“ਸਰਕਾਰੀ ਮਹਿਕਮਿਆਂ ਵਿੱਚ ਦਿਖਾਵੇ ਦੀ ਪ੍ਰਵਿਰਤੀ ਜ਼ਿਆਦਾਤਰ ਬੰਦੇ ਦੇ ਰੈਂਕ ਅਨੁਸਾਰ ...”
(25 ਮਾਰਚ 2022)
ਕਿਸੇ ਪਿੰਡ ਵਿੱਚ ਸੁਰਿੰਦਰ ਸਿੰਘ ਉਰਫ ਛਿੰਦਾ ਨਾਮ ਦਾ ਸ਼ਖਸ ਰਹਿੰਦਾ ਸੀ। ਘਰ ਦੇ ਹਾਲਾਤ ਤਾਂ ਐਸੇ ਵੈਸੇ ਹੀ ਸਨ ਪਰ ਛਿੰਦਾ ਦਿਖਾਵਾ ਕਰਨ ਦੀ ਬੀਮਾਰੀ ਤੋਂ ਪੀੜਤ ਸੀ। ਕਿਸੇ ਛੜੇ ਦਾ ਰਿਸ਼ਤਾ ਛਿੰਦੇ ਨੇ ਆਪਣੀ ਜੁਗਤ ਨਾਲ ਸਿਰੇ ਚਾੜ੍ਹ ਦਿੱਤਾ ਤਾਂ ਅਗਲਿਆਂ ਨੇ ਵੀ ਸੋਨੇ ਦਾ ਕੜਾ ਪਾ ਕੇ ਛਿੰਦੇ ਦਾ ਮੁੱਲ ਤਾਰ ਦਿੱਤਾ। ਕੌੜਤੂੰਮਾ ਵੀ ਤਾਂ ਮੱਝ ਹੀ ਪਚਾਉਂਦੀ ਹੈ, ਬੱਕਰੀਆਂ ਦੇ ਢਿੱਡੋਂ ਤੂੰਮੇ ਦੀਆਂ ਡਕਾਰਾਂ ਨਹੀਂ ਆਉਂਦੀਆਂ। ਛਿੰਦਾ ਜਬਰਦਸਤ ਉਤਸ਼ਾਹ ਵਿੱਚ ਆ ਗਿਆ ਕਿ ਮੇਰਾ ਪਾਇਆ ਕੜਾ ਪਿੰਡ ਵਿੱਚ ਸਭ ਨੂੰ ਦਿਸੇ। ਸਾਰੇ ਪਿੰਡ ਦੇ ਲੋਕ ਮੈਂਨੂੰ ਕੜੇ ਬਾਰੇ ਪੁੱਛਣ ਤੇ ਫੇਰ ਮੈਂ ਟੋਹਰ ਨਾਲ ਦੱਸਾਂ ਕਿ ਇਹ ਸੋਨੇ ਦਾ ਏ, ਫੇਰ ਠੁੱਕ ਬਣੂ।
ਠੰਢ ਇੰਨੀ ਕਿ ਰਹੇ ਰੱਬ ਦਾ ਨਾਂ, ਸੱਥ ਵਿੱਚ ਸਾਰੇ ਠੁਰ-ਠੁਰ ਕਰਦੇ ਧੂਣੀ ਤਪਾਈ ਜਾਣ ਪਰ ਛਿੰਦਾ ਅੱਧੀਆਂ ਬਾਹਾਂ ਦੇ ਕੁੜਤੇ ਵਿੱਚ ਹੀ ਜਾ ਕੇ ਲੱਗ ਗਿਆ ਗੱਪਾਂ ਛੱਡਣ। ਜੇ ਖੇਸੀ ਉੱਪਰ ਲੈ ਲੈਂਦਾ ਤਾਂ ਕੜਾ ਸਵਾਹ ਦਿਸਣਾ ਸੀ। ਨਾਲੇ ਛਿੰਦਾ ਧੰਢ ਨਾਲ ਕੰਬੀ ਜਾਵੇ ਤੇ ਨਾਲੇ ਕੜੇ ਵਾਲੇ ਗੁੱਟ ਨੂੰ ਬੇਲੋੜਾ ਹਿਲਾ-ਹਿਲਾ ਕੇ ਗੱਲਾਂ ਕਰੀ ਜਾਵੇ। ਮਾੜੀ ਕਿਸਮਤ ਛਿੰਦੇ ਦੀ, ਉਸ ਨੂੰ ਕੜੇ ਬਾਰੇ ਕਿਸੇ ਨੇ ਵੀ ਨਾ ਪੁੱਛਿਆ।
ਛਿੰਦਾ ਇੰਨੀ ਠੰਢ ਵਿੱਚ ਪੂਰੇ ਪਿੰਡ ਵਿੱਚ ਚੱਕਰ ਲਾ-ਲਾ ਗੱਲਾਂ ਮਾਰ ਆਇਆ ਪਰ ਕਿਸੇ ਵੀ ਮਾਂ ਦੇ ਪੁੱਤ ਨੇ ਕੜੇ ਬਾਰੇ ਨਾ ਪੁੱਛਿਆ। ਅਖੀਰ ਛਿੰਦੇ ਨੇ ਚੱਕਿਆ ਤੇਲ ਵਾਲਾ ਗੈਲਣ ਤੇ ਛਿੜਕ ਕੇ ਤੇਲ, ਆਪਣੇ ਘਰ ਨੂੰ ਹੀ ਅੱਗ ਲਾ ਲਈ। ਪੂਰਾ ਪਿੰਡ ਭੱਜਾ ਆਇਆ। ਕਰੜੀ ਮੁਸ਼ੱਕਤ ਤੋਂ ਬਾਅਦ ਪੂਰੇ ਪਿੰਡ ਨੇ ਮਸਾਂ ਅੱਗ ’ਤੇ ਕਾਬੂ ਪਾਇਆ। ਛਿੰਦੇ ਨੂੰ ਪਿੰਡ ਦੇ ਬਜ਼ੁਰਗ ਸਾਬਕਾ ਸਰਪੰਚ ਬੋਹੜ ਸਿੰਘ ਨੇ ਪੁੱਛਿਆ, “ਛਿੰਦੇ, ਕਿੰਨਾ ਕੁ ਨੁਕਸਾਨ ਹੋਇਐ?”
ਛਿੰਦੇ ਦੇ ਮਨ ਦੀ ਹੋ ਗਈ ਤੇ ਉਦਾਸੀ ਦੀ ਨਕਲੀ ਜਿਹੀ ਐਕਟਿੰਗ ਕਰਦਾ ਛਿੰਦਾ ਬੋਲਿਆ, “ਸਰਪੰਚ ਸਾਬ੍ਹ, ਸਭ ਕੁਝ ਸੜ ਗਿਆ, ਬੱਸ ਆਹ ਕੜਾ ਬਚਿਆ ਏ, ਸੋਨੇ ਦਾ ਏ, ਇੱਕ ਤੋਲੇ ਦਾ।” ਮੂਰਖਾਂ ਦੇ ਸਰਤਾਜ ਛਿੰਦੇ ਦੇ ਚਿਹਰੇ ’ਤੇ ਜੇਤੂ ਮੁਸਕਾਨ ਸੀ।
ਇਹ ਤਾਂ ਗੱਲ ਸੀ ਛਿੰਦੇ ਦੀ, ਪਰ ਆਪਾਂ ਸਾਰੇ ਸੋਚੀਏ ਕਿ ਸਾਡੇ ਆਪਣੇ ਸਭ ਦੇ ਅੰਦਰ ਵੀ ਕਿਸੇ ਕੋਨੇ ਵਿੱਚ, ਕੋਈ ਲੁਕਿਆ ਛਿੰਦਾ ਤਾਂ ਨਹੀਂ ਬੈਠਾ? ਜੀ ਹਾਂ, ਇਹ ਛੁਪਿਆ ਹੋਇਆ ਛਿੰਦਾ ਸਾਡੇ ਸਭ ਵਿੱਚ ਮੌਜੂਦ ਹੈ। ਦਿਖਾਵੇ ਲਈ ਆਪਾਂ ਆਪਣੀ ਔਕਾਤ ਵਿੱਚੋਂ ਬਾਹਰ ਜਾ ਕੇ, ਵੱਡੀਆਂ ਕੋਠੀਆਂ ਪਾਉਂਦੇ ਹਾਂ, ਵੱਡੀਆਂ ਗੱਡੀਆਂ, ਵਿਆਹਾਂ ’ਤੇ ਬੇਲੋੜੇ ਖਰਚੇ, ਮਹਿੰਗੇ ਮੋਬਾਇਲ, ਬ੍ਰਾਂਡਡ ਕੱਪੜੇ ਵਗੈਰਾ, ਫਾਲਤੂ ਸ਼ਾਪਿੰਗ, ਦਰਅਸਲ ਦੇਖਾ-ਦੇਖੀ ਆਪਾਂ ਸਾਰੇ ਹੀਣਭਾਵਨਾ ਦੇ ਸ਼ਿਕਾਰ ਹੋ ਗਏ ਹਾਂ, ਜਿਸ ਕਰਕੇ ਆਹ ਅਨਮੋਲ ਜ਼ਿੰਦਗੀ ਆਪਾਂ ਕਿਸ਼ਤਾਂ ਭਰਨ ਲਈ ਹੀ ਜੀਣ ਲੱਗ ਪੈਂਦੇ ਹਾਂ। ਜ਼ਿਆਦਾਤਰ ਮੁਲਾਜ਼ਮ ਆਪਣੀ ਤਨਖਾਹ ਦੇਖ ਇਸ ਜਾਲ ਵਿੱਚ ਫਸ ਜਾਂਦੇ ਹਨ, ਕਿਸਾਨ ਖੜ੍ਹੀ ਫਸਲ ਦੇਖ ਤੇ ਵਪਾਰੀ ਪਿਛਲਾ ਮੁਨਾਫਾ ਦੇਖ। ਔਕਾਤ ਤੋਂ ਵਧ ਕੇ ਖਰੀਦੀ ਕੋਈ ਵੀ ਚੀਜ਼ ਸਿਰਫ ਸਾਂਭੀ ਹੀ ਜਾ ਸਕਦੀ ਹੈ, ਵਰਤੀ ਨਹੀਂ ਜਾ ਸਕਦੀ।
ਸਰਕਾਰੀ ਮਹਿਕਮਿਆਂ ਵਿੱਚ ਦਿਖਾਵੇ ਦੀ ਪ੍ਰਵਿਰਤੀ ਜ਼ਿਆਦਾਤਰ ਬੰਦੇ ਦੇ ਰੈਂਕ ਅਨੁਸਾਰ ਵਧਦੇ ਕ੍ਰਮ ਵਿੱਚ ਚਲਦੀ ਹੈ, ਜਿੱਥੇ ਆਪਣੇ ਵੱਡੇ ਅਹੁਦੇ ਦੇ ਦਿਖਾਵੇ ਲਈ ਨਿਰੰਤਰ ਅਭਿਨੈ ਜਾਰੀ ਰਹਿੰਦਾ ਹੈ। ਵੱਡੇ-ਵੱਡੇ ਰਾਜਨੇਤਾਵਾਂ, ਅਭਿਨੇਤਾਵਾਂ, ਖਿਲਾੜੀਆਂ, ਲੇਖਕਾਂ ਤੇ ਪੱਤਰਕਾਰਾਂ ਵਿਚਲਾ ਛਿੰਦਾ ਕਈ ਵਾਰ ਸ਼ਰੇਆਮ ਹੀ ਦਿਖਾਈ ਦੇ ਜਾਂਦਾ ਹੈ। ਅਸਲ ਵਿੱਚ ਦਿਖਾਵਾ ਹੁਣ ਇੱਕ ਵੱਡੀ ਮਹਾਂਮਾਰੀ ਦਾ ਰੂਪ ਧਾਰਣ ਕਰ ਚੁੱਕਾ ਹੈ।
ਅਖੌਤੀ ਸਮਾਜਸੇਵੀਆਂ ਤੇ ਫੁਕਰੇ ਲੀਡਰਾਂ ਦਾ ਛਿੰਦਾ, ਉਨ੍ਹਾਂ ਵੱਲੋਂ ਕੀਤੇ ਮਾਮੂਲੀ ਕੰਮਾਂ ਦੀਆਂ ਵੱਡੀਆਂ ਤਸਵੀਰਾਂ ਵਿੱਚੋਂ ਝਾਕਦਾ ਰਹਿੰਦਾ ਹੈ। ਆਪਣੀ ਠੁੱਕ ਬਣਾਉਣ ਲਈ ਦਾਨ ਕਰਨ ਵਾਲਿਆਂ ਦਾ ਛਿੰਦਾ ਵੀ ਪੱਥਰਾਂ ’ਤੇ ਲਿਖੇ ਨਾਵਾਂ ਵਿੱਚੋਂ ਸਾਫ ਦਿਖਾਈ ਦਿੰਦਾ ਹੈ। ਮਤਲਬ ਪ੍ਰਸਤੀ ਦੇ ਇਸ ਕਾਲੇ ਦੌਰ ਵਿੱਚ ਸਾਡੇ ਜ਼ਿਆਦਾਤਰ ਮਿੱਤਰ, ਰਿਸ਼ਤੇਦਾਰ ਸਾਡਾ ਫਿਕਰ ਤਾਂ ਭਾਵੇਂ ਘੱਟ-ਵੱਧ ਹੀ ਕਰਦੇ ਹੋਣ ਪਰ ਮਦਦ ਕਰਨ ਦਾ ਦਿਖਾਵਾ ਕਰਨ ਵਾਲੀ ਹਨੇਰੀ ਲਿਆ ਦਿੰਦੇ ਹਨ। ਮੈਂ ਇਸ ਬੀਮਾਰੀ ਵਿੱਚੋਂ ਨਿਕਲਣ ਲਈ ਯਤਨਸ਼ੀਲ ਹਾਂ ਤੇ ਆਸ ਕਰਦਾ ਹਾਂ ਕਿ ਤੁਸੀਂ ਵੀ ਜਲਦੀ ਹੀ ਇਸ ਰੋਗ ਤੋਂ ਨਿਜਾਤ ਪਾ ਲਵੋਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3456)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)