“ਜਿੱਥੇ ਪੰਜਾਬ ਦੇ ‘ਮੁੰਨਾ ਭਾਈ ਐੱਮਬੀਬੀਐੱਸ’, ਪੈਸੇ ਦੇ ਜ਼ੋਰ ’ਤੇ ਬਿਨਾਂ ਕਲਾਸਾਂ ਲਗਾਏ, ਸ਼ਰੇਆਮ ...”
(20 ਜਨਵਰੀ 2023)
ਮਹਿਮਾਨ: 355.
ਸਿੱਖਿਆ ਦੇ ਹੋਏ ਅੰਨ੍ਹੇ ਵਪਾਰੀਕਰਨ ਕਾਰਨ ਪਿਛਲੇ ਕੁਝ ਕੁ ਸਾਲਾਂ ਵਿੱਚ ਪੰਜਾਬ ਵਿੱਚ ‘ਸਿੱਖਿਆ ਮਾਫੀਏ’ ਨੇ ਅਜਿਹੇ ਪੈਰ ਪਸਾਰੇ ਹਨ ਕਿ ਪੂਰਾ ਸਿਸਟਮ ਹੀ ਲਿੱਬੜ ਚੁੱਕਾ ਹੈ। ਹਾਲਾਤ ਇਹ ਹਨ ਕਿ ਸ਼ਰੇਆਮ ਬੋਲੀਆਂ ਰਾਹੀਂ ਡਿਗਰੀਆਂ, ਡਿਪਲੋਮੇ ਵੇਚੇ ਜਾ ਰਹੇ ਹਨ। ਜਦੋਂ ਤੋਂ ਸਿੱਖਿਆ ਦੇ ਖੇਤਰ ਵਿੱਚ ਵਪਾਰੀਆਂ ਤੇ ਰਾਜਨੇਤਾਵਾਂ ਦੇ ਗਠਜੋੜ ਨੇ ਵੱਡੇ ਨਿਵੇਸ਼ ਕਰਕੇ ਮੁਨਾਫਾ ਕਮਾਉਣ ਹਿਤ ਪ੍ਰਵੇਸ਼ ਕੀਤਾ ਹੈ, ਉਦੋਂ ਤੋਂ ਇਸ ਪਵਿੱਤਰ ਖੇਤਰ ਦੀ ਪਵਿੱਤਰਤਾ ਨੂੰ ਛਿੱਕੇ ਟੰਗ ਕੇ ਸਿਰਫ਼ ਪੈਸੇ ਕਮਾਉਣਾ ਹੀ ਉਦੇਸ਼ ਮੰਨ ਲਿਆ ਗਿਆ ਹੈ। ਤੁਸੀਂ ਹੈਰਾਨ ਹੋ ਜਾਵੋਗੇ ਇਹ ਜਾਣਕੇ ਕਿ ਪੰਜਾਬ ਵਿੱਚ ਕਮਾਈ ਦੀ ਆਸ ਵਿੱਚ ਖੁੰਬਾਂ ਵਾਂਗ ਖੋਲ੍ਹੇ ਗਏ ਸਿੱਖਿਆ ਕਾਲਜਾਂ ਵਿੱਚ ਜਿੱਥੇ ਬੀਐੱਡ ਤੇ ਈਟੀਟੀ ਵਰਗੇ ਕੋਰਸ ਕਰਕੇ ਅਧਿਆਪਕ ਤਿਆਰ ਹੁੰਦੇ ਹਨ, ਜਿਨ੍ਹਾਂ ਨੇ ਦੇਸ਼ ਦਾ ਆਉਣ ਵਾਲਾ ਭਵਿੱਖ ਤਿਆਰ ਕਰਨਾ ਹੈ, ਉੱਥੇ ਬਿਨਾਂ ਵਿਦਿਆਰਥੀਆਂ ਦੇ ਜਾਣ ਤੋਂ, ਬਿਨਾਂ ਕੋਈ ਜਮਾਤ ਲਗਾਏ, ਅਰਥਾਤ ਘਰ ਬੈਠੇ ਹੀ ‘ਨਾਨ-ਅਟੈਂਡਿੰਗ’ ਕੋਰਸ ਪਾਸ ਕਰਵਾਕੇ ਡਿਗਰੀਆਂ ਸ਼ਰੇਆਮ ਰੇਵੜੀਆਂ ਵਾਂਗ ਵੰਡੀਆਂ ਜਾ ਰਹੀਆਂ ਹਨ। ਹੋਰ ਵੀ ਸ਼ਰਮਨਾਕ ਗੱਲ ਇਹ ਹੈ ਕਿ ਪੈਸੇ ਦੇ ਕੇ ਲਈਆਂ ਇਨ੍ਹਾਂ ਡਿਗਰੀਆਂ ਰਾਹੀਂ ਬਿਲਕੁਲ ਅਨਟਰੇਂਡ ਅਣਗਿਣਤ ਅਧਿਆਪਕ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬਤੌਰ ਅਧਿਆਪਕ ਸੇਵਾਵਾਂ ਵੀ ਨਿਭਾ ਰਹੇ ਹਨ। ਜਦੋਂ ਅਧਿਆਪਕ ਹੀ ਅਜਿਹੇ ਹੋਣਗੇ ਤਾਂ ਉਨ੍ਹਾਂ ਰਾਹੀਂ ਤਿਆਰ ਕੀਤੇ ਵਿਦਿਆਰਥੀ ਕਿਹੜੇ ਚੰਨ੍ਹ ਚਾੜ੍ਹਨਗੇ, ਆਪਾਂ ਸੋਚ ਹੀ ਸਕਦੇ ਹਾਂ।
ਪੰਜਾਬ ਦੇ ਇਸੇ ਸਿੱਖਿਆ ਮਾਫੀਏ ਅਤੇ ਹੁਣ ਤਕ ਦੀਆਂ ਸਰਕਾਰਾਂ ਦੀ ਮਿਲੀਭੁਗਤ ਕਾਰਨ ਪੰਜਾਬ ਵਿੱਚ ਹੁਣ ਤਕ ਥੋਕ ਵਿੱਚ ਨਿੱਜੀ ਪੋਲੀਟੈਕਨਿਕ ਕਾਲਜ ਖੁੱਲ੍ਹ ਚੁੱਕੇ ਹਨ। ਇਹਨਾਂ ਕਾਲਜਾਂ ਨੇ ਨੇੜੇ-ਤੇੜੇ ਦੇ ਪਿੰਡਾਂ ਵਿੱਚੋਂ ਆਪਣਾ ਸਟਾਫ ਰੱਖ ਰੱਖਿਆ ਏ, ਜੋ ਅਸਲ ਵਿੱਚ ਅਧਿਆਪਕ ਨਹੀਂ, ਏਜੰਟ ਹਨ ਕਿਉਂਕਿ ਇਹ ਘੱਟ ਪੜ੍ਹੇ-ਲਿਖੇ ਲਾਲਚੀ ਬੰਦੇ ਆਪਣੇ ਕਮਿਸ਼ਨ ਦੇ ਲਾਲਚ ਵਿੱਚ ਦਸਵੀਂ-ਬਾਰ੍ਹਵੀਂ ਪਾਸ ਵਿਦਿਆਰਥੀਆਂ ਨੂੰ ਵਰਗਲਾ ਕੇ ਆਪਣੇ ਪਾਲੀਟੈਕਨਿਕ ਕਾਲਜ ਵਿੱਚ ਦਾਖਲ ਕਰਵਾ ਦਿੰਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪੜ੍ਹਾਈ ਵਿੱਚ ਕਮਜ਼ੋਰ, ਐੱਸ ਸੀ ਕੈਟਾਗਰੀ ਨਾਲ ਸਬੰਧਤ ਹੁੰਦੇ ਹਨ ਕਿਉਂਕਿ ਕਾਲਜਾਂ ਨੂੰ ਸਾਰੀ ਫੀਸ ਸਰਕਾਰ ਦੇ ਦਿੰਦੀ ਹੈ। ਇਹ ਵਿਦਿਆਰਥੀ ਨੂੰ ਲਾਲਚ ਦਿੰਦੇ ਹਨ ਕਿ ਤੁਹਾਡਾ ਕੁਝ ਵੀ ਖਰਚ ਨਹੀਂ ਹੋਣਾ। ਵਿਦਿਆਰਥੀ ਫਸ ਜਾਂਦਾ ਹੈ ਤੇ ਕਾਲਜ ਵਾਲੇ ਉਸ ਬੱਚੇ ਦਾ ਭਵਿੱਖ ਖਰਾਬ ਕਰਕੇ ਆਪਣੀਆਂ ਜੇਬਾਂ ਭਰ ਹਨ ਕਿਉਂਕਿ ਉਹ ਵਿਦਿਆਰਥੀ ਇੰਜਨੀਅਰਿੰਗ ਦੇ ਯੋਗ ਹੀ ਨਹੀਂ ਹੁੰਦਾ ਤੇ ਕੋਈ ਕੰਪੀਟੀਸ਼ਨ ਕਲੀਅਰ ਨਹੀਂ ਕਰ ਪਾਉਂਦਾ।
ਤੁਸੀਂ ਹੈਰਾਨ ਹੋ ਜਾਵੋਗੇ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਪਾਲੀਟੈਕਨਿਕ ਕਾਲਜਾਂ ਵਿੱਚ ਸ਼ਰੇਆਮ ਡਿਪਲੋਮੇ, ਡਿਗਰੀਆਂ ਤੇ ਫਾਰਮੇਸੀਆਂ ਆਦਿ ਦੇ ਵੱਡੇ ਕੋਰਸ ਬਿਨਾਂ ਜਮਾਤ ਲਗਾਏ ਪਾਸ ਕਰਵਾਏ ਜਾ ਰਹੇ ਹਨ ਕਿਉਂਕਿ ਸਰਕਾਰਾਂ ਦੀ ਮਿਲੀਭੁਗਤ ਕਾਰਨ ਜ਼ਿਆਦਾਤਰ ਪਾਲੀਟੈਕਨਿਕ ਕਾਲਜਾਂ ਵਿੱਚ ਹੀ ਪੱਕੇ ਪ੍ਰੀਖਿਆ ਕੇਂਦਰ ਬਣੇ ਹਨ, ਜਿੱਥੇ ਪੰਜਾਬ ਦੇ ‘ਮੁੰਨਾ ਭਾਈ ਐੱਮਬੀਬੀਐੱਸ’, ਪੈਸੇ ਦੇ ਜ਼ੋਰ ’ਤੇ ਬਿਨਾਂ ਕਲਾਸਾਂ ਲਗਾਏ, ਸ਼ਰੇਆਮ ਨਕਲ ਮਾਰ ਕੇ, ਡਿਪਲੋਮੇ, ਡਿਗਰੀਆਂ, ਫਾਰਮੇਸੀਆਂ ਤੇ ਹੋਰ ਵੱਡੇ-ਵੱਡੇ ਕੋਰਸ ਪਾਸ ਕਰਦੇ ਹਨ। ਹੁਣ ਇਸ ਗੋਰਖਧੰਦੇ ’ਤੇ ਪੰਜਾਬ ਦੀ ਨਵੀਂ ਸਰਕਾਰ ਨੇ ਲਗਾਮ ਕੱਸ ਦਿੱਤੀ ਹੈ। ਪ੍ਰਾਈਵੇਟ ਪਾਲੀਟੈਕਨਿਕ ਕਾਲਜਾਂ ਦੇ ਸਾਰੇ ਪ੍ਰੀਖਿਆ ਕੇਂਦਰ ਹੁਣ ਸਰਕਾਰੀ ਆਈਟੀਆਈ ਤੇ ਸਰਕਾਰੀ ਪਾਲੀਟੈਕਨਿਕ ਕਾਲਜਾਂ ਵਿੱਚ ਬਣਾ ਦਿੱਤੇ ਹਨ। ਹੁਣ ਜਿਨ੍ਹਾਂ ਵਿਦਿਆਰਥੀਆਂ ਨੇ ਲੱਖਾਂ ਰੁਪਇਆ ਫੀਸ ਸਿਰਫ਼ ਨਕਲ ਦੇ ਲਾਲਚ ਵਿੱਚ ਭਰੀ ਹੈ, ਉਹਨਾਂ ਨੂੰ ਤੇ ਅਜਿਹੇ ਭ੍ਰਿਸ਼ਟ ਕਾਲਜ ਪ੍ਰਬੰਧਕਾਂ ਨੂੰ ਤਾਪ ਚੜ੍ਹ ਗਿਆ ਹੈ। ਉਹ ਸਰਕਾਰ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਵਿੱਚ ਹਨ ਪਰ ਚੰਗੇ ਕਾਲਜਾਂ, ਹੋਣਹਾਰ ਵਿਦਿਆਰਥੀਆਂ ਤੇ ਪੂਰੇ ਪੰਜਾਬ ਲਈ ਇਹ ਬਹੁਤ-ਬਹੁਤ ਸ਼ਲਾਘਾਯੋਗ ਫੈਸਲਾ ਹੈ ਤੇ ਕਿਸੇ ਵੀ ਹਾਲਤ ਵਿੱਚ ਇਹ ਫੈਸਲਾ ਵਾਪਸ ਨਹੀਂ ਹੋਣਾ ਚਾਹੀਦਾ।
ਇਸ ਤੋਂ ਇਲਾਵਾ ਪੰਜਾਬ ਦੇ ਸਕੂਲਾਂ ਵਿੱਚ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੇ ਸਾਇੰਸ ਗਰੁੱਪਾਂ ਵਿੱਚ ਬੱਚਿਆਂ ਦੇ ‘ਡੰਮੀ ਐਡਮਿਸ਼ਨ’ ਵੀ ਬਹੁਤ ਹੀ ਸ਼ਰਮਨਾਕ ਤੇ ਘਟੀਆ ਵਰਤਾਰਾ ਹੈ। ਮਾਪੇ ਤੇ ਸਕੂਲ ਮੈਨੇਜਮੈਂਟ ਰਲ ਕੇ ਬੱਚਿਆਂ ਦੀ ਫਰਜ਼ੀ ਹਾਜ਼ਰੀ ਇੱਥੇ ਲਾਉਂਦੇ ਹਨ ਤੇ ਉਨ੍ਹਾਂ ਦੇ ਬੱਚੇ ਕੋਟਾ, ਚੰਡੀਗੜ੍ਹ, ਸੀਕਰ, ਜੈਪੁਰ ਜਾਂ ਹੋਰ ਕਿਤੇ ਵੱਡੇ ਕੋਚਿੰਗ ਸੈਂਟਰਾਂ ਵਿੱਚ ਤਿਆਰੀ ਕਰਦੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਕਾਰਨਾਮਾ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬਹੁਤ ਵੱਡੇ ਪੱਧਰ ’ਤੇ ਚੱਲ ਰਿਹਾ ਹੈ। ਹੋਰ ਵੀ ਸ਼ਰਮਨਾਕ ਗੱਲ ਇਹ ਹੈ ਕਿ ਇਸ ਵਿੱਚ ਸਰਕਾਰੀ ਅਧਿਆਪਕਾਂ, ਲੈਕਚਰਾਰ ਤੇ ਪ੍ਰਿੰਸੀਪਲ ਆਪ ਵੀ ਆਪਣੇ ਬੱਚਿਆਂ ਨੂੰ ਇਸੇ ਸ਼ਾਰਟਕੱਟ ਰਾਹੀਂ ਡਾਕਟਰੀ, ਇੰਜਨੀਅਰਿੰਗ ਤੇ ਐਨਡੀਏ ਆਦਿ ਵਿੱਚ ਪ੍ਰਵੇਸ਼ ਕਰਵਾਉਣ ਲਈ ਪੱਬਾਂ ਭਾਰ ਹਨ।
ਅੱਜ ਦੇ ਦੌਰ ਵਿੱਚ ਵੀ ਕੁਝ ਸਰਕਾਰੀ-ਨਿੱਜੀ ਪਾਲੀਟੈਕਨਿਕ ਕਾਲਜ, ਸਿੱਖਿਆ ਕਾਲਜ ਤੇ ਹੋਰ ਸਿੱਖਿਆ ਅਦਾਰੇ, ਸੱਚੀ ਸਿੱਖਿਆ ਦੀ ਅਲਖ ਜਗਾ ਰਹੇ ਹਨ ਪਰ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਸ਼ਾਰਟਕੱਟ ਰਾਹੀਂ ਅਜਿਹੇ ਫਰਜ਼ੀ ਅਧਿਆਪਕ, ਇੰਜਨੀਅਰ ਤੇ ਫਾਰਮਾਸਿਸਟ ਆਦਿ ਤਿਆਰ ਹੋਣਗੇ ਤਾਂ ਕੀ ਆਉਣ ਵਾਲੇ ਸਮੇਂ ਵਿੱਚ ਪੂਰੇ ਪੰਜਾਬ ਦਾ ਸਿਸਟਮ ਹੀ ਖੋਖਲਾ ਨਹੀਂ ਹੋ ਜਾਵੇਗਾ? ਸਰਕਾਰ ਜੀ, ਤੁਰੰਤ ਇਸ ਭ੍ਰਿਸ਼ਟ ਸਿਸਟਮ ਉੱਤੇ ਸ਼ਿਕੰਜ਼ਾ ਕੱਸ ਦਿਓ। ਇਹ ਮਸਲਾ ਸਾਡੀ ਆਉਣ ਵਾਲੀਆਂ ਨਸਲਾਂ ਦਾ ਹੈ। ਜੇ ਹੋਰ ਦੇਰ ਹੋ ਗਈ ਤਾਂ ਇੰਨਾ ਹਨੇਰ ਹੋ ਜਾਵੇਗਾ ਕਿ ਕਦੇ ਵੀ ਚਾਨਣ ਦੀ ਆਸ ਨਹੀਂ ਹੋਣੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3750)
(ਸਰੋਕਾਰ ਨਾਲ ਸੰਪਰਕ ਲਈ: