VijayBombeli7“ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਥਾਪਿਤ ਹੋਈਆਂ ਪੰਜਾਬੀਆਂ ਦੀਆਂ ਇਨ੍ਹਾਂ ਨਵੀਂਆਂ ਜਥੇਬੰਦੀਆਂ ਨੂੰ ...”
(29 ਅਪਰੈਲ 2017)

 

ਇਤਿਹਾਸ, ਬੀਤੇ ਦੀਆਂ ਘਟਨਾਵਾਂ ਦਾ ਵੇਰਵਾ ਹੀ ਨਹੀਂ ਹੁੰਦਾ ਸਗੋਂ ਉਨ੍ਹਾਂ ਦੀ ਵਿਆਖਿਆ ਤੇ ਵਿਸ਼ਲੇਸ਼ਣ ਵੀ ਕਰਦਾ ਹੈਇਸ ਕੰਮ ਨੂੰ ਬਾਹਰਮੁਖੀ ਹੋ ਕੇ ਕਰਨਾ ਸੌਖਾ ਨਹੀਂ, ਕਿਉਂਕਿ ਇਤਿਹਾਸਕਾਰ ਦੀ ਸ਼ਖਸੀਅਤ ਤੇ ਉਸ ਦਾ ਨਿੱਜ ਅਤੇ ਰਵੱਈਆ ਆਪਣੀ ਰੰਗਤ ਜ਼ਰੂਰ ਛੱਡਦਾ ਹੈਇਹ ਲੇਖ ਤਾਂ ਵੀ ਲਿਖਣਾ ਪਿਆ ਕਿਉਂਕਿ ਪੰਜਾਬੀ ਮੂਲ ਦੇ ਇੱਕ ਭਾਰਤੀ ਸ. ਹਰਜੀਤ ਸਿੰਘ ਸੱਜਣ (ਬੰਬੇਲੀ) ਦੀ ਆਮਦ ’ਤੇ ਕੁਝ ਲੋਕ ਉਸਦੀ ਮਾਣਮੱਤੀ ਪ੍ਰਾਪਤੀ ਨੂੰ ਉਸਦੀ ਨਿੱਜੀ ਮਿਹਨਤ ਅਤੇ ਸਖ਼ਸੀਅਤ ਦੀ ਬਜਾਏ ਮੱਲੋ-ਮੱਲੀ ਸਿਰਫ਼ ਵਿਸ਼ੇਸ਼ ਖਿੱਤਾ, ਧਰਮ, ਜਾਤ ਅਤੇ ਇਕ ਖਾਸ ਵਿਚਾਰਧਾਰਾ ਦੀ ਪ੍ਰਾਪਤੀ ਵਜੋਂ ਹੀ ਪੇਸ਼ ਕਰ ਰਹੇ ਹਨਕੈਨੇਡਾ ਵਸਦੇ ਭਾਰਤੀ ਪ੍ਰਵਾਸੀ ਲੋਕ ਕੈਨੇਡਾ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹਨਅਜਿਹਾ ਕਰਨਾ ਜ਼ਰੂਰੀ ਵੀ ਹੈ, ਜਿੱਥੋਂ ਦੇ ਨਾਗਰਿਕ ਹੋਈਏ ਅਤੇ ਜਿੱਥੇ ਦਾ ਖਾਈਏ ਉਸ ਪ੍ਰਤੀ ਸਾਡੇ ਫ਼ਰਜ਼ ਵੀ ਹਨਅੱਜ ਕੈਨੇਡਾ ਵਿੱਚ ਭਾਰਤੀ ਪਿਛੋਕੜ ਦੇ ਲੋਕਾਂ ਦਾ ਕੈਨੇਡੀਅਨ ਸਮਾਜ ਵਿਚ ਸਥਾਨ ਪਹਿਲਾਂ ਦੇ ਮੁਕਬਾਲੇ ਬਹੁਤ ਸਨਮਾਨ ਵਾਲਾ ਹੈ ਅਤੇ ਇਹ ਉਸ ਸਮਾਜ ਦੇ ਹਰ ਹਿੱਸੇ ਵਿਚ ਪੂਰੀ ਤਰ੍ਹਾਂ ਰਚੇ-ਮਿਚੇ ਹੋਏ ਹਨਪਰ ਇਹ ਸਭ ਕੁਝ ਐਂਵੇ-ਕੈਂਵੇ ਨਹੀਂ ਸੀ ਵਾਪਰਿਆ, ਸਗੋਂ ਇਸ ਪਿੱਛੇ ਕੈਨੇਡੀਅਨ ਪੰਜਾਬੀ / ਭਾਰਤੀ ਭਾਈਚਾਰੇ ਵਲੋਂ ਅਗਾਂਹਵਧੂ ਵਿਚਾਰਧਾਰਾ ਦੇ ਅਧਾਰ ’ਤੇ ਕੀਤੀਆਂ ਜੱਦੋਜਹਿਦਾਂ ਦਾ ਵੱਡਾ ਹੱਥ ਹੈ, ਜਿਸਨੇ ਸਾਨੂੰ ਤਖ਼ਤੇ ਤੋਂ ਤਖ਼ਤ ਤੀਕ ਪਹੁੰਚਾਇਆ

ਮਿਸ. ਹੈਦਰ ਮਿਲਰ ਦੀ ਪੁਸਤਕ ‘ਇਨ ਬਾਸਕਟ ਕੰਟਰੀ’, ਜਿਹੜੀ ਗੋਲਡਨ ਡਿਸਟ੍ਰਿਕਟ ਹਿਸਟੌਰੀਕਲ ਸੁਸਾਇਟੀ ਵਲੋਂ ਛਾਪੀ ਗਈ ਸੀ, ਅਨੁਸਾਰ ਸਭ ਤੋਂ ਪਹਿਲਾਂ ਪੰਜਾਬੀ 1880ਵਿਆਂ ਵਿਚ ਬ੍ਰਿਟਿਸ਼ ਕੋਲੰਬੀਆ (ਬੀ.ਸੀ) ਵਿਚ ਆਏ ਸਨਵੇਲੇ ਦੀਆਂ ਸਥਾਨਕ ਅਖ਼ਬਾਰਾਂ ਦੇ ਸਾਂਭੇ ਅੰਕ ਵੀ ਇਸਦੀ ਸ਼ਾਹਦੀ ਭਰਦੇ ਹਨਪਹਿਲ-ਪਲੱਕੜਿਆਂ ਵਿਚ ਕੈਨੇਡਾ ਪਹੁੰਚਣ ਵਾਲੇ ਕਰਤਾਰ ਸਿੰਘ (ਦੁਕੀ) ਲਤਾਲਾ ਮੁਤਾਬਿਕ ਪਹਿਲੇ ਪੰਜਾਬੀ ਨੂੰ ਇੱਕ ਅਮਰੀਕਨ ਕੰਪਨੀ ਸ਼ਿੰਘਾਈ ਤੋਂ ਇੱਥੇ ਲਿਆਈ ਸੀ, ਜੋ ਬੀਨ ਵਜਾਉਂਦਾ ਸੀਖੋਜੀ ਰਜਨੀ ਕਾਂਤਾ ਦਾਸ ਆਪਣੀ 1923 ਵਿਚ ਲਿਖੀ ਕਿਤਾਬ ਵਿਚ ਇਸ ਦੀ ਪੁਸ਼ਟੀ ਬਖਸ਼ੀਸ਼ ਸਿੰਘ ਮਲਵਈ ਵਜੋਂ ਅਤੇ ਆਉਣ ਦਾ ਸਮਾਂ 1899 ਦੱਸਦੀ ਹੈਬਹੁਤ ਸਾਰੇ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ 1897 ਵਿਚ ਜਦੋਂ ਮਾਹਾਰਾਣੀ ਵਿਕਟੋਰੀਆ ਦੀ ਡਾਇਮੰਡ ਜੁਬਲੀ ਲੰਡਨ ਵਿਚ ਮਨਾਈ ਗਈ ਉਸ ਸਮੇਂ ਭਾਰਤ ਤੋਂ ਸਿੱਖ ਰਸਾਲੇ ਦੇ ਕੁਝ ਜਵਾਨ ਜੁਬਲੀ ਜਸ਼ਨਾਂ ਦੀ ਸ਼ਾਨ ਵਿਚ ਵਾਧਾ ਕਰਨ ਲਈ ਆਏਉਨ੍ਹਾਂ ਨੂੰ ਕੈਨੇਡਾ ਦੀ ਸੈਰ ਲਈ ਵੀ ਲਿਆਂਦਾ ਗਿਆਉਨ੍ਹਾਂ ਵਿਚ ਕੁਝ ਇੱਥੋਂ ਦੀ ਆਬੋ-ਹਵਾ, ਸਹੂਲਤਾਂ ਅਤੇ ਰੋਜ਼ੀ-ਰੋਟੀ ਦੇ ਜ਼ਿਆਦਾ ਸਾਧਨ ਵੇਖਕੇ ਇੱਥੇ ਹੀ ਰੁਕ ਗਏਫੌਜੀ ਨੌਕਰੀ ਨਾਲੋਂ ਜ਼ਿਆਦਾ ਧੰਨ ਕਮਾਉਣ ਦੀ ਲਾਲਸਾ ਨੇ ਵੀ ਉਨ੍ਹਾਂ ਨੂੰ ਇੱਥੇ ਰਹਿਣ ਲਈ ਪ੍ਰੇਰਿਆਸੁਣੋ-ਸੁਣਾਈ; ਫਿਰ ਕਈ ਪੰਜਾਬੀ ਕੈਨੇਡਾ ਪੁੱਜੇਬਹੁਤੇ ਸਿੱਖ ਸਨ ਪਰ ਸਥਾਨਕ ਲੋਕ ਸਿੱਖਾਂ ਨੂੰ ਵੀ ਹਿੰਦੂ ਆਖਦੇਮਗਰੋਂ ਕਈ ਸਿੱਖ ਵੀ ਸਥਾਨਕ ਹਾਲਾਤ ਤਹਿਤ ਮੋਨੇ ਹੋ ਗਏਉਨ੍ਹਾਂ ਸਭ ਨੂੰ ਵੱਖਰੀ ਕਿਸਮ ਦੀਆਂ ਅਣਸਾਵੀਆਂ ਹਾਲਤਾਂ ਵਿਚ ਸਖ਼ਤ ਸੰਘਰਸ਼ ਕਰਨਾ ਪਿਆ

ਫੌਜੀਆਂ ਤੋਂ ਬਿਨਾਂ, ਅਸਲ ਵਿਚ ਕੈਨੇਡਾ ਵਿਚ ਹਿੰਦੁਸਤਾਨੀ ਵੀਹਵੀਂ ਸਦੀ ਦੇ ਆਰੰਭ ਵਿਚ ਆਉਣੇ ਸ਼ੁਰੂ ਹੋਏ1908 ਤੱਕ ਕਰੀਬ ਪੰਜ ਹਜ਼ਾਰ ਤੋਂ ਜ਼ਿਆਦਾ ਹਿੰਦੂ-ਸਿੱਖ-ਮਸਲਿਮ ਭਾਰਤੀ ਕੈਨੇਡਾ ਪੁੱਜ ਚੁੱਕੇ ਸਨਇਨ੍ਹਾਂ ਵਿੱਚੋਂ ਥੋੜ੍ਹੇ ਜਿੰਨਿਆਂ ਨੂੰ ਛੱਡਕੇ ਬਾਕੀ ਸਾਰੇ ਸਿੱਧੇ-ਸਾਦੇ ਪੰਜਾਬੀ ਸਨ ਜੋ ਖੇਤਾਂ ਵਿਚ ਕੰਮ ਕਰਦੇ ਜਾਂ ਅੰਗਰੇਜ਼ੀ ਫੌਜ ਦੀਆਂ ਨੌਕਰੀਆਂ ਕਰਕੇ ਆਏ ਸਨਸ਼ੁਰੂ ਵਿਚ ਇਨ੍ਹਾਂ ਦੀ ਸੂਝ ਬਹੁਤ ਹੀ ਘੱਟ ਸੀ ਅਤੇ ਉਹ ਹਿੰਦੁਸਤਾਨ ਵਿਚ ਅੰਗਰੇਜ਼ੀ ਰਾਜ ਨੂੰ ਮਾੜਾ ਨਹੀਂ ਸੀ ਸਮਝਦੇਕੈਨੇਡਾ ਪੁੱਜ ਕੇ ਵੇਖਾ-ਵੇਖੀ ਇਨ੍ਹਾਂ ਅੰਦਰ ਰਾਜਨੀਤਿਕ ਜਾਗਰੂਕਤਾ ਬੜੀ ਤੇਜ਼ੀ ਨਾਲ ਆਈਥੋੜ੍ਹੇ ਸਾਲਾਂ ਵਿਚ ਹੀ ਇਹ ਹਿੰਦੂ, ਸਿੱਖ, ਮੁਸਲਮਾਨ ਜਾਂ ਪੰਜਾਬੀ, ਬੰਗਾਲੀ, ਗੁਜਰਾਤੀ ਆਦਿ ਦੇ ਵਖਰੇਵਿਆਂ ਨੂੰ ਭੁਲਾ ਕੇ ਆਪਣੇ ਆਪ ਨੂੰ ਸਿਰਫ਼ ਹਿੰਦੁਸਤਾਨੀ ਸਮਝਣ ਲੱਗੇਉਹ ਇਹ ਗੱਲ ਵੀ ਸਮਝਣ ਲੱਗੇ ਕਿ ਕੈਨੇਡਾ ਵਿਚ ਉਨ੍ਹਾਂ ਦੀ ਦੁਰਦਸ਼ਾ ਦੀ ਜ਼ਿੰਮੇਵਾਰ ਸਿਰਫ਼ ਕੈਨੇਡਾ ਦੀ ਨਸਲਵਾਦੀ ਸਰਕਾਰ ਹੀ ਨਹੀਂ, ਸਗੋਂ ਇਸ ਦੀ ਮੂਲ ਜੜ੍ਹ ਇੰਗਲੈਂਡ ਦੀ ਸਾਮਰਾਜੀ ਸਰਕਾਰ ਹੈ ਜੋ ਹਿੰਦੁਸਤਾਨ ਨੂੰ ਗੁਲਾਮ ਬਣਾਈ ਬੈਠੀ ਹੈਇਸ ਨਵੀਂ ਮਿਲੀ ਸਿਆਸੀ ਚੇਤਨਤਾ ਕਾਰਨ ਹੀ ਉਨ੍ਹਾਂ ਨਾ ਸਿਰਫ ਕੈਨੇਡਾ ਵਿਚ ਇਕੱਠਿਆਂ ਹੋ ਕੇ ਆਪਣੇ ਹੱਕਾਂ ਲਈ ਘੋਲ ਲੜੇ ਸਗੋਂ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਵਿਚ ਵੀ ਵੱਡੀ ਪੱਧਰ ਉੱਤੇ ਹਿੱਸਾ ਪਾਇਆਜਦੋਂ ਉੱਤਰੀ ਅਮਰੀਕਾ ਵਿਚ ਗ਼ਦਰ ਪਾਰਟੀ (1913) ਬਣੀ ਤਾਂ ਕੈਨੇਡਾ ਦੇ ਹਿੰਦੁਸਤਾਨੀ ਵੀ ਆਪਣੀਆਂ ਜਾਇਦਾਦਾਂ ਤੇ ਕੰਮਾਂ ਕਾਰਾਂ ਨੂੰ ਤਿਆਗ ਕੇ ਬਰਤਾਨਵੀ ਸਮਰਾਜ ਵਿਰੁੱਧ ਹਿੰਦੋਸਤਾਨ ਦੀ ਆਜ਼ਾਦੀ ਦੀ ਜੰਗ ਵਿਚ ਕੁੱਦ ਪਏ

ਬੀ.ਸੀ. ਦੇ ਸਿੱਖਾਂ ਨੇ 1906 ਵਿਚ ਖਾਲਸਾ ਦੀਵਾਨ ਸੁਸਾਇਟੀ ਬਣਾਈਇਹ ਭਾਵੇਂ ਸਿੱਖਾਂ ਦੀ ਇੱਕ ਧਾਰਮਿਕ ਜਥੇਬੰਦੀ ਸੀ, ਪਰ ਇਸਨੇ ਰਾਜਨੀਤਿਕ ਮਾਮਲਿਆਂ ਵਿਚ ਵੀ ਬੜਾ ਸਰਗਰਮ ਰੋਲ ਨਿਭਾਇਆਇਸਦੇ ਬਹੁਤੇ ਮੈਂਬਰ ਅਗਾਂਹਵਧੂ ਵਿਚਾਰਾਂ ਵਾਲੇ ਬਣ ਚੁੱਕੇ ਸਨਸੋਸ਼ਲਿਸਟਾਂ ਦੇ ਪ੍ਰਚਾਰ ਸਦਕਾ ਇਸ ਜਥੇਬੰਦੀ ਦੇ ਆਗੂਆਂ ਦੀ ਸਿਆਸੀ ਸੂਝ ਸਮਾਜਵਾਦੀ ਬਣ ਚੁੱਕੀ ਸੀਉਹ ਗੁਰੂ ਸਾਹਿਬਾਨ ਦੇ ਅਜਿਹੇ ਸੱਚੇ-ਸੁੱਚੇ ਸਿੱਖ ਸਨ ਜੋ ਭਾਈ ਲਾਲੋ ਦੇ ਕੈਂਪ ਵਿਚ ਖੜ੍ਹੇ ਸਨਉਹ ਸਿੱਖ ਧਰਮ ਦੇ “ਸਰਬਤ ਦਾ ਭਲਾ, ਕਿਰਤ ਕਰਨਾ, ਵੰਡ ਛਕਣਾ” ਅਤੇ “ਬਰਾਬਰਤਾ ਅਤੇ ਸਾਂਝੀਵਾਲਤਾ” ਦੇ ਅਸੂਲਾਂ ’ਤੇ ਚੱਲਣ ਵਾਲੇ ਚੰਗੇ ਸਿੱਖ ਸਨਉਹ ਸਿੱਖ ਵਿਚਾਰਧਾਰਾ ਅਤੇ ਸੋਸ਼ਲਿਸਟ ਫਿਲਾਸਫੀ ਵਿਚ ਕੋਈ ਫ਼ਰਕ ਨਹੀਂ ਸਨ ਸਮਝਦੇਇਸੇ ਲਈ ਖਾਲਸਾ ਦੀਵਾਨ ਸੁਸਾਇਟੀ ਦੇ ਬਹੁਤ ਸਾਰੇ ਮੈਂਬਰ ਸੋਸ਼ਲਿਸਟ ਵਿਚਾਰਧਾਰਾ ਵਾਲੀ ਹਿੰਦੁਸਤਾਨ ਐਸੋਸੀਏਸ਼ਨ ਦੇ ਵੀ ਮੈਂਬਰ ਸਨ

 1908 ਤੋਂ 1913 ਤੱਕ ਹਿੰਦੁਸਤਾਨੀ ਕਮਿਊਨਿਟੀ, ਜਿਸ ਵਿਚ ਹਿੰਦੂ, ਸਿੱਖ ਅਤੇ ਮੁਸਲਿਮ ਸ਼ਾਮਿਲ ਸਨ, ਨੇ ਮਹੱਤਵਪੂਰਨ ਘੋਲ ਲੜੇ, ਜਿਵੇਂ ਹਾਂਡੂਰਾਸ (1908) ਭੇਜੇ ਜਾਣ ਵਿਰੁੱਧ ਘੋਲ, ਮੈਡਲਾਂ ਅਤੇ ਵਰਦੀਆਂ ਦੀ ਲੋਹੜੀ ਸਾੜਨੀ (1909), ਬਾਦਸ਼ਾਹ ਜਾਰਜ ਪੰਜਵੇਂ ਦੇ ਤਾਜਪੋਸ਼ੀ ਜਸ਼ਨਾਂ ਦਾ ਬਾਈਕਾਟ (1910), ਪਰਿਵਾਰਾਂ ਨੂੰ ਕੈਨੇਡਾ ਮੰਗਵਾਉਣ ਦਾ ਸੰਘਰਸ਼ (1911), ਕਾਮਾਗਾਟਾ ਮਾਰੂ ਦਾ ਘੋਲ (1913) ਅਤੇ ਗ਼ਦਰ ਲਹਿਰ ਵਿਚ ਹਿੱਸਾ (1913-1916-1921) ਗ਼ਦਰ ਲਹਿਰ ਦੇ ਆਗਮਨ ਸਮੇਂ ਹੀ ਕੁਝ ਕੁ ਆਪਣਿਆਂ ਦੀ ਗਦਾਰੀ ਕਾਰਨ ਹੀ ਭਾਈ ਮੇਵਾ ਸਿੰਘ ਲੋਪੋਕੇ ਨੂੰ ਫਾਂਸੀ (1915) ਦਿੱਤੀ ਗਈਪੰਜਾਬੀ ਕੌਮ ਨੂੰ ਫਖ਼ਰ ਹੈ ਕਿ ਉਹ ਕੈਨੇਡਾ ਦਾ ਪਹਿਲਾ ਅਤੇ ਆਖਰੀ ਸ਼ਹੀਦ ਹੈ, ਜਿਹੜਾ ਇੰਗਲੈਂਡ, ਜੋ ਕੈਨੇਡਾ ਦੀ ਧਰਤ ’ਤੇ ਵੀ ਕਾਬਜ਼ ਸੀ, ਦੀ ਹਕੂਮਤ ਵਲੋਂ ਫਾਹੇ ਲਾਇਆ ਗਿਆਸਮੁੱਚੇ ਭਾਰਤ ਲਈ ਭਾਈ ਮੇਵਾ ਸਿੰਘ ਦੀ ਸ਼ਹੀਦੀ ਕੈਨੇਡਾ ਦੇ ਸੰਦਰਭ ਵਿਚ ਹੀ ਨਹੀਂ ਸਗੋਂ ਹਿੰਦੂ, ਸਿੱਖ ਅਤੇ ਮੁਸਲਿਮਾਂ ਦੀ ਸਾਂਝੀ ਜੱਦੋਜਹਿਦ ਹੀ ਮਾਣ-ਮੱਤੀ ਗੱਲ ਹੈ

ਪਹਿਲਾਂ-ਪਹਿਲ ਜਦੋਂ ਪੰਜਾਬੀਆਂ ਨੇ ਕੈਨੇਡਾ ਦੇ ਸੂਬੇ ਬੀ.ਸੀ ਵਿਚ ਰਹਿਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਕੋਲ ਵੋਟ ਦਾ ਹੱਕ ਸੀ ਜੋ 1907 ਵਿਚ ਖੋਹ ਲਿਆ ਗਿਆਆਪਣੀ ਹਿੰਮਤ ਨਾਲ ਅਤੇ ਬਿਨਾਂ ਕਿਸੇ ਬਾਹਰਲੀ ਇਮਦਾਦ ਦੇ, ਕੈਨੇਡਾ ਵਿਚ ਵਸਦੇ ਪੰਜਾਬੀ ਲਗਾਤਾਰ ਇਸ ਹੱਕ ਖਾਤਰ ਜੱਦੋਜਹਿਦ ਕਰਦੇ ਰਹੇਵੋਟ ਹੱਕ ਪ੍ਰਾਪਤੀ ਦਾ ਘੋਲ 1942-1947 ਵਿਚ ਆਪਣੀ ਸਿਖਰ ਉੱਤੇ ਸੀ ਜਿਸਦੇ ਚਲਦਿਆਂ ਆਖੀਰ ਅਪ੍ਰੈਲ 1947 ਨੂੰ ਫਤਿਹ ਪ੍ਰਾਪਤ ਹੋਈਬੀ.ਸੀ. ਦੀ ਸਰਕਾਰ ਨੇ ਕੈਨੇਡਾ ਵਿਚ ਰਹਿ ਰਹੇ ਭਾਰਤੀਆਂ, ਚੀਨੀਆਂ ਅਤੇ ਜਪਾਨੀਆਂ ਨੂੰ ਵੋਟ ਦਾ ਹੱਕ ਦੇਣ ਦਾ ਕਾਨੂੰਨ ਪਾਸ ਕਰ ਦਿੱਤਾਕੈਨੇਡਾ ਦੇ ਪੰਜਾਬੀ ਭਾਈਚਾਰੇ ਦੇ ਵਿਕਾਸ ਵਿਚ 1950 ਤੋਂ 1970 ਤੱਕ ਬਹੁਤ ਧੀਮੀ ਤੋਰੇ ਤੁਰਦਿਆਂ ਆਪਣੇ ਆਪ ਨੂੰ ਕਾਇਮ ਰੱਖਣ ਦਾ ਸਮਾਂ ਸੀਇਸ ਭਾਈਚਾਰੇ ਦੇ ਦੋ ਅਹਿਮ ਮਸਲੇ 1947 ਵਿਚ ਹੱਲ ਹੋ ਗਏਇਸ ਸਾਲ ਦੇ ਅਪ੍ਰੈਲ ਮਹੀਨੇ ਵਿਚ ਉਨ੍ਹਾਂ ਨੂੰ ਚਾਲੀ ਸਾਲਾਂ ਦੇ ਸੰਘਰਸ਼ ਉਪਰੰਤ ਵੋਟ ਦੇਣ ਦਾ ਹੱਕ ਮੁੜ ਪ੍ਰਾਪਤ ਹੋ ਗਿਆ ਸੀਉਸੇ ਸਾਲ ਅਗਸਤ 1947 ਵਿਚ ਭਾਰਤ ਨੂੰ “ਆਜ਼ਾਦੀ” ਮਿਲ ਗਈ ਸੀਇਨ੍ਹਾਂ ਦੋ ਮਸਲਿਆਂ ਤੋਂ ਬਾਅਦ ਭਾਰਤੀਆਂ ਦੇ ਕੈਨੇਡਾ ਆਉਣ ਉੱਤੇ ਲੱਗੀਆਂ ਇੰਮੀਗ੍ਰੇਸ਼ਨ ਦੇ ਕਾਨੂੰਨਾਂ ਦੀਆਂ ਪਾਬੰਦੀਆਂ ਨੂੰ ਹਟਾਉਣਾ ਵੱਡਾ ਮਸਲਾ ਸੀ, ਇਹ ਇੱਕ ਹੋਰ ਵੀ ਵੱਡਾ ਮਸਲਾ ਸੀ, ਜਿਸ ਵਿਚ ਉਨ੍ਹਾਂ ਨੇ ਮੁੱਢ ਤੋਂ ਹੀ ਬਹੁਤ ਸਰਗਰਮੀ ਵਿਖਾਈ ਸੀਛੇਵੇਂ ਦਹਾਕੇ (1950-60) ਦੌਰਾਨ ਇਹ ਮਸਲਾ ਵੀ ਦੋ ਕਾਰਨਾਂ ਕਰਕੇ ਫੌਰੀ ਤੌਰ ’ਤੇ ਇੰਨੀ ਜ਼ਿਆਦਾ ਅਹਿਮੀਅਤ ਨਹੀਂ ਸੀ ਰੱਖਦਾਇੱਕ ਤਾਂ ਉਸ ਵੇਲੇ ਦੂਜੀ ਸੰਸਾਰ ਜੰਗ ਕਾਰਨ ਯੂਰਪ ਵਿਚ ਹੋਈ ਤਬਾਹੀ ਤੋਂ ਬਾਅਦ ਮੁੜ ਉਸਾਰੀ ਸ਼ੁਰੂ ਹੋ ਚੁੱਕੀ ਸੀਬਹੁਤ ਸਾਰੇ ਪੰਜਾਬੀ ਇੰਗਲੈਂਡ ਆਉਣੇ ਸ਼ੁਰੂ ਹੋ ਗਏ ਸਨ, ਜਿਸ ਨਾਲ ਪੰਜਾਬ ਦੇ ਲੋਕਾਂ ਲਈ ਬਾਹਰ ਜਾਣ ਦੀ ਲੋੜ ਕਾਫੀ ਹੱਦ ਤੱਕ ਪੂਰੀ ਹੋ ਰਹੀ ਸੀ, ਦੂਜੇ ਪਾਸੇ ਕੈਨੇਡਾ ਨੇ ਵੀ ਆਪਣੀਆਂ ਨੀਤੀਆਂ ਵਿਚ ਕੁਝ ਨਰਮੀ ਵਿਖਾਉਣੀ ਸ਼ੁਰੂ ਕਰ ਦਿੱਤੀ ਸੀ

ਕੈਨੇਡਾ ਦੇ ਇੰਮੀਗ੍ਰੇਸ਼ਨ ਕਾਨੂੰਨਾਂ ਵਿਚ ਹੋਈਆਂ ਤਬਦੀਲੀਆਂ ਦੇ ਅਧਾਰ ਉੱਤੇ ਸੱਤਰ੍ਹਵਿਆਂ ਦੇ ਸ਼ੁਰੂ ਦੇ ਕੁਝ ਸਾਲਾਂ ਦੌਰਾਨ ਵੱਡੀ ਗਿਣਤੀ ਵਿਚ ਪੰਜਾਬੀ ਇੱਥੇ ਆਏਇਨ੍ਹਾਂ ਦੇ ਇੱਥੇ ਆਉਣ ਨਾਲ ਦੋ ਗੱਲਾਂ ਵਾਪਰੀਆਂ; ਪਹਿਲੀ, ਪੰਜਾਬੀ ਭਾਈਚਾਰੇ ਵਿਚਲਾ ਲੰਮੇ ਸਮੇਂ ਤੋਂ ਸਥਾਪਿਤ ਹੋਇਆ ਢਾਂਚਾ ਬਹੁਤ ਤੇਜ਼ੀ ਨਾਲ ਟੁੱਟਣ ਲੱਗਾਆਉਣ ਵਾਲਿਆਂ ਵਿਚ ਬਹੁ-ਗਿਣਤੀ ਆਜ਼ਾਦ ਹਿੰਦੁਸਤਾਨ ਵਿਚ ਪੈਦਾ ਹੋਏ ਪੜ੍ਹੇ-ਲਿਖੇ ਅਤੇ ਨਵੀਂ ਸਿਆਸੀ ਚੇਤਨਾ ਵਾਲੇ ਲੋਕ ਸਨਇਨ੍ਹਾਂ ਨੇ ਪਹਿਲੇ ਪੰਜਾਬੀ ਕੈਨੇਡੀਅਨਾਂ ਵਲੋਂ ਸਥਾਪਿਤ ਕਦਰਾਂ ਕੀਮਤਾਂ ਨੂੰ ਸਮਝਣ-ਮੰਨਣ ਤੋਂ ਇਨਕਾਰ ਕਰ ਦਿੱਤਾਦੂਜੀ; ਪੰਜਾਬੀ ਵੈਨਕੂਵਰ ਤੇ ਬ੍ਰੀਟਿਸ਼ ਕੋਲੰਬੀਆ ਤੋਂ ਨਿੱਕਲ ਕੇ ਕੈਨੇਡਾ ਦੇ ਦੂਜੇ ਹਿੱਸਿਆਂ ਵੱਲ ਵਧਣੇ ਸ਼ੁਰੂ ਹੋਏ ਅਤੇ ਛੇਤੀ ਹੀਂ ਟੋਰਾਂਟੋ, ਮਾਂਟਰੀਅਲ, ਵਿਨੀਪੈਗ, ਐਡਮਿੰਟਨ ਤੇ ਕੈਲਗਰੀ ਆਦਿ ਸ਼ਹਿਰਾਂ ਵਿਚ ਇਨ੍ਹਾਂ ਦੀ ਗਿਣਤੀ ਵਧਣ ਲੱਗੀਕੈਨੇਡਾ ਦੇ ਵੱਖ-ਵੱਖ ਭਾਗਾਂ ਵਿਚ ਪੰਜਾਬੀ ਵਸੋਂ ਵਿਚ ਤੇਜ਼ੀ ਨਾਲ ਹੋਏ ਵਾਧੇ ਅਤੇ ਉਸ ਵਾਧੇ ਕਾਰਨ ਹੋਣ ਵਾਲੀਆਂ ਤਬਦੀਲੀਆਂ ਨੇ ਪੰਜਾਬੀ ਭਾਈਚਾਰੇ ਵਾਸਤੇ ਬਹੁਤ ਸਾਰੀਆਂ ਨਵੀਆਂ ਸਮੱਸਿਆਵਾਂ ਖੜ੍ਹੀਆਂ ਕੀਤੀਆਂਇਹ ਸਮੱਸਿਆਵਾਂ ਅੰਦਰੂਨੀ ਵੀ ਸਨ ਅਤੇ ਬਾਹਰੀ ਵੀਕੈਨੇਡੀਅਨ ਪੰਜਾਬੀ ਭਾਈਚਾਰੇ ਵਿਚ, ਜਿਸਦਾ ਕੇਂਦਰ ਵੈਨਕੂਵਰ ਸੀ, ਪਹਿਲਾਂ ਸਥਾਪਿਤ ਸੰਸਥਾਵਾਂ ਮੁੱਖ ਰੂਪ ਵਿਚ ਧਾਰਮਿਕ ਹੀ ਸਨ ਸਿਵਾਏ ਇਕ ਅੱਧ ਅਰਧ-ਧਾਰਮਿਕ ਸੰਸਥਾਵਾਂ ਜਿਵੇਂ ਈਸਟ ਇੰਡੀਅਨਸ ਕੈਨੇਡੀਅਨ ਸਿਟੀਜ਼ਨਸ ਵੈਲਫੇਅਰ ਐਸੋਸੀਏਸ਼ਨ ਦੇਇਹ ਸੰਸਥਾਵਾਂ ਨਵੇਂ ਆਏ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਨਜਿੱਠਣ ਤੋਂ ਅਸਮਰੱਥ ਰਹੀਆਂਇਨ੍ਹਾਂ ਜਥੇਬੰਦੀਆਂ ਉੱਤੇ ਉਸ ਵੇਲੇ ਆਰਥਿਕ ਅਤੇ ਵਪਾਰਿਕ ਪੱਖੋਂ ਸਥਾਪਿਤ ਲੋਕਾਂ ਦਾ ਕਬਜ਼ਾ ਸੀਇਨ੍ਹਾਂ ਵਿਚ ਪਹਿਲੇ ਪੰਜਾਬੀਆਂ ਵਲੋਂ ਕੀਤੀਆਂ ਜੱਦੋਜਹਿਦਾਂ ਵਾਲਾ ਜਜ਼ਬਾ ਕੁਝ ਹੱਦ ਤੱਕ ਕਾਇਮ ਸੀਪਰ ਸਰਮਾਇਦਾਰੀ ਸਮਾਜ ਦਾ ਹਿੱਸਾ ਹੁੰਦਿਆਂ ਇਨ੍ਹਾਂ ਵਿੱਚ ਬਹੁਤਿਆਂ ਲੋਕਾਂ ਨੇ ਹੌਲੀ-ਹੌਲੀ ਸਰਮਾਇਦਾਰੀ ਸੋਚ ਤੇ ਢੰਗ ਅਪਣਾ ਲਏ ਸਨਨਤੀਜੇ ਵਜੋਂ ਸੱਤਰ੍ਹਵਿਆਂ ਦੇ ਸ਼ੁਰੂ ਵਿਚ ਵੱਡੀ ਗਿਣਤੀ ਵਿਚ ਆਏ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਤੋਂ ਪਹਿਲਿਆਂ ਵਿੱਚੋਂ ਬਹੁਤੇ ਆਗੂ ਅਸਮਰਥ ਰਹੇਨਵੀਆਂ ਮੁਸ਼ਕਿਲਾਂ ਨੂੰ ਸਮਝਣ ਅਤੇ ਸੁਲਝਾਉਣ ਵਾਸਤੇ ਨਵੇਂ ਆਏ ਲੋਕਾਂ ਦੀਆਂ ਆਪਣੀਆਂ ਕੋਸ਼ਿਸਾਂ ਨਾਲ ਅਨੇਕਾਂ ਕਿਸਮ ਦੀਆਂ ਸਮਾਜਿਕ, ਧਾਰਮਿਕ ਅਤੇ ਸਿਆਸੀ ਨੁਮਾ ਜਥੇਬੰਦੀਆਂ ਹੋਂਦ ਵਿਚ ਆਉਣ ਲੱਗੀਆਂਜਿਵੇਂ; ਈਸਟ ਇੰਡੀਅਨ ਵਰਕਰਜ਼ ਐਸੋ. ਟੋਰਾਂਟੋ, ਇੰਡੀਅਨ ਪੀਪਲਜ਼ ਐਸੋ. ਨੌਰਥ ਅਮਰੀਕਾ, ਈਸਟ ਇੰਡੀਅਨ ਵਰਕਰਜ਼ ਐਸੋ. ਆਫ ਕੈਨੇਡਾ (ਵੈਨਕੂਵਰ), ਪੰਜਾਬੀ ਲਿਟਰੇਰੀ ਐਸੋ. ਐਡਮਿੰਟਨ, ਸੈਕੂਲਰ ਪੀਪਲਜ਼ ਐਸੋ. ਕੈਨੇਡਾ, ਪੰਜਾਬੀ ਆਰਟ ਐਸੋ. ਐਡਮਿੰਟਨ, ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਭਾ ਵਿਨੀਪੈੱਗ, ਇੰਡੀਆ ਮਹਿਲਾ ਐਸੋ., ਕੈਨੇਡੀਅਨ ਫਾਰਮ ਵਰਕਜ਼ ਯੂਨੀਅਨ, ਨਸਲਵਾਦ ਵਿਰੁੱਧ ਸੰਘਰਸ਼ ਸੰਮਤੀ ਬੀ.ਸੀ, ਪੰਜਾਬੀ ਲੇਖਕ ਮੰਚ ਵੈਨਕੂਵਰ, ਲੋਕ ਸੱਭਿਆਚਾਰਕ ਮੰਚ ਕੈਲਗਰੀ, ਕੈਲਗਰੀ ਸਕੂਲ ਆਫ਼ ਡਰਾਮਾ, ਵੈਨਕੂਵਰ ਸੱਥ ਆਦਿ ਅਤੇ 1907 ਤੋਂ ਲਗਾਤਾਰ ਸਰਗਰਮ ਖਾਲਸਾ ਦੀਵਾਨ ਸੋਸਾਇਟੀ ਵੈਨਕੂਵਰਕੁਝ ਭਾਰਤੀ ਕਾਰਨਾਂ ਕਰਕੇ ਭਾਵੇਂ “ਵੱਖਵਾਦੀ ਅਤੇ ਧਾਰਮਿਕ ਕੱਟੜਪੰਥੀ” ਵੀ ਉੱਥੇ ਸਰਗਰਮ ਹੋਏ ਪਰ ਸਿਵਾਏ ਰੌਲੇ ਦੇ ਉਨ੍ਹਾਂ ਦੀ ਉੱਥੇ ਖਾਸ ਕਰਕੇ ਭਾਰਤੀ ਭਾਈਚਾਰੇ ਵਿਚ ਬਹੁਤੀ ਪੁੱਗਤ ਨਹੀਂ ਹੋਈ

ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਥਾਪਿਤ ਹੋਈਆਂ ਪੰਜਾਬੀਆਂ ਦੀਆਂ ਇਨ੍ਹਾਂ ਨਵੀਂਆਂ ਜਥੇਬੰਦੀਆਂ ਨੂੰ ਜਨਮ ਦੇਣ ਵਾਲੀ ਅਤੇ ਅੱਗੇ ਤੋਰਨ ਵਾਲੀ ਸ਼ਕਤੀ ਉਹ ਮਸਲੇ ਸਨ ਜਿਨ੍ਹਾਂ ਦੀ ਇਨ੍ਹਾਂ ਵਲੋਂ ਨਿਸ਼ਾਨਦੇਹੀ ਕੀਤੀ ਗਈਵੱਖ-ਵੱਖ ਜਥੇਬੰਦੀਆਂ ਵਲੋਂ ਇਨ੍ਹਾਂ ਸਮੱਸਿਆਵਾਂ ਨੂੰ ਵੱਖਰੇ-ਵੱਖਰੇ ਤਰੀਕੇ ਨਾਲ ਪ੍ਰਕਾਸ਼ਿਤ ਕੀਤਾ ਗਿਆ ਅਤੇ ਉਸ ਅਨੁਸਾਰ ਆਪਣੀ ਸੇਧ ਅਤੇ ਕੰਮ ਕਰਨ ਦਾ ਢੰਗ ਅਪਣਾਇਆਇਹ ਮਸਲੇ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਸਨ: (ੳ) ਹਿੰਦੁਸਤਾਨ ਨਾਲ ਸਬੰਧਿਤ ਮਸਲੇ(ਅ) ਕੈਨੇਡਾ ਵਿਚ ਸਥਾਪਤੀ ਦੀਆਂ ਸਮੱਸਿਆਵਾਂ ਨਾਲ ਸਬੰਧਿਤ ਮਸਲੇਸਾਰੀਆਂ ਜਥੇਬੰਦੀਆਂ ਨੇ ਕੈਨੇਡਾ ਦੇ ਧਰਾਤਲ ਤੋਂ ਭਾਰਤੀਆਂ ਨੂੰ ਸਿਆਸੀ ਤੌਰ ’ਤੇ ਵੀ ਪੱਕੇ-ਪੈਰੀਂ ਕਰਨ ਵਿਚ ਮਹੱਤਵਪੂਰਨ ਰੋਲ ਨਿਭਾਇਆ ਪੰਤੂ ਖਾਲਸਾ ਦੀਵਾਨ ਅਤੇ ਗ਼ਦਰ ਲਹਿਰ ਵਲੋਂ ਮੁੱਢਲਾ ਅਤੇ ਸਿੱਕੇਬੰਦ ਰੋਲ ਵੀ ਬੇਹੱਦ ਮਹੱਤਵਪੂਰਨ ਹੈਉਪਰੰਤ ਨਵੀਆਂ ਜਥੇਬੰਦੀਆਂ ਦੇ ਜ਼ਿਆਦਾ ਸਰਗਰਮ ਜਾਂ ਉੱਭਰਵੇਂ ਆਗੂ ਕੈਨੇਡਾ ਦੀਆਂ ਵੱਖ-ਵੱਖ ਸਿਆਸੀ ਧਿਰਾਂ ਵਿਚ ਵੀ ਸਰਗਰਮ ਹੋਣ ਲੱਗੇਵੋਟ ਦੇਣ ਦਾ ਹੱਕ ਪ੍ਰਾਪਤ ਕਰਨ ਉਪਰੰਤ ਚੋਣ ਲੜਨ ਤੱਕ ਬੇਹੱਦ ਮਹੱਤਵਪੂਰਨ ਸਰਗਰਮੀਆਂ ਚੱਲੀਆਂਨਿੱਜੀ ਪੱਧਰ ’ਤੇ ਵੀ, ਜਥੇਬੰਦੀ ਅਤੇ ਪਾਰਟੀ ਵਿਸ਼ੇਸ਼ ਦੇ ਥੜ੍ਹੇ ਤੋਂ ਵੀਸਥਾਨਿਕ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਵਲੋਂ ਵੀ ਸ਼ਹਿਰ, ਰਾਜ ਅਤੇ ਮੁਲਕ ਪੱਧਰੀ ਟਿਕਟਾਂ ਅਤੇ ਨਾਮਜ਼ਾਦਗੀਆਂ ਵੀ ਪੰਜਾਬੀਆਂ ਨੂੰ ਪ੍ਰਾਪਤ ਹੋਈਆਂਪੰਜਾਬੀ ਅੱਡ-ਅੱਡ ਥਾਵਾਂ ਤੋਂ ਇੱਕ-ਦੂਜੇ ਵਿਰੁੱਧ ਚੋਣ ਵੀ ਲੜੇ; ਹਾਰੇ ਵੀ ਅਤੇ ਜਿੱਤਾਂ ਵੀ ਪ੍ਰਾਪਤ ਕੀਤੀਆਂ, ਮਹੱਤਵਪੂਰਨ ਅਹੁਦੇ ਰਾਜ ਅਤੇ ਪਾਰਲੀਮੈਂਟਰੀ ਮੰਤਰੀ ਤੋਂ ਲੈਕੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ (ਮੁੱਖ ਮੰਤਰੀ) ਤੱਕ

ਕਦੇ ਅਸੀਂ ਉਨ੍ਹਾਂ ਗੋਰਿਆਂ ਦੇ ਗੁਲਾਮ ਸੀ ਜਿਹੜੇ ਕੈਨੇਡਾ ਦੇ ਤਖ਼ਤ ’ਤੇ ਵੀ ਕਾਬਜ਼ ਸਨਜਿਹਨਾਂ ਸਾਡੇ ਹਿੰਦੂ, ਸਿੱਖ, ਮੁਸਲਿਮ ਆਜ਼ਾਦੀ ਘੁਲਾਟੀਆਂ ਨੂੰ ਸਿਰਫ ਭਾਰਤ ਵਿਚ ਹੀ ਤਖ਼ਤੇ ਉੱਤੇ ਨਹੀਂ ਸੀ ਲਟਕਾਇਆ ਸਗੋਂ ਉੱਤਰ-ਪੂਰਵ (ਸਿੰਘਾਪੁਰ, ਬਰਮਾ ਆਦਿ) ਸਮੇਤ ਯੂਰਪ (ਇੰਗਲੈਂਡ, ਕੈਨੇਡਾ ਵਿਚ ਵੀ) ਦੀ ਧਰਤ ’ਤੇ ਵੀਪੰਜਾਬੀ ਕੌਮ ਦੇ ਇੱਕ ਇਨਕਲਾਬੀ ਭਾਈ ਸੇਵਾ ਸਿੰਘ ਕੈਨੇਡਾ ਵਿਚ ਸ਼ਹੀਦ ਕੀਤੇ ਗਏਇਸ ਤੋਂ ਪਹਿਲਾਂ ਕਾਮਾਗਾਟਾਮਾਰੂ ਨੂੰ ਬੇਹੱਦ ਨਾਜ਼ੁਕ ਹਾਲਾਤਾਂ ਵਿਚ ਵਾਪਿਸ ਭੇਜਿਆ, ਉਨ੍ਹੀਂ ਰਾਹਾਂ ਵਿਚ ਤਾਂ ਬੇਹੱਦ ਦੁਸ਼ਵਾਰੀਆਂ ਝੱਲੀਆਂ ਹੀ, ਬੱਜ ਬੱਜ ਘਾਟ (ਕਲਕੱਤਾ) ਗੋਲੀਆਂ ਦੇ ਸ਼ਿਕਾਰ ਵੀ ਹੋਏ

ਮੁੱਕਦੀ ਗੱਲ, ਕੈਨੇਡਾ ਵਿਚ ਭਾਰਤ ਦੇ ਮਾਣਮੱਤੇ ਸਪੂਤਾਂ ਦੀਆਂ ਪ੍ਰਾਪਤੀਆਂ ਦਾ ਇਤਿਹਾਸ ਡੇਢ-ਦੋ ਦਹਾਕੇ ਦੀਆਂ ਸਰਗਰਮੀਆਂ ਅਤੇ ਮਿਹਨਤਾਂ ਤੋਂ ਹੀ ਨਹੀਂ ਸ਼ੁਰੂ ਹੰਦਾ, ਸਗੋਂ ਇਸ ਦੀਆਂ ਜੜ੍ਹਾਂ 19ਵੀਂ ਸਦੀ ਦੇ 8ਵੇਂ ਦਹਾਕੇ ਤੋਂ ਲੈਕੇ ਕਰੀਬ ਇੱਕ ਸਦੀ ਦੀਆਂ ਉਨ੍ਹਾਂ ਘਾਲਣਾਵਾਂ, ਕੁਰਬਾਨੀਆਂ ਅਤੇ ਉਸਾਰੂ ਸਰਗਰਮੀਆਂ ਵਿਚ ਲੁਕਿਆ ਹੋਇਆ ਹੈ ਜਿਨ੍ਹਾਂ ਨੇ ਸਾਨੂੰ ਤਖ਼ਤੇ ਤੋਂ ਤਖ਼ਤ ਤੱਕ ਪਹੁੰਚਾਉਣ ਵਿਚ ਸੂਹਾ ਹਿੱਸਾ ਪਾਇਆ

*****

(684)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਵਿਜੈ ਬੰਬੇਲੀ

ਵਿਜੈ ਬੰਬੇਲੀ

Phone: (91 - 94634 - 39075)
Email: (vijaybombeli@yahoo.com)