“ਅਸੀਂ ਉਦੋਂ ਕੁਝ ਦੇਰ ਗੱਲਬਾਤ ਕੀਤੀ। ਮਾਂ ਆਪਣੇ ਦੋਵਾਂ ਪੁੱਤਰਾਂ ਨੂੰ ਨਿਰਦੋਸ਼ ਤੇ ਇਸ ਪਿੰਜਰ ਨੂੰ ...”
(12 ਫਰਵਰੀ 2023)
ਇਸ ਸਮੇਂ ਪਾਠਕ: 175.
ਮੈਂ ‘ਕਲੀ ਜੋਟਾ’ ਫਿਲਮ ਦੀ ਨਾਇਕਾ ‘ਰਾਬੀਆ’ ਨਾਲ ਤਾਂ ਅੱਜ ਜਾਣੂ ਹੋਇਆ ਹਾਂ ਪਰ ਅਸਲ ‘ਰਾਬੀਆ’, ਜੀ ਹਾਂ, ਇਹ ਫਿਲਮ ਇੱਕ ਬਦਨਸੀਬ ਕੁੜੀ ਦੀ ਸੱਚੀ, ਦਰਦਨਾਕ ਕਹਾਣੀ ਤੇ ਬਣੀ ਹੈ ਤੇ ਫਿਲਮ ਵਿੱਚ, ਉਸ ਕੁੜੀ ਦਾ ਨਾਂ ‘ਰਾਬੀਆ’ ਰੱਖਿਆ ਏ, ਮੈਂ ਉਸ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹਾਂ ਤੇ ਉਸਦੀ ਜ਼ਿੰਦਗੀ ਦਾ ਹਰੇਕ ਸੱਚ ਵੀ ਜਾਣਦਾ ਹਾਂ। ਦਰਅਸਲ ਉਸ ਸਰਕਾਰੀ ਅਧਿਆਪਕਾ ਕੁੜੀ ਨੂੰ ਉਸਦੇ ਭਰਾ ਆਪਣਾ ਏਟੀਐਮ ਸਮਝਦੇ ਸਨ। ਪਿਤਾ ਦੀ ਮੌਤ ਹੋ ਚੁੱਕੀ ਸੀ ਤੇ ਮਾਂ ਵੀ ਭਰਾਵਾਂ ਅੱਗੇ ਕਦੇ ਨਾ ਬੋਲੀ ਤੇ ਉੱਪਰੋਂ ਉਸ ਅਧਿਆਪਕਾ ਦੇ ਸਕੂਲ ਦੇ ਸਟਾਫ ਨੇ ਉਸ ਨੂੰ ਬੇਹੱਦ ਜ਼ਿਆਦਾ ਟਾਰਚਰ ਕੀਤਾ ਤਾਂ ਪੰਜ ਫੁੱਟ ਅੱਠ ਇੰਚ ਦੀ ਸ਼ਹਿਰ ਦੀ ਬੇਹੱਦ ਖੂਬਸੂਰਤ ਕੁੜੀ ਡਿਪ੍ਰੈਸ਼ਨ ਵਿੱਚ ਚਲੀ ਗਈ। ਮਾਨਸਿਕ ਰੋਗੀ ਬਣਕੇ ਉਹ ਸੁੱਕ ਕੇ ਲਕੜੀ ਬਣ ਗਈ।
ਸਾਲ ਕੁ ਪਹਿਲਾਂ ਮੈਂ ‘ਰਾਬੀਆ’ ਦੇ ਕੁਝ ਬਹੁਤ ਨੇੜਲਿਆਂ ਨਾਲ ਉਸਦੇ ਸ਼ਹਿਰ, ਉਸਦੇ ਘਰ ਤੀਕ ਵੀ ਗਿਆ ਸੀ। ਸ਼ਹਿਰ ਦੀ ਬੇਹੱਦ ਮਹਿੰਗੀ ਗਲੀ ਦੇ ਇੱਕ ਬੇਹੱਦ ਤੰਗ ਘਰ ਵਿੱਚ ਵੜੇ ਤਾਂ ਪਖਾਨੇ ਦੀ ਸੜਿਆਂਧ ਨਾਲ ਸਿਰ ਚਕਰਾਉਣ ਲੱਗਾ।ਅੰਦਰ ਇੱਕ ਔਰਤਨੁਮਾ ਜਿਉਂਦਾ-ਜਾਗਦਾ ਪਿੰਜਰ, ਬੇਹੱਦ ਤਰਸਯੋਗ ਹਾਲਾਤ ਵਿੱਚ, ਮਾਨਸਿਕ ਰੋਗੀ ਬਣਿਆ ਖੜ੍ਹਾ ਸੀ। ਆਹ! ਉਹੀ ਤਾਂ ਅਸਲ ‘ਰਾਬੀਆ’ ਸੀ। ਉਹ ਦ੍ਰਿਸ਼ ਯਾਦ ਕਰਕੇ ਹੁਣ ਵੀ ਮੇਰੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ ਤੇ ਫਿਲਮ ਦੌਰਾਨ ਵੀ ਜਦੋਂ ਮੈਂ ਨੀਰੂ ਬਾਜਵਾ ਨੂੰ ਪਾਗਲਖਾਨੇ ਵਿੱਚ ਉਸੇ ਰੂਪ ਵਿੱਚ ਦੇਖਿਆ ਤਾਂ ਮੇਰੀਆਂ ਅੱਖਾਂ ਵਿੱਚੋਂ ਆਪਣੇ-ਆਪ ਹਰਲ-ਹਰਲ ਕਰਦਾ ਪਾਣੀ ਡਿਗਦਾ ਰਿਹਾ। ਉਹ ਪਿੰਜਰ ਵੀ ਤਾਂ ਲਗਾਤਾਰ ਖੜ੍ਹਾ ਬੋਲ ਰਿਹਾ ਸੀ, ਪਿੰਜਰ ਆਪਣੀ ਮਾਂ ਨਾਲ, ਜੀ ਹਾਂ ‘ਰਾਬੀਆ’ ਆਪਣੀ ਮਾਂ ਨਾਲ। ਅਸੀਂ ਉਦੋਂ ਕੁਝ ਦੇਰ ਗੱਲਬਾਤ ਕੀਤੀ। ਮਾਂ ਆਪਣੇ ਦੋਵੇਂ ਪੁੱਤਰਾਂ ਨੂੰ ਨਿਰਦੋਸ਼ ਤੇ ਇਸ ਪਿੰਜਰ ਨੂੰ ਮਾੜੀ ਕਿਸਮਤ ਵਾਲੀ ਆਖਦਿਆਂ ਦੋਸ਼ ਦਿੰਦੀ ਜਾਪ ਰਹੀ ਸੀ। ਇਸ ਦੌਰਾਨ ਰਾਬੀਆ ਦੇ ਭਰਾਵਾਂ ਨੇ ਸਾਨੂੰ ਅਸਿੱਧੇ ਤੌਰ ’ਤੇ ਨਿਕਲ ਜਾਣ ਨੂੰ ਕਿਹਾ। ਮੈਂ ਉਸ ਬਦਨਸੀਬ ਧੀ ਦੇ ਦਰਦ ਨੂੰ ਬਿਆਨ ਕਰਦੀ ਇੱਕ ਕਹਾਣੀ ਵੀ ਪਿਛਲੇ ਸਾਲ ਲਿਖੀ ਸੀ, ‘ਚਰਿੱਤਰਹੀਣ’, ਜਿਸ ਵਿੱਚ ਮੈਂ ਉਸ ਦਾ ਨਾਂ ‘ਸਿਮਰਨ’ ਰੱਖਿਆ ਸੀ।
ਹੁਣ ਗੱਲ ਕਰਦੇ ਹਾਂ ਫਿਲਮ ਦੀ। ‘ਨੀਰੂ ਬਾਜਵਾ’ ਇਸ ਫਿਲਮ ਤੋਂ ਬਾਅਦ, ਨਿਸ਼ਚਿਤ ਤੌਰ ’ਤੇ ਪੰਜਾਬੀ ਫਿਲਮਾਂ ਦੀ ‘ਸ਼ਬਾਨਾ ਆਜ਼ਮੀ’ ਵਜੋਂ ਜਾਣੀ ਜਾਵੇਗੀ ਤੇ ਇਸ ਫਿਲਮ ਨੂੰ ਵੀ ਪੰਜਾਬੀ ਸਿਨਮੇ ਦੇ ਲਿਹਾਜ਼ ਤੋਂ ਵਿਲੱਖਣ ਵਿਸ਼ੇ ’ਤੇ ਬਣੀ ਫਿਲਮ ਲਈ ਯਾਦ ਰੱਖਿਆ ਜਾਵੇਗਾ। ਸਤਿੰਦਰ ਸਰਤਾਜ ਜਿੱਥੇ ਆਪਣੇ ਰੋਲ ਵਿੱਚ ਬੇਹੱਦ ਜ਼ਿਆਦਾ ਫੱਬਿਆ ਏ, ਉੱਥੇ ਹੀ ਅਨੀਤਾ ਦੇਵਗਨ ਤੇ ਬਲਵਿੰਦਰ ਬੁਲੱਟ, ਆਪਣੇ ਬਹੁਤ ਛੋਟੇ ਰੋਲ ਵਿੱਚ ਵੀ ਆਪਣੀ ਖਾਸ ਹਾਜ਼ਰੀ ਦਰਜ ਕਰਵਾਉਣ ਵਿੱਚ ਕਾਮਯਾਬ ਰਹੇ ਨੇ। ਫਿਲਮ ਵਿੱਚ ਇਕਤਰਫਾ ਪਿਆਰ ਵਿੱਚ ਪਾਗਲ, ‘ਸੱਤੂ’ ਦੇ ਛੋਟੇ ਜਿਹੇ ਰੋਲ ਵਿੱਚ ਆਇਆ ‘ਅੰਕੁਰ ਵਰਮਾ’, ਸਾਰਿਆਂ ਦਾ ਧਿਆਨ ਖਿੱਚਦਾ ਹੈ ਤੇ ਉਸਦੇ ਆਖਰੀ ਸੀਨ ਦੌਰਾਨ ਰਾਬੀਆ ਦਾ ਡਾਇਲਾਗ, “ਜ਼ਿੰਦਗੀ ਵਿੱਚ ਅਹਿਮੀਅਤ ਉਹਨੂੰ ਦਿਓ, ਜੋ ਤੁਹਾਡੇ ਅਹਿਸਾਸਾਂ ਦੀ ਕਦਰ ਕਰੇ”, ਹਰੇਕ ਦੇ ਦਿਲ ਨੂੰ ਛੂਹ ਜਾਂਦਾ ਏ।
ਰੁਪਿੰਦਰ ਰੂਪੀ ਨੇ, ਰਾਬੀਆ ਦੀ ਮਾਂ ਦੇ ਰੋਲ ਵਿੱਚ ਇੰਨਾ ਵਧੀਆ ਕੰਮ ਕੀਤਾ ਹੈ ਕਿ ਕਈ ਥਾਂਈਂ ਤਾਂ ਉਸ ’ਤੇ ਸੱਚੀ ਗੁੱਸਾ ਆਉਂਦਾ ਏ। ‘ਮੱਖਣ’ ਚਪੜਾਸੀ ਬਣਿਆ ‘ਸੁਖਵਿੰਦਰ ਚਹਿਲ’ ਤੇ ਹਿੰਦੀ ਮੈਡਮ ‘ਊਸ਼ਾ’ ਦੇ ਰੋਲ ਵਿੱਚ ‘ਗੁਰਪ੍ਰੀਤ ਭੰਗੂ’ ਹਮੇਸ਼ਾ ਵਾਂਗ ਵਧੀਆ ਲੱਗੇ। ਫਿਲਮ ਵਿੱਚ ਕਈ ਸੀਨ ਤੇ ਸੰਵਾਦ ਬਿਲਕੁਲ ਅਸਲ ਹੀ ਪਾਏ ਗਏ ਨੇ, ਜਿਵੇਂ ਪ੍ਰਿੰਸੀਪਲ ਸਾਹਿਬ ਸਿੰਘ ਨੂੰ ਬੱਸ ਅੱਡੇ ਤੋਂ ਉਸਦੀ ਕਾਰ ਤੇ ਉਸਦੇ ਸਕੂਲ ਦੀ ਅਧਿਆਪਕਾ ਰਾਬੀਆ ਨਾਲ ਬਹਿਣ ਤੋਂ ਨਾਂਹ ਕਰ ਦਿੰਦੀ ਏ ਤੇ ਫੇਰ ਆਪਣੀ ਮੇਲ ਈਗੋ ਹਰਟ ਹੋਣ ’ਤੇ ਚੱਲਦਾ ਏ ਇੱਕ ਪ੍ਰਬੰਧਕ ਵੱਲੋਂ ਆਪਣੇ ਅਧੀਨ ਕਰਮਚਾਰੀ ਨਾਲ ਧੱਕਾ। ਰੋਜ਼ਾਨਾ ਉਸਦੀ ‘ਵਨ ਥਰਡ’ ਛੁੱਟੀ ਭਰਨਾ, ਸਾਥੀ ਮਹਿਲਾ ਅਧਿਆਪਕਾ ਵੱਲੋਂ ਵੀ ਤਾਅਨੇ ਮਾਰਨਾ ਤੇ ਫੇਰ ਡੀਈਓ ਸਾਬ੍ਹ ਦਾ ਰਾਬੀਆ ਨੂੰ ਸਾਫ ਕਹਿਣਾ, “ਔਰਤਾਂ ਨਾਲ ਥੋੜ੍ਹਾ-ਬਹੁਤ ਗਲਤ ਤਾਂ ਹੋ ਹੀ ਜਾਂਦੈ।” ਜਿਵੇਂ ਮੇਰੀ ਇੱਕ ਕਹਾਣੀ ‘ਸੋਹਣੀ ਮੈਡਮ’ ਦੇ ਅਖੀਰ ਵਿੱਚ ਡੀਪੀਆਈ ਸਾਬ੍ਹ ਆਖਦੇ ਨੇ, “ਸੋਹਣੀਆਂ ਮੈਡਮਾਂ ਨਾਲ ਇੰਨਾ ਕੁ ਧੱਕਾ ਤਾਂ ਹੋ ਹੀ ਜਾਂਦੈ।”, ਸਮਾਜ ਵਿੱਚ ਕੰਮਕਾਜੀ ਔਰਤਾਂ ਨਾਲ ਹੁੰਦੀ ਛੇੜਛਾੜ ਨੂੰ ਜਾਇਜ਼ ਠਹਿਰਾਉਣ ਵਾਲੇ ਲੋਕਾਂ ਦੇ ਮੂੰਹ ’ਤੇ ਚਪੇੜ ਵਾਂਗ ਜਾਪੇ।
'ਦੀਦਾਰ’ ਨਾਲ ਪਿਆਰ ਸਿਰੇ ਨਾ ਚੜ੍ਹਨ ਤੋਂ ਬਾਅਦ, ਆਪਣੇ ਸਕੂਲ ਸਟਾਫ ਹੱਥੋਂ ਟਾਰਚਰ ਹੋ ਕੇ ਡਿਪ੍ਰੈਸ਼ਨ ਵਿੱਚ ਜਾ ਰਹੀ ਰਾਬੀਆ ਨੂੰ ਇਕੱਲਾਪਣ ਜਦੋਂ ਖਾ ਰਿਹਾ ਹੁੰਦਾ ਏ ਤਾਂ ਉਸ ਸਮੇਂ ਰਾਬੀਆ ਦੇ ਮੂੰਹੋਂ ਬੋਲੀ ਇਹ ਲਾਈਨ, ਮੌਜੂਦਾ ਦੌਰ ਵਿੱਚ ਹਰੇਕ ਮਨੁੱਖ ਦੀ ਮਾਨਸਿਕ ਸਥਿਤੀ ਦਾ ਸਾਰ ਏ ਕਿ “ਕਦੇ ਕਦੇ ਇੰਝ ਲਗਦਾ ਹੈ, ਸਾਹ ਲੈਣਾ ਈ ਦੁਨੀਆ ਦਾ ਸਭ ਤੋਂ ਔਖਾ ਕੰਮ ਏ।” ਛੋਟੀ ਅਨੰਤ ਦੇ ਰੋਲ ਵਿੱਚ ਨਿੱਕੀ ਜਿਹੀ ਕੁੜੀ ਛਾ ਜਾਂਦੀ ਏ। ਵੱਡੀ ਅਨੰਤ, ਅਰਥਾਤ ‘ਵਾਮਿਕਾ’ ਨੇ ਵੀ ਬੇਹਤਰੀਨ ਕੰਮ ਕੀਤਾ ਏ ਪਰ ਆਖਰੀ ਅਦਾਲਤ ਵਾਲੇ ਸੀਨ ਵਿੱਚ ਉਹ ਹੋਰ ਵੀ ਪ੍ਰਭਾਵੀ ਹੋ ਸਕਦੀ ਸੀ। ਫਿਲਮ ਵਿੱਚ ਸਰਤਾਜ ਦੇ ਦੋਸਤ ‘ਬੂਟੇ’ ਦਾ ਰੋਲ ‘ਪ੍ਰਿੰਸ ਕੰਵਲਜੀਤ’ ਦੇ ਕੱਦ ਤੋਂ ਕਿਤੇ ਛੋਟਾ ਜਾਪਿਆ। ਫਿਲਮ ਦੌਰਾਨ ਕੈਮਰਾਮੈਨ ਬਾਕਮਾਲ ਰਿਹਾ ਏ। ਉਸਦੀ ਮਿਹਨਤ ਇੰਝ ਮੂੰਹੋਂ ਬੋਲਦੀ ਹੈ ਕਿ ਹਰੇਕ ਸੀਨ ਬਿਲਕੁਲ ਅਸਲੀ ਜਾਪਦਾ ਹੈ। ਪਹਿਲਾਂ ਹੀ ਸੁਪਰਹਿੱਟ ਹੋ ਚੁੱਕਿਆ ਫਿਲਮ ਦਾ ਮਿਊਜ਼ਿਕ ਤਾਂ ਫਿਲਮ ਦੀ ਜਾਨ ਹੈ।
ਸਰਕਾਰੀ ਨੌਕਰੀ ਮਿਲਦੇ ਹੀ ਮਾਂ ਵੱਲੋਂ ਆਪਣੀ ਧੀ ਨੂੰ ਪਹਿਲਾ ਸੰਬੋਧਨ, “ਹੁਣ ਭਰਾ ਦਾ ਵੀ ਕੁਝ ਸੰਵਾਰੀ” ਤੇ ਭਰਾ ਵੱਲੋਂ ਆਪਣੀ ਭੈਣ ਦੇ ਕਮਰੇ ’ਤੇ ਕਬਜ਼ਾ ਕਰਕੇ ਆਖਣਾ, “ਕੁੜੀਆਂ ਦੇ ਕਿਹੜੇ ਕਮਰੇ ਹੁੰਦੇ ਨੇ?” ਤੇ ਰਾਬੀਆ ਵੱਲੋਂ ਆਪਣੇ ਘਰਦਿਆਂ ਨੂੰ, “ਤੁਸੀਂ ਮੇਰੇ ਟੋਟੇ ਕਰ ਵੀ ਦੇਣੇ ਸੀ, ਜੇ ਮੇਰੀ ਤਨਖਾਹ ਨਾ ਆਉਂਦੀ ਹੁੰਦੀ”, ਸਾਡੇ ਸਮਾਜ ਵਿੱਚ ਔਰਤ ਦੀ ਦਸ਼ਾ ਤੇ ਦਿਸ਼ਾ ਬਿਆਨ ਕਰਦੇ ਜਾਪੇ। ਉੱਥੇ ਹੀ ਸਾਥੀ ਅਧਿਆਪਕਾ ਵੱਲੋਂ ਰਾਬੀਆ ਨੂੰ ਆਖਣਾ, “ਤੈਨੂੰ ਵਿਆਹ ਕਰਵਾਉਣ ਦੀ ਲੋੜ ਵੀ ਕੀ ਏ, ਜਦੋਂ ਤੇਰਾ ਇਵੇਂ ਹੀ ਵਧੀਆ ਸਰਦੈ”, ਔਰਤ ਦੀ ਔਰਤ ਪ੍ਰਤਿ ਸੌੜੀ ਸੋਚ ਨੂੰ ਨੰਗਾ ਕਰਦੇ ਜਾਪੇ। ਕੁਲ ਮਿਲਾਕੇ ਫਿਲਮ ਅਸਾਧਾਰਣ ਹੈ ਪਰ ਤਰਕ ਦੇ ਆਧਾਰ ’ਤੇ ਫਿਲਮ ਕੁਝ ਥਾਂਵਾਂ ’ਤੇ ਢਿੱਲੀ ਪੈਂਦੀ ਜਾਪਦੀ ਏ, ਪੰਜਾਬ ਵਰਗੇ ਅਣਖੀ ਸੂਬੇ ਵਿੱਚ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦਫਤਰ ਵਿੱਚ, ਸਕੂਲ ਸਮੇਂ ਦੌਰਾਨ, ਸਣੇ ਪ੍ਰਿੰਸੀਪਲ ਤਿੰਨ ਬੰਦੇ ਸ਼ਰਾਬ ਦੇ ਪੈਗ ਖੜਕਾਉਣ ਤੋਂ ਬਾਅਦ ਇੱਕ ਔਰਤ ਅਧਿਆਪਕਾ ਨਾਲ ਸ਼ਰੇਆਮ ਜਬਰਦਸਤੀ ਤੇ ਆਖਰੀ ਅਦਾਲਤ ਵਾਲਾ ਸੀਨ, ਦੋਵੇਂ ਸੀਨ ਹੋਰ ਤਰਕਪੂਰਨ ਕੀਤੇ ਜਾ ਸਕਦੇ ਸੀ।
ਬਾਕੀ ਨੀਰੂ ਬਾਜਵਾ ਬਿਲਕੁਲ ਅਸਲ ਰਾਬੀਆ ਹੀ ਜਾਪੀ। ਫਿਲਮ ਦੇ ਸ਼ੁਰੂ ਵਿੱਚ ਖੁਸ਼ਦਿਲ ਤੇ ਅਖੀਰ ਵਿੱਚ ਉਸ ਨੂੰ ਮਾਨਸਿਕ ਰੋਗੀ ਦੇ ਰੂਪ ਵਿੱਚ ਦੇਖਕੇ ਸ਼ਾਇਦ ਹੀ ਕੋਈ ਦਰਸ਼ਕ ਹੋਵੇਗਾ, ਜੋ ਸਿਨੇਮਾ ਹਾਲ ਵਿੱਚੋਂ ਸੁੱਕੀਆਂ ਅੱਖਾਂ ਨਾਲ ਬਾਹਰ ਆਵੇਗਾ। ਜੇ ਕਿਤੇ ਲੇਖਿਕਾ ਤੇ ਫਿਲਮ ਨਿਰਮਾਤਾ ਅਸਲ ਕਹਾਣੀ ਨੂੰ ਹੋਰ ਨੇੜਿਓਂ ਦਿਖਾ ਦਿੰਦੇ ਤਾਂ ਸਮਾਜ ਨੂੰ ਹੋਰ ਵੀ ਸਖਤ ਸੰਦੇਸ਼ ਜਾਣਾ ਸੀ ਪਰ ਹੋ ਸਕਦਾ ਹੈ ਪਰਿਵਾਰਕ ਇਤਰਾਜ਼ਾਂ ਕਾਰਨ ਸੰਭਵ ਨਾ ਹੋਇਆ ਹੋਵੇ। ਨਿਸ਼ਚਿਤ ਤੌਰ ’ਤੇ ਇਹ ਇੱਕ ਬਹੁਤ ਹੀ ਸ਼ਾਨਦਾਰ ਫਿਲਮ ਹੈ। ਇਸ ਫਿਲਮ ਦੀ ‘ਰਾਬੀਆ’ ਨੂੰ ਤਾਂ ਇਨਸਾਫ ਮਿਲ ਗਿਆ ਏ ਪਰ ਅਸਲੀਅਤ ਵਿੱਚ ਜੋ ‘ਰਾਬੀਆ’ ਸੀ, ਉਹ ਮਾਨਸਿਕ ਰੋਗ ਦਾ ਸਾਲਾਂ ਬੱਧੀ ਨਰਕ ਕੱਟਣ ਤੋਂ ਬਾਅਦ ਕੁਝ ਕੁ ਮਹੀਨੇ ਪਹਿਲਾਂ ਪੂਰੀ ਹੋ ਚੁੱਕੀ ਏ। ਜੀ ਹਾਂ, ਮੁਕਤੀ ਮਿਲ ਗਈ ਏ ਉਸ ਨੂੰ ਪਰ ਉਸਦੇ ਦੋਸ਼ੀ ਅੱਜ ਵੀ ਸਿੱਖਿਆ ਵਿਭਾਗ ਦੇ ਪ੍ਰੋਗਰਾਮਾਂ ਦਾ ਸ਼ਿੰਗਾਰ ਬਣਦੇ ਮੂਹਰਲੀ ਕਤਾਰ ਦੀਆਂ ਕੁਰਸੀਆਂ ’ਤੇ ਵਿਰਾਜਮਾਨ ਹੋ ਰਹੇ ਨੇ ਤੇ ਰਾਬੀਆ ਹਮੇਸ਼ਾ ਲਈ ਖਾਮੋਸ਼ ਹੋ ਚੁੱਕੀ ਹੈ।
*****
ਰਾਬੀਆ!
ਜਦੋਂ ਤਿਲ-ਤਿਲ ਕਰਕੇ ਤੂੰ ਮਰ ਰਹੀ ਸੀ, ਅਸੀਂ ਪੁੱਛੀ ਨਹੀਂ ਤੇਰੀ ਬਾਤ।
ਫਿਲਮ ਦੇਖਦਿਆਂ ਦੋ ਘੜੀ ਬੁਸਕਣਾ, ਨਹੀਂ ਮਾਰਨੀ ਆਪਣੇ ਅੰਦਰ ਝਾਤ। ... (ਸਰੋਕਾਰ)
***
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3792)
(ਸਰੋਕਾਰ ਨਾਲ ਸੰਪਰਕ ਲਈ: