“ਇਹ ਇਲਾਜ ਜਿੰਨਾ ਪੀੜਾਦਾਇਕ ਸੀ, ਉੰਨਾ ਹੀ ਖਰਚੀਲਾ ਵੀ।ਭਾਵੇਂ ਹੁਣ ਨਿਧੀ ਪੱਕੀ ਮੁਲਾਜ਼ਮ ਬਣ ਚੁੱਕੀ ਸੀ ਪਰ ...”
(28 ਅਪਰੈਲ 2022)
ਅੱਜ ਮੈਂ ਤੁਹਾਨੂੰ ਆਪਣੇ ਹੀ ਪੰਜਾਬ ਦੇ ਪਾਕਿਸਤਾਨ ਬਾਰਡਰ ਦੇ ਨਾਲ ਲਗਦੇ ਛੋਟੇ ਜਿਹੇ ਸ਼ਹਿਰ ਫਾਜ਼ਿਲਕਾ ਵਿੱਚ ਜਿਉਂਦੇ-ਵਸਦੇ ਇੱਕ ਅਧਿਆਪਕ ਜੋੜੇ ਦੀ ਪਾਕ-ਪਵਿੱਤਰ ਮੁਹੱਬਤ ਦੀ ਸੱਚੀ ਕਹਾਣੀ ਸੁਣਾਉਂਦਾ ਹਾਂ। ਇਹ ਕਹਾਣੀ ਪੜ੍ਹ ਕੇ ਤੁਹਾਡੀਆਂ ਅੱਖਾਂ ਤਾਂ ਜ਼ਰੂਰ ਨਮ ਹੋ ਜਾਣਗੀਆਂ।
ਦੋਵਾਂ ਭਰਾਵਾਂ ਸਾਹਿਲ ਤੇ ਸਾਗਰ ਤੋਂ ਵੱਡੀ ਨਿਧੀ, ਪਿਓ ਕ੍ਰਿਸ਼ਨ ਸੁਖੀਜਾ ਤੇ ਮਾਂ ਸ਼ਸ਼ੀ ਬਾਲਾ ਦੇ ਆਮ ਗਰੀਬ ਪਰ ਮਿਹਨਤੀ ਪਰਿਵਾਰ ਦੀ ਧੀ, ਮੋਮਬਤੀ ਬਣਾ ਕੇ ਵੇਚਣ ਦਾ ਧੰਦਾ ਗਰੀਬ ਗੁਜ਼ਾਰਾ ਠੀਕ-ਠਾਕ ਚਲਦਾ ਸੀ। ਨੌਂਵੀਂ ਵਿੱਚ ਪੜ੍ਹਦੀ ਨਿਧੀ ਇੱਕ ਦਿਨ ਜਦੋਂ ਸਕੂਲੋਂ ਪਰਤੀ ਤਾਂ ਮਾਂ ਇਕਦਮ ਬੀਮਾਰ ਹੋ ਮੰਜੇ ’ਤੇ ਪੈ ਗਈ। ਪੰਜ ਸਾਲ ਲਗਾਤਾਰ ਬੀਮਾਰ ਰਹਿਣ ਤੋਂ ਬਾਅਦ ਨਿਧੀ ਦੀ ਪੂਰੀ ਹੋ ਗਈ। ਜਿਨ੍ਹਾਂ ਧੀਆਂ ਦੀਆਂ ਛੋਟੀ ਉਮਰੇ ਮਾਵਾਂ ਮਰ ਜਾਣ, ਉਹ ਸਮੇਂ ਤੋਂ ਪਹਿਲਾਂ ਹੀ ਸਿਆਣੀਆਂ ਹੋ ਜਾਂਦੀਆਂ ਨੇ। ਉਸ ਸਮੇਂ ਬੀਏ ਕਰਦੀ ਨਿਧੀ ਦੇ ਨਾਲ ਹੀ ਆਸ਼ੀਸ਼ ਗੁੰਬਰ ਵੀ ਪੜ੍ਹਦਾ ਸੀ। ਆਸ਼ੀਸ਼ ਗੁੰਬਰ ਕਾਲਜ ਵਿੱਚ ਸਰਕਾਰੀ ਬੈਂਕ ਮੈਨੇਜਰ ਸੁਰਿੰਦਰ ਗੁੰਬਰ ਤੇ ਬਿਜਲੀ ਬੋਰਡ ਵਿੱਚ ਕਲਰਕ ਊਸ਼ਾ ਗੁੰਬਰ ਦਾ ਇੱਕੋ-ਇੱਕ ਪੁੱਤਰ ਸੀ। ਨਿਧੀ ਅਤੇ ਆਸ਼ੀਸ਼ ਨੇ ਉਸ ਸਮੇਂ ਸੋਚਿਆ ਵੀ ਨਹੀਂ ਹੋਣਾ ਕਿ ਇੱਕ ਦਿਨ ਉਹ ਦੋ ਜਿੰਦ ਇੱਕ ਜਾਨ ਹੋ ਜਾਣਗੇ।
ਆਸ਼ੀਸ਼ ਮਾਸਟਰ ਡਿਗਰੀ ਕਰਨ ਤੋਂ ਬਾਅਦ 2008 ਵਿੱਚ ਕੰਪਿਊਟਰ ਅਧਿਆਪਕ ਲੱਗ ਗਿਆ। ਉੱਧਰ ਘਰ ਦੇ ਖਸਤਾ ਹਾਲਾਤ ਦੌਰਾਨ ਨਿਧੀ ਨੇ ਔਖੇ ਮਾਨਸਿਕ ਹਾਲਾਤ ਵਿੱਚੋਂ ਲੰਘਦਿਆਂ ਸਖਤ ਮਿਹਨਤ ਨਾਲ ਐੱਮ.ਏ, ਬੀ.ਐੱਡ ਕੀਤੀ ਤੇ 2009 ਵਿੱਚ ਪਹਿਲਾਂ ਪ੍ਰਾਇਮਰੀ ਤੇ ਫੇਰ 2010 ਵਿੱਚ ਐੱਸਐੱਸਏ ਅਧੀਨ ਸਰਕਾਰੀ ਹਿੰਦੀ ਅਧਿਆਪਕਾ ਨਿਯੁਕਤ ਹੋ ਗਈ। ਅਗਲੇ ਸਾਲ ਛੋਟਾ ਭਰਾ ਵੀ ਮਾਸਟਰ ਲੱਗ ਗਿਆ ਤਾਂ ਪਰਿਵਾਰ ਦੇ ਸਾਰੇ ਹਾਲਾਤ ਬਦਲ ਗਏ। 2014 ਵਿੱਚ ਨਿਧੀ ਨੂੰ ਪੱਕੀ ਸਰਕਾਰੀ ਪਰ ਤਿੰਨ ਸਾਲ 10300 ਤਨਖਾਹ ਵਾਲੀ ਨੌਕਰੀ ਫਿਰੋਜ਼ਪੁਰ ਲਾਗੇ ਮਿਲ ਗਈ, ਜਿੱਥੇ ਉਹ ਰੋਜ਼ ਆਉਣ-ਜਾਣ ਕਰਦੀ।
2015 ਵਿੱਚ ਇਸ ਖਾਸ ਪ੍ਰੇਮ ਕਹਾਣੀ ਦੀ ਸ਼ੁਰੂਆਤ ਆਸ਼ੀਸ਼ ਤੇ ਨਿਧੀ ਦੇ ਵਿਆਹ ਨਾਲ ਹੋਈ ਹਾਲਾਂਕਿ ਇਹ ਲਵ-ਮੈਰਿਜ ਨਹੀਂ ਸੀ ਪਰ ਸੱਤ ਫੇਰਿਆਂ ਦੇ ਨਾਲ ਹੀ ਇੱਕ-ਦੂਜੇ ਨੂੰ ਦਿੱਤੇ ਵਚਨਾਂ ਤੋਂ ਬਾਅਦ ਦੋਵਾਂ ਦੇ ਦਿਲਾਂ ਵਿੱਚ ਅਥਾਹ ਪਿਆਰ ਦੇ ਨਾਲ-ਨਾਲ, ਇੱਕ ਦੂਜੇ ਪ੍ਰਤਿ ਅਮਰ ਸਮਰਪਣ ਪੈਦਾ ਹੋ ਗਿਆ। ਵਿਆਹ ਤੋਂ ਬਾਅਦ ਆਸ਼ੀਸ਼ ਤੇ ਨਿਧੀ ਦੀ ਜ਼ਿੰਦਗੀ ਹੀ ਬਦਲ ਗਈ। ਦੋਵਾਂ ਦੀ ਜੋੜੀ ਤੇ ਆਪਸੀ ਪਿਆਰ ਵੇਖ ਹਰ ਕੋਈ ਅਸ਼-ਅਸ਼ ਕਰ ਉੱਠਦਾ। ਵੈਲੇਨਟਾਈਨ ਡੇ ਇਹਨਾਂ ਗੋਆ ਜਾ ਕੇ ਮਨਾਇਆ ਤੇ ਫੇਰ ਸ਼ਿਮਲਾ ਤੇ ਹੋਰ ਕਈ ਸੋਹਣੀਆਂ ਥਾਂਵਾਂ ਦੀ ਸੈਰ ਕਰਨ ਤੋਂ ਬਾਅਦ ਗਰਮੀਆਂ ਦੀਆਂ ਛੁੱਟੀਆ ਵਿੱਚ ਸਿੰਗਾਪੁਰ ਜਾਣ ਲਈ ਆਪਣੇ ਪਾਸਪੋਰਟ ਵੀ ਬਣਵਾ ਲਏ। ਵਿਆਹ ਤੋਂ ਬਾਅਦ ਦੇ ਇਹ ਸੁਨਹਿਰੀ ਪੰਜ ਮਹੀਨੇ ਪਲਾਂ ਵਾਂਗ ਲੰਘ ਗਏ। ਦੋਵਾਂ ਨੂੰ ਇੰਝ ਲੱਗਿਆ ਕਿ ਉਹਨਾਂ ਦੇ ਸਾਰੇ ਸੁਪਨੇ ਸੱਚੇ ਹੋ ਰਹੇ ਹਨ। ਪਰ ਇੱਕ ਦਿਨ ਅਚਾਨਕ ਨਿਧੀ ਦਾ ਬਲੱਡ ਪ੍ਰੈੱਸ਼ਰ ਵਧਣ ਨਾਲ ਉਹ ਡਿਗ ਪਈ। ਤੁਰੰਤ ਲੋਕਲ ਡਾਕਟਰ ਕੋਲ, ਫੇਰ ਸ਼੍ਰੀ ਗੰਗਾਨਗਰ ਤੇ ਅਖੀਰ ਚੰਡੀਗੜ੍ਹ ਤੇ ਲੁਧਿਆਣਾ ਤੋਂ ਸਕੈਨ ਕਰਵਾਉਣ ਤੋਂ ਬਾਅਦ ਦੋਵਾਂ ਦੀ ਜ਼ਿੰਦਗੀ ਵਿੱਚ ਭੂਚਾਲ ਆ ਗਿਆ। ਨਿਧੀ ਦੇ ਦੋਵੇਂ ਗੁਰਦੇ ਇਕਦਮ ਖਰਾਬ ਹੋ ਚੁੱਕੇ ਸਨ। ਨਿਧੀ, ਜਿਸਦੀ ਹੁਣ ਤਕ ਦੀ ਸਾਰੀ ਜ਼ਿੰਦਗੀ ਸੰਘਰਸ਼ ਵਿੱਚ ਹੀ ਲੰਘੀ ਸੀ, ਆਹੀ ਪੰਜ ਮਹੀਨੇ ਤਾਂ ਉਹਨੇ ਜ਼ਿੰਦਗੀ ਜੀ ਕੇ ਵੇਖੀ ਸੀ।
ਉੱਧਰ ਪਰਿਵਾਰ ਵਿੱਚ ਜ਼ਬਰਦਸਤ ਪ੍ਰੇਸ਼ਾਨੀ ਵਾਲੇ ਹਾਲਾਤ, ਇੱਕੋ-ਇੱਕ ਸਰਕਾਰੀ ਅਧਿਆਪਕ ਮੁੰਡਾ ਘਰ ਵਿੱਚ ਕੋਈ ਕਮੀ ਨਹੀਂ ਤੇ ਵਿਆਹ ਤੋਂ ਇਕਦਮ ਬਾਅਦ ਨੂੰਹ ਦੀ ਇਸ ਤਰ੍ਹਾਂ ਦੀ ਬੀਮਾਰੀ ਦਾ ਇਕਦਮ ਪਤਾ ਲੱਗਣਾ, ਆਪਣੇ ਖਾਨਦਾਨ-ਵੰਸ਼ ਦਾ ਫਿਕਰ ਤੇ ਮਾਪਿਆਂ ਨੂੰ ਲੱਗਣਾ ਹੀ ਸੀ ਕਿ ਮੁੰਡੇ ਦੀ ਜ਼ਿੰਦਗੀ ਤਾਂ ਬਰਬਾਦ ਹੋ ਗਈ।
ਆਪਣੇ ਸਮਾਜ ਵਿੱਚ ਅਜਿਹੇ ਮੌਕੇ ਔਰਤ ਨੂੰ ਮੌਤ ਤੋਂ ਵੱਧ ਜੋ ਡਰ ਹੁੰਦਾ ਹੈ, ਉਹ ਹੁੰਦਾ ਹੈ ਬੰਦੇ ਵੱਲੋਂ ਛੱਡ ਦੇਣ ਦਾ ਤੇ ਆਸ਼ੀਸ਼ ਦੇ ਬਹੁਤ ਸਾਰੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਇਹ ਸਲਾਹ ਵੀ ਉਸਦੇ ਕੰਨੀ ਪਾਈ ਸੀ। ਪਰ ਆਸ਼ੀਸ਼ ਪਾਣੀ ਦੇ ਵਹਾਅ ਦੇ ਨਾਲ ਤੈਰਨ ਆਲਿਆਂ ਵਿੱਚੋਂ ਨਹੀਂ ਸੀ। ਉਸਨੇ ਬੁਰੀ ਤਰ੍ਹਾਂ ਨਾਲ ਬੀਮਾਰ-ਪ੍ਰੇਸ਼ਾਨ ਨਿਧੀ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਕਿਹਾ, “ਤੂੰ ਫਿਕਰ ਨਾ ਕਰੀਂ, ਜਦੋਂ ਤਕ ਮੈਂ ਜਿੰਦਾ ਹਾਂ, ਨਾ ਤਾਂ ਤੇਰਾ ਸਾਥ ਛੱਡਾਂਗਾ ਤੇ ਨਾ ਹੀ ਤੈਨੂੰ ਮਰਨ ਦੇਵਾਂਗਾ, ਮੈਨੂੰ ਭਾਵੇਂ ਜੋ ਮਰਜ਼ੀ ਕਰਨਾ ਪਵੇ।” ਨਿਧੀ, ਆਸ਼ੀਸ਼ ਪ੍ਰਤਿ ਅਪਾਰ ਸ਼ੁਕਰਾਨੇ ਤੇ ਸ਼ਰਧਾ ਵਿੱਚ ਮੂੰਹ ਤੋਂ ਤਾਂ ਕੋਈ ਜਵਾਬ ਤਕ ਨਾ ਦੇ ਸਕੀ ਪਰ ਕਿੰਨਾ ਹੀ ਚਿਰ ਹੱਥ ਵਿੱਚ ਹੱਥ ਪਾ ਕੇ ਦੋਵੇਂ ਜਣੇ ਰੋਂਦੇ ਰਹੇ। ਹਰੇਕ ਨੂੰ ਲੱਗਦਾ ਸੀ ਕਿ ਨਵੇਂ-ਨਵੇਂ ਵਿਆਹ ਕਰਕੇ ਹੀ ਆਸ਼ੀਸ਼ ਆਪਸੀ ਖਿੱਚ ਵਿੱਚ ਹੀ ਵੱਡੀਆਂ-ਵੱਡੀਆਂ ਗੱਲਾਂ ਕਰ ਰਿਹਾ ਹੈ, ਜਦੋਂ ਛੇ ਕੁ ਮਹੀਨੇ ਇਹਨੂੰ ਲੈ ਕੇ ਫਿਰੇਗਾ, ਆਪੇ ਥੱਕ ਜਾਵੇਗਾ। ਪਰ ਆਸ਼ੀਸ਼ ਨੇ ਜਦੋਂ ਆਪਣੇ-ਆਪ ਨੂੰ ਨਿਧੀ ਲਈ ਸਮਰਪਿਤ ਕਰ ਦਿੱਤਾ। ਨਿਧੀ ਵੀ ਹੌਸਲੇ ਨਾਲ ਮੌਤ ਨਾਲ ਲੜਨ ਲੱਗ ਪਈ। ਉਹ ਦੋਵੇਂ ਲਗਾਤਾਰ ਚਾਰ ਸਾਲ ਤਕ ਡੀ ਐੱਮ ਸੀ ਤੋਂ ਮਹਿੰਗਾ ਇਲਾਜ ਕਰਵਾਉਣ ਦੇ ਨਾਲ-ਨਾਲ ਸਕੂਲ ਵਿੱਚ ਬੱਚਿਆਂ ਨੂੰ ਲਗਨ ਨਾਲ ਪੜ੍ਹਾਉਂਦੇ ਰਹੇ ਪਰ ਦੋਵਾਂ ਦਾ ਆਪਸੀ ਪਿਆਰ ਘਟਣ ਦੀ ਥਾਂ ਹੋਰ ਗੂੜ੍ਹਾ ਹੁੰਦਾ ਗਿਆ।
ਮਹਿੰਗੇ ਇਲਾਜ, ਲਗਾਤਾਰ ਪ੍ਰਹੇਜ਼ ਤੇ ਆਸ਼ੀਸ਼ ਦੇ ਪਿਆਰ ਨਾਲ ਨਿਧੀ ਦੀ ਹਾਲਤ ਲਗਭਗ ਠੀਕ ਹੀ ਚੱਲ ਰਹੀ ਸੀ ਕਿ ਅਗਸਤ 2019 ਦੀ ਗਰਮੀ ਦੇ ਇੱਕ ਦਿਨ ਉਸ ਨੂੰ ਜਬਰਦਸਤ ਘਬਰਾਹਟ ਹੋਈ। ਲੁਧਿਆਣਾ ਡੀਐੱਮਸੀ ਵਿੱਚ ਜਾ ਕੇ ਪਤਾ ਲੱਗਦਾ ਏ ਕਿ ਗੁਰਦਿਆਂ ਨੇ ਜਮਾਂ ਹੀ ਜਵਾਬ ਦੇ ਦਿੱਤਾ ਹੈ ਤੇ ਹੁਣ ਗੁਰਦਾ ਟਰਾਂਸਪਲਾਂਟ ਹੀ ਹੱਲ ਹੈ। ਉਦੋਂ ਤੀਕ ਨਿਧੀ ਨੂੰ ਜਿੰਦਾ ਰੱਖਣ ਲਈ ਡਾਇਲਸਿਸ ਹੀ ਹੱਲ ਹੈ। ਡਾਕਟਰ ਨੇ ਤੁਰੰਤ ਡਾਇਲਸਿਸ ਚਾਲੂ ਕਰ ਦਿੱਤੇ। ਬਦਕਿਸਮਤੀ ਨਾਲ ਪਰਿਵਾਰ ਵਿੱਚੋਂ ਕਿਸੇ ਦਾ ਵੀ ਗੁਰਦਾ ਮੈਚ ਨਹੀਂ ਕਰ ਸਕਿਆ। ਪੀਜੀਆਈ ਚੰਡੀਗੜ੍ਹ ਵਿੱਚ ਗੁਰਦਾ ਦਾਨ ਲੈਣ ਲਈ ਨਿਧੀ ਦਾ ਨਾਮ ਲਿਖਵਾਇਆ ਗਿਆ। ਉੱਥੇ ਮਰੀਜ਼ ਦਾ ਤਕਰੀਬਨ ਸਾਲ ਕੁ ਵਿੱਚ ਨੰਬਰ ਆ ਜਾਂਦਾ ਹੈ ਹਾਲਾਂਕਿ ਇਹ ਮਰੀਜ਼ ਦੀ ਕਿਸਮਤ ਹੈ ਕਿ ਉਹ ਸਾਲ ਜਿੰਦਾ ਰਹੇ ਜਾਂ ਨਾ।
ਨਿਧੀ ਦੇ ਹੁਣ ਹਫਤੇ ਵਿੱਚ ਦੋ ਡਾਇਲਸਿਸ ਹੋਣ ਲੱਗ ਪਏ। ਇਹ ਇਲਾਜ ਜਿੰਨਾ ਪੀੜਾਦਾਇਕ ਸੀ, ਉੰਨਾ ਹੀ ਖਰਚੀਲਾ ਵੀ। ਭਾਵੇਂ ਹੁਣ ਨਿਧੀ ਪੱਕੀ ਮੁਲਾਜ਼ਮ ਬਣ ਚੁੱਕੀ ਸੀ ਪਰ ਸ਼੍ਰੀ ਗੰਗਾਨਗਰ ਵਿੱਚ ਹੁੰਦੇ ਡਾਇਲਸਿਸ ਦਾ ਖਰਚਾ ਉਸ ਨੂੰ ਇੰਟਰ ਸਟੇਟ ਹੋਣ ਕਾਰਨ ਨਹੀਂ ਮਿਲ ਸਕਦਾ ਸੀ। ਆਸ਼ੀਸ਼ ਨੇ ਆਪਣੇ ਪਿਆਰ ਲਈ ਪੂਰੀ ਵਾਹ ਲਾ ਦਿੱਤੀ, ਜਿਸ ਨਾਲ ਨਿਧੀ ਵੀ ਹੌਸਲੇ ਵਿੱਚ ਰਹਿੰਦੀ। ਨਿਧੀ ਦੇ ਇਨ੍ਹਾਂ ਦੋ ਸਾਲਾਂ ਵਿੱਚ 100 ਤੋਂ ਵੱਧ ਵਾਰ ਡਾਇਲਸਿਸ ਹੋਏ। ਪਹਿਲਾਂ ਉਸਦੇ ਗਰਦਨ ਦੇ ਪਾਈਪ ਪੱਕੀ ਲੱਗੀ ਹੁੰਦੀ ਸੀ, ਫੇਰ ਨਾੜਾਂ ਖਤਮ ਹੋਣ ’ਤੇ ਛਾਤੀ ਤੇ ਫੇਰ ਪੱਟ ਤੇ, ਫੇਰ ਹੱਥ ਤੇ, ਅਖੀਰ ਸਾਰਾ ਸਰੀਰ ਈ ਵਿੰਨਿਆ ਗਿਆ। ਹੌਸਲਾ ਦੇਖੋ, ਉਹ ਮੌਤ ਨਾਲ ਲੜਦੀ ਪਾਈਪਾਂ ਲੱਗੀ ਹੀ ਸਕੂਲ ਵੀ ਜਾਂਦੀ ਰਹੀ ਤੇ ਬੱਚਿਆਂ ਨੂੰ ਤਨਦੇਹੀ ਨਾਲ ਪੜ੍ਹਾਉਂਦੀ ਵੀ ਰਹੀ।
ਮਾੜੀ ਕਿਸਮਤ ਕਰੋਨਾ ਆ ਗਿਆ। ਪੀਜੀਆਈ ਵਿੱਚ ਗੁਰਦਾ ਮਿਲਣ ਵਾਲਾ ਕੰਮ ਅਟਕ ਗਿਆ। ਇੱਧਰ ਲਗਾਤਾਰ ਡਾਇਲਸਿਸ ਕਾਰਨ ਹੁਣ ਸਾਰੀਆਂ ਨਾੜਾਂ ਖਤਮ ਹੋ ਗਈਆਂ ਤੇ ਇੱਥੇ ਵਾਲੇ ਡਾਕਟਰਾਂ ਨੇ ਜਵਾਬ ਦੇ ਦਿੱਤਾ। ਆਸ਼ੀਸ਼ ਨੇ ਫੇਰ ਵੀ ਹਾਰ ਨਾ ਮੰਨੀ ਤੇ ਨਿਧੀ ਨੂੰ ਤੁਰੰਤ ਡੀਐੱਮਸੀ ਲੁਧਿਆਣਾ ਲੈ ਗਿਆ। ਵੱਡੇ ਡਾਕਟਰਾਂ ਨੇ ਆਸ਼ੀਸ਼ ਨੂੰ ਅੰਦਰ ਸੱਦਿਆ ਤੇ ਕਿਹਾ ਕਿ ਹੁਣ ਜਦੋਂ ਤਕ ਗੁਰਦਾ ਨਹੀਂ ਮਿਲਦਾ ਉਦੋਂ ਤਕ ਨਿਧੀ ਨੂੰ ਜਿੰਦਾ ਰੱਖਣ ਦਾ ਇੱਕੋ-ਇੱਕ ਹੱਲ ਹੈ. ਨਿਧੀ ਦਾ ਵੱਡਾ ਆਪ੍ਰੇਸ਼ਨ ਕਰਕੇ ਉਸਦੇ ਪੇਟ ਵਿੱਚ ਸਿੱਧੀਆਂ ਪਾਈਪਾਂ ਫਿੱਟ ਕਰਨੀਆਂ ਪੈਣਗੀਆਂ, ਜਿਸ ਤੋਂ ਬਾਅਦ ਇਨ੍ਹਾਂ ਪਾਈਪਾਂ ਰਾਹੀਂ ਉਸਦਾ ਹਰੇਕ 12 ਘੰਟੇ ਬਾਅਦ ਡਾਇਲਸਿਸ ਇੱਕ ਵਿਸ਼ੇਸ਼ ਫਲੂਡ ਰਾਹੀਂ ਕਰਨਾ ਪਵੇਗਾ, ਜੋ ਫਲੂਡ ਫਿਲੀਪੀਨਸ ਦੇਸ਼ ਤੋਂ ਆਇਆ ਕਰੇਗਾ। ਉਸ ਦਾ ਖਰਚਾ ਹਰ ਮਹੀਨੇ ਲਗਭਗ 75000 ਦੇ ਲਗਭਗ ਹੋਵੇਗਾ ਤੇ ਇਹ ਡਾਇਲਸਿਸ ਆਸ਼ੀਸ਼ ਨੂੰ ਖੁਦ ਹੀ ਰੋਜ਼ ਦੋ ਵਾਰੀ ਕਰਨੇ ਪੈਣਗੇ ਤੇ ਨਾਲ ਉਸ ਨੂੰ ਹੀ ਰੋਜ਼ ਨਿਧੀ ਦੀ ਪੱਟੀ ਬਦਲਣੀ ਪਵੇਗੀ। ਇਹ ਅਸਲ ਪ੍ਰੀਖਿਆ ਦੀ ਘੜੀ ਸੀ ਪਰ ਆਸ਼ੀਸ਼ ਦਾ ਹੌਸਲਾ, ਸਮਰਪਣ ਤੇ ਪਿਆਰ ਦੇਖੋ, ਉਸਨੇ ਤੁਰੰਤ ਨਿਧੀ ਦਾ ਇਹ ਵੱਡਾ ਆਪ੍ਰੇਸ਼ਨ ਕਰਵਾ ਲਿਆ ਤੇ ਨਾਲ ਹੀ ਆਪ ਇਸ ਵਿਸ਼ੇਸ਼ ਡਾਇਲਸਿਸ ਦੀ ਟ੍ਰੇਨਿੰਗ ਲੈਣ ਦੇ ਨਾਲ-ਨਾਲ ਇਸ ਮਹਿੰਗੇ ਇਲਾਜ ਦਾ ਪ੍ਰਬੰਧ ਕਰਨ ਦਾ ਫੈਸਲਾ ਲੈ ਲਿਆ ਤੇ ਡਾਕਟਰਾਂ ਨੇ ਸਫਲਤਾ ਪੂਰਵਕ ਇਹ ਵੱਡਾ ਆਪ੍ਰੇਸ਼ਨ ਸਿਰੇ ਚਾੜ੍ਹ ਦਿੱਤਾ।
ਨਿਧੀ ਦਸੰਬਰ 2020 ਤੋਂ ਹੁਣ ਤਕ ਲਗਾਤਾਰ ਪੇਟ ਵਿੱਚ ਫਿੱਟ ਪਾਈਪਾਂ ਨਾਲ ਰੋਜ਼ ਡਾਇਲਸਿਸ ਤੋਂ ਬਾਅਦ ਆਪਣੇ ਸਕੂਲ ਜਾ ਕੇ ਰੀਝ ਨਾਲ ਬੱਚਿਆਂ ਨੂੰ ਪੜ੍ਹਾ ਰਹੀ ਹੈ। 75000 ਰੁਪਏ ਮਹੀਨੇ ਦੇ ਖਰਚੇ ਵਾਲੇ ਫਲੂਡ ਨਾਲ (ਜਿਸ ਵਿੱਚੋਂ ਸਰਕਾਰ ਵੱਲੋਂ ਸਾਰੇ ਤਾਂ ਨਹੀਂ ਪਰ ਕੁਝ ਪੈਸੇ ਮਿਲਦੇ ਹਨ) ਆਸ਼ੀਸ਼ ਆਪ ਰੋਜ਼ ਦੋ ਵਾਰੀ ਨਿਧੀ ਦਾ ਡਾਇਲਸਿਸ ਕਰਦਾ ਹੈ। ਰੋਜ਼ ਆਪ ਪੱਟੀਆਂ ਕਰਦਾ ਹੈ। ਉਹ ਨਾ ਅੱਜ ਤਕ ਥੱਕਿਆ ਤੇ ਨਾ ਅੱਕਿਆ ਹੈ। ਇਹ ਹੈ ਸੱਚਾ ਪਿਆਰ।
ਅੱਜ ਵੀ ਆਸ਼ੀਸ਼, ਨਿਧੀ ਤੇ ਪੂਰੇ ਪਰਿਵਾਰ ਨੂੰ ਪੀਜੀਆਈ ਚੰਡੀਗੜ੍ਹ ਤੋਂ ਗੁਰਦੇ ਲਈ ਜਲਦੀ ਫੋਨ ਆਉਣ ਦਾ ਇੰਤਜ਼ਾਰ ਹੈ। ਸ਼ਾਲਾ, ਇਹ ਸੁਨੇਹਾ ਬਹੁਤ ਜਲਦੀ ਆਵੇਗਾ। ਜੇਕਰ ਕੋਈ ਸ਼ਖਸ ਪੀਜੀਆਈ ਚੰਡੀਗੜ੍ਹ ਵਿੱਚ ਇਸ ਸੰਬੰਧ ਵਿੱਚ ਨਿਧੀ-ਆਸ਼ੀਸ਼ ਦੀ ਮਦਦ ਕਰ ਸਕਦਾ ਏ ਤਾਂ ਜ਼ਰੂਰ ਕ੍ਰਿਪਾਲਤਾ ਕਰਨਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3532)
(ਸਰੋਕਾਰ ਨਾਲ ਸੰਪਰਕ ਲਈ: