“ਮਦਨ ਦੀ ਗੱਲ ਖਤਮ ਹੋਣ ’ਤੇ ਭਾਵੇਂ ਇਕ ਵੀ ਤਾੜੀ ਨਹੀਂ ਵੱਜੀ ਪਰ ਮੈਨੂੰ ਇੰਝ ਲੱਗਿਆ ਜਿਵੇਂ ਕਿਸੇ ਨੇ ...”
(1 ਮਈ 2022)
ਮਹਿਮਾਨ: 110.
“ਜਦੋਂ ਤੀਕ ਸੋਸ਼ਿਤ ਵਰਗ ਇਕੱਠਾ ਨ੍ਹੀਂ ਹੁੰਦਾ, ਇਹ ਭੇੜੀਏ ਸਾਡਾ ਕਿਰਤੀਆਂ ਦਾ ਖੂਨ ਚੂਸਦੇ ਰਹਿਣਗੇ, ਚੂਸਦੇ ਰਹਿਣਗੇ, ਚੂਸਦੇ ਰਹਿਣਗੇ।” ਜਦੋਂ ਮੈਂ ਪੂਰੇ ਜੋਸ਼ ਵਿੱਚ ਅੱਜ ਮਜ਼ਦੂਰ ਦਿਵਸ ’ਤੇ ਆਪਣਾ ਭਾਸ਼ਣ ਖਤਮ ਕੀਤਾ ਤਾਂ ਤਾੜੀਆਂ ਦੀ ਗੜਗੜਾਹਟ ਨਾਲ ਫਾਜ਼ਿਲਕਾ ਦੀ ਅਨਾਜ ਮੰਡੀ ਦੇ ਮਹਿੰਗੇ ਹੋਟਲ ਦਾ ਪੂਰਾ ਏਸੀ ਹਾਲ ਕਈ ਦੇਰ ਗੂੰਜਦਾ ਰਿਹਾ। ਫੇਰ ਕਈਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਪ੍ਰੋਗਰਾਮ ਸਮਾਪਤ ਹੋ ਗਿਆ। ਬੱਸ ਅਸੀਂ ਪੰਜ-ਸੱਤ ਯੂਨੀਅਨ ਦੇ ਔਹਦੇਦਾਰ ਸਰਕਾਰੀ ਮੁਲਾਜ਼ਮ ਹੀ ਬਚੇ ਸਾਂ। ਹਰਜੀਤ ਬੋਲਿਆ, “ਯਾਰ, ਗਰਮੀ ਬਹੁਤ ਏ, ਆਜੋ ਬੀਅਰ-ਸ਼ੀਅਰ ਲਾਈਏ,। ਕਰਿਆ ਕਰੋ ਯਾਰ ਖਰਚਾ, ਇੰਨੀਆਂ ਤਨਖਾਹਾਂ ਢੂਏ ’ਚ ਲੈਣੀਆਂ ਨੇ?” ਅਸੀਂ ਸਾਰੇ ਹੀ ਹੱਸ ਪਏ। ਅਸਲ ਵਿੱਚ ਇਹ ਸਾਡੀ ਸਹਿਮਤੀ ਦਾ ਪ੍ਰਗਟਾਵਾ ਸੀ ਤੇ ਅਸੀਂ ਇਸੇ ਹੋਟਲ ਦੀਆਂ ਬਣੀਆਂ ਏਸੀ ਮਾਡਰਨ ਝੌਂਪੜੀਆਂ ਜਿਹੀ ਵਿੱਚ ਬਹਿ ਕੇ ਬਾਹਰਲੇ ਮੁਲਕ ਦੀ ਖਾਸ ਬੀਅਰਾਂ, ਮਹਿੰਗੀ ਸ਼ਰਾਬ, ਮੁਰਗੇ-ਬੱਕਰੇ ਨਾਲ ਪੀਣ ਨੂੰ ਜੁੱਟ ਗਏ।
ਚਲਦੇ ਪ੍ਰੋਗਰਾਮ ਵਿੱਚ ਮੈਨੂੰ ਮੇਰੇ ਆੜ੍ਹਤੀਏ ਦੇ ਮੁਨੀਮ ਚਿਮਨ ਦਾ ਫੋਨ ਆ ਗਿਆ, “ਮਾਸਟਰ ਜੀ, ਉਹ ਬਲਵੀਰ, ਜਿਸ ਨੂੰ ਤੁਸੀਂ ਜਮੀਨ ਠੇਕੇ ਦਿੰਨੇ ਓਂ, ਉਹ ਸਾਰੀ ਫਸਲ ਵੇਚ ਗਿਆ ਸੀ। ਉਸ ਦਾ ਤੁਹਾਡੇ ਨਾਂ ਦਾ ਜੇ ਫਾਰਮ ਕੱਟਿਆ ਪਿਆ ਏ, ਹੋਰ ਕਿੱਧਰ ਟੈਕਸ ਦੇ ਯੱਭ ’ਚ ਪਵੋਗੇ, ਕਿੱਥੇ ਪੁਚਾਵਾਂ?”
“ਆ ਜਾ ਯਾਰ, ਮੰਡੀ ’ਚ ਆਹਾ ਹੋਟਲ ਦੇ ਬਾਹਰ ਮੈਂ ਆ ਗਿਆ।” ਮੈਂ ਖੁਸ਼ ਸੀ, ਨਾਲੇ ਪੁੰਨ ਤੇ ਨਾਲੇ ਫਲੀਆਂ ਜੋ ਮਿਲ ਰਹੇ ਸੀ। ਮੈਂ ਬਾਹਰ ਆਇਆ ਤਾਂ ਧੁੱਪ ਬੜੀ ਕਰਾਰੀ ਸੀ। ਚਿਮਨ ਤੋਂ ਜੇ ਫਾਰਮ ਫੜ ਕੇ ਮੈਂ ਵਾਪਸ ਅੰਦਰ ਆਉਣ ਲੱਗਾ ਤਾਂ ਪਿੱਛੋਂ ਜਾਣੀ-ਪਛਾਣੀ ਆਵਾਜ ਆਈ, “ਰਾਮ-ਰਾਮ ਭਾਈ ਜੀ।” ਕਣਕ ਦੀਆਂ ਬੋਰੀਆਂ ਟਰੱਕ ’ਤੇ ਲੱਦਦਾ ਉਹ ਪਸੀਨੇ ਨਾਲ ਨਹਾਇਆ ਪਿਆ ਸੀ।
“ਰਾਮ-ਰਾਮ, ਮਦਨ ਤੂੰ, ਕੀ ਗੱਲ ਮੰਡੀ ’ਚ ਲੱਗ ਗਿਆ ਏਂ?” ਇਹ ਮੇਰਾ ਪੁਰਾਣਾ ਖੇਤ ਆਲਾ ਕਾਮਾ ਮਦਨ ਸੀ। ਜਦੋਂ ਮੈਂ ਵਾਹੀ ਆਪ ਕਰਦਾ ਸੀ, ਉਦੋਂ ਮਦਨ ਨੇ ਕਈ ਸਾਲ ਸਾਡੇ ਖੇਤ ਲਾਏ ਸਨ। “ਮਦਨ, ਯਾਰ ਆਪਣਾ ਪਿੰਡ ਆਪਣਾ ਈ ਹੁੰਦਾ ਏ, ਇੱਥੇ ਆਣ ਦੀ ਕੀ ਸੁੱਝੀ ਤੈਨੂੰ?” ਬੀਅਰ ਦੇ ਸਰੂਰ ਵਿੱਚ ਮੇਰੀ ਪਿੰਡ ਵਾਲੀ ਸਰਦਾਰੀ ਜਾਗ ਗਈ।
“ਬਾਈ ਜੀ, ਕੰਮ ਤਾਂ ਚਲੋ ਤੁਸੀਂ ਵੀ ਬੜਾ ਕਰਾਉਂਦੇ ਸੀ ਪਰ ਖੁੱਲ੍ਹਾ ਖਾਣ-ਪੀਣ ਤੇ ਨਕਦ ਦਿਹਾੜੀ ਮਿਲਦੀ ਸੀ ਤਾਂ ਚੰਗਾ ਟਾਈਮ ਪਾਸ ਸੀ। ਬਾਅਦ ’ਚ ਤੁਹਾਡੇ ਵੱਡੇ ਚੌਧਰੀਆਂ ਦੇ ਈ ਸ਼ਰੀਕੇ ’ਚ ਹੱਡ-ਤੋੜ ਕੇ ਮਿਹਨਤ ਕਰਦਾ, ਸ਼ਾਮ ਨੂੰ ਪੈਸੇ ਮੰਗਦਾ, ਕਹਿੰਦੇ ਕੱਲ੍ਹ। ਫੇਰ ਮੰਗਦਾ, ਮੰਗਲਵਾਰ ਆਵੀਂ। ਮੰਗਲਵਾਰ ਜਾਂਦਾ ਤਾਂ ਫੇਰ ਕੱਲ੍ਹ ਤੇ ਅਖੀਰ ਕਿੰਨੇ ਈ ਘਰਾਂ ਚੋਂ ਅੱਧ-ਪਚੱਧ ਛੱਡ ਗੰਦੀਆਂ ਗਾਲ੍ਹਾਂ ਖਾ ਕੇ ਨਿਕਲਦਾ। ਮੈਂ ਫੇਰ ਵੀ ਉੱਥੇ ਈ ਵਗਦਾ ਰਿਹਾ। ਪਰ ਇਕ ਦਿਨ ਤੁਹਾਡੇ ਈ ਸ਼ਰੀਕ ਜੈਲੇ ਨੰਬਰਦਾਰ ਨੇ ਕੱਖ ਲੈਣ ਗਈ ਮੇਰੀ ਘਰਦੀ ਦਾ ਹੱਥ ਫੜ ਲਿਆ। ਭਾਵੇਂ ਅਸੀਂ ਜੈਲੇ ਦੀ ਮਾਂ-ਭੈਣ ਇੱਕ ਕਰ ਦਿੱਤੀ ਪਰ ਬਦਨਾਮੀ ਫੇਰ ਵੀ ਸਾਡੀ ਈ ਹੋਈ। ਬਸ ਉਸੇ ਦਿਨ ਮੈਨੂੰ ਪਤਾ ਲੱਗ ਗਿਆ, ਸਾਡੇ ਕਿਰਤੀਆਂ ਦੇ ਕਦੇ ਕੋਈ ਪਿੰਡ, ਸ਼ਹਿਰ, ਇਲਾਕੇ ਨ੍ਹੀਂ ਹੁੰਦੇ, ਸਾਡੇ ਤਾਂ ਬੱਸ ਵਿਹੜੇ-ਮੁਹੱਲੇ ਈ ਹੁੰਦੇ ਨੇ। ਮੈਂ ਫੇਰ ਸ਼ਹਿਰ ਆ ਗਿਆ। ਹਾਲ ਤਾਂ ਭਾਵੇਂ ਇੱਥੇ ਵੀ ਠੀਕ-ਠਾਕ ਈ ਏ ਪਰ ਚਲੋ ਗੱਡੀ ਚੱਲੀ ਆਉਂਦੀ ਏ। ਮਾਸਟਰ, ਮਹਿਸੂਸ ਨਾ ਕਰੀਂ, ਹੈ ਤਾਂ ਭਾਵੇਂ ਉਹ ਤੇਰੇ ਈ ਚਾਚੇ-ਤਾਏ ਪਰ ਅਜਿਹੇ ਭੇੜੀਏ ਸਾਡਾ ਖੂਨ ਆਖਰ ਕਦੋਂ ਤੱਕ ਚੂਸਦੇ ਰਹਿਣਗੇ, ਚੂਸਦੇ ਰਹਿਣਗੇ, ਚੂਸਦੇ ਰਹਿਣਗੇ?”
ਮਦਨ ਦੀ ਗੱਲ ਖਤਮ ਹੋਣ ’ਤੇ ਭਾਵੇਂ ਇਕ ਵੀ ਤਾੜੀ ਨਹੀਂ ਵੱਜੀ ਪਰ ਮੈਨੂੰ ਇੰਝ ਲੱਗਿਆ ਜਿਵੇਂ ਕਿਸੇ ਨੇ ਮੇਰੇ ਮੂੰਹ ’ਤੇ ਕਰਾਰੀ ਚਪੇੜ ਮਾਰ ਦਿੱਤੀ ਹੋਵੇ। ਉਹ ਰਾਮ-ਰਾਮ ਕਰਕੇ ਫੇਰ ਬੋਰੀਆਂ ਲੱਦਣ ਲੱਗ ਗਿਆ। ਮੈਂ ਵਾਪਸ ਆ ਬੀਅਰ ਦਾ ਕੈਨ ਮੂੰਹ ਨੂੰ ਲਾਇਆ ਤਾਂ ਪਤਾ ਨਹੀਂ ਕਿਉਂ ਸਵਾਦ ਬਕਬਕਾ ਜਿਹਾ ਲੱਗ ਰਿਹਾ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3540)
(ਸਰੋਕਾਰ ਨਾਲ ਸੰਪਰਕ ਲਈ: