ ਤਾਂ ਅਲੱਗ ਮੁੱਦਾ ਹੈ ਤੇ ਪੂਰੇ ਪੰਜਾਬ ਵਿੱਚ ਅਣਗਿਣਤ ਲੋਕਲ ਸੜਕਾਂ ਦੀ ਆਮ ਸਮੱਸਿਆ ਹੈ, ਇਸ ਬਾਰੇ ਗੱਲ ਫਿਰ ਗੱਲ ਕਰਾਂਗੇ।...
ਪਿੰਡ ਵਿੱਚੋਂ ਨਿਕਲਦਿਆਂ ਹੀ ‘ਮਹਾਤਮਾ ਗਾਂਧੀ’ ਵਰਗਾ ਇੱਕ ‘ਬਾਪੂ’ ਇੰਨੇ ਸਾਲਾਂ ਤੋਂ ਮੈਨੂੰ ਲਗਭਗ ਨਿੱਤ ਹੀ ਬਲਦਾਂ ਵਾਲੇ ਗੱਡੇ ’ਤੇ ਪੱਠੇ ਲੱਦੀ ਮਿਲਦਾ ਹੈ ਤੇ ਇਸ ਬਾਬੇ ਦੀ ਖਾਸੀਅਤ ਇਹ ਹੈ ਕਿ ਇਹ ਹਮੇਸ਼ਾ ਹੀ ਮੁਸਕਰਾਉਂਦਾ ਹੋਇਆ ਹੀ ਮਿਲਦਾ ਹੈ। ਮੇਰੀ ਆਦਤ ਹੈ, ਰੋਜ਼ ਮਿਲਣ ਵਾਲਿਆਂ ਨੂੰ ਦੁਆ-ਸਲਾਮ ਕਰਨ ਦੀ ਪਰ ਮੈਨੂੰ ਲੱਗਿਆ ਕਿ ਬਾਬੇ ਨੂੰ ਕਿਹੜਾ ਦਿਸਣਾ ਹੈ, ਚਾਰ ਕੁ ਸਾਲ ਤਾਂ ਮੈਂ ਬਜ਼ੁਰਗ ਨੂੰ ਨਹੀਂ ਬੁਲਾਇਆ। ਫਿਰ ਹੌਲੀ ਹੌਲੀ ਸਾਡੀ ਰਾਮ-ਰਾਮ ਸ਼ੁਰੂ ਹੋ ਗਈ। ਬੇਹੱਦ ਖੁਸ਼ਦਿਲ, ਦਿਲਦਾਰ ਇਸ ਬਾਪੂ ਦਾ ਨਾਂ ‘ਦੇਸਰਾਜ ਕੰਬੋਜ’ ਹੈ। ਰੌਲ਼ਿਆਂ ਵਾਲੇ ਸਾਲ (ਦਰਅਸਲ ਉਜਾੜੇ ਦੇ ਭੁਗਤਭੋਗੀਆਂ ਲਈ ਅਜ਼ਾਦੀ ਵਾਲਾ ਸਾਲ ਹਮੇਸ਼ਾ ‘ਰੌਲ਼ਿਆਂ ਵਾਲ਼ਾ ਸਾਲ’ ਹੀ ਰਹਿਣਾ ਹੈ) ਸੱਤ ਕੁ ਸਾਲ ਦਾ ਸੀ ਬਾਪੂ ਦੇਸਰਾਜ।
'ਲਹਿੰਦੇ ਪੰਜਾਬ’ ਦੇ ਮਸ਼ਹੂਰ ਕਸਬੇ ‘ਪਾਕਪਟਨ’ ਲਾਗੇ ‘ਵੱਡੀ ਸਫੀ’ ਪਿੰਡ ਵਿੱਚ ਬਾਪੂ ਦੇ ਪਿਓ ਹੁਰਾਂ ਦਾ ਪੰਜ ਭਰਾਵਾਂ ਦਾ ਤਕੜਾ ਪਰਿਵਾਰ ਸੀ। ਅਜ਼ਾਦੀ ਤਾਂ ਮਿਲੀ ਪਰ ਉਹ ਸਮਾਂ ਹਰੇਕ ਲਈ ਖੁਸ਼ੀਆਂ ਨਹੀਂ ਲੈ ਕੇ ਆਇਆ ਸੀ। ਇਹਨਾਂ ਦਾ ਤਾਂ ਇਕਦਮ ਹੀ ਉਜਾੜਾ ਹੋ ਗਿਆ। ਹੁਣ ਬੰਦਾ ਚੁੱਕੇ ਕੀ, ਤੇ ਛੱਡੇ ਕੀ? ਅਖੀਰ ਸਿਵਾਏ ਉਦਰੇਵੇਂ ਭਰੇ ਦੁਖੀ ਮੰਨ ਤੇ ਸਰੀਰ ਤੋਂ ਬਿਨਾਂ ਨਾਲ ਕੁਝ ਨਹੀਂ ਲਿਆ ਸਕੇ। ਰੌਲ਼ੇ ਵਿੱਚ ਉੱਜੜਿਆਂ ਵਿੱਚੋਂ ਕਿਸੇ ਦਾ ਵੀ ਇੱਕ ਵਾਰੀ ਉਜੜਿਆਂ ਨਹੀਂ ਸਰਿਆ। ਪੂਰਾ ਪਰਿਵਾਰ ਫਿਰੋਜ਼ਪੁਰ ਦੇ ਖੰਡੂ ਵਾਲੇ ਖੂਹ ਲਾਗੇ ਕਲੋਨੀ ਵਿੱਚ ਪੰਦਰਾਂ ਸਾਲ ਰਹਿਣ ਤੋਂ ਬਾਅਦ ਫਿਰ ਇੱਧਰ-ਉੱਧਰ ਜਾ ਕੇ ਵਸ ਗਿਆ। ਬਾਪੂ ਹੁਰੀਂ ਇੱਥੇ ਆ ਬੈਠੇ।
ਇੱਕ ਮੁੰਡਾ ਏ ਬਾਪੂ ਦਾ ਡੰਗਰ-ਡਾਕਟਰ। ਪੂਰਾ ਵਧੀਆ ਪਰਿਵਾਰ ਹੈ। ਪਿੰਡ ਦੇ ਜਮਾਂ ਲਾਗੇ ਛੇ ਕੁ ਕਿੱਲੇ ਪੈਲੀ ਏ। ਥੋੜ੍ਹੀ ਦੂਰ ਜਮਾਂ ਸੜਕ ’ਤੇ ਚਾਰ ਕਨਾਲਾਂ ਹੋਰ ਬਣਾਏ ਬਾਪੂ ਹੁਰਾਂ, ਜਿੱਥੋਂ ਪੱਠੇ ਵੱਢਕੇ ਬਾਬੇ ਲਈ ਗੱਡੇ ’ਤੇ ਲੱਦ ਦਿੰਦੇ ਨੇ ਤੇ ਫਿਰ ਤਰਾਸੀ ਕੁ ਸਾਲਾਂ ਦਾ ਬਾਪੂ ਮੁੰਡਾ ਬਣਿਆ ਢੋਲੇ ਦੀਆਂ ਗਾਉਂਦਾ ਬਲਦ-ਗੱਡੇ ’ਤੇ ਚੜ੍ਹਿਆ ਹਰੇਕ ਨੂੰ ਰਾਮ-ਰਾਮ, ਸਤਿ ਸ਼੍ਰੀ ਅਕਾਲ ਬੁਲਾਉਂਦਾ ਮਸਤੀ ਨਾਲ ਘਰੇ ਆ ਕੇ ਹੋਰ ਕੰਮਾਂ ਵਿੱਚ ਵਿਅਸਤ ਹੋ ਜਾਂਦਾ ਹੈ।
“ਓ ਕਿਵੇਂ ਆ ਸ਼ੇਰਾ?” ਬਾਪੂ ਅਕਸਰ ਹੀ ਇੰਨੀ ਖੁਸ਼ੀ ਅਤੇ ਗਰਮਜੋਸ਼ੀ ਨਾਲ ਮਿਲਦਾ ਏ, ਜਿਵੇਂ ਪੱਚੀਆਂ ਸਾਲਾਂ ਦਾ ਹੋਵੇ, “ਬਾਲ ਬੱਚੇ ਤਕੜੇ ਨੇ ਤੇਰੇ, ਕਣਕਾਂ ਬਚੀਆਂ ਨੇ?” ਹਮੇਸ਼ਾ ਹੀ ਅਸੀਸਾਂ ਦੇਣ ਤੋਂ ਬਾਅਦ ਬਾਪੂ ਨਸਲਾਂ ਤੇ ਫਸਲਾਂ ਦਾ ਹਾਲਚਾਲ ਪੁਛਦਾ ਹੈ।
ਮੈਂ ਬੀਤੇ ਦਿਨੀਂ ਬਾਪੂ ਨੂੰ ਕਿਹਾ, “ਬਾਪੂ ਇਸ ਉਮਰ ਵਿੱਚ ਹੁਣ ਕਿਓਂ ਕੰਮ ਕਰੀ ਜਾਨੈ?”
ਜ਼ਿੰਦਗੀ ਵਿੱਚ ਇੰਨਾ ਸੰਘਰਸ਼ ਕਰਨ ਦੇ ਬਾਅਦ ਵੀ ਨਾ ਕਦੇ ਥੱਕੇ, ਨਾ ਕਦੇ ਅੱਕੇ ਬਾਪੂ ਨੇ ਕਿਹਾ, “ਵਿਹਲਾ ਬੰਦਾ ਕਿਸੇ ਕੰਮ ਦਾ ਨਹੀਂ ਹੁੰਦਾ ਪੁੱਤਰ, ਕਿਸੇ ਕੰਮ ਦਾ ਨਹੀਂ ਹੁੰਦਾ।”
ਹੱਸਦੇ-ਹੱਸਦੇ, ਜ਼ਿੰਦਗੀ ਦਾ ਵੱਡਾ ਸਬਕ ਦਿੰਦੇ ਬਾਬੇ ਨੇ ਜਦੋਂ ਇਹ ਕਿਹਾ ਤਾਂ ਸੋਹਣਾ ਸੁਨੱਖਾ ਬਾਬਾ, ਹੋਰ ਵੀ ਖੂਬਸੂਰਤ ਲੱਗਣ ਲੱਗ ਪਿਆ।
“ਜੀਓ ਬਾਪੂ, ਜੁਗ-ਜੁਗ ਜੀਓ, ਜ਼ਿੰਦਗੀ ਜ਼ਿੰਦਾਬਾਦ, ਜ਼ਿੰਦਗੀ ਜ਼ਿੰਦਾਬਾਦ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4903)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)







































































































