“ਦਲੇਰ ਪੱਤਰਕਾਰ, ਸਿਰਸਾ ਦੇ ਸ਼ਹੀਦ ‘ਰਾਮਚੰਦਰ ਛੱਤਰਪਤੀ’, ਜਿਨ੍ਹਾਂ ਆਪਣੇ ਅਖਬਾਰ ‘ਪੂਰਾ ਸੱਚ’ ਵਿੱਚ ...”
(25 ਜਨਵਰੀ 2023)
ਮਹਿਮਾਨ: 108.
ਕਾਹਦੀਆਂ ਜੇਲ੍ਹਾਂ, ਕਿਹੜੀਆਂ ਜੇਲ੍ਹਾਂ?
ਸਾਡਾ ਮੁਲਕ ਸੰਵਿਧਾਨ ਅਨੁਸਾਰ ਚੱਲਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਸੈਕੂਲਰ ਵਿਵਸਥਾ ਹੈ। ਇੱਥੇ ਧਰਮ, ਜਾਤ ਅਤੇ ਖੇਤਰ ਦੇ ਅਧਾਰ ’ਤੇ ਬਿਨਾਂ ਕਿਸੇ ਵਿਤਕਰੇ, ਸਮਾਨ ਅਧਿਕਾਰ ਮਿਲੇ ਹੋਏ ਹਨ। ਪਰ ਸਮੇਂ ਦੀਆਂ ਤਾਕਤਾਂ ਆਪਣੇ ਵੋਟਬੈਂਕ ਲਈ ਧਰਮ ਅਤੇ ਅੰਧਵਿਸ਼ਵਾਸ ਦੇ ਮਿਲਗੋਭੇ ਰਾਹੀਂ ਅਜਿਹੇ ਕੁਕਰਮ ਕਰਦੀਆਂ ਰਹੀਆਂ ਹਨ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਸ਼ਰਮਿੰਦਾ ਹੋਇਆ ਹੈ। ਗੁਜਰਾਤ ਦੰਗਿਆਂ ਦੌਰਾਨ ਵਾਪਰੇ ‘ਬਿਲਕਿਸ ਬਾਨੋ’ ਬਲਾਤਕਾਰ ਕੇਸ ਦੇ ਸਾਰੇ ਦੋਸ਼ੀਆਂ ਨੂੰ ਛੱਡ ਦਿੱਤਾ ਗਿਆ ਹੈ ਤੇ ਹੋਰ ਵੀ ਸ਼ਰਮਨਾਕ ਹੈ ਕਿ ਬਾਹਰ ਆਉਣ ’ਤੇ ਉਨ੍ਹਾਂ ਦਾ ਸਨਮਾਨ ਮਾਲਾ ਪਾ ਕੇ ਕੀਤਾ ਗਿਆ। ਪੰਜਾਬ ਦੀ ਪਿਛਲੀ ਸਰਕਾਰ ਨੇ ਉੱਤਰ ਪ੍ਰਦੇਸ਼ ਦੇ ‘ਮੁਖਤਾਰ ਅੰਸਾਰੀ’ ਨੂੰ, ਝੂਠੇ-ਸੱਚੇ ਕੇਸ ਵਿੱਚ ਪੰਜਾਬ ਲਿਆਉਣ ਤੋਂ ਬਾਅਦ ਸ਼ਰੇਆਮ ਪ੍ਰਾਹੁਣਚਾਰੀ ਨਿਭਾਉਂਦੇ ਹੋਏ ਸਿਰਫ਼ ਵੀਆਈਪੀ ਜੇਲ੍ਹ ਸੁਵਿਧਾ ਹੀ ਨਹੀਂ ਦਿੱਤੀ, ਸਗੋਂ ਉੱਤਰ ਪ੍ਰਦੇਸ਼ ਲਿਜਾਣ ਤੋਂ ਰੋਕਣ ਲਈ ਲੱਖਾਂ ਰੁਪਇਆ ਖਰਚ ਕੇ ਕੋਰਟ ਵਿੱਚ ਮਹਿੰਗੇ ਵਕੀਲਾਂ ਰਾਹੀਂ ਸਾਰੀ ਵਾਹ ਲਾ ਦਿੱਤੀ ਸੀ। ਸਿਵਾਨ ਦੇ ਬਾਹੁਬਲੀ ਨੇਤਾ ‘ਸ਼ਹਾਬੁਦੀਨ’ ਦਾ ਸਿਵਾਨ ਜੇਲ੍ਹ ਵਿੱਚ ਰਹਿੰਦਿਆਂ ਜਨਤਾ ਦਰਬਾਰ ਲੱਗਦਾ ਰਿਹਾ ਹੈ। ਰਾਜੀਵ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਵਾਲਿਆਂ ਨੂੰ ਵੀ ਸਜ਼ਾ ਪੂਰੀ ਹੋਣ ’ਤੇ ਛੱਡ ਦਿੱਤਾ ਗਿਆ ਹੈ, ਜਦਕਿ ਪੰਜਾਬ ਤੇ ਦੇਸ਼ ਦੇ ਹੋਰ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਅਣਗਿਣਤ ਲੋਕ ਅੱਜ ਵੀ ਆਪਣੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਤਸ਼ੱਦਦ ਝੱਲਦੇ ਜੇਲ੍ਹਾਂ ਕੱਟਣ ਲਈ ਮਜਬੂਰ ਹਨ। ਇਸ ਖਿਲਾਫ ਹੁਣ ਲੋਕ ਰੋਹ ਵਧਦਾ ਜਾ ਰਿਹਾ ਹੈ ਤੇ ਇਨਸਾਫ ਪਸੰਦ ਲੋਕ ਧਰਨੇ ਲਾ ਰਹੇ ਹਨ। ਇਸੇ ਦੌਰਾਨ ਸਿਰਸਾ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਇੱਕ ਵਾਰ ਫਿਰ ਤੋਂ ਪੈਰੋਲ ਮਿਲ ਚੁੱਕੀ ਹੈ।
ਦਰਅਸਲ ਸਾਡੇ ਦੇਸ਼ ਦੀ ਤ੍ਰਾਸਦੀ ਹੈ ਇਹ ਕਿ ਇੱਥੋਂ ਦੀਆਂ ਸਰਕਾਰਾਂ ਸ਼ਰੇਆਮ ਬੇਸ਼ਰਮੀ ਨਾਲ ਧਰਮ ਵਿਸ਼ੇਸ਼, ਡੇਰੇ ਵਿਸ਼ੇਸ਼ ਜਾਂ ਵਿਅਕਤੀ ਵਿਸ਼ੇਸ਼ ਲਈ ਕਾਨੂੰਨ ਨੂੰ ਛਿੱਕੇ ਟੰਗਕੇ ਸਾਰੇ ਰਾਹ ਖੋਲ੍ਹਦੀਆਂ ਰਹੀਆਂ ਹਨ। 1986 ਵਿੱਚ ਇੱਕ ਮੁਸਲਿਮ ਔਰਤ ‘ਸ਼ਾਹਬਾਨੋ’, ਜਿਸ ਨੂੰ 43 ਸਾਲਾਂ ਬਾਅਦ ਉਸਦੇ ਵਕੀਲ ਪਤੀ ਨੇ ਤਲਾਕ ਦੇ ਦਿੱਤਾ ਸੀ ਤੇ ਕੋਰਟ ਨੇ ਪਤੀ ਨੂੰ ਸ਼ਾਹਬਾਨੋ ਨੂੰ ਗੁਜ਼ਾਰਾ ਭੱਤਾ ਦੇਣ ਦੇ ਆਦੇਸ਼ ਦਿੱਤੇ ਪਰ ਧਰਮ ਵਿਸ਼ੇਸ਼ ਦੇ ਵੋਟਬੈਂਕ ਲਈ ਰਾਜੀਵ ਗਾਂਧੀ ਨੇ ਸੰਸਦ ਵਿੱਚ ‘ਮੁਸਲਿਮ ਮਹਿਲਾ ਵਿਧੇਅਕ’ ਪਾਸ ਕਰਕੇ ਮੁਸਲਮਾਨਾਂ ਨੂੰ ਆਪਣੀ ਪਤਨੀ ਨੂੰ ਤਲਾਕ ਤੋਂ ਬਾਅਦ ਸਿਰਫ਼ ਤਿਨ ਮਹੀਨੇ ਹੀ ਖਰਚਾ ਦੇਣ ਦਾ ਕਾਨੂੰਨ ਬਣਾ ਦਿੱਤਾ ਸੀ ਹਾਲਾਂਕਿ ਉਦੋਂ ਤਾਂ ਮੀਡੀਆ ਕਮਜ਼ੋਰ ਸੀ, ਅਨਪੜ੍ਹਤਾ ਸੀ ਪਰ ਹੁਣ 21 ਵੀਂ ਸਦੀ ਦੇ ਇੰਟਰਨੈੱਟ ਤੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਇਸ ਤਰ੍ਹਾਂ ਦੇ ਘਟਨਾਕ੍ਰਮ ਆਉਣ ਵਾਲੇ ਸਮੇਂ ਵਿੱਚ ਸਾਡੇ ਦੇਸ਼ ਦੇ ਸੰਘੀ ਢਾਂਚੇ ਲਈ ਬਹੁਤ-ਬਹੁਤ ਖਤਰਨਾਕ ਸਾਬਤ ਹੋ ਸਕਦੇ ਹਨ। ਹਾਲਾਂਕਿ ਕਿਸੇ ਵੀ ਕੈਦੀ ਲਈ ਪੈਰੋਲ, ਫਰਲੋ ਆਦਿ ਕਾਨੂੰਨੀ ਅਧਿਕਾਰ ਨੇ ਪਰ ਸਰਕਾਰ ਵੱਲੋਂ ਇੱਕੋ ਵਿਅਕਤੀ ਦੀ ਪੈਰੋਲ ਅਰਜ਼ੀ ਨੂੰ ਵਾਰ-ਵਾਰ, ਮੰਜ਼ੂਰ ਕਰਕੇ ਅੱਗੇ ਕੋਰਟ ਨੂੰ ਫਾਰਵਰਡ ਕਰਨ ਵਿੱਚ ਜੋ ਤੇਜ਼ੀ ਵਿਖਾਈ ਜਾ ਰਹੀ ਹੈ, ਉਹ ਹੋਰ ਸ਼ੰਕੇ ਪੈਦਾ ਕਰਦੀ ਹੈ ਕਿਉਂਕਿ ਸੰਬੰਧਤ ਕੈਦੀ ਜੋ ਅੱਜ ਵੀ ਬਹੁਤ ਤਾਕਤਵਰ ਹੈ। ਕਿਤੇ ਮਨੁੱਖੀ ਅਧਿਕਾਰਾਂ ਦੀ ਆੜ ਵਿੱਚ, ਉਸ ਰਾਹੀਂ ਸਰਕਾਰਾਂ ਬਣਾਉਣ ਦੀ ਖਿਚੜੀ ਤਾਂ ਨਹੀਂ ਪਕਾਈ ਜਾ ਰਹੀ?
ਰਾਜਸਥਾਨ ਦੇ ‘ਸ਼੍ਰੀ ਗੰਗਾਨਗਰ’ ਜ਼ਿਲ੍ਹੇ ਦੀ ਮੰਡੀ ‘ਗੋਲੂਵਾਲਾ’ ਲਾਗੇ ਇੱਕ ਛੋਟੇ ਜਿਹੇ ਪਿੰਡ ‘ਗੁਰੂਸਰ ਮੋਡਿਆ’ ਵਿੱਚ ਜਨਮ ਲੈਣ ਤੋਂ ਬਾਅਦ ਹੌਲੀ-ਹੌਲੀ ਡੇਰਾ ਸੱਚਾ ਸੌਦਾ ਸਿਰਸਾ ਪ੍ਰਮੁੱਖ ਬਣਕੇ, ਕਰੋੜਾਂ ਦੀ ਗਿਣਤੀ ਵਿੱਚ ਭੋਲੇ-ਭਾਲੇ ਤੇ ਪ੍ਰੇਸ਼ਾਨ ਲੋਕਾਂ ਨੂੰ ਆਪਣੇ ਖਾਸ ਪ੍ਰਚਾਰ ਰਾਹੀਂ ਮਗਰ ਲਾਉਣ ਤੋਂ ਬਾਅਦ, ਦੇਸ਼ ਦੇ ਗਿਣਤੀ ਦੇ ਸਭ ਤੋਂ ਤਾਕਤਵਰ ਲੋਕਾਂ ਵਿੱਚ ਸ਼ੁਮਾਰ ਹੋ ਕੇ, ਬਹੁਤ ਵੱਡੀ ਸ਼ਖਸੀਅਤ ‘ਗੁਰਮੀਤ ਰਾਮ ਰਹੀਮ ਸਿੰਘ’ ਬਣ ਜਾਂਦਾ ਹੈ, ਜਿਸਦੇ ਡੇਰੇ ਵਿੱਚ ਹਰੇਕ ਪਾਰਟੀ ਦੇ ਵੱਡੇ-ਵੱਡੇ ਲੀਡਰ ਵੋਟਾਂ ਲਈ, ਮੰਤਰੀ ਤੇ ਮੁੱਖ ਮੰਤਰੀ ਤੀਕ ਵੋਟਾਂ ਦੀ ਭੀਖ ਮੰਗਦੇ, ਸਣੇ ਪਰਿਵਾਰ ਸ਼ਰੇਆਮ ਨੱਕ ਰਗੜਦੇ ਰਹੇ ਹਨ। ਵੱਡੇ-ਵੱਡੇ ਐਕਟਰ, ਦੇਸ਼ ਦੇ ਪ੍ਰਮੁੱਖ ਕ੍ਰਿਕਟ ਖਿਲਾੜੀ, ਬਿਜ਼ਨਸਮੈਨ ਤੇ ਕੇਂਦਰ ਸਰਕਾਰਾਂ ਦੇ ਨੁਮਾਇੰਦੇ ਵੀ ਬਾਬਾ ਜੀ ਦੇ ਪੈਰਾਂ ਵਿੱਚ ਡਿਗ-ਡਿਗ, ਆਸ਼ੀਰਵਾਦ ਲਈ ਲੇਲ੍ਹੜੀਆਂ ਕੱਢਦੇ ਜਨਤਕ ਤੌਰ ’ਤੇ ਦੇਖਦੇ ਰਹੇ ਹਾਂ। ਪਾਕ-ਪਵਿੱਤਰ ਧਰਮ ਤੇ ਡੇਰੇ ਦੀ ਸਚਾਈ ਦੀ ਆੜ ਵਿੱਚ ਡੇਰੇ ਦੀ ਤਾਕਤ ਹਾਸਲ ਹੋਣ ਤੋਂ ਬਾਅਦ ਕੁਝ ਅਨੈਤਿਕ ਲੋਕਾਂ ਦੇ ਸਾਥ ਨਾਲ ਆਮ ਸ਼ਰਧਾਲੂਆਂ ਵੱਲੋਂ ਕੀਤੇ ਜਾਂਦੇ ਲੋਕਭਲਾਈ ਦੇ ਬੇਹਤਰੀਨ ਕਾਰਜਾਂ ਦਾ ਕ੍ਰੇਡਿਟ ਲੈ ਕੇ, ਉਸ ਕਲਿਆਣ ਦੀ ਆੜ ਵਿੱਚ, ਅਜਿਹੇ ਸ਼ਰਮਨਾਕ ਕੁਕਰਮ ਨੇਪਰੇ ਚਾੜ੍ਹੇ ਗਏ ਕਿ ਇਨਸਾਨੀਅਤ ਵੀ ਕੰਬ ਜਾਵੇ। ਇੰਨੇ ਤਾਕਤਵਰ ਲੋਕਾਂ ਸਾਹਮਣੇ ਆਵਾਜ਼ ਉਠਾਉਣ ਦੀ ਜੁਰਅਤ ਵੀ ਤਾਂ ਕੋਈ ਆਮ ਬੰਦਾ ਥੋੜ੍ਹੀ ਕਰ ਸਕਦਾ ਸੀ। ਸਭ ਤੋਂ ਪਹਿਲਾਂ ਹਿੰਮਤ ਕੀਤੀ ਉਨ੍ਹਾਂ ਸਾਧਵੀ ਕੁੜੀਆਂ ਨੇ, ਜਿਨ੍ਹਾਂ ਨਾਲ ਧਰਮ ਦੀ ਆੜ ਵਿੱਚ ਬਲਾਤਕਾਰ ਹੋਏ। ਉਨ੍ਹਾਂ ਆਪਣੇ ਨਾਲ ਹੋਏ ਦਰਦਨਾਕ, ਰੂਹ ਕੰਬਾਊ ਕਾਰੇ ਨੂੰ ਆਪਣੇ ਸ਼ਬਦਾਂ ਵਿੱਚ ਚਿੱਠੀਆਂ ਰਾਹੀਂ ਦੇਸ਼ ਦੇ ਵੱਡੇ ਜੱਜਾਂ ਤੇ ਇੱਥੋਂ ਤੀਕ ਕੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੀਕ ਪਹੁੰਚਾ ਦਿੱਤਾ। ਦਰਅਸਲ ਕਿਸੇ ਵੀ ਡੇਰੇ, ਪੰਥ ਜਾਂ ਸੰਪਰਦਾਇ ਨੂੰ ਮੰਨਣ ਵਾਲੇ ਜ਼ਿਆਦਾਤਰ ਲੋਕ ਤਾਂ ਸੱਚੇ-ਸੁੱਚੇ ਹੀ ਹੁੰਦੇ ਹਨ ਜਿਹਨਾਂ ਨੂੰ ਕੁਝ ਕੁ ਚੁਸਤ-ਚਲਾਕ, ਅਨੈਤਿਕ ਲੋਕ ਵਰਤਦੇ ਹਨ। ਡੇਰੇ ਦੀ ਇਸ ਮੰਡਲੀ ਨੂੰ ਵੀ ਆਪਣੇ ਹੀ ਸਾਬਕਾ ਪ੍ਰਬੰਧਕੀ ਮੈਂਬਰ ਕੁਰੂਕਸ਼ੇਤਰ ਦੇ ‘ਰਣਜੀਤ ਸਿੰਘ’ ’ਤੇ ਸ਼ੱਕ ਸੀ ਕਿ ਉਸਨੇ ਇਹ ਚਿੱਠੀਆਂ ਅੱਗੇ ਪਹੁੰਚਾਈਆਂ ਹਨ, ਜੋ ਰੋਹਤਕ ਦਾ ਰਹਿਣ ਵਾਲਾ ਸੀ ਤੇ ਡੇਰੇ ਨਾਲ ਜੁੜਿਆ ਸੱਚਾ-ਸੁੱਚਾ ਇਨਸਾਨ ਸੀ। ਮੇਰੀ ਜਾਣਕਾਰੀ ਵਿੱਚ, ਅੱਜ ਤਕ ਦੇ ਸਭ ਤੋਂ ਦਲੇਰ ਪੱਤਰਕਾਰ, ਸਿਰਸਾ ਦੇ ਸ਼ਹੀਦ ‘ਰਾਮਚੰਦਰ ਛੱਤਰਪਤੀ’, ਜਿਨ੍ਹਾਂ ਆਪਣੇ ਅਖਬਾਰ ‘ਪੂਰਾ ਸੱਚ’ ਵਿੱਚ ਇਹ ਤਿੰਨਾਂ ਸਫਿਆਂ ਦੀ ਚਿੱਠੀ ਛਾਪ ਦਿੱਤੀ, ਹਾਹਾਕਾਰ ਮੱਚ ਗਿਆ। ਡੇਰੇ ਵਲੋਂ ਧਮਕੀਆਂ ਦੀ ਭਰਮਾਰ ਪਰ ਇਸ ਬਹਾਦਰ ਸ਼ੇਰ ਨੇ ਪਰਵਾਹ ਨਾ ਕੀਤੀ। ਅਖੀਰ ਪੰਜਾਬ ਹਰਿਆਣਾ ਕੋਰਟ ਨੇ ਇਸ ਚਿੱਠੀ ਤੇ ਪ੍ਰਧਾਨ ਮੰਤਰੀ ਦਫਤਰ ਦੇ ਦਖਲ ਤੋਂ ਬਾਅਦ ਸਿਰਸਾ ਦੇ ਸੈਸ਼ਨ ਜੱਜ ਨੂੰ ਜਾਂਚ ਦੇ ਹੁਕਮ ਦੇ ਦਿੱਤੇ ਤੇ ਅਖੀਰ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ। ਪਰ ਇਨ੍ਹਾਂ ਦਰਿੰਦਿਆਂ ਨੇ 24 ਅਕਤੂਬਰ 2002 ਨੂੰ ਸੂਰਵੀਰ ਰਾਮਚੰਦਰ ਛੱਤਰਪਤੀ ਦਾ ਗੋਲੀਆਂ ਮਾਰਕੇ ਉਸਦੇ ਘਰ ਅੱਗੇ ਹੀ ਕਤਲ ਕਰ ਦਿੱਤਾ ਕਿਉਂਕਿ ਪੈਸੇ ਤੇ ਸੱਤਾ ਦੀ ਤਾਕਤ ਵਿੱਚ ਇਹ ਲੋਕ ਅੰਨ੍ਹੇ ਜੋ ਹੋ ਚੁੱਕੇ ਸਨ। ਦਰਅਸਲ 10 ਜੁਲਾਈ 2002 ਨੂੰ ਇਹੀ ਜੁੰਡਲੀ ਰਣਜੀਤ ਸਿੰਘ ਦਾ ਕਤਲ ਵੀ ਤਾਂ ਕਰ ਚੁੱਕੀ ਸੀ ਜਦੋਂ ਰਣਜੀਤ ਸਿੰਘ ਆਪਣੇ ਖੇਤ ਚਾਹ ਦੇਣ ਜਾ ਰਿਹਾ ਸੀ।
ਆਪਣਾ ਆਪ ਦਾਅ ’ਤੇ ਲਾ ਕੇ ਸੰਘਰਸ਼ ਕਰਦੇ ਰਹੇ, ਕਰੋੜਾਂ-ਅਰਬਾਂ ਨੂੰ ਠੋਕਰ ਮਾਰਕੇ ਕਦੇ ਨਾ ਵਿਕਣ ਵਾਲੇ, ‘ਅੰਸ਼ੂਲ ਛੱਤਰਪਤੀ’ ਵਰਗੇ ਦਲੇਰ ਯੋਧੇ ਤੇ ਹੋਰ ਪਰਿਵਾਰਕ ਮੈਂਬਰ, ਜਿਨ੍ਹਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਅੱਖਾਂ ਸਾਹਮਣੇ ਕਤਲ ਹੁੰਦਿਆਂ ਦੇਖਿਆ, ਸੰਘਰਸ਼ਸ਼ੀਲ ਇਨਸਾਫ ਪਸੰਦ ਆਮ ਲੋਕ, ਦਲੇਰ ਗਵਾਹ, ਦਲੇਰ ਵਕੀਲ, ਦਲੇਰ ਜੱਜ ਤੇ ਹੋਰ ਜਥੇਬੰਦੀਆਂ, ਜਿਹਨਾਂ ਲੰਮੇ ਘੋਲ ਲੜਕੇ ਇਹ ਦੋਸ਼ ਸਾਬਤ ਕਰਵਾਉਣ ਲਈ ਵਾਹ ਲਾ ਦਿੱਤੀ ਤੇ ਅਖੀਰ ਸਾਧਵੀ ਬਲਾਤਕਾਰ, ਰਾਮਚੰਦਰ ਛੱਤਰਪਤੀ ਤੇ ਰਣਜੀਤ ਸਿੰਘ ਕਤਲਕਾਂਡ ਕੇਸ ਵਿੱਚ ਦੋਸ਼ ਸਾਬਤ ਹੋਏ ਪਰ ਇਹਨਾਂ ਕੇਸਾਂ ਵਿੱਚ ਉਮਰ ਕੈਦ ਹੋਣ ਤੋਂ ਬਾਅਦ ਵਾਰ-ਵਾਰ ਪੈਰੋਲ, ਫਰਲੋ ਮੰਗਣ ਤੇ ਸਰਕਾਰ ਵੱਲੋਂ ਝੱਟ ਕੋਰਟ ਨੂੰ ਚਿੱਠੀ ਫਾਰਵਰਡ ਕਰਨਾ ਤੇ ਸਰਕਾਰੀ ਮਨਜ਼ੂਰੀ ਦੇਣਾ, ਬਹੁਤ-ਬਹੁਤ ਸ਼ਰਮਨਾਕ ਹੈ। ਉਸ ਤੋਂ ਵੀ ਵੱਧ ਸ਼ਰਮਨਾਕ ਹੈ ਪੈਰੋਲ ਦੌਰਾਨ ਬਾਬੇ ਦਾ ਸ਼ਰੇਆਮ ਆਨਲਾਈਨ ਸਤਸੰਗ ਸੰਬੋਧਨ ਰਾਹੀਂ ਆਪਣਾ ਪ੍ਰਚਾਰ-ਪ੍ਰਸਾਰ। ਆਖਰ ਉਹਨਾਂ ਪਰਿਵਾਰਕ ਮੈਂਬਰਾਂ ’ਤੇ ਕੀ ਗੁਜ਼ਰਦੀ ਹੋਵੇਗੀ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਕਤਲ ਹੋਏ ਹਨ। ਕੀ ਇਹ ਨੈਤਿਕਤਾ ਹੈ? ਦੂਜੇ ਪਾਸੇ ਸਜ਼ਾ ਪੂਰੀ ਕਰ ਚੁੱਕੇ ਅਣਗਿਣਤ ਆਮ ਕੈਦੀ ਜੋ ਜੇਲ੍ਹਾਂ ਵਿੱਚ ਹੀ ਆਪਣੀ ਸਾਰੀ ਜ਼ਿੰਦਗੀ ਬਿਤਾਉਣ ਤੋਂ ਬਾਅਦ ਮਾਮੂਲੀ ਪੈਰੋਲ ਨੂੰ, ਇੱਥੋਂ ਤੀਕ ਕੇ ਆਪਣੇ ਪਰਿਵਾਰਕ ਮੈਂਬਰਾਂ ਦੇ ਸਸਕਾਰ ’ਤੇ ਆਉਣ ਨੂੰ ਵੀ ਤਰਸਦੇ ਰਹੇ ਨੇ, ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਕੀ ਹਾਲ ਹੁੰਦਾ ਹੋਵੇਗਾ, ਜਦੋਂ ਅਜਿਹੇ ਸਾਧ ਦੇ ਡੇਰੇ ਅੱਜ ਵੀ ਆਮ ਭੋਲੇ-ਭਾਲੇ ਲੋਕ ਹੀ ਨਹੀਂ ਸਗੋਂ ਰਾਜਨੀਤਕ ਪਾਰਟੀਆਂ ਦੇ ਵੱਡੇ ਲੀਡਰ ਤੇ ਇੱਥੋਂ ਤਕ ਕੇ ਮੌਜੂਦਾ ਮੰਤਰੀ, ਐੱਮ ਐੱਲ ਏ ਤੇ ਸਰਕਾਰਾਂ ਦੇ ਹੋਰ ਨੁਮਾਇੰਦੇ ਮੱਥੇ ਟੇਕਦੇ, ਸ਼ਰੇਆਮ ਨਿਆਂ, ਨੈਤਿਕਤਾ ਤੇ ਸਚਾਈ ਨੂੰ ਚਿੜਾਉਂਦੇ, ਨਫ਼ਰਤ ਦਾ ਲਾਂਬੂ ਲਾਉਣ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ। ਯਾਦ ਰੱਖਣਾ ਅਜਿਹੇ ਘਟਨਾਕ੍ਰਮ ਆਉਣ ਵਾਲੇ ਸਮੇਂ ਵਿੱਚ ਆਪਸੀ ਭਾਈਚਾਰੇ, ਨਿਆਂ ਵਿਵਸਥਾ ਤੇ ਲੋਕਤੰਤਰ ਲਈ ਬਹੁਤ-ਬਹੁਤ ਖਤਰਨਾਕ ਤੇ ਆਤਮਘਾਤੀ ਸਾਬਤ ਹੋ ਸਕਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3758)
(ਸਰੋਕਾਰ ਨਾਲ ਸੰਪਰਕ ਲਈ: